Saturday, March 26, 2011

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 24

ਕਾਂਡ 24

ਇਕ ਦਿਨ ਪ੍ਰਿਤਪਾਲ ਦਾ ਫ਼ੋਨ ਆਇਆ। ਪੁੱਛਣ ਲੱਗਿਆ, ਕੰਵਲ ਮੁੜ ਕੇ ਘਰ ਆਈ ਕਿ ਨਹੀਂ ਕਦੇ?

ਨਹੀਂ ਤਾਂ, ਕਿਉਂ?

ਕਿਸੇ ਨੂੰ ਹਫਤੇ ਲਈ ਇਕ ਰੂਮ ਚਾਹੀਦਾ ਸੀ।

ਸਿਰਫ਼ ਹਫ਼ਤੇ ਵਾਸਤੇ?

ਹਾਂ, ਸਾਡੇ ਕਿਸੇ ਕੁਲੀਗ ਨੇ ਵਾਪਸ ਆਪਣੇ ਮੁਲਕ ਚਲੇ ਜਾਣੈ, ਅਗਲੇ ਸੰਡੇ, ਪਰ ਉਹਦੇ ਲੈਂਡ ਲੌਰਡ ਨੇ ਉਹਦੇ ਕੋਲੋਂ ਫਲੈਟ ਅੱਜ ਈ ਖਾਲੀ ਕਰਾਉਣੈ, ਜੇ ਤੂੰ ਐਡਜਸਟ ਕਰ ਸਕਦੈਂ ਤਾਂ ਦੱਸ।

ਤੇਰਾ ਕੁਲੀਗ ਐ ਭੇਜ ਦੇ, ਐਡਜਸਟ ਕਰਨ ਨੂੰ ਕੀ ਐ!

ਇਕ ਹੋਰ ਗੱਲ।

ਉਹ ਵੀ ਦੱਸ।

ਮੇਰਾ ਕੁਲੀਗ ਇਕ ਔਰਤ ਐ, ਚਾਈਨੀ ਉਰੀਜ਼ਨ ਦੀ ਮਲੇਸ਼ੀਅਨ ਔਰਤ।

ਤੂੰ ਔਰਤਾਂ ਨੂੰ ਕੁਲੀਗ ਕਦੋਂ ਤੋਂ ਰੱਖਣ ਲੱਗ ਪਿਆਂ?

ਤੈਨੂੰ ਪਤਾ ਈ ਐ ਮੇਰਾ, ਏਨੀ ਹਿੰਮਤ ਮੇਰੇ ਵਿਚ ਕਿੱਥੋਂ ਐ, ਤੂੰ ਦੱਸ, ਭੇਜਾਂ?

ਭੇਜ ਦੇ, ਕੋਈ ਪ੍ਰੌਬਲਮ ਨਾ ਖੜੀ ਕਰਨ ਵਾਲੀ ਹੋਵੇ। ਮੈਂ ਤਾਂ ਹਰ ਵੇਲੇ ਮਿੰਨੀ ਕੈਬ ਤੇ ਈ ਰਹਿਣਾ।

ਮੈਂ ਫੋਰਡ ਵਿਚੋਂ ਕੰਮ ਛੱਡ ਕੇ ਕੈਬਿੰਗ ਸ਼ੁਰੂ ਕਰ ਦਿੱਤੀ ਸੀ। ਵਿਹਲੇ ਬੈਠ ਕੇ ਗੁਜ਼ਾਰਾ ਕਿਥੋਂ ਹੋਣਾ ਸੀ।

ਅਗਲੀ ਸ਼ਾਮ ਇਕ ਚੀਨੀ ਕੁੜੀ ਆਪਣੇ ਦੋ ਅਟੈਚੀ ਲੈ ਕੇ ਆ ਗਈ। ਮੈਂ ਦਰਵਾਜ਼ਾ ਖੋਹਲਿਆ ਤਾਂ ਕਹਿਣ ਲਗੀ, ਹੈਲੋ, ਮੈਂ ਬੀ ਆਂ, ਬੀਲਿੰਗ, ਪੌਲ ਦੀ ਦੋਸਤ।

-----

ਮੈਂ ਉਸ ਦਾ ਰਸਮੀ ਸਵਾਗਤ ਕਰਕੇ ਅੰਦਰ ਸੱਦਿਆ। ਉਸ ਦੇ ਅਟੈਚੀ ਫਰੰਟ ਰੂਮ ਵਿਚ ਲੈ ਆਂਦੇ। ਉਹ ਫਰੰਟ ਰੂਮ ਦੀਆਂ ਚੀਜ਼ਾਂ ਨੂੰ ਘੋਖਦੀ ਆਪਣੀ ਕਹਾਣੀ ਦੱਸਣ ਲੱਗੀ ਕਿ ਉਸ ਨੇ ਆਪਣੇ ਮਕਾਨ ਮਾਲਕ ਨੂੰ ਮਕਾਨ ਖ਼ਾਲੀ ਕਰਨ ਦਾ ਨੋਟਿਸ ਦੇ ਰੱਖਿਆ ਸੀ। ਪਰ ਵਕਤ ਸਿਰ ਸੀਟ ਬੁੱਕ ਨਾ ਕਰਾਈ ਹੋਣ ਕਰਕੇ ਉਸ ਦੀ ਬੁਕਿੰਗ ਲੇਟ ਹੋਈ। ਉਧਰੋਂ ਮਕਾਨ ਵਿਚ ਨਵੇਂ ਕਿਰਾਏਦਾਰ ਆ ਜਾਣ ਕਾਰਨ ਉਸ ਨੂੰ ਖ਼ਾਲੀ ਕਰਨਾ ਪਿਆ ਤੇ ਉਹ ਮੁਸੀਬਤ ਵਿਚ ਫਸ ਗਈ। ਉਹ ਪ੍ਰਿਤਪਾਲ ਦੀ ਤਾਰੀਫ਼ ਕਰੀ ਜਾ ਰਹੀ ਸੀ ਜੋ ਕਿ ਔਖੇ ਵਕਤ ਬਹੁੜਿਆ।

ਬੀ ਗਠੀਲੇ ਸਰੀਰ ਦੀ ਚੁਸਤ ਕੁੜੀ ਸੀ। ਉਸ ਦੇ ਅੰਦਰ ਮੈਨੂੰ ਖਾਸ ਖਿੱਚ ਦਿੱਸ ਰਹੀ ਸੀ। ਮੈਨੂੰ ਉਹ ਮਲੇਸ਼ੀਆ ਬਾਰੇ ਗੱਲਾਂ ਦੱਸਣ ਲਗੀ ਕਿ ਉਸ ਦੇ ਪਿਤਾ ਦਾ ਆਪਣਾ ਸਿਨਮਾ ਸੀ ਜਿਥੇ ਉਹ ਹਿੰਦੀ ਫ਼ਿਲਮਾਂ ਚਲਾਉਂਦੇ ਸਨ। ਹਿੰਦੀ ਦੇ ਕਈ ਸ਼ਬਦ ਉਹ ਬੋਲ ਲੈਂਦੀ ਸੀ। ਰਾਤ ਪੈਂਦੀ ਦੇਖ ਕੇ ਮੈਂ ਪੁੱਛਿਆ, ਬੀ ਕੀ ਖਾਵੇਂਗੀ?

ਬਹੁਤ ਕੁਝ ਨਹੀਂ, ਕੀ ਬਣਾ ਰਿਹੈ?

ਮੈਨੂੰ ਕੁਝ ਨਹੀਂ ਬਣਾਉਣਾ ਆਉਂਦਾ, ਮੈਂ ਤਾਂ ਟੇਕ ਅਵੇਅ ਹੀ ਲਿਔਨਾ ਹੁੰਨਾਂ।

ਉਹ ਰਸੋਈ ਵਿਚ ਗਈ। ਫਰੀਜ਼ਰ ਖੋਹਲਿਆ। ਕੰਵਲ ਦੇ ਵੇਲੇ ਦਾ ਸਾਮਾਨ ਹੀ ਪਿਆ ਸੀ। ਉਹ ਹੀ ਕੰਮ ਤੋਂ ਆਉਂਦੀ ਸ਼ੌਪਿੰਗ ਕਰ ਲਿਆ ਕਰਦੀ ਸੀ। ਬੀ ਅਲਮਾਰੀਆਂ ਖੋਹਲ ਕੇ ਦੇਖਣ ਲੱਗੀ ਕਿ ਘਰ ਵਿਚ ਹੋਰ ਕੀ-ਕੀ ਸੀ। ਸਭ ਕੁਝ ਨਿਰਖ ਪਰਖ ਕੇ ਬੋਲੀ, ਤੂੰ ਆਰਾਮ ਨਾਲ ਬਹਿ ਜਾ, ਅੱਜ ਤੇਰੇ ਲਈ ਮੈਂ ਪਕਾਵਾਂਗੀ।

-----

ਮੈਂ ਉਸ ਨੂੰ ਬਕਾਰਡੀ ਕੋਕ ਪਾ ਕੇ ਗਲਾਸ ਫੜਾਇਆ। ਉਹ ਪੀਂਦੀ ਰਹੀ ਤੇ ਨਾਲ ਹੀ ਖਾਣਾ ਬਣਾਉਂਦੀ ਰਹੀ। ਉਸ ਨੇ ਚਾਈਨੀ ਤਰੀਕੇ ਨਾਲ ਮੱਛੀ ਚੌਲ਼ ਬਣਾਏ। ਇੰਨਾ ਸਵਾਦੀ ਖਾਣਾ ਮੈਂ ਪਹਿਲੀ ਵਾਰ ਖਾ ਰਿਹਾ ਸਾਂ। ਕੰਵਲ ਖਾਣਿਆਂ ਵਿਚ ਇੰਨੀ ਮਾਹਰ ਨਹੀਂ ਸੀ। ਮੈਨੂੰ ਬੀ ਦੀ ਘਰ ਵਿਚ ਹਾਜ਼ਰੀ ਬਹੁਤ ਚੰਗੀ ਲੱਗ ਰਹੀ ਸੀ। ਕੰਵਲ ਤੋਂ ਬਾਅਦ ਕੋਈ ਔਰਤ ਮੇਰੇ ਇੰਨਾ ਕਰੀਬ-ਕਰੀਬ ਪਹਿਲੀ ਵਾਰ ਘੁੰਮ ਰਹੀ ਸੀ। ਬੀ ਗੱਲਾਂ ਬਾਤਾਂ ਤੋਂ ਬਹੁਤ ਹੁਸ਼ਿਆਰ ਜਾਪਦੀ। ਵਰਕਿੰਗ ਵੀਜ਼ੇ ਤੇ ਕੁਝ ਸਾਲ ਰਹਿ ਕੇ ਵਾਪਸ ਜਾ ਰਹੀ ਸੀ। ਉਹ ਮੇਰੇ ਜਿੰਨੀ ਬਕਾਰਡੀ ਹੀ ਪੀ ਗਈ। ਮੈਂ ਜੋ ਵੀ ਪਾਉਂਦਾ ਉਹ ਪੀ ਜਾਂਦੀ, ਨਾਂਹ ਕਰਦੀ ਹੀ ਨਹੀਂ ਸੀ।

-----

ਰਾਤ ਨੂੰ ਸੌਣ ਵੇਲੇ ਉਸ ਨੂੰ ਬੈੱਡਰੂਮ ਦਿਖਾ ਦਿੱਤਾ। ਮੈਂ ਕਮਰੇ ਦੇ ਦਰਾਂ ਵਿਚ ਖੜ੍ਹ ਕੇ ਪੁੱਛਿਆ, ਬੀ, ਤੈਨੂੰ ਗੁੱਡ ਨਾਈਟ ਕਹਾਂ? ....ਜਾਂ ਕਹਾਂ ਮੇਰੇ ਕਮਰੇ ਵਿਚ ਚਲ ਜਾਂ ਤੂੰ ਕਹੇਂਗੀ ਕਿ ਮੇਰੇ ਕਮਰੇ ਵਿਚ ਰਹਿ ਜਾ?

ਉਹ ਕੁਝ ਨਾ ਬੋਲੀ, ਮੁਸਕਰਾਈ ਤੇ ਹੱਥ ਮੇਰੇ ਵੱਲ ਵਧਾ ਦਿੱਤਾ।

ਬੀ ਨੇ ਹਫ਼ਤਾ ਰਹਿਣਾ ਸੀ ਪਰ ਚਾਰ ਹਫਤੇ ਰਹਿ ਗਈ। ਪਹਿਲਾਂ ਮੈਂ ਜ਼ਿਆਦਾ ਦੇਰ ਟੈਕਸੀ ਕਰਦਾ ਰਹਿੰਦਾ ਸੀ ਪਰ ਹੁਣ ਉਸ ਨਾਲ ਘੁੰਮਦਾ ਫਿਰਦਾ। ਮੈਨੂੰ ਕੰਵਲ ਦਾ ਦਰਦ ਘੱਟ ਲੱਗਦਾ ਸਗੋਂ ਖ਼ੁਸ਼ੀ ਹੁੰਦੀ ਕਿ ਕੰਵਲ ਦੀ ਸਜ਼ਾ ਇਹੋ ਸੀ। ਨਾ ਉਹ ਛੱਡ ਕੇ ਗਈ ਹੁੰਦੀ, ਨਾ ਮੈਂ ਬੀ ਨਾਲ ਦੋਸਤੀ ਪਾਉਂਦਾ।

ਇੰਨੇ ਦਿਨਾਂ ਵਿਚ ਕੰਵਲ ਦਾ ਫੋਨ ਵੀ ਨਹੀਂ ਆਇਆ। ਮੈਂ ਮਨ ਵਿਚ ਹੱਸਦਾ ਕਿ ਉਸ ਦਿਨ ਵਾਲੀ ਸ਼ੌਪਿੰਗ ਖ਼ਤਮ ਹੋਵੇਗੀ ਤਾਂ ਹੀ ਫੋਨ ਕਰੇਗੀ।

ਜਿੰਨੇ ਦਿਨ ਬੀ ਰਹੀ ਮੇਰਾ ਧਿਆਨ ਵੀ ਕੰਵਲ ਵੱਲ ਨਾ ਗਿਆ। ਬੀ ਚਲੇ ਗਈ। ਇਕ ਹਫ਼ਤਾ ਤਾਂ ਉਵੇਂ ਹੀ ਆਨੰਦਿਤ ਰਿਹਾ। ਪ੍ਰਿਤਪਾਲ ਦਾ ਫੋਨ ਆਇਆ। ਉਹ ਕਹਿਣ ਲੱਗਾ, ‘‘ਵੱਡਿਆ, ਚੰਗਾ ਯਾਰ ਨਿਰਮੋਹਾ ਹੋ ਗਿਐਂ, ਘੱਟੋ-ਘੱਟ ਮੇਰਾ ਥੈਂਕਯੂ ਈ ਕਰ ਦਿੰਦਾ।’’

-----

ਕੰਵਲ ਦਾ ਫੋਨ ਆਏ ਨੂੰ ਵਾਹਵਾ ਦੇਰ ਹੋ ਗਈ ਸੀ। ਮੈਨੂੰ ਉਡੀਕ ਸੀ ਕਿ ਖ਼ਰਚੇ ਲਈ ਫੋਨ ਕਰਨ ਵਾਲੀ ਹੀ ਹੋਵੇਗੀ। ਇੰਨੇ ਚਿਰ ਵਿਚ ਤਾਂ ਕਰ ਦਿਆ ਕਰਦੀ ਸੀ। ਇਕ ਦਿਨ ਮੈਂ ਘਰ ਮੁੜਿਆ ਤਾਂ ਦੇਖਿਆ ਕਿ ਕੰਵਲ ਵੱਲੋਂ ਘਰ ਵੇਚ ਦੇਣ ਦਾ ਨੋਟਿਸ ਆਇਆ ਪਿਆ ਸੀ। ਇਕ ਵਾਰ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰ ਮੈਂ ਸੰਭਲ ਗਿਆ। ਗੱਲ ਇਥੇ ਤਕ ਪਹੁੰਚੀ ਸੀ ਤਾਂ ਇਹ ਵੀ ਹੋਣਾ ਹੀ ਸੀ। ਘੁੰਮ ਘੁੰਮਾ ਕੇ ਉਨ੍ਹਾਂ ਦੀ ਅੱਖ ਘਰ ਉਪਰ ਹੋਣੀ ਹੀ ਸੀ। ਇਸ ਨੂੰ ਵੇਚਿਆਂ ਵਿਚੋਂ ਕੁਝ ਪੈਸੇ ਨਿਕਲਣੇ ਹੀ ਸਨ। ਮੈਂ ਸਭ ਕੁਝ ਭੁੱਲ ਕੇ ਆਪਣੇ ਭਵਿੱਖ ਬਾਰੇ ਸੋਚਣ ਲੱਗਿਆ।

-----

ਸਭ ਤੋਂ ਸੌਖਾ ਤੇ ਸਿੱਧਾ ਰਸਤਾ ਸੀ ਕਿ ਪ੍ਰਿਤਪਾਲ ਦੇ ਘਰ ਚਲਿਆ ਜਾਵਾਂ। ਇਕ ਕਮਰੇ ਵਿਚ ਉਸ ਦੇ ਮੁੰਡੇ ਸੌਂਦੇ ਸਨ, ਇਕ ਵਿਚ ਉਹ ਦੋਵੇਂ ਤੇ ਇਕ ਕਮਰਾ ਖ਼ਾਲੀ ਸੀ ਜਿਥੇ ਮੈਂ ਗੁਜ਼ਾਰਾ ਕਰ ਸਕਦਾ। ਸ਼ੈਰਨ ਦਾ ਸੁਭਾਅ ਵੀ ਮੇਰੇ ਲਈ ਠੀਕ ਸੀ। ਪਰ ਇਵੇਂ ਜਾ ਕੇ ਉਥੇ ਰਹਿਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਸਿੱਧਾ ਦਖਲ ਬਣ ਜਾਣਾ ਸੀ। ਪਤੀ-ਪਤਨੀ ਦੇ ਸੌ ਪਰਦੇ ਹੋਣਗੇ, ਇਹ ਮੈਨੂੰ ਸਹੀ ਨਾ ਜਾਪਿਆ। ਫਿਰ ਸੋਚਿਆ ਕਿ ਪ੍ਰਿਤਪਾਲ ਨੂੰ ਕਹਾਂਗਾ ਕਿ ਸਾਊਥਾਲ ਹੀ ਕੋਈ ਕਮਰਾ ਜਾਂ ਫਲੈਟ ਮੇਰੇ ਲਈ ਲੱਭ ਦੇਵੇ, ਇਹ ਇਲਾਕਾ, ਜਿਸ ਨਾਲ ਯਾਦਾਂ ਜੁੜੀਆਂ ਹੋਈਆਂ ਸਨ, ਹੀ ਛੱਡ ਦੇਵਾਂ। ਫਿਰ ਮੇਰੇ ਮਨ ਵਿਚ ਪਤਾ ਨਹੀਂ ਕੀ ਆਇਆ ਕਿ ਮੈਂ ਹੌਲੋਵੇਅ ਰੋਡ ਉਪਰ ਇਕ ਫਲੈਟ ਕਿਰਾਏ ਤੇ ਲੈ ਲਿਆ ਤੇ ਘਰ ਵਿਕਣ ਤੋਂ ਪਹਿਲਾਂ ਹੀ ਉਥੇ ਚਲਿਆ ਗਿਆ। ਮੇਰੇ ਅੰਦਰ ਕਿਸੇ ਕੋਨੇ ਇਹ ਗੱਲ ਬੈਠੀ ਸੀ ਕਿ ਸ਼ਾਇਦ ਕੰਵਲ ਮੁੜਨਾ ਚਾਹੇ, ਜੇ ਮੈਂ ਦੂਰ ਰਹਿੰਦਾ ਹੋਇਆ ਤਾਂ ਕਿਵੇਂ ਆਵੇਗੀ। ਫਿਰ ਨੇੜੇ ਹੋਵਾਂਗਾ ਤਾਂ ਕਦੇ ਪ੍ਰਤਿਭਾ ਨੂੰ ਵੀ ਦੇਖ ਸਕਾਂਗਾ।

-----

ਘਰ ਵਿਕਣ ਵਾਲੀ ਗੱਲ ਬੜੀ ਤਕਲੀਫ਼ਦੇਹ ਸੀ ਪਰ ਮੈਂ ਪ੍ਰਿਤਪਾਲ ਨੂੰ ਨਾ ਦੱਸੀ ਤੇ ਆਪ ਹੀ ਕੁਝ ਦੇਰ ਸ਼ਰਾਬ ਪੀ ਕੇ ਇਸ ਨੂੰ ਬਰਦਾਸ਼ਤ ਕਰ ਲਿਆ। ਮੈਨੂੰ ਪਤਾ ਸੀ ਕਿ ਪ੍ਰਿਤਪਾਲ ਵੀ ਦੁਖੀ ਹੋਵੇਗਾ ਤੇ ਮੇਰੇ ਨਾਲ ਰਲ਼ ਕੇ ਨਸ਼ੇ ਵਿਚ ਡੁੱਬਿਆ ਰਹੇਗਾ ਤੇ ਕੰਮ ਤੇ ਵੀ ਨਹੀਂ ਜਾਵੇਗਾ। ਪ੍ਰਿਤਪਾਲ ਨੂੰ ਉਸੇ ਦਿਨ ਪਤਾ ਚੱਲਿਆ ਜਿਸ ਦਿਨ ਭਗਵੰਤ ਮੇਰੇ ਹਿੱਸੇ ਦਾ ਸਾਮਾਨ ਛੱਡਣ ਉਸ ਦੇ ਘਰ ਗਿਆ। ਮੈਨੂੰ ਨਹੀਂ ਸੀ ਪਤਾ ਕਿ ਕੰਵਲ ਇਵੇਂ ਕਰੇਗੀ ਕਿ ਮੇਰਾ ਸਾਮਾਨ ਪ੍ਰਿਤਪਾਲ ਦੇ ਘਰ ਭੇਜ ਦੇਵੇਗੀ। ਸਾਮਾਨ ਦੇਖ ਕੇ ਪ੍ਰਿਤਪਾਲ ਵੀ ਬਹੁਤ ਉਦਾਸ ਹੋ ਜਾਂਦਾ। ਮੈਂ ਉਸ ਨੂੰ ਕਹਿੰਦਾ, ‘‘ਛੋਟਿਆ, ਤੂੰ ਤਾਂ ਏਦਾਂ ਓਦਰ ਗਿਆਂ ਜਿਦਾਂ ਕੁੜੀ ਦਾ ਦਾਜ ਮੁੜ ਆਇਆ ਹੋਵੇ।’’

