ਦੂਸਰਾ ਹਾਰਟ ਅਟੈਕ ਹੋਇਆ ਤਾਂ ਡੈਡੀ ਨੂੰ ਨਾਲ ਲੈ ਗਿਆ। ਅਸੀਂ ਪਿੱਛੇ ਰੋਂਦੇ ਰਹਿ ਗਏ। ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਸੀ। ਇੰਨੇ ਸਾਲਾਂ ਦੀ ਬਿਮਾਰੀ ਨੇ ਸਾਰੀ ਤਾਕਤ ਖੋਹ ਲਈ ਸੀ। ਡੈਡੀ ਹਰ ਵੇਲੇ ਆਪਣੇ ਆਪ ਨੂੰ ‘ਨਦੀ ਕਿਨਾਰੇ ਰੁੱਖੜਾ’ ਆਖਦੇ ਰਹਿੰਦੇ। ਕਦੇ-ਕਦੇ ਮੈਨੂੰ ਵੀ ਲੱਗਣ ਲੱਗਦਾ ਕਿ ਡੈਡੀ ਹੁਣ ਬਹੁਤੀ ਦੇਰ ਨਹੀਂ ਕੱਢਦੇ। ਜਦ ਕਦੇ ਵੀ ਡੈਡੀ ਬਿਨਾਂ ਮੈਂ ਆਪਣੀ ਜ਼ਿੰਦਗੀ ਬਾਰੇ ਸੋਚਦੀ ਤਾਂ ਮੇਰਾ ਰੋਣ ਨਿਕਲ ਜਾਂਦਾ ਕਿ ਕਿਵੇਂ ਜੀਵਾਂਗੀ।
-----
ਨੀਤਾ ਦੇ ਵਿਆਹ ’ਤੇ ਉਹ ਬਹੁਤ ਖ਼ੁਸ਼ ਸਨ। ਨੀਤਾ ਦਾ ਵਿਆਹ ਅੱਗੇ ਤੋਂ ਅੱਗੇ ਕਿਸੇ ਰਿਸ਼ਤੇਦਾਰ ਪਰਿਵਾਰ ਵਿਚ ਹੋ ਗਿਆ ਸੀ। ਉਦੋਂ ਕਈ ਵਾਰ ਆਖਣ ਲੱਗਦੇ, “ਹੁਣ ਤਾਂ ਬੇਸ਼ੱਕ ਰੱਬ ਚੁੱਕ ਲਵੇ, ਇਹੋ ਜਿਹੀ ਲਾਈਫ਼ ਨਾਲੋਂ ਤਾਂ।”
ਫਿਰ ਉਹ ਬਿੰਨੀ ਦੇ ਵਿਆਹ ਦਾ ਫ਼ਿਕਰ ਕਰਨ ਲੱਗਦੇ। ਮਰਨ ਤੋਂ ਹਫਤਾ ਕੁ ਪਹਿਲਾਂ ਹੀ ਮੈਨੂੰ ਆਖਿਆ ਸੀ, “ਬਿੰਨੀ ਇੱਕੀ ਸਾਲ ਦਾ ਹੋਇਆ ਤਾਂ ਵਿਆਹ ਦੇਣਾ ਏ, ਬੇਟੇ ਜੇ ਮੈਂ ਨਾ ਹੋਇਆ ਤਾਂ ਇਹ ਕੰਮ ਕਰ ਦੇਈਂ।”
ਸਾਧਾਰਣ ਬੈਠਿਆਂ ਅਸੀਂ ਗੰਭੀਰ ਗੱਲਾਂ ਕਰਨ ਲੱਗਦੇ। ਮੰਮੀ ਰੌਲਾ ਪਾਉਂਦੀ ਕਿ “ਸ਼ੁੱਭ, ਸ਼ੁੱਭ ਬੋਲੋ।”
ਡੈਡੀ ਬਾਅਦ ਅਸੀਂ ਸਾਰੇ ਬਹੁਤ ਉਦਾਸ ਹੋ ਗਏ। ਕਿਰਿਆ ਕਰਮ ਦੀ ਸਾਰੀ ਰਸਮ ਸੰਧੂ ਅੰਕਲ ਨੇ ਮੂਹਰੇ ਹੋ ਕੇ ਕੀਤੀ। ਗੁਰਦਵਾਰੇ ਹੀ ਪਾਠ ਰਖਾ ਕੇ ਭੋਗ ਪਾਇਆ। ਭੋਗ ਪੈਣ ਤਕ ਘਰ ਵਿਚ ਰੋਣ-ਧੋਣ ਪਿਆ ਰਿਹਾ। ਮੈਂ ਤਾਂ ਇੰਨਾ ਰੋਣ ਕਦੇ ਵੇਖਿਆ ਹੀ ਨਹੀਂ ਸੀ। ਜਦ ਕੋਈ ਔਰਤ ਮਿਲਣ ਆਉਂਦੀ ਤਾਂ ਮੰਮੀ ਦੇ ਫਿਰ ਮੇਰੇ ਗਲ਼ ਲੱਗ ਰੋਣ ਲੱਗਦੀ। ਕੁਝ ਦੇਰ ਤੋਂ ਬਾਅਦ ਮੇਰਾ ਰੋਣ ਨਿਕਲਣਾ ਹੀ ਬੰਦ ਹੋ ਗਿਆ ਸੀ। ਕੋਈ ਆਉਂਦਾ ਤਾਂ ਮੈਂ ਪਰੀ ਨੂੰ ਲੈ ਕੇ ਉਪਰ ਜਾ ਚੜ੍ਹਦੀ। ਪਰੀ ਵੀ ਡੈਡੀ ਨਾਲ ਬਹੁਤ ਜੁੜ ਗਈ ਸੀ। ਉਸ ਨੇ ਵੀ ਰੋ-ਰੋ ਕੇ ਬੁਖਾਰ ਚੜ੍ਹਾ ਲਿਆ ਸੀ। ਮਸਾਂ ਠੀਕ ਹੋਈ।
-----
ਅਸੀਂ ਸਾਰੇ ਹੀ ਡੈਡੀ ਦੀਆਂ ਅਸਥੀਆਂ ਲੈ ਕੇ ਇੰਡੀਆ ਗਏ। ਨੀਤਾ ਵੀ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਮਹਿੰਦਰ ਨੇ ਜਾਣ ਨਾ ਦਿੱਤਾ। ਇੰਡੀਆ ਜਾ ਕੇ ਫਿਰ ਪਿੱਟ-ਪਿਟਾਅ ਸ਼ੁਰੂ ਹੋ ਗਿਆ। ਪਿੰਡ ਦੀਆਂ ਔਰਤਾਂ ਨੇ ਮੰਮੀ ਨੂੰ ਵਿਚਕਾਰ ਬੈਠਾਲ ਉਸ ਨੂੰ ਰੁਆ-ਰੁਆ ਕੇ ਉਸ ਦਾ ਬੁਰਾ ਹਾਲ ਕਰ ਦਿੱਤਾ। ਉਹ ਤਰ੍ਹਾਂ -ਤਰ੍ਹਾਂ ਦੇ ਕੀਰਨੇ ਪਾਉਣ ਲੱਗਦੀਆਂ ਜਿਨ੍ਹਾਂ ਦੀ ਮੈਨੂੰ ਕੋਈ ਸਮਝ ਵੀ ਨਾ ਪੈਂਦੀ। ਮੰਮੀ ਦਾ ਤਾਂ ਸਿਰ ਦੁਖਣਾ ਹੀ ਸੀ, ਮੇਰਾ ਵੀ ਸਿਰ ਸਾਰਾ ਦਿਨ ਚਕਰਾਉਂਦਾ ਰਹਿੰਦਾ। ਮਕਾਣਾਂ ਆਉਣੀਆਂ ਖ਼ਤਮ ਹੋਈਆਂ ਤਦ ਜਾ ਕੇ ਕਿਤੇ ਸਾਹ ਆਇਆ।
-----
ਤਦ ਹੀ ਮੈਂ ਭੂਆ ਨਾਲ ਗੱਲਾਂ ਵਿਚ ਰੁੱਝਣ ਲੱਗੀ। ਵੈਸੇ ਤਾਂ ਮੈਨੂੰ ਭੂਆ ਦਾ ਸਦਾ ਹੀ ਖ਼ਿਆਲ ਸੀ। ਇੰਡੀਆ ਆ ਕੇ ਸਭ ਤੋਂ ਪਹਿਲਾਂ ਉਸੇ ਦੇ ਗਲ਼ ਲੱਗੀ ਸੀ। ਉਸ ਦੇ ਗਲ਼ ਲੱਗਿਆਂ ਮੈਨੂੰ ਚੈਨ ਆਇਆ ਸੀ ਪਰ ਇੰਨੇ ਲੋਕਾਂ ਵਿਚ ਬਹੁਤੀਆਂ ਗੱਲਾਂ ਨਹੀਂ ਸਨ ਹੋ ਸਕੀਆਂ। ਰਾਤ ਨੂੰ ਮੈਂ ਭੂਆ ਕੋਲ ਹੀ ਸੌਂਦੀ। ਅਸੀਂ ਰਾਤ ਗੱਲਾਂ ਕਰਦੀਆਂ ਰਹਿੰਦੀਆਂ। ਭੂਆ ਹੁਣ ਪਹਿਲਾਂ ਵਰਗੀ ਸਿਹਤਮੰਦ ਨਹੀਂ ਸੀ ਰਹੀ। ਉਸ ਦਾ ਸਰੀਰ ਢਲ਼ ਰਿਹਾ ਸੀ ਪਰ ਉਸ ਵਿਚ ਗੜਕਾ ਪਹਿਲਾਂ ਵਰਗਾ ਹੀ ਸੀ। ਘਰ ਦੇ ਜੁਆਕ ਉਸ ਤੋਂ ਡਰਦੇ ਸਨ। ਜਦ ਉਹ ਲੜਦੇ ਤਾਂ ਉਨ੍ਹਾਂ ਵਿਚੋਂ ਕੁੜੀਆਂ ਭੂਆ ਕੋਲ ਆ ਕੇ ਆਸਰਾ ਲਭਦੀਆਂ। ਮੈਂ ਇਕ ਦਿਨ ਉਸ ਨੂੰ ਆਖਿਆ, “ਭੂਆ, ਮੈਂ ਤੈਨੂੰ ਬਹੁਤ ਯਾਦ ਕਰਦੀ ਹੁੰਨੀ ਵਾਂ।”
“ਕਿਉਂ ਭਾਈ, ਤੂੰ ਕਾਹਨੂੰ ਮੈਨੂੰ ਯਾਦ ਕਰਦੀ ਹੁੰਨੀ ਏਂ! ਤੂੰ ਕੀ ਲੈਣਾ ਏ ਮੇਰੇ ਤੋਂ! ਤੂੰ ਆਪਣਾ ਘਰ ਸਾਂਭਦੀ ਭਾਈ, ਹੀਰੇ ਵਰਗੀ ਧੀ ਨੂੰ ਪਿਓ ਦੇ ਪਿਆਰ ਤੋਂ ਵਿਰਵੀ ਕਰ ਦਿੱਤਾ,” ਆਖਦੀ ਉਹ ਡੁਸਕਣ ਲੱਗ ਪਈ। ਮੈਨੂੰ ਹੈਰਾਨੀ ਹੋਈ ਕਿ ਮੰਮੀ ਵਾਂਗ ਇਹ ਵੀ ਇਲਜ਼ਾਮ ਮੇਰੇ ਸਿਰ ਹੀ ਲਾਉਂਦੀ ਪਈ ਸੀ। ਮੈਨੂੰ ਤਾਂ ਆਸ ਸੀ ਕਿ ਭੂਆ ਮੇਰੇ ਨਾਲ ਖੜੇਗੀ। ਉਹ ਫਿਰ ਆਖਣ ਲੱਗੀ, “ਆਦਮੀ ਤੋਂ ਇਕ ਪੈਰ ਪਰ੍ਹੇ ਹੋਵੋ ਤਾਂ ਆਦਮੀ ਸੌ ਪੈਰ ਦੂਰ ਹਟਦਾ ਏ, ....ਸਾਨੂੰ ਤਾਂ ਮੁੰਡਾ ਚੰਗਾ ਦਿੱਸਦਾ ਸੀ ਭਾਈ।””
“ਇੰਗਲੈਂਡ ਵਿਚ ਪੱਕਾ ਹੋ ਗਿਆ, ਉਹ ਨੂੰ ਹੋਰ ਕੀ ਚਾਹੀਦਾ ਸੀ!”
“ਪਰ ਤੂੰ ਛੱਡਿਆ ਕਿਉਂ?”
“ਭੂਆ, ਮੈਂ ਨਹੀਂ, ਓਹਨੇ ਛੱਡਿਆ ਮੈਨੂੰ।”
“ਅੱਛਾ! ਭਾਈ ਤੇਰੇ ਚਾਚੇ ਗਏ ਸੀ ਓਹਦੇ ਪਿਓ ਕੋਲ, ਉਹ ਆਖਦਾ ਸੀ ਕਿ ਕੁੜੀ ਈ ਤਲਾਕ ਦਿੰਦੀ ਏ, ਇਨ੍ਹਾਂ ਤੇਰੇ ਡੈਡੀ ਨੂੰ ਚਿੱਠੀ ਵੀ ਲਿਖੀ ਸੀ ਪਰ ਬਾਈ ਨੇ ਜਵਾਬ ਨਹੀਂ ਦਿੱਤਾ।”
-----
ਮੈਂ ਕੁਝ ਆਖਣਾ ਚਾਹ ਕੇ ਵੀ ਚੁੱਪ ਰਹੀ। ਭੂਆ ਵੀ ਹੋਰ ਕੁਝ ਨਾ ਬੋਲੀ। ਇਕ ਅਜੀਬ ਜਿਹੀ ਖ਼ਾਮੋਸ਼ੀ ਗਈ, ਜਿਹੀ ਖ਼ਾਮੋਸ਼ੀ ਕਿ ਜੇ ਵਕਤ ਸਿਰ ਮੰਮੀ ਨਾ ਆਉਂਦੀ ਤਾਂ ਪਤਾ ਨਹੀਂ ਹੋ ਜਾਂਦਾ। ਸ਼ਾਇਦ ਮੈਂ ਤੇ ਭੂਆ ਦੋਨੋਂ ਹੀ ਧਾਹਾਂ ਮਾਰ ਕੇ ਰੋਣ ਲੱਗਦੀਆਂ। ਮੰਮੀ ਆ ਕੇ ਭੂਆ ਵਾਲੀ ਮੰਜੀ ’ਤੇ ਬੈਠ ਗਈ ਤੇ ਪਰੀ ਵੱਲ ਇਸ਼ਾਰਾ ਕਰਦੀ ਬੋਲੀ, “ਹੁਣ ਖੇਡੇ ਪਈ ਏ ਜ਼ਰਾ, ਮੇਰੇ ਨਾਲ ਈ ਚਿੰਬੜੀ ਫਿਰਦੀ ਸੀ।”
ਪਰੀ ਖੇਡਦੀ-ਖੇਡਦੀ ਮੇਰੇ ਕੋਲ ਆ ਗਈ। ਭੂਆ ਨੇ ਉਹਨੂੰ ਆਪਣੇ ਕੋਲ ਬੁਲਾ ਕੇ ਸਿਰ ਤੇ ਹੱਥ ਫੇਰਿਆ ’ਤੇ ਮੈਨੂੰ ਪੁੱਛਿਆ, “ਏਹਦਾ ਪਿਓ ਏਹਨੂੰ ਦੇਖਣ ਤਾਂ ਆਉਂਦਾ ਈ ਹੋਏਗਾ?”
ਮੈਂ ਕੁਝ ਨਾ ਬੋਲੀ। ਮੇਰੇ ਵੱਲ ਵੇਖ ਕੇ ਮੰਮੀ ਨੇ ਉਸ ਨੂੰ ਆਖਿਆ, “ਬੀਬੀ, ਤੇਰੀ ਗੁੜ੍ਹਤੀ ਨੇ ਮੇਰੀ ਧੀ ਦੀ ਲੈਫ਼ ਤਬਾਹ ਕਰ ’ਤੀ।”
“ਹਾਏ ਭਾਬੀ, ਮੈਂ ਕੀ ਕਰਿਆ!”
“ਤੂੰ ਆਪਣੀ ਸਾਰੀ ਹੈਂਕੜ ਏਹਦੇ ’ਚ ਭਰਤੀ, ਨੱਕ ’ਤੇ ਮੱਖੀ ਨ੍ਹੀਂ ਬੈਠਣ ਦਿੰਦੀ, ਚੰਗਾ ਭਲਾ ਘਰ ਉਜਾੜ ਧਰਿਆ!”
ਮੰਮੀ ਰੋਣ ਲੱਗੀ। ਭੂਆ ਵੀ। ਮੈਂ ਭੂਆ ਨੂੰ ਦਿਲਾਸਾ ਦਿੰਦਿਆ ਆਖਿਆ, “ਭੂਆ, ਤੂੰ ਮੰਮੀ ਦੇ ਆਖੇ ਦਾ ਗੁੱਸਾ ਨਾ ਕਰ, ਏਹਨੂੰ ਪਤਾ ਨਈਂ ਚਲਦਾ ਕਿ ਕਿਹੜੀ ਗੱਲ ਆਖਣੀ ਏ, ਡੈਡੀ ਬਾਅਦ ਤਾਂ ਏਹਦੀ ਊਈਂ ਬੱਸ ਹੋ ਗੀ।
“ਨਈਂ ਧੀਏ, ਤੇਰੀ ਮਾਂ ਏਨੀ ਸਿੱਧੀ ਵੀ ਨਈਂ, ਇਹ ਵੀ ਸੱਚੀ ਏ, ਜੇ ਮੇਰੀ ਕਿਸਮਤ ਦਾ ਪਰਛਾਵਾਂ ਤੇਰੇ ਉਪਰ ਪੈ ਗਿਆ ਤਾਂ ਦੱਸ ਮੈਂ ਕੀ ਕਰਾਂ!”
“ਨਈਂ ਭੂਆ, ਅਜਿਹਾ ਕੁਝ ਨਹੀਂ ਹੋਇਆ, ਰਵੀ ਈ ਮੇਰੇ ਨਾਲ ਨਈਂ ਸੀ ਰਹਿਣਾ ਚਾਹੁੰਦਾ, ਹੁਣ ਤੈਨੂੰ ਸਾਰੀਆਂ ਗੱਲਾਂ ਕੀ ਦੱਸਾਂ, ਡੈਡੀ ਨਾਲ ਓਹਦਾ ਵਤੀਰਾ ਅਜਿਹਾ ਸੀ ਕਿ ਸੁਣ ਕੇ ਸ਼ਰਮ ਆਵੇ, ਏਹੋ ਜੇ ਬੰਦੇ ਨਾਲ ਮੈਂ ਕਿਥੇ ਰਹਿ ਸਕਦੀ ਸੀ। ਮੈਂ ਏਕਣ ਵੱਧ ਖ਼ੁਸ਼ ਆਂ, ਮੰਮੀ ਨੂੰ ਕੀ!”
ਠਆਹੋ, ਮੈਨੂੰ ਕੀ! ਮੈਂ ਤਾਂ ਮਾਂ ਵਾਂ, ਆਂਦਰਾਂ ਤਾਂ ਅੰਦਰੋਂ ਮੇਰੀ ਲੂਹੀਆਂ ਗਈਆਂ, ਤੂੰ ਆਖਨੀ ਏਂ ਮੈਨੂੰ ਕੀ"
“ਧੀਏ, ਜੇ ਕੋਈ ਸਬੱਬ ਬਣਦਾ ਏ ਤਾਂ ਬਣਾ ਲੋ, ਆਦਮੀ ਬਿਨਾਂ ਔਰਤ ਦੀ ਇੱਜ਼ਤ ਨਹੀਂ।”
“ਭੂਆ, ਇੰਗਲੈਂਡ ਵਿਚ ਇਮੇਂ ਨਈਂ ਹੁੰਦਾ। ਉਥੇ ਇਕੱਲੀ ਔਰਤ ਨੂੰ ਕੁਝ ਨਈਂ ਹੁੰਦਾ, ਨਾਲੇ ਮੇਰੀ ਜ਼ਿੰਦਗੀ ਤਾਂ ਪਰੀ ਨੂੰ ਪਾਲਣ ਵਿਚ ਨਿੱਕਲ਼ ਜਾਣੀ ਏਂ।”
“ਜ਼ਿੰਦਗੀ ਸਿਰਫ਼ ਜੁਆਕ ਜੱਲਾ ਪਾਲਣ ਵਿਚ ਈ ਨਹੀਂ....” ਭੂਆ ਕੁਝ ਆਖਦੀ ਰੁਕ ਗਈ। ਹੁਣ ਭੂਆ ਮੇਰੇ ਨਾਲ ਹੋਰ ਵੀ ਖੁੱਲ੍ਹ ਕੇ ਗੱਲਾਂ ਕਰਨ ਲੱਗਦੀ। ਰਵੀ ਬਾਰੇ ਬਹੁਤ ਸਵਾਲ ਪੁੱਛਦੀ। ਜਦ ਮੈਂ ਦੱਸਿਆ ਕਿ ਰਵੀ ਮੈਨੂੰ ਮਾਰਦਾ ਹੁੰਦਾ ਸੀ ਤਾਂ ਭੂਆ ਨੂੰ ਬਹੁਤ ਗੁੱਸਾ ਚੜ੍ਹਿਆ ਸੀ। ਉਸ ਦਾ ਤੇਜ਼ ਚਲਦਾ ਸਾਹ ਦੱਸ ਰਿਹਾ ਸੀ ਉਹ ਕਿੰਨੀ ਔਖੀ ਹੋਈ ਸੀ ਤੇ ਮੁੜ ਰਵੀ ਬਾਰੇ ਕਈ ਦਿਨ ਤਕ ਕੋਈ ਗੱਲ ਨਹੀਂ ਸੀ ਕੀਤੀ।
-----
ਇਕ ਦਿਨ ਮੈਂ ਭੂਆ ਨੂੰ ਪੁੱਛ ਹੀ ਲਿਆ, “ਭੂਆ, ਤੂੰ ਮੈਨੂੰ ਤਾਂ ਬਹੁਤ ਸਲਾਹਾਂ ਦਿੰਨੀ ਏਂ, ਤੈਨੂੰ ਕਦੇ ਮਰਦ ਦੀ ਲੋੜ ਨਹੀਂ ਮਹਿਸੂਸ ਹੋਈ?”
“ਚੱਲ ਕਮਲ਼ੀ ਨਾ ਹੋਵੇ ਤਾਂ। ਏਕਣ ਨਈਂ ਸੋਚੀਦਾ, .... ਮੈਂ ਤਾਂ ਪਾਠ ਕਰਨ ਲੱਗਦੀ ਸੀ, ਸਾਰਾ ਪਾਠ ਮੂੰਹ ਜ਼ੁਬਾਨੀ ਯਾਦ ਏ, ਨਾਲੇ ਪਿਓ ਦੀ ਪੱਗ ਦਾ ਵੀ ਤਾਂ ਧਿਆਨ ਸੀ।”
ਮੇਰੇ ਚਾਚੇ ਤਾਏ ਤੇ ਉਨ੍ਹਾਂ ਦੇ ਬੱਚੇ ਪਾ ਕੇ ਬਹੁਤ ਵੱਡਾ ਟੱਬਰ ