“ਇੰਦਰ ਸਿਆਂ, ਇਹ ਰਿਹਾ ਤੇਰਾ ਘਰ!”
ਘਰ ਦੀ ਚਾਬੀ ਮਿਲਣ ’ਤੇ ਮੈਂ ਕਿਹਾ ਸੀ। ਪਿੰਡ ਵਿਚ ਦੋ ਮਰਲੇ ਦੇ ਘਰ ਨੂੰ ਕਦੇ ਵੀ ਘਰ ਕਹਿਣ ਨੂੰ ਦਿਲ ਨਹੀਂ ਸੀ ਕਰਦਾ। ਕਈ ਵਾਰ ਇਕੋ ਕਮਰੇ ਵਿਚ ਸਾਰਾ ਟੱਬਰ ਸੌਂਦਾ। ਬਾਪੂ ਜੀ ਦੀ ਉਮਰ ਭਰ ਦੀ ਸੂਬੇਦਾਰੀ ਵੀ ਘਰ ਦਾ ਬਹੁਤਾ ਕੁਝ ਨਹੀਂ ਸੀ ਸੰਵਾਰ ਸਕੀ। ਛੋਟੇ ਜਿਹੇ ਉਸ ਘਰ ਵਿਚ ਆਪਣੇ ਅਲੱਗ ਕਮਰੇ ਦਾ ਕਦੇ ਸੁਫ਼ਨਾ ਵੀ ਨਹੀਂ ਸੀ ਆਇਆ। ਇਹ ਤਾਂ ਸ਼ੁਕਰ ਦੀ ਗੱਲ ਸੀ ਕਿ ਮੈਂ ਤੇ ਪ੍ਰਿਤਪਾਲ ਭਰਾ ਵੀ ਸਾਂ ਤੇ ਦੋਸਤ ਵੀ। ਰਾਤ ਨੂੰ ਇਕੱਠੇ ਸੌਂ ਜਾਂਦੇ। ਕਦੇ ਲੜੇ ਨਹੀਂ ਸੀ। ਇਕ ਦੂਜੇ ਦੀ ਮਦਦ ਕਰਦੇ ਸਾਂ ਤੇ ਸਾਡਾ ਵਕਤ ਸੌਖਾ ਪਾਸ ਹੋ ਗਿਆ ਸੀ। ਇੰਗਲੈਂਡ ਆ ਕੇ ਇੰਨੀ ਜਲਦੀ ਘਰ ਖ਼ਰੀਦ ਸਕਣ ਬਾਰੇ ਕਦੇ ਸੋਚਿਆ ਤੱਕ ਨਹੀਂ ਸੀ।
-----
ਮੈਂ ਚਾਬੀ ਏਜੰਟ ਤੋਂ ਲਈ ਤੇ ਸਿੱਧਾ ‘ਰੋਜ਼ਬਰੀ ਗਾਰਡਨ’ ਆ ਗਿਆ। ਇਹ ਪੂਰਾ ਰੋਡ ਹੀ ਉੱਚੀ ਜਗ੍ਹਾ ’ਤੇ ਸੀ। ਦੋ ਮਿੰਟ ਤੁਰ ਕੇ ਆਰਚਵੇਅ ਸਟੇਸ਼ਨ ਤੇ ਨਾਲ ਹੀ ਬੱਸ ਸਟੌਪ ਵੀ। ਸ਼ੌਪਿੰਗ ਸੈਂਟਰ ਵੀ ਨਜ਼ਦੀਕ ਹੀ ਸੀ। ਭਾਵ ਕਿ ਸਾਰੀਆਂ ਸਹੂਲਤਾਂ ਦੇ ਵਿਚਕਾਰ ਸੀ ਇਹ ਘਰ। ਜਦ ਏਜੰਟ ਮੈਨੂੰ ਇਹ ਘਰ ਦਿਖਾਉਣ ਲੈ ਕੇ ਆਇਆ ਤਾਂ ਇਸ ਦੀ ਬਹੁਤ ਤਾਰੀਫ਼ ਕਰਦਾ ਜਾ ਰਿਹਾ ਸੀ। ਇਕ ਕਮਰੇ ਦੀ ਖਿੜਕੀ ਖੋਹਲ ਕੇ ਉਸ ਕਿਹਾ, “ਮਿਸਟਰ ਡਿਲਨ ਦੇਖ ਨਜ਼ਾਰਾ!”
-----
ਮੈਂ ਹੈਰਾਨ ਰਹਿ ਗਿਆ ਕਿ ਖਿੜਕੀ ਰਾਹੀਂ ਦੂਰ ਤੱਕ ਫੈਲਿਆ ਲੰਡਨ ਦਿੱਸ ਰਿਹਾ ਸੀ। ਉੱਚੀਆਂ-ਉੱਚੀਆਂ ਇਮਾਰਤਾਂ ਬਹੁਤ ਖੂਬਸੂਰਤ ਲੱਗ ਰਹੀਆਂ ਸਨ। ਏਜੰਟ ਕਹਿਣ ਲੱਗਿਆ, “ਉੱਚੀ ਜਗ੍ਹਾ ’ਤੇ ਘਰ ਐ ਤੇ ਇਸ ਦ੍ਰਿਸ਼ ਕਾਰਨ ਹੀ ਇਸ ਦੀ ਵੀਹ ਹਜ਼ਾਰ ਪੌਂਡ ਕੀਮਤ ਵੱਧ ਪੈਣੀ ਚਾਹੀਦੀ ਐ, ਪਰ ਮੈਂ ਤੇਰਾ ਲਿਹਾਜ਼ ਕੀਤਾ, ਤੂੰ ਸ਼ਰੀਫ਼ ਬੰਦਾ ਐਂ, ਦੂਜੀ ਗੱਲ ਕਿ ਇਸ ਮਕਾਨ ਦੇ ਮਾਲਕ ਨੇ ਅਮਰੀਕਾ ਜਾ ਕੇ ਵਸਣਾ ਐ ਇਸ ਲਈ ਜਲਦੀ ਵੇਚਣਾ ਚਾਹੁੰਦਾ ਐ, ਫਿਰ ਘਰਾਂ ਦੀਆਂ ਕੀਮਤਾਂ ਵਿਚ ਆਈ ਖੜੋਤ ਕਾਰਨ ਸਾਡਾ ਕੰਮ ਵੀ ਠੰਢਾ ਪਿਆ ਹੋਇਐ, ਤੈਨੂੰ ਇਹ ਘਰ ਬਹੁਤ ਸਸਤਾ ਮਿਲ ਰਿਹੈ।”
-----
ਮੈਨੂੰ ਏਜੰਟ ਦੀਆਂ ਗੱਲਾਂ ਸੱਚ ਲੱਗ ਰਹੀਆਂ ਸਨ ਪਰ ਮੈਂ ਮਜ਼ਾਕ ਵਿਚ ਕਿਹਾ, “ਮਿਸਟਰ ਸਮਿੱਥ, ¦ਡਨ ਦਾ ਮੌਸਮ ਸਾਫ਼ ਹੋਵੇਗਾ ਤਾਂ ਹੀ ਇਹ ਦ੍ਰਿਸ਼ ਦਾ ਲੁਤਫ਼ ਲਿਆ ਜਾ ਸਕੇਗਾ ਨਾ।”