‘‘ਓ ਯਾਰ ਇਹ ਮੁਲਕ ਸਾਲ਼ਾ ਉਲਟਾ ਐ, ਭਲਾ ਇਹ ਗੱਲਾਂ ਪਹਿਲਾਂ ਕਦੇ ਸੁਣੀਆਂ ਸੀ, ਚਲ ਤੂੰ ਫ਼ਿਕਰ ਨਾ ਕਰ ਮੈਂ ਤੇਰੇ ਲਈ ਛੇਤੀ ਈ ਕਿਸੇ ਬੀਲਿੰਗ ਦਾ ਇੰਤਜ਼ਾਮ ਕਰਦਾਂ।’’ ਕਹਿ ਕੇ ਉਹ ਅੱਖਾਂ ਰਾਹੀਂ ਹੱਸਦਾ। ਅਸੀਂ ਅਜਿਹੀਆਂ ਗੱਲਾਂ ਕਰਦੇ ਪੀਣ ਲੱਗਦੇ। ਮੈਨੂੰ ਇਹ ਵੀ ਫ਼ਿਕਰ ਰਹਿੰਦਾ ਕਿ ਸ਼ਰਾਬ ਡੈਪਰੈਸ਼ਨ ਵੀ ਪੈਦਾ ਕਰ ਸਕਦੀ ਸੀ। ਡੈਪਰੈਸ਼ਨ, ਜਿਸ ਨੂੰ ਮੈਂ ਬਿਮਾਰੀ ਨਹੀਂ ਪਾਖੰਡ ਮੰਨਿਆ ਕਰਦਾ ਸਾਂ ਹੁਣ ਮਹਿਸੂਸ ਹੋਣ ਲੱਗਿਆ ਸੀ ਕਿ ਇਹ ਤਾਂ ਬਹੁਤ ਖ਼ਤਰਨਾਕ ਬਿਮਾਰੀ ਸੀ। ਭਾਵੇਂ ਇਹ ਆਪ ਸਹੇੜੀ ਬਿਮਾਰੀ ਸੀ ਪਰ ਭੈੜੀ ਸੀ। ਸ਼ਰਾਬ ਪੀ ਕੇ ਬੰਦਾ ਆਪਣੇ ਆਪ ਨੂੰ ਮਨਫ਼ੀ ਕਰਨ ਬਾਰੇ ਸੋਚਣ ਲੱਗਦਾ ਹੈ ਖ਼ਾਸ ਤੌਰ ਤੇ ਮੇਰੇ ਵਰਗੇ ਹਾਲਾਤਾਂ ਵਿਚ। ਮੈਂ ਆਪਣੀ ਜ਼ਿੰਦਗੀ ਦੀ ਦਿਸ਼ਾ ਮੋੜਨੀ ਸ਼ੁਰੂ ਕਰ ਦਿੱਤੀ। ਮੈਂ ਮੁੜ ਕੇ ਵਰਜਿਸ਼ ਸ਼ੁਰੂ ਕਰ ਦਿੱਤੀ। ਲਗਾਤਾਰ ਲਾਇਬਰੇਰੀ ਜਾਣ ਦਾ ਸਮਾਂ ਬੰਨਲਿਆ। ਕੰਮ ਕਰਨ ਦੇ ਘੰਟੇ ਵੀ ਨਿਸ਼ਚਤ ਕਰ ਲਏ ਕਿ ਇੰਨੇ ਤੋਂ ਇੰਨੇ ਘੰਟੇ ਕੰਮ ਕਰਨਾ ਤੇ ਫਲਾਨੇ ਦਿਨ ਛੁੱਟੀ। ਮਿੰਨੀ ਕੈਬ ਵਿਚ ਹੀ ਕੰਮ ਕਰਦੀ ਮੀਨਾ ਨਾਲ ਦੋਸਤੀ ਵਧਾ ਲਈ। ਕਦੇ-ਕਦੇ ਮੈਨੂੰ ਖ਼ੁਸ਼ੀ ਹੁੰਦੀ ਕਿ ਮੈਂ ਆਪਣੇ ਆਪ ਨੂੰ ਸਾਂਭ ਲਿਆ ਸੀ। ਕਈ ਵਾਰ ਮੇਰੇ ਕੋਲੋਂ ਆਪਣੇ ਆਪ ਨੂੰ ਕਹਿ ਹੋ ਜਾਂਦਾ- ‘‘ਜਾਨ, ਤੂੰ ਇੰਦਰ ਸੂੰਹ ਨੂੰ ਇੰਦਰ ਸੂੰਹ ਵਿਚੋਂ ਖਾਰਜ ਨਹੀਂ ਕਰ ਸਕਦੀ।’’

-----

ਅਗਲਾ ਝਟਕਾ ਮੈਨੂੰ ਉਦੋਂ ਲੱਗਿਆ ਜਦੋਂ ਤਲਾਕ ਦਾ ਨੋਟਿਸ ਆ ਗਿਆ। ਹੁਣ ਮੇਰੀ ਡਾਕ ਪ੍ਰਿਤਪਾਲ ਘਰ ਆਉਂਦੀ ਪਰ ਉਹ ਖੋਲ੍ਹਦਾ ਨਹੀਂ ਸੀ। ਮੇਰਾ ਜਦ ਵਕਤ ਲੱਗਦਾ ਜਾ ਕੇ ਲੈ ਆਉਂਦਾ। ਮੈਂ ਚਾਹੁੰਦਾ ਸਾਂ ਕਿ ਇਸ ਝਟਕੇ ਨੂੰ ਇਕੱਲਾ ਹੀ ਝੱਲਾਂ, ਪ੍ਰਿਤਪਾਲ ਨੂੰ ਨਾ ਦੱਸਾਂ। ਪਰ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ। ਇਕ ਦਿਨ ਜ਼ਿਆਦਾ ਸ਼ਰਾਬ ਪੀ ਕੇ ਉਸ ਨੂੰ ਫੋਨ ਕਰ ਹੀ ਦਿੱਤਾ। ਉਹ ਉਸੇ ਵੇਲੇ ਆ ਗਿਆ ਤੇ ਮੈਨੂੰ ਆਪਣੇ ਨਾਲ ਸਾਊਥਾਲ ਲੈ ਗਿਆ। ਅਸੀਂ ਕੁਝ ਦਿਨ ਰਲ਼ ਕੇ ਸ਼ਰਾਬ ਵਿਚ ਗੜੁੱਚ ਰਹੇ। ਕੰਵਲ ਨੇ ਤਲਾਕ ਲਈ ਅਰਜ਼ੀ ਦਿੱਤੀ ਸੀ। ਕਿੰਨਾ ਕੁਝ ਝੂਠ ਬੋਲ ਕੇ ਤਲਾਕ ਦੀ ਗਰਾਊਂਡ ਬਣਾਈ ਸੀ। ਮੇਰਾ ਦਿਲ ਕਰਦਾ ਕਿ ਤਲਾਕ ਦਾ ਕੇਸ ਲੜਾਂ ਤੇ ਉਸ ਨੂੰ ਤਲਾਕ ਨਾ ਲੈਣ ਦੇਵਾਂ। ਮੈਂ ਪ੍ਰਿਤਪਾਲ ਨੂੰ ਕਿਹਾ, ‘‘ਛੋਟੇ, ਇਹ ਔਰਤ ਸ਼ਰੇਆਮ ਝੂਠ ਬੋਲੀ ਜਾਂਦੀ ਐ ਕਿ ਮੈਂ ਏਹਦੇ ਨਾਲ ਮਾੜਾ ਬਿਹੇਵ ਕੀਤੈ, ਇਹਨੂੰ ਟੈਲੀ ਨਹੀਂ ਦੇਖਣ ਦਿੱਤਾ, ਇਹਨੂੰ ਨਹਾਉਣ ਲਈ ਗਰਮ ਪਾਣੀ ਨਹੀਂ ਦਿੱਤਾ, ਇਹਨੂੰ ਬਹੁਤ ਮਾਰਦਾ ਰਿਹਾਂ, ਮੈਂ ਕੇਸ ਡਿਫੈਂਡ ਕਰਨੈ, ਮੈਂ ਕੋਰਟ ਵਿਚ ਦੱਸੂੰ ਕਿ ਇਹ ਸਭ ਝੂਠ ਐ।’’

‘‘ਵੱਡੇ, ਓਹਨੇ ਤਲਾਕ ਲੈਣਾਂ ਤੇ ਓਹਦੇ ਲਈ ਗਰਾਊਂਡ ਚਾਹੀਦੀ ਐ, ਜੇ ਤੂੰ ਹੁਣ ਰੋਕ ਵੀ ਲਵੇਂ ਤਾਂ ਦੋ ਸਾਲ ਬਾਅਦ ਐਟੋਮੈਟਿਕ ਹੋ ਜਾਊ, ਨਾਲੇ ਫਿਰ ਤਲਾਕ ਨੂੰ ਤੂੰ ਕਾਹਨੂੰ ਰੋਕਣੈ, ਉਹਨੂੰ ਐਸ਼ ਕਰਨ ਦੇ, ਤੇਰਾ ਅਸੀਂ ਹੁਣ ਗੱਜ ਵੱਜ ਕੇ ਵਿਆਹ ਕਰਾਂਗੇ, ਸੂਬੇਦਾਰ ਦਾ ਪੁੱਤ ਘੋੜੀ ਚੜੂ।’’

ਮੈਂ ਅਰਜ਼ੀ ਤੇ ਆਪਣੀ ਸਹਿਮਤੀ ਦੇ ਦਿੱਤੀ ਤੇ ਉਹ ਇਲਾਕਾ ਛੱਡ ਦੇਣ ਦਾ ਫੈਸਲਾ ਕਰ ਲਿਆ। ਹੁਣ ਕੰਵਲ ਦੀ ਉਡੀਕ ਕਰਨੀ ਬੇਮੈਅਨੇ ਸੀ। ਪ੍ਰਤਿਭਾ ਨੂੰ ਮਿਲਣ ਦੇਣਾ ਵੀ ਉਸ ਦੇ ਹੱਥ ਵਿਚ ਸੀ। ਮੈਂ ਈ¦ਿਗ ਫਲੈਟ ਲੈ ਲਿਆ। ਪ੍ਰਤਿਭਾ ਦੇ ਤੀਹ ਪੌਂਡ ਹਫ਼ਤੇ ਦੇ ਖ਼ਰਚੇ ਵਜੋਂ ਆਪਣੀ ਮਰਜ਼ੀ ਨਾਲ ਬੰਨ੍ਹ ਦਿੱਤੇ। ਸਿੱਧੇ ਬੈਂਕ ਵਿਚ ਕਰਵਾ ਦਿੱਤੇ।

ਤਲਾਕ ਦੀ ਡਿਗਰੀ ਪ੍ਰਿਤਪਾਲ ਦੇ ਘਰ ਪਹੁੰਚੀ ਤਾਂ ਮੈਂ ਸੋਚਿਆ ਕਿ ਕੰਵਲ ਨੂੰ ਫੋਨ ਕਰਕੇ ਤਲਾਕ ਦੀ ਮੁਬਾਰਕਵਾਦ ਹੀ ਦੇ ਲਵਾਂ। ਉਹ ਰੋਣ ਲੱਗ ਪਈ ਤੇ ਬੋਲੀ, ‘‘ਰਵੀ ਮੈਨੂੰ ਨਹੀਂ ਚਾਹੀਦਾ ਤਲਾਕ, ਇਹ ਸੂਜੀ ਬੈਰੀਮਨ ਦੀ ਮਿਸਟੇਕ ਐ, ਮੈਨੂੰ ਤਲਾਕ ਨਹੀਂ, ਤੇਰੀ ਲੋੜ ਐ, ਇਹ ਤਲਾਕ ਦੀ ਪਹਿਲੀ ਡਿਗਰੀ ਈ ਐ।’’

‘‘ਫਿਰ ਟੈਕਸੀ ਫੜ ਤੇ ਆ ਜਾ ਮੇਰੇ ਕੋਲ।’’

‘‘ਰਵੀ, ਮੇਰੇ ਡੈਡੀ ਹਾਲੇ ਠੀਕ ਨਹੀਂ, ਹਾਲੇ ਨਹੀਂ ਆ ਸਕਣਾ।’’

ਮੈਂ ਕੁਝ ਨਾ ਕਿਹਾ। ਉਸ ਨੇ ਫਿਰ ਕਿਹਾ, ‘‘ਰਵੀ, ਮੈਂ ਅੱਜ ਈ ਸੂਜੀ ਬੈਰੀਮਨ ਨੂੰ ਫੋਨ ਕਰਕੇ ਇਹ ਤਲਾਕ ਕੈਂਸਲ ਕਰਵਾ ਰਹੀ ਹਾਂ, ਆਏ ਲਵ ਯੂ ਰਵੀ।’’

-----

ਮੈਂ ਫੋਨ ਰੱਖਿਆ। ਇਕ ਵਾਰ ਤਾਂ ਮੈਨੂੰ ਲੱਗਿਆ ਕਿ ਕੰਵਲ ਮੁੜ ਮੇਰੇ ਪੈਰਾਂ ਵਿਚ ਜ਼ੰਜੀਰਾਂ ਪਾ ਰਹੀ ਸੀ। ਇਸ ਤੋਂ ਮਗਰੋਂ ਕੰਵਲ ਨਾਲ ਫੋਨ ਤੇ ਅਕਸਰ ਗੱਲਾਂ ਹੋਣ ਲੱਗੀਆਂ। ਉਹ ਖ਼ੁਸ਼ ਹੁੰਦੀ। ਕਦੇ ਮੈਨੂੰ ਇਹ ਵੀ ਲੱਗਦਾ ਕਿ ਸਾਡੇ ਸੰਬੰਧਾਂ ਵਿਚ ਐਡੀ ਵੱਡੀ ਦਰਾੜ ਪੈ ਚੁੱਕੀ ਸੀ ਕਿ ਇਸ ਨੂੰ ਭਰਨਾ ਮੁਸ਼ਕਲ ਸੀ, ਮੁੜ ਫਿਰ ਮੈਂ ਸੋਚਣ ਲੱਗਦਾ ਕਿ ਹੁਣ ਜ਼ਮਾਨਾ ਬਦਲ ਚੁੱਕਾ ਹੈ, ਪਤੀ-ਪਤਨੀ ਦਾ ਰਿਸ਼ਤਾ ਦੋ ਤਰਫ਼ਾ ਹੈ। ਉਸ ਦੇ ਵੀ ਹੱਕ ਹਨ, ਮਰਜ਼ੀਆਂ ਹਨ। ਇਹ ਸੋਚਦਿਆਂ ਤੇ ਆਪਣਾ ਪਿਆਰ ਸਾਹਮਣੇ ਰੱਖਦਿਆਂ ਇਹ ਦਰਾੜ, ਇਹ ਖਾਈ ਵੱਡੀ ਚੀਜ਼ ਨਹੀਂ। ਭਰ ਜਾਵੇਗੀ। ਨਿਸ਼ਾਨ ਵੀ ਮਿਟ ਜਾਣਗੇ। ਕੁਝ ਵਕਤ ਲੱਗੇਗਾ। ਸਭ ਸਾਡੇ ਵੱਸ ਵਿਚ ਹੀ ਹੁੰਦਾ ਹੈ।

ਛੇ ਹਫ਼ਤੇ ਲੰਘੇ ਤਾਂ ਦੂਜੀ ਡਿਗਰੀ ਭਾਵ ਫਾਈਨਲ ਡਿਗਰੀ ਵੀ ਆ ਗਈ। ਮੈਂ ਸੋਚਿਆ ਕਿ ਚਲੋ ਫਾਤਿਆ ਪੜ੍ਹਿਆ ਗਿਆ। ਮੈਂ ਇਕ ਵਾਰ ਪ੍ਰਤਿਭਾ ਨੂੰ ਦੇਖਣਾ ਚਾਹੁੰਦਾ ਸਾਂ। ਮੁੜ ਕੇ ਪਤਾ ਨਹੀਂ ਉਹ ਮੈਨੂੰ ਕਦੋਂ ਮਿਲੇਗੀ। ਮੈਨੂੰ ਪਛਾਣੇਗੀ ਵੀ ਜਾਂ ਨਹੀਂ। ਇਕ ਵਾਰ ਉਸ ਨੂੰ ਦੇਖ ਲਵਾਂ ਤੇ ਕੰਵਲ ਨੂੰ ਅਲਵਿਦਾ ਕਹਿ ਲਵਾਂ। ਫਿਰ ਸੋਚਦਾਂ ਕਿ ਛੱਡਾਂ ਪਰ੍ਹੇ। ਜਿਸ ਪਿੰਡ ਹੀ ਨਹੀਂ ਜਾਣਾ ਉਹਦੇ ਰਾਹ ਵੀ ਕੀ ਪੈਣਾ। ਦੁਚਿੱਤੀ ਵਿਚ ਪਏ-ਪਏ ਕਾਰ ਦਾ ਸਟੇਅਰਿੰਗ ਟੌਟਨਹੈਮ ਵੱਲ ਘੁੰਮ ਹੀ ਗਿਆ। ਪਾਰਕ ਐਵੇਨਿਯੂ ਤੇ ਪੁੱਜ ਗਿਆ। ਕੰਵਲ ਬਹੁਤ ਪਿਆਰ ਨਾਲ ਮਿਲੀ। ਜਿਵੇਂ ਮੈਨੂੰ ਹੀ ਉਡੀਕਦੀ ਬੈਠੀ ਸੀ। ਉਹ ਕਾਹਲੀ ਵਿਚ ਬੋਲੀ, ‘‘ਰਵੀ, ਸਭ ਗੜਬੜ ਹੋ ਗਈ, ਦੂਜੀ ਡਿਗਰੀ ਵੀ ਗ਼ਲਤੀ ਨਾਲ ਹੋ ਗਈ। ਮੈਂ ਵਕੀਲ ਨਾਲ ਗੱਲ ਕਰਦੀ ਸੀ, ਉਹ ਕਹਿੰਦੀ ਰਵੀ ਐਫੀਡੈਵਿਟ ਦੇ ਦੇਵੇ, ਤਲਾਕ ਕੈਂਸਲ ਹੋ ਜਾਵੇਗਾ, ਫ਼ਿਕਰ ਦੀ ਲੋੜ ਨਹੀਂ।’’

-----

ਮੈਂ ਪ੍ਰਤਿਭਾ ਨੂੰ ਇਕ ਵਾਰ ਗੋਦੀ ਚੁੱਕਿਆ, ਚੁੰਮਿਆ ਤੇ ਉਸ ਨੂੰ ਵਾਪਸ ਕਰ ਦਿੱਤਾ। ਕੰਵਲ ਹਾਲੇ ਵੀ ਕਹਿੰਦੀ ਜਾ ਰਹੀ ਸੀ, ‘‘ਰਵੀ, ਆਏ ਲਵ ਯੂ, ਆਏ ਡੌਂਟ ਵਾਂਟ ਡਾਇਵੋਰਸ, ਮੈਂ ਤੇਰੇ ਨਾਲ ਰਹਾਂਗੀ, ਬੱਸ ਜ਼ਰਾ ਡੈਡੀ ਠੀਕ ਹੋ ਲੇ।’’

ਉਸ ਦੀ ਸ਼ਕਲ ਦੇਖ ਕੇ ਮੇਰਾ ਹਾਸਾ ਛੁੱਟ ਗਿਆ। ਅਜਿਹਾ ਹਾਸਾ ਕਿ ਰੁਕਣ ਦਾ ਨਾਂ ਨਾ ਲਵੇ। ਮੈਂ ਹੱਸਦੇ ਹੋਏ ਨੇ ਕਾਰ ਤੋਰ ਲਈ। ਇੰਨਾ ਹੱਸਿਆ ਕਿ ਮੇਰੇ ਕੋਲੋਂ ਕਾਰ ਨਾ ਤੁਰੇ। ਅੱਗੇ ਆ ਕੇ ਇਕ ਪਾਸੇ ਕਾਰ ਖੜ੍ਹੀ ਕੀਤੀ ਤੇ ਰੋਣ ਲੱਗਿਆ। ਫਿਰ ਪਤਾ ਨਹੀਂ ਕਿੰਨੀ ਦੇਰ ਉਥੇ ਕਾਰ ਵਿਚ ਬੈਠਾ ਰੋਂਦਾ ਰਿਹਾ।

