Monday, June 28, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 9

ਕਾਂਡ – 9

ਰਵੀ ਮੇਰੇ ਨਾਲ ਖਿਝਿਆ-ਖਿਝਿਆ ਰਹਿਣ ਲੱਗਿਆ। ਮੈਨੂੰ ਪਤਾ ਸੀ ਕਿ ਉਹ ਅਣਗੌਲਿਆ ਮਹਿਸੂਸ ਕਰਦਾ ਹੋਵੇਗਾ। ਮੈਂ ਘਰ ਵਾਪਸ ਆਉਂਦੀ ਤਾਂ ਉਹ ਆਪ ਹੀ ਰੋਟੀ ਬਣਾ ਕੇ ਖਾ ਚੁੱਕਾ ਹੁੰਦਾ। ਟੈਲੀ ਦੇਖ ਰਿਹਾ ਹੁੰਦਾ। ਕਈ ਵਾਰ ਸੌਣ ਦੀ ਤਿਆਰੀ ਵਿਚ ਵੀ ਹੁੰਦਾ। ਨਿੱਕੀ ਜਿਹੀ ਗੱਲ ’ਤੇ ਬਹਿਸ ਪੈਂਦਾ, ਬਲਕਿ ਬਹਿਸਣ ਦਾ ਬਹਾਨਾ ਲੱਭਦਾ ਰਹਿੰਦਾ। ਮੈਂ ਕਈ ਵਾਰ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਰ ਨਾ ਸਕੀ। ਇਕ ਦਿਨ ਉਹ ਆਖਣ ਲੱਗਾ, ‘‘ਤੇਰੇ ਡੈਡੀ ਦੀ ਬਿਮਾਰੀ ਟੈਂਪਰੇਰੀ ਨਹੀਂ, ਪਰਮਾਨੈਂਟ ਐ, ਹੁਣ ਓਹਦਾ ਤੇ ਤੁਹਾਡਾ ਸਭ ਦਾ ਇਹ ਵੇਅ ਔਫ ਲਾਈਫ਼ ਬਣ ਚੁੱਕੈ, ਆਪਣਾ ਫ਼ਰਜ਼ ਹੈ ਕਿ ਉਨ੍ਹਾਂ ਦੀ ਹੈਲਪ ਕਰੀਏ ਪਰ ਆਪਣਾ ਸਿਸਟਮ ਖ਼ਰਾਬ ਕਰਕੇ ਨਹੀਂ, ਆਪਣੀ ਲਾਈਫ਼ ਅਪਸੈੱਟ ਨਹੀਂ ਕਰਨੀ ਚਾਹੀਦੀ, ਮਾਈਂਡ ਇਟ!’’

-----

ਉਸ ਨੇ ਬੜੇ ਰੋਅਬ ਨਾਲ ਆਖਿਆ। ਮੈਨੂੰ ਬਹੁਤ ਬੁਰਾ ਲੱਗਿਆ। ਮੇਰਾ ਮਨ ਕਹਿ ਰਿਹਾ ਸੀ ਕਿ ਇਸ ਤੋਂ ਅੱਗੇ ਕੁਝ ਬੋਲੇਗਾ ਤਾਂ ਮੈਂ ਝਗੜਾ ਕਰ ਲਵਾਂਗੀ। ਪਰ ਉਸ ਨੇ ਹੋਰ ਕੁਝ ਨਾ ਆਖਿਆ। ਉਹ ਇਹੋ ਗੱਲ ਅਕਸਰ ਦੁਹਰਾਉਣ ਲੱਗਦਾ ਜਦ ਕਦੇ ਵੀ ਮੈਂ ਲੇਟ ਹੋ ਜਾਂਦੀ ਜਾਂ ਮੰਮੀ ਵੱਲ ਹੀ ਸੌਂ ਜਾਂਦੀ।

-----

ਰਵੀ ਮੇਰੀ ਮਦਦ ਵੀ ਕਰ ਦਿੰਦਾ। ਡੈਡੀ ਨੂੰ ਅਸੀਂ ਦੂਰ-ਦੂਰ ਤਕ ਵਿਖਾਉਣ ਜਾਂਦੇ। ਕੈਂਬਰਿਜ਼ ਸ਼ਹਿਰ ਵਿਚ ਸਾਨੂੰ ਕਿਸੇ ਨੇ ਡਾਕਟਰ ਦੱਸਿਆ ਸੀ ਕਿ ਉਹ ਦੇਸੀ ਦਵਾਈਆਂ ਨਾਲ ਇਲਾਜ ਕਰਦਾ ਸੀ ਤੇ ਮਾਲਿਸ਼ ਵੀ। ਇਹ ਕੋਈ ਗੋਰਾ ਸੀ ਜੋ ਇੰਡੀਆ ਤੋਂ ਆਰਯੂਵੈਦਿਕ ਸਿੱਖ ਕੇ ਆਇਆ ਸੀ। ਅਸੀਂ ਹਰ ਐਤਵਾਰ ਡੈਡੀ ਨੂੰ ਉਥੇ ਲੈ ਕੇ ਜਾਂਦੇ। ਡੈਡੀ ਕੁਝ ਅਰਾਮ ਮਹਿਸੂਸ ਕਰਦੇ ਸਨ। ਇਕ ਐਤਵਾਰ ਰਵੀ ਨੂੰ ਫੋਨ ਆਇਆ ਕਿ ਉਸ ਦੀ ਮਾਂ ਇੰਡੀਆ ਤੋਂ ਆ ਰਹੀ ਸੀ। ਉਹ ਕਾਫੀ ਦੇਰ ਤੋਂ ਆਉਣਾ ਚਾਹ ਰਹੀ ਸੀ ਪਰ ਕਿਸੇ ਗੱਲੋਂ ਦੇਰ ਹੁੰਦੀ ਜਾ ਰਹੀ ਸੀ। ਅੱਜ ਰਵੀ ਉਸ ਦੇ ਆਉਣ ਦੀ ਗੱਲ ਕਰਦਾ-ਕਰਦਾ ਭਾਵੁਕ ਹੋਣ ਲੱਗਦਾ ਸੀ। ਪਰ ਮੈਨੂੰ ਉਸ ਦੀ ਮਾਂ ਦਾ ਆਉਣਾ ਬਹੁਤਾ ਚੰਗਾ ਨਹੀਂ ਸੀ ਮਹਿਸੂਸ ਹੁੰਦਾ। ਅਚਾਨਕ ਫੋਨ ਆ ਗਿਆ ਕਿ ਦਸ ਵਜੇ ਸਵੇਰੇ ਫਲਾਈਟ ਪਹੁੰਚ ਰਹੀ ਸੀ। ਉਹ ਖ਼ੁਸ਼ੀ ਵਿਚ ਉੱਛਲ ਉੱਠਿਆ ਤੇ ਮੈਨੂੰ ਕਹਿਣ ਲੱਗਾ, ‘‘ਮੰਮੀ ਨੂੰ ਫੋਨ ਕਰਕੇ ਦੱਸਦੇ ਕਿ ਅਸੀਂ ਏਅਰਪੋਰਟ ਜਾ ਰਹੇ ਆਂ, ਅੱਜ ਡੈਡੀ ਨੂੰ ਲੈ ਕੇ ਨਹੀਂ ਜਾ ਹੋਣਾ।’’

‘‘ਪਰ ਡੈਡੀ ਨੂੰ ਲੈ ਕੇ ਜਾਣਾ ਬਹੁਤ ਇਪੌਰਟੈਂਟ ਏ।’’

‘‘ਹਰ ਹਫ਼ਤੇ ਜਾਂਦੇ ਈ ਆਂ, ਕਿੰਨਾ ਕੁ ਫ਼ਰਕ ਪਿਐ, ਇਕ ਹਫ਼ਤਾ ਨਾ ਵੀ ਗਏ ਤਾਂ ਕੀ ਫ਼ਰਕ ਪੈਂਦੈ!’’

‘‘ਤੇਰੀ ਨਜ਼ਰ ’ਚ ਮੇਰੇ ਡੈਡੀ ਦੀ ਸਿਹਤ ਦੀ ਕੋਈ ਇੰਪੌਰਟੈਂਸ ਨਹੀਂ?’’

‘‘ਹੈ, ਪਰ ਏਸ ਵੇਲੇ ਮੇਰੀ ਮਦਰ ਦਾ ਆਉਣਾ ਜ਼ਿਆਦਾ ਜ਼ਰੂਰੀ ਐ।’’

ਉਹ ਏਅਰਪੋਰਟ ’ਤੇ ਜਾਣ ਲਈ ਤਿਆਰ ਹੋਣ ਲੱਗਿਆ ਤੇ ਬੋਲਿਆ, ‘‘ਚਲ ਰੈਡੀ ਹੋ ਜਾ ਤੂੰ ਵੀ।’’

‘‘ਮੈਂ ਨਹੀਂ ਜਾ ਸਕਦੀ ਤੇਰੇ ਨਾਲ....।’’

ਮੈਂ ਗ਼ੁੱਸੇ ਵਿਚ ਸੀ। ਰਵੀ ਏਅਰਪੋਰਟ ਨੂੰ ਚਲੇ ਗਿਆ ਤੇ ਮੈਂ ਪਰੀ ਨੂੰ ਲੈ ਕੇ ਮੰਮੀ ਦੇ ਘਰ ਪੁੱਜ ਗਈ। ਮੰਮੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੇਰੇ ਨਾਲ ਹੀ ਗਿਲਾ ਕਰਨ ਲੱਗ ਪਈ, ‘‘ਕੰਵਲ, ਤੂੰ ਆਪਣਾ ਘਰ ਸੰਭਾਲ, ਤੇਰੇ ਡੈਡੀ ਨੂੰ ਅਸੀਂ ਬਥੇਰਾ ਸੰਭਾਲੀ ਜਾਣਾ ਏਂ।’’

-----

ਮਾਂ ਦੇ ਆਉਣ ’ਤੇ ਰਵੀ ਬਦਲ ਗਿਆ। ਭਾਵੇਂ ਉਸ ਦੀ ਮਾਂ ਸਾਡੇ ਘਰ ਬਹੁਤੀ ਨਹੀਂ ਸੀ ਠਹਿਰਦੀ ਪਰ ਜਦ ਆਉਂਦੀ ਤਾਂ ਰਵੀ ਬਦਲ ਜਾਂਦਾ। ਮੇਰੇ ਉਪਰ ਰੋਅਬ ਪਾਉਣ ਲੱਗਦਾ। ਮੈਂ ਵੀ ਅੱਗਿਉਂ ਤਿਆਰ ਹੁੰਦੀ ਤੇ ਝਗੜਾ ਹੋ ਜਾਂਦਾ। ਉਹ ਆਪਣੀ ਮਾਂ ਨੂੰ ਲੈ ਕੇ ਮੰਮੀ ਦੇ ਘਰ ਆਉਂਦਾ। ਡੈਡੀ ਦਾ ਹਾਲ-ਚਾਲ ਪੁੱਛਦਾ। ਬਿੰਨੀ ਤੇ ਨੀਤਾ ਨਾਲ ਵੀ ਗੱਲਾਂ ਕਰਦਾ ਪਰ ਮੇਰੇ ਨਾਲ ਘੁੱਟਿਆ-ਘੁੱਟਿਆ ਰਹਿੰਦਾ। ਉਸ ਦੀ ਮਾਂ ਆਈ ਹੋਈ ਹੁੰਦੀ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਬਹੁਤਾ ਸਮਾਂ ਡੈਡੀ ਦੇ ਘਰ ਹੀ ਬਿਤਾਵਾਂ। ਮੰਮੀ ਕਹਿੰਦੀ ਰਹਿੰਦੀ ਕਿ ਘਰ ਜਾਵਾਂ ਪਰ ਮੇਰਾ ਦਿਲ ਨਾ ਮੰਨਦਾ। ਮੈਂ ਮਨ ਹੀ ਮਨ ਸ਼ੁਕਰ ਮਨਾਉਂਦੀ ਕਿ ਰਵੀ ਦੀ ਮਾਂ ਹੋਰਨਾਂ ਰਿਸ਼ਤੇਦਾਰਾਂ ਦੇ ਘਰ ਚਲੇ ਜਾਂਦੀ ਸੀ। ਜੇ ਕਿਤੇ ਸਾਰਾ ਸਮਾਂ ਹੀ ਸਾਡੇ ਕੋਲ ਰਹਿਣਾ ਹੁੰਦਾ ਤਾਂ ਮੁਸ਼ਕਲ ਖੜ੍ਹੀ ਹੋ ਜਾਂਦੀ।

-----

ਜੇ ਉਸ ਦੀ ਮਾਂ ਘਰ ਹੁੰਦੀ ਤਾਂ ਉਹ ਡੈਡੀ ਬਾਰੇ ਬਹੁਤਾ ਕੁਝ ਨਾ ਆਖਦਾ, ਨਹੀਂ ਤਾਂ ਮੈਨੂੰ ਲੈਕਚਰ ਜਿਹਾ ਦੇਣ ਬਹਿ ਜਾਂਦਾ। ਮੈਂ ਅੱਗਿਉਂ ਕੁਝ ਕਹਿੰਦੀ ਤਾਂ ਮੇਰੇ ਵੱਲ ਉਲਰ-ਉਲਰ ਕੇ ਆਉਂਦਾ। ਮੈਨੂੰ ਡਰ ਵੀ ਲੱਗਦਾ ਕਿ ਮੇਰੇ ਮਾਰੇਗਾ। ਅਜਿਹੇ ਹੀ ਮੂਡ ਵਿਚ ਆ ਕੇ ਪਹਿਲਾਂ ਇਕ ਵਾਰ ਉਸ ਨੇ ਮੇਰੇ ਮਾਰਿਆ ਸੀ ਤੇ ਫਿਰ ਕਿੰਨੀ ਦੇਰ ਤਕ ਮੁਆਫ਼ੀਆਂ ਮੰਗਦਾ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਹੱਥ ਤਾਂ ਲਾ ਕੇ ਵੇਖੇ ਹੁਣ ਮੁਆਫ਼ ਨਹੀਂ ਕਰਾਂਗੀ।

ਇਕ ਦਿਨ ਮੈਂ ਕੰਮ ’ਤੇ ਜਾਣ ਲੱਗੀ ਤਾਂ ਰਵੀ ਬੋਲਿਆ, ‘‘ਅੱਜ ਮਦਰ ਦੀ ਸਿਹਤ ਕੁਝ ਠੀਕ ਨਹੀਂ, ਕੰਮ ਤੋਂ ਸਿੱਧੀ ਘਰ ਆ ਜਾਈਂ ਤੇ ਏਹਨੂੰ ਡਾਕਟਰ ਦੇ ਲੈ ਕੇ ਜਾਵੀਂ।’’

‘‘ਮੈਂ ਡੈਡੀ ਦੀ ਬਾਂਹ ਦੀ ਮਾਲਿਸ਼ ਕਰਕੇ ਈ ਆਊਂ।’’

‘‘ਜਦ ਤਕ ਡਾਕਟਰ ਬੰਦ ਹੋ ਜਾਣੈ।’’

‘‘ਤਾਂ ਫਿਰ ਤੂੰ ਕਿਉਂ ਨਹੀਂ ਲੈ ਜਾਂਦਾ?’’

‘‘ਕੀ ਪਤਾ ਮਦਰ ਦੀ ਕੀ ਪ੍ਰੌਬਲਮ ਐ, ਕੋਈ ਔਰਤਾਂ ਵਾਲੀ ਹੋਈ ਤਾਂ ਮੈਂ ਉਥੇ ਕੀ ਗੱਲ ਕਰੂੰ!’’