ਉਹ ਸਮਝਦਾ ਹੋਇਆ ਹੱਸਿਆ ਸੀ। ਮੈਂ ਸੋਚ ਰਿਹਾ ਸਾਂ ਕਿ ਮੁਫ਼ਤ ਵਿਚ ਮਿਲੀ ਹੋਈ ਇਕ ਹੋਰ ਖ਼ੁਸ਼ੀ ਸੀ ਇਹ ਵੀ।
-----
ਕੰਵਲ ਨੇ ਇਸ ਘਰ ਨੂੰ ਬਾਹਰੋਂ ਹੀ ਦੇਖਿਆ ਸੀ। ਅੰਦਰੋਂ ਦੇਖਣ ਦੀ ਉਸ ਨੇ ਜ਼ਰੂਰਤ ਨਾ ਸਮਝੀ। ਡੈਡੀ ਮੰਮੀ ਨੂੰ ਮੈਂ ਕਿਹਾ ਵੀ ਕਿ ਚਲੋ ਘਰ ਦਿਖਾਵਾਂ ਜਿਹੜਾ ਮੈਂ ਲੈ ਰਿਹਾ ਸਾਂ ਪਰ ਉਨ੍ਹਾਂ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਡੈਡੀ ਤਾਂ ਚਾਹੁੰਦੇ ਹੀ ਨਹੀਂ ਸਨ ਕਿ ਘਰ ਮੈਂ ਇੰਨੀ ਦੂਰ ਲਵਾਂ। ਫਿਰ ਮੈਂ ਉਨ੍ਹਾਂ ਦੀ ਕੋਈ ਸਲਾਹ ਵੀ ਨਹੀਂ ਸੀ ਪੁੱਛੀ। ਮੈਂ ਉਨ੍ਹਾਂ ਤੋਂ ਘਰ ਦੂਰ ਲੈਣਾ ਚਾਹੁੰਦਾ ਸੀ ਕਿ ਉਨ੍ਹਾਂ ਦੀ ਮੇਰੀ ਜ਼ਿੰਦਗੀ ਵਿਚ ਦਖਲ-ਅੰਦਾਜ਼ੀ ਘੱਟ ਜਾਵੇ।
ਬਹੁਤ ਸਾਰਾ ਸਾਮਾਨ ਉਹ ਗੋਰਾ ਵਿਚ ਹੀ ਛੱਡ ਗਿਆ ਸੀ। ਸਾਮਾਨ ਵਧੀਆ ਸੀ। ਕੁਝ ਹੋਰ ਮੈਂ ਪੈਸੇ ਦੇ ਕੇ ਉਸ ਤੋਂ ਖਰੀਦ ਵੀ ਲਿਆ। ਕੁਝ ਨਵਾਂ ਲੈ ਲਿਆ। ਕੁਝ ਮੰਮੀ ਦੇ ਘਰੋਂ ਜੋ ਸਾਡਾ ਸੀ, ਚੁੱਕ ਲਿਆਂਦਾ ਤੇ ਘਰ ਰਹਿਣ ਯੋਗ ਹੋ ਗਿਆ। ਘਰ ਨੂੰ ਪੂਰਾ ਤਿਆਰ ਕਰਕੇ ਮੈਂ ਕੰਵਲ ਨੂੰ ਉਸ ਦੇ ਕੰਮ ਤੋਂ ਚੁੱਕਿਆ ਤੇ ਨਵੇਂ ਘਰ ਲੈ ਆਇਆ। ਘਰ ਦੇ ਦਰਾਂ ਮੂਹਰੇ ਖੜੀ ਕਰਕੇ ਉਸ ਨੂੰ ਚਾਬੀ ਦਿੱਤੀ ਤੇ ਕਿਹਾ, “ਇਹ ਸਭ ਚਾਬੀਆਂ ਘਰ ਦੀ ਮਾਲਕਣ ਲਈ।”
ਚਾਬੀਆਂ ਫੜ ਕੇ ਉਸ ਦਰਵਾਜ਼ਾ ਖੋਹ ਲਿਆ। ਦਰਵਾਜ਼ਾ ਖੋਹਲਦੀ ਬਹੁਤ ਹੀ ਪਿਆਰ ਨਾਲ ਮੇਰੇ ਵੱਲ ਦੇਖਦੀ ਰਹੀ। ਫਿਰ ਬੋਲੀ, “ਹੁਣ?”
“ਹੁਣ ਅੰਦਰ ਚਲ ਕੇ ਆਪਣਾ ਘਰ ਸਾਂਭ।”
“ਰਵੀ, ਪੱਛਮ ਵਿਚ ਤਾਂ ਆ ਵਸਿਐਂ ਪਰ ਇਥੇ ਦੇ ਰਸਮ ਰਿਵਾਜਾਂ ਦਾ ਹਾਲੇ ਤੈਨੂੰ ਪੂਰੀ ਤਰ੍ਹਾਂ ਨਹੀਂ ਪਤਾ ਲੱਗਾ।”
“ਕਿਹੜੇ ਰਸਮ ਰਿਵਾਜ?”
“ਇਥੇ ਦੀ ਟਰੈਡੀਸ਼ਨ ਏ ਕਿ ਜਦ ਕੋਈ ਕਪਲ ਨਵਾਂ ਘਰ ਖਰੀਰਦਾ ਏ ਤਾਂ ਹਸਬੈਂਡ ਆਪਣੀ ਵਾਈਫ ਨੂੰ ਚੁੱਕ ਕੇ ਸਾਰਾ ਘਰ ਦਿਖਾਉਂਦਾ ਏ।”
-----
ਮੈਂ ਉਸ ਨੂੰ ਬਾਹਾਂ ਵਿਚ ਉਠਾਇਆ ਤੇ ਸਾਰੇ ਘਰ ਦਾ ਚੱਕਰ ਲਗਾ ਦਿੱਤਾ। ਪਹਿਲਾਂ ਸਾਰਾ ਘਰ ਹੇਠੋਂ ਦਿਖਾਇਆ। ਦੋਵੇਂ ਕਮਰੇ, ਰਸੋਈ, ਗਾਰਡਨ ਆਦਿ ਤੇ ਫਿਰ ਉਪਰ ਬੈੱਡਰੂਮਾਂ ਵਿਚ ਲੈ ਗਿਆ। ਖਿੜਕੀ ਰਾਹੀਂ ਦਿਸਦੇ ਦ੍ਰਿਸ਼ ਨੂੰ ਦੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਤਿੰਨੋਂ ਬੈੱਡਰੂਮ ਦਿਖਾ ਕੇ ਮੈਂ ਉਸ ਨੂੰ ਉਸ ਦੇ ਬੈੱਡ ’ਤੇ ਪਾ ਦਿੱਤਾ। ਮੈਨੂੰ ਸਾਹ ਚੜ੍ਹ ਗਿਆ ਸੀ। ਮੈਂ ਕਿਹਾ, “ਮੈਂ ਪਤੀ ਵਾਲੀ ਰਸਮ ਪੂਰੀ ਕਰ ਦਿੱਤੀ, ਤੂੰ ਹੁਣ ਪਤਨੀ ਵਾਲੀ ਪੂਰੀ ਕਰ।”