*****

ਚਲਦਾ


Sunday, December 5, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ –23

ਕਾਂਡ 23

ਇਨ੍ਹਾਂ ਦਿਨਾਂ ਵਿਚ ਹੀ ਇੰਡੀਆ ਤੋਂ ਮਾਂ ਆ ਗਈ। ਪ੍ਰਿਤਪਾਲ ਕਿੰਨੇ ਹੀ ਚਿਰ ਤੋਂ ਮਾਂ ਨੂੰ ਸੱਦਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਪਰ ਮੈਂ ਹੀ ਟਾਲ਼ ਦਿੰਦਾ ਸਾਂ। ਕੰਵਲ ਨਾਲ ਮਾਂ ਦੇ ਆਉਣ ਬਾਰੇ ਗੱਲ ਕਰਦਾ ਤਾਂ ਉਹ ਵੀ ਹੁੰਘਾਰਾ ਨਾ ਭਰਦੀ। ਪ੍ਰਿਤਪਾਲ ਨਾ ਰੁਕਿਆ ਤੇ ਉਸਨੇ ਮਾਂ ਦੀ ਰਾਹਦਾਰੀ ਤੇ ਟਿਕਟ ਭੇਜ ਦਿੱਤੇ ਸਨ। ਮਾਂ ਦੇ ਆਉਣ ਦਾ ਸੁਣ ਕੇ ਹੀ ਕੰਵਲ ਦਾ ਰੰਗ ਉੱਡ ਗਿਆ। ਜਿਵੇਂ ਮਾਂ ਨਹੀਂ ਕੋਈ ਮੁਸੀਬਤ ਆ ਰਹੀ ਹੋਵੇ। ਉਹ ਇਥੋਂ ਤੱਕ ਕਿ ਮਾਂ ਨੂੰ ਲੈਣ ਏਅਰਪੋਰਟ ਤੇ ਵੀ ਨਾ ਗਈ। ਇਹ ਤਾਂ ਚੰਗੀ ਗੱਲ ਸੀ ਕਿ ਮਾਂ ਸਾਡੇ ਘਰ ਬਹੁਤੇ ਦਿਨ ਰਹੀ ਹੀ ਨਹੀਂ। ਜ਼ਿਆਦਾਤਰ ਪ੍ਰਿਤਪਾਲ ਵੱਲ ਹੀ ਰਹਿੰਦੀ ਜਾਂ ਕੁਲਵੰਤ ਦੇ ਚਲੀ ਜਾਂਦੀ। ਕਦੇ-ਕਦਾਈਂ ਹੀ ਸਾਡੇ ਘਰ ਆਇਆ ਕਰਦੀ। ਜਦ ਆਉਂਦੀ ਤਾਂ ਕੰਵਲ ਘਰ ਨਾ ਹੁੰਦੀ, ਜਾ ਕੇ ਲਿਆਉਣੀ ਪੈਂਦੀ। ਕਈ ਵਾਰ ਡੈਡੀ ਵੱਲ ਹੀ ਰਾਤ ਰਹਿ ਜਾਂਦੀ ਸੀ। ਮੈਂ ਖਿਝਣ ਲੱਗਦਾ ਤਾਂ ਮਾਂ ਕਹਿੰਦੀ, ‘‘ਚੱਲ ਹੋਊ ਪੁੱਤ, ਓਹਦਾ ਪਿਓ ਬਿਮਾਰ ਐ, ਕੋਈ ਗੱਲ ਨਈਂ।’’ ਇਕ ਵਾਰੀ ਮਾਂ ਸਾਡੇ ਕੋਲ ਆਈ ਤਾਂ ਉਸ ਦੀ ਸਿਹਤ ਬਹੁਤੀ ਠੀਕ ਨਹੀਂ ਸੀ। ਕੋਈ ਔਰਤਾਂ ਵਾਲੀ ਬਿਮਾਰੀ ਸੀ। ਮਾਂ ਆਉਂਦੀ ਤਾਂ ਕੰਵਲ ਦਾ ਮੂੰਹ ਵਿੰਗਾ ਰਹਿੰਦਾ ਹੀ ਸੀ। ਮੈਂ ਉਸ ਨੂੰ ਕਿਹਾ, ‘‘ਅੱਜ ਮਾਂ ਨੂੰ ਡਾਕਟਰ ਦੇ ਲੈ ਜਾਵੀਂ।’’

‘‘ਮੈਂ ਨਹੀਂ ਜਾ ਸਕਦੀ, ਡੈਡੀ ਦੀ ਬਾਂਹ ਦੀ ਮਾਲਸ਼ ਕਰਨੀ ਏਂ।’’

‘‘ਉਹ ਕੰਮ ਤਾਂ ਤੇਰੀ ਮੰਮੀ ਵੀ ਕਰ ਸਕਦੀ ਐ।’’

‘‘ਫਿਰ ਡਾਕਟਰ ਦੇ ਤੂੰ ਵੀ ਤਾਂ ਲੈਜਾਈ ਸਕਦਾ ਏਂ।’’

‘‘ਤੈਨੂੰ ਦੱਸਿਆ ਸੀ ਮਾਂ ਨੇ, ਕੋਈ ਲੇਡੀਜ਼ ਵਾਲੀ ਪ੍ਰੌਬਲਮ ਐ।’’

‘‘ਪਰ ਆਪਣੀ ਡਾਕਟਰ ਵੀ ਤਾਂ ਲੇਡੀ ਏ, ਨੋ ਪ੍ਰੌਬਲਮ, ਉਹਨੂੰ ਇਕੱਲੀ ਨੂੰ ਭੇਜ ਦੇ।’’

‘‘ਜਾਨ, ਤੂੰ ਡੈਡੀ ਦੇ ਮੁਆਮਲੇ ਵਿਚ ਓਵਰ ਡੂ ਕਰੀ ਜਾਨੀ ਐਂ, ਓਥੇ ਤੇਰੀ ਮੰਮੀ ਐ, ਭੈਣ ਭਰਾ ਹੈਗੇ ਆ।’’

‘‘ਤੂੰ ਵੀ ਤਾਂ ਆਪਣੀ ਮਾਂ ਬਾਰੇ ਜ਼ਿਆਦਾ ਈ ਕਰੀ ਜਾਨਾ ਏਂ, ਤੇਰੀ ਭੈਣ ਓਹਨੂੰ ਸੰਭਾਲ ਸਕਦੀ ਏ, ਤੇਰਾ ਭਰਾ ਤੇ ਉਹਦੀ ਵਾਈਫ਼ ਵੀ।’’

-----

ਮੈਨੂੰ ਬਹੁਤ ਗ਼ੁੱਸਾ ਆ ਰਿਹਾ ਸੀ। ਮੈਨੂੰ ਡਰ ਲੱਗਦਾ ਕਿ ਮੇਰੇ ਸਬਰ ਦਾ ਪਿਆਲਾ ਛਲਕ ਨਾ ਜਾਵੇ। ਮੈਂ ਮਾਂ ਨੂੰ ਸ਼ੈਰਨ ਕੋਲ ਛੱਡ ਆਇਆ ਤੇ ਆਪਣੇ ਆਪ ਤੇ ਕਾਬੂ ਰੱਖ ਕੇ ਕੰਵਲ ਨੂੰ ਕਿਹਾ, ‘‘ਤੂੰ ਇਸ ਘਰ ਨੂੰ ਵਸਦੇ ਕਿਉਂ ਨਹੀਂ ਰੱਖਣਾ ਚਾਹੁੰਦੀ? ਡਿਫੀਕਲਟ ਕਿਉਂ ਹੋ ਗਈ ਐਂ?’’

‘‘ਮੈਂ ਸਮਝੀ ਨਹੀਂ?’’

‘‘ਹੁਣ ਮਾਂ ਆਈ ਤੇ ਦੇਖ ਤੂੰ ਕਿੱਦਾਂ ਬਿਹੇਵ ਕਰ ਰਹੀ ਐਂ। ਚਲ ਇਹ ਛੱਡ, ਤੂੰ ਇਥੇ ਆਪਣੇ ਘਰ ਕਿਉਂ ਨਹੀਂ ਰਹਿੰਦੀ, ਤੇਰਾ ਮੇਰੇ ਨਾਲ ਵਿਆਹ ਹੋਇਐ...।’’

‘‘ਰਵੀ, ਮੇਰੇ ਡੈਡੀ ਬਿਮਾਰ ਨੇ, ਤੂੰ ਮੈਨੂੰ ਓਹਦੀ ਲੁਕ ਆਫ਼ਟਰ ਕਿਉਂ ਨਈਂ ਕਰਨ ਦਿੰਦਾ?’’

- ਉਥੇ ਮੰਮੀ ਹੈਗੀ ਆ, ਏਸ ਘਰ ਨੂੰ ਉਥੇ ਨਾਲੋਂ ਤੇਰੀ ਜ਼ਿਆਦਾ ਲੋੜ ਐ। ਤੇਰੇ ਡੈਡੀ ਦੀ ਬਿਮਾਰੀ ਅਜਿਹੀ ਐ ਕਿ ਉਮਰ ਭਰ ਏਦਾਂ ਈ ਰਹੇਗੀ, ਆਪਾਂ ਸਭ ਨੂੰ ਸਮਝ ਲੈਣਾ ਚਾਹੀਦੈ ਕਿ ਉਨ੍ਹਾਂ ਦੇ ਜੀਣ ਦਾ ਤਰੀਕਾ ਹੁਣ ਇਹੋ ਐ।

-ਰਵੀ, ਤੂੰ ਡੈਡੀ ਦੀ ਬਿਮਾਰੀ ਨੂੰ ਅੰਡਰ ਐਸਟੀਮੇਟ ਕਰ ਰਿਹੈਂ।

-ਕਿਤੇ ਨਈਂ ਤੇਰੇ ਡੈਡੀ ਨੂੰ ਗੋਲੀ ਵੱਜੀ, ਏਸ ਬਿਮਾਰੀ ਵਾਲੇ ਮਰਦੇ ਨਈਂ ਹੁੰਦੇ।

-ਤੂੰ ਮੇਰੇ ਡੈਡੀ ਨੂੰ ਮਰਿਆ ਦੇਖਣਾ ਚਾਹੁੰਦਾ ਏਂ।

-ਨਹੀਂ, ਮੈਂ ਏਸ ਘਰ ਨੂੰ ਬਚਦਾ ਦੇਖਣਾ ਚਾਹੁੰਨਾਂ, ਮੈਨੂੰ ਦਿੱਸ ਰਿਹੈ ਤੂੰ ਹੁਣ ਮੈਨੂੰ ਪਹਿਲਾਂ ਵਾਲਾ ਪਿਆਰ ਨਹੀਂ ਕਰਦੀ।

-ਰਵੀ, ਯੂ ਨੋ ਹਾਓ ਮੱਚ ਆਏ ਲਵ ਯੂ! ਪਰ ਡੈਡੀ....।

‘‘ਡੈਡੀ ਡੈਡੀ ਡੈਡੀ,... ਓਹ ਸਾਲ਼ਾ ਡੈਡੀ ਨਾ ਹੋ ਗਿਆ ਖ਼ੁਦਾ ਹੋ ਗਿਆ, ਏਦੂੰ ਤਾਂ ਉਹ ਮਰ ਹੀ ਜਾਵੇ, ਮੇਰਾ ਘਰ ਤਾਂ ਬਚ ਜਾਵੇ!’’

-----

ਉਹ ਮੈਨੂੰ ਗਾਲ਼ਾਂ ਕੱਢਦੀ ਉੱਠੀ ਤੇ ਪ੍ਰਤਿਭਾ ਨੂੰ ਚੁੱਕ ਕੇ ਤੁਰਦੀ ਬਣੀ। ਕਈ ਦਿਨ ਤਕ ਮੰਮੀ ਦੇ ਘਰ ਰਹੀ। ਮੈਂ ਉਥੇ ਜਾ ਆਉਂਦਾ ਤਾਂ ਜਾ ਆਉਂਦਾ ਪਰ ਉਹ ਨਾ ਆਈ। ਉਸ ਦੀਆਂ ਹਰ ਰੋਜ਼ ਮੈਂ ਮਿੰਨਤਾਂ ਕਰਨ ਲੱਗਦਾ।

ਹੁਣ ਸਾਡੀ ਮਾਂ ਦੀਆਂ ਵਾਪਸ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਮਾਂ ਕਦੇ ਵੀ ਕੰਵਲ ਦੇ ਖ਼ਿਲਾਫ਼ ਕੁਝ ਨਹੀਂ ਸੀ ਬੋਲਦੀ। ਸ਼ਾਇਦ ਉਹ ਸਮਝਦੀ ਸੀ ਕਿ ਉਹ ਤਾਂ ਵਾਪਸ ਚਲੇ ਜਾਵੇਗੀ, ਸਾਡੇ ਲਈ ਕੋਈ ਅਜਿਹੀ ਗੱਲ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੀ ਕਿ ਬਾਅਦ ਵਿਚ ਝਗੜਾ ਹੁੰਦਾ ਰਹੇ ਜਾਂ ਤਨਾਜ਼ਾ ਵਧੇ। ਉਹ ਜਦ ਵੀ ਸਾਡੇ ਘਰ ਆਉਂਦੀ ਤਾਂ ਕੰਵਲ ਦੀ ਮੰਮੀ ਤੇ ਡੈਡੀ ਨੂੰ ਜ਼ਰੂਰ ਮਿਲਣ ਜਾਂਦੀ। ਫੋਨ ਵੀ ਕਰਦੀ ਰਹਿੰਦੀ। ਹੁਣ ਵੀ ਉਨ੍ਹਾਂ ਨੂੰ ਅਲਵਿਦਾ ਕਹਿਣ ਗਈ। ਕੰਵਲ ਉਧਰ ਹੀ ਸੀ। ਅਸੀਂ ਵਾਪਸ ਆਉਣ ਲੱਗੇ ਤਾਂ ਉਹ ਵੀ ਸਾਡੇ ਨਾਲ ਤੁਰ ਪਈ। ਮੈਨੂੰ ਚੰਗਾ ਵੀ ਲੱਗਿਆ ਪਰ ਮੇਰਾ ਮਨ ਹਿਰਖ਼ ਨਾਲ ਭਰਿਆ ਪਿਆ ਸੀ। ਉਹ ਮਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੀ ਸੀ। ਮੈਂ ਸੋਚਣ ਲੱਗਿਆ ਕਿ ਮਾਂ ਦੇ ਜਾਣ ਤੋਂ ਬਾਅਦ ਕੰਵਲ ਨਾਲ ਕੋਈ ਫੈਸਲਾ ਕਰਾਂਗਾ। ਜੇ ਉਸ ਨੇ ਡੈਡੀ ਘਰ ਰਹਿਣਾ ਸੀ ਤਾਂ ਮੈਂ ਘਰ ਕਿਰਾਏ ਉਪਰ ਦੇ ਕੇ ਉਥੇ ਉਸ ਕੋਲ ਹੀ ਚਲਾ ਜਾਵਾਂਗਾ। ਰਾਤ ਨੂੰ ਅਸੀਂ ਗੱਲਾਂ ਕਰਨ ਲੱਗੇ ਤਾਂ ਬਹਿਸ ਸ਼ੁਰੂ ਹੋ ਗਈ। ਪਹਿਲਾਂ ਸੋਚਿਆ ਕਿ ਇਸ ਨੂੰ ਸਲਾਹ ਦੇਵਾਂ ਜਾਂ ਫਿਰ ਕੋਈ ਹੋਰ ਰਾਹ ਲੱਭੀਏ। ਮੇਰੇ ਤੋਂ ਸਹਿਜ ਨਾਲ ਗੱਲ ਕੀਤੀ ਹੀ ਨਾ ਗਈ। ਮੈਂ ਵਿਅੰਗ ਵਿਚ ਕਿਹਾ, ‘‘ਅੱਜ ਡੈਡੀ ਦਾ ਕਿੱਦਾਂ ਸਰੂਗਾ ਤੇਰੇ ਬਗੈਰ?’’

‘‘ਮੰਮੀ ਵਕਤ ਸਿਰ ਦਵਾਈ ਦੇ ਦੇਵੇਗੀ, ਬਾਂਹ ਦੀ ਮਾਲਸ਼ ਕਰ ਦੇਵੇਗੀ।’’

‘‘ਤੈਨੂੰ ਇਥੇ ਨੀਂਦ ਆ ਜਾਵੇਗੀ?’’

‘‘ਜੇ ਕਹੇਂ ਤਾਂ ਵਾਪਸ ਚਲੇ ਜਾਨੀ ਆਂ।’’

‘‘ਮੈਂ ਤਾਂ ਤੈਨੂੰ ਸੱਦਿਆ ਵੀ ਨਹੀਂ ਸੀ, ਜਦ ਲੈਣ ਆਉਂਦਾ ਸੀ ਤਾਂ ਔਂਦੀ ਨਹੀਂ ਸੈਂ ਜਾਨ, ਮੇਰਾ ਅੰਤ ਕਿਉਂ ਦੇਖਣਾ ਚਾਹੁੰਨੀ ਐਂ।’’

‘‘ਰਵੀ, ਅੰਤ ਤਾਂ ਤੂੰ ਮੇਰਾ ਦੇਖਣਾ ਚਾਹੁੰਨਾ ਏਂ, ਜਿਹੜਾ ਹੁਣ ਸੌਣ ਥਾਵੇਂ ਬੋਲੀ ਜਾਨਾ ਏਂ।’’

‘‘ਤੇਰਾ ਅੰਤ ਮੈਂ ਦੇਖ ਲਿਆ ਜਾਨ, ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ।’’

‘‘ਤੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਤਾਂ ਮੈਂ ਕੀ ਕਰਾਂ। ਤੈਨੂੰ ਫੀਲਿੰਗ ਹੀ ਨਹੀਂ ਕਿ ਮੇਰਾ ਡੈਡੀ ਬਿਮਾਰ ਏ।’’

‘‘ਇੰਨਾ ਬਿਮਾਰ ਨਹੀਂ ਕਿ ਘਰ ਪੱਟ ਲਿਆ ਜਾਵੇ।’’

‘‘ਘਰ ਤਾਂ ਤੂੰ ਪੱਟਣ ਤੇ ਆਇਆ ਪਿਆ ਏਂ, ਰਵੀ ਜੇ ਕੋਈ ਗੱਲ ਕਰਨੀ ਏਂ ਤਾਂ ਸਿੱਧੇ ਮੂੰਹ ਕਰ, ਏਕਣ ਅੱਪਸੈਟ ਕਰਨਾ ਏਂ ਤਾਂ ਮੈਨੂੰ ਨਹੀਂ ਤੇਰੀ ਲੋੜ।’’

‘‘ਓਸ ਪਿਓ ਕੰਜਰ ਦੀ ਲੋੜ ਐ, ਜਿਸ ਕੁੜੀ ਚੋ...ਦੀ ਖਾਤਰ....।’’

-----

ਉਹ ਉਠ ਕੇ ਮੇਰੇ ਵੱਲ ਵਧੀ। ਉਹ ਗੰਦੀਆਂ-ਗੰਦੀਆਂ ਗਾਲ਼ਾਂ ਕੱਢਣ ਲੱਗੀ। ਮੈਂ ਗ਼ੁੱਸੇ ਵਿਚ ਪਾਗਲ ਹੋ ਗਿਆ ਤੇ ਉਸ ਨੂੰ ਕੁੱਟ ਧਰਿਆ। ਮੈਂ ਆਪਣੇ ਆਪ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਾਇਆ ਨਾ ਗਿਆ। ਮਾਂ ਨੇ ਆ ਕੇ ਛੁਡਵਾਇਆ। ਪ੍ਰਤਿਭਾ ਇਕ ਪਾਸੇ ਖੜ੍ਹੀ ਰੋਈ ਜਾ ਰਹੀ ਸੀ। ਕੰਵਲ ਨੇ ਪੈਰਾਸੀਟਾਮੋਲ ਦੀਆਂ ਗੋਲੀਆਂ ਦੀ ਪੂਰੀ ਸ਼ੀਸ਼ੀ ਖਾ ਲਈ। ਮੈਨੂੰ ਬਹੁਤ ਗ਼ੁੱਸਾ ਸੀ। ਮੈਂ ਰੋਕਿਆ ਨਾ ਕਿ ਜੋ ਕਰਨਾ ਸੀ ਕਰੇ। ਰੋਜ਼-ਰੋਜ਼ ਦੀ ਲੜਾਈ ਖ਼ਤਮ ਹੋਵੇ। ਕੁਝ ਦੇਰ ਬਾਅਦ ਹੀ ਉਸ ਦੀਆਂ ਅੱਖਾਂ ਮੀਟ ਹੋਣ ਲੱਗੀਆਂ ਤਾਂ ਮੈਂ ਐਂਬੂਲੈਂਸ ਬੁਲਾ ਦਿੱਤੀ।

ਉਹ ਦੋ ਤਿੰਨ ਦਿਨ ਹਸਪਤਾਲ ਰਹੀ। ਸਾਰੇ ਹੀ ਉਸ ਨੂੰ ਦੇਖਣ ਗਏ। ਮਾਂ ਵੀ ਜਾਂਦੀ ਰਹੀ। ਪ੍ਰਿਤਪਾਲ ਤੇ ਸ਼ੈਰਨ ਵੀ ਗਏ ਪਰ ਮੈਂ ਨਾ ਗਿਆ। ਮੈਨੂੰ ਗ਼ੁੱਸਾ ਸੀ ਕਿ ਗ਼ਲਤੀ ਉਪਰੋਂ ਦੀ ਇਕ ਹੋਰ ਗ਼ਲਤੀ ਕੀਤੀ ਸੀ ਉਸ ਨੇ। ਹਸਪਤਾਲ ਤੋਂ ਵਾਪਸ ਕੰਵਲ ਡੈਡੀ ਦੇ ਘਰ ਹੀ ਗਈ। ਪ੍ਰਤਿਭਾ ਪਹਿਲਾਂ ਹੀ ਉਧਰ ਸੀ। ਮੈਂ ਕੰਮ ਤੇ ਜਾਣਾ ਹੁੰਦਾ ਇਸ ਲਈ ਮੰਮੀ ਕੋਲ ਛੱਡ ਦਿੱਤੀ ਸੀ। ਕੰਵਲ ਉਧਰ ਹੀ ਰਹਿ ਗਈ ਤੇ ਮੈਂ ਇਧਰ। ਮੈਨੂੰ ਲੱਗਿਆ ਕਿ ਇਹ ਅਲਿਹਦਗੀ ਦੀ ਨੀਂਹ ਸੀ। ਮੈਂ ਅਗਲੇ ਨਵੇਂ ਸਫ਼ਰ ਲਈ ਤਿਆਰੀ ਕਰਨ ਲੱਗਿਆ। ਕਦੇ-ਕਦੇ ਮੈਂ ਆਪਣੇ ਆਪ ਤੇ ਹੱਸਦਾ ਕਹਿੰਦਾ, ਇੰਦਰ ਸਿਆਂ, ਪਾ ਲੈ ਮੁਫ਼ਤ ਦੀਆਂ ਖ਼ੁਸ਼ੀਆਂ ਨੂੰ ਜੱਫਾ!

-----

ਮੈਂ ਬਹੁਤਾ ਦੁਖੀ ਹੁੰਦਾ ਤਾਂ ਪ੍ਰਿਤਪਾਲ ਕੋਲ ਚਲਿਆ ਜਾਂਦਾ। ਉਹ ਵਿਹਲਾ ਮਿਲਦਾ ਤਾਂ ਪੱਬ ਨੂੰ ਲੈ ਤੁਰਦਾ। ਉਹ ਮੇਰੀ ਗੱਲ ਘੱਟ ਸੁਣਦਾ ਤੇ ਆਪਣੀ ਜ਼ਿਆਦਾ ਕਹਿੰਦਾ। ਉਹ ਕਹਿਣ ਲੱਗਦਾ, ਤੈਨੂੰ ਪਤੈ ਵੱਡਿਆ, ਬਾਪੂ ਜੀ ਕੀ ਕਹਿੰਦੇ ਹੁੰਦੇ ਆ?

- ਕੀ?