‘‘ਆਪਣੀ ਡਾਕਟਰ ਔਰਤ ਏ ਤੇ ਪੰਜਾਬੀ ਬੋਲਦੀ ਏ, ਮੰਮ ਆਪੇ ਗੱਲ ਕਰ ਲੂ।’’

‘‘ਤੂੰ ਕਿਉਂ ਨਹੀਂ ਜਾ ਸਕਦੀ, ਜਿਹੜਾ ਪਹਾੜ ਤੂੰ ਚੁੱਕੀ ਫਿਰਦੀ ਏ ਤੇਰੀ ਮਾਂ ਵੀ ਚੁੱਕ ਲਊ।’’

‘‘ਤੂੰ ਮੈਨੂੰ ਆਪਣੇ ਡੈਡੀ ਦੀ ਲੁੱਕਆਫਟਰ ਕਰਨ ਤੋਂ ਰੋਕ ਰਿਹਾ ਏਂ।’’

ਇਵੇਂ ਹੀ ਇਕ ਦਿਨ ਉਹ ਗ਼ੁੱਸੇ ਵਿਚ ਆਇਆ ਮੇਰੇ ਵੱਲ ਵਧਿਆ ਤੇ ਮੇਰੇ ਮਾਰਨ ਲੱਗਿਆ। ਉਸ ਦੀ ਮਾਂ ਨੇ ਆ ਕੇ ਮੈਨੂੰ ਛੁਡਾਇਆ। ਰਵੀ ਗੰਦੀਆਂ ਗਾਲ਼੍ਹਾਂ ਕੱਢੀ ਜਾ ਰਿਹਾ ਸੀ। ਮੈਨੂੰ ਲੋਹੜੇ ਦਾ ਗੁੱਸਾ ਸੀ ਕਿ ਇਸ ਦੀ ਹਿੰਮਤ ਕਿਵੇਂ ਪਈ ਮੈਨੂੰ ਹੱਥ ਲਾਉਣ ਦੀ। ਮੈਂ ਸੋਚਣ ਲੱਗੀ ਕਿ ਅਜਿਹੀ ਜ਼ਿੰਦਗੀ ਜਿਊਣ ਦਾ ਕੀ ਫਾਇਦਾ। ਮੇਰੇ ਹੱਥ ਪੈਰਾਸੀਟਾਮੋਲ ਦੀਆਂ ਗੋਲੀਆਂ ਲੱਗ ਗਈਆਂ ਮੈਂ ਸਾਰੀਆਂ ਹੀ ਪਾਣੀ ਨਾਲ ਅੰਦਰ ਲੰਘਾ ਲਈਆਂ।

-----

‘ਗਰੈਸ਼ਮ’ ਨਾਈਟ ਕਲੱਬ ਕਿਸੇ ਵੇਲੇ ਉਤਰ ਲੰਡਨ ਵਿਚ ਸਭ ਤੋਂ ਮਸ਼ਹੂਰ ਹੁੰਦੀ ਸੀ। ਮੁੱਢਲੇ ਤੌਰ ’ਤੇ ਇਹ ਆਇਰਸ਼ ਕਲੱਬ ਸੀ ਪਰ ਇਥੇ ਅੰਗਰੇਜ਼ ਵੀ ਹੁੰਮ-ਹਮਾ ਕੇ ਪੁਜਦੇ। ਥੋੜ੍ਹੇ-ਬਹੁਤ ਕਾਲੇ ਵੀ ਹੁੰਦੇ। ਏਸ਼ੀਅਨ ਤਾਂ ਬਹੁਤ ਹੀ ਘੱਟ ਆਉਂਦੇ। ਇਸ ਇਲਾਕੇ ਵਿਚ ਏਸ਼ੀਅਨ ਰਹਿੰਦੇ ਵੀ ਘੱਟ ਸਨ। ਜਿਹੜੇ ਸਨ ਉਹ ਨਾਈਟ ਕਲੱਬਾਂ ਦੇ ਸ਼ਕੀਨ ਨਹੀਂ ਸਨ ਕਿਉਂਕਿ ਕਲੱਬਾਂ ਵਿਚ ਪੈਸੇ ਖਰਚ ਹੁੰਦੇ ਤੇ ਝਗੜੇ ਦਾ ਡਰ ਵੀ ਰਹਿੰਦਾ।

ਹੌਲੋਵੇਅ ਰੋਡ ’ਤੇ ਸਥਿਤ ਇਹ ਕਲੱਬ ਸਪਤਾਹ ਅੰਤ ’ਤੇ ਹੀ ਖੁੱਲ੍ਹਦੀ। ਭਾਵ ਕੇ ਸ਼ੁਕਰਵਾਰ, ਸਨਿਚਰਵਾਰ ਤੇ ਐਤਵਾਰ। ਸ਼ਾਮ ਦੇ ਛੇ ਵਜੇ ਤੋਂ ਲੈ ਕੇ ਸਵੇਰ ਦੇ ਚਾਰ ਵਜੇ ਤੱਕ ਦਾ ਸਮਾਂ ਸੀ ਇਸ ਦੇ ਖੁੱਲ੍ਹਣ ਦਾ। ਕਾਨੂੰਨੀ ਤੌਰ ’ਤੇ ਦੋ ਵਜੇ ਬੰਦ ਹੋ ਜਾਂਦੀ ਪਰ ਲੋਕ ਚਾਰ ਵਜੇ ਤਕ ਬੈਠੇ ਰਹਿੰਦੇ। ਬਾਹਰੋਂ-ਦੇਖਣ ਨੂੰ ਇਹ ਐਡੀ ਵੱਡੀ ਨਾ ਜਾਪਦੀ ਪਰ ਅੰਦਰ ਜਾਓ ਤਾਂ ਪਤਾ ਚਲਦਾ ਕਿ ਇਹ ਬਹੁਤ ਵੱਡੀ ਕਲੱਬ ਸੀ ਜਿਸ ਵਿਚ ਕਈ ਹਜ਼ਾਰ --ਬੰਦਾ ਡਾਂਸ ਆਦਿ ਦਾ ਲੁਤਫ਼ ਮਾਣ ਸਕਦਾ।

-----

ਅੰਦਰ ਵੜਦਿਆਂ ਹੀ ਖੱਬੇ ਹੱਥ ਟਿਕਟਾਂ ਵਾਲੀ ਖਿੜਕੀ ਸੀ। ਫਿਰ ਕੁਝ ਪੌੜੀਆਂ ਚੜ ਕੇ ਅੰਦਰ ਜਾਣ ਲਈ ਚੌੜੇ ਦਰਵਾਜ਼ੇ ਸਨ। ਜਿਨ੍ਹਾਂ ਮੁਹਰੇ ਤਿੰਨ-ਚਾਰ ਬਾਊਂਸਰ ਖੜੇ ਰਹਿੰਦੇ ਤਾਂ ਜੋ ਕੋਈ ਵੀ ਗੜਬੜ ਕਰੇ ਤਾਂ ਉਸ ਨੂੰ ਉਠਾ ਕੇ ਬਾਹਰ ਸੁੱਟ ਸਕਣ। ਜੇ ਕੋਈ ਢੁੱਕਵੇਂ ਕੱਪੜੇ ਨਾ ਪਾ ਕੇ ਆਇਆ ਹੋਵੇ ਤਾਂ ਉਸ ਨੂੰ ਰੋਕ ਸਕਣ। ਦਰਵਾਜ਼ੇ ਦੇ ਅੰਦਰ ਜਾਓ ਤਾਂ ਸੱਜੇ ਹੱਥ ਡਿਸਕੋ- ਹਾਲ ਸੀ ਜਿਥੇ ਤੇਜ਼ ਤਾਲ ਵਾਲਾ ਸੰਗੀਤ ਚੱਲ ਰਿਹਾ ਹੁੰਦਾ। ਨੌਜਵਾਨ ਹੀ ਇਸ ਹਾਲ ਵਿਚ ਜ਼ਿਆਦਾ ਹੁੰਦੇ। ਚਲਦੇ ਸੰਗੀਤ ਵਿਚ ਡਿਸਕ-ਜੌਕੀ ਆਪਣੇ ਕੌਮੈਂਟ ਦਿੰਦਾ ਜਾਂਦਾ। ਨੱਚਣ ਵਾਲਿਆਂ ਵਿਚਲੇ ਜ਼ੋਸ ਨੂੰ ਤਿੱਖਾ ਕਰਦਾ ਰਹਿੰਦਾ।

-----

ਇਥੋਂ ਹੀ ਖੱਬੇ ਪਾਸੇ ਬਾਲਕੋਨੀ ਲਈ ਪੌੜੀਆਂ ਸਨ। ਬਾਲਕੋਨੀ ਵਿਚ ਚਿਪਸਾਂ ਤੇ ਕੁਝ ਹੋਰ ਥੋੜ੍ਹਾ ਬਹੁਤ ਖਾਣ ਵਾਲੀ ਦੁਕਾਨ ਸੀ ਤੇ ਬਾਲਕੋਨੀ ਵਿਚ ਖੜ੍ਹ ਕੇ ਪੂਰੇ ਹਾਲ ਦਾ ਨਜ਼ਾਰਾ ਦੇਖਿਆ ਜਾ ਸਕਦਾ ਸੀ। ਡਿਸਕੋ ਹਾਲ ਜੇ ਤੁਸੀਂ ਨਹੀਂ ਜਾਣਾ ਤਾਂ ਸਿੱਧਾ ਰਸਤਾ ਵੱਡੇ ਹਾਲ ਨੂੰ ਜਾਂਦਾ ਸੀ। ਹਾਲ ਵਿਚ ਮੇਜ ਕੁਰਸੀਆਂ ਵੀ ਲੱਗੇ ਸਨ। ਖੜ੍ਹੇ-ਖੜ੍ਹੇ ਬੀਅਰ ਪੀਣ ਦਾ ਇੰਤਜ਼ਾਮ ਵੀ ਸੀ। ਖੱਬੇ ਪਾਸੇ ਲੰਮੇ ਦਾਅ ਬਾਰ ਸੀ। ਅੱਗੇ ਜਾ ਕੇ ਡਾਂਸ ਫਲੋਰ। ਡਾਂਸ ਫਲੋਰ ਤੋਂ ਅੱਗੇ ਸਟੇਜ ਲੱਗੀ ਹੋਈ ਸੀ ਜਿਥੋਂ ਸੰਗੀਤ ਚਲਦਾ ਸੀ। ਜੇ ਡੀ. ਜੇ. ਚਲਾਉਣਾ ਹੋਵੇ ਤਾਂ ਵੀ , ਜੇ ਕਿਸੇ ਗਰੁੱਪ ਨੇ ਗਾਉਣਾ ਹੋਵੇ ਤਾਂ ਵੀ। ਜ਼ਿਆਦਾਤਰ ਕੋਈ ਮਸ਼ਹੂਰ ਗਰੁੱਪ ਹੀ ਬੁਲਾਇਆ ਜਾਂਦਾ। ਲੋਕ ਇਕੱਠੇ ਕਰਨ ਲਈ ਕੋਈ ਨਾਮੀ ਗਰੁਪ ਸੱਦਣਾ ਪੈਂਦਾ। ਉਹ ਗਰੁੱਪ ਕੁਝ ਆਪਣੇ ਤੇ ਕੁਝ ਹੋਰਨਾ ਗਰੁੱਪਾਂ ਦੇ ਤਾਜ਼ਾ ਗਾਣੇ ਪੇਸ਼ ਕਰਦਾ। ਜ਼ਿਆਦਾ ਗਾਣੇ ਉਹਨਾਂ ਦੀ ਮਰਜ਼ੀ ਦੇ ਹੁੰਦੇ। ਕਦੇ ਫ਼ਰਮਾਇਸ਼ੀ ਗੀਤ ਵੀ ਗਾ ਦਿੰਦੇ। ਗਰੁੱਪ ਦੇ ਸਾਰੇ ਮੈਂਬਰ ਹੀ ਗੀਤ ਗਾ ਕੇ ਮੁੱਖ ਸਿੰਗਰ ਨੂੰ ਦਮ ਦਵਾਉਂਦੇ। ਜਿਹੋ-ਜਿਹਾ ਗੀਤ ਚਲ ਰਿਹਾ ਹੁੰਦਾ ਉਹੋ ਜਿਹੇ ਲੋਕ ਉਠ ਕੇ ਡਾਂਸ ਫਲੋਰ ’ਤੇ ਨੱਚਣ ਲਈ ਚਲੇ ਜਾਂਦੇ। ਕਿਸੇ ਦੇ ਮਨਪਸੰਦ ਦੀ ਤਾਨ ਹੁੰਦੀ ਤਾਂ ਨੱਚਣ ਤੋਂ ਆਪਣੇ ਆਪ ਨੂੰ ਰੋਕਣਾ ਉਸ ਲਈ ਮੁਸ਼ਕਲ ਹੁੰਦਾ। ਜਿਵੇਂ-ਜਿਵੇਂ ਰਾਤ ਡੂੰਘੀ ਹੁੰਦੀ ਜਾਂਦੀ ਤਾਂ ਗਾਉਣ ਵਾਲੇ ਪਿਆਰ ਦੀਆਂ ਡੂੰਘਾਈਆਂ ਦੀ ਗੱਲ ਕਰਨ ਲੱਗਦੇ। ਸੰਗੀਤ ਆਹਿਸਤਾ ਤਾਨ ’ਤੇ ਹੁੰਦਾ ਤਾਂ ਡਾਂਸ ਵੀ ਹੌਲੀ ਹੋ ਜਾਂਦਾ। ਜੋੜੇ ਇਕ ਦੂਜੇ ਨੂੰ ਬਾਹਾਂ ਵਿਚ ਲੈ ਕੇ ਝੂੰਮਣ ਵਰਗਾ ਨਾਚ ਕਰ ਰਹੇ ਹੁੰਦੇ। ਰੌਸ਼ਨੀਆਂ ਬੰਦ ਕਰ ਦਿੱਤੀਆਂ ਜਾਂਦੀਆਂ। ਕਦੇ ਅਜਿਹਾ ਸੰਗੀਤ ਵੀ ਚਲ ਪੈਂਦਾ ਕਿ ਸਾਰਾ ਹਾਲ ਹੀ ਡਾਂਸ ਫਲੋਰ ’ਤੇ ਆ ਵੜਦਾ। ਕਦੇ ਲੋਕ ਗੋਲਧਾਰਾ ਬਣਾ ਕੇ ਇਕ ਦੂਜੇ ਦਾ ਹੱਥ ਫੜੀ ਨਾਚ ਵੀ ਨਚਦੇ। ਸਵੇਰੇ ਦੋ ਵਜੇ ਨੈਸ਼ਨਲ ਐਂਥਮ ਨਾਲ ਨਾਚ ਦਾ ਅੰਤ ਹੁੰਦਾ। ਰਾਣੀ ‘ਅਮਰ ਰਹੇ’ ਵਾਲਾ ਕੌਮੀ ਤਰਾਨਾ ਸਾਰੇ ਕਲੱਬ ਨਾ ਗਾਉਂਦੇ। ਘੱਟੋ-ਘੱਟ ਗਰੈਸ਼ਮ ਵਿਚ ਨਾ ਗਾਇਆ ਜਾਂਦਾ। ਇਥੇ ਆਇਰਸ਼ ਕੌਮੀ ਤਰਾਨਾ ਹੀ ਗਾਇਆ ਜਾਂਦਾ। ਜ਼ਿਆਦਾਤਰ ਆਇਰਸ਼ ਜਿਉਂ ਹੁੰਦੇ।