ਉਹ ਸ਼ਰਮਾਉਂਦੀ ਹੋਈ ਮੈਨੂੰ ਚਿੰਬੜ ਗਈ।
-----
ਘਰ ਮੇਰੀਆਂ ਖ਼ੁਸ਼ੀਆਂ ਦੀ ਕਤਾਰ ਵਿਚ ਜੁੜੀ ਇਕ ਹੋਰ ਖ਼ੁਸ਼ੀ ਸੀ ਜੋ ਕਿ ਮੈਨੂੰ ਬਿਨਾਂ ਮਿਹਨਤ ਤੋਂ ਮਿਲ ਗਈ ਸੀ। ਮੈਂ ਕਦੇ ਨਹੀਂ ਖਿਆਲ ਕੀਤਾ ਕਿ ਇੰਗਲੈਂਡ ਵਿਚ ਘਰ ਲੈਣਾ ਇੰਨਾ ਆਸਾਨ ਸੀ ਕਿ ਥੋੜ੍ਹਾ ਜਿਹਾ ਡਿਪੋਜ਼ਟ ਦਿਓ ਤੇ ਬਾਕੀ ਦੀਆਂ ਕਿਸ਼ਤਾਂ ਕਰਾ ਲਓ। ਡਿਪੋਜ਼ਟ ਦੇਣ ਲਈ ਵੀ ਕੰਵਲ ਕੋਲ ਪੈਸੇ ਪਏ ਸਨ, ਕੁਝ ਹੋਰ ਪਾਏ ਤੇ ਘਰ ਹੱਥ ਵਿਚ ਆ ਗਿਆ। ਹੁਣ ਕਿਸ਼ਤਾਂ ਉਤਾਰਨ ਦਾ ਮਸਲਾ ਅਲੱਗ ਸੀ। ਘਰ ਦੀ ਚਾਬੀ ਮਿਲ ਗਈ, ਘਰ ਦੇ ਮਾਲਕ ਬਣ ਗਏ। ਘਰ ਸਾਡੇ ਨਾਂ ਚੜ੍ਹ ਗਿਆ। ਮੈਨੂੰ ਘਰ ਦੀ ਮਾਲਕੀ ਦਾ ਇੰਨਾ ਸ਼ੌਕ ਸੀ ਕਿ ਬਾਹਰ ਬੋਰਡ ਲਿਖ ਕੇ ਲਾ ਦਿੱਤਾ- ‘ਇਥੇ ਢਿੱਲੋਂ ਰਹਿੰਦੇ ਹਨ।’
ਬਿਨਾਂ ਮਿਹਨਤ ਤੋਂ ਮਿਲੀ ਖ਼ੁਸ਼ੀ ਤੋਂ ਡਰ ਲੱਗਣ ਲੱਗਦਾ ਸੀ। ਪਰ ਜਿਹੜੀ ਖ਼ੁਸ਼ੀ ਨੇ ਤੁਹਾਡੇ ਤੱਕ ਪਹੁੰਚ ਕਰ ਹੀ ਲਈ ਉਸ ਦਾ ਕੀ ਕਰੋਗੇ, ਮਨਜ਼ੂਰ ਕਰਨੀ ਹੀ ਪਵੇਗੀ।
-----
ਮੈਂ ਐੱਮ. ਏ. ਵਿਚ ਪੜ੍ਹਦਾ ਸਾਂ ਤਾਂ ਲੋਕ ਬਾਹਰਲੇ ਦੇਸ਼ਾਂ ਨੂੰ ਨਿਕਲ ਰਹੇ ਸਨ ਪਰ ਸਾਡੇ ਕੋਲ ਕਿਰਾਏ ਦੀ ਹਿੰਮਤ ਨਹੀਂ ਸੀ, ਫਿਰ ਸਾਡਾ ਕੋਈ ਰਿਸ਼ਤੇਦਾਰ ਵੀ ਬਾਹਰ ਨਹੀਂ ਸੀ ਰਹਿੰਦਾ ਜੋ ਮੈਨੂੰ ਬੁਲਾਵਾ ਭੇਜਦਾ ਜਾਂ ਮੇਰੇ ਬਾਹਰ ਜਾਣ ਦਾ ਇੰਤਜ਼ਾਮ ਕਰਦਾ। ਇਕੋ ਰਾਹ ਦਿਸਦਾ ਸੀ ਕਿ ਇਨ੍ਹਾਂ ਮੁਲਕਾਂ ਵਿਚ ਵਸਦੀ ਕੁੜੀ ਨਾਲ ਮੇਰਾ ਰਿਸ਼ਤਾ ਹੋ ਜਾਵੇ, ਕਿਸੇ ਤਰ੍ਹਾਂ ਵੀ ਹੋ ਜਾਵੇ। ਅੰਨ੍ਹੀ, ਕਾਣੀ, ਲੰਗੜੀ ਜਾਂ ਵਿਧਵਾ, ਛੁੱਟੜ ਕੋਈ ਵੀ ਹੋਵੇ, ਬੱਸ ਚਲਾ ਜਾਵਾਂ। ਇਥੋਂ ਦੀ ਗੁਰਬਤ ਤੋਂ ਛੁਟਕਾਰਾ ਮਿਲ ਜਾਵੇ। ਪਰ ਸਾਡੇ ਪਰਿਵਾਰ ਦੀ ਕੋਈ ਜ਼ਮੀਨ ਜਾਇਦਾਦ ਐਡੀ ਨਹੀਂ ਸੀ ਕਿ ਜਿਸ ਦੇ ਆਸਰੇ ਬਾਹਰਲੇ ਰਿਸ਼ਤੇ ਆਉਂਦੇ, ਫਿਰ ਵੀ ਮੈਂ ਸੋਚਣੋਂ ਨਹੀਂ ਸੀ ਹਟਿਆ।
-----
ਮੇਰੇ ਬਾਪੂ ਜੀ ਦਾ ਇਕ ਦੋਸਤ ਕੰਵਲ ਦਾ ਰਿਸ਼ਤਾ ਲੈ ਕੇ ਆਇਆ ਤਾਂ ਯਕੀਨ ਨਾ ਹੋਇਆ। ਖ਼ੁਸ਼ੀ ਹੀ ਇੰਨੀ ਸੀ ਕਿ ਦੱਸਣ ਪੁੱਛਣ ਦਾ ਮੌਕਾ ਹੀ ਨਾ ਮਿਲਿਆ ਕਿ ਕੁੜੀ ਕਿਹੋ ਜਿਹੀ ਸੀ। ਕੰਵਲ ਦੀਆਂ ਤਸਵੀਰਾਂ ਆਈਆਂ ਸਨ ਪਰ ਮੈਨੂੰ ਕੰਵਲ ਨਾਲੋਂ ਇੰਗਲੈਂਡ ਜ਼ਿਆਦਾ ਦਿਸਦੀ। ਇਸ ਰਿਸ਼ਤੇ ਦੇ ਸੱਚ ’ਤੇ ਯਕੀਨ ਮੈਂ ਇੱਥੇ ਪਹੁੰਚ ਕੇ ਹੀ ਕਰਨਾ ਸ਼ੁਰੂ ਕੀਤਾ ਸੀ। ਇਥੇ ਪਹੁੰਚ ਕੇ ਹੀ ਕੰਵਲ ਦੇਖੀ ਤਾਂ ਇਕ ਹੋਰ ਖ਼ੁਸ਼ੀ ਮਿਲ ਗਈ ਕਿ ਉਹ ਬਹੁਤ ਖ਼ੂਬਸੂਰਤ ਸੀ, ਸੂਰਤ ਵਲੋਂ ਵੀ, ਸੀਰਤ ਵਲੋਂ ਵੀ।