- ਔਰਤ ਦਾ ਚਾਲ ਚਲਣ ਠੀਕ ਹੋਵੇ ਤਾਂ ਕਦੇ ਨਾ ਛੱਡੋ।

- ਇਥੇ ਈਗੋ ਦੀ ਪ੍ਰੌਬਲਮ ਐ।

‘‘ਤੇਰੀ ਕਿਹੜੀ ਈਗੋ ਘੱਟ ਐ।

ਮੈਂ ਆਪਣੀ ਈਗੋ ਨੂੰ ਮਾਰ ਸਕਦਾਂ ਘਰ ਦੀ ਖਾਤਰ ਪਰ ਓਧਰ ਕੇਸ ਕੁਝ ਹੋਰ ਐ, ਏਹਦੀ ਭੂਆ ਆਪਣੇ ਆਦਮੀ ਨਾਲ ਕਿਸੇ ਗੱਲੋਂ ਲੜ ਕੇ ਆ ਗਈ, ਤੇ ਸਾਰੀ ਉਮਰ ਘਰ ਬੈਠ ਕੇ ਕੱਢ ਲਈ, ਵਾਪਸ ਨਹੀਂ ਗਈ, ਸਿਰਫ਼ ਈਗੋ ਦੀ ਖਾਤਰ, ਉਹੀ ਭੂਆ ਏਹਦੀ ਆਈਡਲ ਐ, ਇਹ ਤਾਂ ਆਮ ਕਹਿ ਦਿੰਦੀ ਐ- ‘‘ਮੈਂ ਭੂਆ ਵਰਗੀ ਆਂ, ਸ਼ਕਲ ਵਲੋਂ ਵੀ ਤੇ ਅਕਲ ਵਲੋਂ ਵੀ।

- ਏਸ ਸਿਚੁਏਸ਼ਨ ਵਿਚ ਮੈਂ ਕਹੂੰਗਾ ਕਿ ਉਹ ਨੂੰ ਆਪਣੀ ਈਗੋ ਦੀ ਓਟ ਵਿਚ ਆਪਣਾ ਘਰ ਖਰਾਬ ਨਾ ਕਰਨ ਦੇ।

- ਦੱਸ ਕੀ ਕਰਾਂ?

- ਮੁੜ-ਮੁੜ ਕੇ ਅਲਖ ਜਗਾਈ ਜਾਹ, ਮੁੜ-ਮੁੜ ਕੇ ਹਾਕਾਂ ਮਾਰੀ ਜਾਹ।

- ਕਿੰਨੀ ਕੁ ਦੇਰ?

- ਜਿੰਨੀ ਦੇਰ ਤੂੰ ਟੁੱਟਦਾ ਨਹੀਂ ਪ੍ਰਿਤਪਾਲ ਨਾਲ ਗੱਲ ਕਰਦਾ ਕਿਸੇ ਨੱਸ਼ਈ ਸਾਧ ਵਾਂਗ ਅੱਖਾਂ ਮੀਟਦਾ।

ਮੈਨੂੰ ਉਸ ਦੀ ਗੱਲ ਵਿਚ ਕੁਝ ਕੁ ਦਮ ਲੱਗਦਾ। ਇੰਨੇ ਦਿਨ ਕੰਵਲ ਦਾ ਫੋਨ ਆਇਆ ਨਹੀਂ ਸੀ। ਮੈਂ ਕੀਤਾ ਤਾਂ ਪਹਿਲਾਂ ਕੁਝ ਔਖੀ ਬੋਲੀ ਪਰ ਫਿਰ ਠੀਕ ਹੋ ਗਈ। ਵਾਪਸ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮੈਂ ਫਿਰ ਫੋਨ ਕੀਤਾ ਤਾਂ ਖ਼ਰਚਾ ਮੰਗਣ ਲੱਗੀ।

-----

ਇਕ ਦਿਨ ਮੈਂ ਉਨ੍ਹਾਂ ਬਿਨਾਂ ਬਹੁਤ ਉਦਾਸ ਹੋ ਗਿਆ। ਘਰ ਵਿਚ ਮੈਂ ਇਕੱਲਾ ਸਾਂ। ਘਰ ਖਾਣ ਨੂੰ ਪੈ ਰਿਹਾ ਸੀ। ਪ੍ਰਤਿਭਾ ਵੀ ਚੇਤੇ ਆ ਰਹੀ ਸੀ। ਮੈਂ ਉਨ੍ਹਾਂ ਦੇ ਘਰ ਦੀ ਜਾ ਘੰਟੀ ਕੀਤੀ। ਕੰਵਲ ਨੇ ਹੀ ਦਰਵਾਜ਼ਾ ਖੋਲ੍ਹਿਆ। ਮੈਂ ਬਹਾਨੇ ਨਾਲ ਉਸ ਨੂੰ ਕਾਰ ਵਿਚ ਬਿਠਾਇਆ ਤੇ ਕਾਰ ਭਜਾ ਲਈ ਤੇ ਹੌਰਸ ਸ਼ੂਅ ਹਿੱਲ ਤੇ ਜਾ ਕੇ ਰੋਕੀ। ਹੌਰਸ ਸ਼ੂਅ ਹਿੱਲ ਨਾਲ ਸਾਡੀਆਂ ਕਿੰਨੀਆਂ ਹੀ ਯਾਦਾਂ ਜੁੜੀਆਂ ਹੋਈਆਂ ਸਨ। ਮੈਂ ਆਪਣੇ ਪਿਆਰ ਦਾ ਵਾਸਤਾ ਦਿੱਤਾ। ਪ੍ਰਤਿਭਾ ਦੇ ਨਾਂ ਦੇ ਤਰਲੇ ਪਾਏ ਪਰ ਉਹ ਨਾ ਮੰਨੀ। ਉਸ ਦੀ ਨਾਂਹਵੀ ਅਜੀਬ ਸੀ। ਇਸ ਨਾਂਹ ਵਿਚ ਨਫ਼ਰਤ ਨਹੀਂ ਸੀ, ਬੱਸ ਹਾਉਮੈ ਸੀ।

-----

ਉਸ ਨੇ ਖ਼ਰਚੇ ਦਾ ਮੇਰੇ ਉਤੇ ਮੁਕੱਦਮਾ ਕਰ ਰੱਖਿਆ ਸੀ। ਉਸ ਨੂੰ ਜੇਬ ਖ਼ਰਚ ਦੇਣ ਵਿਚ ਮੈਨੂੰ ਬਹੁਤਾ ਇਤਰਾਜ਼ ਨਹੀਂ ਸੀ ਪਰ ਖ਼ਰਚ ਲੈਣ ਦਾ ਉਸ ਦਾ ਤਰੀਕਾ ਗ਼ਲਤ ਸੀ। ਕਚਹਿਰੀ ਜਾਣਾ ਮੈਨੂੰ ਬੇਇੱਜ਼ਤੀ ਭਰਿਆ ਲੱਗਿਆ ਸੀ। ਜਦੋਂ ਖ਼ਰਚੇ ਦੇ ਦਾਅਵੇ ਦਾ ਨੋਟਿਸ ਆਇਆ ਤਾਂ ਮੈਂ ਪ੍ਰਿਤਪਾਲ ਨੂੰ ਕਿਹਾ, ‘‘ਇਹ ਲੋਕ ਤਾਂ ਸਾਲ਼ੇ ਬਹੁਤ ਹੀ ਪਾਗਲ ਹੋ ਗਏ, ਇਨ੍ਹਾਂ ਦਾ ਕੋਈ ਇਲਾਜ ਨਹੀਂ ਦਿਸਦਾ।’’

‘‘ਚੱਲ ਇਕ ਹੋਰ ਹਾਕ ਮਾਰ ਕੇ ਦੇਖਦੇ ਆਂ, ਮੈਂ ਚੱਲਦਾਂ ਤੇਰੇ ਨਾਲ ਤੇ ਬੁੜੇ ਨਾਲ ਗੱਲ ਕਰਕੇ ਦੇਖਦੇ ਆਂ।’’

ਪ੍ਰਿਤਪਾਲ ਮੇਰੇ ਨਾਲ ਪੰਚਾਇਤੀ ਬਣ ਕੇ ਗਿਆ। ਅਸੀਂ ਘਰ ਗਏ ਤਾਂ ਸਾਡਾ ਸਵਾਗਤ ਮੰਮੀ ਨੇ ਕੀਤਾ। ਸਾਨੂੰ ਦੇਖ ਕੇ ਉਸ ਦਾ ਮੱਥਾ ਖਿੜ ਗਿਆ। ਡੈਡੀ ਅੰਦਰ ਬੈਠੇ ਸਨ। ਉਨ੍ਹਾਂ ਦੀ ਸਿਹਤ ਬਹੁਤ ਡਿੱਗ ਪਈ ਸੀ। ਹੱਥ ਅਤੇ ਪੈਰ ਜ਼ਿਆਦਾ ਹਿੱਲ ਰਹੇ ਸਨ। ਸਿਰ ਦੇ ਵਾਲ਼ ਕਟਵਾ ਦਿੱਤੇ ਸਨ, ਸ਼ਾਇਦ ਡਾਕਟਰ ਨੇ ਸਲਾਹ ਦਿੱਤੀ ਹੋਵੇ, ਨਹੀਂ ਤਾਂ ਉਹ ਕੱਟੜ ਸਿੱਖ ਸਨ। ਵਾਲ਼ ਕਟਵਾਉਣ ਦਾ ਸਵਾਲ ਹੀ ਨਹੀਂ ਸੀ। ਮੈਨੂੰ ਉਨ੍ਹਾਂ ਨਾਲ ਬਹੁਤ ਹਮਦਰਦੀ ਹੋਣ ਲੱਗੀ। ਪਰ ਉਨ੍ਹਾਂ ਦੀ ਆਕੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੀ। ਮੈਂ ਸੋਚਿਆ ਕਿ ਆਪਣੀ ਅਪਾਹਜਤਾ ਨੂੰ ਪੂਰਨ ਲਈ ਇਹ ਵਰਤਾਵ ਕਰ ਰਹੇ ਹੋਣਗੇ। ਮੈਂ ਚੁੱਪ-ਚੁੱਪ ਰਿਹਾ। ਪ੍ਰਤਿਭਾ ਨੂੰ ਮੈਂ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਤੋਂ ਦੂਰ ਭੱਜ ਰਹੀ ਸੀ। ਮੌਕਾ ਦੇਖ ਕੇ ਪ੍ਰਿਤਪਾਲ ਨੇ ਹੀ ਗੱਲ ਤੋਰੀ, ‘‘ਅੰਕਲ ਜੀ ਮੈਂ ਤਾਂ ਭਾਬੀ ਨੂੰ ਲੈਣ ਆਇਆਂ, ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਬਣੀ ਜਾ ਰਹੀਆਂ, ਵਸਿਆ ਵਸਾਇਆ ਘਰ ਖਰਾਬ ਹੋਣ ਨੂੰ ਫਿਰਦਾ।’’

‘‘ਕਾਕਾ, ਅਸੀਂ ਕਿਹੜੇ ਸੌਖੇ ਆਂ।’’

‘‘ਅੰਕਲ ਜੀ, ਸੌਖਾ ਤਾਂ ਇਹ ਵੀ ਨਹੀਂ, ਮਾਰਿਆ-ਮਾਰਿਆ ਫਿਰਦਾ ਐ, ਕਿਸੇ ਗਲਤ ਪਾਸੇ ਤੁਰ ਪਿਆ ਤਾਂ....।’’

ਇਸੇ ਗੱਲ ਤੇ ਡੈਡੀ ਗੁੱਸੇ ਵਿਚ ਆ ਗਏ। ਉਨ੍ਹਾਂ ਦੀ ਜ਼ੁਬਾਨ ਥਥਲਾਉਣ ਲੱਗੀ ਤੇ ਅਟਕ-ਅਟਕ ਕੇ ਕਹਿਣ ਲੱਗੇ, ‘‘ਮੇਰਾ ਨਾਂ ਅਮਰੀਕ ਸਿੰਘ ਗਿੱਲ ਏ, ਮੈਂ ਅੱਜ ਤਕ ਕਿਸੇ ਤੋਂ ਓਏ ਨਹੀਂ ਅਖਵਾਈ, ਇਹ ਜਿਥੇ ਧੱਕੇ ਖਾਂਦਾ ਏ ਖਾਵੇ, ਗ਼ਲਤ ਪਾਸੇ ਜਾਵੇ ਜਾਂ ਸਹੀ ਪਾਸੇ, ਮੈਨੂੰ ਪ੍ਰਵਾਹ ਨਹੀਂ, ਜਦ ਇਹ ਕੁੜੀ ਨੂੰ ਸੁਖੀ ਨਈਂ ਰੱਖ ਸਕਦਾ ਤਾਂ ਫੇਰ ਸਾਡਾ ਕੀ ਲੱਗਦਾ ਏ।’’

‘‘ਅੰਕਲ ਜੀ, ਹਸਬੈਂਡ ਵਾਈਫ਼ ਦਾ ਮਾਮਲਾ ਐ, ਆਪਾਂ ਉਨਾਂ ਦੀ ਗੱਲ ਵਿਚ ਆਏ ਬਿਨਾਂ ਇਨ੍ਹਾਂ ਦਾ ਨਿਪਟਾਰਾ ਕਰਨ ਦੀ ਟਰਾਈ ਕਰੀਏ।’’

‘‘ਕੋਈ ਗੱਲ ਨਹੀਂ, ਹਾਲੇ ਏਹਨੂੰ ਅਕਲ ਨਹੀਂ ਆਈ, ਜ਼ਰਾ ਹੋਰ ਧੱਕੇ ਖਾ ਲੈਣ ਦੇ।’’

‘‘ਨਹੀਂ ਅੰਕਲ ਜੀ, ਧੱਕੇ ਤਾਂ ਨਹੀਂ ਅਸੀਂ ਏਹਨੂੰ ਖਾਣ ਦੇਣੇ, ਮੈਂ ਤਾਂ ਇਹ ਚਾਹੁੰਨਾ ਕਿ ਤੁਹਾਡੀ ਵੀ ਤੇ ਸਾਡੀ ਵੀ ਇੱਜ਼ਤ ਇਸੇ ਵਿਚ ਐ ਕਿ ਇਹ ਘਰ ਵਸਦਾ ਰਹੇ।’’

ਡੈਡੀ ਦਾ ਗ਼ੁੱਸਾ ਵਧਣ ਲੱਗਿਆ। ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। ਉਹ ਉੱਠ ਕੇ ਖੜ੍ਹਨ ਲੱਗਿਆ ਤਾਂ ਮੰਮੀ ਨੇ ਫੜ ਕੇ ਬਿਠਾ ਦਿੱਤਾ ਤੇ ਸਾਨੂੰ ਕਿਹਾ, ‘‘ਪੁੱਤ, ਹੁਣ ਤੁਸੀਂ ਜਾਓ! ਫੇਰ ਗੱਲ ਕਰਾਂਗੇ, ਤੁਹਾਡੇ ਡੈਡੀ ਦੀ ਸਿਹਤ ਠੀਕ ਨਹੀਂ।’’ ਅਸੀਂ ਉੱਠ ਕੇ ਬਾਹਰ ਆ ਗਏ। ਕੰਵਲ ਸਾਡੇ ਸਾਹਮਣੇ ਨਹੀਂ ਆਈ। ਸ਼ਾਇਦ ਬਾਹਰ ਗਈ ਹੋਵੇ ਕਿਉਂਕਿ ਅਸੀਂ ਦੱਸਿਆ ਵੀ ਨਹੀਂ ਸੀ ਕਿ ਆ ਰਹੇ ਸਾਂ।

-----

ਪ੍ਰਿਤਪਾਲ ਨੂੰ ਗ਼ੁੱਸਾ ਮੇਰੇ ਨਾਲੋਂ ਜ਼ਿਆਦਾ ਸੀ। ਉਹ ਕਹਿੰਦਾ ਜਾ ਰਿਹਾ ਸੀ, ਇਹ ਬੁੜਾ ਆਪਣਾ ਜੁਦਾ ਈ ਕੈਂਪ ਲਾਈ ਬੈਠਾ, ਬਈ ਬੁੜਿਆ ਤੇਰੀਆਂ ਕਬਰਾਂ ਵਿਚ ਲੱਤਾਂ, ਕੁੜੀ ਨੂੰ ਜੀਣ ਦੇ। ਵੱਡਿਆ, ਤੂੰ ਘਬਰਾ ਨਾ....

ਮੈਂ ਪ੍ਰਿਤਪਾਲ ਜਿੰਨਾ ਦੁਖੀ ਨਹੀਂ ਸਾਂ। ਮੈਨੂੰ ਇਹ ਸਭ ਦੇਖਣ ਦਾ ਮੌਕਾ ਪਹਿਲਾਂ ਮਿਲ ਚੁੱਕਾ ਸੀ। ਡੈਡੀ ਦੀ ਬੇਰੁਖੀ ਮੈਂ ਪਹਿਲਾਂ ਵੀ ਦੇਖੀ ਹੋਈ ਸੀ। ਕੰਵਲ ਵੀ ਉਸ ਦਿਨ ਦੀ ਨਾਂਹ-ਨਾਂਹ ਕਰੀ ਜਾ ਰਹੀ ਸੀ। ਪ੍ਰਿਤਪਾਲ ਦਾ ਵਾਹ ਪਹਿਲੀ ਵਾਰ ਇਨ੍ਹਾਂ ਦੇ ਇਸ ਰੁਖ਼ ਨਾਲ ਪਿਆ ਸੀ। ਉਸ ਨੇ ਕਿਹਾ, ਇਹ ਬੁੜਾ ਸਾਰੀ ਬਿਮਾਰੀ ਦੀ ਜੜ੍ਹ ਐ, ਇਹਦਾ ਕਿਤੇ ਗਲ਼ ਘੁੱਟ ਹੋ ਜਾਵੇ ਤਾਂ ਸਭ ਕੁਝ ਸੂਤ ਹੋ ਜਾਵੇ। ਅਸੀਂ ਜਿਉਂ ਟੌਟਨਹੈਮ ਤੋਂ ਤੁਰੇ ਤਾਂ ਸਾਊਥਾਲ ਤੱਕ ਬੁੜ੍ਹੇ ਨੂੰ ਮਾਰਨ ਦੀਆਂ ਸਕੀਮਾਂ ਘੜਦੇ ਰਹੇ। ਦੂਜੇ ਦਿਨ ਰਾਤ ਦੀਆਂ ਸਕੀਆਂ ਚੇਤੇ ਕਰਦੇ ਖੁੱਲ੍ਹ ਕੇ ਹੱਸੇ।

-----

ਛੇਤੀ ਹੀ ਕਚਹਿਰੀ ਦੀ ਤਰੀਕ ਵੀ ਆ ਗਈ ਖ਼ਰਚੇ ਵਾਸਤੇ। ਮੈਂ ਫੋਰਡ ਵਿਚੋਂ ਕੰਮ ਛੱਡ ਦਿੱਤਾ ਤਾਂ ਜੋ ਖ਼ਰਚਾ ਘੱਟ ਪਵੇ। ਘਰ ਦੀ ਮੌਟਰਗੇਜ਼ ਦੀ ਕਿਸ਼ਤ ਵੀ ਰੋਕ ਲਈ। ਕਚਹਿਰੀ ਵਿਚ ਗਏ ਤਾਂ ਗੱਲ ਕੰਵਲ ਦੇ ਹੱਕ ਵਿਚ ਨਾ ਗਈ। ਬੁੜ੍ਹੇ ਨੂੰ ਦੇਖਦੇ ਸਾਰ ਮੈਨੂੰ ਗ਼ੁੱਸਾ ਚੜਨ ਲੱਗਾ ਸੀ। ਪਤਾ ਨਹੀਂ ਮੇਰੇ ਮਨ ਵਿਚ ਕੀ ਆਇਆ। ਕਚਿਹਰੀ ਦੇ ਬਾਹਰ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸ ਵੱਲ ਵਧਿਆ ਜਿਵੇਂ ਹੁਣੇ ਹੀ ਉਸ ਨੂੰ ਕੁਝ ਕਰ ਦੇਵਾਂਗਾ। ਮੈਂ ਉਸ ਨੂੰ ਹੱਥ ਹੀ ਲਾਇਆ ਸੀ ਕਿ ਉਹ ਡਿੱਗ ਪਿਆ ਤੇ ਮੇਰਾ ਗ਼ੁੱਸਾ ਇਕ ਦਮ ਠੰਢਾ ਪੈ ਗਿਆ। ਮੈਂ ਖ਼ੁਦ ਨੂੰ ਕੋਸਣ ਲੱਗਿਆ ਕਿ ਇਹ ਮੈਂ ਕੀ ਕਰਨ ਲੱਗਿਆ ਸਾਂ। ਮੈਂ ਕਾਹਲੀ ਨਾਲ ਉਥੋਂ ਤੁਰ ਪਿਆ।

-----

ਜਦੋਂ ਕਚਹਿਰੀ ਵਿਚ ਖ਼ਰਚੇ ਦਾ ਦਾਅਵਾ ਕੰਵਲ ਨਾ ਜਿੱਤ ਸਕੀ ਤਾਂ ਮੁੜ ਫੋਨ ਕਰਨੇ ਸ਼ੁਰੂ ਕਰ ਦਿੱਤੇ। ਮੇਰਾ ਵੀ ਦਿਲ ਕਰਦਾ ਕਿ ਪ੍ਰਤਿਭਾ ਨੂੰ ਦੇਖਾਂ ਤੇ ਕੰਵਲ ਨੂੰ ਮਿਲਾਂ। ਇਕ ਦਿਨ ਮੈਂ ਉਨ੍ਹਾਂ ਨੂੰ ਸ਼ੌਪਿੰਗ ਕਰਾਉਣ ਲੈ ਕੇ ਗਿਆ। ਦਿਨ ਭਰ ਅਸੀਂ ਘੁੰਮਦੇ ਰਹੇ। ਬਹੁਤ ਹੀ ਚੰਗਾ ਲੱਗਿਆ। ਕੰਵਲ ਵੀ ਲੋਹੜੇ ਦੀ ਖ਼ੁਸ਼ ਸੀ। ਮੈਨੂੰ ਯਕੀਨ ਸੀ ਕਿ ਅੱਜ ਮੇਰੇ ਨਾਲ ਘਰ ਚੱਲੇਗੀ। ਮੈਨੂੰ ਮਹਿਸੂਸ ਹੋਈ ਜਾ ਰਿਹਾ ਸੀ ਕਿ ਇਨ੍ਹਾਂ ਬਿਨਾਂ ਮੈਂ ਕਿਵੇਂ ਜੀਵੀ ਜਾ ਰਿਹਾ ਸਾਂ। ਮੈਂ ਕੰਵਲ ਨੂੰ ਕਿਹਾ, ਜਾਨ, ਚਲ ਘਰ ਚਲੀਏ, ਹੁਣ ਨਾਂਹ ਨਾ ਕਰੀਂ।

ਪਰ ਉਹ ਦੂਜੇ ਪਾਸੇ ਦੇਖਣ ਲਗੀ। ਮੈਨੂੰ ਹੋਰ ਵੀ ਦੁੱਖ ਲੱਗਿਆ। ਜਿਵੇਂ ਕਿਨਾਰਾ ਮਿਲ ਕੇ ਫਿਰ ਛੁੱਟ ਗਿਆ ਹੋਵੇ।

*****

ਚਲਦਾ

Sunday, September 26, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 22

ਕਾਂਡ 22

ਇੰਦਰ ਸਿਆਂ, ਇਹ ਰਿਹਾ ਤੇਰਾ ਘਰ!

