ਕ੍ਰਿਸਮਿਸ ਉਪਰ ਸਾਡਾ ਇੰਡੀਆ ਜਾਣ ਦਾ ਪ੍ਰੋਗਰਾਮ ਬਣ ਗਿਆ। ਡੈਡੀ ਨੇ ਮੇਰਾ ਕੰਮ ਛੁਡਵਾ ਲਿਆ। ਮੰਮੀ ਅਨੁਸਾਰ ਡੈਡੀ ਆਖਦੇ ਸਨ ਕਿ ਜੇ ਕੋਈ ਮੁੰਡਾ ਪਸੰਦ ਆ ਗਿਆ ਤਾਂ ਮੇਰਾ ਵਿਆਹ ਕਰ ਦੇਣਾ ਸੀ, ਫਿਰ ਪਤਾ ਨਹੀਂ ਕਿੰਨੀ ਦੇਰ ਇੰਡੀਆ ਰਹਿਣਾ ਪਵੇ। ਨਹੀਂ ਤਾਂ ਮੁੜਕੇ ਫਿਰ ਕੰਮ ਕਰ ਲਵਾਂਗੀ। ਜੇ ਇਸ ਸਟੋਰ ਵਿਚ ਨਹੀਂ ਤਾਂ ਕਿਧਰੇ ਹੋਰ ਮਿਲ ਜਾਵੇਗਾ।
-----
ਅਸੀਂ ਇੰਡੀਆ ਪਹਿਲੀ ਵਾਰ ਗਏ ਸਾਂ। ਡੈਡੀ ਦਾ ਚੱਕਰ ਲੱਗਦਾ ਰਿਹਾ ਸੀ ਪਰ ਜਦੋਂ ਤੋਂ ਅਸੀਂ ਇੰਗਲੈਂਡ ਆਏ ਹੁਣੇ ਹੀ ਮੁੜੇ ਸਾਂ। ਇੰਡੀਆ ਜਾਣਾ ਬਹੁਤ ਚੰਗਾ ਲੱਗਿਆ। ਆਲਾ ਦੁਆਲਾ ਆਪਣਾ-ਆਪਣਾ ਲੱਗ ਰਿਹਾ ਸੀ। ਸਾਰੇ ਚਾਚੇ ਤਾਏ ਤੇ ਉਨ੍ਹਾਂ ਦੇ ਅੱਗੇ ਪੁੱਤ ਧੀ ਸਾਡੇ ਨਾਲ ਬਹੁਤਾ ਹੀ ਮੋਹ ਕਰ ਰਹੇ ਸਨ। ਸਾਰੇ ਅਲੱਗ-ਅਲੱਗ ਰਹਿੰਦੇ ਸਨ ਪਰ ਸਾਡੇ ਗਿਆਂ ’ਤੇ ਸਾਰੇ ਹੀ ਇਕੱਠੇ ਹੋ ਗਏ। ਇਕ ਥਾਂ ’ਤੇ ਰੋਟੀ ਬਣਨ ਲਗੀ। ਵਿਆਹ ਜਿੰਨੀ ਰੌਣਕ ਲੱਗੀ ਰਹਿੰਦੀ। ਪਿੰਡ ਦੇ ਲੋਕ ਵੀ ਮਿਲਣ ਲਈ ਆਏ ਰਹਿੰਦੇ। ਮੈਨੂੰ ਸਭ ਤੋਂ ਜ਼ਿਆਦਾ ਮੋਹ ਗੁਲਾਬਾਂ ਭੂਆ ਦਾ ਆਉਂਦਾ। ਭੂਆ ਹਰ ਵੇਲੇ ਮੇਰੇ ਨਾਲ ਰਹਿੰਦੀ। ਅੰਦਰ ਬਾਹਰ ਜਾਣ ਤੋਂ ਲੈ ਕੇ ਸੌਣ ਤੱਕ ਅਸੀਂ ਇਕੱਠੀਆਂ ਰਹਿੰਦੀਆਂ। ਭੂਆ ਕਿੰਨੀਆਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਮੇਰੇ ਨਾਲ ਕਰਦੀ। ਸਾਡਾ ਪਿਆਰ ਦੇਖ ਕੇ ਮੰਮੀ ਵੀ ਈਰਖਾ ਕਰਨ ਲੱਗੀ ਸੀ। ਇਕ ਦਿਨ ਭੂਆ ਪਰ੍ਹਾਂ ਹੋਈ ਤਾਂ ਮੰਮੀ ਮੈਨੂੰ ਆਖਣ ਲੱਗੀ, “ਦੇਖ ਜ਼ਰਾ, ਗਜ਼ ਭਰ ਦੀ ਢਾਕ ਏ, ਭਮਾਂ ਦਰਜਨ ਜੁਆਕ ਜੰਮਦੀ ਪਰ ਇਹ ਕਲਮੂੰਹੀ ਰੁੱਸ ਕੇ ਇਥੇ ਆਈ ਬੈਠੀ ਏ।”
-----
ਮੈਨੂੰ ਮੰਮੀ ਦੀ ਗੱਲ ਚੰਗੀ ਨਾ ਲੱਗੀ। ਭੂਆ ਦੀ ਆਪਣੇ ਪਤੀ ਨਾਲ ਬਣੀ ਨਹੀਂ ਸੀ ਇਸ ਲਈ ਉਸ ਨੂੰ ਛੱਡ ਆਈ ਸੀ ਤੇ ਮੁੜ ਸਹੁਰੀਂ ਨਹੀਂ ਸੀ ਗਈ। ਹੁਣ ਉਹ ਸਾਡੇ ਵਾਲੇ ਹਿੱਸੇ ਦੇ ਘਰ ਵਿਚ ਰਹਿੰਦੀ ਸੀ ਪਰ ਪੂਰੇ ਟੱਬਰ ਵਿਚ ਭੂਆ ਦਾ ਸਤਿਕਾਰ ਸੀ, ਕਿਸੇ ਮੱਥੇ ਵੱਟ ਨਹੀਂ ਸੀ ਪਾਇਆ। ਮੰਮੀ ਵੀ ਸ਼ਾਇਦ ਮੇਰੇ ਮੁਹਰੇ ਹੀ ਇਹ ਬੋਲ ਬੋਲ ਰਹੀ ਸੀ।
