ਕਾਰਨੀਵਲ ਤੋਂ ਅਗਲਾ ਦਿਨ ਸੀ। ਮੈਂ ਕੂੜੇ ਦੇ ਉਪਰ ਦੀ ਕਾਰ ਭਜਾਈ ਜਾ ਰਿਹਾ ਸਾਂ। ਸਵਾਰੀ ਉਤਾਰੀ ਸੀ ਤੇ ਚਾਹ ਦੇ ਕੱਪ ਲਈ ਕਿਤੇ ਰੁਕਣਾ ਚਾਹੁੰਦਾ ਸਾਂ। ਇਕ ਮੋੜ ਤੋਂ ਮੋੜਨ ਲਈ ਹੌਲੀ ਹੋਇਆ ਤਾਂ ਇਕ ਖ਼ੂਬਸੂਰਤ ਗੋਰੀ ਕੁੜੀ ਤੁਰੀ ਜਾਂਦੀ ਦਿੱਸੀ। ਆਦਤ ਅਨੁਸਾਰ ਮੈਂ ਉਸ ਵੱਲ ਦੇਖਣ ਲੱਗਿਆ। ਉਹ ਰੋਂਦੀ ਜਾ ਰਹੀ ਸੀ। ਕਾਰ ਮੈਂ ਹੋਰ ਵੀ ਹੌਲੀ ਕਰ ਲਈ ਸੀ ਕੁਝ ਕਹਿਣ ਲਈ ਪਰ ਉਸ ਨੂੰ ਰੋਂਦਿਆ ਦੇਖ ਕੇ ਪੁੱਛਿਆ, “ ਸੋਹਣੀਏ, ਤੂੰ ਠੀਕ ਏਂ?”
“ਹਾਂ, ਸ਼ੁਕਰੀਆ।”
“ਤੂੰ ਰੋ ਰਹੀ ਐਂ, ਸਭ ਠੀਕ ਤਾਂ ਹੈ?”
“ਹਾਂ, ਸਭ ਠੀਕ ਹੈ।”
“ਮੈਂ ਤੇਰੇ ਕਿਸੇ ਕੰਮ ਆ ਸਕਦਾਂ?”
“ਸ਼ੁਕਰੀਆ, ਮੈਨੂੰ ਇਕੱਲਿਆਂ ਛੱਡ ਦੇ, ਮੈਂ ਠੀਕ ਹਾਂ।”
“ਜੇ ਤੂੰ ਠੀਕ ਹੈ ਤਾਂ ਚੁੱਪ ਕਿਉਂ ਨਹੀਂ ਕਰ ਜਾਂਦੀ?”
-----
ਇੰਨੇ ਚਿਰ ਤਕ ਮੈਂ ਕਾਰ ਰੋਕ ਕੇ ਥੱਲੇ ਉਤਰ ਚੁੱਕਿਆ ਸਾਂ। ਉਹ ਟੀਸ਼ੂ ਨਾਲ ਅੱਖਾਂ ਸਾਫ਼ ਕਰਦੀ ਕਾਹਲੀ-ਕਾਹਲੀ ਤੁਰ ਗਈ। ਮੈਂ ਖੜਾ ਉਸ ਨੂੰ ਦੇਖਦਾ ਰਿਹਾ। ਜਿੰਨੀ ਉਹ ਚਿਹਰੇ ਤੋਂ ਖ਼ੂਬਸੂਰਤ ਸੀ ਓਨੀ ਹੀ ਪਿੱਛਿਓਂ ਵੀ। ਵੈਸੇ ਤਾਂ ਸਾਰੀਆਂ ਗੋਰੀਆਂ ਹੀ ਮੈਨੂੰ ਸੁਹਣੀਆਂ ਲੱਗਦੀਆਂ ਹਨ ਪਰ ਉਹ ਕੁਝ ਖ਼ਾਸ ਸੀ। ਉਸ ਵਿਚ ਕੋਈ ਵੱਡੀ ਚੀਜ਼ ਸੀ ਜੋ ਮੈਨੂੰ ਖਿੱਚ ਰਹੀ ਸੀ। ਕਾਫ਼ੀ ਅੱਗੇ ਜਾ ਕੇ ਉਸ ਨੇ ਪਿੱਛੇ ਮੁੜ ਕੇ ਦੇਖਿਆ, ਇਕ ਪਲ ਰੁਕੀ। ਮੈਂ ਹੱਥ ਹਿਲਾਇਆ। ਉਹ ਜਵਾਬ ਦਿੱਤੇ ਬਿਨਾਂ ਅੱਗੇ ਚਲੀ ਗਈ।
ਉਹ ਤਾਂ ਚਲੀ ਗਈ ਪਰ ਉਸ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਮੇਰੇ ਸਾਹਮਣੇ ਰਹਿਣ ਲੱਗੀਆਂ। ਮੈਂ ਉਨ੍ਹਾਂ ਸੜਕਾਂ ਉਪਰ ਹੁੰਦਾ ਤਾਂ ਮੈਨੂੰ ਉਹ ਅੱਖਾਂ ਬਹੁਤ ਯਾਦ ਆਉਂਦੀਆਂ। ਮੈਂ ਜਾਣ ਕੇ ਕਾਰ ਉਸ ਮੋੜ ’ਤੇ ਲਿਆ ਕੇ ਰੋਕ ਲੈਂਦਾ ਜਿਥੇ ਉਹ ਮਿਲੀ ਸੀ।
-----
ਹਾਲੇ ਥੋੜ੍ਹੇ ਹੀ ਦਿਨ ਲੰਘੇ ਸਨ ਕਿ ਉਹ ਕੁੜੀ ਮੈਨੂੰ ਫਿਰ ਸੜਕ ’ਤੇ ਤੁਰੀ ਜਾਂਦੀ ਦਿਸ ਪਈ। ਮੈਂ ਸਵਾਰੀ ਉਤਾਰ ਕੇ ਆ ਰਿਹਾ ਸਾਂ। ਉਸ ਦੇ ਨੇੜੇ ਜਾ ਕੇ ਕਾਰ ਰੋਕ ਲਈ। ਅੱਜ ਉਹ ਫਿਰ ਰੋ ਰਹੀ ਸੀ। ਮੈਂ ਕਾਰ ਬਰਾਬਰ ਲਿਆ ਕੇ ਰੋਕੀ ਤੇ ਪੁੱਛਿਆ, “ਕੀ ਨਾਂ ਤੇਰਾ?”
“ਬੀਟਰਸ।’
“ਰੋਂਦੀ ਕਿਉਂ ਐ?”