ਘਰ ਦੀ ਚਾਬੀ ਮਿਲਣ ਤੇ ਮੈਂ ਕਿਹਾ ਸੀ। ਪਿੰਡ ਵਿਚ ਦੋ ਮਰਲੇ ਦੇ ਘਰ ਨੂੰ ਕਦੇ ਵੀ ਘਰ ਕਹਿਣ ਨੂੰ ਦਿਲ ਨਹੀਂ ਸੀ ਕਰਦਾ। ਕਈ ਵਾਰ ਇਕੋ ਕਮਰੇ ਵਿਚ ਸਾਰਾ ਟੱਬਰ ਸੌਂਦਾ। ਬਾਪੂ ਜੀ ਦੀ ਉਮਰ ਭਰ ਦੀ ਸੂਬੇਦਾਰੀ ਵੀ ਘਰ ਦਾ ਬਹੁਤਾ ਕੁਝ ਨਹੀਂ ਸੀ ਸੰਵਾਰ ਸਕੀ। ਛੋਟੇ ਜਿਹੇ ਉਸ ਘਰ ਵਿਚ ਆਪਣੇ ਅਲੱਗ ਕਮਰੇ ਦਾ ਕਦੇ ਸੁਫ਼ਨਾ ਵੀ ਨਹੀਂ ਸੀ ਆਇਆ। ਇਹ ਤਾਂ ਸ਼ੁਕਰ ਦੀ ਗੱਲ ਸੀ ਕਿ ਮੈਂ ਤੇ ਪ੍ਰਿਤਪਾਲ ਭਰਾ ਵੀ ਸਾਂ ਤੇ ਦੋਸਤ ਵੀ। ਰਾਤ ਨੂੰ ਇਕੱਠੇ ਸੌਂ ਜਾਂਦੇ। ਕਦੇ ਲੜੇ ਨਹੀਂ ਸੀ। ਇਕ ਦੂਜੇ ਦੀ ਮਦਦ ਕਰਦੇ ਸਾਂ ਤੇ ਸਾਡਾ ਵਕਤ ਸੌਖਾ ਪਾਸ ਹੋ ਗਿਆ ਸੀ। ਇੰਗਲੈਂਡ ਆ ਕੇ ਇੰਨੀ ਜਲਦੀ ਘਰ ਖ਼ਰੀਦ ਸਕਣ ਬਾਰੇ ਕਦੇ ਸੋਚਿਆ ਤੱਕ ਨਹੀਂ ਸੀ।

-----

ਮੈਂ ਚਾਬੀ ਏਜੰਟ ਤੋਂ ਲਈ ਤੇ ਸਿੱਧਾ ਰੋਜ਼ਬਰੀ ਗਾਰਡਨਆ ਗਿਆ। ਇਹ ਪੂਰਾ ਰੋਡ ਹੀ ਉੱਚੀ ਜਗ੍ਹਾ ਤੇ ਸੀ। ਦੋ ਮਿੰਟ ਤੁਰ ਕੇ ਆਰਚਵੇਅ ਸਟੇਸ਼ਨ ਤੇ ਨਾਲ ਹੀ ਬੱਸ ਸਟੌਪ ਵੀ। ਸ਼ੌਪਿੰਗ ਸੈਂਟਰ ਵੀ ਨਜ਼ਦੀਕ ਹੀ ਸੀ। ਭਾਵ ਕਿ ਸਾਰੀਆਂ ਸਹੂਲਤਾਂ ਦੇ ਵਿਚਕਾਰ ਸੀ ਇਹ ਘਰ। ਜਦ ਏਜੰਟ ਮੈਨੂੰ ਇਹ ਘਰ ਦਿਖਾਉਣ ਲੈ ਕੇ ਆਇਆ ਤਾਂ ਇਸ ਦੀ ਬਹੁਤ ਤਾਰੀਫ਼ ਕਰਦਾ ਜਾ ਰਿਹਾ ਸੀ। ਇਕ ਕਮਰੇ ਦੀ ਖਿੜਕੀ ਖੋਹਲ ਕੇ ਉਸ ਕਿਹਾ, ਮਿਸਟਰ ਡਿਲਨ ਦੇਖ ਨਜ਼ਾਰਾ!

-----

ਮੈਂ ਹੈਰਾਨ ਰਹਿ ਗਿਆ ਕਿ ਖਿੜਕੀ ਰਾਹੀਂ ਦੂਰ ਤੱਕ ਫੈਲਿਆ ਲੰਡਨ ਦਿੱਸ ਰਿਹਾ ਸੀ। ਉੱਚੀਆਂ-ਉੱਚੀਆਂ ਇਮਾਰਤਾਂ ਬਹੁਤ ਖੂਬਸੂਰਤ ਲੱਗ ਰਹੀਆਂ ਸਨ। ਏਜੰਟ ਕਹਿਣ ਲੱਗਿਆ, ਉੱਚੀ ਜਗ੍ਹਾ ਤੇ ਘਰ ਐ ਤੇ ਇਸ ਦ੍ਰਿਸ਼ ਕਾਰਨ ਹੀ ਇਸ ਦੀ ਵੀਹ ਹਜ਼ਾਰ ਪੌਂਡ ਕੀਮਤ ਵੱਧ ਪੈਣੀ ਚਾਹੀਦੀ ਐ, ਪਰ ਮੈਂ ਤੇਰਾ ਲਿਹਾਜ਼ ਕੀਤਾ, ਤੂੰ ਸ਼ਰੀਫ਼ ਬੰਦਾ ਐਂ, ਦੂਜੀ ਗੱਲ ਕਿ ਇਸ ਮਕਾਨ ਦੇ ਮਾਲਕ ਨੇ ਅਮਰੀਕਾ ਜਾ ਕੇ ਵਸਣਾ ਐ ਇਸ ਲਈ ਜਲਦੀ ਵੇਚਣਾ ਚਾਹੁੰਦਾ ਐ, ਫਿਰ ਘਰਾਂ ਦੀਆਂ ਕੀਮਤਾਂ ਵਿਚ ਆਈ ਖੜੋਤ ਕਾਰਨ ਸਾਡਾ ਕੰਮ ਵੀ ਠੰਢਾ ਪਿਆ ਹੋਇਐ, ਤੈਨੂੰ ਇਹ ਘਰ ਬਹੁਤ ਸਸਤਾ ਮਿਲ ਰਿਹੈ।

-----

ਮੈਨੂੰ ਏਜੰਟ ਦੀਆਂ ਗੱਲਾਂ ਸੱਚ ਲੱਗ ਰਹੀਆਂ ਸਨ ਪਰ ਮੈਂ ਮਜ਼ਾਕ ਵਿਚ ਕਿਹਾ, ਮਿਸਟਰ ਸਮਿੱਥ, ¦ਡਨ ਦਾ ਮੌਸਮ ਸਾਫ਼ ਹੋਵੇਗਾ ਤਾਂ ਹੀ ਇਹ ਦ੍ਰਿਸ਼ ਦਾ ਲੁਤਫ਼ ਲਿਆ ਜਾ ਸਕੇਗਾ ਨਾ।

ਉਹ ਸਮਝਦਾ ਹੋਇਆ ਹੱਸਿਆ ਸੀ। ਮੈਂ ਸੋਚ ਰਿਹਾ ਸਾਂ ਕਿ ਮੁਫ਼ਤ ਵਿਚ ਮਿਲੀ ਹੋਈ ਇਕ ਹੋਰ ਖ਼ੁਸ਼ੀ ਸੀ ਇਹ ਵੀ।

-----

ਕੰਵਲ ਨੇ ਇਸ ਘਰ ਨੂੰ ਬਾਹਰੋਂ ਹੀ ਦੇਖਿਆ ਸੀ। ਅੰਦਰੋਂ ਦੇਖਣ ਦੀ ਉਸ ਨੇ ਜ਼ਰੂਰਤ ਨਾ ਸਮਝੀ। ਡੈਡੀ ਮੰਮੀ ਨੂੰ ਮੈਂ ਕਿਹਾ ਵੀ ਕਿ ਚਲੋ ਘਰ ਦਿਖਾਵਾਂ ਜਿਹੜਾ ਮੈਂ ਲੈ ਰਿਹਾ ਸਾਂ ਪਰ ਉਨ੍ਹਾਂ ਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਡੈਡੀ ਤਾਂ ਚਾਹੁੰਦੇ ਹੀ ਨਹੀਂ ਸਨ ਕਿ ਘਰ ਮੈਂ ਇੰਨੀ ਦੂਰ ਲਵਾਂ। ਫਿਰ ਮੈਂ ਉਨ੍ਹਾਂ ਦੀ ਕੋਈ ਸਲਾਹ ਵੀ ਨਹੀਂ ਸੀ ਪੁੱਛੀ। ਮੈਂ ਉਨ੍ਹਾਂ ਤੋਂ ਘਰ ਦੂਰ ਲੈਣਾ ਚਾਹੁੰਦਾ ਸੀ ਕਿ ਉਨ੍ਹਾਂ ਦੀ ਮੇਰੀ ਜ਼ਿੰਦਗੀ ਵਿਚ ਦਖਲ-ਅੰਦਾਜ਼ੀ ਘੱਟ ਜਾਵੇ।

ਬਹੁਤ ਸਾਰਾ ਸਾਮਾਨ ਉਹ ਗੋਰਾ ਵਿਚ ਹੀ ਛੱਡ ਗਿਆ ਸੀ। ਸਾਮਾਨ ਵਧੀਆ ਸੀ। ਕੁਝ ਹੋਰ ਮੈਂ ਪੈਸੇ ਦੇ ਕੇ ਉਸ ਤੋਂ ਖਰੀਦ ਵੀ ਲਿਆ। ਕੁਝ ਨਵਾਂ ਲੈ ਲਿਆ। ਕੁਝ ਮੰਮੀ ਦੇ ਘਰੋਂ ਜੋ ਸਾਡਾ ਸੀ, ਚੁੱਕ ਲਿਆਂਦਾ ਤੇ ਘਰ ਰਹਿਣ ਯੋਗ ਹੋ ਗਿਆ। ਘਰ ਨੂੰ ਪੂਰਾ ਤਿਆਰ ਕਰਕੇ ਮੈਂ ਕੰਵਲ ਨੂੰ ਉਸ ਦੇ ਕੰਮ ਤੋਂ ਚੁੱਕਿਆ ਤੇ ਨਵੇਂ ਘਰ ਲੈ ਆਇਆ। ਘਰ ਦੇ ਦਰਾਂ ਮੂਹਰੇ ਖੜੀ ਕਰਕੇ ਉਸ ਨੂੰ ਚਾਬੀ ਦਿੱਤੀ ਤੇ ਕਿਹਾ, ਇਹ ਸਭ ਚਾਬੀਆਂ ਘਰ ਦੀ ਮਾਲਕਣ ਲਈ।

ਚਾਬੀਆਂ ਫੜ ਕੇ ਉਸ ਦਰਵਾਜ਼ਾ ਖੋਹ ਲਿਆ। ਦਰਵਾਜ਼ਾ ਖੋਹਲਦੀ ਬਹੁਤ ਹੀ ਪਿਆਰ ਨਾਲ ਮੇਰੇ ਵੱਲ ਦੇਖਦੀ ਰਹੀ। ਫਿਰ ਬੋਲੀ, ਹੁਣ?

ਹੁਣ ਅੰਦਰ ਚਲ ਕੇ ਆਪਣਾ ਘਰ ਸਾਂਭ।

ਰਵੀ, ਪੱਛਮ ਵਿਚ ਤਾਂ ਆ ਵਸਿਐਂ ਪਰ ਇਥੇ ਦੇ ਰਸਮ ਰਿਵਾਜਾਂ ਦਾ ਹਾਲੇ ਤੈਨੂੰ ਪੂਰੀ ਤਰ੍ਹਾਂ ਨਹੀਂ ਪਤਾ ਲੱਗਾ।

ਕਿਹੜੇ ਰਸਮ ਰਿਵਾਜ?

ਇਥੇ ਦੀ ਟਰੈਡੀਸ਼ਨ ਏ ਕਿ ਜਦ ਕੋਈ ਕਪਲ ਨਵਾਂ ਘਰ ਖਰੀਰਦਾ ਏ ਤਾਂ ਹਸਬੈਂਡ ਆਪਣੀ ਵਾਈਫ ਨੂੰ ਚੁੱਕ ਕੇ ਸਾਰਾ ਘਰ ਦਿਖਾਉਂਦਾ ਏ।

-----

ਮੈਂ ਉਸ ਨੂੰ ਬਾਹਾਂ ਵਿਚ ਉਠਾਇਆ ਤੇ ਸਾਰੇ ਘਰ ਦਾ ਚੱਕਰ ਲਗਾ ਦਿੱਤਾ। ਪਹਿਲਾਂ ਸਾਰਾ ਘਰ ਹੇਠੋਂ ਦਿਖਾਇਆ। ਦੋਵੇਂ ਕਮਰੇ, ਰਸੋਈ, ਗਾਰਡਨ ਆਦਿ ਤੇ ਫਿਰ ਉਪਰ ਬੈੱਡਰੂਮਾਂ ਵਿਚ ਲੈ ਗਿਆ। ਖਿੜਕੀ ਰਾਹੀਂ ਦਿਸਦੇ ਦ੍ਰਿਸ਼ ਨੂੰ ਦੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਤਿੰਨੋਂ ਬੈੱਡਰੂਮ ਦਿਖਾ ਕੇ ਮੈਂ ਉਸ ਨੂੰ ਉਸ ਦੇ ਬੈੱਡ ਤੇ ਪਾ ਦਿੱਤਾ। ਮੈਨੂੰ ਸਾਹ ਚੜ੍ਹ ਗਿਆ ਸੀ। ਮੈਂ ਕਿਹਾ, ਮੈਂ ਪਤੀ ਵਾਲੀ ਰਸਮ ਪੂਰੀ ਕਰ ਦਿੱਤੀ, ਤੂੰ ਹੁਣ ਪਤਨੀ ਵਾਲੀ ਪੂਰੀ ਕਰ।

ਉਹ ਸ਼ਰਮਾਉਂਦੀ ਹੋਈ ਮੈਨੂੰ ਚਿੰਬੜ ਗਈ।

-----

ਘਰ ਮੇਰੀਆਂ ਖ਼ੁਸ਼ੀਆਂ ਦੀ ਕਤਾਰ ਵਿਚ ਜੁੜੀ ਇਕ ਹੋਰ ਖ਼ੁਸ਼ੀ ਸੀ ਜੋ ਕਿ ਮੈਨੂੰ ਬਿਨਾਂ ਮਿਹਨਤ ਤੋਂ ਮਿਲ ਗਈ ਸੀ। ਮੈਂ ਕਦੇ ਨਹੀਂ ਖਿਆਲ ਕੀਤਾ ਕਿ ਇੰਗਲੈਂਡ ਵਿਚ ਘਰ ਲੈਣਾ ਇੰਨਾ ਆਸਾਨ ਸੀ ਕਿ ਥੋੜ੍ਹਾ ਜਿਹਾ ਡਿਪੋਜ਼ਟ ਦਿਓ ਤੇ ਬਾਕੀ ਦੀਆਂ ਕਿਸ਼ਤਾਂ ਕਰਾ ਲਓ। ਡਿਪੋਜ਼ਟ ਦੇਣ ਲਈ ਵੀ ਕੰਵਲ ਕੋਲ ਪੈਸੇ ਪਏ ਸਨ, ਕੁਝ ਹੋਰ ਪਾਏ ਤੇ ਘਰ ਹੱਥ ਵਿਚ ਆ ਗਿਆ। ਹੁਣ ਕਿਸ਼ਤਾਂ ਉਤਾਰਨ ਦਾ ਮਸਲਾ ਅਲੱਗ ਸੀ। ਘਰ ਦੀ ਚਾਬੀ ਮਿਲ ਗਈ, ਘਰ ਦੇ ਮਾਲਕ ਬਣ ਗਏ। ਘਰ ਸਾਡੇ ਨਾਂ ਚੜ੍ਹ ਗਿਆ। ਮੈਨੂੰ ਘਰ ਦੀ ਮਾਲਕੀ ਦਾ ਇੰਨਾ ਸ਼ੌਕ ਸੀ ਕਿ ਬਾਹਰ ਬੋਰਡ ਲਿਖ ਕੇ ਲਾ ਦਿੱਤਾ- ਇਥੇ ਢਿੱਲੋਂ ਰਹਿੰਦੇ ਹਨ।

ਬਿਨਾਂ ਮਿਹਨਤ ਤੋਂ ਮਿਲੀ ਖ਼ੁਸ਼ੀ ਤੋਂ ਡਰ ਲੱਗਣ ਲੱਗਦਾ ਸੀ। ਪਰ ਜਿਹੜੀ ਖ਼ੁਸ਼ੀ ਨੇ ਤੁਹਾਡੇ ਤੱਕ ਪਹੁੰਚ ਕਰ ਹੀ ਲਈ ਉਸ ਦਾ ਕੀ ਕਰੋਗੇ, ਮਨਜ਼ੂਰ ਕਰਨੀ ਹੀ ਪਵੇਗੀ।

-----

ਮੈਂ ਐੱਮ. ਏ. ਵਿਚ ਪੜ੍ਹਦਾ ਸਾਂ ਤਾਂ ਲੋਕ ਬਾਹਰਲੇ ਦੇਸ਼ਾਂ ਨੂੰ ਨਿਕਲ ਰਹੇ ਸਨ ਪਰ ਸਾਡੇ ਕੋਲ ਕਿਰਾਏ ਦੀ ਹਿੰਮਤ ਨਹੀਂ ਸੀ, ਫਿਰ ਸਾਡਾ ਕੋਈ ਰਿਸ਼ਤੇਦਾਰ ਵੀ ਬਾਹਰ ਨਹੀਂ ਸੀ ਰਹਿੰਦਾ ਜੋ ਮੈਨੂੰ ਬੁਲਾਵਾ ਭੇਜਦਾ ਜਾਂ ਮੇਰੇ ਬਾਹਰ ਜਾਣ ਦਾ ਇੰਤਜ਼ਾਮ ਕਰਦਾ। ਇਕੋ ਰਾਹ ਦਿਸਦਾ ਸੀ ਕਿ ਇਨ੍ਹਾਂ ਮੁਲਕਾਂ ਵਿਚ ਵਸਦੀ ਕੁੜੀ ਨਾਲ ਮੇਰਾ ਰਿਸ਼ਤਾ ਹੋ ਜਾਵੇ, ਕਿਸੇ ਤਰ੍ਹਾਂ ਵੀ ਹੋ ਜਾਵੇ। ਅੰਨ੍ਹੀ, ਕਾਣੀ, ਲੰਗੜੀ ਜਾਂ ਵਿਧਵਾ, ਛੁੱਟੜ ਕੋਈ ਵੀ ਹੋਵੇ, ਬੱਸ ਚਲਾ ਜਾਵਾਂ। ਇਥੋਂ ਦੀ ਗੁਰਬਤ ਤੋਂ ਛੁਟਕਾਰਾ ਮਿਲ ਜਾਵੇ। ਪਰ ਸਾਡੇ ਪਰਿਵਾਰ ਦੀ ਕੋਈ ਜ਼ਮੀਨ ਜਾਇਦਾਦ ਐਡੀ ਨਹੀਂ ਸੀ ਕਿ ਜਿਸ ਦੇ ਆਸਰੇ ਬਾਹਰਲੇ ਰਿਸ਼ਤੇ ਆਉਂਦੇ, ਫਿਰ ਵੀ ਮੈਂ ਸੋਚਣੋਂ ਨਹੀਂ ਸੀ ਹਟਿਆ।

-----

ਮੇਰੇ ਬਾਪੂ ਜੀ ਦਾ ਇਕ ਦੋਸਤ ਕੰਵਲ ਦਾ ਰਿਸ਼ਤਾ ਲੈ ਕੇ ਆਇਆ ਤਾਂ ਯਕੀਨ ਨਾ ਹੋਇਆ। ਖ਼ੁਸ਼ੀ ਹੀ ਇੰਨੀ ਸੀ ਕਿ ਦੱਸਣ ਪੁੱਛਣ ਦਾ ਮੌਕਾ ਹੀ ਨਾ ਮਿਲਿਆ ਕਿ ਕੁੜੀ ਕਿਹੋ ਜਿਹੀ ਸੀ। ਕੰਵਲ ਦੀਆਂ ਤਸਵੀਰਾਂ ਆਈਆਂ ਸਨ ਪਰ ਮੈਨੂੰ ਕੰਵਲ ਨਾਲੋਂ ਇੰਗਲੈਂਡ ਜ਼ਿਆਦਾ ਦਿਸਦੀ। ਇਸ ਰਿਸ਼ਤੇ ਦੇ ਸੱਚ ਤੇ ਯਕੀਨ ਮੈਂ ਇੱਥੇ ਪਹੁੰਚ ਕੇ ਹੀ ਕਰਨਾ ਸ਼ੁਰੂ ਕੀਤਾ ਸੀ। ਇਥੇ ਪਹੁੰਚ ਕੇ ਹੀ ਕੰਵਲ ਦੇਖੀ ਤਾਂ ਇਕ ਹੋਰ ਖ਼ੁਸ਼ੀ ਮਿਲ ਗਈ ਕਿ ਉਹ ਬਹੁਤ ਖ਼ੂਬਸੂਰਤ ਸੀ, ਸੂਰਤ ਵਲੋਂ ਵੀ, ਸੀਰਤ ਵਲੋਂ ਵੀ।