-----
ਹੁਣ ਮੈਂ ਭਰਾ ਪ੍ਰਿਤਪਾਲ ਤੇ ਭੈਣ ਕੁਲਵੰਤ ਬਾਰੇ ਸੋਚਣ ਲੱਗਿਆ ਕਿ ਉਨ੍ਹਾਂ ਦਾ ਕੁਝ ਕਰਾਂ। ਉਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਲੰਘਾ ਸਕਾਂ। ਆਉਂਦੇ ਨੂੰ ਕੰਮ ਮਿਲ ਗਿਆ ਸੀ ਤੇ ਕੁਝ ਪੈਸੇ ਵੀ ਘਰ ਨੂੰ ਭੇਜ ਦਿੱਤੇ ਸਨ ਤਾਂ ਜੋ ਘਰ ਦੇ ਹਾਲਾਤ ਕੁਝ ਬਦਲ ਸਕਣ। ਮੈਂ ਪ੍ਰਿਤਪਾਲ ਲਈ ਹੱਥ ਪੈਰ ਮਾਰਨੇ ਚਾਹੇ। ਕੰਵਲ ਦੀ ਭੈਣ ਨੀਤਾ ਹਾਲੇ ਬਹੁਤ ਛੋਟੀ ਸੀ। ਇਨ੍ਹਾਂ ਦੇ ਵੀ ਇਧਰ ਬਹੁਤੇ ਰਿਸ਼ਤੇਦਾਰ ਨਹੀਂ ਸਨ ਇਧਰ ਜਿਨ੍ਹਾਂ ਦੇ ਜਵਾਨ ਕੁੜੀ ਹੁੰਦੀ। ਹਾਲੇ ਕੁਝ ਮਹੀਨੇ ਹੀ ਲੰਘੇ ਸਨ ਕਿ ਪ੍ਰਿਤਪਾਲ ਨੂੰ ਵੀ ਸਾਊਥਾਲ ਰਹਿੰਦੇ ਕਿਸੇ ਪਰਿਵਾਰ ਨੇ ਪਸੰਦ ਕਰ ਲਿਆ ਤੇ ਰਿਸ਼ਤਾ ਤੈਅ ਹੋ ਗਿਆ। ਉਸ ਤੋਂ ਛੇਤੀਂ ਬਾਅਦ ਹੀ ਕੁਲਵੰਤ ਵੀ ਮੰਗੀ ਗਈ। ਉਸ ਦੇ ਸੁਹਰੇ ਬਰਮੀਘੰਮ ਰਹਿੰਦੇ ਸਨ ਤੇ ਵਿਉਪਾਰੀ ਟੱਬਰ ਸੀ। ਇੰਨਾ ਕੁਝ ਨਿਰਵਿਘਨ ਹੁੰਦੇ ਦੇਖ ਕੇ ਡਰ ਲੱਗਣ ਲੱਗਦਾ ਕਿ ਸਾਰੀਆਂ ਖ਼ੁਸ਼ੀਆਂ ਨੂੰ ਕੋਈ ਵੱਡੀ ਸੱਟ ਨਾ ਵਜ ਜਾਵੇ। ਕਹਿੰਦੇ ਹਨ ਕਿ ਖ਼ੁਸ਼ੀਆਂ ਦੇ ਮਗਰ ਹੀ ਤਕਲੀਫ਼ਾਂ ਆ ਰਹੀਆਂ ਹੁੰਦੀਆਂ ਹਨ।
ਘਰ ਦੀ ਖ਼ੁਸ਼ੀ ਤੋਂ ਬਾਅਦ ਪ੍ਰਤਿਭਾ ਆ ਗਈ। ਇਹ ਵੀ ਵੱਡੀ ਖ਼ੁਸ਼ੀ ਸੀ। ਪ੍ਰਤਿਭਾ ਦੇ ਆਉਣ ਨਾਲ ਕੰਵਲ ਦੇ ਮੰਮੀ ਡੈਡੀ ਸਭ ਹੀ ਖ਼ੁਸ਼ ਸਨ। ਮੰਮੀ ਦਾ ਮੂੰਹ ਕੁਝ ਕੁ ਹੋਰਵੇਂ ਹੋਇਆ ਪਰ ਫਿਰ ਠੀਕ ਹੋ ਗਿਆ ਕਿ ਪਹਿਲਾ ਬੱਚਾ ਸੀ, ਮੁੰਡਾ ਫਿਰ ਵੀ ਹੋ ਸਕਦਾ ਸੀ।
-----
ਪ੍ਰਤਿਭਾ ਦਾ ਜਨਮ ਸਾਡੇ ਸੋਚੇ ਸਮਝੇ ਪ੍ਰੋਗਰਾਮ ਅਨੁਸਾਰ ਸੀ। ਇਕ ਦਿਨ ਕੰਵਲ ਨੇ ਕਿਹਾ, “ਕੀ ਵਧੀਆ ਗੱਲ ਹੋ ਜੇ, ਜੇ ਬੇਟੀ ਦਾ ਜਨਮ ਦਿਨ ਤੇਰੇ ਜਾਂ ਮੇਰੇ ਜਨਮ ਦਿਨ ਵਾਲੇ ਦਿਨ ਹੀ ਹੋ ਜੇ।”
“ਜਾਨ, ਟਰਾਈ ਕਰ ਲੈਨੇ ਆਂ, ਪਰ ਆਪਣੇ ਹੱਥ ਵਿਚ ਤਾਂ ਬਹੁਤਾ ਕੁਝ ਨਹੀਂ।”
ਅਸੀਂ ਕੋਸ਼ਿਸ਼ ਕੀਤੀ ਕਿ ਬੇਟੀ ਦਾ ਜਨਮ ਮਈ ਵਿਚ ਹੋਵੇ। ਸਭ ਕੁਝ ਸਹੀ ਹੋਇਆ ਪਰ ਅਖੀਰ ’ਤੇ ਆ ਕੇ ਇਕ ਦਿਨ ਦਾ ਫ਼ਰਕ ਪੈ ਗਿਆ। ਇਕ ਦਿਨ ਪਹਿਲਾਂ ਹੀ ਕੰਵਲ ਨੂੰ ਜਨਮ ਪੀੜਾਂ ਸ਼ੁਰੂ ਹੋ ਗਈਆਂ। ਅਸੀਂ ਡਾਕਟਰ ਨੂੰ ਆਪਣੀ ਸਕੀਮ ਬਾਰੇ ਦੱਸਿਆ ਸੀ ਪਰ ਬੱਚੇ ਲਈ ਖਤਰਨਾਕ ਸੀ ਕਿ ਇਕ ਦਿਨ ਉਡੀਕਿਆ ਜਾਂਦਾ। ਉਸ ਨੇ ਉਸ ਦਿਨ ਹੀ ਆਉਣਾ ਸੀ ਤੇ ਆ ਗਈ। ਪ੍ਰਤਿਭਾ ਦੇ ਜਨਮ ਵੇਲੇ ਹੀ ਡਾਕਟਰ ਨੇ ਦੱਸ ਦਿੱਤਾ ਸੀ ਕਿ ਕੰਵਲ ਦੀ ਸਿਹਤ ਠੀਕ ਨਹੀਂ। ਅਗਲੇ ਬੱਚੇ ਲਈ ਕੁਝ ਸਾਲ ਉਡੀਕ ਕਰਨੀ ਪਵੇਗੀ।
