ਮੈਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਗੋਰਾ ਖੜ੍ਹਾ ਸੀ। ਇਹ ਚਾਲੀ ਕੁ ਸਾਲਾ, ਮਧਰਾ ਤੇ ਗਠੀਲਾ ਬੰਦਾ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗਿਆ। ਉਸ ਨੇ ਮੈਨੂੰ ਹੈਲੋ ਕਿਹਾ ਤੇ ਫਿਰ ਮੇਰੇ ਪਿੱਛੇ ਖੜੀ ਬੀਟਰਸ ਨੂੰ ਬੋਲਿਆ, “ਬੀਟਰਸ, ਮੈਂ ਸੌਰੀ ਆਂ, ਪਲੀਜ਼ ਮੁਆਫ਼ ਕਰਦੇ ਮੈਨੂੰ।”
ਮੈਂ ਬੀਟਰਸ ਵਲ ਦੇਖਿਆ। ਉਸ ਨੇ ਅਹਿਸਤਾ ਜਿਹੇ ਕਿਹਾ- ‘ਪੀਟਰ।’ ਮੇਰਾ ਸਾਰਾ ਨਸ਼ਾ ਇਕਦਮ ਲਹਿ ਗਿਆ। ਮੈਨੂੰ ਸਮਝ ਨਾ ਲੱਗੇ ਕਿ ਹੁਣ ਮੈਂ ਕੀ ਕਰਾਂ। ਮੈਨੂੰ ਲੱਗਿਆ ਕਿ ਹੁਣ ਝਗੜਾ ਹੋਵੇਗਾ। ਮੈਂ ਉਸ ਨੂੰ ਮਨ ਹੀ ਮਨ ਤੋਲਿਆ। ਉਹ ਸਰੀਰਕ ਤੌਰ ’ਤੇ ਮੇਰੇ ਨਾਲੋਂ ਹਲਕਾ ਸੀ। ਮੇਰੇ ਵੱਲ ਦੇਖਦਿਆਂ ਜਿਹੜੀ ਵਹਿਸ਼ਤ ਉਸ ਦੀਆਂ ਅੱਖਾਂ ਵਿਚ ਆਈ ਸੀ ਉਸ ਲਈ ਮੈਂ ਖ਼ੁਦ ਨੂੰ ਤਿਆਰ ਕਰ ਲਿਆ। ਉਸ ਨੇ ਅੰਦਰ ਲੰਘਣ ਦੀ ਕੋਸ਼ਿਸ਼ ਕੀਤੀ। ਬੀਟਰਸ ਉਸ ਨੂੰ ਰੋਕਦੀ ਬੋਲੀ, “ਤੈਨੂੰ ਇਥੇ ਆਉਣ ਦੀ ਆਗਿਆ ਨਹੀਂ, ਜੱਜ ਨੇ ਵੀ ਕਿਹਾ ਸੀ, ਤੂੰ ਫਿਰ ਆ ਗਿਐਂ, ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਆਂ। ਤੇਰਾ ਭਲਾ ਇਸੇ ਵਿਚ ਐ ਕਿ ਦਫ਼ਾ ਹੋ ਜਾ ਇਥੋਂ।”
“ਪਲੀਜ਼ ਬੀਟਰਸ, ਮੁੜ ਕੇ ਅਜਿਹਾ ਨਹੀਂ ਹੁੰਦਾ, ਇਕ ਮੌਕਾ ਹੋਰ ਦੇ ਦੇ।” ਕਹਿ ਕੇ ਉਹ ਮੈਨੂੰ ਪਰ੍ਹਾਂ ਕਰਦਾ ਅੰਦਰ ਜਾਣ ਲੱਗਿਆ ਤਾਂ ਬੀਟਰਸ ਥਾਵੇਂ ਹੀ ਇਕੱਠੀ ਹੋ ਗਈ। ਮੈਂ ਪੀਟਰ ਨੂੰ ਰੋਕ ਕੇ ਕਿਹਾ, “ਤੂੰ ਸੁਣਿਆ ਨਹੀਂ ਉਹਨੇ ਕੀ ਕਿਹਾ!”
“ਤੂੰ ਕੌਣ ਹੁੰਨੈ ਸਾਡੇ ਤੀਵੀਂ ਆਦਮੀ ਵਿਚ ਆਉਣ ਵਾਲਾ?”
“ਮੈਂ ਕੋਈ ਨਹੀਂ ਪਰ ਬੀਟਰਸ ਕਹਿੰਦੀ ਐ ਕਿ ਅੰਦਰ ਨਾ ਆ ਤਾਂ ਇਹਦਾ ਮਤਲਬ ਕਿ ਨਾ ਆ। ਉਸ ਕੋਲ ਕੋਰਟ ਦਾ ਆਰਡਰ ਵੀ ਐ।”
“ਇਹ ਮੇਰੀ ਪਤਨੀ ਐ, ਇਹ ਮੇਰਾ ਘਰ ਐ, ਤੂੰ ਕੌਣ ਰੋਕਣ ਵਾਲਾ?”
ਮੇਰੇ ਕੁਝ ਕਹਿਣ ਤੋਂ ਪਹਿਲਾਂ ਬੀਟਰਸ ਬੋਲੀ, ‘ਕੌਣ ਪਤਨੀ! ਕਿਹਦਾ ਘਰ! ਇਹ ਮੇਰਾ ਘਰ ਐ, ਤੂੰ ਕਿਸੇ ਹਾਲਤ ਵਿਚ ਅੰਦਰ ਨਹੀਂ ਆ ਸਕਦਾ।”
ਉਸ ਨੇ ਜਜ਼ਰਦਸਤੀ ਅੰਦਰ ਆਉਣਾ ਚਾਹਿਆ ਤਾਂ ਮੈਂ ਉਸ ਨੂੰ ਬਾਹਰ ਧੱਕ ਦਿੱਤਾ। ਉਹ ਗ਼ੁੱਸੇ ਵਿਚ ਦੰਦ ਕਰੀਚਦਾ ਬੋਲਿਆ, “ਓਏ ਪਾਕੀ ਹਰਾਮੀ, ਤੇਰੀ ਇੰਨੀ ਹਿੰਮਤ!”