-----

ਹੁਣ ਮੈਂ ਭਰਾ ਪ੍ਰਿਤਪਾਲ ਤੇ ਭੈਣ ਕੁਲਵੰਤ ਬਾਰੇ ਸੋਚਣ ਲੱਗਿਆ ਕਿ ਉਨ੍ਹਾਂ ਦਾ ਕੁਝ ਕਰਾਂ। ਉਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਲੰਘਾ ਸਕਾਂ। ਆਉਂਦੇ ਨੂੰ ਕੰਮ ਮਿਲ ਗਿਆ ਸੀ ਤੇ ਕੁਝ ਪੈਸੇ ਵੀ ਘਰ ਨੂੰ ਭੇਜ ਦਿੱਤੇ ਸਨ ਤਾਂ ਜੋ ਘਰ ਦੇ ਹਾਲਾਤ ਕੁਝ ਬਦਲ ਸਕਣ। ਮੈਂ ਪ੍ਰਿਤਪਾਲ ਲਈ ਹੱਥ ਪੈਰ ਮਾਰਨੇ ਚਾਹੇ। ਕੰਵਲ ਦੀ ਭੈਣ ਨੀਤਾ ਹਾਲੇ ਬਹੁਤ ਛੋਟੀ ਸੀ। ਇਨ੍ਹਾਂ ਦੇ ਵੀ ਇਧਰ ਬਹੁਤੇ ਰਿਸ਼ਤੇਦਾਰ ਨਹੀਂ ਸਨ ਇਧਰ ਜਿਨ੍ਹਾਂ ਦੇ ਜਵਾਨ ਕੁੜੀ ਹੁੰਦੀ। ਹਾਲੇ ਕੁਝ ਮਹੀਨੇ ਹੀ ਲੰਘੇ ਸਨ ਕਿ ਪ੍ਰਿਤਪਾਲ ਨੂੰ ਵੀ ਸਾਊਥਾਲ ਰਹਿੰਦੇ ਕਿਸੇ ਪਰਿਵਾਰ ਨੇ ਪਸੰਦ ਕਰ ਲਿਆ ਤੇ ਰਿਸ਼ਤਾ ਤੈਅ ਹੋ ਗਿਆ। ਉਸ ਤੋਂ ਛੇਤੀਂ ਬਾਅਦ ਹੀ ਕੁਲਵੰਤ ਵੀ ਮੰਗੀ ਗਈ। ਉਸ ਦੇ ਸੁਹਰੇ ਬਰਮੀਘੰਮ ਰਹਿੰਦੇ ਸਨ ਤੇ ਵਿਉਪਾਰੀ ਟੱਬਰ ਸੀ। ਇੰਨਾ ਕੁਝ ਨਿਰਵਿਘਨ ਹੁੰਦੇ ਦੇਖ ਕੇ ਡਰ ਲੱਗਣ ਲੱਗਦਾ ਕਿ ਸਾਰੀਆਂ ਖ਼ੁਸ਼ੀਆਂ ਨੂੰ ਕੋਈ ਵੱਡੀ ਸੱਟ ਨਾ ਵਜ ਜਾਵੇ। ਕਹਿੰਦੇ ਹਨ ਕਿ ਖ਼ੁਸ਼ੀਆਂ ਦੇ ਮਗਰ ਹੀ ਤਕਲੀਫ਼ਾਂ ਆ ਰਹੀਆਂ ਹੁੰਦੀਆਂ ਹਨ।

ਘਰ ਦੀ ਖ਼ੁਸ਼ੀ ਤੋਂ ਬਾਅਦ ਪ੍ਰਤਿਭਾ ਆ ਗਈ। ਇਹ ਵੀ ਵੱਡੀ ਖ਼ੁਸ਼ੀ ਸੀ। ਪ੍ਰਤਿਭਾ ਦੇ ਆਉਣ ਨਾਲ ਕੰਵਲ ਦੇ ਮੰਮੀ ਡੈਡੀ ਸਭ ਹੀ ਖ਼ੁਸ਼ ਸਨ। ਮੰਮੀ ਦਾ ਮੂੰਹ ਕੁਝ ਕੁ ਹੋਰਵੇਂ ਹੋਇਆ ਪਰ ਫਿਰ ਠੀਕ ਹੋ ਗਿਆ ਕਿ ਪਹਿਲਾ ਬੱਚਾ ਸੀ, ਮੁੰਡਾ ਫਿਰ ਵੀ ਹੋ ਸਕਦਾ ਸੀ।

-----

ਪ੍ਰਤਿਭਾ ਦਾ ਜਨਮ ਸਾਡੇ ਸੋਚੇ ਸਮਝੇ ਪ੍ਰੋਗਰਾਮ ਅਨੁਸਾਰ ਸੀ। ਇਕ ਦਿਨ ਕੰਵਲ ਨੇ ਕਿਹਾ, ਕੀ ਵਧੀਆ ਗੱਲ ਹੋ ਜੇ, ਜੇ ਬੇਟੀ ਦਾ ਜਨਮ ਦਿਨ ਤੇਰੇ ਜਾਂ ਮੇਰੇ ਜਨਮ ਦਿਨ ਵਾਲੇ ਦਿਨ ਹੀ ਹੋ ਜੇ।

ਜਾਨ, ਟਰਾਈ ਕਰ ਲੈਨੇ ਆਂ, ਪਰ ਆਪਣੇ ਹੱਥ ਵਿਚ ਤਾਂ ਬਹੁਤਾ ਕੁਝ ਨਹੀਂ।

ਅਸੀਂ ਕੋਸ਼ਿਸ਼ ਕੀਤੀ ਕਿ ਬੇਟੀ ਦਾ ਜਨਮ ਮਈ ਵਿਚ ਹੋਵੇ। ਸਭ ਕੁਝ ਸਹੀ ਹੋਇਆ ਪਰ ਅਖੀਰ ਤੇ ਆ ਕੇ ਇਕ ਦਿਨ ਦਾ ਫ਼ਰਕ ਪੈ ਗਿਆ। ਇਕ ਦਿਨ ਪਹਿਲਾਂ ਹੀ ਕੰਵਲ ਨੂੰ ਜਨਮ ਪੀੜਾਂ ਸ਼ੁਰੂ ਹੋ ਗਈਆਂ। ਅਸੀਂ ਡਾਕਟਰ ਨੂੰ ਆਪਣੀ ਸਕੀਮ ਬਾਰੇ ਦੱਸਿਆ ਸੀ ਪਰ ਬੱਚੇ ਲਈ ਖਤਰਨਾਕ ਸੀ ਕਿ ਇਕ ਦਿਨ ਉਡੀਕਿਆ ਜਾਂਦਾ। ਉਸ ਨੇ ਉਸ ਦਿਨ ਹੀ ਆਉਣਾ ਸੀ ਤੇ ਆ ਗਈ। ਪ੍ਰਤਿਭਾ ਦੇ ਜਨਮ ਵੇਲੇ ਹੀ ਡਾਕਟਰ ਨੇ ਦੱਸ ਦਿੱਤਾ ਸੀ ਕਿ ਕੰਵਲ ਦੀ ਸਿਹਤ ਠੀਕ ਨਹੀਂ। ਅਗਲੇ ਬੱਚੇ ਲਈ ਕੁਝ ਸਾਲ ਉਡੀਕ ਕਰਨੀ ਪਵੇਗੀ।

-----

ਬੱਚੀ ਦਾ ਨਾਂ ਰੱਖਣ ਵੇਲੇ ਡੈਡੀ ਨੂੰ ਮੈਂ ਕੁਝ ਨਾਰਾਜ਼ ਕਰ ਬੈਠਾ ਸਾਂ। ਉਹ ਕਹਿੰਦਾ ਸੀ ਕਿ ਗੁਰਦਵਾਰੇ ਜਾ ਕੇ ਵਾਕ ਲੈਣਾ ਸੀ ਪਰ ਮੈਂ ਜਾ ਕੇ ਰਜਿਸਟਰ ਕਰਵਾ ਆਇਆ। ਮੇਰਾ ਰੱਖਿਆ ਨਾਂ ਵੀ ਉਸ ਨੂੰ ਪਸੰਦ ਨਹੀਂ ਸੀ। ਅੰਮੀ ਤੋਂ ਪ੍ਰਤਿਭਾ ਦਾ ਨਾਂ ਉਚਾਰਿਆ ਨਹੀਂ ਸੀ ਜਾਂਦਾ। ਉਸ ਨੇ ਪਰੀ ਕਹਿਣਾ ਸ਼ੁਰੂ ਕਰ ਲਿਆ ਸੀ। ਡੈਡੀ ਨਾਲ ਮੇਰੀ ਬਹਿਸ ਸਹਿਜੇ ਹੀ ਹੋ ਜਾਇਆ ਕਰਦੀ। ਮੰਮੀ ਮੈਨੂੰ ਕਹਿੰਦੀ, ਪੁੱਤ, ਤੂੰ ਆਪਣੇ ਡੈਡੀ ਦੀਆਂ ਕਮਲੀਆਂ ਪਿੱਛੇ ਨਾ ਜਾਇਆ ਕਰ।

-----

ਅਸਲ ਵਿਚ ਤਾਂ ਡੈਡੀ ਨਾਲ ਮੇਰੀ ਘੱਟ ਬਣਦੀ ਸੀ। ਪਹਿਲੇ ਕੁਝ ਮਹੀਨੇ ਠੀਕ ਨਿਕਲੇ ਸਨ ਫਿਰ ਉਹ ਮੇਰੇ ਨਾਲ ਬਿਨਾਂ ਗੱਲ ਤੋਂ ਬਹਿਸ ਕਰਨ ਲੱਗਦੇ। ਜਿਨ੍ਹਾਂ ਗੱਲਾਂ ਬਾਰੇ ਮੇਰੀ ਵਾਕਫ਼ੀ ਵਧੇਰੇ ਹੁੰਦੀ ਉਨ੍ਹਾਂ ਬਾਰੇ ਵੀ ਬਹਿਸਣ ਲੱਗਦੇ। ਜਿਵੇਂ ਕਿ ਕਿਤਾਬਾਂ ਬਾਰੇ ਹੀ ਸੀ, ਮੈਂ ਕਿਤਾਬਾਂ ਇੰਡੀਆ ਤੋਂ ਵੀ ਮੰਗਵਾਉਂਦਾ ਤੇ ਇਥੋਂ ਵੀ ਖਰੀਦਦਾ ਰਹਿੰਦਾ। ਹਰ ਵੇਲੇ ਮੈਂ ਕੁਝ ਪੜ੍ਹਦਾ ਰਹਿੰਦਾ। ਉਹ ਕਿਤਾਬਾਂ ਪੜ੍ਹਨ ਦੇ ਨਫ਼ੇ ਨੁਕਸਾਨ ਮੈਨੂੰ ਦੱਸਣ ਲੱਗਦੇ। ਕਈ ਵਾਰ ਤਾਂ ਕਹਿ ਦਿੰਦੇ, ਇੰਦਰ ਸਿਹਾਂ ਇੰਨਾ ਪੜ੍ਹਨਾ, ਤੇਰਾ ਦਿਮਾਗ ਵੀ ਖ਼ਰਾਬ ਕਰ ਸਕਦਾ ਏ।

-----

ਮੈਨੂੰ ਜਲਦੀ ਹੀ ਡੈਗਨਮਵਾਲੀ ਫੋਰਡ ਕੰਪਨੀ ਵਿਚ ਕੰਮ ਮਿਲ ਗਿਆ ਸੀ। ਦੋ ਹਫ਼ਤੇ ਦਿਨ ਤੇ ਦੋ ਹਫ਼ਤੇ ਰਾਤਾਂ। ਰਾਤਾਂ ਦਾ ਕੰਮ ਮੈਨੂੰ ਪਸੰਦ ਨਹੀਂ ਸੀ ਪਰ ਤਨਖਾਹ ਠੀਕ ਸੀ। ਕੁਝ ਦੋਸਤ ਵੀ ਬਣ ਗਏ ਸਨ ਜਿਨ੍ਹਾਂ ਕਰਕੇ ਉਥੇ ਦਿਲ ਲੱਗ ਗਿਆ ਸੀ। ਫਿਰ ਮੈਂ ਅੰਦਰ ਮੈਟਲ ਫਿਨਿਸ਼ਿੰਗਦਾ ਕੋਰਸ ਕਰ ਲਿਆ ਤੇ ਮੇਰੇ ਪੱਕੇ ਦਿਨ ਹੋ ਗਏ। ਘਰੋਂ ਦੂਰ ਸੀ, ਆਰਚਵੇਅ ਆ ਗਏ ਤਾਂ ਹੋਰ ਵੀ ਦੂਰ ਹੋ ਗਿਆ ਪਰ ਫਿਰ ਵੀ ਮੈਂ ਕੰਮ ਕਰਦਾ ਰਿਹਾ ਸਾਂ।

-----

ਬਾਕੀ ਸਭ ਠੀਕ ਚੱਲ ਰਿਹਾ ਸੀ ਪਰ ਕੰਵਲ ਦਾ ਆਪਣੇ ਡੈਡੀ ਪ੍ਰਤੀ ਲੋੜੋਂ ਵਧ ਮੋਹ ਮੈਨੂੰ ਤੰਗ ਕਰਦਾ ਸੀ। ਪਿਓ ਸੀ, ਮੈਂ ਬਹੁਤ ਕਹਿ ਵੀ ਨਾ ਸਕਦਾ। ਜਦੋਂ ਮੈਂ ਡੈਡੀ ਨਾਲ ਬਹਿਸ ਕਰਨ ਲੱਗਦਾ ਤਾਂ ਕੰਵਲ ਮੈਨੂੰ ਕਹਿੰਦੀ, ਤੂੰ ਡੈਡੀ ਨਾਲ ਆਰਗੂ ਕਿਉਂ ਕਰਦਾ ਹੁੰਨਾ?

ਕਿਉਂਕਿ ਉਹ ਗਲਤ ਹੁੰਦੇ ਆ।

ਸੋ ਵੱਟ! ਹੀਜ਼ ਮਾਏ ਡੈਡ! ਐਡ ਹੀ ਇਜ਼ ਆਲਵੇਅਜ਼ ਰਾਈਟ।

-----

ਉਨ੍ਹਾਂ ਦੇ ਘਰ ਰਹਿ ਕੇ ਮੈਂ ਬਹੁਤਾ ਖ਼ੁਸ਼ ਨਹੀਂ ਸਾਂ ਪਰ ਕਿਰਾਏ ਉਪਰ ਉਹ ਸਾਨੂੰ ਜਾਣ ਨਹੀਂ ਸਨ ਦਿੰਦੇ। ਉਹ ਘਰ ਪਹਿਲੀ ਵਾਰ ਉਦੋਂ ਮੈਨੂੰ ਓਪਰਾ ਲੱਗਿਆ ਜਦੋਂ ਪ੍ਰਿਤਪਾਲ ਇੰਡੀਆ ਤੋਂ ਆਇਆ। ਮੈਂ ਉਸ ਤੋਂ ਵੱਡਾ ਸੀ। ਜੇ ਮੇਰੇ ਕੋਲ ਆਪਣਾ ਘਰ ਹੁੰਦਾ ਤਾਂ ਉਹ ਸਿੱਧਾ ਮੇਰੇ ਪਾਸ ਆਉਂਦਾ ਤੇ ਮੈਂ ਉਸ ਦਾ ਵਿਆਹ ਕਰਦਾ। ਮੈਂ ਆਪਣੀ ਖ਼ਾਹਿਸ਼ ਦਾ ਇਜ਼ਹਾਰ ਮੰਮੀ ਡੈਡੀ ਕੋਲ ਕੀਤਾ ਵੀ ਪਰ ਉਹ ਘੇਸ ਵੱਟ ਗਏ ਸਨ। ਇਵੇਂ ਹੀ ਕੁਲਵੰਤ ਦੇ ਵਾਰੀ ਹੋਇਆ ਪਰ ਉਦੋਂ ਚੰਗੀ ਗੱਲ ਇਹ ਹੋਈ ਕਿ ਕੁਲਵੰਤ ਦਾ ਪਤੀ ਵਿਆਹ ਕਰਾਉਣ ਭਾਰਤ ਚਲਾ ਗਿਆ ਸੀ ਤੇ ਕੁਲਵੰਤ ਸਿੱਧੀ ਬਰਮਿੰਘਮ ਹੀ ਗਈ। ਹੌਲੀ-ਹੌਲੀ ਸਭ ਠੀਕ ਹੋਣ ਲੱਗਿਆ। ਜਦ ਮੈਂ ਘਰ ਲਿਆ ਉਦੋਂ ਕੁ ਹੀ ਪ੍ਰਿਤਪਾਲ ਨੇ ਵੀ ਆਪਣਾ ਘਰ ਸਾਊਥਹਾਲ ਹੀ ਖ਼ਰੀਦ ਲਿਆ। ਫਿਰ ਅਸੀਂ ਸਾਰੇ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਡੀਆਂ ਪਰਿਵਾਰਕ ਮਹਿਫ਼ਿਲਾਂ ਲੱਗਣ ਲੱਗ ਪਈਆਂ ਸਨ। ਕੁਲਵੰਤ ਦਾ ਪਤੀ ਅਜੀਤ ਵੀ ਚੰਗੇ ਸੁਭਾਅ ਦਾ ਮੁੰਡਾ ਸੀ ਪਰ ਉਸ ਦੀ ਦੁਕਾਨ ਹੋਣ ਕਰਕੇ ਸਾਨੂੰ ਮਿਲਣ ਲਈ ਲੰਡਨ ਘੱਟ ਆਉਂਦਾ, ਅਸੀਂ ਹੀ ਬਰਮਿੰਘਮ ਚਲੇ ਜਾਂਦੇ। ਫਿਰ ਕੁਲਵੰਤ ਵੀ ਦੁਕਾਨ ਸੰਭਾਲਣ ਲੱਗੀ ਤੇ ਉਹ ਵੀ ਸਾਡੇ ਕੋਲ ਘੱਟ ਵੱਧ ਹੀ ਆ ਸਕਦੀ।

-----

ਕੰਵਲ ਦਾ ਡੈਡੀ ਵੱਲ ਉਲਾਰਪਨ ਮੈਨੂੰ ਚੰਗਾ ਨਾ ਲੱਗਦਾ ਪਰ ਉਹ ਮੈਨੂੰ ਵੀ ਘੱਟ ਮੋਹ ਨਹੀਂ ਸੀ ਕਰਦੀ। ਉਹ ਕੰਮ ਤੋਂ ਮੇਰੇ ਨਾਲੋੰ ਪਹਿਲਾਂ ਮੁੜ ਆਉਂਦੀ। ਮੇਰੇ ਲਈ ਦਰਵਾਜ਼ਾ ਖੋਹਲਦੀ, ਬਹੁਤ ਪਿਆਰੀ ਮੁਸਕਰਾਹਟ ਦਿੰਦੀ। ਮੇਰੇ ਨਾਲ ਇਵੇਂ ਜੱਫ਼ੀ ਪਾਉਂਦੀ ਜਿਵੇਂ ਕਿ ਮੁੜ ਪਰੇ ਹੋਣਾ ਹੀ ਨਾ ਹੋਵੇ। ਕਦੇ ਜ਼ਿੱਦ ਕਰਨ ਲੱਗਦੀ ਕਿ ਉਸ ਨੂੰ ਚੁੱਕ ਕੇ ਬੈੱਡਰੂਮ ਵਿਚ ਲੈ ਕੇ ਚਲਾਂ। ਨਹਾਉਣ ਲੱਗਦੀ ਤਾਂ ਆਵਾਜ਼ਾਂ ਮਾਰਦੀ ਕਿ ਉਸ ਦੀ ਪਿੱਠ ਮਲ਼ਾਂ। ਛੁੱਟੀ ਵਾਲੇ ਦਿਨ ਟੈਲੀਫੋਨ ਲਾਹ ਕੇ ਰੱਖ ਦੇਣਾ ਕਿ ਕੋਈ ਤੰਗ ਨਾ ਕਰੇ। ਨਿੱਕੀ-ਨਿੱਕੀ ਗੱਲ ਵਿਚ ਆਏ ਲਵ ਯੂਕਹਿਣ ਲੱਗਦੀ। ਮੈਂ ਉਸ ਨੂੰ ਕਹਿੰਦਾ, ਠਜਾਨ, ਏਨਾ ਪਿਆਰ ਵੀ ਨਾ ਦੇਹ ਕਿ ਵਿਛੜਨਾ ਮੁਸ਼ਕਿਲ ਹੋ ਜਾਵੇ, ਜੇ ਤੂੰ ਕਦੇ ਮੈਨੂੰ ਛੱਡ ਗਈ ਮੈਂ ਤਾਂ ਓਦਾਂ ਈ ਮਰ ਜਾਊਂ।

-----

ਮੇਰੇ ਨਾਲ ਇੰਨਾ ਪਿਆਰ ਹੋਣ ਦੇ ਬਾਅਦ ਵੀ ਡੈਡੀ ਨਾਲ ਮੋਹ ਵੀ ਉਸੇ ਤਰ੍ਹਾਂ ਕਾਇਮ ਸੀ। ਸਾਡੇ ਆਰਚਵੇਅ ਆਉਣ ਤੋਂ ਬਾਅਦ ਵੀ ਉਹ ਕੰਮ ਟੌਟਨਹੈਮ ਹੀ ਕਰਦੀ ਰਹੀ। ਕੰਮ ਤੋਂ ਵਿਹਲੀ ਹੋ ਕੇ ਡੈਡੀ ਘਰ ਜਾ ਬੈਠਦੀ। ਜੇ ਮੈਂ ਰਾਤਾਂ ਤੇ ਹੁੰਦਾ ਤਾਂ ਓਧਰ ਹੀ ਸੌਂਦੀ। ਮੇਰੇ ਦਿਨਾਂ ਤੇ ਆ ਜਾਣ ਤੇ ਵੀ ਉਹ ਸਹਿਜੇ ਹੀ ਮੰਮੀ ਦੇ ਘਰ ਰਾਤ ਰਹਿ ਜਾਂਦੀ। ਮੈਨੂੰ ਗ਼ੁੱਸਾ ਆਉਂਦਾ ਕਿ ਉਸ ਨੂੰ ਖ਼ਿਆਲ ਹੀ ਨਹੀਂ ਕਿ ਮੈਂ ਵੀ ਘਰ ਬੈਠਾ ਸਾਂ। ਮੈਂ ਉਸ ਨੂੰ ਕਦੇ ਸਿੱਧਾ ਤਾਂ ਨਾ ਕਹਿੰਦਾ ਪਰ ਗੱਲਾਂ-ਗੱਲਾਂ ਵਿਚ ਬਹੁਤ ਸਮਝਾਉਂਦਾ ਕਿ ਹੁਣ ਉਹ ਵੱਡੀ ਹੋ ਚੁੱਕੀ ਸੀ। ਮੈਂ ਕਹਿੰਦਾ ਕਿ ਡੈਡੀ ਜਾਂ ਮੰਮੀ ਨਾਲੋਂ ਉਸ ਦੀ ਮੈਨੂੰ ਜ਼ਿਆਦਾ ਜ਼ਰੂਰਤ ਸੀ। ਇਵੇਂ ਹੀ ਮੰਮੀ ਡੈਡੀ ਨਾਲੋਂ ਜ਼ਿਆਦਾ ਮੇਰੇ ਬਾਰੇ ਸੋਚਿਆ ਕਰੇ, ਪਰ ਕੰਵਲ ਨੂੰ ਇਹ ਗੱਲ ਸਮਝ ਨਾ ਪੈਂਦੀ।

-----

ਉਦੋਂ ਤਾਂ ਹੱਦ ਹੀ ਹੋ ਗਈ ਜਦੋਂ ਉਸ ਨੂੰ ਪਤਾ ਚੱਲਿਆ ਕਿ ਡੈਡੀ ਨੂੰ ਝੂਲਾ ਹੋ ਗਿਆ। ਉਹ ਇਵੇਂ ਰੋ ਰਹੀ ਸੀ ਜਿਵੇਂ ਡੈਡੀ ਨੂੰ ਝੂਲਾ ਨਹੀਂ ਹੋਇਆ ਬਲਕਿ ਉਨ੍ਹਾਂ ਦੀ ਮੌਤ ਹੋ ਗਈ ਹੋਵੇ। ਉਹ ਬਹੁਤ ਰੋਈ। ਰੋਈ ਨਹੀਂ ਬਲਕਿ ਚੀਕ ਚਿਹਾੜਾ ਪਾ ਲਿਆ। ਬਾਅਦ ਵਿਚ ਮੈਂ ਕਿਹਾ, ਜਾਨ, ਇਹ ਪਾਰਕਿਨਸਨ ਡਿਜੀਜ਼ ਐ, ਜਾਨ ਲੇਵਾ ਬਿਮਾਰੀ ਨਹੀਂ, ਤੂੰ ਬਹੁਤ ਜ਼ਿਆਦਾ ਰਿਐਕਟ ਕਰ ਰਹੀ ਐਂ, ਰੱਬ ਨਾ ਕਰੇ ਜੇ ਡੈਡੀ ਨੂੰ ਕੁਝ ਹੋ ਗਿਆ ਤਾਂ ਨਾਲ ਈ ਮਰ ਜਾਵੇਂਗੀ।

ਤੂੰ ਮੇਰੇ ਡੈਡੀ ਨੂੰ ਮਰਿਆ ਦੇਖਣਾ ਚਾਹੁੰਦਾ ਏਂ, ਸ਼ੇਮ ਔਨ ਯੂ ਰਵੀ!

