Saturday, June 5, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 6

ਕਾਂਡ – 6

ਹੁਣ ਮੈਂ ਬਹੁਤ ਚੌਕਸ ਰਹਿਣ ਲੱਗਿਆ ਸਾਂ। ਖਾਸ ਤੌਰ ’ਤੇ ਬੀਟਰਸ ਦੇ ਘਰ ਨੂੰ ਜਾਂਦਿਆਂ ਤੇ ਉਸ ਦੇ ਘਰੋਂ ਆਉਂਦਿਆਂ। ਮੈਨੂੰ ਇਹ ਵੀ ਡਰ ਰਹਿੰਦਾ ਕਿ ਮੇਰੀ ਕਾਰ ਨੂੰ ਹੀ ਨਾ ਕੋਈ ਨੁਕਸਾਨ ਪਹੁੰਚਾ ਦੇਵੇ।

ਕੁਝ ਦਿਨ ਤਾਂ ਮੈਂ ਬਹੁਤ ਹੀ ਡਰ ਕੇ ਕੱਢੇ। ਇਕ ਦਿਨ ਬਿੱਲ ਮੈਨੂੰ ਹੈਰੋ ਰੋਡ ਉਪਰ ਜਾਂਦਾ ਦਿੱਸ ਪਿਆ। ਮੈਂ ਕਾਰ ਉਸ ਮਗਰ ਲਾ ਕੇ ਉਸ ਨੂੰ ਰੋਕ ਲਿਆ। ਮੈਂ ਉਸ ਦੇ ਸਾਹਮਣੇ ਖੜ੍ਹ ਕੇ ਕਿਹਾ, ‘‘ਬਿੱਲ, ਓਸ ਦਿਨ ਤੂੰ ਬਹੁਤ ਤਕਲੀਫ਼ ਵਿਚ ਸੈਂ, ਦੱਸ ਤੇਰੀ ਕੀ ਸੇਵਾ ਕਰਾਂ?’’

‘‘ਨੌਜਵਾਨਾ, ਤੇਰਾ ਮੇਰਾ ਕੋਈ ਰੌਲ਼ਾ ਨਹੀਂ, ਮੈਂ ਤਾਂ ਪੀਟਰ ਦੇ ਕਹਿਣ ’ਤੇ ਆਇਆ ਸਾਂ, ਜਾਹ ਐਸ਼ ਕਰ।’’

ਡਰਦਿਆਂ ਉਸ ਦੀ ਆਵਾਜ਼ ਕੰਬ ਰਹੀ ਸੀ।

ਉਸ ਦਿਨ ਤੋਂ ਬਾਅਦ ਮੈਂ ਨਿਸਚਿੰਤ ਹੋ ਗਿਆ। ਪਹਿਲਾਂ ਮੈਂ ਬੀਟਰਸ ਨੂੰ ਕੁਝ ਨਹੀਂ ਸੀ ਦੱਸਿਆ। ਉਸ ਦਿਨ ਤੋਂ ਬਾਅਦ ਹੀ ਸਾਰੀ ਗੱਲ ਦੱਸੀ। ਉਹ ਕਹਿਣ ਲੱਗੀ, ‘‘ਪੀਟਰ ਅਪਰਾਧੀ ਬੰਦਾ ਐ, ਜੇਲ੍ਹ ਵੀ ਕਟੀ ਐ ਉਹ ਨੇ, ਪਰ ਡਰਦਿਆਂ ਨੂੰ ਡਰਾਉਣ ਵਾਲਾ ਈ ਐ।’’

-----

ਮੈਂ ਬੀਟਰਸ ਕੋਲ ਅਕਸਰ ਰਾਤ ਰਹਿ ਜਾਂਦਾ ਤੇ ਉਥੋਂ ਹੀ ਕੰਮ ਉਪਰ ਚਲੇ ਜਾਂਦਾ। ਉਥੋਂ ਕੰਮ ਵੀ ਨਜ਼ਦੀਕ ਪੈਂਦਾ ਸੀ। ਬੀਟਰਸ ਨਾਲ ਸੰਬੰਧ ਰੱਖਣੇ ਜਿਥੇ ਪਹਿਲਾਂ ਮੈਨੂੰ ਬੁਰੇ ਲੱਗਦੇ ਸਨ ਹੁਣ ਓਨੇ ਬੁਰੇ ਨਾ ਲੱਗਦੇ। ਸਗੋਂ ਚੰਗੇ ਲੱਗਦੇ। ਉਸ ਦਾ ਸਾਥ ਮੈਨੂੰ ਕਈ ਤਰ੍ਹਾਂ ਦਾ ਲੁਤਫ਼ ਦਿੰਦਾ। ਉਹ ਹਰ ਵੇਲੇ ਖ਼ੁਸ਼ ਰਹਿੰਦੀ। ਉਸ ਦਾ ਚਿਹਰਾ ਠੀਕ ਹੋਇਆ ਤਾਂ ਉਹ ਬਹੁਤ ਖ਼ੂਬਸੂਰਤ ਨਿਕਲ ਆਈ ਸੀ। ਲੱਗਦਾ ਨਹੀਂ ਸੀ ਕਿ ਉਹ ਦੋ ਬੱਚਿਆਂ ਦੀ ਮਾਂ ਹੋਵੇਗੀ।

-----

ਫਲੈਟਾਂ ਵਿਚ ਰਹਿੰਦੇ ਗਵਾਂਢੀਆਂ ਦੀਆਂ ਗੱਲਾਂ ਮੇਰੇ ਨਾਲ ਕਰਨ ਲੱਗਦੀ। ਜੇਈਮਰ ਰੋਡ ਉਪਰ ਰਹਿੰਦੇ ਲੋਕਾਂ ਦੀਆਂ ਨਵੀਆਂ-ਨਵੀਆਂ ਖ਼ਬਰਾਂ ਸੁਣਾਉਂਦੀ। ਉਹ ਦੱਸਣ ਲੱਗਦੀ, “ਬਾਹਟ ਨੰਬਰ ਵਿਚ ਜੁਆਇਸ ਰਹਿੰਦੀ ਐ, ਚਾਰ ਬੱਚੇ ਨੇ ਏਹਦੇ, ਚਾਰੇ ਕੌਂਸਲ ਲੈ ਗਈ, ਦਿਨ ਵਿਚ ਦਸ ਦਸ ਬੰਦੇ ਆਉਂਦੇ ਆ ਏਹਦੇ ਕੋਲ, ਕਈਆਂ ਨੇ ਇਹਦੀ ਸ਼ਿਕਾਇਤ ਕੀਤੀ ਹੋਈ ਐ, ਪਰ ਕੋਈ ਕੁਝ ਨਹੀਂ ਕਰ ਰਿਹਾ।”

“ਉਪਰਲੀ ਮੰਜ਼ਿਲ ’ਤੇ ਜਿਹੀ ਮੈਰੀ ਰਹਿੰਦੀ ਐ, ਏਹਨੂੰ ਸੌ ਤੱਕ ਗਿਣਨਾ ਨਹੀਂ ਔਦਾ।”

“ਛੱਬੀ ਨੰਬਰ ਵਾਲੀ ਬਾਰਬਰਾ ਦਾ ਪਹਿਲਾ ਮੁੰਡਾ ਆਇਰਸ਼ ਤੋਂ ਐ, ਦੂਜਾ ਕਿਸੇ ਕਾਲੇ ਤੋਂ, ਕੁੜੀ ਕਿਸੇ ਚੀਨੀ ’ਤੇ ਐ ਤੇ ਸਭ ਤੋਂ ਛੋਟਾ ਟਰਕਿਸ਼ ਬੰਦੇ ਤੋਂ, ਸਾਰੇ ਓਹਨੂੰ ਯੂ. ਐਨ. ਓ. ਕਹਿੰਦੇ ਆ।”

“ਆਖਰੀ ਘਰ ਵਿਚ.... ਮਾਰਗਰੇਟ ਰਹਿੰਦੀ ਐ, ਓਹਦੇ ਮੁੰਡੇ ਨੇ ਸੱਪ ਪਾਲ ਰੱਖਿਐ। ਮੈਨੂੰ ਸੱਪਾਂ ਤੋਂ ਬਹੁਤ ਡਰ ਲੱਗਦੈ।”

ਸਾਰੇ ਮੁਹੱਲੇ ਨਾਲ ਉਸ ਨੇ ਇਵੇਂ ਗੱਲਾਂ-ਗੱਲਾਂ ਵਿਚ ਹੀ ਵਾਕਫ਼ੀ ਕਰਾ ਦਿੱਤੀ ਸੀ। ਉਹ ਸਵੇਰੇ ਹੀ ਕੋਈ ਚਲਾਵੀਂ ਜਿਹੀ ਅਖ਼ਬਾਰ ਲਿਆਉਂਦੀ ਤੇ ਖ਼ਬਰਾਂ ਦੀ ਚੀਰ ਫਾੜ ਕਰਨ ਲੱਗਦੀ। ਟੈਲੀਵੀਜਨ ਦੇ ਸੀਰੀਅਲ ਦੇਖਦੀ ਤੇ ਉਨ੍ਹਾਂ ਦੇ ਪਾਤਰਾਂ ਨੂੰ ਅਸਲੀ ਜ਼ਿੰਦਗੀ ਨਾਲ ਜੋੜ-ਜੋੜ ਕੇ ਦੇਖਣ ਲੱਗਦੀ।

-----

ਇਕ ਸ਼ਾਮ ਮੈਂ ਬੀਟਰਸ ਦੇ ਘਰ ਗਿਆ। ਉਹ ਬਹੁਤ ਬੇਚੈਨ ਸੀ। ਮੈਂ ਕਾਰਨ ਪੁੱਛਿਆ ਤਾਂ ਬੋਲੀ, “ਅੱਜ ਪੀਟਰ ਸਕੂਲ ਨੇੜੇ ਮਿਲਿਆ ਸੀ, ਮੇਰੇ ਉਪਰ ਰੋਅਬ ਪਾ ਰਿਹਾ ਸੀ, ਕੱਲ੍ਹ ਸਵੇਰੇ ਤੂੰ ਜ਼ਰਾ ਮੇਰੇ ਨਾਲ ਚੱਲੀਂ।”

ਅਗਲੀ ਸਵੇਰ ਬੀਟਰਸ ਮੈਨੂੰ ਲੈ ਕੇ ਐਜਵੇਅਰ ਰੋਡ ਵੱਲ ਨੂੰ ਚੱਲ ਪਈ। ਛੋਟੀਆਂ ਸੜਕਾਂ ਉਪਰ ਕਾਰ ਘੁਮਾਉਣ ਲਈ ਕਹਿੰਦੀ ਬੋਲੀ, “ਇਸ ਕੁ ਵੇਲੇ ਇਥੇ ਕੁ ਦੁੱਧ ਵੰਡਦਾ ਫਿਰਦਾ ਹੁੰਦੈ।”

ਇੰਨੇ ਵਿਚ ਹੀ ਸਾਹਮਣਿਓਂ ਇਕ ਦੁੱਧ ਵਾਲੀ ਫਲੋਟ ਆਉਂਦੀ ਦਿੱਸੀ। ਇਹ ਪੀਟਰ ਹੀ ਸੀ। ਬੀਟਰਸ ਉਸ ਨੂੰ ਦੇਖਦਿਆਂ ਮੈਨੂੰ ਕਹਿਣ ਲੱਗੀ, “ਇਹਦੇ ਕੋਲ ਜਾ ਕੇ ਜ਼ਰਾ ਰੋਕ।”

ਮੈਂ ਫਲੋਟ ਬਰਾਬਰ ਆ ਕੇ ਕਾਰ ਰੋਕ ਲਈ। ਬੀਟਰਸ ਗਾਲ੍ਹਾਂ ਕੱਢਦੀ ਫਲੋਟ ਵੱਲ ਭੱਜੀ। ਪੀਟਰ ਫਲੋਟ ਨੂੰ ਛੱਡ ਕੇ ਦੌੜ ਪਿਆ। ਬੀਟਰਸ ਮਗਰੇ ਮਗਰ ਭੱਜਦੀ ਜਾ ਰਹੀ ਸੀ, ਨਾਲੇ ਉੱਚੀ ਉੱਚੀ ਗਾਲ੍ਹਾਂ ਕੱਢੀ ਜਾਂਦੀ। ਪੀਟਰ ਅੱਗਿਓਂ ਇੰਨਾ ਤੇਜ਼ ਦੌੜਿਆ ਕਿ ਉਸ ਨੇ ਪਿੱਛੇ ਮੁੜ ਕੇ ਵੀ ਨਾ ਦੇਖਿਆ। ਬੀਟਰਸ ਇੰਨੇ ਗ਼ੁੱਸੇ ਵਿਚ ਸੀ ਕਿ ਮੈਂ ਉਸ ਨੂੰ ਫੜ ਕੇ ਵਾਪਸ ਲਿਆਂਦਾ ਤੇ ਪੀਟਰ ਉਸ ਦੀ ਜ਼ਿੰਦਗੀ ਵਿਚੋਂ ਸਦਾ ਲਈ ਨਿਕਲ ਗਿਆ।

ਬੀਟਰਸ ਨਾਲ ਮੈਂ ਕਾਫ਼ੀ ਘੁਲ਼ ਮਿਲ਼ ਗਿਆ ਸਾਂ। ਉਹ ਮੇਰੀ ਜ਼ਰੂਰਤ ਬਣ ਚੁੱਕੀ ਸੀ। ਉਸ ਦੇ ਬੱਚੇ ਸਾਡੇ ਸੰਬੰਧਾਂ ਵਿਚ ਕਦੇ ਨਹੀਂ ਸਨ ਆਏ। ਕਦੇ-ਕਦੇ ਮੈਂ ਦਿਨ ਨੂੰ ਵੀ ਉਸ ਦੇ ਘਰ ਚਲੇ ਜਾਂਦਾ। ਕਈ ਵਾਰ ਉਹ ਘਰ ਨਾ ਹੁੰਦੀ। ਹੁਣ ਉਸ ਦਾ ਛੋਟਾ ਮੁੰਡਾ ਵੀ ਸਵੇਰ ਤੋਂ ਹੀ ਨਰਸਰੀ ਜਾਣ ਲੱਗਿਆ ਸੀ। ਮੈਂ ਸੋਚਦਾ ਕਿ ਵਿਹਲੀ ਹੋਣ ਕਰਕੇ ਇਧਰ ਓਧਰ ਨਿਕਲ ਜਾਂਦੀ ਹੋਵੇਗੀ। ਮੈਂ ਪੁੱਛਦਾ ਤਾਂ ਕਹਿ ਦਿੰਦੀ ਕਿ ਸ਼ੀਲਾ ਦੇ ਘਰ ਗਈ ਸੀ। ਉਸ ਦੀ ਸਹੇਲੀ ਸ਼ੀਲਾ ਨੂੰ ਮੈਂ ਮਿਲ ਚੁੱਕਾ ਸਾਂ।

-----

ਇਕ ਦਿਨ ਬੀਟਰਸ ਉਦਾਸ ਸੀ। ਮੈਂ ਕਾਰਨ ਪੁੱਛਿਆ ਤਾਂ ਉਸ ਨੇ ਕੁਝ ਨਾ ਦੱਸਿਆ। ਫਿਰ ਉਹ ਹਰ ਰੋਜ਼ ਉਦਾਸ ਰਹਿਣ ਲੱਗੀ। ਫਿਰ ਮੈਨੂੰ ਲੱਗਿਆ ਕਿ ਕੋਈ ਗੱਲ ਕਰਨੀ ਚਾਹੁੰਦੀ ਸੀ। ਮੈਂ ਪੁੱਛਿਆ ਤਾਂ ਟਾਲ ਗਈ। ਫਿਰ ਇਕ ਦਿਨ ਵਾਈਨ ਦੀ ਬੋਤਲ ਪੀ ਕੇ ਬੋਲੀ, “ਇੰਦਰ, ਮੈਂ ਇਕ ਗੱਲ ਕਹਿਣੀ ਐ।”

“ਕਹਿ।”

“ਤੇਰੇ ਤੋਂ ਪਹਿਲਾਂ ਮੇਰੀ ਜ਼ਿੰਦਗੀ ਵਿਚ ਕੋਈ ਹੋਰ ਹੈ ਸੀ।”

“ਕੌਣ? ਪੀਟਰ?”

“ਨਹੀਂ ਕੋਈ ਹੋਰ ਸੀ।”

“ਫੇਰ?”