-----
ਬੱਚੀ ਦਾ ਨਾਂ ਰੱਖਣ ਵੇਲੇ ਡੈਡੀ ਨੂੰ ਮੈਂ ਕੁਝ ਨਾਰਾਜ਼ ਕਰ ਬੈਠਾ ਸਾਂ। ਉਹ ਕਹਿੰਦਾ ਸੀ ਕਿ ਗੁਰਦਵਾਰੇ ਜਾ ਕੇ ਵਾਕ ਲੈਣਾ ਸੀ ਪਰ ਮੈਂ ਜਾ ਕੇ ਰਜਿਸਟਰ ਕਰਵਾ ਆਇਆ। ਮੇਰਾ ਰੱਖਿਆ ਨਾਂ ਵੀ ਉਸ ਨੂੰ ਪਸੰਦ ਨਹੀਂ ਸੀ। ਅੰਮੀ ਤੋਂ ਪ੍ਰਤਿਭਾ ਦਾ ਨਾਂ ਉਚਾਰਿਆ ਨਹੀਂ ਸੀ ਜਾਂਦਾ। ਉਸ ਨੇ ਪਰੀ ਕਹਿਣਾ ਸ਼ੁਰੂ ਕਰ ਲਿਆ ਸੀ। ਡੈਡੀ ਨਾਲ ਮੇਰੀ ਬਹਿਸ ਸਹਿਜੇ ਹੀ ਹੋ ਜਾਇਆ ਕਰਦੀ। ਮੰਮੀ ਮੈਨੂੰ ਕਹਿੰਦੀ, “ਪੁੱਤ, ਤੂੰ ਆਪਣੇ ਡੈਡੀ ਦੀਆਂ ਕਮਲੀਆਂ ਪਿੱਛੇ ਨਾ ਜਾਇਆ ਕਰ।”
-----
ਅਸਲ ਵਿਚ ਤਾਂ ਡੈਡੀ ਨਾਲ ਮੇਰੀ ਘੱਟ ਬਣਦੀ ਸੀ। ਪਹਿਲੇ ਕੁਝ ਮਹੀਨੇ ਠੀਕ ਨਿਕਲੇ ਸਨ ਫਿਰ ਉਹ ਮੇਰੇ ਨਾਲ ਬਿਨਾਂ ਗੱਲ ਤੋਂ ਬਹਿਸ ਕਰਨ ਲੱਗਦੇ। ਜਿਨ੍ਹਾਂ ਗੱਲਾਂ ਬਾਰੇ ਮੇਰੀ ਵਾਕਫ਼ੀ ਵਧੇਰੇ ਹੁੰਦੀ ਉਨ੍ਹਾਂ ਬਾਰੇ ਵੀ ਬਹਿਸਣ ਲੱਗਦੇ। ਜਿਵੇਂ ਕਿ ਕਿਤਾਬਾਂ ਬਾਰੇ ਹੀ ਸੀ, ਮੈਂ ਕਿਤਾਬਾਂ ਇੰਡੀਆ ਤੋਂ ਵੀ ਮੰਗਵਾਉਂਦਾ ਤੇ ਇਥੋਂ ਵੀ ਖਰੀਦਦਾ ਰਹਿੰਦਾ। ਹਰ ਵੇਲੇ ਮੈਂ ਕੁਝ ਪੜ੍ਹਦਾ ਰਹਿੰਦਾ। ਉਹ ਕਿਤਾਬਾਂ ਪੜ੍ਹਨ ਦੇ ਨਫ਼ੇ ਨੁਕਸਾਨ ਮੈਨੂੰ ਦੱਸਣ ਲੱਗਦੇ। ਕਈ ਵਾਰ ਤਾਂ ਕਹਿ ਦਿੰਦੇ, “ਇੰਦਰ ਸਿਹਾਂ ਇੰਨਾ ਪੜ੍ਹਨਾ, ਤੇਰਾ ਦਿਮਾਗ ਵੀ ਖ਼ਰਾਬ ਕਰ ਸਕਦਾ ਏ।”
-----
ਮੈਨੂੰ ਜਲਦੀ ਹੀ ‘ਡੈਗਨਮ’ ਵਾਲੀ ਫੋਰਡ ਕੰਪਨੀ ਵਿਚ ਕੰਮ ਮਿਲ ਗਿਆ ਸੀ। ਦੋ ਹਫ਼ਤੇ ਦਿਨ ਤੇ ਦੋ ਹਫ਼ਤੇ ਰਾਤਾਂ। ਰਾਤਾਂ ਦਾ ਕੰਮ ਮੈਨੂੰ ਪਸੰਦ ਨਹੀਂ ਸੀ ਪਰ ਤਨਖਾਹ ਠੀਕ ਸੀ। ਕੁਝ ਦੋਸਤ ਵੀ ਬਣ ਗਏ ਸਨ ਜਿਨ੍ਹਾਂ ਕਰਕੇ ਉਥੇ ਦਿਲ ਲੱਗ ਗਿਆ ਸੀ। ਫਿਰ ਮੈਂ ਅੰਦਰ ‘ਮੈਟਲ ਫਿਨਿਸ਼ਿੰਗ’ ਦਾ ਕੋਰਸ ਕਰ ਲਿਆ ਤੇ ਮੇਰੇ ਪੱਕੇ ਦਿਨ ਹੋ ਗਏ। ਘਰੋਂ ਦੂਰ ਸੀ, ਆਰਚਵੇਅ ਆ ਗਏ ਤਾਂ ਹੋਰ ਵੀ ਦੂਰ ਹੋ ਗਿਆ ਪਰ ਫਿਰ ਵੀ ਮੈਂ ਕੰਮ ਕਰਦਾ ਰਿਹਾ ਸਾਂ।
-----
ਬਾਕੀ ਸਭ ਠੀਕ ਚੱਲ ਰਿਹਾ ਸੀ ਪਰ ਕੰਵਲ ਦਾ ਆਪਣੇ ਡੈਡੀ ਪ੍ਰਤੀ ਲੋੜੋਂ ਵਧ ਮੋਹ ਮੈਨੂੰ ਤੰਗ ਕਰਦਾ ਸੀ। ਪਿਓ ਸੀ, ਮੈਂ ਬਹੁਤ ਕਹਿ ਵੀ ਨਾ ਸਕਦਾ। ਜਦੋਂ ਮੈਂ ਡੈਡੀ ਨਾਲ ਬਹਿਸ ਕਰਨ ਲੱਗਦਾ ਤਾਂ ਕੰਵਲ ਮੈਨੂੰ ਕਹਿੰਦੀ, “ਤੂੰ ਡੈਡੀ ਨਾਲ ਆਰਗੂ ਕਿਉਂ ਕਰਦਾ ਹੁੰਨਾ?”