-----

ਮੈਂ ਇਸ ਕਲੱਬ ਵਿਚ ਜਾਂਦਾ ਰਹਿੰਦਾ ਸਾਂ ਤੇ ਇਸ ਦਾ ਭੇਤੀ ਸਾਂ। ਨੱਚਣਾ ਮੈਨੂੰ ਆਉਂਦਾ ਨਹੀਂ ਸੀ। ਬੱਸ ਲੱਤਾਂ ਬਾਹਾਂ ਮਾਰ ਕੇ ਕੰਮ ਚਲਾ ਲੈਂਦਾ ਸਾਂ। ‘ਹੈਮਰਸਮਿਥ ਪੈਲੈ’ ਵਿਚ ਵੀ ਮੈਂ ਕਾਫੀ ਜਾਂਦਾ ਰਿਹਾ ਸਾਂ। ਉਸ ਦਾ ਗਰੈਸ਼ਮ ਨਾਲੋਂ ਇੰਨਾ ਫਰਕ ਸੀ ਕਿ ਉਹ ਚੌਰਸ ਸੀ ਤੇ ਉਹ ਲੰਮੇ ਦਾਅ ਜ਼ਿਆਦਾ ਸੀ। ਦੂਜਾ ਇਹ ਕਿ ਗਰੈਸ਼ਮ ਵਿਚ ਸਾਰੀਆਂ ਉਮਰਾਂ ਦੇ ਲੋਕ ਹੁੰਦੇ ਤੇ ‘ਹੈਮਰਸਮਿਥ ਪੈਲੈ’ ਨੌਜਵਾਨ ਤਬਕਾ ਜ਼ਿਆਦਾ ਆਉਂਦਾ। ‘ਹੈਮਰਸਮਿਥ ਪੈਲੈ’ ਵਿਚ ਮੈਂ ਉੱਨਾ ਚਿਰ ਨਿਰੰਤਰ ਜਾਂਦਾ ਰਿਹਾ ਜਦ ਤਕ ਇਕ ਇੰਡੀਅਨ ਕੁੜੀ ਇਕ ਮਸ਼ਹੂਰ ਗਰੁੱਪ ਨਾਲ ਉਥੇ ਆਇਆ ਕਰਦੀ। ਉਹ ਤਾਸ਼ਾ ਵਜਾਉਂਦੀ ਸੀ ਤੇ ਕਦੇ ਕੋਈ ਗੀਤ ਵੀ ਗਾਉਂਦੀ। ਪਰ ਸੰਗੀਤ ਖਤਮ ਹੁੰਦਾ ਤਾਂ ਮੈਂ ਉਸ ਨੂੰ ਲੱਭਦਾ ਫਿਰਦਾ ਕਿ ਉਸ ਦਾ ਆਟੋਗ੍ਰਾਫ ਲਵਾਂ ਜਾਂ ਗੱਲ ਹੀ ਸਾਂਝੀ ਕਰਾਂ ਪਰ ਉਹ ਲੁਕ ਜਾਂਦੀ। ਜਦ ਉਹ ਸਟੇਜ ’ਤੇ ਹੁੰਦੀ ਤਾਂ ਮੇਰੇ ਨਾਲ ਅੱਖਾਂ ਮਿਲਦੇ ਸਾਰ ਹੀ ਸ਼ਰਮਾ ਜਾਂਦੀ। ਇਥੇ ਵੀ ਇੰਡੀਅਨ ਮੁੰਡੇ ਘੱਟ ਹੁੰਦੇ ਸਨ।

-----

ਉਸ ਦਿਨ ਬੀਟਰਸ ਨੂੰ ਨਾਈਟ ਕਲੱਬ ਲੈ ਕੇ ਜਾਣਾ ਸੀ। ਮੈਂ ਗਰੈਸ਼ਮ ਜਾਣਾ ਹੀ ਪਸੰਦ ਕੀਤਾ। ਗਰੈਸ਼ਮ ਦਾ ਮਾਹੌਲ ਮੈਨੂੰ ਵਧੀਆ ਲੱਗਦਾ ਸੀ। ਅਸੀਂ ਖਾਣਾ ਖਾਂਦੇ ਲੇਟ ਹੋ ਗਏ ਤੇ ਲੇਟ ਹੋਣ ਕਾਰਨ ਟਿਕਟ ਵੀ ਮਹਿੰਗਾ ਮਿਲਿਆ। ਖਾਣਾ ਖਾਂਦੇ ਪਹਿਲਾਂ ਹੀ ਲੇਟ ਸਾਂ ਤੇ ਫਿਰ ਬੀਟਰਸ ਨੂੰ ਸਕੱਰਟ ਪਸੰਦ ਨਹੀਂ ਸੀ ਆ ਰਹੀ। ਉਸ ਤਰ੍ਹਾਂ ਉਸ ਨੇ ਕਦੇ ਪਰਵਾਹ ਨਹੀਂ ਸੀ ਕੀਤੀ ਕਿ ਕੀ ਪਾਈ ਫਿਰਦੀ ਸੀ। ਫਿਰ ਜਾ ਕੇ ਕੈਥੀ ਦੀ ਸਕਰਟ ਉਧਾਰ ਮੰਗੀ ਤਾਂ ਅਸੀਂ ਗਏ। ਜਾਂਦਿਆਂ ਵੀ ਅੱਧਾ ਘੰਟਾ ਲੱਗ ਗਿਆ। ਅਸੀਂ ਗਰੈਸ਼ਮ ਪਹੁੰਚੇ ਤਾਂ ਸੰਗੀਤਕ ਮਹਿਫਲ ਭਖੀ ਹੋਈ ਸੀ।

-----

ਪਹਿਲਾਂ ਅਸੀਂ ਡਿਸਕੋ ਹਾਲ ਵਿਚ ਗਏ। ਬੀਟਰਸ ਅੱਜ ਕਮਸਨ ਉਮਰ ਦੀ ਕੁੜੀ ਵਾਂਗ ਗੱਲਾਂ ਕਰ ਰਹੀ ਸੀ। ਮੋਢੇ ਮਾਰ ਕੇ ਨੱਚਣ ਵੇਲੇ ਜ਼ਿਆਦਾ ਜ਼ੋਰ ਲਗਾਉਂਦੀ। ਫਿਰ ਅਸੀਂ ਪਰਮੁੱਖ ਹਾਲ ਵਿਚ ਗਏ। ਹਾਲ ਭਰਿਆ ਪਿਆ ਸੀ। ਬੀਟਰਸ ਇਕ ਵਿਹਲੀ ਪਈ ਕੁਰਸੀ ’ਤੇ ਬੈਠ ਗਈ ਤੇ ਮੈਂ ਬੀਅਰ ਭਰਾਉਣ ਵਾਲੀ ਕਤਾਰ ਵਿਚ ਜਾ ਕੇ ਖੜਿਆ। ਇੰਨੀ ਭੀੜ ਸੀ ਕਿ ਬੀਅਰ ਦੀ ਵਾਰੀ ਦੀ ਪੰਦਰਾਂ ਵੀਹ ਮਿੰਟ ਉਡੀਕ ਕਰਨੀ ਪੈ ਰਹੀ ਸੀ। ਕਤਾਰ ਵਿਚ ਖੜ੍ਹਾ ਮੈਂ ਦੇਖ ਰਿਹਾ ਸਾਂ ਕਿ ਬੀਟਰਸ ਨੂੰ ਦੋ ਤਿੰਨ ਸੱਦੇ ਨਾਚ ਕਰਨ ਲਈ ਆਏ ਪਰ ਉਹ ਮੇਰੇ ਵੱਲ ਦੇਖਦੀ, ਹੱਸਦੀ, ਨਾਂਹ ਕਰਦੀ ਰਹੀ। ਬੀਟਰਸ ਅੱਜ ਸੁਹਣੀ ਵੀ ਬਹੁਤ ਲੱਗ ਰਹੀ ਸੀ। ਦੋ ਬੱਚਿਆਂ ਦੀ ਮਾਂ ਤਾਂ ਉਹ ਵੈਸੇ ਹੀ ਨਹੀਂ ਲੱਗਿਆ ਕਰਦੀ। ਮੈਂ ਸੋਚਣ ਲੱਗਿਆ ਕਿ ਕਿਤੇ ਕੋਈ ਖੋਹ ਕੇ ਹੀ ਨਾ ਲੈ ਜਾਵੇ। ਫਿਰ ਕਿਸੇ ਨਾਲ ਲੜਨਾ ਪਵੇ।

-----

ਬੀਟਰਸ ਸੋਹਣਾ ਨੱਚ ਲੈਂਦੀ ਸੀ, ਉਸ ਨੂੰ ਬਾਲ ਡਾਂਸ ਬਹੁਤ ਚੰਗੀ ਤਰ੍ਹਾਂ ਆਉਂਦਾ ਸੀ। ਸਕੂਲੇ ਸਿੱਖਿਆ ਹੋਵੇਗਾ। ਮੈਨੂੰ ਨਾਚ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ। ਸ਼ੋਰ ਏਨਾ ਸੀ ਕਿ ਕੁਝ ਸੁਣ ਹੀ ਨਹੀਂ ਸੀ ਰਿਹਾ। ਡਾਂਸ ਖਤਮ ਹੋਣ ’ਤੇ ਮੈਂ ਵਾਪਸ ਬੈਠ ਕੇ ਬੀਅਰ ਪੀਣ ਲੱਗਾ ਤੇ ਬੀਟਰਸ ਗੁਸਲਖ਼ਾਨੇ ਚਲੀ ਗਈ। ਬੀਅਰ ਪੀਂਦੇ ਕੋਲ ਇਕ ਸੁਹਣੀ ਜਿਹੀ ਕੁੜੀ ਆ ਕੇ ਖੜ੍ਹ੍ਹੀ। ਉਸ ਨੇ ਪੱਟਾਂ ਤੱਕ ਸਕਰਟ ਪਾਈ ਹੋਈ ਸੀ। ਉਸ ਨੇ ਮੈਨੂੰ ਆਪਣੇ ਨਾਲ ਨੱਚਣ ਦਾ ਨਿਉਂਦਾ ਦਿੱਤਾ। ਨਿਉਂਦਾ ਦਿੰਦੀ ਉਹ ਪੱਟ ਮੇਰੇ ਨਜ਼ਦੀਕ ਕਰਕੇ ਹਿਲਾਣ ਲੱਗੀ। ਮੈਂ ਉਠ ਕੇ ਖੜ ਗਿਆ। ਉਸ ਦੇ ਪੱਟ ਤੇ ਛਾਤੀਆਂ ਬੀਟਰਸ ਨਾਲੋਂ ਨਿੱਗਰ ਸਨ। ਉਸ ਨੇ ਜਿਸ ਲਹਿਜੇ ਵਿਚ ਮੇਰਾ ਸਾਥ ਮੰਗਿਆ ਸੀ ਮੇਰੇ ਕੋਲੋਂ ਨਾਂਹ ਨਾ ਕੀਤੀ ਗਈ। ਮੈਂ ਉਸ ਨਾਲ ਤੁਰ ਪਿਆ। ਨੱਚਦੀ ਹੋਈ ਉਹ ਕੁੜੀ ਆਪਣੇ ਬਾਰੇ ਦੱਸਦੀ ਰਹੀ। ਕੁਝ ਸੁਣਾਈ ਤਾਂ ਦੇ ਹੀ ਨਹੀਂ ਸੀ ਰਿਹਾ। ਬੀਟਰਸ ਮੁੜ ਆਈ। ਉਹ ਮੇਰੇ ਵੱਲ ਦੇਖੀ ਜਾ ਰਹੀ ਸੀ। ਉਸ ਦਾ ਚਿਹਰਾ ਗੁੱਸੇ ਵਿਚ ਤਣਿਆ ਪਿਆ ਸੀ। ਮੈਂ ਦੂਰੋਂ ਹੱਥ ਹਿਲਾਇਆ ਤਾਂ ਉਹ ਜ਼ਰਾ ਕੁ ਮੁਸਕਰਾਈ। ਦੋ ਗੀਤਾਂ ਤੱਕ ਮੈਂ ਉਸ ਕੁੜੀ ਨਾਲ ਡਾਂਸ ਕੀਤਾ। ਡਾਂਸ ਖ਼ਤਮ ਕਰਕੇ ਕੁੜੀ ਆਪਣੇ ਦੋਸਤਾਂ ਦੀ ਢਾਣੀ ਵਿਚ ਜਾ ਸ਼ਾਮਲ ਹੋਈ ਤੇ ਮੈਂ ਬੀਟਰਸ ਕੋਲ ਬੈਠ ਗਿਆ। ਮੈਂ ਉਸ ਨੂੰ ਚੁੰਮਣ ਦਿੱਤਾ ਤਾਂ ਉਹ ਠੀਕ ਹੋ ਗਈ।

-----

ਅੰਤ ਵਿਚ ਆਇਰਸ਼ ਨੈਸ਼ਨਲ ਐਂਥਮ ਚਲਿਆ ਤੇ ਸੰਗੀਤ ਦਾ ਸ਼ੋਰ ਖ਼ਤਮ ਹੋਇਆ। ਕੰਨਾਂ ਨੂੰ ਕੁਝ ਰਾਹਤ ਮਿਲੀ। ਹੁਣ ਲੋਕਾਂ ਦੀਆਂ ਗੱਲਾਂ ਤੇ ਹਾਸੇ ਦਾ ਰੌਲਾ-ਗੌਲਾ ਰਹਿ ਗਿਆ ਸੀ ਜੋ ਕਿ ਪਹਿਲੇ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਬੀਟਰਸ ਬੈਂਡ ਦੇ ਮੈਂਬਰਾਂ ਨੂੰ ਮਿਲਣਾ ਚਾਹੁੰਦੀ ਸੀ। ਇਹਨਾਂ ਦੀਆਂ ਟੇਪਾਂ ਉਸ ਕੋਲ ਸਨ। ਅਸੀਂ ਸਟੇਜ ਦੇ ਨੇੜੇ ਗਏ ਤੇ ਉਹ ਸਾਰੇ ਸਾਨੂੰ ਬਹੁਤ ਚਾਅ ਨਾਲ ਮਿਲੇ। ਮੈਨੂੰ ਮਿਲ ਕੇ ਉਹ ਹੋਰ ਵੀ ਖ਼ੁਸ਼ ਸਨ ਕਿ ਇੰਡੀਅਨ ਵੀ ਉਹਨਾਂ ਦਾ ਫੈਨ ਸੀ। ਅਸੀਂ ਘਰ ਪੁੱਜੇ ਤਾਂ ਚਾਰ ਵੱਜਣ ਨੂੰ ਸਨ। ਬੱਚੇ ਕੈਥੀ ਕੋਲ ਸਨ। ਇਸ ਵੇਲੇ ਉਹਨਾਂ ਨੂੰ ਜਗਾਉਣਾ ਠੀਕ ਨਹੀਂ ਸਮਝਿਆ।

*****

ਚਲਦਾ


Saturday, June 19, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 8

ਕਾਂਡ – 8

ਰਵੀ ਨੇ ਰੋਜ਼ਬਰੀ ਗਾਰਡਨ ’ਤੇ ਘਰ ਪਸੰਦ ਕੀਤਾ। ਇਹ ਆਰਚਵੇਅ ਸਟੇਸ਼ਨ ਦੇ ਨਜ਼ਦੀਕ ਸੀ। ਰਵੀ ਨੇ ਕਾਫੀ ਘੁੰਮਣ ਫਿਰਨ ਤੋਂ ਬਾਅਦ ਪਸੰਦ ਕੀਤਾ ਸੀ। ਘਰ ਲੈਣ ਵੇਲੇ ਉਹ ਕਈ ਗੱਲਾਂ ਨੂੰ ਧਿਆਨ ਵਿਚ ਰੱਖਦਾ। ਮੇਰੇ ਨਾਲ ਸਲਾਹ ਕਰਨ ਬੈਠਦਾ ਤਾਂ ਮੈਂ ਆਖ ਦਿੰਦੀ ਕਿ ਜਿਵੇਂ ਮਰਜ਼ੀ ਕਰ। ਮੈਨੂੰ ਪਤਾ ਸੀ ਕਿ ਮੇਰੀ ਪਸੰਦ ਉਸ ਦੀ ਪਸੰਦ ਵਰਗੀ ਹੀ ਹੋਵੇਗੀ। ਮੰਮੀ ਚਾਹੁੰਦੀ ਸੀ ਕਿ ਅਸੀਂ ਉਨ੍ਹਾਂ ਦੇ ਨਜ਼ਦੀਕ ਹੀ ਘਰ ਖ਼ਰੀਦੀਏ ਪਰ ਰਵੀ ਨੂੰ ਇਹ ਇਲਾਕਾ ਪਸੰਦ ਨਹੀਂ ਸੀ।

-----

ਘਰ ਲੈ ਲਿਆ ਪਰ ਏਥੋਂ ਮੈਨੂੰ ਕੰਮ ਦੂਰ ਪੈਂਦਾ ਸੀ। ਭਾਵੇਂ ਸਿੱਧੀ ਬਸ ਜਾਂਦੀ ਸੀ ਫਿਰ ਮੈਂ ਛੋਟੀ ‘ਨਿਸਨ’ ਕਾਰ ਵੀ ਲੈ ਲਈ ਪਰ ਘੰਟਾ ਭਰ ਆਉਣ ਜਾਣ ’ਤੇ ਹੀ ਖ਼ਰਚਿਆ ਜਾਂਦਾ। ਇਵੇਂ ਹੀ ਰਵੀ ਦਾ ਕੰਮ ਇਥੋਂ ਹੋਰ ਵੀ ਦੂਰ ਹੋ ਗਿਆ ਸੀ। ਪਰ ਅਸੀਂ ਖ਼ੁਸ਼ ਸਾਂ। ਅਸੀਂ ਇਥੇ ਆ ਕੇ ਇਕ ਦੂਜੇ ਨਾਲ ਹੋਰ ਵੀ ਬੱਝ ਗਏ ਸਾਂ।

ਅਸੀਂ ਛੇਤੀਂ ਹੀ ਆਪਣੇ ਜੋਗਾ ਘਰ ਸੈੱਟ ਕਰ ਲਿਆ। ਰਵੀ ਨੂੰ ਇਸ ਘਰ ਦੀ ਇਕ ਖਿੜਕੀ ਬਹੁਤ ਚੰਗੀ ਲੱਗਦੀ ਸੀ। ਹਰ ਵੇਲੇ ਉਸ ਵਿਚ ਹੀ ਖੜ੍ਹਾ ਰਹਿੰਦਾ। ਇਸ ਵਿਚੋਂ ਲੰਡਨ ਦਿੱਸਦਾ ਸੀ। ਮੇਰੇ ਤੋਂ ਉਲਟ ਉਸ ਨੂੰ ਲੰਡਨ ਵੇਖਣਾ ਚੰਗਾ ਲੱਗਦਾ ਸੀ। ਮੈਨੂੰ ਇਥੋਂ ਪੱਥਰ ਦੇ ਜੰਗਲ ਬਿਨਾਂ ਕੁਝ ਨਾ ਦਿੱਸਦਾ। ਉਹ ਦੂਰਬੀਨ ਲੈ ਕੇ ਇਮਾਰਤਾਂ ਪਛਾਣਦਾ ਰਹਿੰਦਾ। ਮੈਨੂੰ ਘਰ ਦੇ ਕੰਮ ਕਰਨੇ ਬਹੁਤ ਔਖੇ ਲੱਗਦੇ ਸਨ। ਰਵੀ ਰਸੋਈ ਵਿਚ ਮੇਰੀ ਮਦਦ ਕਰਵਾ ਦਿੰਦਾ। ਖਾਣਾ ਬਣਾਉਣ ਤੋਂ ਲੈ ਕੇ ਬਰਤਨ ਧੋਣ ਤਕ ਉਹ ਸਾਰੇ ਕੰਮ ਕਰ ਮਾਰਦਾ। ਅਜਿਹੇ ਕੰਮ ਤਾਂ ਉਹ ਮੰਮੀ ਦੇ ਘਰ ਵੀ ਪਿੱਛੇ ਨਹੀਂ ਸੀ ਹਟਦਾ। ਮੰਮੀ ਉਸ ਨੂੰ ਟੋਕਦੀ ਰਹਿੰਦੀ ਪਰ ਉਹ ਰਸੋਈ ਵਿਚ ਗਿਆ ਕੋਈ ਨਾ ਕੋਈ ਕੰਮ ਕਰਨ ਲੱਗਦਾ।

-----

ਰਵੀ ਨੂੰ ਸੌਣ ਵੇਲੇ ਚਾਹ ਦੀ ਆਦਤ ਸੀ। ਪਹਿਲਾਂ ਸਾਰੇ ਹੀ ਉਸ ਦੀ ਆਦਤ ’ਤੇ ਹੱਸਦੇ ਪਰ ਫਿਰ ਘਰ ਵਿਚ ਹਰ ਰਾਤ ਹੀ ਸੌਣ ਤੋਂ ਪਹਿਲਾਂ ਚਾਹ ਬਣਨ ਲੱਗੀ। ਡੈਡੀ ਮੰਮੀ ਨੂੰ ਵੀ ਰਾਤ ਦੀ ਚਾਹ ਪੀਣ ਦੀ ਆਦਤ ਪੈ ਗਈ। ਇਕ ਹੋਰ-ਰਵੀ ਨੇ ਸਾਡੀ ਸਭ ਦੀ ਪਿਆਜ਼ ਖਾਣ ਦੀ ਆਦਤ ਵੀ ਬਦਲ ਦਿੱਤੀ। ਰਵੀ ਮੈਨੂੰ ਕੱਚਾ ਪਿਆਜ ਨਾ ਖਾਣ ਦਿੰਦਾ ਕਿ ਰਾਤ ਨੂੰ ਮੂੰਹ ਵਿਚੋਂ ਮੁਸ਼ਕ ਆਉਂਦਾ ਰਹਿੰਦਾ ਸੀ। ਡੈਡੀ ਨੂੰ ਪਤਾ ਚਲਿਆ ਤਾਂ ਉਸ ਨੇ ਵੀ ਮੰਮੀ ਨੂੰ ਪਿਆਜ਼ ਖਾਣੋਂ ਰੋਕ ਦਿੱਤਾ।

-----

ਰਵੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਸੌਣ ਤੋਂ ਪਹਿਲਾਂ ਕਿਤਾਬ ਖੋਲ੍ਹ ਲੈਂਦਾ। ਬਾਥਰੂਮ ਵਿਚ ਵੀ ਉਸ ਦੀਆਂ ਕਿਤਾਬਾਂ ਪਈਆਂ ਹੁੰਦੀਆਂ। ਉਹ ਸਾਊਥਾਲ ਜਾ ਕੇ ਕਿਤਾਬਾਂ ਖਰੀਦ ਲਿਆਉਂਦਾ। ਇੰਡੀਆ ਤੋਂ ਵੀ ਮੰਗਵਾਉਂਦਾ ਰਹਿੰਦਾ। ਮੈਂ ਸੌਂ ਜਾਂਦੀ ਤੇ ਉਹ ਬੈਠਾ ਪੜ੍ਹਦਾ ਰਹਿੰਦਾ। ਪਹਿਲਾਂ ਮੈਨੂੰ ਜਗਦੀ ਲਾਈਟ ਵਿਚ ਨੀਂਦ ਨਾ ਆਉਂਦੀ ਪਰ ਫਿਰ ਲਾਈਟ ਮੇਰੀਆਂ ਅੱਖਾਂ ਵਿਚ ਪੈਣੋ ਹੱਟ ਗਈ ਤੇ ਮੈਂ ਅਰਾਮ ਨਾਲ ਸੌਂ ਜਾਂਦੀ। ਜਦ ਮੈਨੂੰ ਜਾਗ ਆਉਂਦੀ ਤਾਂ ਰਵੀ ਨੇ ਬੈਠੇ ਪੜ੍ਹ ਰਹੇ ਹੋਣਾ। ਮੈਂ ਖਿਝ ਜਾਣਾ ਕੇ ਕਿਹੜੇ ਇਮਤਿਹਾਨ ਵਿਚ ਬੈਠਣਾ ਸੀ। ਫਿਰ ਹੌਲੀ-ਹੌਲੀ ਉਸ ਨੇ ਮੈਨੂੰ ਵੀ ਪੜ੍ਹਨ ਦਾ ਭੁਸ ਪਾ ਲਿਆ। ਮੈਨੂੰ ਨਾਵਲ ਦੇ ਦੇਣਾ ਕੇ ਪੜ੍ਹਾਂ। ਪੜ੍ਹਣ ਦਾ ਮੈਨੂੰ ਅਭਿਆਸ ਨਾ ਹੋਣ ਕਰਕੇ ਪਹਿਲਾਂ ਪਹਿਲ ਬਹੁਤ ਉਕਤਾਹਟ ਹੋਣੀ। ਪੰਜਾਬੀ ਨੂੰ ਤਾਂ ਮੈਂ ਭੁਲਾ ਹੀ ਬੈਠੀ ਸੀ। ਨਾਵਲ ਪੜ•ਕੇ ਉਸ ਨੇ ਮੇਰੇ ਨਾਲ ਨਾਵਲ ਦੀ ਕਹਾਣੀ ਬਾਰੇ ਗੱਲਾਂ ਕਰਨੀਆਂ। ਫਿਰ ਮੇਰੀ ਵੀ ਪੜ੍ਹਨ ਵਿਚ ਪੂਰੀ ਦਿਲਚਸਪੀ ਹੋ ਗਈ। ਪੰਜਾਬੀ ਦੇ ਬਹੁਤ ਸਾਰੇ ਤੇ ਕੁਝ ਕੁ ਅੰਗਰੇਜ਼ੀ ਦੇ ਨਾਵਲ ਵੀ ਪੜ੍ਹੇ।

-----

ਸਾਡੀ ਜ਼ਿੰਦਗੀ ਬਹੁਤ ਵਧੀਆ ਨਿਕਲ ਰਹੀ ਸੀ। ਆਪਣੇ ਘਰ ਵਿਚ ਕੰਮ ਭਾਵੇਂ ਕੁਝ ਵੱਧ ਕਰਨਾ ਪੈਂਦਾ ਪਰ ਫਾਇਦੇ ਵੀ ਸਨ। ਡੈਡੀ ਦੇ ਆਖਣ ਮੁਤਾਬਿਕ ਸਾਡਾ ਖ਼ਰਚਾ ਏਨਾ ਵੱਧ ਗਿਆ ਸੀ ਕਿ ਦੋਹਾਂ ਤਨਖ਼ਾਹਾਂ ਨਾਲ ਮਸਾਂ ਸਰਦਾ। ਹੁਣ ਜੋੜ ਸਕਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਜੇ ਕਈ ਮਹਿਮਾਨ ਆ ਜਾਵੇ ਤਾਂ ਸਾਡਾ ਸਾਰਾ ਬੱਜਟ ਉਥਲ ਪੁਥਲ ਹੋ ਜਾਂਦਾ ਸੀ।

-----

ਬਾਕੀ ਤਾਂ ਸਭ ਠੀਕ ਸੀ ਪਰ ਰਵੀ ਦਾ ਸੁਭਾਅ ਬਹੁਤ ਜ਼ਿੱਦੀ ਸੀ। ਜੇ ਕਿਸੇ ਗੱਲ ’ਤੇ ਅੜ ਗਿਆ ਤਾਂ ਐਵੇਂ ਹੀ ਅੜ ਗਿਆ। ਘਰ ਵਿਚ ਖਾਹਮਖਾਹ ਦਾ ਤਣਾਵ ਖੜ੍ਹਾ ਹੋ ਜਾਂਦਾ। ਮੰਮੀ ਦੇ ਘਰ ਮੈਂ ਕੋਈ ਜ਼ਿੱਦ ਕਰਦੀ ਤਾਂ ਮੰਮੀ ਮੈਨੂੰ ‘ਗੁਲਾਬਾਂ ਵਰਗੀ’ ਕਹਿ ਕੇ ਕੋਸਦੀ ਪਰ ਰਵੀ ਸਾਹਮਣੇ ਮੇਰੀ ਜਿੱਦ ਕੁਝ ਵੀ ਨਹੀਂ ਸੀ। ਕੁਝ ਵੀ ਹੁੰਦਾ ਹੋਵੇ ਪਰ ਉਸ ਦਾ ਇਹ ਸੁਭਾ ਮੇਰੇ ਲਈ ਕਦੇ ਸਿਰਦਰਦੀ ਨਹੀਂ ਸੀ ਬਣਿਆ। ਮੈਂ ਉਸ ਨੂੰ ਪਤਿਆ ਲੈਣਾ ਸਿੱਖ ਲਿਆ ਸੀ। ਜਦੋਂ ਉਹ ਸਹੀ ਰੌਂਅ ਵਿਚ ਹੁੰਦਾ ਤਾਂ ਟਨਾਂ ਦੇ ਟਨ ਭਾਰ ਆਪਣੇ ਉਪਰ ਦੀ ਲੰਘ ਜਾਣ ਦਿੰਦਾ।

-----

ਨਵੇਂ ਘਰ ਆਉਣ ’ਤੇ ਸਾਲ ਦੇ ਅੰਦਰ-ਅੰਦਰ ਹੀ ਪਰੀ ਦਾ ਜਨਮ ਹੋਇਆ। ਮੰਮੀ ਨੂੰ ਮੁੰਡੇ ਦੀ ਉਡੀਕ ਸੀ, ਕੁੜੀ ਕਾਰਨ ਉਹ ਬਹੁਤ ਖ਼ੁਸ਼ ਨਹੀਂ ਸੀ ਪਰ ਰਵੀ ਨੂੰ ਚਾਅ ਚੜ੍ਹਿਆ ਪਿਆ ਸੀ। ਡੈਡੀ ਵੀ ਖ਼ੁਸ਼ ਸਨ। ਨੀਤਾ ਤੇ ਬਿੰਨੀ ਲਈ ਤਾਂ ਪਰੀ ਇਕ ਖਿਡੌਣੇ ਵਾਂਗ ਸੀ।

‘ਵਿਟਿੰਗਟਨ ਹੌਸਪੀਟਲ’ ਤੋਂ ਜਿਥੇ ਪਰੀ ਦਾ ਜਨਮ ਹੋਇਆ ਸੀ ਪਰੀ ਨੂੰ ਲੈ ਕੇ ਮੈਂ ਤੇ ਮੰਮੀ ਘਰ ਚਲੇ ਗਏ ਸੀ, ਕਿਉਂਕਿ ਪਹਿਲੀ ਬੇਵੀ ਹੋਣ ਕਰਕੇ ਮੇਰੇ ਤੋਂ ਉਸ ਦੀ ਸਹੀ ਸੰਭਾਲ ਨਹੀਂ ਸੀ ਹੋਣੀ। ਰਵੀ ਇਵੇਂ ਨਹੀਂ ਸੀ ਚਾਹੁੰਦਾ ਪਰ ਜਦ ਮੈਂ ਸਾਰੀਆਂ ਮੁਸ਼ਕਲਾਂ ਉਸ ਨੂੰ ਦੱਸੀਆਂ ਤਾਂ ਮੰਨ ਗਿਆ। ਪਰੀ ਦਾ ਨਾਂ ਪ੍ਰਤਿਭਾ ਰਵੀ ਨੇ ਰੱਖਿਆ ਸੀ, ਡੈਡੀ ਚਾਹੁੰਦੇ ਸਨ ਕਿ ਗੁਰਦਵਾਰੇ ਜਾ ਕੇ ਵਾਕ ਲੈ ਕੇ ਕੋਈ ਨਾਂ ਰੱਖਿਆ ਜਾਵੇ ਪਰ ਰਵੀ ਨੇ ਉਵੇਂ ਹੀ ਰਜਿਸਟਰ ਕਰਵਾ ਦਿੱਤਾ। ਮੰਮੀ ਤੋਂ ਪ੍ਰਤਿਭਾ ਦਾ ਉਚਾਰਣ ਨਹੀਂ ਸੀ ਕੀਤਾ ਜਾਂਦਾ। ਉਸ ਨੇ ਪਰੀ ਹੀ ਆਖਣਾ ਸ਼ੁਰੂ ਦਿੱਤਾ ਤੇ ਪਰੀ ਹੀ ਪੱਕ ਗਿਆ। ਦੋ ਕੁ ਹਫਤੇ ਬਾਅਦ ਪਰੀ ਅਸੀਂ ਘਰ ਲੈ ਆਂਦੀ। ਰਵੀ ਨੇ ਪਰੀ ਦੇ ਘਰ ਆਉਣ ਸਮੇਂ ਪੂਰੇ ਘਰ ਨੂੰ ਸਜਾਇਆ ਹੋਇਆ ਸੀ। ਮੰਮੀ ਉਸ ਨੂੰ ਆਖਦੀ,‘‘ਪੁੱਤ ਕੁੜੀਆਂ ਦੇ ਏਨੇ ਚਾਅ ਨਹੀਂ ਕਰੀਦੇ, ਇਹ ਪਿੱਛਾ ਨਹੀਂ ਛੱਡਦੀਆਂ ਹੁੰਦੀਆਂ।’’

-----

ਬਿੰਨੀ ਦਾ ਜਨਮ ਦਿਨ ਸੀ। ਅਸੀਂ ਸਾਰੇ ਬੈਠੇ ਸਾਂ। ਕੁਝ ਮਹਿਮਾਨ ਵੀ ਆਏ ਹੋਏ ਸਨ। ਬਿੰਨੀ ਨੇ ਆਪਣੇ ਦੋਸਤ ਵੀ ਬੁਲਾਏ ਹੋਏ ਸਨ। ਰਵੀ ਤੇ ਭਗਵੰਤ ਵਿਸਕੀ ਪੀ ਰਹੇ ਸਨ। ਰਵੀ ਬਹੁਤੀ ਪੀਂਦਾ ਨਹੀਂ ਸੀ ਪਰ ਭਗਵੰਤ ਨਿਤ ਦਾ ਸ਼ਰਾਬੀ ਸੀ ਤੇ ਕਈ ਵਾਰ ਲੁੜਕ ਜਾਂਦਾ। ਸ਼ਮਿੰਦਰਜੀਤ ਮੇਰੇ ਕੋਲ ਬੈਠੀ ਘਬਰਾਈ ਜਾ ਰਹੀ ਸੀ। ਡੈਡੀ ਚੁੱਪ ਚਾਪ ਇਕ ਪਾਸੇ ਬੈਠੇ ਹੋਏ ਸਨ। ਮੈਂ ਡੈਡੀ ਵੱਲ ਦੇਖਿਆ ਤਾਂ ਮੇਰਾ ਧਿਆਨ ਗਿਆ ਕਿ ਡੈਡੀ ਦਾ ਖੱਬਾ ਹੱਥ ਆਪਣੇ ਆਪ ਹਿੱਲਦਾ ਜਾ ਰਿਹਾ ਸੀ। ਫਿਰ ਉਹਨਾਂ ਨੇ ਸੱਜੇ ਹੱਥ ਨਾਲ ਇਸ ਨੂੰ ਰੋਕ ਲਿਆ। ਮੈਨੂੰ ਲੱਗਿਆ ਕਿ ਪਾਰਕੀਸਨ ਡਿਜ਼ੀਜ਼ ਵਾਂਗ ਕੁਝ ਸੀ। ਮੈਂ ਹੋਰ ਧਿਆਨ ਨਾਲ ਦੇਖਿਆ ਕਿ ਉਹਨਾਂ ਦਾ ਤਾਂ ਖੱਬਾ ਪੈਰ ਵੀ ਹਿੱਲ ਰਿਹਾ ਸੀ। ਮੈਂ ਮੰਮੀ ਨੂੰ ਵਿਖਾਇਆ ਤਾਂ ਉਹ ਮੈਨੂੰ ਉੱਠ ਕੇ ਇਕ ਪਾਸੇ ਲੈ ਗਈ। ਉਸ ਨੂੰ ਡੈਡੀ ਨੇ ਪਹਿਲਾਂ ਹੀ ਦੱਸ ਰੱਖਿਆ ਸੀ। ਮੈਂ ਆਖਿਆ, ‘‘ਤੂੰ ਮੈਨੂੰ ਕਿਉਂ ਨਹੀਂ ਦੱਸਿਆ?’’

‘‘ਤੇਰੇ ਡੈਡੀ ਆਖਦੇ ਸੀ ਕਿ ਐਮੇ ਫਿਕਰ ਕਰਨਗੇ।’’

ਫਿਰ ਮੰਮੀ ਰੋਣ ਲੱਗ ਪਈ, ‘‘ਹੁਣ ਨੀਤਾ ਦਾ ਕੀ ਬਣੂੰ!.....ਬਿੰਨੀ ਤਾਂ ਹਾਲੇ ਬਹੁਤ ਛੋਟਾ ਏ!’’

‘‘ਰੋ ਨਾ ਮੰਮੀ, ਹੌਸਲਾ ਰੱਖ, ਮੈਂ ਜਿਉਂ ਆਂ।’’

‘‘ਧੀਏ ਤੂੰ ਆਪਣੇ ਘਰ ਏਂ!’’

ਸਾਨੂੰ ਉੱਠ ਕੇ ਜਾਂਦੀਆਂ ਨੂੰ ਰਵੀ ਨੇ ਵੇਖਿਆ। ਉਹ ਵੀ ਸਾਡੇ ਕੋਲ ਆ ਖੜਿਆ। ਡੈਡੀ ਦੇ ਹਿੱਲਦੇ ਹੱਥ ਨੂੰ ਉਸਨੇ ਵੀ ਵੇਖ ਲਿਆ ਸੀ। ਮੰਮੀ ਨੂੰ ਹੌਸਲਾ ਦਿੰਦਾ ਉਹ ਆਖਣ ਲੱਗਾ, ‘‘ਫਿਕਰ ਨਾ ਕਰ ਮੰਮੀ, ਸਾਡੇ ਹੁੰਦੇ ਹੋਏ ਤੁਹਾਨੂੰ ਕਿਸੇ ਕਿਸਮ ਦਾ ਫਿਕਰ ਕਰਨ ਦੀ ਲੋੜ ਨਹੀਂ।’’

-----

ਜਨਮ ਦਿਨ ਦੀ ਪਾਰਟੀ ਦਾ ਸਾਰਾ ਮਜ਼ਾ ਹੀ ਜਾਂਦਾ ਰਿਹਾ। ਮੈਨੂੰ ਡੈਡੀ ਦੀ ਸਿਹਤ ਦੀ ਬਹੁਤ ਚਿੰਤਾ ਸੀ। ਮੰਮੀ ਸੱਚੀ ਸੀ ਬਿੰਨੀ ਤਾਂ ਹਾਲੇ ਬਹੁਤ ਛੋਟਾ ਸੀ, ਨੀਤਾ ਵੀ ਨਿਆਣੀ ਹੀ ਸੀ। ਮੰਮੀ ਤਾਂ ਪਹਿਲਾਂ ਹੀ ਸਿੱਧੀ ਜਿਹੀ ਸੀ। ਡੈਡੀ ਨੂੰ ਅਜਿਹੀ ਬੀਮਾਰੀ ਲੱਗ ਗਈ ਸੀ ਜਿਸ ਦਾ ਕੋਈ ਇਲਾਜ ਨਹੀਂ ਸੀ। ਮੈਨੂੰ ਇਸ ਬਿਮਾਰੀ ਬਾਰੇ ਥੋੜ੍ਹਾ ਬਹੁਤ ਪਤਾ ਸੀ ਕਿ ਹਾਲੇ ਤਕ ਇਸ ਦੀ ਕੋਈ ਸਹੀ ਦਵਾਈ ਨਹੀਂ ਸੀ ਨਿਕਲੀ।

ਘਰ ਆਏ ਤਾਂ ਰਵੀ ਆਖਣ ਲੱਗਾ , ‘‘ਜਾਨ ਤੂੰ ਵਰੀ ਨਾ ਕਰ, ਆਪਾਂ ਜਿਉਂ ਹੈਗੇ ਆਂ, ਜਿੰਨੀ ਵੀ ਹੋ ਸਕੇ ਹੈਲਪ ਕਰਾਂਗੇ, ਨਾਲੇ ਇਹ ਕਿਹੜਾ ਇੰਡੀਆ ਐ, ਇਥੇ ਤਾਂ ਸਾਰੀਆਂ ਸਹੂਲਤਾਂ ਹੈਗੀਆਂ।’’

‘‘ਪਰ ਉਹਨਾਂ ਦੇ ਜੁਆਕ ਵੀ ਹਾਲੇ ਛੋਟੇ ਨੇ!’’

‘‘ਹੌਸਲਾ ਰੱਖ, ਆਪਾਂ ਜਿੰਨਾ ਵੀ ਕਰ ਸਕਦੇ ਆਂ ਕਰਾਂਗੇ।’’

ਮੈਨੂੰ ਰਵੀ ਦੀਆਂ ਗੱਲਾਂ ਨਾਲ ਤਸੱਲੀ ਨਹੀਂ ਸੀ ਹੋ ਰਹੀ। ਉਸ ਦੇ ਬੋਲਾਂ ਵਿਚ ਪੂਰੀ ਹਮਦਰਦੀ ਨਹੀਂ ਸੀ ਲੱਭਦੀ ਪਈ। ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰੇ ਡੈਡੀ ਬਾਰੇ ਨਹੀਂ, ਕਿਸੇ ਉਪਰੇ ਬੰਦੇ ਬਾਰੇ ਗੱਲਾਂ ਕਰ ਰਿਹਾ ਹੋਵੇ। ਡੈਡੀ ਨਾਲ ਹੁਣ ਉਹ ਬਹੁਤਾ ਨਹੀਂ ਸੀ ਭਿਜਦਾ। ਰਵੀ ਨੂੰ ਕਿਸੇ ਦੀ ਸਲਾਹ ਚੰਗੀ ਨਹੀਂ ਸੀ ਲੱਗਦੀ ਜਦੋਂ ਕਿ ਡੈਡੀ ਕਈ ਵਾਰ ਉਸ ਨੂੰ ਸਮਝਾਉਣ ਬਹਿ ਜਾਂਦੇ ਸਨ।

ਮੈਂ ਕਿੰਨੀਆਂ ਹੀ ਕਿਤਾਬਾਂ ‘ਪਾਰਕੀਸਨ ਡਿਜ਼ੀਜ਼’ ਬਾਰੇ ਪੜ੍ਹ ਮਾਰੀਆਂ। ਰਵੀ ਵੀ ਪੜ•ਦਾ ਤੇ ਸਿਰ ਮਾਰਦਾ ਕਹਿੰਦਾ, ‘‘ਡੈਡੀ ਹੈਜ਼ ਟੂ ਲਿਵ ਵਿਦ ਦਿਸ ਨਾਓ।’’

-----

ਮੇਰੇ ਕੋਲੋਂ ਉਸ ਦੀ ਗੱਲ ਸੁਣੀ ਨਾ ਜਾਂਦੀ। ਮੈਂ ਖਿਝ ਜਾਂਦੀ। ਡੈਡੀ ਨੂੰ ਵੀ ਅਪਣੀ ਸਿਹਤ ਦਾ ਫ਼ਿਕਰ ਸੀ। ਉਹਨਾਂ ਦੇ ਹੱਥਪੈਰ ਦਾ ਹਿਲਣਾ ਵਧ ਰਿਹਾ ਸੀ। ਪਹਿਲਾਂ ਉਹ ਦਵਾਈਆਂ ਆਦਿ ਨਾਲ ਕੁਝ ਕਾਬੂ ਪਾ ਲੈਂਦੇ ਤਾਂ ਜੋ ਸਾਨੂੰ ਪਤਾ ਨਾ ਚਲੇ ਪਰ ਹੁਣ ਦਵਾਈਆਂ ਹਿਸਾਬ ਨਾਲ ਖਾਣ ਲੱਗੇ ਸਨ। ਇਕ ਦਿਨ ਮੈਨੂੰ ਆਖਣ ਲੱਗੇ, ‘‘ਕੋਈ ਮੁੰਡਾ ਮਿਲ ਜਾਏ ਤਾਂ ਨੀਤਾ ਨੂੰ ਵਿਆਹ ਦਈਏ।’’

‘‘ਡੈਡੀ, ਹਾਲੇ ਤਾਂ ਉਹ ਬਹੁਤ ਛੋਟੀ ਏ।’’

‘‘ਛੋਟੀ ਕਿਉਂ, ਅਠਾਰਵੇਂ ’ਚ ਏ।’’

ਮੰਮੀ ਡੈਡੀ ਤੋਂ ਵੀ ਕਾਹਲੀ ਲੱਗਦੀ ਸੀ। ਮੈਂ ਆਖਿਆ, ‘‘ਕਾਹਲੀ ਨਾ ਕਰੋ, ਮੇਰੀ ਵਾਰੀ ਤਾਂ ਤੁਸੀਂ...।’’

‘‘ਤਾਂ ਤੂੰ ਠੀਕ ਹੀ ਰਹਿ ਗਈ ਏਂ, ਮੁੰਡਾ ਠੀਕ ਮਿਲ ਗਿਆ, ਹੋਰ ਕੀ ਚਾਹੀਦਾ ਏ।’’

‘‘ਪਰ ਨੀਤਾ ਨੂੰ ਹਾਲੇ ਪੜ੍ਹ ਲੈਣ ਦਿਓ।’’

‘‘ਪਰ ਬੇਟੇ, ਮੇਰਾ ਕੁਝ ਨਹੀਂ ਪਤਾ।’’

‘‘ਡੈਡੀ, ਤੁਹਾਨੂੰ ਕੁਝ ਨਹੀਂ ਹੁੰਦਾ। ਮੈਂ ਏਸ ਬਿਮਾਰੀ ਬਾਰੇ ਪੜ੍ਹਿਆ ਏ, ਇਹ ਬਿਮਾਰੀ ਲਾਈਫ ਲਈ ਡੇਂਜਰ ਨਹੀਂ ਏ।’’

‘‘ਪਰ ਮੈਂ ਤਾਂ ਆਰੀ ਹੋ ਗਿਆ ਨਾ, ਹੁਣ ਕੁਝ ਵੀ ਕਰਨ ਜੋਗਾ ਨਹੀਂ ਰਿਹਾ।’’ ਕਹਿ ਕੇ ਡੈਡੀ ਬਹੁਤ ਉਦਾਸ ਹੋ ਗਏ, ਨਾਲ ਹੀ ਮੈਨੂੰ ਵੀ ਉਦਾਸ ਕਰ ਗਏ। ਛੇਤੀਂ ਹੀ ਉਨ੍ਹਾਂ ਦਾ ਕੰਮ ਛੁੱਟ ਗਿਆ ਤੇ ਡਿਸੇਬਿਲਟੀ ਬੈਨੇਫਿਟ ਮਿਲਣਾ ਸ਼ੁਰੂ ਹੋ ਗਿਆ। ਹੁਣ ਸਾਡੇ ਸਾਹਮਣੇ ਡੈਡੀ ਨੂੰ ਸੰਭਾਲਣ ਦਾ ਵੱਡਾ ਕੰਮ ਆ ਖੜ੍ਹਾ ਸੀ।

-----

ਮੰਮੀ ਨੂੰ ਸ਼ਾਮ ਦਾ ਕੰਮ ਮਿਲ ਗਿਆ। ਦਿਨ ਭਰ ਉਹ ਡੈਡੀ ਕੋਲ ਰਹਿੰਦੀ। ਉਹਦੇ ਕੰਮ ’ਤੇ ਜਾਣ ਤਕ ਨੀਤਾ ਕਾਲਜ ਤੋਂ ਆ ਜਾਂਦੀ। ਮੈਂ ਵੀ ਗੇੜਾ ਮਾਰਦੀ ਰਹਿੰਦੀ ਪਰ ਮੈਨੂੰ ਟਿਕਾਅ ਜਿਹਾ ਨਾ ਆਉਂਦਾ। ਮੈਂ ਪਰੀ ਦੇ ਜਨਮ ’ਤੇ ਇਕ ਵਾਰ ਫਿਰ ਕੰਮ ਛੱਡ ਦਿੱਤਾ ਸੀ ਮੈਨੂੰ ਮੁੜ ਵਾਪਸ ਮਿਲ ਗਿਆ। ਮੈਂ ਪਰੀ ਨੂੰ ਮੰਮੀ ਕੋਲ ਛੱਡ ਕੇ ਕੰਮ ’ਤੇ ਚਲੇ ਜਾਂਦੀ। ਵਿਚ-ਵਿਚ ਵੀ ਗੇੜਾ ਮਾਰ ਜਾਂਦੀ। ਕੰਮ ਛੱਡ ਕੇ ਕੁਝ ਵਕਤ ਹੋਰ ਡੈਡੀ ਕੋਲ ਗੁਜ਼ਾਰ ਸਕਦੀ। ਮੰਮੀ ਕੰਮ ’ਤੇ ਹੁੰਦੀ ਤਾਂ ਮੈਂ ਬਿੰਨੀ ਤੇ ਨੀਤਾ ਨੂੰ ਰੋਟੀ ਖਵਾ ਆਉਂਦੀ। ਡੈਡੀ ਨੂੰ ਵਕਤ ਸਿਰ ਦਵਾਈ ਦੇ ਸਕਦੀ ਹੁੰਦੀ।

-----

ਡੈਡੀ ਦਾ ਹੱਥ ਇੰਨਾ ਹਿੱਲਣ ਲੱਗ ਪਿਆ ਕਿ ਉਨ੍ਹਾਂ ਲਈ ਪੱਗ ਬੰਨ੍ਹਣੀ ਮੁਸ਼ਕਲ ਹੋ ਗਈ। ਮੰਮੀ ਉਨ੍ਹਾਂ ਦੀ ਪੱਗ ਬੰਨ੍ਹਦੀ ਪਰ ਉਨ੍ਹਾਂ ਨੂੰ ਪਸੰਦ ਨਾ ਆਉਂਦੀ। ਢਾਹ-ਢਾਹ ਕੇ ਦੁਬਾਰਾ ਬੰਨ੍ਹਦੇ। ਅੰਤ ਹਾਰ ਕੇ ਅਸੀਂ ਉਨ੍ਹਾਂ ਦੇ ਵਾਲ਼ ਕਟਵਾ ਦਿੱਤੇ। ਵਾਲ਼ਾਂ ਦਾ ਉਨ੍ਹਾਂ ਨੂੰ ਬਹੁਤ ਦੁੱਖ ਲੱਗਿਆ। ਉਹ ਆਖਦੇ, ‘‘ਜਿਹਨਾਂ ਦਿਨਾਂ ਵਿਚ ਇਥੇ ਪੱਗਾਂ ਵਾਲਿਆਂ ਨੂੰ ਨਫ਼ਰਤ ਕਰਦੇ ਸੀ, ਕੰਮ ਨਹੀਂ ਸਨ ਦਿੰਦੇ, ਉਦੋਂ ਵੀ ਮੈਂ ਵਾਲ਼ਾਂ ਦੀ ਸੰਭਾਲ ਕੀਤੀ, ਦੇਖੋ ਲਾਈਫ਼ ਨੇ ਕੈਸਾ ਚੱਕਰ ਕੱਟਿਆ ਕਿ....।’’

‘‘ਇਹ ਤਾਂ ਸਭ ਰੱਬ ਦੇਖਦਾ ਈ ਏ, ਤੁਸੀਂ ਕਿਹੜਾ ਜਾਣ ਕੇ...।’’

ਮੰਮੀ ਦੀ ਦਲੀਲ ’ਤੇ ਉਹ ਖਿਝ ਕੇ ਆਖਦੇ, ‘‘ਕਿਹੜਾ ਰੱਬ! ਜੇ ਰੱਬ ਹੁੰਦਾ ਤਾਂ ਮੇਰੀ ਇਹ ਹਾਲਤ ਨਾ ਹੁੰਦੀ, ਮੈਂ ਕਿਹੜਾ ਗੁਨਾਹ ਕੀਤਾ ਸੀ?’’

ਡੈਡੀ ਰੱਬ ਨੂੰ ਬੁਰਾ ਭਲਾ ਬੋਲਣ ਲੱਗਦੇ। ਉਨ੍ਹਾਂ ਪਾਠ ਕਰਨਾ ਛੱਡ ਦਿੱਤਾ ਤੇ ਹੁਣ ਗੁਰਦਵਾਰੇ ਵੀ ਨਾ ਜਾਂਦੇ।

*****

ਚਲਦਾ

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 7

ਕਾਂਡ – 7

ਕ੍ਰਿਸਮਿਸ ਉਪਰ ਸਾਡਾ ਇੰਡੀਆ ਜਾਣ ਦਾ ਪ੍ਰੋਗਰਾਮ ਬਣ ਗਿਆ। ਡੈਡੀ ਨੇ ਮੇਰਾ ਕੰਮ ਛੁਡਵਾ ਲਿਆ। ਮੰਮੀ ਅਨੁਸਾਰ ਡੈਡੀ ਆਖਦੇ ਸਨ ਕਿ ਜੇ ਕੋਈ ਮੁੰਡਾ ਪਸੰਦ ਆ ਗਿਆ ਤਾਂ ਮੇਰਾ ਵਿਆਹ ਕਰ ਦੇਣਾ ਸੀ, ਫਿਰ ਪਤਾ ਨਹੀਂ ਕਿੰਨੀ ਦੇਰ ਇੰਡੀਆ ਰਹਿਣਾ ਪਵੇ। ਨਹੀਂ ਤਾਂ ਮੁੜਕੇ ਫਿਰ ਕੰਮ ਕਰ ਲਵਾਂਗੀ। ਜੇ ਇਸ ਸਟੋਰ ਵਿਚ ਨਹੀਂ ਤਾਂ ਕਿਧਰੇ ਹੋਰ ਮਿਲ ਜਾਵੇਗਾ।

-----

ਅਸੀਂ ਇੰਡੀਆ ਪਹਿਲੀ ਵਾਰ ਗਏ ਸਾਂ। ਡੈਡੀ ਦਾ ਚੱਕਰ ਲੱਗਦਾ ਰਿਹਾ ਸੀ ਪਰ ਜਦੋਂ ਤੋਂ ਅਸੀਂ ਇੰਗਲੈਂਡ ਆਏ ਹੁਣੇ ਹੀ ਮੁੜੇ ਸਾਂ। ਇੰਡੀਆ ਜਾਣਾ ਬਹੁਤ ਚੰਗਾ ਲੱਗਿਆ। ਆਲਾ ਦੁਆਲਾ ਆਪਣਾ-ਆਪਣਾ ਲੱਗ ਰਿਹਾ ਸੀ। ਸਾਰੇ ਚਾਚੇ ਤਾਏ ਤੇ ਉਨ੍ਹਾਂ ਦੇ ਅੱਗੇ ਪੁੱਤ ਧੀ ਸਾਡੇ ਨਾਲ ਬਹੁਤਾ ਹੀ ਮੋਹ ਕਰ ਰਹੇ ਸਨ। ਸਾਰੇ ਅਲੱਗ-ਅਲੱਗ ਰਹਿੰਦੇ ਸਨ ਪਰ ਸਾਡੇ ਗਿਆਂ ’ਤੇ ਸਾਰੇ ਹੀ ਇਕੱਠੇ ਹੋ ਗਏ। ਇਕ ਥਾਂ ’ਤੇ ਰੋਟੀ ਬਣਨ ਲਗੀ। ਵਿਆਹ ਜਿੰਨੀ ਰੌਣਕ ਲੱਗੀ ਰਹਿੰਦੀ। ਪਿੰਡ ਦੇ ਲੋਕ ਵੀ ਮਿਲਣ ਲਈ ਆਏ ਰਹਿੰਦੇ। ਮੈਨੂੰ ਸਭ ਤੋਂ ਜ਼ਿਆਦਾ ਮੋਹ ਗੁਲਾਬਾਂ ਭੂਆ ਦਾ ਆਉਂਦਾ। ਭੂਆ ਹਰ ਵੇਲੇ ਮੇਰੇ ਨਾਲ ਰਹਿੰਦੀ। ਅੰਦਰ ਬਾਹਰ ਜਾਣ ਤੋਂ ਲੈ ਕੇ ਸੌਣ ਤੱਕ ਅਸੀਂ ਇਕੱਠੀਆਂ ਰਹਿੰਦੀਆਂ। ਭੂਆ ਕਿੰਨੀਆਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਮੇਰੇ ਨਾਲ ਕਰਦੀ। ਸਾਡਾ ਪਿਆਰ ਦੇਖ ਕੇ ਮੰਮੀ ਵੀ ਈਰਖਾ ਕਰਨ ਲੱਗੀ ਸੀ। ਇਕ ਦਿਨ ਭੂਆ ਪਰ੍ਹਾਂ ਹੋਈ ਤਾਂ ਮੰਮੀ ਮੈਨੂੰ ਆਖਣ ਲੱਗੀ, “ਦੇਖ ਜ਼ਰਾ, ਗਜ਼ ਭਰ ਦੀ ਢਾਕ ਏ, ਭਮਾਂ ਦਰਜਨ ਜੁਆਕ ਜੰਮਦੀ ਪਰ ਇਹ ਕਲਮੂੰਹੀ ਰੁੱਸ ਕੇ ਇਥੇ ਆਈ ਬੈਠੀ ਏ।”

-----

ਮੈਨੂੰ ਮੰਮੀ ਦੀ ਗੱਲ ਚੰਗੀ ਨਾ ਲੱਗੀ। ਭੂਆ ਦੀ ਆਪਣੇ ਪਤੀ ਨਾਲ ਬਣੀ ਨਹੀਂ ਸੀ ਇਸ ਲਈ ਉਸ ਨੂੰ ਛੱਡ ਆਈ ਸੀ ਤੇ ਮੁੜ ਸਹੁਰੀਂ ਨਹੀਂ ਸੀ ਗਈ। ਹੁਣ ਉਹ ਸਾਡੇ ਵਾਲੇ ਹਿੱਸੇ ਦੇ ਘਰ ਵਿਚ ਰਹਿੰਦੀ ਸੀ ਪਰ ਪੂਰੇ ਟੱਬਰ ਵਿਚ ਭੂਆ ਦਾ ਸਤਿਕਾਰ ਸੀ, ਕਿਸੇ ਮੱਥੇ ਵੱਟ ਨਹੀਂ ਸੀ ਪਾਇਆ। ਮੰਮੀ ਵੀ ਸ਼ਾਇਦ ਮੇਰੇ ਮੁਹਰੇ ਹੀ ਇਹ ਬੋਲ ਬੋਲ ਰਹੀ ਸੀ।

-----

ਭੂਆ ਹੀ ਮੈਨੂੰ ਦੱਸਦੀ ਕਿੰਨੇ ਜ਼ੋਰ ਸ਼ੋਰ ਨਾਲ ਮੇਰੇ ਲਈ ਮੁੰਡਾ ਲਭਿਆ ਜਾ ਰਿਹਾ ਸੀ। ਜਿਥੇ ਕਿਤੇ ਦੱਸ ਪੈਂਦੀ ਡੈਡੀ ਤੇ ਤਾਇਆ ਜੀ ਕਾਰ ਲੈ ਕੇ ਭੱਜ ਜਾਂਦੇ। ਪਰ ਕੋਈ ਮੁੰਡਾ ਉਨ੍ਹਾਂ ਨੂੰ ਪਸੰਦ ਨਹੀਂ ਸੀ ਆ ਰਿਹਾ ਸੀ। ਭੂਆ ਮੋਹ ਵਿਚ ਆਈ ਮੇਰੀ ਗੱਲ੍ਹ ’ਤੇ ਹੱਥ ਫੇਰਦੀ ਆਖਦੀ, ਠਸਾਡੀ ਧੀ ਲਈ ਤਾਂ ਕੋਈ ਰਾਜਕੁਮਾਰ ਈ ਚਾਹੀਦਾ ਏ।”

-----

ਇਕ ਦਿਨ ਡੈਡੀ ਬਹੁਤ ਖ਼ੁਸ਼-ਖ਼ੁਸ਼ ਘਰ ਮੁੜੇ। ਭੂਆ ਦੱਸਦੀ ਸੀ ਕਿ ਜਲੰਧਰ ਮੁੰਡਾ ਵੇਖਣ ਗਏ ਸਨ। ਸਾਰੇ ਆਦਮੀ ਬੈਠੇ ਸਲਾਹ ਕਰਨ ਲੱਗੇ। ਬਾਬਾ ਜੀ ਆਖ ਰਹੇ ਸਨ, “ਨਾ ਭਾਈ, ਇਹ ਦਬਾਬੀਏ ਚੰਗੇ ਨੀਂ ਹੁੰਦੇ, ਇਧਰ ਹੀ ਲਾਣੇ ਦਾ ਕੋਈ ਮੁੰਡਾ ਮਿਲ ਜੂਗਾ, ਜ਼ਰਾ ਸਬਰ ਕਰੋ।”

“ਬਾਪੂ ਜੀ, ਓਥੇ ਅਸੀਂ ਦਬਾਬੀਆਂ ’ਚ ਈ ਰਹਿੰਨੇ ਵਾਂ, ਕੋਈ ਫਰਕ ਨਈਂ ਹੁੰਦਾ, ਤੁਸੀਂ ਸਾਰੇ ਕੇਰਾਂ ਮੁੰਡੇ ’ਤੇ ਨਜ਼ਰ ਮਾਰ ਲਵੋ, ਫਿਰ ਆਖਿਓ।”

ਮੈਂ ਤੇ ਭੂਆ ਬੂਹੇ ਓਹਲੇ ਖੜ੍ਹੀਆਂ ਸੀ। ਭੂਆ ਨੇ ਮੇਰੇ ਚੂੰਢੀ ਵੱਢੀ। ਮੈਂ ਵੀ ਹੁਣ ਤਕ ਵਿਆਹ ਦਾ ਸੁਫ਼ਨਾ ਵੇਖਣ ਲੱਗ ਪਈ ਸੀ।

-----

ਸਭ ਨੇ ਜਾ ਕੇ ਮੁੰਡਾ ਵੇਖਿਆ। ਆਪਣੀਆਂ ਤਸੱਲੀਆਂ ਕੀਤੀਆਂ। ਮੰਮੀ ਤੇ ਭੂਆ ਵੀ ਜਾ ਆਈਆਂ। ਭੂਆ ਬਹੁਤ ਖ਼ੁਸ਼ ਸੀ, ਮੰਮੀ ਵੀ ਉਸ ਦੀਆਂ ਤਾਰੀਫ਼ਾਂ ਕਰੀ ਜਾਂਦੀ। ਡੈਡੀ ਨੇ ਮੈਨੂੰ ਕੋਲ ਸੱਦ ਕੇ ਆਖਿਆ, ‘‘ਦੇਖ ਬੇਟੇ, ਅਸੀਂ ਤੇਰੇ ਲਈ ਮੁੰਡਾ ਵੇਖਿਆ ਏ, ਸਾਡੀ ਉਦੋਂ ਤਕ ਕੋਈ ‘ਹਾਂ’ ਨਹੀਂ ਜਦ ਤਕ ਤੈਨੂੰ ਪਸੰਦ ਨਾ ਹੋਵੇ, ਤੂੰ ਮੰਮੀ ਤੇ ਗੁਲਾਬਾਂ ਨਾਲ ਜਾ ਕੇ ਵੇਖ ਆ ਤੇ ਸਾਨੂੰ ਆ ਕੇ ਦੱਸ।’’

ਮੈਂ ਕੁਝ ਨਾ ਬੋਲੀ। ਬੋਲਦੀ ਵੀ ਕੀ, ਮੈਨੂੰ ਤਾਂ ਸੰਗ ਹੀ ਆਈ ਜਾ ਰਹੀ ਸੀ। ਮੇਰਾ ਦਿਲ ਤਾਂ ਕਰਦਾ ਸੀ ਕਿ ਇਕ ਵਾਰ ਮੁੰਡਾ ਵੇਖ ਲਵਾਂ ਪਰ ਫਿਰ ਸੋਚਦੀ ਕਿ ਜਦ ਸਭ ਇੰਨੇ ਖ਼ੁਸ਼ ਹਨ ਤਾਂ ਮੁੰਡਾ ਠੀਕ ਹੀ ਹੋਵੇਗਾ। ਮੈਂ ਮੰਮੀ ਕੋਲ ਨਾਂਹ ਕਰ ਦਿੱਤੀ ਕਿ ਮੈਂ ਮੁੰਡਾ ਨਹੀਂ ਵੇਖਣਾ ਪਰ ਡੈਡੀ ਜ਼ਿੱਦ ਕਰ ਰਹੇ ਸਨ ਕਿ ਮੈਂ ਮੁੰਡਾ ਵੇਖਾਂ ਤੇ ਉਸ ਨਾਲ ਕੁਝ ਗੱਲਾਂ ਜ਼ਰੂਰ ਕਰਾਂ।

-----

ਅਸੀਂ ਜਲੰਧਰ ਗਈਆਂ। ਕਿਸੇ ਹੋਟਲ ਵਿਚ ਸਾਰੇ ਇਕੱਠੇ ਹੋਏ। ਮੁੰਡੇ ਨਾਲ ਉਸ ਦੀ ਮਾਂ ਅਤੇ ਭੈਣ ਸਨ। ਰਾਹ ਵਿਚ ਮੈਂ ਮਨ ਬਣਾ ਲਿਆ ਕਿ ਮੁੰਡੇ ਨੂੰ ਦੋ ਕੁ ਸਵਾਲ ਪੁੱਛਾਂਗੀ ਤੇ ਦੱਸਾਂਗੀ ਕਿ ਮੈਂ ਇੰਡੀਅਨ ਪਤਨੀ ਨਹੀਂ ਬਣਨਾ, ਆਪਣੇ ਬਰਾਬਰ ਸਮਝਣਾ ਏ ਤਾਂ ਵਿਆਹ ਕਰਾਵੇ। ਪਰ ਇੰਨੀ ਭੀੜ ਵਿਚ ਕੋਈ ਗੱਲ ਨਾ ਹੋ ਸਕੀ। ਸੰਗਦਿਆਂ-ਸੰਗਦਿਆਂ ਦੋ ਕੁ ਵਾਰ ਉਸ ਨੇ ਮੇਰੇ ਵੱਲ ਵੇਖਿਆ ਤੇ ਮੈਂ ਉਸ ਵੱਲ। ਮੈਨੂੰ ਉਹ ਬਹੁਤ ਖ਼ਾਸ ਵੀ ਨਹੀਂ ਲੱਗਿਆ ਕਿ ਮੈਂ ਖ਼ੁਸ਼ੀ ਵਿਚ ਉੱਛਲ ਪੈਂਦੀ ਪਰ ਬੁਰਾ ਵੀ ਨਹੀਂ ਸੀ। ਠੀਕ-ਠੀਕ ਸੀ। ਮੈਂ ਉਥੇ ਹੀ ‘ਹਾਂ’ ਕਰ ਦਿੱਤੀ। ਸਾਰੇ ਹੀ ਇੰਨੇ ਖ਼ੁਸ਼ ਸਨ ਕਿ ਮੈਂ ‘ਹਾਂ’ ਕਰਨੀ ਠੀਕ ਸਮਝੀ।

-----

ਪਹਿਲਾਂ ਮੈਨੂੰ ਵਿਆਹ ਦਾ ਚਾਅ ਨਹੀਂ ਸੀ ਪਰ ਹੁਣ ਚਾਅ ਜਿਹਾ ਚੜ੍ਹਨ ਲੱਗਿਆ ਸੀ। ਜਿਵੇਂ-ਜਿਵੇਂ ਵਿਆਹ ਨੇੜੇ ਆ ਰਿਹਾ ਸੀ ਉਵੇਂ-ਉਵੇਂ ਉਹ ਮੁੰਡਾ ਮੈਨੂੰ ਸੋਹਣਾ ਲੱਗਣ ਡਹਿ ਪਿਆ। ਮੇਰਾ ਦਿਲ ਕਰਦਾ ਕਿ ਉਸ ਨੂੰ ਇਕ ਵਾਰ ਮਿਲਿਆ ਜਾਵੇ ਤਾਂ ਜੋ ਦਿਲ ਭਰ ਕੇ ਵੇਖ ਸਕਾਂ। ਉਸ ਦਿਨ ਤਾਂ ਚੰਗੀ ਤਰ੍ਹਾਂ ਦੇਖ ਵੀ ਨਹੀਂ ਸੀ ਸਕੀ। ਮੈਨੂੰ ਪਤਾ ਸੀ ਕਿ ਜਲੰਧਰ ਬਹੁਤ ਦੂਰ ਸੀ। ਦਰਿਆ ਟੱਪ ਕੇ ਜਾਣਾ ਪੈਂਦਾ ਸੀ। ਜੇ ਕਿਤੇ ਨੇੜੇ ਹੁੰਦਾ ਤਾਂ ਭੂਆ ਨੂੰ ਲੈ ਕੇ ਉਸ ਦੇ ਕਾਲਜ ਦਾ ਗੇੜਾ ਮਾਰ ਲੈਂਦੀ ਜਿਥੇ ਉਹ ਪੜ੍ਹਦਾ ਸੀ।

-----

ਮੈਨੂੰ ਵਿਆਹ ਤੋਂ ਕਦੇ ਡਰ ਨਹੀਂ ਸੀ ਲੱਗਦਾ ਪਰ ਤਾਏ ਦੀ ਨੂੰਹ ਬਹੁਤ ਡਰਾਉਂਦੀ। ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣ ਡਹਿ ਪੈਂਦੀ। ਮੈਨੂੰ ਲੱਗਣ ਲੱਗ ਪੈਂਦਾ ਕਿ ਪਤਾ ਨਹੀਂ ਮੇਰਾ ਕੀ ਬਣੇਗਾ। ਮੇਰਾ ਪਤੀ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਸਹੁਰੇ ਕਿਵੇਂ ਪੇਸ਼ ਆਉਣਗੇ ਮੇਰੇ ਨਾਲ। ਪਰ ਮੇਰਾ ਡਰ ਨਿਰਾ ਡਰ ਹੀ ਰਿਹਾ। ਸਭ ਕੁਝ ਠੀਕ ਸੀ। ਮੇਰੀ ਸੱਸ ਤੇ ਸਹੁਰਾ ਬਹੁਤ ਚੰਗੇ ਸਨ। ਹੋਰ ਘਰ ਦੇ ਜੀਅ ਵੀ। ਰਵੀ ਤਾਂ ਮੈਨੂੰ ਬਹੁਤ ਪਸੰਦ ਸੀ। ਵਿਆਹ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਵਿਆਹ ਤਾਂ ਖ਼ੂਬਸੂਰਤ ਚੀਜ਼ ਸੀ। ਇਹ ਤਾਂ ਇਕ ਬਹੁਤ ਵਧੀਆ ਤੇ ਆਨੰਦਮਈ ਹਾਦਸਾ ਸੀ ਭਾਵੇਂ ਪਹਿਲਾਂ ਹੀ ਵਾਪਰ ਜਾਂਦਾ।

------

ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈ। ਹਰ ਚੀਜ਼ ਮੇਰੇ ਲਈ ਨਵੀਂ ਨਕੋਰ ਹੋ ਗਈ। ਮੈਨੂੰ ਆਲਾ-ਦੁਆਲਾ ਬਹੁਤ ਪਿਆਰਾ-ਪਿਆਰਾ ਲੱਗਿਆ। ਸਹੁਰਿਆਂ ਦਾ ਛੋਟਾ ਜਿਹਾ ਘਰ ਪਰ ਚੰਗਾ ਲੱਗਦਾ ਸੀ। ਸਹੁਰੇ ਘਰ ਮੈਨੂੰ ਚੰਗਾ ਨਹੀਂ ਸੀ ਲੱਗਿਆ ਤਾਂ ਉਨ੍ਹਾਂ ਦੀ ਬੋਲੀ। ਜਿਹੜਾ ਵੀ ਆਉਂਦਾ ਅਜੀਬ ਜਿਹੀ ਬੋਲੀ ਬੋਲਦਾ। ਕਈ ਵਾਰ ਸਮਝ ਵੀ ਨਾ ਪੈਂਦੀ ਕਿ ਕੀ ਆਖਿਆ ਜਾ ਰਿਹਾ ਹੈ। ਸਭ ਹੋਰਵੇਂ ਹੀ ਬੋਲਦੇ।

-----

ਮੈਂ ਆਪਣੀ ਅਥਾਹ ਖ਼ੁਸ਼ੀ ਮੰਮੀ ਨਾਲ ਸਾਂਝੀ ਕੀਤੀ ਤਾਂ ਉਹ ਖਿਝਦੀ ਜਿਹੀ ਆਖਣ ਲੱਗੀ, ‘‘ਰਹਿਣ ਦੇ ਕੰਵਲ, ਬਹੁਤਾ ਤਾਂਘੜ ਨਾ, ਸਾਰੀ ਦੁਨੀਆਂ ਦੇ ਈ ਵਿਆਹ ਹੁੰਦੇ ਨੇ, ਹਿਸਾਬ ਦੀ ਖ਼ੁਸ਼ੀ ਦਿਖਾਈਦੀ ਏ।’’

ਭੂਆ ਰਵੀ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੀ ਤੇ ਆਖਦੀ, ‘‘ਆਪਣੇ ਮਰਦ ਨੂੰ ਸੰਭਾਲ ਕੇ ਰੱਖੀਂ ਕੰਵਲ, ਇਹੋ ਜਿਹੇ ਮਰਦ ਕਿਤੇ ਧਰੇ ਪਏ ਨੇ, ਚੰਗੇ ਮਰਦ ਡੱਬੀ ’ਚ ਪਾ ਕੇ ਰੱਖਣੇ ਪੈਂਦੇ ਨੇ। ਪੱਕੀ ਫ਼ਸਲ ਵਾਂਗ ਸਦਾ ਈ ਇਨ੍ਹਾਂ ਦੀ ਰਾਖੀ ਕਰਨੀ ਪੈਂਦੀ ਏ।’’ ਮੇਰੇ ਆਲੇ-ਦੁਆਲੇ ਬਹੁਤੇ ਪਤੀ ਨਹੀਂ ਸਨ। ਸਾਡੇ ਮਾਮੇ ਦੀ ਕੁੜੀ ਸ਼ਮਿੰਦਰਜੀਤ ਦਾ ਪਤੀ ਭਗਵੰਤ ਹੀ ਸੀ। ਉਹ ਮੈਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਦਾ। ਹਰ ਵੇਲੇ ਬੁਝਿਆ ਜਿਹਾ ਰਹਿੰਦਾ। ਕਿਸੇ ਨਾਲ ਹੱਸ ਕੇ ਗੱਲ ਨਾ ਕਰਦਾ। ਸ਼ਮਿੰਦਰਜੀਤ ਦੀ ਕਿਸੇ ਖ਼ੁਸ਼ੀ ਦਾ ਧਿਆਨ ਤਾਂ ਉਹ ਰੱਖਦਾ ਹੀ ਨਹੀਂ ਸੀ। ਹੋਰ ਜਿਥੇ ਵੀ ਸੁਣਨ ਨੂੰ ਮਿਲਦੀ ਸਭ ਔਰਤਾਂ ਭਾਰਤੀ ਪਤੀਆਂ ਨੂੰ ਬੁਰਾ ਭਲਾ ਕਹਿੰਦੀਆਂ ਨਾ ਥਕਦੀਆਂ। ਮੇਰੇ ’ਤੇ ਇਹੋ ਪ੍ਰਭਾਵ ਸੀ ਕਿ ਸਾਡੀਆਂ ਔਰਤਾਂ ਪਤਨੀਆਂ ਘੱਟ ਤੇ ਗ਼ੁਲਾਮ ਵਧੇਰੇ ਹੁੰਦੀਆਂ ਹਨ। ਪਰ ਰਵੀ ਦਾ ਵਤੀਰਾ ਕੁਝ ਅਲੱਗ ਸੀ। ਉਹ ਆਮ ਪਤੀ ਤੋਂ ਹਟ ਕੇ ਸੀ। ਭਾਵੇਂ ਉਹ ਕਾਲਜ ਵਿਚ ਐਮ. ਏ. ਦਾ ਵਿਦਿਆਰਥੀ ਸੀ ਪਰ ਵਰਤਾਵ ਵਲੋਂ ਬਹੁਤ ਗੰਭੀਰ ਸੀ।

-----

ਮੇਰੇ ਵਿਆਹ ਤੋਂ ਬਾਅਦ ਡੈਡੀ ਨੇ ਵੇਖਿਆ ਕਿ ਮੈਂ ਬਹੁਤ ਖ਼ੁਸ਼ ਸੀ ਤਾਂ ਉਨ੍ਹਾਂ ਵਾਪਸੀ ਦੀ ਤਿਆਰੀ ਕਰ ਲਈ। ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਮੈਂ ਮਹੀਨਾ ਭਰ ਇੰਡੀਆ ਰਹੀ ਤੇ ਫਿਰ ਮੈਂ ਵੀ ਵਾਪਸ ਆ ਗਈ। ਕੁਝ ਮਹੀਨਿਆਂ ਬਾਅਦ ਰਵੀ ਵੀ ਆ ਗਿਆ। ਇਹ ਕੁਝ ਮਹੀਨੇ ਮੇਰੇ ਲਈ ਕੁਝ ਸਾਲ ਸਨ। ਮੈਨੂੰ ਲੱਗਦਾ ਜਿਵੇਂ ਮੈਂ ਬਹੁਤ ਦੇਰ ਤੋਂ ਇਕੱਲੀ ਹੋਵਾਂ।

-----

ਰਵੀ ਆਇਆ ਤਾਂ ਸਾਰੇ ਘਰ ਵਿੱਚ ਹੀ ਨਵੀਂ ਮਹਿਕ ਭਰ ਗਈ। ਉਹ ਹਰ ਵੇਲੇ ਨਿੱਕੇ-ਨਿੱਕੇ ਮਜ਼ਾਕ ਕਰਦਾ ਰਹਿੰਦਾ। ਘਰ ਦੇ ਛੋਟੇ-ਮੋਟੇ ਕੰਮ ਭੱਜ-ਭੱਜ ਕੇ ਕਰਦਾ। ਆਪਣੇ ਆਪ ਨੂੰ ਘਰ ਦਾ ਜ਼ਿੰਮੇਵਾਰ ਜੀਅ ਸਮਝਦਾ। ਡੈਡੀ ਉਸ ਉਪਰ ਖ਼ੁਸ਼ ਸਨ। ਮੰਮੀ ਨੂੰ ਤਾਂ ਉਹ ਬਹੁਤ ਪਸੰਦ ਸੀ। ਮੰਮੀ ਹਰ ਵੇਲੇ ਆਖਦੀ ਰਹਿੰਦੀ- ‘‘ਕੰਵਲ, ਤੂੰ ਬੜੀ ਲੱਕੀ ਏਂ, ਇਹੋ ਜਿਹੇ ਮੁੰਡੇ ਕਿਥੋਂ ਮਿਲਦੇ ਨੇ ਅੱਜ ਕਲ੍ਹ।’’

------

ਰਵੀ ਨੂੰ ਕਾਰਾਂ ਦੀ ਫੋਰਡ ਫੈਕਟਰੀ, ਜਿਹੜੀ ਕਿ ਡੈਗਨਮ ਵਿਚ ਸੀ, ਵਿਚ ਕੰਮ ਮਿਲ ਗਿਆ। ਦੋ ਹਫ਼ਤੇ ਦਿਨ ਸਨ ਤੇ ਦੋ ਹਫ਼ਤੇ ਰਾਤਾਂ। ਫਿਰ ਰਵੀ ਨੇ ਅੰਦਰ ਹੀ ਕੋਈ ਕੋਰਸ ਕਰ ਲਿਆ ਤੇ ਉਸ ਦੇ ਪੱਕੇ ਹੀ ਦਿਨ ਹੋ ਗਏ। ਇਹ ਫੈਕਟਰੀ ਘਰੋਂ ਕਾਫੀ ਦੂਰ ਪੈ ਜਾਂਦੀ ਪਰ ਉਥੇ ਤਨਖ਼ਾਹ ਕਾਫੀ ਸੀ। ਫਿਰ ਰਵੀ ਦੇ ਕੁਝ ਦੋਸਤ ਵੀ ਉਥੇ ਕੰਮ ਕਰਦੇ ਸਨ। ਆਉਣ ਜਾਣ ਦੀ ਤਕਲੀਫ਼ ਤੋਂ ਬਾਅਦ ਵੀ ਰਵੀ ਉਥੇ ਹੀ ਖ਼ੁਸ਼ ਸੀ। ਉਥੇ ਉਸ ਦਾ ਦਿਲ ਲੱਗਿਆ ਹੋਇਆ ਸੀ।

------

ਰਵੀ ਕੰਮ ਤੋਂ ਕਦੇ ਜੀਅ ਨਹੀਂ ਸੀ ਕਤਰਾਉਂਦਾ। ਹਫ਼ਤਾ ਭਰ ਫੈਕਟਰੀ ਵਿਚ ਕੰਮ ਕਰਕੇ ਵੀਕ ਐਂਡ ਤੇ ਕਿਸੇ ਦੋਸਤ ਨਾਲ ਮਾਰਕੀਟ ਲਗਵਾਉਣ ਚਲੇ ਜਾਂਦਾ। ਰਵੀ ਨੂੰ ਡੈਡੀ ਦੇ ਘਰ ਰਹਿਣਾ ਚੰਗਾ ਨਾ ਲੱਗਦਾ। ਉਹ ਕਈ ਵਾਰ ਆਖ ਚੁੱਕਾ ਸੀ ਕਿ ਕਿਰਾਏ ’ਤੇ ਕੋਈ ਕਮਰਾ ਲੈ ਲਈਏ ਪਰ ਡੈਡੀ ਨਹੀਂ ਸਨ ਮੰਨਦੇ। ਜਦ ਰਵੀ ਇਵੇਂ ਆਖਦਾ ਤਾਂ ਮੰਮੀ ਉਸ ਨਾਲ ਨਰਾਜ਼ ਹੋ ਜਾਂਦੀ। ਮੰਮੀ ਮੈਨੂੰ ਕਿਰਾਏ ਦੇ ਕਮਰੇ ਵਿੱਚ ਰਹਿੰਦਿਆਂ ਨਹੀਂ ਸੀ ਦੇਖ ਸਕਦੀ।

-----

ਇਨ੍ਹਾਂ ਦਿਨਾਂ ਵਿਚ ਹੀ ਰਵੀ ਨੇ ਟੈਸਟ ਪਾਸ ਕਰ ਲਿਆ। ਉਸ ਦੇ ਨਾਲ ਹੀ ਮੈਂ ਟੈਸਟ ਭਰ ਦਿੱਤਾ। ਮੈਂ ਵੀ ਇਸ ਵਾਰ ਪਾਸ ਕਰ ਗਈ। ਟੈਸਟ ਪਾਸ ਕਰਨ ਤੋਂ ਬਾਅਦ ਰਵੀ ਇਕ ਕਾਰ ਵੀ ਕਿਧਰੋਂ ਲੈ ਆਇਆ। ਡੈਡੀ ਵਾਲੀ ਕਾਰ ਹੁਣ ਤਕ ਖੜੀ ਹੀ ਖਰਾਬ ਹੋ ਗਈ ਸੀ। ਉਸ ਦੀ ਐਮ. ਓ. ਟੀ. ਕਰਾਉਣ ਲੈ ਕੇ ਗਏ ਤਾਂ ਥਾਂ-ਥਾਂ ਜੰਗਾਲ ਲੱਗਿਆ ਹੋਇਆ ਨਿਕਲਿਆ। ਉਵੇਂ ਹੀ ਸੁਟਣੀ ਪਈ ਸੀ ਡੈਡੀ ਵਾਲੀ ਕਾਰ।

-----

ਜਿਥੇ ਘਰ ਵਿਚ ਸਾਰੇ ਖ਼ੁਸ਼ ਸਨ ਉਥੇ ਡੈਡੀ ਦਾ ਮੂਡ ਬਦਲਣ ਲੱਗਿਆ। ਉਹ ਰਵੀ ਨਾਲ ਵੱਟੇ-ਵੱਟੇ ਰਹਿਣ ਲੱਗੇ। ਰਵੀ ਕਾਰ ਵਿਚ ਸਭ ਨੂੰ ਇਧਰ-ਉਧਰ ਘੁੰਮਾਉਂਦਾ ਫਿਰਦਾ ਪਰ ਡੈਡੀ ਉਸ ਨਾਲ ਘੱਟ ਹੀ ਬੈਠਦੇ। ਵੀਕ ਐਂਡ ’ਤੇ ਗੁਰਦੁਵਾਰੇ ਤਕ ਹੀ ਜਾਂਦੇ। ਮੈਂ ਡੈਡੀ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦੀ ਕਿ ਉਨ੍ਹਾਂ ਦੇ ਮਨ ਵਿਚ ਕੀ ਸੀ ਪਰ ਉਹ ਕੁਝ ਨਾ ਆਖਦੇ। ਇਕ ਦਿਨ ਉਹ ਮੈਨੂੰ ਪੁੱਛਣ ਲੱਗੇ, ‘‘ਤੁਸੀਂ ਪੈਸੇ ਜੋੜਦੇ ਵੀ ਓ ਕਿ.... ਕਾਰਾਂ ਈ ਲਈ ਜਾਂਦੇ ਓ?’’

ਇਹ ਗੱਲ ਤਾਂ ਮੈਂ ਕਦੇ ਸੋਚੀ ਹੀ ਨਹੀਂ ਸੀ। ਉਨ੍ਹਾਂ ਫਿਰ ਆਖਿਆ, ‘‘ਕਿੰਨੇ ਕੁ ਪੈਸੇ ਨੇ ਤੁਹਾਡੀ ਬੁੱਕ ’ਤੇ?’’

‘‘ਪਤਾ ਨਹੀਂ ਡੈਡੀ।’’

‘‘ਪਤਾ ਰੱਖਿਆ ਕਰ ਨਾ!....ਮੈਨੂੰ ਤਾਂ ਲੱਗਦਾ ਏ ਏਹਨੇ ਆਹ ਕਾਰ ਖਰੀਦ ਲਈ ਤੇ ਬਾਕੀ ਦੇ ਇੰਡੀਆ ਭੇਜੀ ਜਾਂਦਾ ਏ।’’

-----

ਇਹ ਠੀਕ ਸੀ ਕਿ ਰਵੀ ਇੰਡੀਆ ਨੂੰ ਤਾਂ ਪੈਸੇ ਭੇਜਦਾ ਹੀ ਰਹਿੰਦਾ ਸੀ। ਇਹ ਗੱਲ ਤਾਂ ਉਸ ਨੇ ਮੈਨੂੰ ਵਿਆਹ ਤੋਂ ਬਾਅਦ ਹੀ ਦੱਸ ਦਿੱਤੀ ਸੀ ਕਿ ਉਸ ਦੇ ਘਰ ਦੀ ਹਾਲਤ ਬਹੁਤ ਵਧੀਆ ਨਹੀਂ ਸੀ। ਹੁਣ ਨਾ ਉਸ ਨੇ ਕਦੇ ਕੁਝ ਮੈਨੂੰ ਦੱਸਿਆ ਸੀ ਤੇ ਨਾ ਹੀ ਮੈਂ ਕਦੇ ਪੁੱਛਿਆ ਸੀ। ਮੈਂ ਮੁੜ ਕੇ ਉਸੇ ਸਟੋਰ ਵਿਚ ਕੰਮ ਕਰਨ ਲੱਗ ਪਈ ਸੀ ਤੇ ਸਾਰੀ ਤਨਖ਼ਾਹ ਲਿਆ ਕੇ ਰਵੀ ਨੂੰ ਦੇ ਦਿੰਦੀ। ਜੇ ਰਵੀ ਇੰਡੀਆ ਨੂੰ ਪੈਸੇ ਭੇਜਦਾ ਵੀ ਸੀ ਤਾਂ ਮੈਨੂੰ ਇਤਰਾਜ਼ ਨਹੀਂ ਸੀ। ਡੈਡੀ ਬੋਲੇ, ‘‘ਅਸੀਂ ਚਾਹੁੰਦੇ ਆਂ ਕਿ ਤੁਸੀਂ ਡਿਪੌਜ਼ਟ ਜੋਗੇ ਪੈਸੇ ਜੋੜੋ ਤੇ ਘਰ ਲਵੋ, ਜੇ ਇਹ ਏਕਣ ਸਾਰੀਆਂ ਤਨਖ਼ਾਹਾਂ ਇੰਡੀਆ ਭੇਜਦਾ ਰਿਹਾ ਤਾਂ ਲੈ ਹੋ ਗਿਆ ਘਰ!’’

ਮੈਨੂੰ ਡੈਡੀ ਦੀ ਗੱਲ ਠੀਕ ਜਾਪਦੀ ਸੀ। ਇੰਡੀਆ ਨੂੰ ਤਾਂ ਜਿੰਨੇ ਭੇਜ ਦੇਵੋ ਓਨੇ ਹੀ ਥੋੜ੍ਹੇ ਹੁੰਦੇ ਹਨ। ਮੈਂ ਘਰ ਲੈਣ ਦੀ ਗੱਲ ਰਵੀ ਨਾਲ ਕੀਤੀ ਤਾਂ ਉਹ ਆਖਣ ਲੱਗਾ, ‘‘ਜਾਨ, ਆਹ ਸਾਲ ਤਾਂ ਆਪਾਂ ਇੰਡੀਆ ਦੇ ਲੇਖੇ ਹੀ ਲੱਗਣਾ, ਅਗਲੇ ਸਾਲ ਡਿਪੌਜ਼ਟ ਜੋਗੇ ਜੋੜਾਂਗੇ ਤੇ ਘਰ ਲੈ ਲਵਾਂਗੇ।’’

ਮੈਂ ਇਹੋ ਗੱਲ ਡੈਡੀ ਨੂੰ ਦੱਸੀ ਤਾਂ ਉਹ ਅੱਗ ਬਬੂਲਾ ਹੁੰਦੇ ਬੋਲੇ, ‘‘ਇਥੇ ਫਰੀ ’ਚ ਰਹਿੰਦਾ ਏ, ਨਾ ਕਿਰਾਇਆ, ਨਾ ਰੋਟੀ ਦਾ ਕੁਝ, ਅਸੀਂ ਤਾਂ ਸੋਚਦੇ ਸੀ ਘਰ ਲੈ ਲਓਂਗੇ ਪਰ ਏਹਨੂੰ ਪਿਛਲਿਆਂ ਦਾ ਈ ਪਿਆ ਹੋਇਆ ਏ।’’

‘‘ਡੌਂਟ ਵਰੀ ਡੈਡ, ਆਈ ਵਿੱਲ ਟੌਕ ਟੂ ਹਿਮ।’’

ਡੈਡੀ ਕੁਝ ਸੋਚਦੇ ਹੋਏ ਆਖਣ ਲੱਗੇ, ‘‘ਨਹੀਂ, ਤੂੰ ਕੋਈ ਗੱਲ ਨਾ ਕਰੀਂ, ਬੱਸ ਤੂੰ ਘਰ ਲੈਣ ਦੀ ਗੱਲ ਕਰ, ਘਰ ਲੈ ਲਿਆ ਤਾਂ ਆਪੇ ਕੁਝ ਨਹੀਂ ਬਚਣਾ, ਕਿਸ਼ਤਾਂ ਬਿੱਲਾਂ ਨੇ ਹੀ ਸਾਹ ਨਹੀਂ ਲੈਣ ਦੇਣਾ।’’

ਮੈਨੂੰ ਤਾਂ ਯਾਦ ਵੀ ਨਹੀਂ ਸੀ, ਡੈਡੀ ਨੇ ਹੀ ਯਾਦ ਦਵਾਇਆ ਕਿ ਵਿਆਹ ਤੋਂ ਪਹਿਲਾਂ ਮੇਰੇ ਜੋੜੇ ਪੰਦਰਾਂ ਸੌ ਪੌਂਡ ਉਵੇਂ ਹੀ ਪਏ ਸਨ। ਮੇਰੇ ਵਿਆਹ ’ਤੇ ਖ਼ਰਚਣ ਲਈ ਰਾਖਵੇਂ ਸਨ ਪਰ ਬਚ ਗਏ ਸਨ। ਇਹ ਘਰ ਦੇ ਡਿਪੌਜ਼ਟ ਲਈ ਕਾਫ਼ੀ ਸਨ। ਮੈਂ ਰਵੀ ਨੂੰ ਆਖਿਆ, ‘‘ਰਵੀ, ਕਿਉਂ ਨਾ ਆਪਾਂ ਆਪਣਾ ਘਰ ਲੈ ਲਈਏ, ਡੈਡੀ ਦੇ ਘਰ ਆਪਣੇ ਘਰ ਵਰਗੀ ਫਰੀਡਮ ਨਹੀਂ ਏ।’’

‘‘ਇਹ ਤਾਂ ਠੀਕ ਏ, ਮੈਂ ਦੱਸਿਆ ਸੀ ਨਾ ਕਿ ਐਤਕੀਂ ਡਿਪੌਜ਼ਟ ਨਹੀਂ ਜੁੜਨਾ।’’

‘‘ਡਿਪੌਜ਼ਟ ਆਪਾਂ ਡੈਡੀ ਤੋਂ ਬੌਰੋ ਕਰ ਲੈਨੇ ਆਂ।’’

‘‘ਨਹੀਂ ਜਾਨ, ਕੁਸ਼ ਵੀ ਬੌਰੋ ਨਹੀਂ ਕਰਨਾ, ਸਭ ਕੁਝ ਆਪਣੇ ਸਿਰ ’ਤੇ ਹੀ।’’

‘‘ਕੀਮਤਾਂ ਨਾ ਵਧ ਜਾਣ।’’

‘‘ਅਸੀਂ ਕੀ ਕਰ ਸਕਦੇ ਆਂ, ਲੌਟ ਔਫ ਪਿਉਪਲ ਆਰ ਵਿਦਾਊਟ ਹਾਊਸ।’’

ਮੁੜ ਮੈਂ ਡੈਡੀ ਤੋਂ ਡਿਪੌਜ਼ਟ ਜੋਗੇ ਪੈਸੇ ਫੜ ਲੈਣ ਲਈ ਆਖਦੀ ਤਾਂ ਰਵੀ ਖਿਝਣ ਲੱਗਦਾ। ਅੰਤ ਮੈਨੂੰ ਦੱਸਣਾ ਹੀ ਪਿਆ ਕਿ ਇਹ ਪੈਸੇ ਮੇਰੇ ਹੀ ਸਨ ਡੈਡੀ ਦੇ ਨਹੀਂ।

*****

ਚਲਦਾ