“ਉਹ ਪੀਟਰ ਤੋਂ ਡਰਦਾ ਸੀ, ਹੁਣ ਪੀਟਰ ਜਾ ਚੁੱਕੈ ਤੇ ਉਹ ਆਪਣਾ ਹੱਕ ਜਤਾ ਰਿਹੈ।”

“ਫਿਰ ਤੂੰ ਕੀ ਕਹਿਣਾ ਚਾਹੁੰਦੀ ਐਂ?”

“ਮੇਰੇ ਤੋਂ ਉਸ ਨੂੰ ਨਾਂਹ ਨਹੀਂ ਕਹਿ ਹੋ ਰਹੀ, ਉਸ ਦੇ ਹ¤ਕ ਤੋਂ ਮੁਕਰਿਆ ਨਹੀਂ ਜਾ ਰਿਹਾ ਇੰਦਰ, ਸੱਚ ਮੈਂ ਬਹੁਤ ਪਰੇਸ਼ਾਨ ਆਂ।”

“ਕੌਣ ਹੈ ਉਹ?”

“ਟੌਮੀ।”

“ਕੌਣ ਟੌਮੀ?”

“ਸ਼ੀਲਾ ਦਾ ਪਤੀ, ਜਿਹੜਾ ਕਦੇ ਕਦੇ ਸਕੂਲ ਮੂਹਰੇ ਮਿਲਦੈ।”

“ਜਿਹੜਾ ਥਥਲਾ ਕੇ ਬੋਲਦੈ?”

“ਹਾਂ ਉਹੀ।”

“ਫਿਰ ਬੀਟਰਸ, ਤੂੰ ਕੀ ਚਾਹੁੰਦੀ ਐਂ?”

“ਇੰਦਰ, ਮੈਨੂੰ ਪਤਾ ਨਹੀਂ।”

“ਤੇਰਾ ਰਾਹ ਸਾਫ਼ ਕਰ ਦੇਵਾਂ? ਮੈਂ ਤੁਹਾਡੇ ਵਿਚਕਾਰੋਂ ਹਟ ਜਾਵਾਂ?”

“ਹਾਂ ਪਲੀਜ਼!”

ਉਸ ਨੇ ਬੱਚੇ ਵਾਂਗ ਸਿਰ ਮਾਰਿਆ।

ਮੈਂ ਗ਼ੁੱਸੇ ਵਿਚ ਉਠਿਆ ਤੇ ਮੁੱਕਾ ਕੰਧ ਵਿਚ ਮਾਰਿਆ ਤੇ ਕਿਹਾ, “ਇੰਦਰ ਸਿਆਂ, ਤੂੰ ਉਲੂ ਦਾ ਪੱਠਾ....!”

-----

ਸਕੂਲ ਵਿਚ ਮੈਂ ਦੋ ਕੁ ਸਾਲ ਹੀ ਲਾਏ। ਪੜ੍ਹਨ ਵਿਚ ਮੇਰੀ ਖ਼ਾਸ ਦਿਲਚਸਪੀ ਵੀ ਨਹੀਂ ਸੀ। ਇਨ੍ਹਾਂ ਦੋ ਢਾਈ ਸਾਲਾਂ ਵਿਚ ਮੈਂ ਅੰਗਰੇਜ਼ੀ ਪੜ੍ਹਨ ਤੇ ਬੋਲਣ ਜੋਗੀ ਹੋ ਗਈ। ਸਕੂਲ ਵਿਚ ਬਹੁਤੇ ਬੱਚੇ ਗੁਜਰਾਤੀ ਸਨ ਇਸ ਕਰਕੇ ਬਹੁਤਾ ਦਿਲ ਵੀ ਨਹੀਂ ਸੀ ਲੱਗਦਾ। ਪੰਜਾਬੀ ਜੁਆਕ ਤਾਂ ਅਸੀਂ ਤਿੰਨ ਕੁ ਹੀ ਸੀ। ਗੁਜਰਾਤੀਆਂ ਦੇ ਦਿਨ ਤਿਉਹਾਰ ਸਕੂਲ ਵਿਚ ਮਨਾਏ ਜਾਂਦੇ। ਇਕ ਗੁਜਰਾਤੀ ਮੁੰਡਾ ਬੰਗੀ ਮੇਰੇ ਨਾਲ ਬਹੁਤ ਗੱਲਾਂ ਕਰਦਾ ਰਹਿੰਦਾ। ਮੇਰੇ ਕੋਲ ਆ ਕੇ ਬੈਠਦਾ। ਉਸ ਨੇ ਮੈਨੂੰ ਹਾਈ ਰੋਡ ਉਪਰ ਹੀ ਬੁਲਾ ਲਿਆ ਤਾਂ ਮੈਨੂੰ ਕੁਝ ਸੋਝੀ ਆਈ ਕਿ ਜੇ ਡੈਡੀ ਨੂੰ ਪਤਾ ਚਲੇ ਤਾਂ ਕੀ ਹੋਵੇ। ਫਿਰ ਮੈਂ ਬੰਗੀ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ।

-----

ਸਕੂਲ ਛੱਡਦਿਆਂ ਹੀ ਮੈਨੂੰ ਹਾਈ ਰੋਡ ਉਪਰ ਇਕ ਸਟੋਰ ਵਿਚ ਕੰਮ ਮਿਲ ਗਿਆ। ਸਟੋਰ ਦੇ ਮਾਲਕ ਨਾਲ ਡੈਡੀ ਨੇ ਪਹਿਲਾਂ ਹੀ ਗੱਲ ਕਰੀ ਹੋਈ ਸੀ। ਹਾਈ ਰੋਡ ਸਾਡੇ ਘਰ ਤੋਂ ਦੂਰ ਨਹੀਂ ਸੀ। ਮੈਂ ਤੁਰ ਕੇ ਹੀ ਕੰਮ ’ਤੇ ਚਲੇ ਜਾਂਦੀ। ਕੰਮ ਉਪਰ ਮੇਰਾ ਦਿਲ ਲੱਗ ਗਿਆ। ਸਟੋਰ ਵਾਲੇ ਮੇਰੇ ਕੰਮ ਤੋਂ ਖ਼ੁਸ਼ ਸਨ। ਮੈਂ ਹੋਰਨਾਂ ਕੁੜੀਆਂ ਵਾਂਗ ਗੱਲਾਂ ਵਿਚ ਵਕਤ ਖ਼ਰਾਬ ਨਹੀਂ ਸੀ ਕਰਦੀ। ਜਿਹੜਾ ਕੰਮ ਮੈਨੂੰ ਸੌਂਪਿਆ ਜਾਂਦਾ ਮੈਂ ਧਿਆਨ ਨਾਲ ਕਰ ਦਿੰਦੀ। ਉਨ੍ਹਾਂ ਜਲਦੀ ਹੀ ਮੈਨੂੰ ਟਿੱਲ ਉਪਰ ਲਗਾ ਦਿੱਤਾ, ਜਿਥੋਂ ਮੈਂ ਗਾਹਕ ਭੁਗਤਾਉਂਦੀ। ਮੇਰਾ ਕੰਮ ਵੇਖ ਕੇ ਉਹ ਮੈਨੂੰ ਓਵਰਟਾਈਮ ’ਤੇ ਵੀ ਸੱਦ ਲੈਂਦੇ।

ਮੰਮੀ ਵੀ ਕੰਮ ’ਤੇ ਜਾਂਦੀ ਤੇ ਡੈਡੀ ਵੀ। ਨੀਤਾ ਮੇਰੇ ਤੋਂ ਪੰਜ ਸਾਲ ਛੋਟੀ ਸੀ। ਬਿੰਨੀ ਤਾਂ ਉਸ ਤੋਂ ਵੀ ਛੋਟਾ ਸੀ। ਜਦ ਅਸੀਂ ਇੰਗਲੈਂਡ ਆਏ ਸੀ ਤਾਂ ਉਹ ਹਾਲੇ ਬੋਲਣ ਵੀ ਨਹੀਂ ਸੀ ਲੱਗਿਆ। ਉਹ ਦੋਵੇਂ ਸਕੂਲ ਜਾਂਦੇ ਸਨ। ਸਕੂਲ ਨਜ਼ਦੀਕ ਹੋਣ ਕਰਕੇ ਆਪ ਹੀ ਚਲੇ ਜਾਂਦੇ।

-----

ਡੈਡੀ ਗੁਰਦਵਾਰੇ ਦੇ ਪ੍ਰੇਮੀ ਸਨ। ਸਾਡਾ ਐਤਵਾਰ ਗੁਰਦਵਾਰੇ ਬੀਤਦਾ। ਜੇ ਕਦੀ ਐਤਵਾਰ ਨੂੰ ਡੈਡੀ ਦਾ ਓਵਰਟਾਈਮ ਲੱਗਣਾ ਹੁੰਦਾ ਤਾਂ ਅਸੀਂ ਸ਼ਾਮ ਦਾ ਲੰਗਰ ਖਾਣ ਗੁਰਦੁਆਰੇ ਜਾਂਦੇ ਪਰ ਜਾਂਦੇ ਜ਼ਰੂਰ। ਡੈਡੀ ਹਰ ਰੋਜ਼ ਪਾਠ ਕਰਦੇ। ਉਨ੍ਹਾਂ ਮੈਨੂੰ ਗੁਟਕਾ ਲਿਆ ਦਿੱਤਾ, ਪਰ ਮੈਨੂੰ ਪਾਠ ਚੰਗਾ ਨਾ ਲੱਗਦਾ। ਕਦੇ-ਕਦੇ ਮੰਮੀ ਵੀ ਪਾਠ ਕਰਿਆ ਕਰਦੀ। ਉਹ ਡੈਡੀ ਵਾਂਗ ਨਿੱਤ ਨੇਮਣ ਨਹੀਂ ਸੀ। ਕਦੇ ਮੰਮੀ ਮੈਨੂੰ ਵੀ ਪਾਠ ਦੇ ਅਰਥ ਕਰਕੇ ਦੱਸਣ ਲੱਗਦੀ। ਕੋਈ ਸਾਖੀ ਸੁਣਾਉਣ ਲੱਗਦੀ। ਡੈਡੀ ਨੇ ਪਾਠ ਦੀਆਂ ਕੈਸਟਾਂ ਲਿਆ ਕੇ ਰੱਖੀਆਂ ਸਨ। ਕਈ ਵਾਰ ਸਵੇਰੇ ਸ਼ਾਮ ਉਹ ਕੈਸਟਾਂ ਲੱਗਾ ਦਿੰਦੇ। ਘਰ ਵਿਚ ਪਾਠ ਦੀ ਆਵਾਜ਼ ਮੈਨੂੰ ਚੰਗੀ ਲੱਗਦੀ ਪਰ ਮੇਰੇ ਤੋਂ ਗੁਟਕਾ ਪੜ੍ਹਿਆ ਨਾ ਜਾਂਦਾ।

-----

ਸਾਡੇ ਆਉਣ ਤੋਂ ਪਹਿਲਾਂ ਹੀ ਡੈਡੀ ਨੇ ਇਕ ਕਾਰ ਖ਼ਰੀਦ ਰੱਖੀ ਸੀ ਪਰ ਉਸ ਨੂੰ ਚਲਾਉਂਦੇ ਬਹੁਤ ਘੱਟ ਸਨ ਜਦ ਕਦੇ ਗੁਰਦਵਾਰੇ ਜਾਂ ਕਿਸੇ ਦੇ ਘਰ ਜਾਣਾ ਹੁੰਦਾ। ਨਹੀਂ ਤਾਂ ਕਾਰ ਘਰ ਦੇ ਬਾਹਰ ਹੀ ਖੜ੍ਹੀ ਰਹਿੰਦੀ। ਕਾਰ ਚਲਾਉਣ ਨੂੰ ਮੇਰਾ ਦਿਲ ਬਹੁਤ ਕਰਦਾ। ਮੇਰੇ ਨਾਲ ਕੰਮ ਕਰਦੀਆਂ ਕੁੜੀਆਂ ਕੋਲ ਕਾਰਾਂ ਸਨ। ਡੈਡੀ ਨੂੰ ਆਖ ਕੇ ਮੈਂ ਵੀ ਕਾਰ ਦੇ ਲੈਸਨ ਲੈਣੇ ਸ਼ੁਰੂ ਕਰ ਦਿੱਤੇ। ਕਈ ਵਾਰ ਟੈਸਟ ਵੀ ਦਿੱਤਾ ਪਰ ਪਾਸ ਨਾ ਹੋ ਸਕੀ। ਵੈਸੇ ਡੈਡੀ ਆਖਦੇ ਸਨ ਕਿ ਮੈਂ ਕਾਰ ਵਧੀਆ ਚਲਾ ਲੈਂਦੀ ਸੀ।

-----

ਇਕ ਦਿਨ ਮੈਂ ਕੰਮ ਤੋਂ ਮੁੜੀ ਤਾਂ ਘਰ ਵਿਚ ਡੈਡੀ ਦਾ ਕੋਈ ਦੋਸਤ ਆਇਆ ਬੈਠਾ ਸੀ। ਮੈਂ ਉਨ੍ਹਾਂ ਨੂੰ ‘ਹੈਲੋ’ ਆਖ ਕੇ ਰਸੋਈ ਵਿਚ ਚਲੇ ਗਈ। ਮੰਮੀ ਮਗਰੇ ਆ ਗਈ ਤੇ ਆਖਣ ਲੱਗੀ, “ਤੇਰੇ ਲਈ ਮੁੰਡੇ ਦੀ ਦੱਸ ਪਾਉਂਦੇ ਨੇ।”

“ਰਹਿਣ ਦੇ ਤੂੰ ਮੰਮੀ, ਮੈਂ ਨਈਂ ਕਰਨਾ ਵਿਆਹ।”

“ਕਿਉਂ ਨਈਂ ਕਰਨਾ?”

“ਮੈਂ, ਮੈਂ ਹਾਲੇ ਤਿਆਰ ਨਈਂ।”

“ਧੀਏ ਵਿਆਹ ਤਾਂ ਕਰੌਣਾ ਈ ਏਂ, ਸਾਲ ਅਗੋਂ ਸਾਲ ਪਿੱਛੋਂ, ਤੇਰੇ ਡੈਡੀ ਚਾਹੁੰਦੇ ਨੇ ਕਿ ਤੇਰਾ ਵਿਆਹ ਜਲਦੀ ਹੋ ਜੇ।”

ਬਾਅਦ ਵਿਚ ਮੰਮੀ ਨੇ ਦੱਸਿਆ ਕਿ ਡੈਡੀ ਨੇ ਨਾਂਹ ਕਰ ਦਿੱਤੀ ਕਿਉਂਕਿ ਰਿਸ਼ਤਾ ਉਨ੍ਹਾਂ ਨੂੰ ਪਸੰਦ ਨਹੀਂ ਸੀ। ਮੁੰਡਾ ਕੱਦ ਦਾ ਮਧਰਾ ਸੀ।

----

ਇਕ ਦਿਨ ਮੰਮੀ ਮੈਨੂੰ ਪੁੱਛਣ ਲੱਗੀ, “ਕੰਵਲ, ਜ਼ਰਾ ਸੋਚ ਕੇ ਦੱਸ ਕਿ ਕਿਹੋ ਜਿਹਾ ਮੁੰਡਾ ਚਾਹੀਦਾ ਏ ਤੈਨੂੰ?”

ਮੈਂ ਸੋਚੇ ਬਿਨਾਂ ਹੀ ਬੋਲੀ, “ਪੱਗ ਨਾ ਬੰਨ੍ਹਦਾ ਹੋਵੇ।”

ਮੰਮੀ ਨੇ ਦੋਹਾਂ ਹੱਥਾਂ ਨਾਲ ਧੱਫ਼ਾ ਜਿਹਾ, ਮੈਨੂੰ ਮਾਰਿਆ, ਕਦੇ-ਕਦੇ ਉਹ ਇਵੇਂ ਹੀ ਕਰਿਆ ਕਰਦੀ ਤੇ ਆਖਿਆ, “ਤੇਰਾ ਬਾਪੂ ਪੱਗ ਬੰਨ੍ਹਦਾ!”

“ਇਹ ਤਾਂ ਡੈਡੀ ਨੇ, ਡੈਡੀ ਤਾਂ ਤੈਨੂੰ ਪੱਗ ਨਾਲ ਈ ਮਿਲੇ ਸੀ, ਮੇਰੇ ਕੋਲ ਤਾਂ ਚੁਆਇਸ ਹੈਗੀ ਏ ਹਾਲੇ।”

“ਇਹ ਤਾਂ ਠੀਕ ਏ, ਤੇਰੇ ਡੈਡੀ ਆਖਦੇ ਨੇ ਕਿ ਕੰਵਲ ਦੀ ਮਰਜ਼ੀ ਬਿਨਾਂ ਵਿਆਹ ਨਹੀਂ ਕਰਨਾ।”

*****

ਚਲਦਾ

Friday, May 28, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 5

ਕਾਂਡ – 5

ਮੈਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਗੋਰਾ ਖੜ੍ਹਾ ਸੀ। ਇਹ ਚਾਲੀ ਕੁ ਸਾਲਾ, ਮਧਰਾ ਤੇ ਗਠੀਲਾ ਬੰਦਾ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗਿਆ। ਉਸ ਨੇ ਮੈਨੂੰ ਹੈਲੋ ਕਿਹਾ ਤੇ ਫਿਰ ਮੇਰੇ ਪਿੱਛੇ ਖੜੀ ਬੀਟਰਸ ਨੂੰ ਬੋਲਿਆ, “ਬੀਟਰਸ, ਮੈਂ ਸੌਰੀ ਆਂ, ਪਲੀਜ਼ ਮੁਆਫ਼ ਕਰਦੇ ਮੈਨੂੰ।”

ਮੈਂ ਬੀਟਰਸ ਵਲ ਦੇਖਿਆ। ਉਸ ਨੇ ਅਹਿਸਤਾ ਜਿਹੇ ਕਿਹਾ- ‘ਪੀਟਰ।’ ਮੇਰਾ ਸਾਰਾ ਨਸ਼ਾ ਇਕਦਮ ਲਹਿ ਗਿਆ। ਮੈਨੂੰ ਸਮਝ ਨਾ ਲੱਗੇ ਕਿ ਹੁਣ ਮੈਂ ਕੀ ਕਰਾਂ। ਮੈਨੂੰ ਲੱਗਿਆ ਕਿ ਹੁਣ ਝਗੜਾ ਹੋਵੇਗਾ। ਮੈਂ ਉਸ ਨੂੰ ਮਨ ਹੀ ਮਨ ਤੋਲਿਆ। ਉਹ ਸਰੀਰਕ ਤੌਰ ’ਤੇ ਮੇਰੇ ਨਾਲੋਂ ਹਲਕਾ ਸੀ। ਮੇਰੇ ਵੱਲ ਦੇਖਦਿਆਂ ਜਿਹੜੀ ਵਹਿਸ਼ਤ ਉਸ ਦੀਆਂ ਅੱਖਾਂ ਵਿਚ ਆਈ ਸੀ ਉਸ ਲਈ ਮੈਂ ਖ਼ੁਦ ਨੂੰ ਤਿਆਰ ਕਰ ਲਿਆ। ਉਸ ਨੇ ਅੰਦਰ ਲੰਘਣ ਦੀ ਕੋਸ਼ਿਸ਼ ਕੀਤੀ। ਬੀਟਰਸ ਉਸ ਨੂੰ ਰੋਕਦੀ ਬੋਲੀ, “ਤੈਨੂੰ ਇਥੇ ਆਉਣ ਦੀ ਆਗਿਆ ਨਹੀਂ, ਜੱਜ ਨੇ ਵੀ ਕਿਹਾ ਸੀ, ਤੂੰ ਫਿਰ ਆ ਗਿਐਂ, ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਆਂ। ਤੇਰਾ ਭਲਾ ਇਸੇ ਵਿਚ ਐ ਕਿ ਦਫ਼ਾ ਹੋ ਜਾ ਇਥੋਂ।”

“ਪਲੀਜ਼ ਬੀਟਰਸ, ਮੁੜ ਕੇ ਅਜਿਹਾ ਨਹੀਂ ਹੁੰਦਾ, ਇਕ ਮੌਕਾ ਹੋਰ ਦੇ ਦੇ।” ਕਹਿ ਕੇ ਉਹ ਮੈਨੂੰ ਪਰ੍ਹਾਂ ਕਰਦਾ ਅੰਦਰ ਜਾਣ ਲੱਗਿਆ ਤਾਂ ਬੀਟਰਸ ਥਾਵੇਂ ਹੀ ਇਕੱਠੀ ਹੋ ਗਈ। ਮੈਂ ਪੀਟਰ ਨੂੰ ਰੋਕ ਕੇ ਕਿਹਾ, “ਤੂੰ ਸੁਣਿਆ ਨਹੀਂ ਉਹਨੇ ਕੀ ਕਿਹਾ!”

“ਤੂੰ ਕੌਣ ਹੁੰਨੈ ਸਾਡੇ ਤੀਵੀਂ ਆਦਮੀ ਵਿਚ ਆਉਣ ਵਾਲਾ?”

“ਮੈਂ ਕੋਈ ਨਹੀਂ ਪਰ ਬੀਟਰਸ ਕਹਿੰਦੀ ਐ ਕਿ ਅੰਦਰ ਨਾ ਆ ਤਾਂ ਇਹਦਾ ਮਤਲਬ ਕਿ ਨਾ ਆ। ਉਸ ਕੋਲ ਕੋਰਟ ਦਾ ਆਰਡਰ ਵੀ ਐ।”

“ਇਹ ਮੇਰੀ ਪਤਨੀ ਐ, ਇਹ ਮੇਰਾ ਘਰ ਐ, ਤੂੰ ਕੌਣ ਰੋਕਣ ਵਾਲਾ?”

ਮੇਰੇ ਕੁਝ ਕਹਿਣ ਤੋਂ ਪਹਿਲਾਂ ਬੀਟਰਸ ਬੋਲੀ, ‘ਕੌਣ ਪਤਨੀ! ਕਿਹਦਾ ਘਰ! ਇਹ ਮੇਰਾ ਘਰ ਐ, ਤੂੰ ਕਿਸੇ ਹਾਲਤ ਵਿਚ ਅੰਦਰ ਨਹੀਂ ਆ ਸਕਦਾ।”

ਉਸ ਨੇ ਜਜ਼ਰਦਸਤੀ ਅੰਦਰ ਆਉਣਾ ਚਾਹਿਆ ਤਾਂ ਮੈਂ ਉਸ ਨੂੰ ਬਾਹਰ ਧੱਕ ਦਿੱਤਾ। ਉਹ ਗ਼ੁੱਸੇ ਵਿਚ ਦੰਦ ਕਰੀਚਦਾ ਬੋਲਿਆ, “ਓਏ ਪਾਕੀ ਹਰਾਮੀ, ਤੇਰੀ ਇੰਨੀ ਹਿੰਮਤ!”

-----

ਨਸਲਵਾਦੀ ਗਾਲ਼੍ਹ ਮੇਰੇ ਸਿਰ ਨੂੰ ਚੜ੍ਹ ਗਈ। ਮੈਂ ਖ਼ੁਦ ਨੂੰ ਕਾਬੂ ਨਾ ਰੱਖ ਸਕਿਆ। ਮੈਂ ਜ਼ੋਰਦਾਰ ਘਸੁੰਨ ਸੱਜੇ ਹੱਥ ਦਾ ਉਸ ਦੇ ਨੱਕ ’ਤੇ ਮਾਰਿਆ। ਉਸ ਦੇ ਪੈਰ ਉੱਖੜ ਗਏ। ਮਗਰੇ ਹੀ ਖੱਬੇ ਹੱਥ ਦਾ ਇਕ ਘਸੁੰਨ ਛੱਡ ਦਿੱਤਾ। ਉਹ ਡਿੱਗ ਜਿਹਾ ਪਿਆ ਤੇ ਸਾਹਮਣੇ ਕੰਧ ਨਾਲ ਜਾ ਵੱਜਾ। ਮੈਂ ਹੋਰ ਮਾਰਨ ਲਈ ਅੱਗੇ ਵਧਿਆ ਤਾਂ ਉਸ ਨੇ ਇਕ ਬਾਂਹ ਨਾਲ ਮੂੰਹ ਲੁਕੋ ਲਿਆ ਤੇ ਦੂਜੀ ਬਾਂਹ ਸੁਲਾਹ ਦੇ ਇਸ਼ਾਰੇ ਨਾਲ ਉਪਰ ਚੁੱਕ ਦਿੱਤੀ।

ਉਸ ਦੇ ਨੱਕ ਤੇ ਮੂੰਹ ਵਿਚੋਂ ਖ਼ੂਨ ਵਗ ਰਿਹਾ ਸੀ। ਬੀਟਰਸ ਚੀਖ਼ਣ ਲੱਗੀ, “ਉੱਠ ਹਰਾਮੀਆਂ, ਉੱਠ ਹੁਣ, ਹੋਰ ਮਾਰ ਮੈਨੂੰ, ਉਠ ਹੁਣ ਮੁਕਾਬਲਾ ਕਰ, ਚੂਹਾ ਕਿਉਂ ਬਣ ਗਿਐਂ?”

------

ਪੀਟਰ ਦੀਆਂ ਅੱਖਾਂ ਨੀਵੀਆਂ ਸਨ। ਉਹ ਅਹਿਸਤਾ ਜਿਹੇ ਉੱਠ ਕੇ ਪੌੜੀਆਂ ਉਤਰ ਗਿਆ। ਬੀਟਰਸ ਹਾਲੇ ਵੀ ਚੀਖ਼ੀ ਜਾ ਰਹੀ ਸੀ। ਉਸ ਨੂੰ ਇਵੇਂ ਕਰਦੀ ਦੇਖ ਕੇ ਉਸ ਦੇ ਮੁੰਡੇ ਰੋਣ ਲੱਗੇ। ਪੀਟਰ ਜਾ ਚੁੱਕਾ ਸੀ। ਮੈਂ ਬੀਟਰਸ ਨੂੰ ਚੁੱਪ ਕਰਾਇਆ। ਆਲੇ ਦੁਆਲੇ ਦੇ ਫਲੈਟਾਂ ਵਾਲੇ ਲੋਕ ਬਾਹਰ ਨਿਕਲ ਆਏ। ਇਕ ਬੁੱਢੀ ਦੱਸਣ ਲੱਗੀ, “ਉਸ ਦਿਨ ਮੈਂ ਹੀ ਪੁਲਿਸ ਨੂੰ ਫੋਨ ਕੀਤਾ ਸੀ, ਪੀਟਰ ਨੇ ਅੱਤ ਚੁੱਕੀ ਹੋਈ ਸੀ।”

ਹੈਨਰੀ ਨਾਂ ਦਾ ਇਕ ਗੋਰਾ ਕਹਿਣ ਲੱਗਿਆ, “ਮੈਂ ਬੁੱਢਾ ਹੋ ਗਿਆ, ਨਹੀਂ ਤਾਂ ਪੀਟਰ ਦੀ ਅੱਜ ਵਾਲੀ ਹਾਲਤ ਮੈਂ ਕਰਦਾ।”

-----

ਹਰ ਕੋਈ ਪੀਟਰ ਦੇ ਖ਼ਿਲਾਫ਼ ਬੋਲ ਰਿਹਾ ਸੀ ਤੇ ਮੇਰੇ ਨਾਲ ਸਹਿਮਤੀ ਪ੍ਰਗਟਾਅ ਰਿਹਾ ਸੀ। ਮੈਂ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਬੀਟਰਸ ਨੂੰ ਲੈ ਕੇ ਵਾਪਸ ਅੰਦਰ ਚਲਾ ਗਿਆ। ਮੈਂ ਅੰਦਰ ਸੋਫੇ ’ਤੇ ਆ ਬੈਠਾ ਤੇ ਸੋਚਣ ਲੱਗਿਆ ਕਿ ਮਿੰਟਾਂ ਵਿਚ ਇਹ ਕੀ ਹੋ ਗਿਆ। ਮੇਰਾ ਸਾਹ ਤੇਜ਼-ਤੇਜ਼ ਚਲ ਰਿਹਾ ਸੀ। ਮੈਂ ਘਬਰਾਇਆ ਵੀ ਹੋਇਆ ਸਾਂ। ਬੀਟਰਸ ਨੇ ਕਿਹਾ, “ਸੌਰੀ ਇੰਦਰ, ਘਰ ਡਰਿੰਕ ਨਹੀਂ, ਨਹੀਂ ਤਾਂ ਮੈਂ ਤੈਨੂੰ ਦਿੰਦੀ ਕਿਉਂਕਿ ਇਸ ਵੇਲੇ ਤੈਨੂੰ ਡਰਿੰਕ ਦੀ ਸਖ਼ਤ ਲੋੜ ਐ।”

ਮੈਨੂੰ ਵੀ ਜਾਪਿਆ ਕਿ ਹੁਣ ਮੈਨੂੰ ਸ਼ਰਾਬ ਚਾਹੀਦੀ ਸੀ। ਮੈਂ ਉੱਠਿਆ ਤੇ ਦੁਕਾਨਾਂ ਨੂੰ ਤੁਰ ਪਿਆ। ਬੀਟਰਸ ਵੀ ਮੇਰੇ ਨਾਲ ਆ ਗਈ। ਉਸ ਨੇ ਬੱਚਿਆਂ ਲਈ ਚਿਪਸ ਆਦਿ ਲਏ, ਵੋਦਕੇ ਤੇ ਵਿਸਕੀ ਦੀਆਂ ਬੋਤਲਾਂ ਲਈਆਂ। ਨਾਲ ਜੂਸ, ਕੋਕ ਲੈਮਨੇਡ ਆਦਿ ਵੀ। ਵਾਪਸ ਆ ਕੇ, ਅਸੀਂ ਪੀਣ ਲੱਗੇ। ਦੋ ਗਲਾਸੀਆਂ ਪੀ ਕੇ ਮੈਂ ਕੁਝ ਵੀ ਸੋਚਣ ਜੋਗਾ ਨਾ ਰਿਹਾ ਤੇ ਬੀਟਰਸ ਨਾਲ ਹਾਸਾ ਮਜ਼ਾਕ ਕਰਨ ਲੱਗਿਆ।

-----

ਸਵੇਰੇ ਜਾਗ ਆਈ ਤਾਂ ਬੀਟਰਸ ਮੇਰੇ ਨਾਲ ਪਈ ਸੀ। ਮੈਂ ਝਟਕਾ ਜਿਹਾ ਖਾ ਕੇ ਉੱਠ ਖੜ੍ਹਿਆ। ਰਾਤ ਵਾਲੀ ਘਟਨਾ ਯਾਦ ਕਰਨ ਲੱਗਿਆ। ਮੈਨੂੰ ਖ਼ੁਦ ’ਤੇ ਗ਼ੁੱਸਾ ਵੀ ਆ ਰਿਹਾ ਸੀ ਤੇ ਡਰ ਵੀ ਲੱਗ ਰਿਹਾ ਸੀ ਕਿ ਇਹ ਕੀ ਇਲਤ ਸਹੇੜ ਲਈ। ਮੈਂ ਘੜੀ ਦੇਖੀ, ਛੇ ਵੱਜੇ ਸਨ। ਮੇਰਾ ਸਿਰ ਦਰਦ ਕਰ ਰਿਹਾ ਸੀ। ਮੈਨੂੰ ਚੇਤੇ ਆਇਆ ਕਿ ਕਈ ਕਿਸਮ ਦੀ ਸ਼ਰਾਬ ਪੀਤੀ ਸੀ, ਸਿਰ ਦੁਖਣਾ ਹੀ ਹੋਇਆ।

ਮੈਨੂੰ ਹਿਲਦੇ ਨੂੰ ਦੇਖ ਕੇ ਬੀਟਰਸ ਵੀ ਜਾਗ ਗਈ। “ਗੁਡ ਮੌਰਨਿੰਗ ਇੰਦਰ, ਨੀਂਦ ਠੀਕ ਆਈ?”

ਉਸ ਨੇ ਮੈਨੂੰ ਪੁੱਛਿਆ। ਮੈਂ ਉਠਦਾ ਹੋਇਆ ਬੋਲਿਆ, “ਇਹ ਨੀਂਦ ਥੋੜ੍ਹੇਸੀ, ਬੇਹੋਸ਼ੀ ਸੀ, ਪਤਾ ਨਹੀਂ ਕਿੱਥੇ ਸਾਂ ਪਿਛਲੇ ਅੱਠ ਦਸ ਘੰਟੇ।”

ਮੇਰੇ ਬਾਥਰੂਮ ਤੋਂ ਮੁੜਨ ਤਕ ਉਹ ਚਾਹ ਲੈ ਆਈ। ਮੈਂ ਜਲਦੀ ਨਾਲ ਇਥੋਂ ਨਿਕਲ ਜਾਣਾ ਚਾਹੁੰਦਾ ਸਾਂ। ਅੱਜ ਕੰਮ ਕਰਨ ਦਾ ਮੂਡ ਹੀ ਨਹੀਂ ਸੀ।

-----

ਮੈਂ ਬੀਟਰਸ ਕੋਲੋਂ ਸਿੱਧਾ ਘਰ ਆਇਆ। ਨਹਾ ਕੇ ਕੱਪੜੇ ਬਦਲੇ। ਚਾਹ ਦੇ ਨਾਲ ਕੁਝ ਟੋਸਟ ਲਏ। ਮੁੜ ਕੱਲ੍ਹ ਵਾਲੀ ਘਟਨਾ ਤੇ ਬੀਟਰਸ ਨਾਲ ਬਿਤਾਈ ਰਾਤ ਬਾਰੇ ਸੋਚਣ ਲੱਗਿਆ। ਸਭ ਕੁਝ ਹੀ ਗ਼ਲਤ ਹੋ ਗਿਆ ਸੀ। ਪੀਟਰ ਨਾਲ ਲੜਨਾ, ਫਿਰ ਰਾਤ ਬੀਟਰਸ ਕੋਲ ਰਹਿ ਜਾਣਾ। ਸਵੇਰੇ ਬੀਟਰਸ ਭਾਵੁਕ ਜਿਹੀ ਹੋਈ ਪਈ ਸੀ। ਕੋਈ ਮੇਰੇ ਨਾਲ ਇਵੇਂ ਜੁੜ ਜਾਵੇ ਜਦ ਤਕ ਮੈਂ ਨਾ ਜੁੜਿਆ ਹੋਵਾਂ, ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਰਾਤ ਗਈ ਬਾਤ ਗਈ, ਵਾਂਗ ਭੁੱਲਣ ਦੀ ਕੋਸ਼ਿਸ਼ ਕਰਨ ਲੱਗਿਆ।

-----

ਬਾਰਾਂ ਵੱਜ ਗਏ। ਮੇਰੇ ਕੋਲ ਕੁਝ ਵੀ ਕਰਨ ਨੂੰ ਨਹੀਂ ਸੀ। ਅਖ਼ਬਾਰ ਮੈਂ ਅੰਕਲ ਭੁੱਲਰ ਦੀ ਦੁਕਾਨ ਤੋਂ ਲੈਂਦਾ ਆਇਆ ਸਾਂ, ਉਹ ਪੜ੍ਹ ਲਈ। ਇਕ ਦੋ ਕਿਤਾਬਾਂ ਖੋਲ੍ਹੀਆਂ ਪਰ ਮਨ ਨਾ ਖੁੱਭਿਆ, ਰਾਤ ਵਾਲੀ ਘਟਨਾ ਰਹਿ-ਰਹਿ ਯਾਦ ਆ ਰਹੀ ਸੀ। ਅੰਤ ਇਹੋ ਸੋਚਿਆ ਕਿ ਕਿਉਂ ਨਾ ਕੰਮ ਉਪਰ ਹੀ ਚਲੇ ਜਾਵਾਂ, ਜਿੰਨੇ ਘੰਟੇ ਲੱਗਦੇ ਹੋਣ ਲਾ ਲਵਾਂ।

ਮੈਂ ਰੇਡੀਓ ਔਨ ਕਰ ਕੇ ਕੰਟਰੋਲਰ ਨੂੰ ਸੂਚਨਾ ਦੇਣ ਲੱਗਿਆ, "ਰੌਜਰ, ਈਕੋ ਨਾਈਨ, ਈਕੋ ਨਾਈਨ!”

‘ਰੌਜਰ, ਰੌਜਰ!”

“ਮੈਂ ਕੰਮ ’ਤੇ ਆ ਰਿਹਾਂ, ਇਸ ਵੇਲੇ ਸ਼ੈਫਰਡ ਬੁੱਸ਼ ਨੇੜੇ ਆਂ!”

“ਰੌਜਰ, ਬੇਸ ਨੂੰ ਹੀ ਆਜਾ, ਕੰਮ ਬਹੁਤ ਠੰਡਾ ਏ, ਕੋਈ ਬੀਟਰਸ ਨਾਂ ਦੀ ਔਰਤ ਤੇਰੇ ਲਈ ਦੋ ਵਾਰ ਫੋਨ ਕਰ ਚੁੱਕੀ ਏ।“

-----

ਮੈਂ ਕੱਲ੍ਹ ਹੀ ਬੀਟਰਸ ਨੂੰ ਆਪਣੀ ਕੰਪਨੀ ਦਾ ਕਾਰਡ ਦਿੱਤਾ ਸੀ। ਜ਼ਰੂਰ ਪੀਟਰ ਵਾਪਸ ਆ ਵੜਿਆ ਹੋਵੇਗਾ। ਮੈਂ ਸੋਚਣ ਲੱਗਿਆ ਕਿ ਜੇ ਉਹ ਵਾਪਸ ਆ ਵੀ ਗਿਆ ਹੋਵੇ ਤਾਂ ਮੈਂ ਕੀ ਕਰ ਸਕਦਾ ਸਾਂ। ਮੇਰੇ ਕੋਲੋਂ ਤਾਂ ਆਪਣੀਆਂ ਹੀ ਨਹੀਂ ਨਿਬੇੜੀਆਂ ਜਾਂਦੀਆਂ ਸਨ। ਬੀਟਰਸ ਪਈ ਕਰਦੀ ਰਹੇ ਫੋਨ, ਹੁਣ ਮੈਂ ਉਸ ਵੱਲ ਨਹੀਂ ਜਾਣਾ। ਪਹਿਲਾਂ ਹੀ ਮੇਰੇ ਕੰਮ ਦਾ ਪੂਰਾ ਦਿਨ ਖ਼ਰਾਬ ਹੋ ਗਿਆ ਤੇ ਅੱਧਾ ਦਿਨ ਅੱਜ ਦਾ ਵੀ ਗਿਆ।

ਪੋਰਟਬੈਲੋ ਰੋਡ ’ਤੇ ਮੈਨੂੰ ਕੋਈ ਕੰਮ ਨਹੀਂ ਸੀ ਪਰ ਮੇਰੀ ਕਾਰ ਉਧਰ ਨੂੰ ਮੁੜ ਗਈ। ਅਚੇਤ ਮਨ ਵਿਚ ਸੋਚ ਰਿਹਾ ਹੋਵਾਂਗਾ ਕਿ ਇਨ੍ਹਾਂ ਸੜਕਾਂ ’ਤੇ ਖੜ ਕੇ ਕੰਮ ਦੀ ਉਡੀਕ ਕਰ ਲਵਾਂਗਾ। ਫਿਰ ਮੈਨੂੰ ਖ਼ਿਆਲ ਆਇਆ ਕਿ ਸਵੇਰੇ ਬੀਟਰਸ ਨੇ ਮੈਨੂੰ ਆਪਣੇ ਫਲੈਟ ਦੀ ਇਕ ਚਾਬੀ ਵੀ ਦੇ ਦਿੱਤੀ ਸੀ ਕਿ ਜਦ ਵੀ ਦਿਲ ਕਰੇ ਮੈਂ ਆਵਾਂ ਜਾਵਾਂ। ਚਾਬੀ ਮੈਂ ਆਪਣੀਆਂ ਚਾਬੀਆਂ ਵਿਚ ਹੀ ਟੰਗ ਲਈ ਸੀ। ਮੈਂ ਛੱਲੇ ਨੂੰ ਛੋਹਿਆ। ਉਸ ਵਿਚੋਂ ਬੀਟਰਸ ਦੇ ਫਲੈਟ ਦੀ ਚਾਬੀ ਉਪਰ ਉਂਗਲਾਂ ਫੇਰੀਆਂ। ਮੈਂ ਦੇਖਿਆ ਕਿ ਮੇਰੀ ਕਾਰ ਰੌਬਰਟ ਹਾਊਸ ਕੋਲ ਜਾ ਰੁਕੀ ਤੇ ਅਗਲੇ ਹੀ ਪਲ ਮੈਂ ਚਾਬੀਆਂ ਨਾਲ ਖੇਲਦਾ ਬੀਟਰਸ ਦੇ ਫਲੈਟ ਮੂਹਰੇ ਜਾ ਖੜ੍ਹਾ ਸਾਂ।

-----

ਬੀਟਰਸ ਘਰ ਨਹੀਂ ਸੀ। ਸਵੇਰੇ ਜਿਵੇਂ ਸਭ ਮੈਂ ਛੱਡਿਆ ਸੀ ਉਵੇਂ ਹੀ ਸੀ। ਪੀਟਰ ਦੇ ਆਉਣ ਦੇ ਕੋਈ ਨਿਸ਼ਾਨ ਨਹੀਂ ਸਨ। ਹੁਣ ਤਕ ਮੈਨੂੰ ਕੁਝ ਭੁੱਖ ਲੱਗ ਆਈ ਸੀ। ਮੈਂ ਫਰਿਜ ਖੋਲ੍ਹੀ, ਉਹ ਖ਼ਾਲੀ ਪਈ ਸੀ। ਦੁੱਧ ਦੀ ਘੁੱਟ ਤਕ ਨਹੀਂ ਸੀ। ਮੈਂ ਸੋਚਣ ਲੱਗਿਆ ਕਿ ਜੇ ਮੈਂ ਰਾਤੀ ਉਸ ਨੂੰ ਬੱਚਿਆਂ ਲਈ ਚਿਪਸ ਨਾ ਲੈ ਕੇ ਦਿੰਦਾ ਤਾਂ ਸ਼ਾਇਦ ਬੱਚੇ ਭੁੱਖੇ ਹੀ ਸੌਂਦੇ। ਮੇਰਾ ਮਨ ਪਸੀਜ ਗਿਆ। ਤਿੰਨ ਵਜੇ ਸਨ। ਬੀਟਰਸ ਪਤਾ ਨਹੀਂ ਕਿੱਥੇ ਮਾਰੀ ਮਾਰੀ ਫਿਰਦੀ ਹੋਵੇਗੀ। ਹੋਰ ਅੱਧੇ ਘੰਟੇ ਤਕ ਉਸ ਨੇ ਸਕੂਲ ਮੂਹਰੇ ਹੋਣਾ ਸੀ, ਬੱਚਿਆਂ ਨੂੰ ਲੈਣ ਲਈ।

ਉਹ ਮੈਨੂੰ ਸਕੂਲ ਦੇ ਨੇੜੇ ਮਿਲ਼ ਪਈ। ਮੈਂ ਹਾਰਨ ਮਾਰਿਆ ਤਾਂ ਕਾਰ ਵਿਚ ਆ ਬੈਠੀ। ਬੈਠਦੀ ਹੀ ਬੋਲੀ, “ਮੈਂ ਤੇਰੇ ਲਈ ਸੁਨੇਹਾ ਛੱਡਿਆ ਸੀ, ਮਿਲ ਗਿਆ?”

“ਹਾਂ, ਕੀ ਗੱਲ ਹੋਈ?’

‘ਮੈਨੂੰ ਟੌਮੀ ਨੇ ਦੱਸਿਆ ਕਿ ਪੀਟਰ ਆਪਣੇ ਦੋਸਤ ਲੈ ਕੇ ਤੈਨੂੰ ਲੱਭਦੈ।”

“ਅੱਛਾ!”

“ਹਾਂ, ਉਹ ਬਹੁਤ ਖ਼ਰਾਬ ਆਦਮੀ ਐ, ਮੁਜਰਮ ਕਿਸਮ ਦਾ, ਉਸ ਦੇ ਦੋਸਤ ਵੀ ਚੰਗੇ ਬੰਦੇ ਨਹੀਂ।”

ਇਕ ਵਾਰ ਤਾਂ ਮੈਂ ਡਰ ਗਿਆ ਕਿ ਹੁਣ ਕੀ ਹੋਵੇਗਾ। ਆਪਣੇ ਅੰਦਰਲਾ ਫ਼ਿਕਰ ਬੀਟਰਸ ਕੋਲ ਜ਼ਾਹਿਰ ਨਾ ਹੋਣ ਦਿੱਤਾ ਤੇ ਉਸ ਨੂੰ ਕਿਹਾ, ਠਬੱਚੇ ਲਿਆ, ਆਪਾਂ ਟੈਸਕੋ ਚਲਦੇ ਆਂ, ਕੁਝ ਸ਼ੌਪਿੰਗ ਕਰ ਲੈ।”

“ਕਿਉਂ?”

“ਮੈਂ ਘਰ ਗਿਆ ਸੀ ਤੇਰੀ ਫਰਿਜ ਬਿਲਕੁਲ ਖ਼ਾਲੀ ਐ।”

“ਕੱਲ੍ਹ ਨੂੰ ਮੇਰੀ ਬੁੱਕ ਆ ਜਾਣੀ ਐਂ, ਮੈਨੂੰ ਪੈਸੇ ਮਿਲ ਜਾਣੇ ਆਂ।”

“ਕੱਲ੍ਹ ਤਾਂ ਦੂਰ ਐ, ਇਨ੍ਹਾਂ ਨੂੰ ਤਾਂ ਅੱਜ ਕੁਝ ਖਾਣ ਨੂੰ ਚਾਹੀਦੈ।”

“ਤੂੰ ਇੰਨਾ ਫ਼ਿਕਰ ਨਾ ਕਰ ਇੰਦਰ, ਇਹ ਗ਼ਰੀਬ ਮਾਂ ਦੇ ਬੱਚੇ ਆ, ਤੇ ਸਖ਼ਤ ਜਾਨ ਆਂ, ਤੂੰ ਫ਼ਿਕਰ ਨਾ ਕਰ।”

“ਇਹ ਦਲੀਲ ਬਾਅਦ ਵਿਚ ਦੇਵੀਂ। ਵਕਤ ਹੋ ਰਿਹੈ, ਬੱਚਿਆਂ ਨੂੰ ਲੈ ਆ।”

ਉਹ ਸਕੂਲ ਅੰਦਰ ਗਈ ਤੇ ਬੱਚਿਆਂ ਨੂੰ ਲੈ ਆਈ।

-----

ਉਥੋਂ ਅਸੀਂ ਟੈਸਕੋ ਵਿਚ ਗਏ ਤੇ ਉਸ ਦੇ ਬੱਚਿਆਂ ਲਈ ਤੇ ਘਰ ਲਈ ਕੁਝ ਖ਼ਰੀਦੋ-ਫਰੋਖ਼ਤ ਕੀਤੀ। ਉਸ ਦੇ ਬੱਚਿਆਂ ਨੂੰ ਮੈਂ ਚੌਕਲੈਟ ਲੈ ਦਿੱਤੇ ਤੇ ਉਹ ਮੇਰੇ ਅੱਗੇ ਪਿਛੇ ਫਿਰਨ ਲਗੇ। ਵੱਡਾ ਡੈਨੀ ਛੇ ਸੱਤ ਸਾਲ ਦਾ ਤੇ ਛੋਟਾ ਜੌਹਨ ਚਾਰ ਕੁ ਸਾਲ ਦਾ ਸੀ। ਮੈਨੂੰ ਉਹ ਬਹੁਤ ਪਿਆਰੇ ਲੱਗ ਰਹੇ ਸਨ। ਮੈਂ ਸੋਚਿਆ ਕਿ ਹੁਣ ਇਨ੍ਹਾਂ ਨੂੰ ਉਤਾਰ ਕੇ ਘਰ ਚਲੇ ਜਾਵਾਂਗਾ ਤੇ ਕੱਲ੍ਹ ਸਵੇਰ ਤੋਂ ਹੀ ਦੁਬਾਰਾ ਕੰਮ ਸ਼ੁਰੂ ਕਰਾਂਗਾ।

ਉਸ ਦੇ ਘਰ ਮੋਹਰੇ ਗੱਡੀ ਰੋਕੀ। ਸਾਮਾਨ ਕਾਰ ਵਿਚੋਂ ਕੱਢਿਆ ਤਾਂ ਬੀਟਰਸ ਇਕੱਲੀ ਦੇ ਚੁੱਕਣ ਦਾ ਨਹੀਂ ਸੀ। ਉਸ ਦੀ ਮਦਦ ਲਈ ਉਪਰ ਤਕ ਚਲੇ ਗਿਆ। ਸਾਮਾਨ ਰੱਖ ਕੇ ਮੁੜਨ ਲੱਗਿਆ ਤਾਂ ਬੀਟਰਸ ਬੋਲੀ, ‘‘ਇੰਦਰ, ਅੰਦਰ ਆ ਕੁਝ ਖਾ ਕੇ ਜਾਵੀਂ, ਕੁਝ ਪੀ ਹੀ ਲਵੀਂ। ਅੰਦਰ ਆ।’’

----

ਮੈਂ ਅੰਦਰ ਚਲੇ ਗਿਆ। ਭੁੱਖ ਤਾਂ ਲੱਗੀ ਸੀ ਪਰ ਕੁਝ ਵੀ ਖਾਣ ਦਾ ਮੂਡ ਨਹੀਂ ਸੀ। ਵਕਤ ਵੀ ਨਹੀਂ ਸੀ। ਮੈਂ ਸੈਟੀ ’ਤੇ ਬੈਠ ਗਿਆ। ਬੀਟਰਸ ਨੇ ਮੇਰੇ ਮੁਹਰੇ ਰਾਤ ਵਾਲੀ ਵਿਸਕੀ ਦੀ ਬੋਤਲ ਲਿਆ ਰੱਖੀ। ਪਹਿਲਾਂ ਮੇਰਾ ਦਿਲ ਭੱਜਣ-ਭੱਜਣ ਕਰਦਾ ਸੀ ਪਰ ਬੋਤਲ ਦੇਖ ਕੇ ਮੇਰੇ ਤੋਂ ਹਿੱਲ ਨਾ ਹੋਇਆ। ਪਹਿਲੀ ਗਲਾਸੀ ਪੀਤੀ ਤੇ ਢੋਅ ਲਾ ਕੇ ਬੈਠ ਗਿਆ। ਦੂਜੀ ਗਲਾਸੀ ਨਾਲ ਲੱਤਾਂ ਮੈਂ ਮੇਜ਼ ’ਤੇ ਖਿਲਾਰ ਲਈਆਂ।

ਇਕ ਦੋ ਵਾਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀ। ਬੀਟਰਸ ਕਹਿੰਦੀ, ‘‘ਅੱਜ ਇੱਥੇ ਹੀ ਠਹਿਰ ਜਾ, ਇਥੋਂ ਹੀ ਕੰਮ ’ਤੇ ਚਲੇ ਜਾਵੀਂ ਸਵੇਰੇ।’’

ਬੱਚਿਆਂ ਨੂੰ ਜਲਦੀ ਸੁਆ ਕੇ ਬੀਟਰਸ ਮੇਰੇ ਕੋਲ ਆ ਗਈ। ਉਹ ਬਹੁਤ ਖ਼ੁਸ਼ ਸੀ। ਮੇਰੀ ਲੋੜੋਂ ਵੱਧ ਤਾਰੀਫ਼ ਕਰੀ ਜਾ ਰਹੀ ਸੀ।

----

ਜਿਸ ਗੱਲ ਦਾ ਡਰ ਸੀ ਉਹੋ ਹੀ ਹੋ ਗਈ। ਪੀਟਰ ਨੇ ਆਪਣੇ ਦੋਸਤ ਲੈ ਕੇ ਮੇਰੀ ਕਾਰ ਨੂੰ ਘੇਰ ਲਿਆ। ਮੈਂ ਜੇਈਅਰ ਰੋਡ ਤੋਂ ਸਕੌਟਸ ਰੋਡ ਵੱਲ ਮੁੜਿਆ ਤਾਂ ਇਕ ਮੈਲ਼ੇ ਜਿਹੇ ਕਪੜਿਆਂ ਵਾਲਾ ਗੋਰਾ ਮੇਰੀ ਕਾਰ ਦੇ ਅੱਗੇ ਆ ਕੇ ਖੜ੍ਹ ਗਿਆ। ਉਸ ਦੇ ਨਾਲ ਦੋ ਬੰਦੇ ਹੋਰ ਸਨ। ਥੋੜ੍ਹੀ ਦੂਰ ਜਿਹੇ ਖੜੇ ਪੀਟਰ ਨੂੰ ਮੈਂ ਪਛਾਣ ਲਿਆ। ਮੈਂ ਮਨ ਵਿਚ ਕਿਹਾ- ‘‘ਇੰਦਰ ਸਿਆਂ, ਹੋ ਜਾ ਕੁੱਟ ਖਾਣ ਨੂੰ ਤਿਆਰ।’’ ਮੈਂ ਕਾਹਲੀ ਨਾਲ ਸੋਚਿਆ ਕਿ ਹੁਣ ਕੀ ਕਰਾਂ। ਇਕ ਤਾਂ ਇਹ ਸੀ ਕਿ ਕਾਰ ਭਜਾ ਕੇ ਲੈ ਜਾਵਾਂ। ਦੂਜਾ ਇਹ ਸੀ ਕਿ ਰੁਕ ਕੇ ਇਨ੍ਹਾਂ ਦਾ ਸਾਹਮਣਾ ਕਰਾਂ। ਕਾਰ ਭਜਾਉਣ ਲਈ ਮੈਂ ਗੇਅਰ ਪਾਇਆ ਕਿ ਮੈਨੂੰ ਖ਼ਿਆਲ ਆਇਆ ਕਿ ਅੱਜ ਭੱਜ ਗਿਆ ਤਾਂ ਕੱਲ੍ਹ ਨੂੰ ਇਨ੍ਹਾਂ ਫੇਰ ਇਥੇ ਹੀ ਹੋਣਾ ਸੀ ਤੇ ਮੇਰਾ ਕੰਮ ਵੀ ਇਥੇ ਹੀ ਸੀ। ਮੈਂ ਕਾਰ ਰੋਕ ਲਈ। ਇਕ ਵੱਡਾ ਸਪਾਨਾ ਜਿਸ ਨੂੰ ਅਜਿਹੇ ਮੌਕੇ ’ਤੇ ਹਥਿਆਰ ਵਜੋਂ ਵਰਤਣ ਲਈ ਮੈਂ ਸੀਟ ਦੇ ਨਾਲ ਰੱਖਿਆ ਹੋਇਆ ਸੀ, ਹੱਥ ਵਿਚ ਫੜ ਲਿਆ ਤੇ ਆਹਿਸਤਾ ਜਿਹੇ ਦਰਵਾਜ਼ਾ ਖੋਲ੍ਹਿਆ ਤੇ ਖੁੱਲ੍ਹਾ ਹੀ ਰਹਿਣ ਦਿੱਤਾ। ਕਾਰ ਵੀ ਚਲਦੀ ਰੱਖ ਲਈ ਕਿ ਲੋੜ ਪੈਣ ’ਤੇ ਭੱਜ ਸਕਾਂ। ਇਕ ਗੋਰਾ ਜੋ ਕਿ ਵਧੇਰੇ ਉਮਰ ਦਾ ਸੀ, ਮੇਰੇ ਵੱਲ ਵਧਿਆ। ਮੈਨੂੰ ਪੁੱਛਣ ਲੱਗਿਆ, ‘‘ਕੀ ਨਾਂ ਐ ਤੇਰਾ?’’

‘‘ਤੂੰ ਦੱਸ ਤੇਰਾ ਕੀ ਨਾਂ ਐ? ਤੂੰ ਮੈਨੂੰ ਕਿਉਂ ਰੋਕਿਐ?’’

‘‘ਮੇਰਾ ਨਾਂ ਬਿੱਲ ਐ, ਮੈਂ ਚਾਹੁੰਨਾ ਬਈ ਤੂੰ ਪੀਟਰ ਤੇ ਬੀਟਰਸ ਵਿਚਕਾਰ ਨਾ ਆਵੇਂ, ਉਹ ਇਹਦੀ ਔਰਤ ਐ।’’

‘‘ਪਰ ਬੀਟਰਸ ਇਵੇਂ ਨਹੀਂ ਕਹਿੰਦੀ। ਉਹਨੇ ਤਾਂ ਇਹਦੇ ਖ਼ਿਲਾਫ਼ ਕੋਰਟ ਦੇ ਆਰਡਰ ਲੈ ਰੱਖੇ ਆ।’’

‘‘ਇਹ ਤੇਰਾ ਮਸਲਾ ਨਹੀਂ।’’

‘‘ਮੇਰਾ ਮਸਲਾ ਤਾਂ ਨਹੀਂ ਸੀ ਪਰ ਬੀਟਰਸ ਨੇ ਬਣਾ ਦਿੱਤੈ, ਉਹ ਇਕ ਵਾਰੀ ਕਹਿ ਦੇਵੇ ਮੈਂ ਪਾਸੇ ਹੋ ਜਾਵਾਂਗਾ।’’

‘‘ਤੂੰ ਸਾਨੂੰ ਨਹੀਂ ਜਾਣਦਾ, ਤੈਨੂੰ ਪਾਸੇ ਤਾਂ ਅਸੀਂ ਹਟਾ ਹੀ ਦੇਵਾਂਗੇ।’’

-----

ਉਸ ਦੇ ਬੋਲਾਂ ਵਿਚ ਭਰਵੀਂ ਧਮਕੀ ਸੀ। ਦੂਜੇ ਦੋਵੇਂ ਵੀ ਮੇਰੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖੀ ਜਾ ਰਹੇ ਸਨ। ਆਲੇ-ਦੁਆਲੇ ਲੋਕ ਤਾਂ ਹੈ ਹੀ ਨਹੀਂ ਸਨ ਜੋ ਮੇਰੀ ਮਦਦ ਕਰ ਸਕਦੇ। ਮੈਂ ਸਪਾਨਾ ਹਵਾ ਵਿਚ ਲਹਿਰਾਇਆ ਤੇ ਜਵਾਬੀ ਧਮਕੀ ਨਾਲ ਕਿਹਾ, ‘‘ਬਿੱਲ, ਇਸ ਵੇਲੇ ਤਾਂ ਤੂੰ ਮੇਰੀ ਕਾਰ ਦੇ ਅੱਗਿਓਂ ਪਰ੍ਹਾਂ ਹੋ ਜਾਹ, ਫਿਰ ਮੈਨੂੰ ਦੋਸ਼ ਨਾ ਦੇਵੀਂ ਤੇ ਜਾਹ ਜੋ ਕਰਨੈ ਕਰ ਲੈ।’’ ਕਹਿ ਕੇ ਮੈਂ ਕਾਰ ਵਿਚ ਬੈਠ ਗਿਆ। ਮੈਂ ਕਾਰ ਥੋੜ੍ਹੀ ਕੁ ਤੋਰੀ ਤਾਂ ਬਿੱਲ ਥੁੱਕਦਾ ਹੋਇਆ ਇਕ ਪਾਸੇ ਹੋ ਗਿਆ। ਉਸ ਦੇ ਨਾਲ ਦੇ ਗਾਲ਼੍ਹਾਂ ਕੱਢਣ ਲੱਗੇ। ਮੈਂ ਵੀ ਗਾਲ੍ਹਾਂ ਦਿੰਦਾ ਅੱਗੇ ਲੰਘ ਗਿਆ। ਮੈਂ ਸ਼ੁਕਰ ਮਨਾਇਆ ਕਿ ਘੜੀ ਟਲ਼ ਗਈ।

-----

ਇਹ ਘਟਨਾ ਮੇਰੇ ਲਈ ਬਹੁਤ ਡਰਾਉਣੀ ਸੀ। ਇਸ ਦਾ ਮਤਲਬ ਸੀ ਕਿ ਮੇਰੇ ਉਪਰ ਕਿਸੇ ਸਮੇਂ ਵੀ ਹਮਲਾ ਹੋ ਸਕਦਾ ਸੀ। ਸਭ ਤੋਂ ਪਹਿਲਾਂ ਤਾਂ ਮੈਂ ਕੰਮ ਉਪਰ ਜਾ ਕੇ ਕੰਟਰੋਲਰ ਜੈਕ ਨੂੰ ਸਾਰੀ ਗੱਲ ਦੱਸੀ। ਜੈਕ ਨੇ ਕੰਪਨੀ ਦੇ ਮਾਲਕ ਪੈਟ ਮਲੋਨੀ ਨੂੰ ਦੱਸਿਆ। ਪੈਟ ਮਲੋਨੀ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਕਿ ਕੁਝ ਓਪਰੇ ਬੰਦਿਆਂ ਨੇ ਕੰਪਨੀ ਦੇ ਡਰਾਈਵਰ ਨੂੰ ਧਮਕਾਇਆ ਸੀ। ਪੁਲੀਸ ਦਾ ਇਕ ਅਫ਼ਸਰ ਮੇਰੇ ਕੋਲ ਆ ਕੇ ਕਾਗਜ਼ੀ ਕਾਰਵਾਈ ਕਰ ਕੇ ਲੈ ਗਿਆ। ਹੋਰ ਬਹੁਤਾ ਕੁਝ ਉਹ ਕਰ ਵੀ ਨਹੀਂ ਸਨ ਸਕਦੇ। ਪੀਟਰ ਤੇ ਬੀਟਰਸ ਵਾਲੀ ਕਹਾਣੀ ਮੈਂ ਛੁਪਾ ਗਿਆ ਸਾਂ।

*****

ਚਲਦਾ

Friday, May 21, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 4

ਕਾਂਡ – 4
ਕਾਰਨੀਵਲ ਤੋਂ ਅਗਲਾ ਦਿਨ ਸੀ। ਮੈਂ ਕੂੜੇ ਦੇ ਉਪਰ ਦੀ ਕਾਰ ਭਜਾਈ ਜਾ ਰਿਹਾ ਸਾਂ। ਸਵਾਰੀ ਉਤਾਰੀ ਸੀ ਤੇ ਚਾਹ ਦੇ ਕੱਪ ਲਈ ਕਿਤੇ ਰੁਕਣਾ ਚਾਹੁੰਦਾ ਸਾਂ। ਇਕ ਮੋੜ ਤੋਂ ਮੋੜਨ ਲਈ ਹੌਲੀ ਹੋਇਆ ਤਾਂ ਇਕ ਖ਼ੂਬਸੂਰਤ ਗੋਰੀ ਕੁੜੀ ਤੁਰੀ ਜਾਂਦੀ ਦਿੱਸੀ। ਆਦਤ ਅਨੁਸਾਰ ਮੈਂ ਉਸ ਵੱਲ ਦੇਖਣ ਲੱਗਿਆ। ਉਹ ਰੋਂਦੀ ਜਾ ਰਹੀ ਸੀ। ਕਾਰ ਮੈਂ ਹੋਰ ਵੀ ਹੌਲੀ ਕਰ ਲਈ ਸੀ ਕੁਝ ਕਹਿਣ ਲਈ ਪਰ ਉਸ ਨੂੰ ਰੋਂਦਿਆ ਦੇਖ ਕੇ ਪੁੱਛਿਆ, “ ਸੋਹਣੀਏ, ਤੂੰ ਠੀਕ ਏਂ?”

“ਹਾਂ, ਸ਼ੁਕਰੀਆ।”

“ਤੂੰ ਰੋ ਰਹੀ ਐਂ, ਸਭ ਠੀਕ ਤਾਂ ਹੈ?”

“ਹਾਂ, ਸਭ ਠੀਕ ਹੈ।”

“ਮੈਂ ਤੇਰੇ ਕਿਸੇ ਕੰਮ ਆ ਸਕਦਾਂ?”

“ਸ਼ੁਕਰੀਆ, ਮੈਨੂੰ ਇਕੱਲਿਆਂ ਛੱਡ ਦੇ, ਮੈਂ ਠੀਕ ਹਾਂ।”

“ਜੇ ਤੂੰ ਠੀਕ ਹੈ ਤਾਂ ਚੁੱਪ ਕਿਉਂ ਨਹੀਂ ਕਰ ਜਾਂਦੀ?”

-----

ਇੰਨੇ ਚਿਰ ਤਕ ਮੈਂ ਕਾਰ ਰੋਕ ਕੇ ਥੱਲੇ ਉਤਰ ਚੁੱਕਿਆ ਸਾਂ। ਉਹ ਟੀਸ਼ੂ ਨਾਲ ਅੱਖਾਂ ਸਾਫ਼ ਕਰਦੀ ਕਾਹਲੀ-ਕਾਹਲੀ ਤੁਰ ਗਈ। ਮੈਂ ਖੜਾ ਉਸ ਨੂੰ ਦੇਖਦਾ ਰਿਹਾ। ਜਿੰਨੀ ਉਹ ਚਿਹਰੇ ਤੋਂ ਖ਼ੂਬਸੂਰਤ ਸੀ ਓਨੀ ਹੀ ਪਿੱਛਿਓਂ ਵੀ। ਵੈਸੇ ਤਾਂ ਸਾਰੀਆਂ ਗੋਰੀਆਂ ਹੀ ਮੈਨੂੰ ਸੁਹਣੀਆਂ ਲੱਗਦੀਆਂ ਹਨ ਪਰ ਉਹ ਕੁਝ ਖ਼ਾਸ ਸੀ। ਉਸ ਵਿਚ ਕੋਈ ਵੱਡੀ ਚੀਜ਼ ਸੀ ਜੋ ਮੈਨੂੰ ਖਿੱਚ ਰਹੀ ਸੀ। ਕਾਫ਼ੀ ਅੱਗੇ ਜਾ ਕੇ ਉਸ ਨੇ ਪਿੱਛੇ ਮੁੜ ਕੇ ਦੇਖਿਆ, ਇਕ ਪਲ ਰੁਕੀ। ਮੈਂ ਹੱਥ ਹਿਲਾਇਆ। ਉਹ ਜਵਾਬ ਦਿੱਤੇ ਬਿਨਾਂ ਅੱਗੇ ਚਲੀ ਗਈ।

ਉਹ ਤਾਂ ਚਲੀ ਗਈ ਪਰ ਉਸ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਮੇਰੇ ਸਾਹਮਣੇ ਰਹਿਣ ਲੱਗੀਆਂ। ਮੈਂ ਉਨ੍ਹਾਂ ਸੜਕਾਂ ਉਪਰ ਹੁੰਦਾ ਤਾਂ ਮੈਨੂੰ ਉਹ ਅੱਖਾਂ ਬਹੁਤ ਯਾਦ ਆਉਂਦੀਆਂ। ਮੈਂ ਜਾਣ ਕੇ ਕਾਰ ਉਸ ਮੋੜ ’ਤੇ ਲਿਆ ਕੇ ਰੋਕ ਲੈਂਦਾ ਜਿਥੇ ਉਹ ਮਿਲੀ ਸੀ।

-----

ਹਾਲੇ ਥੋੜ੍ਹੇ ਹੀ ਦਿਨ ਲੰਘੇ ਸਨ ਕਿ ਉਹ ਕੁੜੀ ਮੈਨੂੰ ਫਿਰ ਸੜਕ ’ਤੇ ਤੁਰੀ ਜਾਂਦੀ ਦਿਸ ਪਈ। ਮੈਂ ਸਵਾਰੀ ਉਤਾਰ ਕੇ ਆ ਰਿਹਾ ਸਾਂ। ਉਸ ਦੇ ਨੇੜੇ ਜਾ ਕੇ ਕਾਰ ਰੋਕ ਲਈ। ਅੱਜ ਉਹ ਫਿਰ ਰੋ ਰਹੀ ਸੀ। ਮੈਂ ਕਾਰ ਬਰਾਬਰ ਲਿਆ ਕੇ ਰੋਕੀ ਤੇ ਪੁੱਛਿਆ, “ਕੀ ਨਾਂ ਤੇਰਾ?”

“ਬੀਟਰਸ।’

“ਰੋਂਦੀ ਕਿਉਂ ਐ?”

“ਕਿਉਂ? ... ਤੇਰੇ ਕੰਮ ਦੀ ਕੋਈ ਗੱਲ ਨਹੀਂ।”

“ਕੋਈ ਗੰਭੀਰ ਗੱਲ ਐ?”

“ਤੈਨੂੰ ਕਿਹਾ ਨਾ ਤੇਰੇ ਕੰਮ ਦੀ ਕੋਈ ਗੱਲ ਨਹੀਂ, ਤੂੰ ਜਾਹ।”

“ਦੇਖ ਬੀਟਰਸ, ਸੜਕ ਉਪਰ ਤੁਰੀ ਜਾਂਦੀ ਰੋਂਦੀ ਐਂ, ਕੋਈ ਗੱਲ ਤਾਂ ਐ, ਐਵੇਂ ਨਾ ਰੋ, ਪਲੀਜ਼ ਚੁੱਪ ਕਰ ਜਾ।”

“ਜੇ ਨਾ ਕਰਾਂ ਤਾਂ?”

“ਫੇਰ ਮੈਂ ਵੀ ਰੋਣ ਲੱਗ ਪਵਾਂਗਾ।”

ਮੇਰੀ ਗੱਲ ’ਤੇ ਉਹ ਹੱਸ ਪਈ। ਉਸ ਦੇ ਹੰਝੂਆਂ ਵਿਚ ਧੁੱਪ ਦੀ ਲਿਸ਼ਕੋਰ ਉਭਰੀ। ਮੁਸਕਰਾਹਟ ਨਾਲ ਉਸ ਦਾ ਪਤਲਾ ਜਿਹਾ ਚਿਹਰਾ ਭਰਿਆ-ਭਰਿਆ ਲੱਗਿਆ। ਮੈਂ ਫਿਰ ਕਿਹਾ, “ਮੇਰਾ ਨਾਂ ਇੰਦਰ ਐ, ਟੈਕਸੀ ਚਲਾਉਂਦਾ, ਤੇਰੀ ਖ਼ੂਬਸੂਰਤੀ ਮੇਰੀ ਕਾਰ ਨੂੰ ਬਰੇਕਾਂ ਮਾਰ ਦਿੰਦੀ ਐ, ਜਦੋਂ ਤੂੰ ਰੋਂਦੀ ਐ ਤਾਂ ਹੋਰ ਵੀ ਪਿਆਰੀ ਲੱਗਦੀ ਐਂ, ਬੀਟਰਸ ਰੋ ਲੈ ਥੋੜ੍ਹਾ ਹੋਰ ਰੋ ਲੈ, ਮੇਰਾ ਮਨ ਖ਼ੁਸ਼ ਹੋ ਜਾਏਗਾ।”

“ਤੂੰ, ਮੈਨੂੰ ਰੁਆ ਕੇ ਖ਼ੁਸ਼ ਐਂ!”

“ਨਹੀਂ, ਪਰ ਤੂੰ ਰੋ ਕੇ ਖ਼ੁਸ਼ ਐਂ ਤੇ ਮੈਨੂੰ ਰੋਣ ਦਾ ਕਾਰਨ ਵੀ ਨਹੀਂ ਦੱਸ ਰਹੀ।’

“ਮੇਰੇ ਰੋਣ ਦੇ ਨਿੱਜੀ ਕਾਰਨ ਨੇ।”

“ਪਰ ਤੂੰ ਰੋਨੀ ਤਾਂ ਪਬਲਿਕ ਵਿਚ ਏਂ, ਜੇ ਨਿੱਜੀ ਕਾਰਨ ਨੇ ਤਾਂ ਘਰ ਜਾ ਕੇ ਰੋ।”

ਉਹ ਖ਼ੁਸ਼ ਹੋ ਗਈ ਤੇ ਉਸ ਦਾ ਚਿਹਰਾ ਖਿੜਨ ਲੱਗਿਆ। ਉਹ ਬੋਲੀ, “ਤੂੰ ਮੇਰੇ ਪਿੱਛੇ ਕਿਉਂ ਪਿਆ ਐਂ, ਆਪਣਾ ਕੰਮ ਕਰ।”

“ਮੈਂ ਸੋਚਿਆ ਕਿ ਸ਼ਾਇਦ ਤੇਰੇ ਕਿਸੇ ਕੰਮ ਆ ਸਕਾਂ।”

ਉਹ ਅੱਗੇ ਕੁਝ ਨਾ ਬੋਲੀ ਤੇ ਬਾਏ-ਬਾਏ ਕਰਕੇ ਚਲੀ ਗਈ। ਮੈਂ ਬੀਟਰਸ ਨੂੰ ਜਾਂਦਿਆਂ ਦੇਖਦਾ ਰਿਹਾ ਤੇ ਉਸ ਬਾਰੇ ਸੋਚਣ ਲੱਗਿਆ ਕਿ ਇਹ ਕੌਣ ਹੋਈ। ਪਹਿਲਾਂ ਤਾਂ ਕਦੇ ਦੇਖੀ ਨਹੀਂ। ਇੰਨੇ ਦਿਨਾਂ ਤੋਂ ਮੈਂ ਇਨ੍ਹਾਂ ਸੜਕਾਂ ’ਤੇ ਘੁੰਮਦਾ ਸਾਂ। ਮੈਂ ਉਸ ਨੂੰ ਦੇਖਿਆ ਕਿ ਜੇਈਅਰ ਰੋਡ ਵੱਲ ਮੁੜ ਗਈ। ਹੋ ਸਕਦਾ ਸੀ ਕਿ ਉਥੇ ਹੀ ਕਿਤੇ ਰਹਿੰਦੀ ਹੋਵੇਗੀ।

-----

ਜਦ ਵੀ ਇਥੇ ਆ ਕੇ ਖ਼ਾਲੀ ਹੁੰਦਾ ਤਾਂ ਇਨ੍ਹਾਂ ਸੜਕਾਂ ਦੇ ਐਵੇਂ ਗੇੜੇ ਮਾਰਨ ਲੱਗਦਾ। ਇਕ ਦਿਨ ਬੀਟਰਸ ਫਿਰ ਦਿੱਸੀ। ਮੈਂ ਕੋਲ ਜਾ ਕੇ ਕਾਰ ਰੋਕੀ ਤੇ ਬਾਹਰ ਨਿਕਲ ਆਇਆ। ਮੈਂ ਉਸ ਦਾ ਰਾਹ ਰੋਕ ਕੇ ਕਿਹਾ, ‘ਬੀਟਰਸ, ਕੀ ਹਾਲ ਐ?”

“ਠੀਕ ਹਾਂ, ਕੀ ਨਾਂ ਦੱਸਿਆ ਸੀ ਤੂੰ?”

“ਇੰਦਰ।”

“ਹਾਂ ਹਾਂ, ਤੈਨੂੰ ਕੋਈ ਕੰਮ ਐ ਮੇਰੇ ਤੱਕ?’

‘ਹਾਂ, ਮੈਨੂੰ ਕੰਮ ਐ ਕਿ ਮੈਂ ਤੈਨੂੰ ਚਾਹ ਦਾ ਕੱਪ ਜਾਂ ਬੀਅਰ ਦਾ ਗਲਾਸ ਪਿਲਾਉਣਾ ਚਾਹੁੰਨਾ।”

“ਕਿਉਂ?”

“ਇਸੇ ਬਹਾਨੇ ਤੇਰੇ ਨਾਲ ਗੱਲਾਂ ਹੋ ਜਾਣਗੀਆਂ। ਨਾਲੇ ਤੇਰੇ ਰੋਣ ਦਾ ਕਾਰਨ ਪੁੱਛ ਲਵਾਂਗਾ।”

“ਮੇਰੇ ਰੋਣ ਦਾ ਕਾਰਨ ਮੇਰਾ ਬੁਆਏ ਫਰਿੰਡ ਐ, ਉਹ ਆਪਣੀ ਸਾਰੀ ਤਨਖਾਹ ਦਾ ਜੂਆ ਖੇਡ ਲੈਂਦਾ ਐ, ਮੈਨੂੰ ਜੋ ਕੁਝ ਮਿਲਦਾ ਐ ਉਹ ਵੀ ਖੋਹ ਲੈਂਦਾ ਐ, ਉਪਰੋਂ ਦੀ ਮੈਨੂੰ ਮਾਰਦਾ ਕੁਟਦਾ ਵੀ ਐ।”

ਉਸ ਦੀ ਗੱਲ ਸੁਣ ਕੇ ਮੈਂ ਚੁੱਪ ਕਰ ਗਿਆ। ਇਹ ਤਾਂ ਭੂੰਡਾਂ ਦੇ ਖੱਖਰ ਵਿਚ ਹੱਥ ਪਾਉਣ ਵਾਲੀ ਗੱਲ ਸੀ। ਮੈਨੂੰ ਚੁੱਪ ਦੇਖ ਕੇ ਉਹ ਬੋਲੀ, ਠਤੂੰ ਪੁੱਛਦਾ ਸੈਂ, ਦੱਸ ਕੀ ਮਦਦ ਕਰ ਸਕਦੈਂ ਇਸ ਮਾਮਲੇ ਵਿਚ?”

‘‘ਮੈਂ, ਮੈਂ ਤੈਨੂੰ ਉਸ ਤੋਂ ਨਜ਼ਾਤ ਦਵਾ ਸਕਦਾਂ।”

-----

ਮੈਂ ਬਿਨਾਂ ਕੁਝ ਸੋਚੇ ਸਮਝੇ ਕਹਿ ਗਿਆ। ਬਾਅਦ ਵਿਚ ਖ਼ਿਆਲ ਆਇਆ ਕਿ ਇਹ ਕੀ ਬੋਲ ਗਿਆਂ। ਵੈਸੇ ਮੇਰਾ ਦਿਲ ਇਹ ਕਹਿ ਰਿਹਾ ਸੀ ਕਿ ਇੰਨੀ ਸੁਹਣੀ ਕੁੜੀ ਨੂੰ ਕਿਸੇ ਗ਼ਲਤ ਬੰਦੇ ਤੋਂ ਛੁਟਕਾਰਾ ਦਵਾਉਣਾ ਮਾੜੀ ਗੱਲ ਨਹੀਂ। ਉਹ ਚੁੱਪ ਸੀ। ਮੈਂ ਪੁੱਛਿਆ, “ਬੀਟਰਸ, ਕਿਥੇ ਰਹਿੰਦੀ ਏਂ?”

“ਜੇਈਅਰ ਰੋਡ ’ਤੇ, ਰੌਬਰਟ ਹਾਊਸ ਵਿਚ, ਪੰਦਰਾਂ ਨੰਬਰ।”

“ਇਧਰੋਂ ਕਿਧਰੋਂ ਆਈ ਐਂ?”

“ਮੇਰਾ ਛੋਟਾ ਮੁੰਡਾ ਨਰਸਰੀ ਜਾਂਦਾ ਐ, ਇਸ ਵੇਲੇ ਉਹਨੂੰ ਛੱਡਣ ਜਾਂਦੀ ਆਂ, ਵੱਡਾ ਵੀ ਉਸੇ ਸਕੂਲ ਜਾਂਦਾ। ਉਸ ਨੂੰ ਸਵੇਰੇ ਈ ਛੱਡ ਆਉਂਨੀ ਆਂ, ਫਿਰ ਸਾਢੇ ਤਿੰਨ ਵਜੇ ਦੋਨਾਂ ਨੂੰ ਇਕੱਠਿਆਂ ਨੂੰ ਲੈ ਲੈਂਦੀ ਆਂ।”

ਗੱਲ ਮੁਕਾ ਕੇ ਉਸ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ। ਮੈਂ ਚੁੱਪ ਰਿਹਾ। ਉਹ ਅਲਵਿਦਾ ਕਰਦੀ ਤੁਰ ਗਈ। ਮੈਂ ਕਾਹਲੀ ਨਾਲ ਕਾਰ ਵਿਚ ਜਾ ਬੈਠਾ ਤੇ ਕਾਰ ਸਟਾਰਟ ਕਰਦਾ ਕਹਿਣ ਲੱਗਿਆ, “ਇੰਦਰ ਸਿਆਂ, ਦੋ ਨਿਆਣਿਆਂ ਦੀ ਮ੍ਯਾਂ ਤੇ ਫ਼ਿਦਾ ਹੋਇਆ ਫਿਰਦੈਂ, ਅਕਲ ਕਰ ਅਕਲ!”

-----

ਉਸ ਦਿਨ ਤੋਂ ਬਾਅਦ ਮੈਂ ਬੀਟਰਸ ਬਾਰੇ ਸੋਚਣਾ ਬੰਦ ਕਰ ਦਿੱਤਾ। ਮੈਨੂੰ ਔਰਤ ਨਾਲ ਦੋਸਤੀ ਦੀ ਭੁੱਖ ਤਾਂ ਸੀ ਪਰ ਦੋ ਬੱਚਿਆਂ ਦੀ ਮਾਂ ਨਹੀਂ ਚਾਹੀਦੀ ਸੀ। ਮੈਨੂੰ ਸਾਂਡਰਾਂ ਵਰਗੀ ਇਕੱਲੀ ਇਕਹਰੀ ਚਾਹੀਦੀ ਸੀ। ਸਾਂਡਰਾਂ ਨਾਲ ਦਿਲ ਦੀ ਸਾਂਝ ਨਹੀਂ ਪੈ ਸਕੀ ਇਸ ਲਈ ਮੈਂ ਉਸ ਤੋਂ ਕਿਨਾਰਾ ਕਰ ਲਿਆ ਸੀ। ਵੈਸੇ ਤਾਂ ਗੁਜਰਾਤਣ ਮੀਨਾ ਵੀ ਹੈ ਸੀ ਪਰ ਉਹ ਸਿਗਰਟਾਂ ਬਹੁਤ ਪੀਂਦੀ ਸੀ ਤੇ ਧੂੰਆ ਮੈਨੂੰ ਪਸੰਦ ਨਹੀਂ ਸੀ। ਮੀਨਾ ਕੋਲ ਬੈਠਣਾ ਹੀ ਮੇਰੇ ਲਈ ਮੁਸ਼ਕਲ ਹੋ ਜਾਂਦਾ। ਮੈਂ ਚਾਹੁੰਦਾ ਸਾਂ ਕਿ ਕੋਈ ਹੋਵੇ ਜਿਸ ਕੋਲ ਬੈਠ ਕੇ ਵਿਸਕੀ ਦੀਆਂ ਘੁੱਟਾਂ ਭਰ ਸਕਾਂ, ਜਿਸ ਕੋਲ ਆਪਣਾ ਦਿਲ ਹਲਕਾ ਕਰ ਸਕਾਂ। ਮੈਂ ਇੰਨਾ ਵੀ ਨਹੀਂ ਸਾਂ ਤਰਸਿਆ ਕਿ ਬੀਟਰਸ ਵਰਗੀ ਪਹਿਲਾਂ ਹੀ ਰੁਝੀ ਹੋਈ ਬਲਕਿ ਗ੍ਰਹਿਸਥੀ ਦੇ ਜੰਜਾਲ ਵਿਚ ਉਲਝੀ ਹੋਈ ਔਰਤ ਨਾਲ ਦੋਸਤੀ ਪਾਵਾਂ।

ਬੀਟਰਸ ਜੇਈਅਰ ਰੋਡ ’ਤੇ ਫਲੈਟਾਂ ਦੇ ਬਲੌਕ ਵਿਚ ਰਹਿੰਦੀ ਸੀ, ਜਿਵੇਂ ਉਸ ਨੇ ਦੱਸਿਆ ਹੀ ਸੀ। ਜੇਈਅਰ ਰੋਡ ਉਪਰਦੀ ਮੇਰਾ ਰਾਹ ਨਹੀਂ ਸੀ ਪਰ ਉਧਰੋਂ ਦੀ ਮੇਰੇ ਤੋਂ ¦ਘ ਹੋ ਜਾਣ ਲੱਗਿਆ। ਰੋਬਰਟ ਹਾਊਸ ਦੇ ਬਾਹਰ ਫਲੈਟਾਂ ਦੇ ਨੰਬਰ ਲਿਖੇ ਸਨ- ਇਕ ਤੋਂ ਚਾਲੀ। ਚਾਰ ਮੰਜ਼ਿਲਾਂ ਦੀ ਇਮਾਰਤ। ਇਕ ਮੰਜ਼ਲ ’ਤੇ ਦਸ ਫਲੈਟ। ਦੂਜੀ ਮੰਜ਼ਲ ’ਤੇ ਰਹਿੰਦੀ ਸੀ ਉਹ। ਜੇਈਅਰ ਰੋਡ ਤੋਂ ਲੰਘਦਾ ਹੋਇਆ ਮੈਂ ਰੌਬਰਟ ਹਾਊਸ ਦੀ ਦੂਜੀ ਮੰਜ਼ਿਲ ਦੀਆਂ ਖਿੜਕੀਆਂ ਦੇਖਦਾ ਲੰਘਦਾ ਕਿ ਇਨ੍ਹਾਂ ਵਿਚੋਂ ਕਿਹੜੀ ਖਿੜਕੀ ਹੋਈ ਬੀਟਰਸ ਦੀ।

-----

ਇਕ ਦਿਨ ਬੀਟਰਸ ਮੈਨੂੰ ਜੇਈਅਰ ਰੋਡ ’ਤੇ ਜਾਂਦੀ ਹੋਈ ਦਿਸੀ। ਮੈਂ ਉਸ ਨੂੰ ਪਿਛਿਓਂ ਹੀ ਪਛਾਣ ਲਿਆ। ਚਾਹੁੰਦਾ ਤਾਂ ਮੈਂ ਸੀ ਕਿ ਚੁੱਪ ਕਰਕੇ ਲੰਘ ਜਾਵਾਂ ਪਰ ਉਸ ਨੂੰ ਹੈਲੋ ਕਹਿਣਾ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਸ ਨੇੜੇ ਜਾ ਕੇ ਕਾਰ ਹੌਲੀ ਕਰ ਲਈ। ਮੈਂ ਉਸ ਦੇ ਚਿਹਰੇ ਵੱਲ ਦੇਖਿਆ ਤੇ ਦੇਖਦਾ ਹੀ ਰਹਿ ਗਿਆ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਤੇ ਮੂੰਹ ਨੀਲਾਂ ਨਾਲ ਭਰਿਆ ਪਿਆ ਸੀ। ਕਿਸੇ ਨੇ ਬੁਰੀ ਤਰ੍ਹਾਂ ਮਾਰਿਆ ਜਾਪਦਾ ਸੀ। ਮੈਂ ਬਾਹਰ ਉਤਰ ਕੇ ਉਸ ਦੇ ਨੇੜੇ ਗਿਆ ਤੇ ਪੁੱਛਿਆ, “ਬੀਟਰਜ਼, ਇਹ ਸਭ ਕੀ?”

“ਪੀਟਰ ਨੇ ਬਹੁਤ ਬੁਰੀ ਤਰ੍ਹਾਂ ਮੈਨੂੰ ਮਾਰਿਆ।”

“ਪੀਟਰ ਕੌਣ?”

“ਪੀਟਰ ਬਿੰਗਲੇ, ਜੌਹਨ ਦਾ ਪਿਓ, ਜੌਹਨ ਮੇਰਾ ਛੋਟਾ ਪੁੱਤਰ....” ਕਹਿ ਕੇ ਉਹ ਰੋਣ ਲੱਗ ਪਈ। ਇਸ ਮੁਲਕ ਵਿਚ ਇੰਨੀ ਅਬਲਾ ਔਰਤ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲੀ। ਮੈਂ ਗੁੱਸੇ ਜਿਹੇ ਵਿਚ ਆ ਕੇ ਕਿਹਾ, “ਉਹਨੇ ਮਾਰਿਆ ਤੇ ਤੂੰ ਮਾਰ ਖਾ ਲਈ! ਪੁਲਿਸ ਕਿਉਂ ਨਹੀਂ ਬੁਲਾਈ?”

“ਪੁਲਿਸ ਬੁਲਾਈ ਸੀ, ਪੁਲਿਸ ਨੇ ਕੋਰਟ ਵਿਚੋਂ ਪੀਟਰ ਨੂੰ ਮੇਰੇ ਘਰ ਤੋਂ ਸੌ ਗਜ਼ ਦੂਰ ਰਹਿਣ ਦਾ ਹੁਕਮ ਲੈ ਦਿੱਤੈ ਪਰ ਉਹਦੇ ਨਾਲ ਕੀ ਫ਼ਰਕ ਪੈਂਦਾ, ਪਹਿਲਾਂ ਵੀ ਇਵੇਂ ਹੋਇਆ ਸੀ, ਉਹਦੇ ਕੋਲ ਬਹਾਨਾ ਹੈ ਕਿ ਜੌਹਨ ਨੂੰ ਦੇਖਣਾ ਐ, ਇਸੇ ਬਹਾਨੇ ਵਾਪਸ ਆ ਵੜਦਾ ਐ, ਦੋ ਦਿਨ ਸੁੱਖ ਦੇ ਨਿਕਲਣਗੇ ਫਿਰ ਉਹੀ ਨਰਕ ਸ਼ੁਰੂ....।”

“ਤੇਰੀ ਕੋਈ ਮਦਦ ਨਹੀਂ ਕਰਦਾ?”

“ਸਾਰੇ ਪੜੋਸੀ ਉਸ ਤੋਂ ਡਰਦੇ ਆ, ਮੇਰੀ ਸਹੇਲੀ ਸ਼ੀਲਾ ਦਾ ਪਤੀ ਐ ਟੌਮੀ, ਉਹ ਥੋੜ੍ਹੀ ਬਹੁਤ ਮਦਦ ਕਰ ਦਿੰਦੈ, ਪਰ ਉਹ ਵੀ ਪੀਟਰ ਨਾਲ ਪੱਬ ’ਚ ਜਾਂਦਾ ਐ, ਉਹ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ।”

-----

ਮੇਰੇ ਕਹਿਣ ’ਤੇ ਉਹ ਮੇਰੇ ਨਾਲ ਆ ਬੈਠੀ। ਮੈਂ ਕੰਟਰੋਲਰ ਨੂੰ ਦੱਸ ਕੇ ਛੁੱਟੀ ਕਰ ਲਈ। ਹੈਰੋ ਰੋਡ ਉਪਰ ਇਕ ਪੱਬ ਸੀ ਜਿਥੇ ਮੈਂ ਕਦੇ ਕਦੇ ਜਾਇਆ ਕਰਦਾ ਸਾਂ। ਮੈਂ ਬੀਟਰਸ ਨੂੰ ਉਥੇ ਲੈ ਗਿਆ। ਉਸ ਲਈ ਵੀ ਬੀਅਰ ਖਰੀਦੀ, ਆਪਣੇ ਲਈ ਵੀ। ਇਕ ਨਿਵੇਕਲੇ ਜਿਹੇ ਮੇਜ਼ ਦੁਆਲੇ ਬੈਠਦਿਆਂ ਮੈਂ ਆਪਣੇ ਬਾਰੇ ਸੰਖੇਪ ਜਿਹਾ ਦੱਸਿਆ ਤੇ ਉਸ ਨੂੰ ਫਿਰ ਪਹਿਲਾ ਸਵਾਲ ਕੀਤਾ, “ਤੇਰਾ ਕੋਈ ਨਹੀਂ ਜੋ ਤੇਰੀ ਮਦਦ ਕਰ ਸਕੇ? ਮੇਰਾ ਮਤਲਬ ਭੈਣ ਭਰਾ?”

“ਲੰਡਨ ਵਿਚ ਮੇਰਾ ਕੋਈ ਨਹੀਂ, ਕੈਂਟ ਵਿਚ ਮੇਰੇ ਮਾਂ ਪਿਓ ਰਹਿੰਦੇ ਆ, ਪਰ ਉਹ ਬੁੱਢੇ ਹੋ ਚੁੱਕੇ ਆ, ਮੇਰੀਆਂ ਮੁਸ਼ਕਲਾਂ ਵਿਚ ਸਹਾਈ ਨਹੀਂ ਹੋ ਸਕਦੇ, ਮੇਰਾ ਇਕ ਭਰਾ ਵੀ ਐ ਪਰ ਉਹਦੀ ਆਪਣੀ ਜ਼ਿੰਦਗੀ ਐ, ਉਹਦੀਆਂ ਮੁਸ਼ਕਲਾਂ ਵੀ ਘੱਟ ਨਹੀਂ।”

ਫਿਰ ਉਹ ਆਪਣੀ ਕਹਾਣੀ ਦੱਸਣ ਲੱਗੀ। ਉਸ ਦਾ ਪਹਿਲਾ ਮੁੰਡਾ ਡੈਨੀ ਚੜ੍ਹਦੀ ਉਮਰੇ ਹੀ ਹੋ ਗਿਆ ਸੀ। ਡੈਨੀ ਦੇ ਪਿਓ ਮੈਥੀਊ ਨੂੰ ਜਦ ਪਤਾ ਲੱਗਿਆ ਕਿ ਬੀਟਰਸ ਮਾਂ ਬਣਨ ਵਾਲੀ ਸੀ ਤਾਂ ਉਹ ਛੱਡ ਕੇ ਭੱਜ ਗਿਆ। ਫਿਰ ਉਸ ਦਾ ਵਾਹ ਪੀਟਰ ਨਾਲ ਪਿਆ। ਜੌਹਨ, ਪੀਟਰ ਤੋਂ ਸੀ। ਪੀਟਰ ਬਹੁਤਾ ਵਧੀਆ ਬੰਦਾ ਨਹੀਂ ਸੀ, ਉਮਰ ਵਿਚ ਵੀ ਬੀਟਰਸ ਤੋਂ ਵੱਡਾ ਸੀ ਪਰ ਇਕ ਬੱਚੇ ਦੀ ਮਾਂ ਹੋਣ ਕਰਕੇ ਢੰਗ ਦਾ ਬੰਦਾ ਉਸ ਨੂੰ ਮਿਲ ਨਹੀਂ ਸੀ ਰਿਹਾ ਤੇ ਉਹ ਪੀਟਰ ਨਾਲ ਹੀ ਰਹਿਣ ਲੱਗੀ ਸੀ।

ਉਸ ਨੇ ਮੁੰਡਿਆਂ ਨੂੰ ਸਕੂਲ ਤੋਂ ਸਾਢੇ ਤਿੰਨ ਵਜੇ ਲੈਣਾ ਸੀ। ਸਾਡੇ ਕੋਲ ਵਕਤ ਖੁੱਲ੍ਹਾ ਸੀ। ਅਸੀਂ ਉਥੇ ਪੱਬ ਵਿਚ ਹੀ ਬੈਠੇ ਰਹੇ। ਫਿਰ ਉਥੋਂ ਹੀ ਮੈਂ ਉਸ ਨਾਲ ਸਕੂਲ ਗਿਆ। ਉਸ ਨੇ ਮੁੰਡੇ ਲਏ ਤੇ ਮੈਂ ਉਨ੍ਹਾਂ ਨੂੰ ਘਰ ਛੱਡਣ ਚਲੇ ਗਿਆ। ਰਾਬਰਟ ਹਾਊਸ ਦੇ ਅੰਦਰ ਪਹਿਲੀ ਵਾਰ ਜਾ ਰਿਹਾ ਸਾਂ ਭਾਵੇਂ ਬਾਹਰੋਂ ਬਹੁਤ ਵਾਰ ਦੇਖਦਾ।

-----

ਇਹ ਪੁਰਾਣੀ ਜਿਹੀ ਇਮਾਰਤ ਸੀ, ਵਿਕਟੋਰੀਅਨ ਜਿਹੀ ਦਿਸਦੀ ਹੋਈ। ਕੰਧਾਂ ਸਲ੍ਹਾਬੀਆਂ ਹੋਈਆਂ ਸਨ। ਦੂਜੀ ਮੰਜ਼ਿਲ ਉਪਰ ਬੀਟਰਸ ਦਾ ਦੋ ਸੌਣ-ਕਮਰਿਆਂ ਦਾ ਫਲੈਟ ਸੀ। ਨਾਲ ਹੀ ਇਕ ਬੈਠਕ ਤੇ ਰਸੋਈ-ਬਾਥਰੂਮ। ਫਲੈਟ ਦੀ ਕਿਸੇ ਤਰ੍ਹਾਂ ਵੀ ਸੰਭਾਲ ਨਹੀਂ ਸੀ ਕੀਤੀ ਹੋਈ। ਪੁਰਾਣੀ ਜਿਹੀ ਸੈਟੀ, ਗੰਦੀ ਜਿਹੀ ਕਾਰਪੈਟ, ਪਾਟਾ ਹੋਇਆ ਕੰਧਾਂ ਦਾ ਪੇਪਰ। ਮੈਨੂੰ ਇਧਰ ਉਧਰ ਦੇਖਦਿਆਂ ਤੱਕ ਕੇ ਬੋਲੀ, “ਇਹ ਮੇਰਾ ਘਰ, ਗ਼ਰੀਬੀ ਦੀ ਤਸਵੀਰ!”

“ਬੀਟਰਸ, ਤੂੰ ਖ਼ੂਬਸੂਰਤ ਐਂ, ਤੇਰਾ ਦਿਲ ਖ਼ੂਬਸੂਰਤ ਐ, ਤੂੰ ਕਿਧਰੋਂ ਦੀ ਗ਼ਰੀਬ ਹੋਈ!”

“ਇਨ੍ਹਾਂ ਚੀਜ਼ਾਂ ਦੇ ਕੋਈ ਮਾਅਨੇ ਨਹੀਂ, ਆਈਂਡਰ।”

“ਆਈਂਡਰ ਨਹੀਂ ਇੰਦਰ।”

ਉਹ ਮੇਰੇ ਨਾਂ ਦਾ ਗ਼ਲਤ ਉਚਾਰਣ ਕਰ ਰਹੀ ਸੀ। ਮੈਂ ਸੁਧਾਰਦਿਆਂ ਉਸ ਨੂੰ ਕਿਹਾ ਤੇ ਉਹ ਮੇਰੇ ਨਾਂ ਨੂੰ ਕਹਿਣ ਦਾ ਅਭਿਆਸ ਕਰਨ ਲੱਗੀ, “ਓ. ਕੇ. ਆਈਂਡਰ ਨਹੀਂ, ਈਂਡਰ, ਇੰਡਰ, ਇੰਦਰ! ਖ਼ੁਸ਼ ਐਂ?”

ਫਿਰ ਹੱਸਦੀ ਹੋਈ ਕਹਿਣ ਲੱਗੀ, “ਓਪਰੇ ਨਾਵਾਂ ਨਾਲ ਮੇਰਾ ਬਹੁਤ ਵਾਹ ਨਹੀਂ ਪਿਆ, ਮੁਆਫ਼ ਕਰਨਾ!”

“ਕੋਈ ਗੱਲ ਨਹੀਂ, ਹੁਣ ਪੈ ਜਾਵੇਗਾ। ਤੇਰੇ ਆਲੇ-ਦੁਆਲੇ ਕੋਈ ਹੋਰ ਏਸ਼ੀਅਨ ਜਾਂ ਕਾਲੇ ਰੰਗ ਦੇ ਲੋਕ ਨਹੀਂ?”

“ਨਹੀਂ, ਪੀਟਰ ਕਾਲੇ ਰੰਗ ਨੂੰ ਪਸੰਦ ਨਹੀਂ ਕਰਦਾ।”

“ਫੇਰ ਤਾਂ ਤੈਨੂੰ ਮੇਰੇ ਨਾਲ ਦੇਖ ਕੇ ਬਹੁਤ ਗ਼ੁੱਸਾ ਕਰੇਗਾ।”

“ਹੋ ਸਕਦੈ ਪਰ ਮੈਨੂੰ ਪ੍ਰਵਾਹ ਨਹੀਂ, ਉਸ ਤਰ੍ਹਾਂ ਉਸ ਦਾ ਦਿਮਾਗ ਬਹੁਤ ਸ਼ਰਾਰਤੀ ਐ, ਕਿਸੇ ਦੁੱਧ ਦੀ ਡਾਇਰੀ ਵਿਚ ਕੰਮ ਕਰਦੈ, ਦੁੱਧ ਵਾਲੀ ਫਲੋਟ ਚਲਾਉਂਦੈ, ਪੂਰੀ ਹੇਰਾ ਫੇਰੀ ਕਰਦੈ, ਤਨਖਾਹ ਵੀ ਲੈਂਦੈ, ਮੇਰੇ ਪੈਸੇ ਵੀ ਖੋਹਦੈਂ ਭਾਵੇਂ ਬੱਚੇ ਭੁੱਖੇ ਰਹਿ ਜਾਣ।”

“ਇਨ੍ਹਾਂ ਪੈਸਿਆਂ ਦਾ ਕੀ ਕਰਦੈ?”

“ਜੂਆ ਖੇਲ੍ਹ ਲੈਂਦੈ, ਸਾਰੇ ਦੇ ਸਾਰੇ ਗੁਆ ਦਿੰਦੈ। ਦੱਸਿਆ ਸੀ ਨਾ।’

“ਜੂਏ ਵਿਚ ਤਾਂ ਹਾਰਨਾ ਈ ਹਾਰਨੈ!”

“ਉਹ ਜੂਏ ਵਿਚ ਹਾਰ ਜਾਂਦਾ ਹੋਏਗਾ ਪਰ ਜ਼ਿੰਦਗੀ ਵਿਚ ਜੇਤੂ ਐ, ਜੋ ਚਾਹੁੰਦਾ ਐ ਕਰਦੈ, ਹੁਣ ਆਵੇਗਾ, ਜੇ ਰੋਕਾਂਗੀ ਤਾਂ ਮਾਰੇਗਾ" ਕਹਿ ਕੇ ਉਹ ਰੋਣ ਲੱਗੀ। ਮੈਨੂੰ ਉਸ ’ਤੇ ਬਹੁਤ ਤਰਸ ਆਇਆ। ਮੈਂ ਉਸ ਨੂੰ ਮੋਢੇ ਤੋਂ ਘੁੱਟਦਿਆਂ ਕਿਹਾ, "ਦੱਸ ਮੈਂ ਕਿਸੇ ਕੰਮ ਆ ਸਕਦਾਂ?”

“ਤੂੰ ਮੇਰੇ ਕਿਹੜੇ ਕੰਮ ਆਏਂਗਾ? .... ਫਿਰ ਤੈਨੂੰ ਮੈਂ ਜਾਣਦੀ ਵੀ ਨਹੀਂ!”

“ਜਾਣਦਾ ਤਾਂ ਤੈਨੂੰ ਮੈਂ ਵੀ ਨਹੀਂ ਫਿਰ ਵੀ ਤੇਰੇ ਘਰ ਆ ਗਿਆਂ, ਤੇਰੇ ਲਈ ਕੁਝ ਨਾ ਕੁਝ ਕਰਨ ਲਈ ਤਿਆਰ ਆਂ।”

“ਤੂੰ ਮੇਰੇ ਲਈ ਕੀ ਕਰ ਸਕੇਂਗਾ?”

“ਪਤਾ ਨਹੀਂ, ਦੇਖ ਲੈ, ਸੋਚ ਲੈ।” ਕਹਿ ਕੇ ਮੈਂ ਘੜੀ ਦੇਖੀ। ਸ਼ਾਮ ਦੇ ਚਾਰ ਵੱਜ ਰਹੇ ਸਨ। ਬੀਟਰਸ ਦੇ ਮੁੰਡਿਆਂ ਨੇ ਮੇਰੇ ਨਾਲ ਮਾਮੂਲੀ ਜਿਹੀਆਂ ਗੱਲਾਂ ਕਰਕੇ ਟੈਲੀਵੀਜ਼ਨ ਦੇਖਣਾ ਸ਼ੁਰੂ ਕਰ ਦਿੱਤਾ ਸੀ। ਬੀਅਰ ਦੇ ਤਿੰਨ ਗਲਾਸ ਪੀਤੇ ਗਏ ਸਨ। ਪੱਬ ਵਿਚ ਬੈਠਿਆ ਤੇ ਉਦੋਂ ਤਾਂ ਨਸ਼ਾ ਜਿਹਾ ਹੋ ਗਿਆ ਸੀ ਪਰ ਹੁਣ ਸੁਸਤੀ ਪੈਣ ਲੱਗੀ ਸੀ। ਕੰਮ ’ਤੇ ਹੁਣ ਮੈਂ ਜਾ ਨਹੀਂ ਸੀ ਸਕਣਾ। ਮੈਂ ਮਨ ਬਣਾ ਲਿਆ ਕਿ ਘਰ ਜਾ ਕੇ ਅਰਾਮ ਕਰਾਂਗਾ ਤੇ ਕੱਲ੍ਹ ਨੂੰ ਜਲਦੀ ਕੰਮ ’ਤੇ ਜਾਵਾਂਗਾ। ਮੈਂ ਜਾਣ ਬਾਰੇ ਸੋਚਿਆ ਹੀ ਸੀ ਕਿ ਬੀਟਰਸ ਨੇ ਫਰਿਜ਼ ਵਿਚੋਂ ਵਾਈਨ ਦੀ ਬੋਤਲ ਕੱਢੀ ਤੇ ਦੋ ਗਲਾਸਾਂ ਵਿਚ ਪਾ ਦਿੱਤੀ। ਵਾਈਨ ਥੋੜ੍ਹੀ ਹੀ ਸੀ। ਵਾਈਨ ਮੁਕੀ ਤਾਂ ਕਿਸੇ ਖੂੰਜਿਓਂ ਵੋਦਕਾ ਦੀ ਬੋਤਲ ਲੱਭ ਲਿਆਈ ਜਿਸ ਵਿਚ ਦੋ ਕੁ ਹਾੜਿਆਂ ਜੋਗੀ ਦਾਰੂ ਸੀ। ਉਸ ਨੇ ਆਪ ਛੋਟਾ ਜਿਹਾ ਪੈੱਗ ਲਿਆ ਤੇ ਮੈਨੂੰ ਵੱਡਾ ਸਾਰਾ ਪਾ ਦਿੱਤਾ। ਜਿਵੇਂ ਮੈਨੂੰ ਆਦਤ ਸੀ ਕਿ ਇਕ-ਇਕ ਸਿਪ ਪੀਣ ਥਾਵੇਂ ਇਕੋ ਸਾਹੇ ਪੀ ਕੇ ਗਲਾਸ ਪਾਸੇ ਰੱਖ ਦਿੱਤਾ। ਮੈਨੂੰ ਇਵੇਂ ਪੀਂਦਿਆਂ ਦੇਖ ਕੇ ਉਹ ਬੋਲੀ, “ਜਲਦੀ ਐ?”

“ਨਹੀਂ, ਪਰ ਮੈਂ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ ਪੀਣ ਉਪਰ।”

ਉਹ ਹੱਸਣ ਲੱਗੀ। ਉਹ ਹੱਸਦੀ ਹੋਈ ਵੀ ਪਿਆਰੀ ਲੱਗ ਰਹੀ ਸੀ। ਉਸ ਨੇ ਕਿਹਾ, “ਮੈਨੂੰ ਬਹੁਤੀ ਸ਼ਰਾਬ ਚੰਗੀ ਨਹੀਂ ਲੱਗਦੀ।”

“ਮੈਨੂੰ ਤਾਂ ਚੰਗੀ ਲੱਗਦੀ ਐ, ਇਹ ਸ਼ਰਾਬ ਆਦਮੀ ਵਿਚ ਤਾਕਤ ਪਾਉਂਦੀ ਐ, ਆਦਮੀ ਨੂੰ ਜੀਉਂਦਾ ਰੱਖਦੀ ਐ।”

“ਤੂੰ ਬੰਦਾ ਦਿਲਚਸਪ ਐਂ। ਮੇਰੇ ਕੋਲੋਂ ਨਸ਼ਾ ਸੰਭਾਲਿਆ ਨਹੀਂ ਜਾਂਦਾ, ਆਪੇ ਤੋਂ ਬਾਹਰ ਹੋ ਜਾਂਦੀ ਆਂ, ਬੱਚੇ ਵੀ ਦੇਖਣੇ ਹੋਏ” ਕਹਿੰਦਿਆਂ ਉਹ ਉੱਠੀ। ਮੈਂ ਸੋਚਣ ਲੱਗਾ ਕਿ ਕਿਹੜੀ ਗੱਲ ਸੀ ਜਿਹੜੀ ਮੈਨੂੰ ਇਥੇ ਤਕ ਖਿੱਚ ਲਿਆਈ। ਜਿੰਨੀਆਂ ਗੱਲਾਂ ਮੈਂ ਬੀਟਰਸ ਨਾਲ ਕਰਦਾ ਓਨੀ ਹੀ ਉਹ ਹੋਰ ਪਿਆਰੀ ਲੱਗਦੀ। ਉਹ ਵੱਡੀ ਸਾਰੀ ਮੁਸਕਾਣ ਦਿੰਦੀ। ਉਸ ਦੇ ਚਿਹਰੇ ਦੀ ਬੁਰੀ ਹਾਲਤ ਸੀ, ਫਿਰ ਵੀ ਹੌਂਸਲੇ ਵਿਚ ਸੀ। ਜਦ ਇਸ ਦਾ ਆਦਮੀ ਮਾਰ ਰਿਹਾ ਹੋਵੇਗਾ ਤਾਂ ਇਸ ਦੇ ਅੰਦਰ ਕਿੱਡੇ ਵੱਡੇ ਜ਼ਖ਼ਮ ਹੋ ਰਹੇ ਹੋਣਗੇ। ਐਡੇ ਜ਼ਖ਼ਮਾਂ ਨਾਲ ਮੁਸਕਰਾਉਣਾ ਛੋਟੀ ਗੱਲ ਨਹੀਂ ਸੀ। ਸ਼ਾਇਦ ਇਸੇ ਕਾਰਣ ਹੀ ਉਸ ਵੱਲ ਖਿੱਚਿਆ ਜਾ ਰਿਹਾ ਸਾਂ ਮੈਂ। ਮੈਂ ਫਿਰ ਘੜੀ ਦੇਖੀ ਤੇ ਸੋਚਿਆ ਕਿ ਹੁਣ ਜਾਣਾ ਚਾਹੀਦਾ ਸੀ।

-----

ਬੀਟਰਸ ਰਸੋਈ ਦਾ ਗੇੜਾ ਕੱਢ ਕੇ ਆਈ ਤੇ ਕਹਿਣ ਲੱਗੀ, “ਮੇਰੇ ਵਿਚ ਹੁਣ ਹਿੰਮਤ ਨਹੀਂ ਬੱਚਿਆਂ ਲਈ ਕੁਝ ਪਕਾਉਣ ਦੀ, ਚਿਪਸ ਹੀ ਲਿਆ ਦੇਵਾਂਗੀ, ਦੁਕਾਨ ਨਾਲ ਹੀ ਐ।”

ਮੈਂ ਉੱਠ ਖੜ੍ਹਿਆ ਤੇ ਕਿਹਾ, “ਬੀਟਰਸ, ਡਰਿੰਕ ਲਈ ਸ਼ੁਕਰੀਆ, ਮੈਂ ਚਲਦਾਂ, ਟਰੈਫਿਕ ਹੋ ਜਾਏਗਾ, ਦੂਰ ਰਹਿੰਨਾ।”

ਉਹ ਕਿੱਧਰੋਂ ਰੰਮ ਦੀ ਬੋਤਲ ਕੱਢ ਲਿਆਈ। ਇਕੋ ਪੈੱਗ ਸੀ ਉਸ ਵਿਚ। ਉਹ ਹੱਸਦੀ ਹੋਈ ਕਹਿਣ ਲੱਗੀ, ਠਲੈ ਇਹ ਵੀ ਪੀ ਲੈ, ਰਾਹ ਵਿਚ ਠੀਕ ਰਹੇਂਗਾ। ਮੁਆਫ਼ ਕਰਨਾ ਹੋਰ ਡਰਿੰਕ ਮੇਰੇ ਘਰ ਹੈ ਨਹੀਂ, ਇਹ ਰੰਗ ਬਰੰਗੀ ਡਰਿੰਕ ਤੰਗ ਭਾਵੇਂ ਕਰੇ ਤੈਨੂੰ। ਇਕੋ ਪੈੱਗ ਐ।”

“ਇਹੋ ਬਹੁਤ ਹੈ, ਕੰਮ ਕਰੇਗਾ, ਮੈਨੂੰ ਘਰ ਪਹੁੰਚਾ ਦੇਵੇਗਾ, ਸਿਰ ਦੁਖੇਗਾ, ਕੋਈ ਨਹੀਂ।”ਮੈਂ ਖ਼ੁਸ਼ ਹੁੰਦੇ ਨੇ ਕਿਹਾ। ਉਸ ਨੇ ਕੋਕ ਪਾ ਕੇ ਪੈੱਗ ਬਣਾਇਆ ਤੇ ਮੈਂ ਇਕੋ ਸਾਹੇ ਪੀ ਲਿਆ। ਮੈਂ ਬੱਚਿਆਂ ਨੂੰ ਬਾਏ ਬਾਏ ਕਿਹਾ ਤੇ ਬੀਟਰਸ ਨੂੰ ਵੀ ਤੇ ਉਠ ਤੁਰਿਆ। ਉਹ ਮੈਨੂੰ ਦਰਵਾਜ਼ੇ ਤੱਕ ਛੱਡਣ ਆਈ। ਮੈਂ ਸਰੂਰ ਵਿਚ ਸਾਂ ਪਰ ਸ਼ਰਾਬੀ ਨਹੀਂ।

*****

ਚਲਦਾ