-----
ਨਸਲਵਾਦੀ ਗਾਲ਼੍ਹ ਮੇਰੇ ਸਿਰ ਨੂੰ ਚੜ੍ਹ ਗਈ। ਮੈਂ ਖ਼ੁਦ ਨੂੰ ਕਾਬੂ ਨਾ ਰੱਖ ਸਕਿਆ। ਮੈਂ ਜ਼ੋਰਦਾਰ ਘਸੁੰਨ ਸੱਜੇ ਹੱਥ ਦਾ ਉਸ ਦੇ ਨੱਕ ’ਤੇ ਮਾਰਿਆ। ਉਸ ਦੇ ਪੈਰ ਉੱਖੜ ਗਏ। ਮਗਰੇ ਹੀ ਖੱਬੇ ਹੱਥ ਦਾ ਇਕ ਘਸੁੰਨ ਛੱਡ ਦਿੱਤਾ। ਉਹ ਡਿੱਗ ਜਿਹਾ ਪਿਆ ਤੇ ਸਾਹਮਣੇ ਕੰਧ ਨਾਲ ਜਾ ਵੱਜਾ। ਮੈਂ ਹੋਰ ਮਾਰਨ ਲਈ ਅੱਗੇ ਵਧਿਆ ਤਾਂ ਉਸ ਨੇ ਇਕ ਬਾਂਹ ਨਾਲ ਮੂੰਹ ਲੁਕੋ ਲਿਆ ਤੇ ਦੂਜੀ ਬਾਂਹ ਸੁਲਾਹ ਦੇ ਇਸ਼ਾਰੇ ਨਾਲ ਉਪਰ ਚੁੱਕ ਦਿੱਤੀ।
ਉਸ ਦੇ ਨੱਕ ਤੇ ਮੂੰਹ ਵਿਚੋਂ ਖ਼ੂਨ ਵਗ ਰਿਹਾ ਸੀ। ਬੀਟਰਸ ਚੀਖ਼ਣ ਲੱਗੀ, “ਉੱਠ ਹਰਾਮੀਆਂ, ਉੱਠ ਹੁਣ, ਹੋਰ ਮਾਰ ਮੈਨੂੰ, ਉਠ ਹੁਣ ਮੁਕਾਬਲਾ ਕਰ, ਚੂਹਾ ਕਿਉਂ ਬਣ ਗਿਐਂ?”
------
ਪੀਟਰ ਦੀਆਂ ਅੱਖਾਂ ਨੀਵੀਆਂ ਸਨ। ਉਹ ਅਹਿਸਤਾ ਜਿਹੇ ਉੱਠ ਕੇ ਪੌੜੀਆਂ ਉਤਰ ਗਿਆ। ਬੀਟਰਸ ਹਾਲੇ ਵੀ ਚੀਖ਼ੀ ਜਾ ਰਹੀ ਸੀ। ਉਸ ਨੂੰ ਇਵੇਂ ਕਰਦੀ ਦੇਖ ਕੇ ਉਸ ਦੇ ਮੁੰਡੇ ਰੋਣ ਲੱਗੇ। ਪੀਟਰ ਜਾ ਚੁੱਕਾ ਸੀ। ਮੈਂ ਬੀਟਰਸ ਨੂੰ ਚੁੱਪ ਕਰਾਇਆ। ਆਲੇ ਦੁਆਲੇ ਦੇ ਫਲੈਟਾਂ ਵਾਲੇ ਲੋਕ ਬਾਹਰ ਨਿਕਲ ਆਏ। ਇਕ ਬੁੱਢੀ ਦੱਸਣ ਲੱਗੀ, “ਉਸ ਦਿਨ ਮੈਂ ਹੀ ਪੁਲਿਸ ਨੂੰ ਫੋਨ ਕੀਤਾ ਸੀ, ਪੀਟਰ ਨੇ ਅੱਤ ਚੁੱਕੀ ਹੋਈ ਸੀ।”
ਹੈਨਰੀ ਨਾਂ ਦਾ ਇਕ ਗੋਰਾ ਕਹਿਣ ਲੱਗਿਆ, “ਮੈਂ ਬੁੱਢਾ ਹੋ ਗਿਆ, ਨਹੀਂ ਤਾਂ ਪੀਟਰ ਦੀ ਅੱਜ ਵਾਲੀ ਹਾਲਤ ਮੈਂ ਕਰਦਾ।”
-----
ਹਰ ਕੋਈ ਪੀਟਰ ਦੇ ਖ਼ਿਲਾਫ਼ ਬੋਲ ਰਿਹਾ ਸੀ ਤੇ ਮੇਰੇ ਨਾਲ ਸਹਿਮਤੀ ਪ੍ਰਗਟਾਅ ਰਿਹਾ ਸੀ। ਮੈਂ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਬੀਟਰਸ ਨੂੰ ਲੈ ਕੇ ਵਾਪਸ ਅੰਦਰ ਚਲਾ ਗਿਆ। ਮੈਂ ਅੰਦਰ ਸੋਫੇ ’ਤੇ ਆ ਬੈਠਾ ਤੇ ਸੋਚਣ ਲੱਗਿਆ ਕਿ ਮਿੰਟਾਂ ਵਿਚ ਇਹ ਕੀ ਹੋ ਗਿਆ। ਮੇਰਾ ਸਾਹ ਤੇਜ਼-ਤੇਜ਼ ਚਲ ਰਿਹਾ ਸੀ। ਮੈਂ ਘਬਰਾਇਆ ਵੀ ਹੋਇਆ ਸਾਂ। ਬੀਟਰਸ ਨੇ ਕਿਹਾ, “ਸੌਰੀ ਇੰਦਰ, ਘਰ ਡਰਿੰਕ ਨਹੀਂ, ਨਹੀਂ ਤਾਂ ਮੈਂ ਤੈਨੂੰ ਦਿੰਦੀ ਕਿਉਂਕਿ ਇਸ ਵੇਲੇ ਤੈਨੂੰ ਡਰਿੰਕ ਦੀ ਸਖ਼ਤ ਲੋੜ ਐ।”
ਮੈਨੂੰ ਵੀ ਜਾਪਿਆ ਕਿ ਹੁਣ ਮੈਨੂੰ ਸ਼ਰਾਬ ਚਾਹੀਦੀ ਸੀ। ਮੈਂ ਉੱਠਿਆ ਤੇ ਦੁਕਾਨਾਂ ਨੂੰ ਤੁਰ ਪਿਆ। ਬੀਟਰਸ ਵੀ ਮੇਰੇ ਨਾਲ ਆ ਗਈ। ਉਸ ਨੇ ਬੱਚਿਆਂ ਲਈ ਚਿਪਸ ਆਦਿ ਲਏ, ਵੋਦਕੇ ਤੇ ਵਿਸਕੀ ਦੀਆਂ ਬੋਤਲਾਂ ਲਈਆਂ। ਨਾਲ ਜੂਸ, ਕੋਕ ਲੈਮਨੇਡ ਆਦਿ ਵੀ। ਵਾਪਸ ਆ ਕੇ, ਅਸੀਂ ਪੀਣ ਲੱਗੇ। ਦੋ ਗਲਾਸੀਆਂ ਪੀ ਕੇ ਮੈਂ ਕੁਝ ਵੀ ਸੋਚਣ ਜੋਗਾ ਨਾ ਰਿਹਾ ਤੇ ਬੀਟਰਸ ਨਾਲ ਹਾਸਾ ਮਜ਼ਾਕ ਕਰਨ ਲੱਗਿਆ।
-----
ਸਵੇਰੇ ਜਾਗ ਆਈ ਤਾਂ ਬੀਟਰਸ ਮੇਰੇ ਨਾਲ ਪਈ ਸੀ। ਮੈਂ ਝਟਕਾ ਜਿਹਾ ਖਾ ਕੇ ਉੱਠ ਖੜ੍ਹਿਆ। ਰਾਤ ਵਾਲੀ ਘਟਨਾ ਯਾਦ ਕਰਨ ਲੱਗਿਆ। ਮੈਨੂੰ ਖ਼ੁਦ ’ਤੇ ਗ਼ੁੱਸਾ ਵੀ ਆ ਰਿਹਾ ਸੀ ਤੇ ਡਰ ਵੀ ਲੱਗ ਰਿਹਾ ਸੀ ਕਿ ਇਹ ਕੀ ਇਲਤ ਸਹੇੜ ਲਈ। ਮੈਂ ਘੜੀ ਦੇਖੀ, ਛੇ ਵੱਜੇ ਸਨ। ਮੇਰਾ ਸਿਰ ਦਰਦ ਕਰ ਰਿਹਾ ਸੀ। ਮੈਨੂੰ ਚੇਤੇ ਆਇਆ ਕਿ ਕਈ ਕਿਸਮ ਦੀ ਸ਼ਰਾਬ ਪੀਤੀ ਸੀ, ਸਿਰ ਦੁਖਣਾ ਹੀ ਹੋਇਆ।
ਮੈਨੂੰ ਹਿਲਦੇ ਨੂੰ ਦੇਖ ਕੇ ਬੀਟਰਸ ਵੀ ਜਾਗ ਗਈ। “ਗੁਡ ਮੌਰਨਿੰਗ ਇੰਦਰ, ਨੀਂਦ ਠੀਕ ਆਈ?”
ਉਸ ਨੇ ਮੈਨੂੰ ਪੁੱਛਿਆ। ਮੈਂ ਉਠਦਾ ਹੋਇਆ ਬੋਲਿਆ, “ਇਹ ਨੀਂਦ ਥੋੜ੍ਹੇਸੀ, ਬੇਹੋਸ਼ੀ ਸੀ, ਪਤਾ ਨਹੀਂ ਕਿੱਥੇ ਸਾਂ ਪਿਛਲੇ ਅੱਠ ਦਸ ਘੰਟੇ।”
ਮੇਰੇ ਬਾਥਰੂਮ ਤੋਂ ਮੁੜਨ ਤਕ ਉਹ ਚਾਹ ਲੈ ਆਈ। ਮੈਂ ਜਲਦੀ ਨਾਲ ਇਥੋਂ ਨਿਕਲ ਜਾਣਾ ਚਾਹੁੰਦਾ ਸਾਂ। ਅੱਜ ਕੰਮ ਕਰਨ ਦਾ ਮੂਡ ਹੀ ਨਹੀਂ ਸੀ।
-----
ਮੈਂ ਬੀਟਰਸ ਕੋਲੋਂ ਸਿੱਧਾ ਘਰ ਆਇਆ। ਨਹਾ ਕੇ ਕੱਪੜੇ ਬਦਲੇ। ਚਾਹ ਦੇ ਨਾਲ ਕੁਝ ਟੋਸਟ ਲਏ। ਮੁੜ ਕੱਲ੍ਹ ਵਾਲੀ ਘਟਨਾ ਤੇ ਬੀਟਰਸ ਨਾਲ ਬਿਤਾਈ ਰਾਤ ਬਾਰੇ ਸੋਚਣ ਲੱਗਿਆ। ਸਭ ਕੁਝ ਹੀ ਗ਼ਲਤ ਹੋ ਗਿਆ ਸੀ। ਪੀਟਰ ਨਾਲ ਲੜਨਾ, ਫਿਰ ਰਾਤ ਬੀਟਰਸ ਕੋਲ ਰਹਿ ਜਾਣਾ। ਸਵੇਰੇ ਬੀਟਰਸ ਭਾਵੁਕ ਜਿਹੀ ਹੋਈ ਪਈ ਸੀ। ਕੋਈ ਮੇਰੇ ਨਾਲ ਇਵੇਂ ਜੁੜ ਜਾਵੇ ਜਦ ਤਕ ਮੈਂ ਨਾ ਜੁੜਿਆ ਹੋਵਾਂ, ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਰਾਤ ਗਈ ਬਾਤ ਗਈ, ਵਾਂਗ ਭੁੱਲਣ ਦੀ ਕੋਸ਼ਿਸ਼ ਕਰਨ ਲੱਗਿਆ।
-----
ਬਾਰਾਂ ਵੱਜ ਗਏ। ਮੇਰੇ ਕੋਲ ਕੁਝ ਵੀ ਕਰਨ ਨੂੰ ਨਹੀਂ ਸੀ। ਅਖ਼ਬਾਰ ਮੈਂ ਅੰਕਲ ਭੁੱਲਰ ਦੀ ਦੁਕਾਨ ਤੋਂ ਲੈਂਦਾ ਆਇਆ ਸਾਂ, ਉਹ ਪੜ੍ਹ ਲਈ। ਇਕ ਦੋ ਕਿਤਾਬਾਂ ਖੋਲ੍ਹੀਆਂ ਪਰ ਮਨ ਨਾ ਖੁੱਭਿਆ, ਰਾਤ ਵਾਲੀ ਘਟਨਾ ਰਹਿ-ਰਹਿ ਯਾਦ ਆ ਰਹੀ ਸੀ। ਅੰਤ ਇਹੋ ਸੋਚਿਆ ਕਿ ਕਿਉਂ ਨਾ ਕੰਮ ਉਪਰ ਹੀ ਚਲੇ ਜਾਵਾਂ, ਜਿੰਨੇ ਘੰਟੇ ਲੱਗਦੇ ਹੋਣ ਲਾ ਲਵਾਂ।
ਮੈਂ ਰੇਡੀਓ ਔਨ ਕਰ ਕੇ ਕੰਟਰੋਲਰ ਨੂੰ ਸੂਚਨਾ ਦੇਣ ਲੱਗਿਆ, "ਰੌਜਰ, ਈਕੋ ਨਾਈਨ, ਈਕੋ ਨਾਈਨ!”
‘ਰੌਜਰ, ਰੌਜਰ!”
“ਮੈਂ ਕੰਮ ’ਤੇ ਆ ਰਿਹਾਂ, ਇਸ ਵੇਲੇ ਸ਼ੈਫਰਡ ਬੁੱਸ਼ ਨੇੜੇ ਆਂ!”
“ਰੌਜਰ, ਬੇਸ ਨੂੰ ਹੀ ਆਜਾ, ਕੰਮ ਬਹੁਤ ਠੰਡਾ ਏ, ਕੋਈ ਬੀਟਰਸ ਨਾਂ ਦੀ ਔਰਤ ਤੇਰੇ ਲਈ ਦੋ ਵਾਰ ਫੋਨ ਕਰ ਚੁੱਕੀ ਏ।“
-----
ਮੈਂ ਕੱਲ੍ਹ ਹੀ ਬੀਟਰਸ ਨੂੰ ਆਪਣੀ ਕੰਪਨੀ ਦਾ ਕਾਰਡ ਦਿੱਤਾ ਸੀ। ਜ਼ਰੂਰ ਪੀਟਰ ਵਾਪਸ ਆ ਵੜਿਆ ਹੋਵੇਗਾ। ਮੈਂ ਸੋਚਣ ਲੱਗਿਆ ਕਿ ਜੇ ਉਹ ਵਾਪਸ ਆ ਵੀ ਗਿਆ ਹੋਵੇ ਤਾਂ ਮੈਂ ਕੀ ਕਰ ਸਕਦਾ ਸਾਂ। ਮੇਰੇ ਕੋਲੋਂ ਤਾਂ ਆਪਣੀਆਂ ਹੀ ਨਹੀਂ ਨਿਬੇੜੀਆਂ ਜਾਂਦੀਆਂ ਸਨ। ਬੀਟਰਸ ਪਈ ਕਰਦੀ ਰਹੇ ਫੋਨ, ਹੁਣ ਮੈਂ ਉਸ ਵੱਲ ਨਹੀਂ ਜਾਣਾ। ਪਹਿਲਾਂ ਹੀ ਮੇਰੇ ਕੰਮ ਦਾ ਪੂਰਾ ਦਿਨ ਖ਼ਰਾਬ ਹੋ ਗਿਆ ਤੇ ਅੱਧਾ ਦਿਨ ਅੱਜ ਦਾ ਵੀ ਗਿਆ।
ਪੋਰਟਬੈਲੋ ਰੋਡ ’ਤੇ ਮੈਨੂੰ ਕੋਈ ਕੰਮ ਨਹੀਂ ਸੀ ਪਰ ਮੇਰੀ ਕਾਰ ਉਧਰ ਨੂੰ ਮੁੜ ਗਈ। ਅਚੇਤ ਮਨ ਵਿਚ ਸੋਚ ਰਿਹਾ ਹੋਵਾਂਗਾ ਕਿ ਇਨ੍ਹਾਂ ਸੜਕਾਂ ’ਤੇ ਖੜ ਕੇ ਕੰਮ ਦੀ ਉਡੀਕ ਕਰ ਲਵਾਂਗਾ। ਫਿਰ ਮੈਨੂੰ ਖ਼ਿਆਲ ਆਇਆ ਕਿ ਸਵੇਰੇ ਬੀਟਰਸ ਨੇ ਮੈਨੂੰ ਆਪਣੇ ਫਲੈਟ ਦੀ ਇਕ ਚਾਬੀ ਵੀ ਦੇ ਦਿੱਤੀ ਸੀ ਕਿ ਜਦ ਵੀ ਦਿਲ ਕਰੇ ਮੈਂ ਆਵਾਂ ਜਾਵਾਂ। ਚਾਬੀ ਮੈਂ ਆਪਣੀਆਂ ਚਾਬੀਆਂ ਵਿਚ ਹੀ ਟੰਗ ਲਈ ਸੀ। ਮੈਂ ਛੱਲੇ ਨੂੰ ਛੋਹਿਆ। ਉਸ ਵਿਚੋਂ ਬੀਟਰਸ ਦੇ ਫਲੈਟ ਦੀ ਚਾਬੀ ਉਪਰ ਉਂਗਲਾਂ ਫੇਰੀਆਂ। ਮੈਂ ਦੇਖਿਆ ਕਿ ਮੇਰੀ ਕਾਰ ਰੌਬਰਟ ਹਾਊਸ ਕੋਲ ਜਾ ਰੁਕੀ ਤੇ ਅਗਲੇ ਹੀ ਪਲ ਮੈਂ ਚਾਬੀਆਂ ਨਾਲ ਖੇਲਦਾ ਬੀਟਰਸ ਦੇ ਫਲੈਟ ਮੂਹਰੇ ਜਾ ਖੜ੍ਹਾ ਸਾਂ।
-----
ਬੀਟਰਸ ਘਰ ਨਹੀਂ ਸੀ। ਸਵੇਰੇ ਜਿਵੇਂ ਸਭ ਮੈਂ ਛੱਡਿਆ ਸੀ ਉਵੇਂ ਹੀ ਸੀ। ਪੀਟਰ ਦੇ ਆਉਣ ਦੇ ਕੋਈ ਨਿਸ਼ਾਨ ਨਹੀਂ ਸਨ। ਹੁਣ ਤਕ ਮੈਨੂੰ ਕੁਝ ਭੁੱਖ ਲੱਗ ਆਈ ਸੀ। ਮੈਂ ਫਰਿਜ ਖੋਲ੍ਹੀ, ਉਹ ਖ਼ਾਲੀ ਪਈ ਸੀ। ਦੁੱਧ ਦੀ ਘੁੱਟ ਤਕ ਨਹੀਂ ਸੀ। ਮੈਂ ਸੋਚਣ ਲੱਗਿਆ ਕਿ ਜੇ ਮੈਂ ਰਾਤੀ ਉਸ ਨੂੰ ਬੱਚਿਆਂ ਲਈ ਚਿਪਸ ਨਾ ਲੈ ਕੇ ਦਿੰਦਾ ਤਾਂ ਸ਼ਾਇਦ ਬੱਚੇ ਭੁੱਖੇ ਹੀ ਸੌਂਦੇ। ਮੇਰਾ ਮਨ ਪਸੀਜ ਗਿਆ। ਤਿੰਨ ਵਜੇ ਸਨ। ਬੀਟਰਸ ਪਤਾ ਨਹੀਂ ਕਿੱਥੇ ਮਾਰੀ ਮਾਰੀ ਫਿਰਦੀ ਹੋਵੇਗੀ। ਹੋਰ ਅੱਧੇ ਘੰਟੇ ਤਕ ਉਸ ਨੇ ਸਕੂਲ ਮੂਹਰੇ ਹੋਣਾ ਸੀ, ਬੱਚਿਆਂ ਨੂੰ ਲੈਣ ਲਈ।
ਉਹ ਮੈਨੂੰ ਸਕੂਲ ਦੇ ਨੇੜੇ ਮਿਲ਼ ਪਈ। ਮੈਂ ਹਾਰਨ ਮਾਰਿਆ ਤਾਂ ਕਾਰ ਵਿਚ ਆ ਬੈਠੀ। ਬੈਠਦੀ ਹੀ ਬੋਲੀ, “ਮੈਂ ਤੇਰੇ ਲਈ ਸੁਨੇਹਾ ਛੱਡਿਆ ਸੀ, ਮਿਲ ਗਿਆ?”
“ਹਾਂ, ਕੀ ਗੱਲ ਹੋਈ?’
‘ਮੈਨੂੰ ਟੌਮੀ ਨੇ ਦੱਸਿਆ ਕਿ ਪੀਟਰ ਆਪਣੇ ਦੋਸਤ ਲੈ ਕੇ ਤੈਨੂੰ ਲੱਭਦੈ।”
“ਅੱਛਾ!”
“ਹਾਂ, ਉਹ ਬਹੁਤ ਖ਼ਰਾਬ ਆਦਮੀ ਐ, ਮੁਜਰਮ ਕਿਸਮ ਦਾ, ਉਸ ਦੇ ਦੋਸਤ ਵੀ ਚੰਗੇ ਬੰਦੇ ਨਹੀਂ।”
ਇਕ ਵਾਰ ਤਾਂ ਮੈਂ ਡਰ ਗਿਆ ਕਿ ਹੁਣ ਕੀ ਹੋਵੇਗਾ। ਆਪਣੇ ਅੰਦਰਲਾ ਫ਼ਿਕਰ ਬੀਟਰਸ ਕੋਲ ਜ਼ਾਹਿਰ ਨਾ ਹੋਣ ਦਿੱਤਾ ਤੇ ਉਸ ਨੂੰ ਕਿਹਾ, ਠਬੱਚੇ ਲਿਆ, ਆਪਾਂ ਟੈਸਕੋ ਚਲਦੇ ਆਂ, ਕੁਝ ਸ਼ੌਪਿੰਗ ਕਰ ਲੈ।”
“ਕਿਉਂ?”
“ਮੈਂ ਘਰ ਗਿਆ ਸੀ ਤੇਰੀ ਫਰਿਜ ਬਿਲਕੁਲ ਖ਼ਾਲੀ ਐ।”
“ਕੱਲ੍ਹ ਨੂੰ ਮੇਰੀ ਬੁੱਕ ਆ ਜਾਣੀ ਐਂ, ਮੈਨੂੰ ਪੈਸੇ ਮਿਲ ਜਾਣੇ ਆਂ।”
“ਕੱਲ੍ਹ ਤਾਂ ਦੂਰ ਐ, ਇਨ੍ਹਾਂ ਨੂੰ ਤਾਂ ਅੱਜ ਕੁਝ ਖਾਣ ਨੂੰ ਚਾਹੀਦੈ।”
“ਤੂੰ ਇੰਨਾ ਫ਼ਿਕਰ ਨਾ ਕਰ ਇੰਦਰ, ਇਹ ਗ਼ਰੀਬ ਮਾਂ ਦੇ ਬੱਚੇ ਆ, ਤੇ ਸਖ਼ਤ ਜਾਨ ਆਂ, ਤੂੰ ਫ਼ਿਕਰ ਨਾ ਕਰ।”
“ਇਹ ਦਲੀਲ ਬਾਅਦ ਵਿਚ ਦੇਵੀਂ। ਵਕਤ ਹੋ ਰਿਹੈ, ਬੱਚਿਆਂ ਨੂੰ ਲੈ ਆ।”
ਉਹ ਸਕੂਲ ਅੰਦਰ ਗਈ ਤੇ ਬੱਚਿਆਂ ਨੂੰ ਲੈ ਆਈ।
-----
ਉਥੋਂ ਅਸੀਂ ਟੈਸਕੋ ਵਿਚ ਗਏ ਤੇ ਉਸ ਦੇ ਬੱਚਿਆਂ ਲਈ ਤੇ ਘਰ ਲਈ ਕੁਝ ਖ਼ਰੀਦੋ-ਫਰੋਖ਼ਤ ਕੀਤੀ। ਉਸ ਦੇ ਬੱਚਿਆਂ ਨੂੰ ਮੈਂ ਚੌਕਲੈਟ ਲੈ ਦਿੱਤੇ ਤੇ ਉਹ ਮੇਰੇ ਅੱਗੇ ਪਿਛੇ ਫਿਰਨ ਲਗੇ। ਵੱਡਾ ਡੈਨੀ ਛੇ ਸੱਤ ਸਾਲ ਦਾ ਤੇ ਛੋਟਾ ਜੌਹਨ ਚਾਰ ਕੁ ਸਾਲ ਦਾ ਸੀ। ਮੈਨੂੰ ਉਹ ਬਹੁਤ ਪਿਆਰੇ ਲੱਗ ਰਹੇ ਸਨ। ਮੈਂ ਸੋਚਿਆ ਕਿ ਹੁਣ ਇਨ੍ਹਾਂ ਨੂੰ ਉਤਾਰ ਕੇ ਘਰ ਚਲੇ ਜਾਵਾਂਗਾ ਤੇ ਕੱਲ੍ਹ ਸਵੇਰ ਤੋਂ ਹੀ ਦੁਬਾਰਾ ਕੰਮ ਸ਼ੁਰੂ ਕਰਾਂਗਾ।
ਉਸ ਦੇ ਘਰ ਮੋਹਰੇ ਗੱਡੀ ਰੋਕੀ। ਸਾਮਾਨ ਕਾਰ ਵਿਚੋਂ ਕੱਢਿਆ ਤਾਂ ਬੀਟਰਸ ਇਕੱਲੀ ਦੇ ਚੁੱਕਣ ਦਾ ਨਹੀਂ ਸੀ। ਉਸ ਦੀ ਮਦਦ ਲਈ ਉਪਰ ਤਕ ਚਲੇ ਗਿਆ। ਸਾਮਾਨ ਰੱਖ ਕੇ ਮੁੜਨ ਲੱਗਿਆ ਤਾਂ ਬੀਟਰਸ ਬੋਲੀ, ‘‘ਇੰਦਰ, ਅੰਦਰ ਆ ਕੁਝ ਖਾ ਕੇ ਜਾਵੀਂ, ਕੁਝ ਪੀ ਹੀ ਲਵੀਂ। ਅੰਦਰ ਆ।’’
----
ਮੈਂ ਅੰਦਰ ਚਲੇ ਗਿਆ। ਭੁੱਖ ਤਾਂ ਲੱਗੀ ਸੀ ਪਰ ਕੁਝ ਵੀ ਖਾਣ ਦਾ ਮੂਡ ਨਹੀਂ ਸੀ। ਵਕਤ ਵੀ ਨਹੀਂ ਸੀ। ਮੈਂ ਸੈਟੀ ’ਤੇ ਬੈਠ ਗਿਆ। ਬੀਟਰਸ ਨੇ ਮੇਰੇ ਮੁਹਰੇ ਰਾਤ ਵਾਲੀ ਵਿਸਕੀ ਦੀ ਬੋਤਲ ਲਿਆ ਰੱਖੀ। ਪਹਿਲਾਂ ਮੇਰਾ ਦਿਲ ਭੱਜਣ-ਭੱਜਣ ਕਰਦਾ ਸੀ ਪਰ ਬੋਤਲ ਦੇਖ ਕੇ ਮੇਰੇ ਤੋਂ ਹਿੱਲ ਨਾ ਹੋਇਆ। ਪਹਿਲੀ ਗਲਾਸੀ ਪੀਤੀ ਤੇ ਢੋਅ ਲਾ ਕੇ ਬੈਠ ਗਿਆ। ਦੂਜੀ ਗਲਾਸੀ ਨਾਲ ਲੱਤਾਂ ਮੈਂ ਮੇਜ਼ ’ਤੇ ਖਿਲਾਰ ਲਈਆਂ।
ਇਕ ਦੋ ਵਾਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀ। ਬੀਟਰਸ ਕਹਿੰਦੀ, ‘‘ਅੱਜ ਇੱਥੇ ਹੀ ਠਹਿਰ ਜਾ, ਇਥੋਂ ਹੀ ਕੰਮ ’ਤੇ ਚਲੇ ਜਾਵੀਂ ਸਵੇਰੇ।’’
ਬੱਚਿਆਂ ਨੂੰ ਜਲਦੀ ਸੁਆ ਕੇ ਬੀਟਰਸ ਮੇਰੇ ਕੋਲ ਆ ਗਈ। ਉਹ ਬਹੁਤ ਖ਼ੁਸ਼ ਸੀ। ਮੇਰੀ ਲੋੜੋਂ ਵੱਧ ਤਾਰੀਫ਼ ਕਰੀ ਜਾ ਰਹੀ ਸੀ।
----
ਜਿਸ ਗੱਲ ਦਾ ਡਰ ਸੀ ਉਹੋ ਹੀ ਹੋ ਗਈ। ਪੀਟਰ ਨੇ ਆਪਣੇ ਦੋਸਤ ਲੈ ਕੇ ਮੇਰੀ ਕਾਰ ਨੂੰ ਘੇਰ ਲਿਆ। ਮੈਂ ਜੇਈਅਰ ਰੋਡ ਤੋਂ ਸਕੌਟਸ ਰੋਡ ਵੱਲ ਮੁੜਿਆ ਤਾਂ ਇਕ ਮੈਲ਼ੇ ਜਿਹੇ ਕਪੜਿਆਂ ਵਾਲਾ ਗੋਰਾ ਮੇਰੀ ਕਾਰ ਦੇ ਅੱਗੇ ਆ ਕੇ ਖੜ੍ਹ ਗਿਆ। ਉਸ ਦੇ ਨਾਲ ਦੋ ਬੰਦੇ ਹੋਰ ਸਨ। ਥੋੜ੍ਹੀ ਦੂਰ ਜਿਹੇ ਖੜੇ ਪੀਟਰ ਨੂੰ ਮੈਂ ਪਛਾਣ ਲਿਆ। ਮੈਂ ਮਨ ਵਿਚ ਕਿਹਾ- ‘‘ਇੰਦਰ ਸਿਆਂ, ਹੋ ਜਾ ਕੁੱਟ ਖਾਣ ਨੂੰ ਤਿਆਰ।’’ ਮੈਂ ਕਾਹਲੀ ਨਾਲ ਸੋਚਿਆ ਕਿ ਹੁਣ ਕੀ ਕਰਾਂ। ਇਕ ਤਾਂ ਇਹ ਸੀ ਕਿ ਕਾਰ ਭਜਾ ਕੇ ਲੈ ਜਾਵਾਂ। ਦੂਜਾ ਇਹ ਸੀ ਕਿ ਰੁਕ ਕੇ ਇਨ੍ਹਾਂ ਦਾ ਸਾਹਮਣਾ ਕਰਾਂ। ਕਾਰ ਭਜਾਉਣ ਲਈ ਮੈਂ ਗੇਅਰ ਪਾਇਆ ਕਿ ਮੈਨੂੰ ਖ਼ਿਆਲ ਆਇਆ ਕਿ ਅੱਜ ਭੱਜ ਗਿਆ ਤਾਂ ਕੱਲ੍ਹ ਨੂੰ ਇਨ੍ਹਾਂ ਫੇਰ ਇਥੇ ਹੀ ਹੋਣਾ ਸੀ ਤੇ ਮੇਰਾ ਕੰਮ ਵੀ ਇਥੇ ਹੀ ਸੀ। ਮੈਂ ਕਾਰ ਰੋਕ ਲਈ। ਇਕ ਵੱਡਾ ਸਪਾਨਾ ਜਿਸ ਨੂੰ ਅਜਿਹੇ ਮੌਕੇ ’ਤੇ ਹਥਿਆਰ ਵਜੋਂ ਵਰਤਣ ਲਈ ਮੈਂ ਸੀਟ ਦੇ ਨਾਲ ਰੱਖਿਆ ਹੋਇਆ ਸੀ, ਹੱਥ ਵਿਚ ਫੜ ਲਿਆ ਤੇ ਆਹਿਸਤਾ ਜਿਹੇ ਦਰਵਾਜ਼ਾ ਖੋਲ੍ਹਿਆ ਤੇ ਖੁੱਲ੍ਹਾ ਹੀ ਰਹਿਣ ਦਿੱਤਾ। ਕਾਰ ਵੀ ਚਲਦੀ ਰੱਖ ਲਈ ਕਿ ਲੋੜ ਪੈਣ ’ਤੇ ਭੱਜ ਸਕਾਂ। ਇਕ ਗੋਰਾ ਜੋ ਕਿ ਵਧੇਰੇ ਉਮਰ ਦਾ ਸੀ, ਮੇਰੇ ਵੱਲ ਵਧਿਆ। ਮੈਨੂੰ ਪੁੱਛਣ ਲੱਗਿਆ, ‘‘ਕੀ ਨਾਂ ਐ ਤੇਰਾ?’’
‘‘ਤੂੰ ਦੱਸ ਤੇਰਾ ਕੀ ਨਾਂ ਐ? ਤੂੰ ਮੈਨੂੰ ਕਿਉਂ ਰੋਕਿਐ?’’