ਉਹ ਹੋ, ਜਾਨ....।

-----

ਗੱਲ ਕਰਦੀ ਉਹ ਗ਼ੁੱਸੇ ਵਿਚ ਆ ਗਈ। ਮੈਂ ਉਸ ਨੂੰ ਮਸਾਂ ਹੀ ਸ਼ਾਂਤ ਕੀਤਾ। ਮੈਂ ਉਸ ਨਾਲ ਰਲ਼ ਕੇ ਝੂਲੇ ਦੀ ਬਿਮਾਰੀ ਬਾਰੇ ਪੜ੍ਹਨਾ ਸ਼ੁਰੂ ਕੀਤਾ। ਇਹ ਨਰਵਿਸ ਸਿਸਟਮ ਦੇ ਕੰਟਰੋਲ ਨਾਲ ਸੰਬੰਧਤ ਸੀ। ਕਿਸੇ ਡਾਕਟਰ ਜੇਮਜ਼ ਪਾਰਕਿਨਸਨ ਨੇ ਇਸ ਬਿਮਾਰੀ ਬਾਰੇ ਵਿਸਥਾਰ ਨਾਲ ਦੱਸਿਆ ਸੀ ਤੇ ਉਸੇ ਦੇ ਨਾਂ ਤੇ ਇਸ ਦਾ ਨਾਂ ਰੱਖ ਦਿੱਤਾ ਗਿਆ ਸੀ। ਇਸ ਦਾ ਇਲਾਜ ਹਾਲੇ ਕੋਈ ਨਹੀਂ ਸੀ ਨਿਕਲਿਆ। ਅਸੀਂ ਡੈਡੀ ਨੂੰ ਲੈ ਕੇ ਕਈ ਡਾਕਟਰਾਂ ਦੇ ਵੀ ਗਏ। ਕਈ ਥਾਂ ਘੁੰਮੇ ਪਰ ਕੋਈ ਫਰਕ ਨਾ ਪਿਆ।

-----

ਕਈ ਵਾਰ ਕੰਵਲ ਡੈਡੀ ਦੇ ਘਰ ਅਜਿਹਾ ਬੈਠਦੀ ਕਿ ਉੱਠਣ ਦਾ ਨਾਂ ਨਾ ਲੈਂਦੀ। ਮੈਂ ਉਸ ਨੂੰ ਚਲਣ ਲਈ ਕਹਿੰਦਾ ਤਾਂ ਬੋਲਦੀ, ‘‘ਤੈਨੂੰ ਘਰ ਜਾਣ ਦੀ ਪਈ ਏ, ਇਧਰ ਡੈਡੀ ਦੀ ਹਾਲਤ ਦੇਖ! ਜ਼ਰਾ ਸੋਚ!’’

‘‘ਜਾਨ ਆਪਾਂ ਕੰਮਾਂ ਤੇ ਵੀ ਜਾਣੈ, ਸਵੇਰੇ ਉੱਠਣੈਂ।’’

‘‘ਤੂੰ ਜਾਹ ਕੰਮ ਤੇ, ਤੈਨੂੰ ਆਪਣਾ ਕੰਮ ਜ਼ਿਆਦਾ ਇੰਪੌਰਟੈਂਟ ਐ ਤਾਂ।’’

ਉਦੋਂ ਤੋਂ ਹੀ ਇਕ ਫਰਕ ਸਾਡੇ ਵਿਚਕਾਰ ਆ ਖੜ੍ਹਿਆ ਸੀ। ਮੈਂ ਸੋਚਣ ਲੱਗਦਾ ਕਿ ਜਿਹੜੀਆਂ ਇੰਨੀਆਂ ਖ਼ੁਸ਼ੀਆਂ ਬਿਨਾਂ ਮਿਹਨਤ ਮਿਲੀਆਂ ਹੁਣ ਉਨ੍ਹਾਂ ਦਾ ਪਤਨ ਸ਼ੁਰੂ ਹੋ ਗਿਆ ਸੀ ਸਗੋਂ ਉਲਟਾ ਕੰਮ ਸ਼ੁਰੂ ਹੋਣ ਵਾਲਾ ਲੱਗਦਾ ਸੀ। ਜਦੋਂ ਪ੍ਰਤਿਭਾ ਨੇ ਨਰਸਰੀ ਜਾਣਾ ਸੀ ਤਾਂ ਉਸ ਨੇ ਮੰਮੀ ਦੇ ਘਰ ਵੱਲ ਦਾ ਸਕੂਲ ਹੀ ਲੱਭਿਆ ਜਿਵੇਂ ਕਿ ਉੱਥੇ ਹੀ ਵਾਪਸ ਜਾਣ ਦੀ ਤਿਆਰੀ ਆਰੰਭ ਦਿੱਤੀ ਹੋਵੇ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗਿਆ ਸਾਂ। ਮੈਨੂੰ ਦਿਨ-ਬ-ਦਿਨ ਲੱਗਦਾ ਕਿ ਕੰਵਲ ਮੇਰੇ ਹੱਥਾਂ ਵਿਚੋਂ ਕਿਰਦੀ ਜਾ ਰਹੀ ਸੀ।

-----

ਮੈਂ ਸੋਚਣ ਲੱਗਦਾ ਕਿ ਮੈਥੋਂ ਕਿੱਥੇ ਗ਼ਲਤੀ ਹੋਈ। ਮੈਂ ਤਾਂ ਸਦਾ ਹੀ ਉਸ ਨੂੰ ਪਿਆਰ ਕੀਤਾ ਸੀ। ਆਪਣੇ ਬਰਾਬਰ ਸਮਝਿਆ ਸੀ। ਪਹਿਲੇ ਦਿਨ ਤੋਂ ਮੈਂ ਤੁਸੀਂ’ ‘ਅਸੀਂਦੇ ਚਕੱਰ ਵਿਚ ਨਾ ਪੈ ਕੇ ਤੂੰ’ ‘ਮੈਂਵਿਚ ਰਿਹਾ ਸਾਂ। ਉਹ ਮੈਨੂੰ ਰਵੀਕਹਿ ਕੇ ਮੁਖ਼ਾਤਿਬ ਹੋਣਾ ਚਾਹੁੰਦੀ ਸੀ। ਰਵੀ ਨਾਂ ਉਸ ਨੂੰ ਚੰਗਾ ਲੱਗਦਾ ਸੀ। ਫਿਰ ਇੰਦਰ ਸਿੰਘ ਉਸ ਦੇ ਕਿਸੇ ਮਾਮੇ ਦਾ ਨਾਂ ਵੀ ਸੀ। ਮੈਂ ਉਸ ਨੂੰ ਬਰਾਬਰ ਸਮਝਦੇ ਹੋਏ ਹੋਰ ਵੀ ਬਹੁਤ ਸਾਰੀਆਂ ਖੁੱਲ੍ਹਾਂ ਦੇ ਰੱਖੀਆਂ ਸਨ ਜੋ ਕਿ ਭਾਰਤੀ ਪਤੀਆਂ ਦੇ ਵਸ ਵਿਚ ਨਹੀਂ ਹੁੰਦੀਆਂ। ਘਰ ਮੈਂ ਸੰਭਾਲ ਲੈਂਦਾ ਸਾਂ, ਭਾਂਡੇ ਧੋਣ, ਹੂਵਰ ਕਰਨ, ਕੱਪੜੇ ਮਸ਼ੀਨ ਵਿਚ ਪਾਉਣ ਤੱਕ ਦੇ ਸਾਰੇ ਕੰਮ ਕਰ ਲੈਂਦਾ ਸਾਂ। ਸ਼ਾਇਦ ਇਸ ਕਰਕੇ ਵੀ ਉਸ ਦੀਆਂ ਕਈ ਗੱਲਾਂ ਮੈਨੂੰ ਜ਼ਿਆਦਾ ਤੰਗ ਕਰਦੀਆਂ। ਬਹੁਤਾ ਗ਼ੁੱਸਾ ਦਵਾਉਂਦੀਆਂ।

-----

ਅਜਿਹੀਆਂ ਸੋਚਾਂ ਦਾ ਹੀ ਮੇਰੇ ਉਪਰ ਦਬਾਅ ਸੀ ਕਿ ਇਕ ਦਿਨ ਮੈਂ ਉਸ ਦੇ ਦੋ ਚਪੇੜਾਂ ਮਾਰ ਬੈਠਾ ਸਾਂ। ਗ਼ੁੱਸੇ ਵਿਚ ਆਈ ਨੇ ਉਸ ਨੇ ਮੈਨੂੰ ਗਾਲ੍ਹ ਕੱਢੀ ਸੀ ਤੇ ਮੇਰੇ ਤੋਂ ਖ਼ੁਦ ਨੂੰ ਰੋਕ ਨਹੀਂ ਸੀ ਹੋਇਆ। ਉਸ ਦੇ ਮਾਰਨ ਤੋਂ ਬਾਅਦ ਹੀ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਸੀ। ਮੈਂ ਮੁਆਫ਼ੀਆਂ ਮੰਗਣ ਲੱਗਿਆ ਸਾਂ। ਉਹ ਮਖਿਆਲ਼ ਵਾਂਗ ਅਜਿਹੀ ਸ਼ੁਰੂ ਹੋਈ ਸੀ ਕਿ ਰੁਕਣ ਦਾ ਨਾਂ ਨਹੀਂ ਸੀ ਲੈ ਰਹੀ। ਬਹੁਤ ਮਿੰਨਤਾਂ ਕਰ-ਕਰ ਕੇ ਉਸ ਨੂੰ ਠੰਢੀ ਕੀਤਾ ਸੀ ਤੇ ਅੱਗੇ ਤੋਂ ਕਿੰਨੇ ਹੀ ਵਾਅਦੇ ਵੀ ਕੀਤੇ।

-----

ਭਾਵੇਂ ਹਾਲਾਤ ਠੀਕ ਹੋ ਗਏ ਪਰ ਪਹਿਲਾਂ ਵਰਗੇ ਨਹੀਂ ਸਨ ਹੋਏ। ਮੈਂ ਉਸ ਤੋਂ ਝਿਪ-ਝਿਪ ਕੇ ਗੱਲ ਕਰਦਾ। ਹੁਣ ਉਸ ਦੀ ਮੈਂਬਹੁਤ ਉੱਚੀ ਹੋ ਗਈ ਸੀ। ਘਰ ਵਿਚ ਥੋੜ੍ਹਾ ਜਿਹਾ ਵੀ ਝਗੜਾ ਹੁੰਦਾ ਤਾਂ ਉਹ ਇਕ ਦਮ ਕਹਿ ਦਿੰਦੀ, ‘‘ਲੁਕ ਰਵੀ, ਮੈਂ ਜੋ ਹਾਂ ਸੋ ਹਾਂ, ਮੇਰੇ ਨਾਲ ਰਹਿਣਾ ਏ ਤਾਂ ਰਹਿ ਨਹੀਂ ਤਾਂ ਨਾ ਸਹੀ, ਪਰ ਮੈਨੂੰ ਹੱਥ ਨਹੀਂ ਲਾਉਣਾ ਹੋਏਗਾ, ਜੇ ਹੱਥ ਲਾਇਆ ਤਾਂ ਅਕਲ ਦੇ ਦੇਵਾਂਗੀ।’’

*****

ਚਲਦਾ

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ –21

ਕਾਂਡ 21

ਹੁਣ ਮੈਨੂੰ ਹਰ ਵਕਤ ਹੈਰੀ ਦੇ ਖ਼ਿਆਲ ਆਉਂਦੇਉਹ ਸੁੰਦਰ ਸੀ, ਜਵਾਨ ਸੀਸ਼ਾਇਦ ਮੇਰੇ ਲਈ ਢੁਕਵਾਂ ਵੀ ਹੋਵੇਦੋ ਧੀਆਂ ਦਾ ਬਾਪ ਹੋਣ ਕਾਰਨ ਪਰੀ ਲਈ ਵੀ ਠੀਕ ਸਿੱਧ ਹੋ ਸਕਦਾ ਸੀਮੈਂ ਮੌਕਾ ਲੱਭਦੀ ਕਿ ਉਹ ਕੋਈ ਗੱਲ ਸ਼ੁਰੂ ਕਰੇਮੈਂ ਕਿਸੇ ਕਿਸਮ ਦੀ ਕਾਹਲ਼ ਵੀ ਨਹੀਂ ਸੀ ਕਰਨਾ ਚਾਹੁੰਦੀਅਸੀਂ ਇਕੱਠੇ ਬੈਠਦੇ ਤਾਂ ਦੁਨੀਆਂ ਭਰ ਦੀਆਂ ਗੱਲਾਂ ਕਰ ਲੈਂਦੇਉਸ ਨੂੰ ਫ਼ਿਲਮਾਂ ਜ਼ਿਆਦਾ ਪਸੰਦ ਸਨਛੁੱਟੀਆਂ ਤੇ ਹਰ ਸਾਲ ਕਿਤੇ ਨਾ ਕਿਤੇ ਜਾਣਾ ਹੁੰਦਾਇੰਡੀਆ ਜਾਣਾ ਉਸ ਨੂੰ ਚੰਗਾ ਲੱਗਦਾ ਸੀਮੈਂ ਉਸ ਦੇ ਸ਼ੌਕਾਂ ਨੂੰ ਆਪਣਿਆਂ ਨਾਲ ਮੇਲ਼ ਕੇ ਵੇਖਦੀਉਸ ਬਾਰੇ ਕੁਝ ਅਲੱਗ ਤਰੀਕੇ ਨਾਲ ਸੋਚਣਾ ਮੈਨੂੰ ਚੰਗਾ ਲੱਗਦਾ

-----

ਇਕ ਦਿਨ ਉਸ ਨੇ ਉਹੋ ਪੇਸ਼ਕਸ਼ ਕੀਤੀ ਜਿਸ ਦੀ ਮੈਨੂੰ ਉਡੀਕ ਸੀਉਸ ਨੇ ਆਖਿਆ, ਕੰਵਲ, ਡਿਸਕੋ ਤੇ ਚੱਲੀਏ?

ਡਿਸਕੋ? ....ਬਹੁਤ ਲੇਟ ਹੋ ਜਾਵਾਂਗੇ

ਲੇਟਸ ਗੋ ਫਾਰ ਡਿਨਰ, ਜਲਦੀ ਆ ਜਾਵਾਂਗੇ

ਨਹੀਂ ਹੈਰੀ, ਤੈਨੂੰ ਪਤਾ ਈ ਏ ਇੰਡੀਅਨ ਕੁੜੀ ਏਕਣ ਨਹੀਂ ਜਾ ਸਕਦੀ

ਆਈ ਥਿੰਕ ਵੀ ਲਿਵ ਇਨ ਯੂ. ਕੇ.!

ਹਾਂ ਪਰ ਆਪਾਂ ਗੋਰੇ ਨਹੀਂ ਹਾਂ

ਆਏ ਐਮ ਥਿੰਕਿੰਗ ਵੀ ਸ਼ੁੱਡ ਨੋ ਈਚ ਅਦਰ ਮੋਰ

ਠੀਕ ਏ ਕੰਮ ਤੇ ਏਕਣ ਮਿਲਦੇ ਈ ਆਂ

ਆਏ ਡੌਂਟ ਥਿੰਕ ਇਟਜ ਇਨੱਫ

ਮੈਂ ਚਾਹੁੰਨੀ ਆਂ ਥੋੜ੍ਹਾ ਵਕਤ ਦੇਈਏ, ਵੀ ਸ਼ੁੱਡ ਗਿਵ ਇਟ ਟਾਈਮ

ਕੰਵਲ, ਮੈਂ ਤਾਂ ਹਰ ਵੇਲੇ ਤੇਰੇ ਬਾਰੇ ਈ ਸੋਚਦਾਂ, ਇਧਰੋਂ ਗੱਲ ਖ਼ਤਮ ਕਰ ਕੇ, ਡਾਇਵੋਰਸ ਲੈ ਕੇ ਤੇਰੇ ਨਾਲ ਮੈਰਿਜ ਕਰਨੀ ਚਾਹੁੰਨਾ

ਹੈਰੀ, ਪਹਿਲਾਂ ਡਾਇਵੋਰਸ ਲੈ ਲੈ, ਦੈੱਨ ਵੀ ਟਾਕ

ਮੈਨੂੰ ਉਸ ਨਾਲ ਬਾਹਰ ਜਾਣ ਵਿਚ ਇਤਰਾਜ਼ ਨਹੀਂ ਸੀ ਪਰ ਹਾਲੇ ਸਹੀ ਵਕਤ ਨਹੀਂ ਆਇਆਤਲਾਕ ਉਪਰ ਜ਼ੋਰ ਪਾਉਦਿਆਂ ਮੈਂ ਆਖਿਆ, ਤੂੰ ਤਲਾਕ ਕਦੋਂ ਲੈਣਾ ਏਂ?

ਵਕੀਲ ਕਰ ਲਿਆ ਏ, ਵੀ ਆਰ ਟਰਾਈਡ ਟੂ ਫਾਈਂਡ ਸਮ ਗਰਾਊਂਡ ਦੈੱਨ ਵੀ ਫਾਈਲ ਏ ਕੇਸ

ਇਕ ਦਿਨ ਉਸ ਨੇ ਫਿਰ ਵਿਆਹ ਦੀ ਗੱਲ ਆਰੰਭ ਲਈਮੈਂ ਉਸ ਨੂੰ ਆਖਿਆ, ਹੈਰੀ, ਇਟਜ ਨੌਟ ਦੈਟ ਈਜ਼ੀ! ਬਲਕਿ ਇਹ ਇੰਪੌਸੀਬਲ ਏ

ਉਹ ਕਿਵੇਂ?

ਮੇਰੀ ਡੌਟਰ ਵੀ ਏ, ਜਿਧਰ ਮੈਂ ਜਾਣਾ ਏ ਉਹ ਵੀ ਉਧਰ ਈ ਜਾਏਗੀ, ਉਹਦੇ ਬਿਨਾਂ ਮੈਂ ਕੁਝ ਨਹੀਂ ਕਰਨਾ

ਤੇਰੀ ਡੌਟਰ ਮੇਰੀ ਵੀ ਡੌਟਰ ਹੋਏਗੀ, ਉਹਦੇ ਕਰਕੇ ਮੈਨੂੰ ਆਪਣੀਆਂ ਧੀਆਂ ਤੋਂ ਵਿਛੜਣ ਦਾ ਦੁੱਖ ਨਹੀਂ ਹੋਏਗਾ

-----

ਹੈਰੀ ਨੇ ਮੇਰੇ ਕਈ ਸੁਫ਼ਨਿਆਂ ਨੂੰ ਖੰਭ ਲਾ ਦਿੱਤੇਮੈਂ ਸੋਚ ਰਹੀ ਸੀ ਕਿ ਇਹ ਖ਼ੁਸ਼ੀ ਕਿਸੇ ਨਾਲ ਸਾਂਝੀ ਕਰਾਂਮੰਮੀ ਨੂੰ ਹਾਲੇ ਦੱਸਣਾ ਨਹੀਂ ਸੀ ਚਾਹੁੰਦੀਨੀਤਾ ਕੋਲ ਹਾਲੇ ਵੀ ਵਕਤ ਦੀ ਘਾਟ ਸੀਕਾਂਤਾ ਆਰਜ਼ੀ ਗੱਲਾਂ ਲਈ ਠੀਕ ਸੀਗੰਭੀਰ ਸਲਾਹ ਕਰਨ ਜੋਗੀ ਉਹ ਨਹੀਂ ਸੀਮੈਂ ਪਰੀ ਨੂੰ ਆਖਿਆ, ਮੈਂ ਤੇਰੇ ਲਈ ਨਿਊ ਡੈਡੀ ਲੈ ਆਵਾਂ?