“ਕਿਉਂ? ... ਤੇਰੇ ਕੰਮ ਦੀ ਕੋਈ ਗੱਲ ਨਹੀਂ।”
“ਕੋਈ ਗੰਭੀਰ ਗੱਲ ਐ?”
“ਤੈਨੂੰ ਕਿਹਾ ਨਾ ਤੇਰੇ ਕੰਮ ਦੀ ਕੋਈ ਗੱਲ ਨਹੀਂ, ਤੂੰ ਜਾਹ।”
“ਦੇਖ ਬੀਟਰਸ, ਸੜਕ ਉਪਰ ਤੁਰੀ ਜਾਂਦੀ ਰੋਂਦੀ ਐਂ, ਕੋਈ ਗੱਲ ਤਾਂ ਐ, ਐਵੇਂ ਨਾ ਰੋ, ਪਲੀਜ਼ ਚੁੱਪ ਕਰ ਜਾ।”
“ਜੇ ਨਾ ਕਰਾਂ ਤਾਂ?”
“ਫੇਰ ਮੈਂ ਵੀ ਰੋਣ ਲੱਗ ਪਵਾਂਗਾ।”
ਮੇਰੀ ਗੱਲ ’ਤੇ ਉਹ ਹੱਸ ਪਈ। ਉਸ ਦੇ ਹੰਝੂਆਂ ਵਿਚ ਧੁੱਪ ਦੀ ਲਿਸ਼ਕੋਰ ਉਭਰੀ। ਮੁਸਕਰਾਹਟ ਨਾਲ ਉਸ ਦਾ ਪਤਲਾ ਜਿਹਾ ਚਿਹਰਾ ਭਰਿਆ-ਭਰਿਆ ਲੱਗਿਆ। ਮੈਂ ਫਿਰ ਕਿਹਾ, “ਮੇਰਾ ਨਾਂ ਇੰਦਰ ਐ, ਟੈਕਸੀ ਚਲਾਉਂਦਾ, ਤੇਰੀ ਖ਼ੂਬਸੂਰਤੀ ਮੇਰੀ ਕਾਰ ਨੂੰ ਬਰੇਕਾਂ ਮਾਰ ਦਿੰਦੀ ਐ, ਜਦੋਂ ਤੂੰ ਰੋਂਦੀ ਐ ਤਾਂ ਹੋਰ ਵੀ ਪਿਆਰੀ ਲੱਗਦੀ ਐਂ, ਬੀਟਰਸ ਰੋ ਲੈ ਥੋੜ੍ਹਾ ਹੋਰ ਰੋ ਲੈ, ਮੇਰਾ ਮਨ ਖ਼ੁਸ਼ ਹੋ ਜਾਏਗਾ।”
“ਤੂੰ, ਮੈਨੂੰ ਰੁਆ ਕੇ ਖ਼ੁਸ਼ ਐਂ!”
“ਨਹੀਂ, ਪਰ ਤੂੰ ਰੋ ਕੇ ਖ਼ੁਸ਼ ਐਂ ਤੇ ਮੈਨੂੰ ਰੋਣ ਦਾ ਕਾਰਨ ਵੀ ਨਹੀਂ ਦੱਸ ਰਹੀ।’
“ਮੇਰੇ ਰੋਣ ਦੇ ਨਿੱਜੀ ਕਾਰਨ ਨੇ।”
“ਪਰ ਤੂੰ ਰੋਨੀ ਤਾਂ ਪਬਲਿਕ ਵਿਚ ਏਂ, ਜੇ ਨਿੱਜੀ ਕਾਰਨ ਨੇ ਤਾਂ ਘਰ ਜਾ ਕੇ ਰੋ।”
ਉਹ ਖ਼ੁਸ਼ ਹੋ ਗਈ ਤੇ ਉਸ ਦਾ ਚਿਹਰਾ ਖਿੜਨ ਲੱਗਿਆ। ਉਹ ਬੋਲੀ, “ਤੂੰ ਮੇਰੇ ਪਿੱਛੇ ਕਿਉਂ ਪਿਆ ਐਂ, ਆਪਣਾ ਕੰਮ ਕਰ।”
“ਮੈਂ ਸੋਚਿਆ ਕਿ ਸ਼ਾਇਦ ਤੇਰੇ ਕਿਸੇ ਕੰਮ ਆ ਸਕਾਂ।”
ਉਹ ਅੱਗੇ ਕੁਝ ਨਾ ਬੋਲੀ ਤੇ ਬਾਏ-ਬਾਏ ਕਰਕੇ ਚਲੀ ਗਈ। ਮੈਂ ਬੀਟਰਸ ਨੂੰ ਜਾਂਦਿਆਂ ਦੇਖਦਾ ਰਿਹਾ ਤੇ ਉਸ ਬਾਰੇ ਸੋਚਣ ਲੱਗਿਆ ਕਿ ਇਹ ਕੌਣ ਹੋਈ। ਪਹਿਲਾਂ ਤਾਂ ਕਦੇ ਦੇਖੀ ਨਹੀਂ। ਇੰਨੇ ਦਿਨਾਂ ਤੋਂ ਮੈਂ ਇਨ੍ਹਾਂ ਸੜਕਾਂ ’ਤੇ ਘੁੰਮਦਾ ਸਾਂ। ਮੈਂ ਉਸ ਨੂੰ ਦੇਖਿਆ ਕਿ ਜੇਈਅਰ ਰੋਡ ਵੱਲ ਮੁੜ ਗਈ। ਹੋ ਸਕਦਾ ਸੀ ਕਿ ਉਥੇ ਹੀ ਕਿਤੇ ਰਹਿੰਦੀ ਹੋਵੇਗੀ।
-----
ਜਦ ਵੀ ਇਥੇ ਆ ਕੇ ਖ਼ਾਲੀ ਹੁੰਦਾ ਤਾਂ ਇਨ੍ਹਾਂ ਸੜਕਾਂ ਦੇ ਐਵੇਂ ਗੇੜੇ ਮਾਰਨ ਲੱਗਦਾ। ਇਕ ਦਿਨ ਬੀਟਰਸ ਫਿਰ ਦਿੱਸੀ। ਮੈਂ ਕੋਲ ਜਾ ਕੇ ਕਾਰ ਰੋਕੀ ਤੇ ਬਾਹਰ ਨਿਕਲ ਆਇਆ। ਮੈਂ ਉਸ ਦਾ ਰਾਹ ਰੋਕ ਕੇ ਕਿਹਾ, ‘ਬੀਟਰਸ, ਕੀ ਹਾਲ ਐ?”
“ਠੀਕ ਹਾਂ, ਕੀ ਨਾਂ ਦੱਸਿਆ ਸੀ ਤੂੰ?”