-----
ਭੂਆ ਹੀ ਮੈਨੂੰ ਦੱਸਦੀ ਕਿੰਨੇ ਜ਼ੋਰ ਸ਼ੋਰ ਨਾਲ ਮੇਰੇ ਲਈ ਮੁੰਡਾ ਲਭਿਆ ਜਾ ਰਿਹਾ ਸੀ। ਜਿਥੇ ਕਿਤੇ ਦੱਸ ਪੈਂਦੀ ਡੈਡੀ ਤੇ ਤਾਇਆ ਜੀ ਕਾਰ ਲੈ ਕੇ ਭੱਜ ਜਾਂਦੇ। ਪਰ ਕੋਈ ਮੁੰਡਾ ਉਨ੍ਹਾਂ ਨੂੰ ਪਸੰਦ ਨਹੀਂ ਸੀ ਆ ਰਿਹਾ ਸੀ। ਭੂਆ ਮੋਹ ਵਿਚ ਆਈ ਮੇਰੀ ਗੱਲ੍ਹ ’ਤੇ ਹੱਥ ਫੇਰਦੀ ਆਖਦੀ, ਠਸਾਡੀ ਧੀ ਲਈ ਤਾਂ ਕੋਈ ਰਾਜਕੁਮਾਰ ਈ ਚਾਹੀਦਾ ਏ।”
-----
ਇਕ ਦਿਨ ਡੈਡੀ ਬਹੁਤ ਖ਼ੁਸ਼-ਖ਼ੁਸ਼ ਘਰ ਮੁੜੇ। ਭੂਆ ਦੱਸਦੀ ਸੀ ਕਿ ਜਲੰਧਰ ਮੁੰਡਾ ਵੇਖਣ ਗਏ ਸਨ। ਸਾਰੇ ਆਦਮੀ ਬੈਠੇ ਸਲਾਹ ਕਰਨ ਲੱਗੇ। ਬਾਬਾ ਜੀ ਆਖ ਰਹੇ ਸਨ, “ਨਾ ਭਾਈ, ਇਹ ਦਬਾਬੀਏ ਚੰਗੇ ਨੀਂ ਹੁੰਦੇ, ਇਧਰ ਹੀ ਲਾਣੇ ਦਾ ਕੋਈ ਮੁੰਡਾ ਮਿਲ ਜੂਗਾ, ਜ਼ਰਾ ਸਬਰ ਕਰੋ।”
“ਬਾਪੂ ਜੀ, ਓਥੇ ਅਸੀਂ ਦਬਾਬੀਆਂ ’ਚ ਈ ਰਹਿੰਨੇ ਵਾਂ, ਕੋਈ ਫਰਕ ਨਈਂ ਹੁੰਦਾ, ਤੁਸੀਂ ਸਾਰੇ ਕੇਰਾਂ ਮੁੰਡੇ ’ਤੇ ਨਜ਼ਰ ਮਾਰ ਲਵੋ, ਫਿਰ ਆਖਿਓ।”
ਮੈਂ ਤੇ ਭੂਆ ਬੂਹੇ ਓਹਲੇ ਖੜ੍ਹੀਆਂ ਸੀ। ਭੂਆ ਨੇ ਮੇਰੇ ਚੂੰਢੀ ਵੱਢੀ। ਮੈਂ ਵੀ ਹੁਣ ਤਕ ਵਿਆਹ ਦਾ ਸੁਫ਼ਨਾ ਵੇਖਣ ਲੱਗ ਪਈ ਸੀ।
-----
ਸਭ ਨੇ ਜਾ ਕੇ ਮੁੰਡਾ ਵੇਖਿਆ। ਆਪਣੀਆਂ ਤਸੱਲੀਆਂ ਕੀਤੀਆਂ। ਮੰਮੀ ਤੇ ਭੂਆ ਵੀ ਜਾ ਆਈਆਂ। ਭੂਆ ਬਹੁਤ ਖ਼ੁਸ਼ ਸੀ, ਮੰਮੀ ਵੀ ਉਸ ਦੀਆਂ ਤਾਰੀਫ਼ਾਂ ਕਰੀ ਜਾਂਦੀ। ਡੈਡੀ ਨੇ ਮੈਨੂੰ ਕੋਲ ਸੱਦ ਕੇ ਆਖਿਆ, ‘‘ਦੇਖ ਬੇਟੇ, ਅਸੀਂ ਤੇਰੇ ਲਈ ਮੁੰਡਾ ਵੇਖਿਆ ਏ, ਸਾਡੀ ਉਦੋਂ ਤਕ ਕੋਈ ‘ਹਾਂ’ ਨਹੀਂ ਜਦ ਤਕ ਤੈਨੂੰ ਪਸੰਦ ਨਾ ਹੋਵੇ, ਤੂੰ ਮੰਮੀ ਤੇ ਗੁਲਾਬਾਂ ਨਾਲ ਜਾ ਕੇ ਵੇਖ ਆ ਤੇ ਸਾਨੂੰ ਆ ਕੇ ਦੱਸ।’’