ਮੌਮ, ਯੂ ਸੈੱਡ ਦਿਸ ਬਿਫੋਰ

ਮੈਨੂੰ ਯਾਦ ਆਇਆ ਕਿ ਐਂਡੀ ਵੇਲੇ ਵੀ ਮੈਂ ਉਸ ਨੂੰ ਇਹ ਸਵਾਲ ਤਰੀਕੇ ਨਾਲ ਪੁੱਛਿਆ ਸੀਉਸ ਨੂੰ ਹਾਲੇ ਤਕ ਯਾਦ ਸੀਮੈਂ ਇਸ ਗੱਲ ਨੂੰ ਹੋਰ ਅਗੇ ਵਧਾਏ ਬਿਨਾਂ ਟਾਲ਼ ਦਿੱਤਾ

-----

ਹੈਰੀ ਕੰਮ ਉਪਰ ਕਾਰ ਵਿਚ ਆਉਣ ਲੱਗਿਆ ਸੀ। ਟਿਊਬ ਵਿਚਲੇ ਵੀਹ ਪੱਚੀ ਮਿੰਟ ਮੁਕਾਬਲੇ ਕਾਰ ਵਿਚ ਘੰਟਾ ਲੱਗਦਾ। ਸਵੇਰੇ ਸ਼ਾਮ ਲੋਹੜੇ ਦਾ ਟਰੈਫਿਕ ਹੁੰਦਾ। ਕੰਮ ਉਪਰ ਗੱਡੀ ਪਾਰਕ ਕਰਨ ਦੀ ਵੀ ਬਹੁਤ ਵੱਡੀ ਸਮੱਸਿਆ ਸੀ। ਕਾਰ ਮਹਿੰਗੀ ਵੀ ਪੈਂਦੀ। ਮੈਂ ਸਭ ਸਮਝਦੀ ਸੀ ਕਿ ਉਹ ਕਿਉਂ ਕਾਰ ਲਿਆਉਂਦਾ ਸੀ। ਜਾਂਦੇ ਵਕਤ ਮੈਨੂੰ ਘਰ ਤਕ ਲਿਫਟ ਦੇਣ ਦਾ ਬਹਾਨਾ ਹੁੰਦਾ। ਮੇਰੇ ਨਾਲ ਵੱਧ ਤੋਂ ਵੱਧ ਵਕਤ ਬਤੀਤ ਕਰ ਸਕਣ ਦੀ ਕੋਸ਼ਿਸ ਹੁੰਦੀ ਉਸ ਦੀ। ਕਈ ਵਾਰ ਅਸੀਂ ਕਾਰ ਕਿਧਰੇ ਖੜੀ ਕਰਕੇ ਕਿੰਨੀ ਦੇਰ ਗੱਲਾਂ ਕਰਦੇ ਰਹਿੰਦੇ। ਕਦੀ-ਕਦੀ ਮੈਨੂੰ ਲੱਗਦਾ ਕਿ ਮੈਂ ਹੈਰੀ ਦੇ ਬਹੁਤ ਨੇੜੇ ਚਲੇ ਗਈ ਸਾਂ, ਮੈਨੂੰ ਸੰਕੋਚ ਕਰਨ ਦੀ ਲੋੜ ਸੀ। ਮੈਂ ਹੈਰੀ ਨਾਲ ਡਿਸਕੋ ਜਾਂ ਡਿਨਰ ਤੇ ਬਾਹਰ ਜਾਣ ਲਈ ਤਿਆਰ ਹੋ ਰਹੀ ਸੀ। ਡੈਡੀ ਤੋਂ ਬਾਅਦ ਮੈਨੂੰ ਮੰਮੀ ਦੀ ਬਹੁਤਾ ਡਰ ਨਹੀਂ ਸੀ ਰਿਹਾ। ਬਿੰਨੀ ਵੀ ਮੇਰੇ ਮੂਹਰੇ ਝਿਪ ਜਾਂਦਾ ਸੀ।

-----

ਇਕ ਦਿਨ ਮੇਰਾ ਦਿਲ ਕੀਤਾ ਕਿ ਹੈਰੀ ਦਾ ਸੁਫ਼ਨਾ ਲਵਾਂ ਜਿਵੇਂ ਕਿ ਮਨ ਚਾਹਿਆ ਸੁਫ਼ਨਾ ਪਹਿਲਾਂ ਵੀ ਲਿਆ ਹੀ ਕਰਦੀ ਸੀ। ਮੈਂ ਸਾਰੀ ਸ਼ਾਮ ਹੈਰੀ ਬਾਰੇ ਸੋਚਦੀ ਰਹੀ ਤੇ ਉਸੇ ਬਾਰੇ ਸੋਚਦੀ ਸੌਂ ਗਈ। ਜਦ ਤੜਕਸਾਰ ਜਾਗ ਖੁੱਲ੍ਹੀ ਤਾਂ ਮੈਂ ਹੈਰਾਨ ਪਰੇਸ਼ਾਨ ਹੋ ਉੱਠੀ ਕਿ ਸੁਫ਼ਨਾ ਮੈਨੂੰ ਰਵੀ ਦਾ ਆ ਰਿਹਾ ਸੀ। ਸਾਰੀ ਰਾਤ ਉਸੇ ਨੂੰ ਹੀ ਵੇਖਦੀ ਰਹੀ ਸੀ। ਰਵੀ ਦਾ ਉਹੀ ਹਾਸਾ, ਉਹੀ ਨਿੱਕੀ-ਨਿੱਕੀ ਛੇੜ ਛਾੜ। ਉਹੀ ਮੋਢੇ ਡਿਗਵੀਂ ਚਾਲ। ਮੇਰੀ ਜਾਗ ਖੁੱਲ੍ਹੀ ਤਾਂ ਮੈਂ ਉੱਠ ਕੇ ਬੈਠ ਗਈ। ਮੈਨੂੰ ਹੌਂਕਣੀ ਚੜ੍ਹੀ ਹੋਈ ਸੀ। ਮੈਂ ਉਠ ਕੇ ਪਾਣੀ ਪੀਤਾ। ਮੁੜ ਕੇ ਸੌਣ ਦੀ ਕੋਸ਼ਿਸ ਕੀਤੀ ਪਰ ਨੀਂਦ ਨਾ ਆਈ। ਐਂਡੀ ਵੇਲੇ ਵੀ ਰਵੀ ਦੇ ਸੁਫ਼ਨੇ ਹੀ ਆਉਂਦੇ। ਮੈਂ ਸਾਰੀ ਰਾਤ ਰਵੀ ਨੂੰ ਕੋਸਦੀ ਰਹੀ ਜੋ ਮੇਰੇ ਸੁਫ਼ਨਿਆਂ ਨੂੰ ਵੀ ਇਕੱਲੇ ਨਹੀਂ ਛੱਡਦਾ ਸੀ।

-----

ਰਵੀ ਨੇ ਆਪ ਤਾਂ ਹੁਣ ਆਉਣਾ ਨਹੀਂ ਸੀ ਪਰ ਸਾਨੂੰ ਵੀ ਜੀਣ ਨਹੀਂ ਸੀ ਦੇ ਰਿਹਾ। ਕੋਈ ਚਿੱਠੀ, ਸੁਨੇਹਾ, ਫੋਨ ਕੁਝ ਵੀ ਨਹੀਂ। ਕਦੇ ਵੀ ਸਾਡੇ ਤਕ ਪਹੁੰਚ ਨਹੀਂ ਸੀ ਕੀਤੀ। ਉਪਰੋਂ ਵਿਆਹ ਕਰਾ ਲਿਆ ਸੀ। ਪਤਾ ਨਹੀਂ ਕਿਹੜੀ ਕਾਹਲ਼ ਸੀ। ਮੇਰਾ ਦਿਲ ਕਰਦਾ ਕਿ ਕਿਸੇ ਪਾਸਿਓਂ ਰਵੀ ਦਾ ਫੋਨ ਮਿਲ ਜਾਵੇ ਜਾਂ ਐਡਰੈਸ ਹੀ ਪਤਾ ਚਲ ਜਾਵੇ, ਜਾ ਕੇ ਉਸ ਨਾਲ ਲੜਾਂ ਤੇ ਖੂਬ ਲੜਾਂ। ਮਨ ਦਾ ਸਾਰਾ ਬੋਝ ਹਲਕਾ ਕਰ ਲਵਾਂ।

-----

ਇਕ ਦਿਨ ਮੈਂ ਮੰਮੀ ਨੂੰ ਪੁੱਛਣ ਲੱਗੀ, ਮੰਮੀ ਤੈਨੂੰ ਯਾਦ ਏ ਇਕ ਧਨੋਆ ਅੰਕਲ ਹੁੰਦਾ ਸੀ, ਡੈਡੀ ਦਾ ਫਰਿੰਡ?

ਹਾਂ, ਧਨੋਈ ਗੁਰਦੁਵਾਰੇ ਮਿਲਦੀ ਹੁੰਦੀ ਏ, ਤੂੰ ਕਾਹਨੂੰ ਪੁੱਛਦੀ ਏਂ?

ਮੈਂ ਅੱਜ ਐਮੈਂ ਈ ਕਿਸੇ ਦਾ ਨਾਂ ਅਖ਼ਬਾਰ ਚ ਵੇਖਿਆ ਸੀ

ਕੋਈ ਖ਼ਬਰ ਸੀ?

ਨਹੀਂ ਖ਼ਬਰ ਨਹੀਂ ਸੀ, ਊਂ ਈ ਕੁਝ ਛਪਿਆ ਸੀ, ਮੈਂ ਧਿਆਨ ਨਾਲ ਪੜ੍ਹਿਆ ਨਹੀਂ, ਮੈਨੂੰ ਲੱਗਿਆ ਕਿ ਇਹ ਨਾਂ ਕਦੇ ਸੁਣਿਆ ਏ

ਧਨੋਈ ਮਿਲਦੀ ਹੁੰਦੀ ਏ, ਆਦਮੀ ਤਾਂ ਗੁਰਦਵਾਰੇ ਘੱਟ ਈ ਆਉਂਦਾ ਏ

-----

ਅਗਲੇ ਐਤਵਾਰ ਮੈਂ ਮੰਮੀ ਨਾਲ ਗੁਰਦਵਾਰੇ ਜਾਣ ਲਈ ਤਿਆਰ ਹੋ ਗਈ। ਆਮ ਤੌਰ ਤੇ ਉਸ ਨੂੰ ਬਿੰਨੀ ਛੱਡ ਆਉਂਦਾ ਜਾਂ ਫਿਰ ਕਿਸੇ ਕੋਲੋਂ ਲਿਫਟ ਮਿਲ ਜਾਂਦੀ। ਕਦੇ ਮੈਂ ਵੀ ਛੱਡ ਆਇਆ ਕਰਦੀ। ਪਿਛਲੇ ਕੁਝ ਸਾਲਾਂ ਤੋਂ ਮੰਮੀ ਹਰ ਐਤਵਾਰ ਗੁਰਦਵਾਰੇ ਜ਼ਰੂਰ ਜਾਂਦੀ। ਮੈਨੂੰ ਵੀ ਉਹ ਆਖਦੀ ਰਹਿੰਦੀ ਪਰ ਮੇਰੇ ਕੋਲ ਕੱਪੜੇ ਧੋਣ ਜਾਂ ਪਰੀ ਨੂੰ ਨਹਿਲਾਉਣ ਦਾ ਬਹਾਨਾ ਹੁੰਦਾ। ਮੈਂ ਮੰਮੀ ਨਾਲ ਗੁਰਦਵਾਰੇ ਜਾਣ ਲਈ ਤਿਆਰ ਹੋਈ ਤਾਂ ਉਹ ਹੈਰਾਨ ਹੁੰਦੀ ਆਖਣ ਲੱਗੀ, ਮੈਂ ਤਾਂ ਤੈਨੂੰ ਕਦੋਂ ਦੀ ਕਹਿੰਦੀ ਸੀ ਭਾਈ, ਗੁਰਦਵਾਰੇ ਮੱਥਾ ਟੇਕਣ ਜ਼ਰੂਰ ਜਾਇਆ ਕਰ, ਪਾਠ ਸੁਣਿਆ ਕਰ, ਪਾਠ ਕਰਿਆ ਵੀ ਕਰ। ਤੈਨੂੰ ਤਾਂ ਇਹ ਵੀ ਨਈਂ ਪਤਾ ਕਿ ਤੂੰ ਗੁਟਕਾ ਕਿਥੇ ਰੱਖਿਆ ਹੋਇਆ

-----

ਉਹ ਬਹੁਤ ਖ਼ੁਸ਼ ਸੀ। ਉਹ ਪਰੀ ਨੂੰ ਚਾਈਂ-ਚਾਈਂ ਤਿਆਰ ਕਰਨ ਲੱਗੀ। ਉਹ ਪਰੀ ਨੂੰ ਸਦਾ ਹੀ ਨਾਲ ਚਲਣ ਲਈ ਆਖਦੀ ਪਰ ਪਰੀ ਐਤਵਾਰ ਨੂੰ ਸੁੱਤੀ ਹੀ ਨਾ ਉੱਠਦੀ। ਹੁਣ ਗੁਰਦਵਾਰੇ ਤਾਂ ਬਹੁਤ ਹੋ ਗਏ ਸਨ ਪਰ ਨੌਰਥ ਰੋਡ ਉਪਰ ਪੈਂਦੇ ਗੁਰਦਵਾਰੇ ਵਿਚ ਸੰਗਤ ਜ਼ਿਆਦਾ ਢੁੱਕਦੀ ਸੀ। ਇਹ ਟੌਟਨਹੈਮ ਤੇ ਵਲਥਮ ਸਟੋਅ ਦੇ ਵਿਚਕਾਰ ਜਿਹੇ ਪੈਂਦਾ ਸੀ। ਇਸ ਦਾ ਕਾਰ ਪਾਰਕ ਬਹੁਤ ਵੱਡਾ ਸੀ ਜਿਸ ਕਰਕੇ ਵੀ ਇਥੇ ਸੰਗਤ ਜ਼ਿਆਦਾ ਆ ਜਾਇਆ ਕਰਦੀ। ਮੈਂ ਇਥੇ ਬਹੁਤਾ ਨਹੀਂ ਸੀ ਜਾ ਸਕਦੀ ਪਰ ਫਿਰ ਵੀ ਦਿਨ ਸੁਦ ਤੇ ਚਲੀ ਜਾਂਦੀ।

-----

ਕਾਰ ਖੜ੍ਹੀ ਕਰ ਹਾਲ ਵੱਲ ਜਾਂਦਿਆਂ ਮੇਰੇ ਮਨ ਵਿਚ ਧਨੋਈ ਨੂੰ ਦੇਖਣ ਦੀ ਕਾਹਲ਼ ਛਾਈ ਪਈ ਸੀ। ਮੇਰੀਆਂ ਨਜ਼ਰਾਂ ਹੈਰੀ ਵਰਗੀ ਸ਼ਕਲ ਦੀ ਕਿਸੇ ਔਰਤ ਨੂੰ ਲੱਭ ਰਹੀਆਂ ਸਨ। ਹਾਲੇ ਭੋਗ ਨਹੀਂ ਸੀ ਪਿਆ।

ਮੈਂ ਅੰਦਰ ਜਾ ਕੇ ਮੱਥਾ ਟੇਕਿਆ ਤੇ ਪਰੀ ਤੋਂ ਵੀ ਟਿਕਵਾਇਆ। ਮੇਰੇ ਅੰਦਰ ਖੋਹ ਜਿਹੀ ਪੈਂਦੀ ਸੀ। ਸੋਚ ਰਹੀ ਸੀ ਕਿ ਜਲਦੀ ਨਾਲ ਭੋਗ ਪਵੇ, ਮੈਂ ਧਨੋਈ ਅੰਟੀ ਨਾਲ ਕੋਈ ਗੱਲ ਕਰਾਂ। ਮੈਂ ਹੈਰੀ ਬਾਰੇ ਕੁਝ ਹੋਰ ਜਾਨਣਾ ਚਾਹੁੰਦੀ ਸੀ।

-----

ਪਰੀ ਅੰਦਰੋਂ ਉਠ ਕੇ ਬਾਹਰ ਆ ਕੇ ਹੋਰ ਜੁਆਕਾਂ ਨਾਲ ਖੇਡਣ ਲੱਗ ਪਈ। ਮੈਂ ਵੀ ਉਸ ਦੇ ਪਿੱਛੇ ਆ ਗਈ। ਮੌਸਮ ਠੀਕ ਹੋਣ ਕਰਕੇ ਕਾਫ਼ੀ ਭੀੜ ਸੀ। ਇੰਨੀ ਭੀੜ ਵਿਚ ਧਨੋਈ ਕਿਥੋਂ ਮਿਲਣੀ ਸੀ। ਕੁਝ ਦੇਰ ਬਾਅਦ ਭੋਗ ਪੈ ਗਿਆ। ਲੋਕ ਪ੍ਰਸ਼ਾਦ ਲੈ ਕੇ ਬਾਹਰ ਨਿਕਲਣ ਲੱਗੇ। ਮੰਮੀ ਵੀ ਆ ਗਈ ਤੇ ਮੈਨੂੰ ਗੁੱਸੇ ਹੁੰਦੀ ਬੋਲੀ,

ਤੇਰੀ ਵੀ ਕਮਾਲ ਹੋਈ ਪਈ ਏ, ਇਥੇ ਜੁਆਕਾਂ ਚ ਜੁਆਕੜੀ ਬਣੀ ਪਈ ਏਂ, ਭੋਗ ਤਾਂ ਪੈ ਲੈਣ ਦਿੰਦੀ

ਮੰਮੀ, ਤੇਰੀ ਆਹ ਪਰੀ ਨਹੀਂ ਟਿਕੀ

-----

ਉਸ ਨੇ ਆਪਣੇ ਪ੍ਰਸ਼ਾਦ ਵਿਚੋਂ ਥੋੜ੍ਹਾ ਮੇਰੇ ਹੱਥਾਂ ਤੇ ਰੱਖਿਆ ਤੇ ਥੋੜ੍ਹਾ ਪਰੀ ਨੂੰ ਦੇ ਦਿੱਤਾ। ਇੰਨੇ ਵਿਚ ਇਕ ਔਰਤ ਮੰਮੀ ਨੂੰ ਜੱਫ਼ੀ ਪਾ ਕੇ ਮਿਲੀ। ਉਸ ਦੀਆਂ ਵੱਡੀਆਂ ਕਾਲੀਆਂ ਅੱਖਾਂ ਤੇ ਤਰਾਸ਼ੇ ਭਰਵੱਟੇ ਹੈਰੀ ਵਰਗੇ ਸਨ। ਮੈਂ ਉਸ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਮੇਰੇ ਸਿਰ ਤੇ ਹੱਥ ਫੇਰਦੀ ਨੇ ਆਖਿਆ, ਜੀਂਦੀ ਰਹਿ ਧੀਏ, ਜੀਂਦੀ ਵਸਦੀ ਰਹਿ! ਆਖ ਕੇ ਉਹ ਚੁੱਪ ਕਰ ਗਈ ਜਿਵੇਂ ਕੁਝ ਗ਼ਲਤ ਕਹਿ ਗਈ ਹੋਵੇ। ਫਿਰ ਮੰਮੀ ਨੂੰ ਪੁੱਛਣ ਲੱਗੀ, ਭੈਣ ਜੀ, ਇਹ ਵੱਡੀ ਏ?

ਹਾਂ

ਅੱਛਾ ਧੀਏ, ਰੱਬ ਭਲੀ ਕਰੂ! ਉਹ ਸਭ ਵੱਲ ਦੇਖਦਾ ਏ, ਬਹੁੜੇਗਾ ਇਕ ਦਿਨ

-----

ਉਸ ਨੇ ਉਦਾਸ ਚਿਹਰਾ ਬਣਾ ਕੇ ਆਖਿਆ। ਫਿਰ ਮੰਮੀ ਨੂੰ ਦੱਸਣ ਲੱਗੀ, ਭੈਣ ਜੀ, ਸਾਡੇ ਨਾਲ ਵੀ ਜੱਗੋਂ ਤੇਰਵੀਂ ਹੋਣ ਲੱਗੀ ਸੀ ਪਰ ਵਾਹਿਗੁਰੂ ਨੇ ਹੱਥ ਦੇ ਕੇ ਬਚਾ ਲਿਆ

ਉਹ ਕਿਮੇਂ?

ਸਾਡਾ ਮੁੰਡਾ.... ਹਰਬੰਸ ਆਪਣੀ ਵੈਫ਼ ਨਾਲ ਝਗੜਾ ਕਰੀ ਬੈਠਾ ਸੀ। ਇਹ ਤਾਂ ਸਭ ਕੁਝ ਛੱਡ ਛੱਡਾ ਕੇ ਘਰ ਆ ਗਿਆ ਸੀ, ਅਖੇ ਇਹ ਨਹੀਂ ਰੱਖਣੀ ਹੋਰ ਵਿਆਹ ਕਰੌਣਾ, ਅਸੀਂ ਤਾਂ ਬਹੁਤ ਡਰ ਗਏ ਸੀ, ਸੁੱਖ ਨਾਲ ਦੋ ਕੰਜਕਾਂ ਵੀ ਨੇ, ਇਹ ਤਾਂ ਕਲਗੀਆਂ ਵਾਲੇ ਨੇ ਮਿਹਰ ਕੀਤੀ, ਦੋਹਾਂ ਦੇ ਮਨ ਸਮੱਤਿਆ ਪਈ ਤੇ ਦੋਨੋਂ ਹੀ ਇਕੱਠੇ ਹੋ ਗਏ, ਨਹੀਂ ਤਾਂ ਕੋਈ ਟਿਕਾਣਾ ਨਹੀਂ ਸੀ

ਇਹ ਤਾਂ ਬਹੁਤ ਚੰਗਾ ਹੋ ਗਿਆ.... ਭੈਣੇ

ਫਿਰ ਮੰਮੀ ਮੈਨੂੰ ਬੋਲੀ, ਚੱਲ ਧੀਏ ਘਰ ਨੂੰ ਚੱਲੀਏ।

*****

ਚਲਦਾ