“ਇੰਦਰ।”
“ਹਾਂ ਹਾਂ, ਤੈਨੂੰ ਕੋਈ ਕੰਮ ਐ ਮੇਰੇ ਤੱਕ?’
‘ਹਾਂ, ਮੈਨੂੰ ਕੰਮ ਐ ਕਿ ਮੈਂ ਤੈਨੂੰ ਚਾਹ ਦਾ ਕੱਪ ਜਾਂ ਬੀਅਰ ਦਾ ਗਲਾਸ ਪਿਲਾਉਣਾ ਚਾਹੁੰਨਾ।”
“ਕਿਉਂ?”
“ਇਸੇ ਬਹਾਨੇ ਤੇਰੇ ਨਾਲ ਗੱਲਾਂ ਹੋ ਜਾਣਗੀਆਂ। ਨਾਲੇ ਤੇਰੇ ਰੋਣ ਦਾ ਕਾਰਨ ਪੁੱਛ ਲਵਾਂਗਾ।”
“ਮੇਰੇ ਰੋਣ ਦਾ ਕਾਰਨ ਮੇਰਾ ਬੁਆਏ ਫਰਿੰਡ ਐ, ਉਹ ਆਪਣੀ ਸਾਰੀ ਤਨਖਾਹ ਦਾ ਜੂਆ ਖੇਡ ਲੈਂਦਾ ਐ, ਮੈਨੂੰ ਜੋ ਕੁਝ ਮਿਲਦਾ ਐ ਉਹ ਵੀ ਖੋਹ ਲੈਂਦਾ ਐ, ਉਪਰੋਂ ਦੀ ਮੈਨੂੰ ਮਾਰਦਾ ਕੁਟਦਾ ਵੀ ਐ।”
ਉਸ ਦੀ ਗੱਲ ਸੁਣ ਕੇ ਮੈਂ ਚੁੱਪ ਕਰ ਗਿਆ। ਇਹ ਤਾਂ ਭੂੰਡਾਂ ਦੇ ਖੱਖਰ ਵਿਚ ਹੱਥ ਪਾਉਣ ਵਾਲੀ ਗੱਲ ਸੀ। ਮੈਨੂੰ ਚੁੱਪ ਦੇਖ ਕੇ ਉਹ ਬੋਲੀ, ਠਤੂੰ ਪੁੱਛਦਾ ਸੈਂ, ਦੱਸ ਕੀ ਮਦਦ ਕਰ ਸਕਦੈਂ ਇਸ ਮਾਮਲੇ ਵਿਚ?”
‘‘ਮੈਂ, ਮੈਂ ਤੈਨੂੰ ਉਸ ਤੋਂ ਨਜ਼ਾਤ ਦਵਾ ਸਕਦਾਂ।”
-----
ਮੈਂ ਬਿਨਾਂ ਕੁਝ ਸੋਚੇ ਸਮਝੇ ਕਹਿ ਗਿਆ। ਬਾਅਦ ਵਿਚ ਖ਼ਿਆਲ ਆਇਆ ਕਿ ਇਹ ਕੀ ਬੋਲ ਗਿਆਂ। ਵੈਸੇ ਮੇਰਾ ਦਿਲ ਇਹ ਕਹਿ ਰਿਹਾ ਸੀ ਕਿ ਇੰਨੀ ਸੁਹਣੀ ਕੁੜੀ ਨੂੰ ਕਿਸੇ ਗ਼ਲਤ ਬੰਦੇ ਤੋਂ ਛੁਟਕਾਰਾ ਦਵਾਉਣਾ ਮਾੜੀ ਗੱਲ ਨਹੀਂ। ਉਹ ਚੁੱਪ ਸੀ। ਮੈਂ ਪੁੱਛਿਆ, “ਬੀਟਰਸ, ਕਿਥੇ ਰਹਿੰਦੀ ਏਂ?”
“ਜੇਈਅਰ ਰੋਡ ’ਤੇ, ਰੌਬਰਟ ਹਾਊਸ ਵਿਚ, ਪੰਦਰਾਂ ਨੰਬਰ।”
“ਇਧਰੋਂ ਕਿਧਰੋਂ ਆਈ ਐਂ?”
“ਮੇਰਾ ਛੋਟਾ ਮੁੰਡਾ ਨਰਸਰੀ ਜਾਂਦਾ ਐ, ਇਸ ਵੇਲੇ ਉਹਨੂੰ ਛੱਡਣ ਜਾਂਦੀ ਆਂ, ਵੱਡਾ ਵੀ ਉਸੇ ਸਕੂਲ ਜਾਂਦਾ। ਉਸ ਨੂੰ ਸਵੇਰੇ ਈ ਛੱਡ ਆਉਂਨੀ ਆਂ, ਫਿਰ ਸਾਢੇ ਤਿੰਨ ਵਜੇ ਦੋਨਾਂ ਨੂੰ ਇਕੱਠਿਆਂ ਨੂੰ ਲੈ ਲੈਂਦੀ ਆਂ।”
ਗੱਲ ਮੁਕਾ ਕੇ ਉਸ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ। ਮੈਂ ਚੁੱਪ ਰਿਹਾ। ਉਹ ਅਲਵਿਦਾ ਕਰਦੀ ਤੁਰ ਗਈ। ਮੈਂ ਕਾਹਲੀ ਨਾਲ ਕਾਰ ਵਿਚ ਜਾ ਬੈਠਾ ਤੇ ਕਾਰ ਸਟਾਰਟ ਕਰਦਾ ਕਹਿਣ ਲੱਗਿਆ, “ਇੰਦਰ ਸਿਆਂ, ਦੋ ਨਿਆਣਿਆਂ ਦੀ ਮ੍ਯਾਂ ਤੇ ਫ਼ਿਦਾ ਹੋਇਆ ਫਿਰਦੈਂ, ਅਕਲ ਕਰ ਅਕਲ!”
-----
ਉਸ ਦਿਨ ਤੋਂ ਬਾਅਦ ਮੈਂ ਬੀਟਰਸ ਬਾਰੇ ਸੋਚਣਾ ਬੰਦ ਕਰ ਦਿੱਤਾ। ਮੈਨੂੰ ਔਰਤ ਨਾਲ ਦੋਸਤੀ ਦੀ ਭੁੱਖ ਤਾਂ ਸੀ ਪਰ ਦੋ ਬੱਚਿਆਂ ਦੀ ਮਾਂ ਨਹੀਂ ਚਾਹੀਦੀ ਸੀ। ਮੈਨੂੰ ਸਾਂਡਰਾਂ ਵਰਗੀ ਇਕੱਲੀ ਇਕਹਰੀ ਚਾਹੀਦੀ ਸੀ। ਸਾਂਡਰਾਂ ਨਾਲ ਦਿਲ ਦੀ ਸਾਂਝ ਨਹੀਂ ਪੈ ਸਕੀ ਇਸ ਲਈ ਮੈਂ ਉਸ ਤੋਂ ਕਿਨਾਰਾ ਕਰ ਲਿਆ ਸੀ। ਵੈਸੇ ਤਾਂ ਗੁਜਰਾਤਣ ਮੀਨਾ ਵੀ ਹੈ ਸੀ ਪਰ ਉਹ ਸਿਗਰਟਾਂ ਬਹੁਤ ਪੀਂਦੀ ਸੀ ਤੇ ਧੂੰਆ ਮੈਨੂੰ ਪਸੰਦ ਨਹੀਂ ਸੀ। ਮੀਨਾ ਕੋਲ ਬੈਠਣਾ ਹੀ ਮੇਰੇ ਲਈ ਮੁਸ਼ਕਲ ਹੋ ਜਾਂਦਾ। ਮੈਂ ਚਾਹੁੰਦਾ ਸਾਂ ਕਿ ਕੋਈ ਹੋਵੇ ਜਿਸ ਕੋਲ ਬੈਠ ਕੇ ਵਿਸਕੀ ਦੀਆਂ ਘੁੱਟਾਂ ਭਰ ਸਕਾਂ, ਜਿਸ ਕੋਲ ਆਪਣਾ ਦਿਲ ਹਲਕਾ ਕਰ ਸਕਾਂ। ਮੈਂ ਇੰਨਾ ਵੀ ਨਹੀਂ ਸਾਂ ਤਰਸਿਆ ਕਿ ਬੀਟਰਸ ਵਰਗੀ ਪਹਿਲਾਂ ਹੀ ਰੁਝੀ ਹੋਈ ਬਲਕਿ ਗ੍ਰਹਿਸਥੀ ਦੇ ਜੰਜਾਲ ਵਿਚ ਉਲਝੀ ਹੋਈ ਔਰਤ ਨਾਲ ਦੋਸਤੀ ਪਾਵਾਂ।
ਬੀਟਰਸ ਜੇਈਅਰ ਰੋਡ ’ਤੇ ਫਲੈਟਾਂ ਦੇ ਬਲੌਕ ਵਿਚ ਰਹਿੰਦੀ ਸੀ, ਜਿਵੇਂ ਉਸ ਨੇ ਦੱਸਿਆ ਹੀ ਸੀ। ਜੇਈਅਰ ਰੋਡ ਉਪਰਦੀ ਮੇਰਾ ਰਾਹ ਨਹੀਂ ਸੀ ਪਰ ਉਧਰੋਂ ਦੀ ਮੇਰੇ ਤੋਂ ¦ਘ ਹੋ ਜਾਣ ਲੱਗਿਆ। ਰੋਬਰਟ ਹਾਊਸ ਦੇ ਬਾਹਰ ਫਲੈਟਾਂ ਦੇ ਨੰਬਰ ਲਿਖੇ ਸਨ- ਇਕ ਤੋਂ ਚਾਲੀ। ਚਾਰ ਮੰਜ਼ਿਲਾਂ ਦੀ ਇਮਾਰਤ। ਇਕ ਮੰਜ਼ਲ ’ਤੇ ਦਸ ਫਲੈਟ। ਦੂਜੀ ਮੰਜ਼ਲ ’ਤੇ ਰਹਿੰਦੀ ਸੀ ਉਹ। ਜੇਈਅਰ ਰੋਡ ਤੋਂ ਲੰਘਦਾ ਹੋਇਆ ਮੈਂ ਰੌਬਰਟ ਹਾਊਸ ਦੀ ਦੂਜੀ ਮੰਜ਼ਿਲ ਦੀਆਂ ਖਿੜਕੀਆਂ ਦੇਖਦਾ ਲੰਘਦਾ ਕਿ ਇਨ੍ਹਾਂ ਵਿਚੋਂ ਕਿਹੜੀ ਖਿੜਕੀ ਹੋਈ ਬੀਟਰਸ ਦੀ।
-----
ਇਕ ਦਿਨ ਬੀਟਰਸ ਮੈਨੂੰ ਜੇਈਅਰ ਰੋਡ ’ਤੇ ਜਾਂਦੀ ਹੋਈ ਦਿਸੀ। ਮੈਂ ਉਸ ਨੂੰ ਪਿਛਿਓਂ ਹੀ ਪਛਾਣ ਲਿਆ। ਚਾਹੁੰਦਾ ਤਾਂ ਮੈਂ ਸੀ ਕਿ ਚੁੱਪ ਕਰਕੇ ਲੰਘ ਜਾਵਾਂ ਪਰ ਉਸ ਨੂੰ ਹੈਲੋ ਕਹਿਣਾ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਸ ਨੇੜੇ ਜਾ ਕੇ ਕਾਰ ਹੌਲੀ ਕਰ ਲਈ। ਮੈਂ ਉਸ ਦੇ ਚਿਹਰੇ ਵੱਲ ਦੇਖਿਆ ਤੇ ਦੇਖਦਾ ਹੀ ਰਹਿ ਗਿਆ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਤੇ ਮੂੰਹ ਨੀਲਾਂ ਨਾਲ ਭਰਿਆ ਪਿਆ ਸੀ। ਕਿਸੇ ਨੇ ਬੁਰੀ ਤਰ੍ਹਾਂ ਮਾਰਿਆ ਜਾਪਦਾ ਸੀ। ਮੈਂ ਬਾਹਰ ਉਤਰ ਕੇ ਉਸ ਦੇ ਨੇੜੇ ਗਿਆ ਤੇ ਪੁੱਛਿਆ, “ਬੀਟਰਜ਼, ਇਹ ਸਭ ਕੀ?”
“ਪੀਟਰ ਨੇ ਬਹੁਤ ਬੁਰੀ ਤਰ੍ਹਾਂ ਮੈਨੂੰ ਮਾਰਿਆ।”
“ਪੀਟਰ ਕੌਣ?”
“ਪੀਟਰ ਬਿੰਗਲੇ, ਜੌਹਨ ਦਾ ਪਿਓ, ਜੌਹਨ ਮੇਰਾ ਛੋਟਾ ਪੁੱਤਰ....” ਕਹਿ ਕੇ ਉਹ ਰੋਣ ਲੱਗ ਪਈ। ਇਸ ਮੁਲਕ ਵਿਚ ਇੰਨੀ ਅਬਲਾ ਔਰਤ ਮੈਨੂੰ ਪਹਿਲੀ ਵਾਰ ਦੇਖਣ ਨੂੰ ਮਿਲੀ। ਮੈਂ ਗੁੱਸੇ ਜਿਹੇ ਵਿਚ ਆ ਕੇ ਕਿਹਾ, “ਉਹਨੇ ਮਾਰਿਆ ਤੇ ਤੂੰ ਮਾਰ ਖਾ ਲਈ! ਪੁਲਿਸ ਕਿਉਂ ਨਹੀਂ ਬੁਲਾਈ?”
“ਪੁਲਿਸ ਬੁਲਾਈ ਸੀ, ਪੁਲਿਸ ਨੇ ਕੋਰਟ ਵਿਚੋਂ ਪੀਟਰ ਨੂੰ ਮੇਰੇ ਘਰ ਤੋਂ ਸੌ ਗਜ਼ ਦੂਰ ਰਹਿਣ ਦਾ ਹੁਕਮ ਲੈ ਦਿੱਤੈ ਪਰ ਉਹਦੇ ਨਾਲ ਕੀ ਫ਼ਰਕ ਪੈਂਦਾ, ਪਹਿਲਾਂ ਵੀ ਇਵੇਂ ਹੋਇਆ ਸੀ, ਉਹਦੇ ਕੋਲ ਬਹਾਨਾ ਹੈ ਕਿ ਜੌਹਨ ਨੂੰ ਦੇਖਣਾ ਐ, ਇਸੇ ਬਹਾਨੇ ਵਾਪਸ ਆ ਵੜਦਾ ਐ, ਦੋ ਦਿਨ ਸੁੱਖ ਦੇ ਨਿਕਲਣਗੇ ਫਿਰ ਉਹੀ ਨਰਕ ਸ਼ੁਰੂ....।”
“ਤੇਰੀ ਕੋਈ ਮਦਦ ਨਹੀਂ ਕਰਦਾ?”
“ਸਾਰੇ ਪੜੋਸੀ ਉਸ ਤੋਂ ਡਰਦੇ ਆ, ਮੇਰੀ ਸਹੇਲੀ ਸ਼ੀਲਾ ਦਾ ਪਤੀ ਐ ਟੌਮੀ, ਉਹ ਥੋੜ੍ਹੀ ਬਹੁਤ ਮਦਦ ਕਰ ਦਿੰਦੈ, ਪਰ ਉਹ ਵੀ ਪੀਟਰ ਨਾਲ ਪੱਬ ’ਚ ਜਾਂਦਾ ਐ, ਉਹ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ।”
-----
ਮੇਰੇ ਕਹਿਣ ’ਤੇ ਉਹ ਮੇਰੇ ਨਾਲ ਆ ਬੈਠੀ। ਮੈਂ ਕੰਟਰੋਲਰ ਨੂੰ ਦੱਸ ਕੇ ਛੁੱਟੀ ਕਰ ਲਈ। ਹੈਰੋ ਰੋਡ ਉਪਰ ਇਕ ਪੱਬ ਸੀ ਜਿਥੇ ਮੈਂ ਕਦੇ ਕਦੇ ਜਾਇਆ ਕਰਦਾ ਸਾਂ। ਮੈਂ ਬੀਟਰਸ ਨੂੰ ਉਥੇ ਲੈ ਗਿਆ। ਉਸ ਲਈ ਵੀ ਬੀਅਰ ਖਰੀਦੀ, ਆਪਣੇ ਲਈ ਵੀ। ਇਕ ਨਿਵੇਕਲੇ ਜਿਹੇ ਮੇਜ਼ ਦੁਆਲੇ ਬੈਠਦਿਆਂ ਮੈਂ ਆਪਣੇ ਬਾਰੇ ਸੰਖੇਪ ਜਿਹਾ ਦੱਸਿਆ ਤੇ ਉਸ ਨੂੰ ਫਿਰ ਪਹਿਲਾ ਸਵਾਲ ਕੀਤਾ, “ਤੇਰਾ ਕੋਈ ਨਹੀਂ ਜੋ ਤੇਰੀ ਮਦਦ ਕਰ ਸਕੇ? ਮੇਰਾ ਮਤਲਬ ਭੈਣ ਭਰਾ?”
“ਲੰਡਨ ਵਿਚ ਮੇਰਾ ਕੋਈ ਨਹੀਂ, ਕੈਂਟ ਵਿਚ ਮੇਰੇ ਮਾਂ ਪਿਓ ਰਹਿੰਦੇ ਆ, ਪਰ ਉਹ ਬੁੱਢੇ ਹੋ ਚੁੱਕੇ ਆ, ਮੇਰੀਆਂ ਮੁਸ਼ਕਲਾਂ ਵਿਚ ਸਹਾਈ ਨਹੀਂ ਹੋ ਸਕਦੇ, ਮੇਰਾ ਇਕ ਭਰਾ ਵੀ ਐ ਪਰ ਉਹਦੀ ਆਪਣੀ ਜ਼ਿੰਦਗੀ ਐ, ਉਹਦੀਆਂ ਮੁਸ਼ਕਲਾਂ ਵੀ ਘੱਟ ਨਹੀਂ।”
ਫਿਰ ਉਹ ਆਪਣੀ ਕਹਾਣੀ ਦੱਸਣ ਲੱਗੀ। ਉਸ ਦਾ ਪਹਿਲਾ ਮੁੰਡਾ ਡੈਨੀ ਚੜ੍ਹਦੀ ਉਮਰੇ ਹੀ ਹੋ ਗਿਆ ਸੀ। ਡੈਨੀ ਦੇ ਪਿਓ ਮੈਥੀਊ ਨੂੰ ਜਦ ਪਤਾ ਲੱਗਿਆ ਕਿ ਬੀਟਰਸ ਮਾਂ ਬਣਨ ਵਾਲੀ ਸੀ ਤਾਂ ਉਹ ਛੱਡ ਕੇ ਭੱਜ ਗਿਆ। ਫਿਰ ਉਸ ਦਾ ਵਾਹ ਪੀਟਰ ਨਾਲ ਪਿਆ। ਜੌਹਨ, ਪੀਟਰ ਤੋਂ ਸੀ। ਪੀਟਰ ਬਹੁਤਾ ਵਧੀਆ ਬੰਦਾ ਨਹੀਂ ਸੀ, ਉਮਰ ਵਿਚ ਵੀ ਬੀਟਰਸ ਤੋਂ ਵੱਡਾ ਸੀ ਪਰ ਇਕ ਬੱਚੇ ਦੀ ਮਾਂ ਹੋਣ ਕਰਕੇ ਢੰਗ ਦਾ ਬੰਦਾ ਉਸ ਨੂੰ ਮਿਲ ਨਹੀਂ ਸੀ ਰਿਹਾ ਤੇ ਉਹ ਪੀਟਰ ਨਾਲ ਹੀ ਰਹਿਣ ਲੱਗੀ ਸੀ।
ਉਸ ਨੇ ਮੁੰਡਿਆਂ ਨੂੰ ਸਕੂਲ ਤੋਂ ਸਾਢੇ ਤਿੰਨ ਵਜੇ ਲੈਣਾ ਸੀ। ਸਾਡੇ ਕੋਲ ਵਕਤ ਖੁੱਲ੍ਹਾ ਸੀ। ਅਸੀਂ ਉਥੇ ਪੱਬ ਵਿਚ ਹੀ ਬੈਠੇ ਰਹੇ। ਫਿਰ ਉਥੋਂ ਹੀ ਮੈਂ ਉਸ ਨਾਲ ਸਕੂਲ ਗਿਆ। ਉਸ ਨੇ ਮੁੰਡੇ ਲਏ ਤੇ ਮੈਂ ਉਨ੍ਹਾਂ ਨੂੰ ਘਰ ਛੱਡਣ ਚਲੇ ਗਿਆ। ਰਾਬਰਟ ਹਾਊਸ ਦੇ ਅੰਦਰ ਪਹਿਲੀ ਵਾਰ ਜਾ ਰਿਹਾ ਸਾਂ ਭਾਵੇਂ ਬਾਹਰੋਂ ਬਹੁਤ ਵਾਰ ਦੇਖਦਾ।
-----
ਇਹ ਪੁਰਾਣੀ ਜਿਹੀ ਇਮਾਰਤ ਸੀ, ਵਿਕਟੋਰੀਅਨ ਜਿਹੀ ਦਿਸਦੀ ਹੋਈ। ਕੰਧਾਂ ਸਲ੍ਹਾਬੀਆਂ ਹੋਈਆਂ ਸਨ। ਦੂਜੀ ਮੰਜ਼ਿਲ ਉਪਰ ਬੀਟਰਸ ਦਾ ਦੋ ਸੌਣ-ਕਮਰਿਆਂ ਦਾ ਫਲੈਟ ਸੀ। ਨਾਲ ਹੀ ਇਕ ਬੈਠਕ ਤੇ ਰਸੋਈ-ਬਾਥਰੂਮ। ਫਲੈਟ ਦੀ ਕਿਸੇ ਤਰ੍ਹਾਂ ਵੀ ਸੰਭਾਲ ਨਹੀਂ ਸੀ ਕੀਤੀ ਹੋਈ। ਪੁਰਾਣੀ ਜਿਹੀ ਸੈਟੀ, ਗੰਦੀ ਜਿਹੀ ਕਾਰਪੈਟ, ਪਾਟਾ ਹੋਇਆ ਕੰਧਾਂ ਦਾ ਪੇਪਰ। ਮੈਨੂੰ ਇਧਰ ਉਧਰ ਦੇਖਦਿਆਂ ਤੱਕ ਕੇ ਬੋਲੀ, “ਇਹ ਮੇਰਾ ਘਰ, ਗ਼ਰੀਬੀ ਦੀ ਤਸਵੀਰ!”
“ਬੀਟਰਸ, ਤੂੰ ਖ਼ੂਬਸੂਰਤ ਐਂ, ਤੇਰਾ ਦਿਲ ਖ਼ੂਬਸੂਰਤ ਐ, ਤੂੰ ਕਿਧਰੋਂ ਦੀ ਗ਼ਰੀਬ ਹੋਈ!”
“ਇਨ੍ਹਾਂ ਚੀਜ਼ਾਂ ਦੇ ਕੋਈ ਮਾਅਨੇ ਨਹੀਂ, ਆਈਂਡਰ।”
“ਆਈਂਡਰ ਨਹੀਂ ਇੰਦਰ।”
ਉਹ ਮੇਰੇ ਨਾਂ ਦਾ ਗ਼ਲਤ ਉਚਾਰਣ ਕਰ ਰਹੀ ਸੀ। ਮੈਂ ਸੁਧਾਰਦਿਆਂ ਉਸ ਨੂੰ ਕਿਹਾ ਤੇ ਉਹ ਮੇਰੇ ਨਾਂ ਨੂੰ ਕਹਿਣ ਦਾ ਅਭਿਆਸ ਕਰਨ ਲੱਗੀ, “ਓ. ਕੇ. ਆਈਂਡਰ ਨਹੀਂ, ਈਂਡਰ, ਇੰਡਰ, ਇੰਦਰ! ਖ਼ੁਸ਼ ਐਂ?”
ਫਿਰ ਹੱਸਦੀ ਹੋਈ ਕਹਿਣ ਲੱਗੀ, “ਓਪਰੇ ਨਾਵਾਂ ਨਾਲ ਮੇਰਾ ਬਹੁਤ ਵਾਹ ਨਹੀਂ ਪਿਆ, ਮੁਆਫ਼ ਕਰਨਾ!”
“ਕੋਈ ਗੱਲ ਨਹੀਂ, ਹੁਣ ਪੈ ਜਾਵੇਗਾ। ਤੇਰੇ ਆਲੇ-ਦੁਆਲੇ ਕੋਈ ਹੋਰ ਏਸ਼ੀਅਨ ਜਾਂ ਕਾਲੇ ਰੰਗ ਦੇ ਲੋਕ ਨਹੀਂ?”
“ਨਹੀਂ, ਪੀਟਰ ਕਾਲੇ ਰੰਗ ਨੂੰ ਪਸੰਦ ਨਹੀਂ ਕਰਦਾ।”
“ਫੇਰ ਤਾਂ ਤੈਨੂੰ ਮੇਰੇ ਨਾਲ ਦੇਖ ਕੇ ਬਹੁਤ ਗ਼ੁੱਸਾ ਕਰੇਗਾ।”
“ਹੋ ਸਕਦੈ ਪਰ ਮੈਨੂੰ ਪ੍ਰਵਾਹ ਨਹੀਂ, ਉਸ ਤਰ੍ਹਾਂ ਉਸ ਦਾ ਦਿਮਾਗ ਬਹੁਤ ਸ਼ਰਾਰਤੀ ਐ, ਕਿਸੇ ਦੁੱਧ ਦੀ ਡਾਇਰੀ ਵਿਚ ਕੰਮ ਕਰਦੈ, ਦੁੱਧ ਵਾਲੀ ਫਲੋਟ ਚਲਾਉਂਦੈ, ਪੂਰੀ ਹੇਰਾ ਫੇਰੀ ਕਰਦੈ, ਤਨਖਾਹ ਵੀ ਲੈਂਦੈ, ਮੇਰੇ ਪੈਸੇ ਵੀ ਖੋਹਦੈਂ ਭਾਵੇਂ ਬੱਚੇ ਭੁੱਖੇ ਰਹਿ ਜਾਣ।”
“ਇਨ੍ਹਾਂ ਪੈਸਿਆਂ ਦਾ ਕੀ ਕਰਦੈ?”
“ਜੂਆ ਖੇਲ੍ਹ ਲੈਂਦੈ, ਸਾਰੇ ਦੇ ਸਾਰੇ ਗੁਆ ਦਿੰਦੈ। ਦੱਸਿਆ ਸੀ ਨਾ।’
“ਜੂਏ ਵਿਚ ਤਾਂ ਹਾਰਨਾ ਈ ਹਾਰਨੈ!”
“ਉਹ ਜੂਏ ਵਿਚ ਹਾਰ ਜਾਂਦਾ ਹੋਏਗਾ ਪਰ ਜ਼ਿੰਦਗੀ ਵਿਚ ਜੇਤੂ ਐ, ਜੋ ਚਾਹੁੰਦਾ ਐ ਕਰਦੈ, ਹੁਣ ਆਵੇਗਾ, ਜੇ ਰੋਕਾਂਗੀ ਤਾਂ ਮਾਰੇਗਾ" ਕਹਿ ਕੇ ਉਹ ਰੋਣ ਲੱਗੀ। ਮੈਨੂੰ ਉਸ ’ਤੇ ਬਹੁਤ ਤਰਸ ਆਇਆ। ਮੈਂ ਉਸ ਨੂੰ ਮੋਢੇ ਤੋਂ ਘੁੱਟਦਿਆਂ ਕਿਹਾ, "ਦੱਸ ਮੈਂ ਕਿਸੇ ਕੰਮ ਆ ਸਕਦਾਂ?”
“ਤੂੰ ਮੇਰੇ ਕਿਹੜੇ ਕੰਮ ਆਏਂਗਾ? .... ਫਿਰ ਤੈਨੂੰ ਮੈਂ ਜਾਣਦੀ ਵੀ ਨਹੀਂ!”
“ਜਾਣਦਾ ਤਾਂ ਤੈਨੂੰ ਮੈਂ ਵੀ ਨਹੀਂ ਫਿਰ ਵੀ ਤੇਰੇ ਘਰ ਆ ਗਿਆਂ, ਤੇਰੇ ਲਈ ਕੁਝ ਨਾ ਕੁਝ ਕਰਨ ਲਈ ਤਿਆਰ ਆਂ।”
“ਤੂੰ ਮੇਰੇ ਲਈ ਕੀ ਕਰ ਸਕੇਂਗਾ?”
“ਪਤਾ ਨਹੀਂ, ਦੇਖ ਲੈ, ਸੋਚ ਲੈ।” ਕਹਿ ਕੇ ਮੈਂ ਘੜੀ ਦੇਖੀ। ਸ਼ਾਮ ਦੇ ਚਾਰ ਵੱਜ ਰਹੇ ਸਨ। ਬੀਟਰਸ ਦੇ ਮੁੰਡਿਆਂ ਨੇ ਮੇਰੇ ਨਾਲ ਮਾਮੂਲੀ ਜਿਹੀਆਂ ਗੱਲਾਂ ਕਰਕੇ ਟੈਲੀਵੀਜ਼ਨ ਦੇਖਣਾ ਸ਼ੁਰੂ ਕਰ ਦਿੱਤਾ ਸੀ। ਬੀਅਰ ਦੇ ਤਿੰਨ ਗਲਾਸ ਪੀਤੇ ਗਏ ਸਨ। ਪੱਬ ਵਿਚ ਬੈਠਿਆ ਤੇ ਉਦੋਂ ਤਾਂ ਨਸ਼ਾ ਜਿਹਾ ਹੋ ਗਿਆ ਸੀ ਪਰ ਹੁਣ ਸੁਸਤੀ ਪੈਣ ਲੱਗੀ ਸੀ। ਕੰਮ ’ਤੇ ਹੁਣ ਮੈਂ ਜਾ ਨਹੀਂ ਸੀ ਸਕਣਾ। ਮੈਂ ਮਨ ਬਣਾ ਲਿਆ ਕਿ ਘਰ ਜਾ ਕੇ ਅਰਾਮ ਕਰਾਂਗਾ ਤੇ ਕੱਲ੍ਹ ਨੂੰ ਜਲਦੀ ਕੰਮ ’ਤੇ ਜਾਵਾਂਗਾ। ਮੈਂ ਜਾਣ ਬਾਰੇ ਸੋਚਿਆ ਹੀ ਸੀ ਕਿ ਬੀਟਰਸ ਨੇ ਫਰਿਜ਼ ਵਿਚੋਂ ਵਾਈਨ ਦੀ ਬੋਤਲ ਕੱਢੀ ਤੇ ਦੋ ਗਲਾਸਾਂ ਵਿਚ ਪਾ ਦਿੱਤੀ। ਵਾਈਨ ਥੋੜ੍ਹੀ ਹੀ ਸੀ। ਵਾਈਨ ਮੁਕੀ ਤਾਂ ਕਿਸੇ ਖੂੰਜਿਓਂ ਵੋਦਕਾ ਦੀ ਬੋਤਲ ਲੱਭ ਲਿਆਈ ਜਿਸ ਵਿਚ ਦੋ ਕੁ ਹਾੜਿਆਂ ਜੋਗੀ ਦਾਰੂ ਸੀ। ਉਸ ਨੇ ਆਪ ਛੋਟਾ ਜਿਹਾ ਪੈੱਗ ਲਿਆ ਤੇ ਮੈਨੂੰ ਵੱਡਾ ਸਾਰਾ ਪਾ ਦਿੱਤਾ। ਜਿਵੇਂ ਮੈਨੂੰ ਆਦਤ ਸੀ ਕਿ ਇਕ-ਇਕ ਸਿਪ ਪੀਣ ਥਾਵੇਂ ਇਕੋ ਸਾਹੇ ਪੀ ਕੇ ਗਲਾਸ ਪਾਸੇ ਰੱਖ ਦਿੱਤਾ। ਮੈਨੂੰ ਇਵੇਂ ਪੀਂਦਿਆਂ ਦੇਖ ਕੇ ਉਹ ਬੋਲੀ, “ਜਲਦੀ ਐ?”