“ਕਿਉਂਕਿ ਉਹ ਗਲਤ ਹੁੰਦੇ ਆ।”
“ਸੋ ਵੱਟ! ਹੀ’ਜ਼ ਮਾਏ ਡੈਡ! ਐਡ ਹੀ ਇਜ਼ ਆਲਵੇਅਜ਼ ਰਾਈਟ।”
-----
ਉਨ੍ਹਾਂ ਦੇ ਘਰ ਰਹਿ ਕੇ ਮੈਂ ਬਹੁਤਾ ਖ਼ੁਸ਼ ਨਹੀਂ ਸਾਂ ਪਰ ਕਿਰਾਏ ਉਪਰ ਉਹ ਸਾਨੂੰ ਜਾਣ ਨਹੀਂ ਸਨ ਦਿੰਦੇ। ਉਹ ਘਰ ਪਹਿਲੀ ਵਾਰ ਉਦੋਂ ਮੈਨੂੰ ਓਪਰਾ ਲੱਗਿਆ ਜਦੋਂ ਪ੍ਰਿਤਪਾਲ ਇੰਡੀਆ ਤੋਂ ਆਇਆ। ਮੈਂ ਉਸ ਤੋਂ ਵੱਡਾ ਸੀ। ਜੇ ਮੇਰੇ ਕੋਲ ਆਪਣਾ ਘਰ ਹੁੰਦਾ ਤਾਂ ਉਹ ਸਿੱਧਾ ਮੇਰੇ ਪਾਸ ਆਉਂਦਾ ਤੇ ਮੈਂ ਉਸ ਦਾ ਵਿਆਹ ਕਰਦਾ। ਮੈਂ ਆਪਣੀ ਖ਼ਾਹਿਸ਼ ਦਾ ਇਜ਼ਹਾਰ ਮੰਮੀ ਡੈਡੀ ਕੋਲ ਕੀਤਾ ਵੀ ਪਰ ਉਹ ਘੇਸ ਵੱਟ ਗਏ ਸਨ। ਇਵੇਂ ਹੀ ਕੁਲਵੰਤ ਦੇ ਵਾਰੀ ਹੋਇਆ ਪਰ ਉਦੋਂ ਚੰਗੀ ਗੱਲ ਇਹ ਹੋਈ ਕਿ ਕੁਲਵੰਤ ਦਾ ਪਤੀ ਵਿਆਹ ਕਰਾਉਣ ਭਾਰਤ ਚਲਾ ਗਿਆ ਸੀ ਤੇ ਕੁਲਵੰਤ ਸਿੱਧੀ ਬਰਮਿੰਘਮ ਹੀ ਗਈ। ਹੌਲੀ-ਹੌਲੀ ਸਭ ਠੀਕ ਹੋਣ ਲੱਗਿਆ। ਜਦ ਮੈਂ ਘਰ ਲਿਆ ਉਦੋਂ ਕੁ ਹੀ ਪ੍ਰਿਤਪਾਲ ਨੇ ਵੀ ਆਪਣਾ ਘਰ ਸਾਊਥਹਾਲ ਹੀ ਖ਼ਰੀਦ ਲਿਆ। ਫਿਰ ਅਸੀਂ ਸਾਰੇ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਡੀਆਂ ਪਰਿਵਾਰਕ ਮਹਿਫ਼ਿਲਾਂ ਲੱਗਣ ਲੱਗ ਪਈਆਂ ਸਨ। ਕੁਲਵੰਤ ਦਾ ਪਤੀ ਅਜੀਤ ਵੀ ਚੰਗੇ ਸੁਭਾਅ ਦਾ ਮੁੰਡਾ ਸੀ ਪਰ ਉਸ ਦੀ ਦੁਕਾਨ ਹੋਣ ਕਰਕੇ ਸਾਨੂੰ ਮਿਲਣ ਲਈ ਲੰਡਨ ਘੱਟ ਆਉਂਦਾ, ਅਸੀਂ ਹੀ ਬਰਮਿੰਘਮ ਚਲੇ ਜਾਂਦੇ। ਫਿਰ ਕੁਲਵੰਤ ਵੀ ਦੁਕਾਨ ਸੰਭਾਲਣ ਲੱਗੀ ਤੇ ਉਹ ਵੀ ਸਾਡੇ ਕੋਲ ਘੱਟ ਵੱਧ ਹੀ ਆ ਸਕਦੀ।
-----
ਕੰਵਲ ਦਾ ਡੈਡੀ ਵੱਲ ਉਲਾਰਪਨ ਮੈਨੂੰ ਚੰਗਾ ਨਾ ਲੱਗਦਾ ਪਰ ਉਹ ਮੈਨੂੰ ਵੀ ਘੱਟ ਮੋਹ ਨਹੀਂ ਸੀ ਕਰਦੀ। ਉਹ ਕੰਮ ਤੋਂ ਮੇਰੇ ਨਾਲੋੰ ਪਹਿਲਾਂ ਮੁੜ ਆਉਂਦੀ। ਮੇਰੇ ਲਈ ਦਰਵਾਜ਼ਾ ਖੋਹਲਦੀ, ਬਹੁਤ ਪਿਆਰੀ ਮੁਸਕਰਾਹਟ ਦਿੰਦੀ। ਮੇਰੇ ਨਾਲ ਇਵੇਂ ਜੱਫ਼ੀ ਪਾਉਂਦੀ ਜਿਵੇਂ ਕਿ ਮੁੜ ਪਰੇ ਹੋਣਾ ਹੀ ਨਾ ਹੋਵੇ। ਕਦੇ ਜ਼ਿੱਦ ਕਰਨ ਲੱਗਦੀ ਕਿ ਉਸ ਨੂੰ ਚੁੱਕ ਕੇ ਬੈੱਡਰੂਮ ਵਿਚ ਲੈ ਕੇ ਚਲਾਂ। ਨਹਾਉਣ ਲੱਗਦੀ ਤਾਂ ਆਵਾਜ਼ਾਂ ਮਾਰਦੀ ਕਿ ਉਸ ਦੀ ਪਿੱਠ ਮਲ਼ਾਂ। ਛੁੱਟੀ ਵਾਲੇ ਦਿਨ ਟੈਲੀਫੋਨ ਲਾਹ ਕੇ ਰੱਖ ਦੇਣਾ ਕਿ ਕੋਈ ਤੰਗ ਨਾ ਕਰੇ। ਨਿੱਕੀ-ਨਿੱਕੀ ਗੱਲ ਵਿਚ ‘ਆਏ ਲਵ ਯੂ’ ਕਹਿਣ ਲੱਗਦੀ। ਮੈਂ ਉਸ ਨੂੰ ਕਹਿੰਦਾ, ਠਜਾਨ, ਏਨਾ ਪਿਆਰ ਵੀ ਨਾ ਦੇਹ ਕਿ ਵਿਛੜਨਾ ਮੁਸ਼ਕਿਲ ਹੋ ਜਾਵੇ, ਜੇ ਤੂੰ ਕਦੇ ਮੈਨੂੰ ਛੱਡ ਗਈ ਮੈਂ ਤਾਂ ਓਦਾਂ ਈ ਮਰ ਜਾਊਂ।”
-----
ਮੇਰੇ ਨਾਲ ਇੰਨਾ ਪਿਆਰ ਹੋਣ ਦੇ ਬਾਅਦ ਵੀ ਡੈਡੀ ਨਾਲ ਮੋਹ ਵੀ ਉਸੇ ਤਰ੍ਹਾਂ ਕਾਇਮ ਸੀ। ਸਾਡੇ ਆਰਚਵੇਅ ਆਉਣ ਤੋਂ ਬਾਅਦ ਵੀ ਉਹ ਕੰਮ ਟੌਟਨਹੈਮ ਹੀ ਕਰਦੀ ਰਹੀ। ਕੰਮ ਤੋਂ ਵਿਹਲੀ ਹੋ ਕੇ ਡੈਡੀ ਘਰ ਜਾ ਬੈਠਦੀ। ਜੇ ਮੈਂ ਰਾਤਾਂ ’ਤੇ ਹੁੰਦਾ ਤਾਂ ਓਧਰ ਹੀ ਸੌਂਦੀ। ਮੇਰੇ ਦਿਨਾਂ ’ਤੇ ਆ ਜਾਣ ’ਤੇ ਵੀ ਉਹ ਸਹਿਜੇ ਹੀ ਮੰਮੀ ਦੇ ਘਰ ਰਾਤ ਰਹਿ ਜਾਂਦੀ। ਮੈਨੂੰ ਗ਼ੁੱਸਾ ਆਉਂਦਾ ਕਿ ਉਸ ਨੂੰ ਖ਼ਿਆਲ ਹੀ ਨਹੀਂ ਕਿ ਮੈਂ ਵੀ ਘਰ ਬੈਠਾ ਸਾਂ। ਮੈਂ ਉਸ ਨੂੰ ਕਦੇ ਸਿੱਧਾ ਤਾਂ ਨਾ ਕਹਿੰਦਾ ਪਰ ਗੱਲਾਂ-ਗੱਲਾਂ ਵਿਚ ਬਹੁਤ ਸਮਝਾਉਂਦਾ ਕਿ ਹੁਣ ਉਹ ਵੱਡੀ ਹੋ ਚੁੱਕੀ ਸੀ। ਮੈਂ ਕਹਿੰਦਾ ਕਿ ਡੈਡੀ ਜਾਂ ਮੰਮੀ ਨਾਲੋਂ ਉਸ ਦੀ ਮੈਨੂੰ ਜ਼ਿਆਦਾ ਜ਼ਰੂਰਤ ਸੀ। ਇਵੇਂ ਹੀ ਮੰਮੀ ਡੈਡੀ ਨਾਲੋਂ ਜ਼ਿਆਦਾ ਮੇਰੇ ਬਾਰੇ ਸੋਚਿਆ ਕਰੇ, ਪਰ ਕੰਵਲ ਨੂੰ ਇਹ ਗੱਲ ਸਮਝ ਨਾ ਪੈਂਦੀ।
-----
ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਉਸ ਨੂੰ ਪਤਾ ਚੱਲਿਆ ਕਿ ਡੈਡੀ ਨੂੰ ਝੂਲਾ ਹੋ ਗਿਆ। ਉਹ ਇਵੇਂ ਰੋ ਰਹੀ ਸੀ ਜਿਵੇਂ ਡੈਡੀ ਨੂੰ ਝੂਲਾ ਨਹੀਂ ਹੋਇਆ ਬਲਕਿ ਉਨ੍ਹਾਂ ਦੀ ਮੌਤ ਹੋ ਗਈ ਹੋਵੇ। ਉਹ ਬਹੁਤ ਰੋਈ। ਰੋਈ ਨਹੀਂ ਬਲਕਿ ਚੀਕ ਚਿਹਾੜਾ ਪਾ ਲਿਆ। ਬਾਅਦ ਵਿਚ ਮੈਂ ਕਿਹਾ, “ਜਾਨ, ਇਹ ਪਾਰਕਿਨਸਨ ਡਿਜੀਜ਼ ਐ, ਜਾਨ ਲੇਵਾ ਬਿਮਾਰੀ ਨਹੀਂ, ਤੂੰ ਬਹੁਤ ਜ਼ਿਆਦਾ ਰਿਐਕਟ ਕਰ ਰਹੀ ਐਂ, ਰੱਬ ਨਾ ਕਰੇ ਜੇ ਡੈਡੀ ਨੂੰ ਕੁਝ ਹੋ ਗਿਆ ਤਾਂ ਨਾਲ ਈ ਮਰ ਜਾਵੇਂਗੀ।”
“ਤੂੰ ਮੇਰੇ ਡੈਡੀ ਨੂੰ ਮਰਿਆ ਦੇਖਣਾ ਚਾਹੁੰਦਾ ਏਂ, ਸ਼ੇਮ ਔਨ ਯੂ ਰਵੀ!”
“ਉਹ ਹੋ, ਜਾਨ....।”
-----
ਗੱਲ ਕਰਦੀ ਉਹ ਗ਼ੁੱਸੇ ਵਿਚ ਆ ਗਈ। ਮੈਂ ਉਸ ਨੂੰ ਮਸਾਂ ਹੀ ਸ਼ਾਂਤ ਕੀਤਾ। ਮੈਂ ਉਸ ਨਾਲ ਰਲ਼ ਕੇ ਝੂਲੇ ਦੀ ਬਿਮਾਰੀ ਬਾਰੇ ਪੜ੍ਹਨਾ ਸ਼ੁਰੂ ਕੀਤਾ। ਇਹ ਨਰਵਿਸ ਸਿਸਟਮ ਦੇ ਕੰਟਰੋਲ ਨਾਲ ਸੰਬੰਧਤ ਸੀ। ਕਿਸੇ ਡਾਕਟਰ ਜੇਮਜ਼ ਪਾਰਕਿਨਸਨ ਨੇ ਇਸ ਬਿਮਾਰੀ ਬਾਰੇ ਵਿਸਥਾਰ ਨਾਲ ਦੱਸਿਆ ਸੀ ਤੇ ਉਸੇ ਦੇ ਨਾਂ ’ਤੇ ਇਸ ਦਾ ਨਾਂ ਰੱਖ ਦਿੱਤਾ ਗਿਆ ਸੀ। ਇਸ ਦਾ ਇਲਾਜ ਹਾਲੇ ਕੋਈ ਨਹੀਂ ਸੀ ਨਿਕਲਿਆ। ਅਸੀਂ ਡੈਡੀ ਨੂੰ ਲੈ ਕੇ ਕਈ ਡਾਕਟਰਾਂ ਦੇ ਵੀ ਗਏ। ਕਈ ਥਾਂ ਘੁੰਮੇ ਪਰ ਕੋਈ ਫਰਕ ਨਾ ਪਿਆ।
-----
ਕਈ ਵਾਰ ਕੰਵਲ ਡੈਡੀ ਦੇ ਘਰ ਅਜਿਹਾ ਬੈਠਦੀ ਕਿ ਉੱਠਣ ਦਾ ਨਾਂ ਨਾ ਲੈਂਦੀ। ਮੈਂ ਉਸ ਨੂੰ ਚਲਣ ਲਈ ਕਹਿੰਦਾ ਤਾਂ ਬੋਲਦੀ, ‘‘ਤੈਨੂੰ ਘਰ ਜਾਣ ਦੀ ਪਈ ਏ, ਇਧਰ ਡੈਡੀ ਦੀ ਹਾਲਤ ਦੇਖ! ਜ਼ਰਾ ਸੋਚ!’’
‘‘ਜਾਨ ਆਪਾਂ ਕੰਮਾਂ ’ਤੇ ਵੀ ਜਾਣੈ, ਸਵੇਰੇ ਉੱਠਣੈਂ।’’
‘‘ਤੂੰ ਜਾਹ ਕੰਮ ’ਤੇ, ਤੈਨੂੰ ਆਪਣਾ ਕੰਮ ਜ਼ਿਆਦਾ ਇੰਪੌਰਟੈਂਟ ਐ ਤਾਂ।’’
ਉਦੋਂ ਤੋਂ ਹੀ ਇਕ ਫਰਕ ਸਾਡੇ ਵਿਚਕਾਰ ਆ ਖੜ੍ਹਿਆ ਸੀ। ਮੈਂ ਸੋਚਣ ਲੱਗਦਾ ਕਿ ਜਿਹੜੀਆਂ ਇੰਨੀਆਂ ਖ਼ੁਸ਼ੀਆਂ ਬਿਨਾਂ ਮਿਹਨਤ ਮਿਲੀਆਂ ਹੁਣ ਉਨ੍ਹਾਂ ਦਾ ਪਤਨ ਸ਼ੁਰੂ ਹੋ ਗਿਆ ਸੀ ਸਗੋਂ ਉਲਟਾ ਕੰਮ ਸ਼ੁਰੂ ਹੋਣ ਵਾਲਾ ਲੱਗਦਾ ਸੀ। ਜਦੋਂ ਪ੍ਰਤਿਭਾ ਨੇ ਨਰਸਰੀ ਜਾਣਾ ਸੀ ਤਾਂ ਉਸ ਨੇ ਮੰਮੀ ਦੇ ਘਰ ਵੱਲ ਦਾ ਸਕੂਲ ਹੀ ਲੱਭਿਆ ਜਿਵੇਂ ਕਿ ਉੱਥੇ ਹੀ ਵਾਪਸ ਜਾਣ ਦੀ ਤਿਆਰੀ ਆਰੰਭ ਦਿੱਤੀ ਹੋਵੇ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗਿਆ ਸਾਂ। ਮੈਨੂੰ ਦਿਨ-ਬ-ਦਿਨ ਲੱਗਦਾ ਕਿ ਕੰਵਲ ਮੇਰੇ ਹੱਥਾਂ ਵਿਚੋਂ ਕਿਰਦੀ ਜਾ ਰਹੀ ਸੀ।
-----
ਮੈਂ ਸੋਚਣ ਲੱਗਦਾ ਕਿ ਮੈਥੋਂ ਕਿੱਥੇ ਗ਼ਲਤੀ ਹੋਈ। ਮੈਂ ਤਾਂ ਸਦਾ ਹੀ ਉਸ ਨੂੰ ਪਿਆਰ ਕੀਤਾ ਸੀ। ਆਪਣੇ ਬਰਾਬਰ ਸਮਝਿਆ ਸੀ। ਪਹਿਲੇ ਦਿਨ ਤੋਂ ਮੈਂ ‘ਤੁਸੀਂ’ ‘ਅਸੀਂ’ ਦੇ ਚਕੱਰ ਵਿਚ ਨਾ ਪੈ ਕੇ ‘ਤੂੰ’ ‘ਮੈਂ’ ਵਿਚ ਰਿਹਾ ਸਾਂ। ਉਹ ਮੈਨੂੰ ‘ਰਵੀ’ ਕਹਿ ਕੇ ਮੁਖ਼ਾਤਿਬ ਹੋਣਾ ਚਾਹੁੰਦੀ ਸੀ। ਰਵੀ ਨਾਂ ਉਸ ਨੂੰ ਚੰਗਾ ਲੱਗਦਾ ਸੀ। ਫਿਰ ਇੰਦਰ ਸਿੰਘ ਉਸ ਦੇ ਕਿਸੇ ਮਾਮੇ ਦਾ ਨਾਂ ਵੀ ਸੀ। ਮੈਂ ਉਸ ਨੂੰ ਬਰਾਬਰ ਸਮਝਦੇ ਹੋਏ ਹੋਰ ਵੀ ਬਹੁਤ ਸਾਰੀਆਂ ਖੁੱਲ੍ਹਾਂ ਦੇ ਰੱਖੀਆਂ ਸਨ ਜੋ ਕਿ ਭਾਰਤੀ ਪਤੀਆਂ ਦੇ ਵਸ ਵਿਚ ਨਹੀਂ ਹੁੰਦੀਆਂ। ਘਰ ਮੈਂ ਸੰਭਾਲ ਲੈਂਦਾ ਸਾਂ, ਭਾਂਡੇ ਧੋਣ, ਹੂਵਰ ਕਰਨ, ਕੱਪੜੇ ਮਸ਼ੀਨ ਵਿਚ ਪਾਉਣ ਤੱਕ ਦੇ ਸਾਰੇ ਕੰਮ ਕਰ ਲੈਂਦਾ ਸਾਂ। ਸ਼ਾਇਦ ਇਸ ਕਰਕੇ ਵੀ ਉਸ ਦੀਆਂ ਕਈ ਗੱਲਾਂ ਮੈਨੂੰ ਜ਼ਿਆਦਾ ਤੰਗ ਕਰਦੀਆਂ। ਬਹੁਤਾ ਗ਼ੁੱਸਾ ਦਵਾਉਂਦੀਆਂ।
-----
ਅਜਿਹੀਆਂ ਸੋਚਾਂ ਦਾ ਹੀ ਮੇਰੇ ਉਪਰ ਦਬਾਅ ਸੀ ਕਿ ਇਕ ਦਿਨ ਮੈਂ ਉਸ ਦੇ ਦੋ ਚਪੇੜਾਂ ਮਾਰ ਬੈਠਾ ਸਾਂ। ਗ਼ੁੱਸੇ ਵਿਚ ਆਈ ਨੇ ਉਸ ਨੇ ਮੈਨੂੰ ਗਾਲ੍ਹ ਕੱਢੀ ਸੀ ਤੇ ਮੇਰੇ ਤੋਂ ਖ਼ੁਦ ਨੂੰ ਰੋਕ ਨਹੀਂ ਸੀ ਹੋਇਆ। ਉਸ ਦੇ ਮਾਰਨ ਤੋਂ ਬਾਅਦ ਹੀ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ। ਮੈਂ ਮੁਆਫ਼ੀਆਂ ਮੰਗਣ ਲੱਗਿਆ ਸਾਂ। ਉਹ ਮਖਿਆਲ਼ ਵਾਂਗ ਅਜਿਹੀ ਸ਼ੁਰੂ ਹੋਈ ਸੀ ਕਿ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਬਹੁਤ ਮਿੰਨਤਾਂ ਕਰ-ਕਰ ਕੇ ਉਸ ਨੂੰ ਠੰਢੀ ਕੀਤਾ ਸੀ ਤੇ ਅੱਗੇ ਤੋਂ ਕਿੰਨੇ ਹੀ ਵਾਅਦੇ ਵੀ ਕੀਤੇ।
-----
ਭਾਵੇਂ ਹਾਲਾਤ ਠੀਕ ਹੋ ਗਏ ਪਰ ਪਹਿਲਾਂ ਵਰਗੇ ਨਹੀਂ ਸਨ ਹੋਏ। ਮੈਂ ਉਸ ਤੋਂ ਝਿਪ-ਝਿਪ ਕੇ ਗੱਲ ਕਰਦਾ। ਹੁਣ ਉਸ ਦੀ ‘ਮੈਂ’ ਬਹੁਤ ਉੱਚੀ ਹੋ ਗਈ ਸੀ। ਘਰ ਵਿਚ ਥੋੜ੍ਹਾ ਜਿਹਾ ਵੀ ਝਗੜਾ ਹੁੰਦਾ ਤਾਂ ਉਹ ਇਕ ਦਮ ਕਹਿ ਦਿੰਦੀ, ‘‘ਲੁਕ ਰਵੀ, ਮੈਂ ਜੋ ਹਾਂ ਸੋ ਹਾਂ, ਮੇਰੇ ਨਾਲ ਰਹਿਣਾ ਏ ਤਾਂ ਰਹਿ ਨਹੀਂ ਤਾਂ ਨਾ ਸਹੀ, ਪਰ ਮੈਨੂੰ ਹੱਥ ਨਹੀਂ ਲਾਉਣਾ ਹੋਏਗਾ, ਜੇ ਹੱਥ ਲਾਇਆ ਤਾਂ ਅਕਲ ਦੇ ਦੇਵਾਂਗੀ।’’
*****
ਚਲਦਾ