‘‘ਮੇਰਾ ਨਾਂ ਬਿੱਲ ਐ, ਮੈਂ ਚਾਹੁੰਨਾ ਬਈ ਤੂੰ ਪੀਟਰ ਤੇ ਬੀਟਰਸ ਵਿਚਕਾਰ ਨਾ ਆਵੇਂ, ਉਹ ਇਹਦੀ ਔਰਤ ਐ।’’
‘‘ਪਰ ਬੀਟਰਸ ਇਵੇਂ ਨਹੀਂ ਕਹਿੰਦੀ। ਉਹਨੇ ਤਾਂ ਇਹਦੇ ਖ਼ਿਲਾਫ਼ ਕੋਰਟ ਦੇ ਆਰਡਰ ਲੈ ਰੱਖੇ ਆ।’’
‘‘ਇਹ ਤੇਰਾ ਮਸਲਾ ਨਹੀਂ।’’
‘‘ਮੇਰਾ ਮਸਲਾ ਤਾਂ ਨਹੀਂ ਸੀ ਪਰ ਬੀਟਰਸ ਨੇ ਬਣਾ ਦਿੱਤੈ, ਉਹ ਇਕ ਵਾਰੀ ਕਹਿ ਦੇਵੇ ਮੈਂ ਪਾਸੇ ਹੋ ਜਾਵਾਂਗਾ।’’
‘‘ਤੂੰ ਸਾਨੂੰ ਨਹੀਂ ਜਾਣਦਾ, ਤੈਨੂੰ ਪਾਸੇ ਤਾਂ ਅਸੀਂ ਹਟਾ ਹੀ ਦੇਵਾਂਗੇ।’’
-----
ਉਸ ਦੇ ਬੋਲਾਂ ਵਿਚ ਭਰਵੀਂ ਧਮਕੀ ਸੀ। ਦੂਜੇ ਦੋਵੇਂ ਵੀ ਮੇਰੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖੀ ਜਾ ਰਹੇ ਸਨ। ਆਲੇ-ਦੁਆਲੇ ਲੋਕ ਤਾਂ ਹੈ ਹੀ ਨਹੀਂ ਸਨ ਜੋ ਮੇਰੀ ਮਦਦ ਕਰ ਸਕਦੇ। ਮੈਂ ਸਪਾਨਾ ਹਵਾ ਵਿਚ ਲਹਿਰਾਇਆ ਤੇ ਜਵਾਬੀ ਧਮਕੀ ਨਾਲ ਕਿਹਾ, ‘‘ਬਿੱਲ, ਇਸ ਵੇਲੇ ਤਾਂ ਤੂੰ ਮੇਰੀ ਕਾਰ ਦੇ ਅੱਗਿਓਂ ਪਰ੍ਹਾਂ ਹੋ ਜਾਹ, ਫਿਰ ਮੈਨੂੰ ਦੋਸ਼ ਨਾ ਦੇਵੀਂ ਤੇ ਜਾਹ ਜੋ ਕਰਨੈ ਕਰ ਲੈ।’’ ਕਹਿ ਕੇ ਮੈਂ ਕਾਰ ਵਿਚ ਬੈਠ ਗਿਆ। ਮੈਂ ਕਾਰ ਥੋੜ੍ਹੀ ਕੁ ਤੋਰੀ ਤਾਂ ਬਿੱਲ ਥੁੱਕਦਾ ਹੋਇਆ ਇਕ ਪਾਸੇ ਹੋ ਗਿਆ। ਉਸ ਦੇ ਨਾਲ ਦੇ ਗਾਲ਼੍ਹਾਂ ਕੱਢਣ ਲੱਗੇ। ਮੈਂ ਵੀ ਗਾਲ੍ਹਾਂ ਦਿੰਦਾ ਅੱਗੇ ਲੰਘ ਗਿਆ। ਮੈਂ ਸ਼ੁਕਰ ਮਨਾਇਆ ਕਿ ਘੜੀ ਟਲ਼ ਗਈ।
-----
ਇਹ ਘਟਨਾ ਮੇਰੇ ਲਈ ਬਹੁਤ ਡਰਾਉਣੀ ਸੀ। ਇਸ ਦਾ ਮਤਲਬ ਸੀ ਕਿ ਮੇਰੇ ਉਪਰ ਕਿਸੇ ਸਮੇਂ ਵੀ ਹਮਲਾ ਹੋ ਸਕਦਾ ਸੀ। ਸਭ ਤੋਂ ਪਹਿਲਾਂ ਤਾਂ ਮੈਂ ਕੰਮ ਉਪਰ ਜਾ ਕੇ ਕੰਟਰੋਲਰ ਜੈਕ ਨੂੰ ਸਾਰੀ ਗੱਲ ਦੱਸੀ। ਜੈਕ ਨੇ ਕੰਪਨੀ ਦੇ ਮਾਲਕ ਪੈਟ ਮਲੋਨੀ ਨੂੰ ਦੱਸਿਆ। ਪੈਟ ਮਲੋਨੀ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਕਿ ਕੁਝ ਓਪਰੇ ਬੰਦਿਆਂ ਨੇ ਕੰਪਨੀ ਦੇ ਡਰਾਈਵਰ ਨੂੰ ਧਮਕਾਇਆ ਸੀ। ਪੁਲੀਸ ਦਾ ਇਕ ਅਫ਼ਸਰ ਮੇਰੇ ਕੋਲ ਆ ਕੇ ਕਾਗਜ਼ੀ ਕਾਰਵਾਈ ਕਰ ਕੇ ਲੈ ਗਿਆ। ਹੋਰ ਬਹੁਤਾ ਕੁਝ ਉਹ ਕਰ ਵੀ ਨਹੀਂ ਸਨ ਸਕਦੇ। ਪੀਟਰ ਤੇ ਬੀਟਰਸ ਵਾਲੀ ਕਹਾਣੀ ਮੈਂ ਛੁਪਾ ਗਿਆ ਸਾਂ।
*****
ਚਲਦਾ
No comments:
Post a Comment