“ਨਹੀਂ, ਪਰ ਮੈਂ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ ਪੀਣ ਉਪਰ।”
ਉਹ ਹੱਸਣ ਲੱਗੀ। ਉਹ ਹੱਸਦੀ ਹੋਈ ਵੀ ਪਿਆਰੀ ਲੱਗ ਰਹੀ ਸੀ। ਉਸ ਨੇ ਕਿਹਾ, “ਮੈਨੂੰ ਬਹੁਤੀ ਸ਼ਰਾਬ ਚੰਗੀ ਨਹੀਂ ਲੱਗਦੀ।”
“ਮੈਨੂੰ ਤਾਂ ਚੰਗੀ ਲੱਗਦੀ ਐ, ਇਹ ਸ਼ਰਾਬ ਆਦਮੀ ਵਿਚ ਤਾਕਤ ਪਾਉਂਦੀ ਐ, ਆਦਮੀ ਨੂੰ ਜੀਉਂਦਾ ਰੱਖਦੀ ਐ।”
“ਤੂੰ ਬੰਦਾ ਦਿਲਚਸਪ ਐਂ। ਮੇਰੇ ਕੋਲੋਂ ਨਸ਼ਾ ਸੰਭਾਲਿਆ ਨਹੀਂ ਜਾਂਦਾ, ਆਪੇ ਤੋਂ ਬਾਹਰ ਹੋ ਜਾਂਦੀ ਆਂ, ਬੱਚੇ ਵੀ ਦੇਖਣੇ ਹੋਏ” ਕਹਿੰਦਿਆਂ ਉਹ ਉੱਠੀ। ਮੈਂ ਸੋਚਣ ਲੱਗਾ ਕਿ ਕਿਹੜੀ ਗੱਲ ਸੀ ਜਿਹੜੀ ਮੈਨੂੰ ਇਥੇ ਤਕ ਖਿੱਚ ਲਿਆਈ। ਜਿੰਨੀਆਂ ਗੱਲਾਂ ਮੈਂ ਬੀਟਰਸ ਨਾਲ ਕਰਦਾ ਓਨੀ ਹੀ ਉਹ ਹੋਰ ਪਿਆਰੀ ਲੱਗਦੀ। ਉਹ ਵੱਡੀ ਸਾਰੀ ਮੁਸਕਾਣ ਦਿੰਦੀ। ਉਸ ਦੇ ਚਿਹਰੇ ਦੀ ਬੁਰੀ ਹਾਲਤ ਸੀ, ਫਿਰ ਵੀ ਹੌਂਸਲੇ ਵਿਚ ਸੀ। ਜਦ ਇਸ ਦਾ ਆਦਮੀ ਮਾਰ ਰਿਹਾ ਹੋਵੇਗਾ ਤਾਂ ਇਸ ਦੇ ਅੰਦਰ ਕਿੱਡੇ ਵੱਡੇ ਜ਼ਖ਼ਮ ਹੋ ਰਹੇ ਹੋਣਗੇ। ਐਡੇ ਜ਼ਖ਼ਮਾਂ ਨਾਲ ਮੁਸਕਰਾਉਣਾ ਛੋਟੀ ਗੱਲ ਨਹੀਂ ਸੀ। ਸ਼ਾਇਦ ਇਸੇ ਕਾਰਣ ਹੀ ਉਸ ਵੱਲ ਖਿੱਚਿਆ ਜਾ ਰਿਹਾ ਸਾਂ ਮੈਂ। ਮੈਂ ਫਿਰ ਘੜੀ ਦੇਖੀ ਤੇ ਸੋਚਿਆ ਕਿ ਹੁਣ ਜਾਣਾ ਚਾਹੀਦਾ ਸੀ।
-----
ਬੀਟਰਸ ਰਸੋਈ ਦਾ ਗੇੜਾ ਕੱਢ ਕੇ ਆਈ ਤੇ ਕਹਿਣ ਲੱਗੀ, “ਮੇਰੇ ਵਿਚ ਹੁਣ ਹਿੰਮਤ ਨਹੀਂ ਬੱਚਿਆਂ ਲਈ ਕੁਝ ਪਕਾਉਣ ਦੀ, ਚਿਪਸ ਹੀ ਲਿਆ ਦੇਵਾਂਗੀ, ਦੁਕਾਨ ਨਾਲ ਹੀ ਐ।”
ਮੈਂ ਉੱਠ ਖੜ੍ਹਿਆ ਤੇ ਕਿਹਾ, “ਬੀਟਰਸ, ਡਰਿੰਕ ਲਈ ਸ਼ੁਕਰੀਆ, ਮੈਂ ਚਲਦਾਂ, ਟਰੈਫਿਕ ਹੋ ਜਾਏਗਾ, ਦੂਰ ਰਹਿੰਨਾ।”
ਉਹ ਕਿੱਧਰੋਂ ਰੰਮ ਦੀ ਬੋਤਲ ਕੱਢ ਲਿਆਈ। ਇਕੋ ਪੈੱਗ ਸੀ ਉਸ ਵਿਚ। ਉਹ ਹੱਸਦੀ ਹੋਈ ਕਹਿਣ ਲੱਗੀ, ਠਲੈ ਇਹ ਵੀ ਪੀ ਲੈ, ਰਾਹ ਵਿਚ ਠੀਕ ਰਹੇਂਗਾ। ਮੁਆਫ਼ ਕਰਨਾ ਹੋਰ ਡਰਿੰਕ ਮੇਰੇ ਘਰ ਹੈ ਨਹੀਂ, ਇਹ ਰੰਗ ਬਰੰਗੀ ਡਰਿੰਕ ਤੰਗ ਭਾਵੇਂ ਕਰੇ ਤੈਨੂੰ। ਇਕੋ ਪੈੱਗ ਐ।”
“ਇਹੋ ਬਹੁਤ ਹੈ, ਕੰਮ ਕਰੇਗਾ, ਮੈਨੂੰ ਘਰ ਪਹੁੰਚਾ ਦੇਵੇਗਾ, ਸਿਰ ਦੁਖੇਗਾ, ਕੋਈ ਨਹੀਂ।”ਮੈਂ ਖ਼ੁਸ਼ ਹੁੰਦੇ ਨੇ ਕਿਹਾ। ਉਸ ਨੇ ਕੋਕ ਪਾ ਕੇ ਪੈੱਗ ਬਣਾਇਆ ਤੇ ਮੈਂ ਇਕੋ ਸਾਹੇ ਪੀ ਲਿਆ। ਮੈਂ ਬੱਚਿਆਂ ਨੂੰ ਬਾਏ ਬਾਏ ਕਿਹਾ ਤੇ ਬੀਟਰਸ ਨੂੰ ਵੀ ਤੇ ਉਠ ਤੁਰਿਆ। ਉਹ ਮੈਨੂੰ ਦਰਵਾਜ਼ੇ ਤੱਕ ਛੱਡਣ ਆਈ। ਮੈਂ ਸਰੂਰ ਵਿਚ ਸਾਂ ਪਰ ਸ਼ਰਾਬੀ ਨਹੀਂ।
*****
ਚਲਦਾ
No comments:
Post a Comment