ਮੈਂ ਕੁਝ ਨਾ ਬੋਲੀ। ਬੋਲਦੀ ਵੀ ਕੀ, ਮੈਨੂੰ ਤਾਂ ਸੰਗ ਹੀ ਆਈ ਜਾ ਰਹੀ ਸੀ। ਮੇਰਾ ਦਿਲ ਤਾਂ ਕਰਦਾ ਸੀ ਕਿ ਇਕ ਵਾਰ ਮੁੰਡਾ ਵੇਖ ਲਵਾਂ ਪਰ ਫਿਰ ਸੋਚਦੀ ਕਿ ਜਦ ਸਭ ਇੰਨੇ ਖ਼ੁਸ਼ ਹਨ ਤਾਂ ਮੁੰਡਾ ਠੀਕ ਹੀ ਹੋਵੇਗਾ। ਮੈਂ ਮੰਮੀ ਕੋਲ ਨਾਂਹ ਕਰ ਦਿੱਤੀ ਕਿ ਮੈਂ ਮੁੰਡਾ ਨਹੀਂ ਵੇਖਣਾ ਪਰ ਡੈਡੀ ਜ਼ਿੱਦ ਕਰ ਰਹੇ ਸਨ ਕਿ ਮੈਂ ਮੁੰਡਾ ਵੇਖਾਂ ਤੇ ਉਸ ਨਾਲ ਕੁਝ ਗੱਲਾਂ ਜ਼ਰੂਰ ਕਰਾਂ।
-----
ਅਸੀਂ ਜਲੰਧਰ ਗਈਆਂ। ਕਿਸੇ ਹੋਟਲ ਵਿਚ ਸਾਰੇ ਇਕੱਠੇ ਹੋਏ। ਮੁੰਡੇ ਨਾਲ ਉਸ ਦੀ ਮਾਂ ਅਤੇ ਭੈਣ ਸਨ। ਰਾਹ ਵਿਚ ਮੈਂ ਮਨ ਬਣਾ ਲਿਆ ਕਿ ਮੁੰਡੇ ਨੂੰ ਦੋ ਕੁ ਸਵਾਲ ਪੁੱਛਾਂਗੀ ਤੇ ਦੱਸਾਂਗੀ ਕਿ ਮੈਂ ਇੰਡੀਅਨ ਪਤਨੀ ਨਹੀਂ ਬਣਨਾ, ਆਪਣੇ ਬਰਾਬਰ ਸਮਝਣਾ ਏ ਤਾਂ ਵਿਆਹ ਕਰਾਵੇ। ਪਰ ਇੰਨੀ ਭੀੜ ਵਿਚ ਕੋਈ ਗੱਲ ਨਾ ਹੋ ਸਕੀ। ਸੰਗਦਿਆਂ-ਸੰਗਦਿਆਂ ਦੋ ਕੁ ਵਾਰ ਉਸ ਨੇ ਮੇਰੇ ਵੱਲ ਵੇਖਿਆ ਤੇ ਮੈਂ ਉਸ ਵੱਲ। ਮੈਨੂੰ ਉਹ ਬਹੁਤ ਖ਼ਾਸ ਵੀ ਨਹੀਂ ਲੱਗਿਆ ਕਿ ਮੈਂ ਖ਼ੁਸ਼ੀ ਵਿਚ ਉੱਛਲ ਪੈਂਦੀ ਪਰ ਬੁਰਾ ਵੀ ਨਹੀਂ ਸੀ। ਠੀਕ-ਠੀਕ ਸੀ। ਮੈਂ ਉਥੇ ਹੀ ‘ਹਾਂ’ ਕਰ ਦਿੱਤੀ। ਸਾਰੇ ਹੀ ਇੰਨੇ ਖ਼ੁਸ਼ ਸਨ ਕਿ ਮੈਂ ‘ਹਾਂ’ ਕਰਨੀ ਠੀਕ ਸਮਝੀ।
-----
ਪਹਿਲਾਂ ਮੈਨੂੰ ਵਿਆਹ ਦਾ ਚਾਅ ਨਹੀਂ ਸੀ ਪਰ ਹੁਣ ਚਾਅ ਜਿਹਾ ਚੜ੍ਹਨ ਲੱਗਿਆ ਸੀ। ਜਿਵੇਂ-ਜਿਵੇਂ ਵਿਆਹ ਨੇੜੇ ਆ ਰਿਹਾ ਸੀ ਉਵੇਂ-ਉਵੇਂ ਉਹ ਮੁੰਡਾ ਮੈਨੂੰ ਸੋਹਣਾ ਲੱਗਣ ਡਹਿ ਪਿਆ। ਮੇਰਾ ਦਿਲ ਕਰਦਾ ਕਿ ਉਸ ਨੂੰ ਇਕ ਵਾਰ ਮਿਲਿਆ ਜਾਵੇ ਤਾਂ ਜੋ ਦਿਲ ਭਰ ਕੇ ਵੇਖ ਸਕਾਂ। ਉਸ ਦਿਨ ਤਾਂ ਚੰਗੀ ਤਰ੍ਹਾਂ ਦੇਖ ਵੀ ਨਹੀਂ ਸੀ ਸਕੀ। ਮੈਨੂੰ ਪਤਾ ਸੀ ਕਿ ਜਲੰਧਰ ਬਹੁਤ ਦੂਰ ਸੀ। ਦਰਿਆ ਟੱਪ ਕੇ ਜਾਣਾ ਪੈਂਦਾ ਸੀ। ਜੇ ਕਿਤੇ ਨੇੜੇ ਹੁੰਦਾ ਤਾਂ ਭੂਆ ਨੂੰ ਲੈ ਕੇ ਉਸ ਦੇ ਕਾਲਜ ਦਾ ਗੇੜਾ ਮਾਰ ਲੈਂਦੀ ਜਿਥੇ ਉਹ ਪੜ੍ਹਦਾ ਸੀ।
-----
ਮੈਨੂੰ ਵਿਆਹ ਤੋਂ ਕਦੇ ਡਰ ਨਹੀਂ ਸੀ ਲੱਗਦਾ ਪਰ ਤਾਏ ਦੀ ਨੂੰਹ ਬਹੁਤ ਡਰਾਉਂਦੀ। ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣ ਡਹਿ ਪੈਂਦੀ। ਮੈਨੂੰ ਲੱਗਣ ਲੱਗ ਪੈਂਦਾ ਕਿ ਪਤਾ ਨਹੀਂ ਮੇਰਾ ਕੀ ਬਣੇਗਾ। ਮੇਰਾ ਪਤੀ ਪਤਾ ਨਹੀਂ ਕਿਹੋ ਜਿਹਾ ਹੋਵੇਗਾ, ਸਹੁਰੇ ਕਿਵੇਂ ਪੇਸ਼ ਆਉਣਗੇ ਮੇਰੇ ਨਾਲ। ਪਰ ਮੇਰਾ ਡਰ ਨਿਰਾ ਡਰ ਹੀ ਰਿਹਾ। ਸਭ ਕੁਝ ਠੀਕ ਸੀ। ਮੇਰੀ ਸੱਸ ਤੇ ਸਹੁਰਾ ਬਹੁਤ ਚੰਗੇ ਸਨ। ਹੋਰ ਘਰ ਦੇ ਜੀਅ ਵੀ। ਰਵੀ ਤਾਂ ਮੈਨੂੰ ਬਹੁਤ ਪਸੰਦ ਸੀ। ਵਿਆਹ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਵਿਆਹ ਤਾਂ ਖ਼ੂਬਸੂਰਤ ਚੀਜ਼ ਸੀ। ਇਹ ਤਾਂ ਇਕ ਬਹੁਤ ਵਧੀਆ ਤੇ ਆਨੰਦਮਈ ਹਾਦਸਾ ਸੀ ਭਾਵੇਂ ਪਹਿਲਾਂ ਹੀ ਵਾਪਰ ਜਾਂਦਾ।
------
ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਹੀ ਬਦਲ ਗਈ। ਹਰ ਚੀਜ਼ ਮੇਰੇ ਲਈ ਨਵੀਂ ਨਕੋਰ ਹੋ ਗਈ। ਮੈਨੂੰ ਆਲਾ-ਦੁਆਲਾ ਬਹੁਤ ਪਿਆਰਾ-ਪਿਆਰਾ ਲੱਗਿਆ। ਸਹੁਰਿਆਂ ਦਾ ਛੋਟਾ ਜਿਹਾ ਘਰ ਪਰ ਚੰਗਾ ਲੱਗਦਾ ਸੀ। ਸਹੁਰੇ ਘਰ ਮੈਨੂੰ ਚੰਗਾ ਨਹੀਂ ਸੀ ਲੱਗਿਆ ਤਾਂ ਉਨ੍ਹਾਂ ਦੀ ਬੋਲੀ। ਜਿਹੜਾ ਵੀ ਆਉਂਦਾ ਅਜੀਬ ਜਿਹੀ ਬੋਲੀ ਬੋਲਦਾ। ਕਈ ਵਾਰ ਸਮਝ ਵੀ ਨਾ ਪੈਂਦੀ ਕਿ ਕੀ ਆਖਿਆ ਜਾ ਰਿਹਾ ਹੈ। ਸਭ ਹੋਰਵੇਂ ਹੀ ਬੋਲਦੇ।
-----
ਮੈਂ ਆਪਣੀ ਅਥਾਹ ਖ਼ੁਸ਼ੀ ਮੰਮੀ ਨਾਲ ਸਾਂਝੀ ਕੀਤੀ ਤਾਂ ਉਹ ਖਿਝਦੀ ਜਿਹੀ ਆਖਣ ਲੱਗੀ, ‘‘ਰਹਿਣ ਦੇ ਕੰਵਲ, ਬਹੁਤਾ ਤਾਂਘੜ ਨਾ, ਸਾਰੀ ਦੁਨੀਆਂ ਦੇ ਈ ਵਿਆਹ ਹੁੰਦੇ ਨੇ, ਹਿਸਾਬ ਦੀ ਖ਼ੁਸ਼ੀ ਦਿਖਾਈਦੀ ਏ।’’
ਭੂਆ ਰਵੀ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੀ ਤੇ ਆਖਦੀ, ‘‘ਆਪਣੇ ਮਰਦ ਨੂੰ ਸੰਭਾਲ ਕੇ ਰੱਖੀਂ ਕੰਵਲ, ਇਹੋ ਜਿਹੇ ਮਰਦ ਕਿਤੇ ਧਰੇ ਪਏ ਨੇ, ਚੰਗੇ ਮਰਦ ਡੱਬੀ ’ਚ ਪਾ ਕੇ ਰੱਖਣੇ ਪੈਂਦੇ ਨੇ। ਪੱਕੀ ਫ਼ਸਲ ਵਾਂਗ ਸਦਾ ਈ ਇਨ੍ਹਾਂ ਦੀ ਰਾਖੀ ਕਰਨੀ ਪੈਂਦੀ ਏ।’’ ਮੇਰੇ ਆਲੇ-ਦੁਆਲੇ ਬਹੁਤੇ ਪਤੀ ਨਹੀਂ ਸਨ। ਸਾਡੇ ਮਾਮੇ ਦੀ ਕੁੜੀ ਸ਼ਮਿੰਦਰਜੀਤ ਦਾ ਪਤੀ ਭਗਵੰਤ ਹੀ ਸੀ। ਉਹ ਮੈਨੂੰ ਕਦੇ ਵੀ ਚੰਗਾ ਨਹੀਂ ਸੀ ਲੱਗਦਾ। ਹਰ ਵੇਲੇ ਬੁਝਿਆ ਜਿਹਾ ਰਹਿੰਦਾ। ਕਿਸੇ ਨਾਲ ਹੱਸ ਕੇ ਗੱਲ ਨਾ ਕਰਦਾ। ਸ਼ਮਿੰਦਰਜੀਤ ਦੀ ਕਿਸੇ ਖ਼ੁਸ਼ੀ ਦਾ ਧਿਆਨ ਤਾਂ ਉਹ ਰੱਖਦਾ ਹੀ ਨਹੀਂ ਸੀ। ਹੋਰ ਜਿਥੇ ਵੀ ਸੁਣਨ ਨੂੰ ਮਿਲਦੀ ਸਭ ਔਰਤਾਂ ਭਾਰਤੀ ਪਤੀਆਂ ਨੂੰ ਬੁਰਾ ਭਲਾ ਕਹਿੰਦੀਆਂ ਨਾ ਥਕਦੀਆਂ। ਮੇਰੇ ’ਤੇ ਇਹੋ ਪ੍ਰਭਾਵ ਸੀ ਕਿ ਸਾਡੀਆਂ ਔਰਤਾਂ ਪਤਨੀਆਂ ਘੱਟ ਤੇ ਗ਼ੁਲਾਮ ਵਧੇਰੇ ਹੁੰਦੀਆਂ ਹਨ। ਪਰ ਰਵੀ ਦਾ ਵਤੀਰਾ ਕੁਝ ਅਲੱਗ ਸੀ। ਉਹ ਆਮ ਪਤੀ ਤੋਂ ਹਟ ਕੇ ਸੀ। ਭਾਵੇਂ ਉਹ ਕਾਲਜ ਵਿਚ ਐਮ. ਏ. ਦਾ ਵਿਦਿਆਰਥੀ ਸੀ ਪਰ ਵਰਤਾਵ ਵਲੋਂ ਬਹੁਤ ਗੰਭੀਰ ਸੀ।
-----
ਮੇਰੇ ਵਿਆਹ ਤੋਂ ਬਾਅਦ ਡੈਡੀ ਨੇ ਵੇਖਿਆ ਕਿ ਮੈਂ ਬਹੁਤ ਖ਼ੁਸ਼ ਸੀ ਤਾਂ ਉਨ੍ਹਾਂ ਵਾਪਸੀ ਦੀ ਤਿਆਰੀ ਕਰ ਲਈ। ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਮੈਂ ਮਹੀਨਾ ਭਰ ਇੰਡੀਆ ਰਹੀ ਤੇ ਫਿਰ ਮੈਂ ਵੀ ਵਾਪਸ ਆ ਗਈ। ਕੁਝ ਮਹੀਨਿਆਂ ਬਾਅਦ ਰਵੀ ਵੀ ਆ ਗਿਆ। ਇਹ ਕੁਝ ਮਹੀਨੇ ਮੇਰੇ ਲਈ ਕੁਝ ਸਾਲ ਸਨ। ਮੈਨੂੰ ਲੱਗਦਾ ਜਿਵੇਂ ਮੈਂ ਬਹੁਤ ਦੇਰ ਤੋਂ ਇਕੱਲੀ ਹੋਵਾਂ।
-----
ਰਵੀ ਆਇਆ ਤਾਂ ਸਾਰੇ ਘਰ ਵਿੱਚ ਹੀ ਨਵੀਂ ਮਹਿਕ ਭਰ ਗਈ। ਉਹ ਹਰ ਵੇਲੇ ਨਿੱਕੇ-ਨਿੱਕੇ ਮਜ਼ਾਕ ਕਰਦਾ ਰਹਿੰਦਾ। ਘਰ ਦੇ ਛੋਟੇ-ਮੋਟੇ ਕੰਮ ਭੱਜ-ਭੱਜ ਕੇ ਕਰਦਾ। ਆਪਣੇ ਆਪ ਨੂੰ ਘਰ ਦਾ ਜ਼ਿੰਮੇਵਾਰ ਜੀਅ ਸਮਝਦਾ। ਡੈਡੀ ਉਸ ਉਪਰ ਖ਼ੁਸ਼ ਸਨ। ਮੰਮੀ ਨੂੰ ਤਾਂ ਉਹ ਬਹੁਤ ਪਸੰਦ ਸੀ। ਮੰਮੀ ਹਰ ਵੇਲੇ ਆਖਦੀ ਰਹਿੰਦੀ- ‘‘ਕੰਵਲ, ਤੂੰ ਬੜੀ ਲੱਕੀ ਏਂ, ਇਹੋ ਜਿਹੇ ਮੁੰਡੇ ਕਿਥੋਂ ਮਿਲਦੇ ਨੇ ਅੱਜ ਕਲ੍ਹ।’’
------
ਰਵੀ ਨੂੰ ਕਾਰਾਂ ਦੀ ਫੋਰਡ ਫੈਕਟਰੀ, ਜਿਹੜੀ ਕਿ ਡੈਗਨਮ ਵਿਚ ਸੀ, ਵਿਚ ਕੰਮ ਮਿਲ ਗਿਆ। ਦੋ ਹਫ਼ਤੇ ਦਿਨ ਸਨ ਤੇ ਦੋ ਹਫ਼ਤੇ ਰਾਤਾਂ। ਫਿਰ ਰਵੀ ਨੇ ਅੰਦਰ ਹੀ ਕੋਈ ਕੋਰਸ ਕਰ ਲਿਆ ਤੇ ਉਸ ਦੇ ਪੱਕੇ ਹੀ ਦਿਨ ਹੋ ਗਏ। ਇਹ ਫੈਕਟਰੀ ਘਰੋਂ ਕਾਫੀ ਦੂਰ ਪੈ ਜਾਂਦੀ ਪਰ ਉਥੇ ਤਨਖ਼ਾਹ ਕਾਫੀ ਸੀ। ਫਿਰ ਰਵੀ ਦੇ ਕੁਝ ਦੋਸਤ ਵੀ ਉਥੇ ਕੰਮ ਕਰਦੇ ਸਨ। ਆਉਣ ਜਾਣ ਦੀ ਤਕਲੀਫ਼ ਤੋਂ ਬਾਅਦ ਵੀ ਰਵੀ ਉਥੇ ਹੀ ਖ਼ੁਸ਼ ਸੀ। ਉਥੇ ਉਸ ਦਾ ਦਿਲ ਲੱਗਿਆ ਹੋਇਆ ਸੀ।
------
ਰਵੀ ਕੰਮ ਤੋਂ ਕਦੇ ਜੀਅ ਨਹੀਂ ਸੀ ਕਤਰਾਉਂਦਾ। ਹਫ਼ਤਾ ਭਰ ਫੈਕਟਰੀ ਵਿਚ ਕੰਮ ਕਰਕੇ ਵੀਕ ਐਂਡ ਤੇ ਕਿਸੇ ਦੋਸਤ ਨਾਲ ਮਾਰਕੀਟ ਲਗਵਾਉਣ ਚਲੇ ਜਾਂਦਾ। ਰਵੀ ਨੂੰ ਡੈਡੀ ਦੇ ਘਰ ਰਹਿਣਾ ਚੰਗਾ ਨਾ ਲੱਗਦਾ। ਉਹ ਕਈ ਵਾਰ ਆਖ ਚੁੱਕਾ ਸੀ ਕਿ ਕਿਰਾਏ ’ਤੇ ਕੋਈ ਕਮਰਾ ਲੈ ਲਈਏ ਪਰ ਡੈਡੀ ਨਹੀਂ ਸਨ ਮੰਨਦੇ। ਜਦ ਰਵੀ ਇਵੇਂ ਆਖਦਾ ਤਾਂ ਮੰਮੀ ਉਸ ਨਾਲ ਨਰਾਜ਼ ਹੋ ਜਾਂਦੀ। ਮੰਮੀ ਮੈਨੂੰ ਕਿਰਾਏ ਦੇ ਕਮਰੇ ਵਿੱਚ ਰਹਿੰਦਿਆਂ ਨਹੀਂ ਸੀ ਦੇਖ ਸਕਦੀ।
-----
ਇਨ੍ਹਾਂ ਦਿਨਾਂ ਵਿਚ ਹੀ ਰਵੀ ਨੇ ਟੈਸਟ ਪਾਸ ਕਰ ਲਿਆ। ਉਸ ਦੇ ਨਾਲ ਹੀ ਮੈਂ ਟੈਸਟ ਭਰ ਦਿੱਤਾ। ਮੈਂ ਵੀ ਇਸ ਵਾਰ ਪਾਸ ਕਰ ਗਈ। ਟੈਸਟ ਪਾਸ ਕਰਨ ਤੋਂ ਬਾਅਦ ਰਵੀ ਇਕ ਕਾਰ ਵੀ ਕਿਧਰੋਂ ਲੈ ਆਇਆ। ਡੈਡੀ ਵਾਲੀ ਕਾਰ ਹੁਣ ਤਕ ਖੜੀ ਹੀ ਖਰਾਬ ਹੋ ਗਈ ਸੀ। ਉਸ ਦੀ ਐਮ. ਓ. ਟੀ. ਕਰਾਉਣ ਲੈ ਕੇ ਗਏ ਤਾਂ ਥਾਂ-ਥਾਂ ਜੰਗਾਲ ਲੱਗਿਆ ਹੋਇਆ ਨਿਕਲਿਆ। ਉਵੇਂ ਹੀ ਸੁਟਣੀ ਪਈ ਸੀ ਡੈਡੀ ਵਾਲੀ ਕਾਰ।
-----
ਜਿਥੇ ਘਰ ਵਿਚ ਸਾਰੇ ਖ਼ੁਸ਼ ਸਨ ਉਥੇ ਡੈਡੀ ਦਾ ਮੂਡ ਬਦਲਣ ਲੱਗਿਆ। ਉਹ ਰਵੀ ਨਾਲ ਵੱਟੇ-ਵੱਟੇ ਰਹਿਣ ਲੱਗੇ। ਰਵੀ ਕਾਰ ਵਿਚ ਸਭ ਨੂੰ ਇਧਰ-ਉਧਰ ਘੁੰਮਾਉਂਦਾ ਫਿਰਦਾ ਪਰ ਡੈਡੀ ਉਸ ਨਾਲ ਘੱਟ ਹੀ ਬੈਠਦੇ। ਵੀਕ ਐਂਡ ’ਤੇ ਗੁਰਦੁਵਾਰੇ ਤਕ ਹੀ ਜਾਂਦੇ। ਮੈਂ ਡੈਡੀ ਨੂੰ ਕੁਰੇਦਣ ਦੀ ਕੋਸ਼ਿਸ਼ ਕਰਦੀ ਕਿ ਉਨ੍ਹਾਂ ਦੇ ਮਨ ਵਿਚ ਕੀ ਸੀ ਪਰ ਉਹ ਕੁਝ ਨਾ ਆਖਦੇ। ਇਕ ਦਿਨ ਉਹ ਮੈਨੂੰ ਪੁੱਛਣ ਲੱਗੇ, ‘‘ਤੁਸੀਂ ਪੈਸੇ ਜੋੜਦੇ ਵੀ ਓ ਕਿ.... ਕਾਰਾਂ ਈ ਲਈ ਜਾਂਦੇ ਓ?’’
ਇਹ ਗੱਲ ਤਾਂ ਮੈਂ ਕਦੇ ਸੋਚੀ ਹੀ ਨਹੀਂ ਸੀ। ਉਨ੍ਹਾਂ ਫਿਰ ਆਖਿਆ, ‘‘ਕਿੰਨੇ ਕੁ ਪੈਸੇ ਨੇ ਤੁਹਾਡੀ ਬੁੱਕ ’ਤੇ?’’
‘‘ਪਤਾ ਨਹੀਂ ਡੈਡੀ।’’
‘‘ਪਤਾ ਰੱਖਿਆ ਕਰ ਨਾ!....ਮੈਨੂੰ ਤਾਂ ਲੱਗਦਾ ਏ ਏਹਨੇ ਆਹ ਕਾਰ ਖਰੀਦ ਲਈ ਤੇ ਬਾਕੀ ਦੇ ਇੰਡੀਆ ਭੇਜੀ ਜਾਂਦਾ ਏ।’’
-----
ਇਹ ਠੀਕ ਸੀ ਕਿ ਰਵੀ ਇੰਡੀਆ ਨੂੰ ਤਾਂ ਪੈਸੇ ਭੇਜਦਾ ਹੀ ਰਹਿੰਦਾ ਸੀ। ਇਹ ਗੱਲ ਤਾਂ ਉਸ ਨੇ ਮੈਨੂੰ ਵਿਆਹ ਤੋਂ ਬਾਅਦ ਹੀ ਦੱਸ ਦਿੱਤੀ ਸੀ ਕਿ ਉਸ ਦੇ ਘਰ ਦੀ ਹਾਲਤ ਬਹੁਤ ਵਧੀਆ ਨਹੀਂ ਸੀ। ਹੁਣ ਨਾ ਉਸ ਨੇ ਕਦੇ ਕੁਝ ਮੈਨੂੰ ਦੱਸਿਆ ਸੀ ਤੇ ਨਾ ਹੀ ਮੈਂ ਕਦੇ ਪੁੱਛਿਆ ਸੀ। ਮੈਂ ਮੁੜ ਕੇ ਉਸੇ ਸਟੋਰ ਵਿਚ ਕੰਮ ਕਰਨ ਲੱਗ ਪਈ ਸੀ ਤੇ ਸਾਰੀ ਤਨਖ਼ਾਹ ਲਿਆ ਕੇ ਰਵੀ ਨੂੰ ਦੇ ਦਿੰਦੀ। ਜੇ ਰਵੀ ਇੰਡੀਆ ਨੂੰ ਪੈਸੇ ਭੇਜਦਾ ਵੀ ਸੀ ਤਾਂ ਮੈਨੂੰ ਇਤਰਾਜ਼ ਨਹੀਂ ਸੀ। ਡੈਡੀ ਬੋਲੇ, ‘‘ਅਸੀਂ ਚਾਹੁੰਦੇ ਆਂ ਕਿ ਤੁਸੀਂ ਡਿਪੌਜ਼ਟ ਜੋਗੇ ਪੈਸੇ ਜੋੜੋ ਤੇ ਘਰ ਲਵੋ, ਜੇ ਇਹ ਏਕਣ ਸਾਰੀਆਂ ਤਨਖ਼ਾਹਾਂ ਇੰਡੀਆ ਭੇਜਦਾ ਰਿਹਾ ਤਾਂ ਲੈ ਹੋ ਗਿਆ ਘਰ!’’
ਮੈਨੂੰ ਡੈਡੀ ਦੀ ਗੱਲ ਠੀਕ ਜਾਪਦੀ ਸੀ। ਇੰਡੀਆ ਨੂੰ ਤਾਂ ਜਿੰਨੇ ਭੇਜ ਦੇਵੋ ਓਨੇ ਹੀ ਥੋੜ੍ਹੇ ਹੁੰਦੇ ਹਨ। ਮੈਂ ਘਰ ਲੈਣ ਦੀ ਗੱਲ ਰਵੀ ਨਾਲ ਕੀਤੀ ਤਾਂ ਉਹ ਆਖਣ ਲੱਗਾ, ‘‘ਜਾਨ, ਆਹ ਸਾਲ ਤਾਂ ਆਪਾਂ ਇੰਡੀਆ ਦੇ ਲੇਖੇ ਹੀ ਲੱਗਣਾ, ਅਗਲੇ ਸਾਲ ਡਿਪੌਜ਼ਟ ਜੋਗੇ ਜੋੜਾਂਗੇ ਤੇ ਘਰ ਲੈ ਲਵਾਂਗੇ।’’
ਮੈਂ ਇਹੋ ਗੱਲ ਡੈਡੀ ਨੂੰ ਦੱਸੀ ਤਾਂ ਉਹ ਅੱਗ ਬਬੂਲਾ ਹੁੰਦੇ ਬੋਲੇ, ‘‘ਇਥੇ ਫਰੀ ’ਚ ਰਹਿੰਦਾ ਏ, ਨਾ ਕਿਰਾਇਆ, ਨਾ ਰੋਟੀ ਦਾ ਕੁਝ, ਅਸੀਂ ਤਾਂ ਸੋਚਦੇ ਸੀ ਘਰ ਲੈ ਲਓਂਗੇ ਪਰ ਏਹਨੂੰ ਪਿਛਲਿਆਂ ਦਾ ਈ ਪਿਆ ਹੋਇਆ ਏ।’’
‘‘ਡੌਂਟ ਵਰੀ ਡੈਡ, ਆਈ ਵਿੱਲ ਟੌਕ ਟੂ ਹਿਮ।’’
ਡੈਡੀ ਕੁਝ ਸੋਚਦੇ ਹੋਏ ਆਖਣ ਲੱਗੇ, ‘‘ਨਹੀਂ, ਤੂੰ ਕੋਈ ਗੱਲ ਨਾ ਕਰੀਂ, ਬੱਸ ਤੂੰ ਘਰ ਲੈਣ ਦੀ ਗੱਲ ਕਰ, ਘਰ ਲੈ ਲਿਆ ਤਾਂ ਆਪੇ ਕੁਝ ਨਹੀਂ ਬਚਣਾ, ਕਿਸ਼ਤਾਂ ਬਿੱਲਾਂ ਨੇ ਹੀ ਸਾਹ ਨਹੀਂ ਲੈਣ ਦੇਣਾ।’’
ਮੈਨੂੰ ਤਾਂ ਯਾਦ ਵੀ ਨਹੀਂ ਸੀ, ਡੈਡੀ ਨੇ ਹੀ ਯਾਦ ਦਵਾਇਆ ਕਿ ਵਿਆਹ ਤੋਂ ਪਹਿਲਾਂ ਮੇਰੇ ਜੋੜੇ ਪੰਦਰਾਂ ਸੌ ਪੌਂਡ ਉਵੇਂ ਹੀ ਪਏ ਸਨ। ਮੇਰੇ ਵਿਆਹ ’ਤੇ ਖ਼ਰਚਣ ਲਈ ਰਾਖਵੇਂ ਸਨ ਪਰ ਬਚ ਗਏ ਸਨ। ਇਹ ਘਰ ਦੇ ਡਿਪੌਜ਼ਟ ਲਈ ਕਾਫ਼ੀ ਸਨ। ਮੈਂ ਰਵੀ ਨੂੰ ਆਖਿਆ, ‘‘ਰਵੀ, ਕਿਉਂ ਨਾ ਆਪਾਂ ਆਪਣਾ ਘਰ ਲੈ ਲਈਏ, ਡੈਡੀ ਦੇ ਘਰ ਆਪਣੇ ਘਰ ਵਰਗੀ ਫਰੀਡਮ ਨਹੀਂ ਏ।’’
‘‘ਇਹ ਤਾਂ ਠੀਕ ਏ, ਮੈਂ ਦੱਸਿਆ ਸੀ ਨਾ ਕਿ ਐਤਕੀਂ ਡਿਪੌਜ਼ਟ ਨਹੀਂ ਜੁੜਨਾ।’’
‘‘ਡਿਪੌਜ਼ਟ ਆਪਾਂ ਡੈਡੀ ਤੋਂ ਬੌਰੋ ਕਰ ਲੈਨੇ ਆਂ।’’
‘‘ਨਹੀਂ ਜਾਨ, ਕੁਸ਼ ਵੀ ਬੌਰੋ ਨਹੀਂ ਕਰਨਾ, ਸਭ ਕੁਝ ਆਪਣੇ ਸਿਰ ’ਤੇ ਹੀ।’’
‘‘ਕੀਮਤਾਂ ਨਾ ਵਧ ਜਾਣ।’’
‘‘ਅਸੀਂ ਕੀ ਕਰ ਸਕਦੇ ਆਂ, ਲੌਟ ਔਫ ਪਿਉਪਲ ਆਰ ਵਿਦਾਊਟ ਹਾਊਸ।’’
ਮੁੜ ਮੈਂ ਡੈਡੀ ਤੋਂ ਡਿਪੌਜ਼ਟ ਜੋਗੇ ਪੈਸੇ ਫੜ ਲੈਣ ਲਈ ਆਖਦੀ ਤਾਂ ਰਵੀ ਖਿਝਣ ਲੱਗਦਾ। ਅੰਤ ਮੈਨੂੰ ਦੱਸਣਾ ਹੀ ਪਿਆ ਕਿ ਇਹ ਪੈਸੇ ਮੇਰੇ ਹੀ ਸਨ ਡੈਡੀ ਦੇ ਨਹੀਂ।
*****
ਚਲਦਾ
No comments:
Post a Comment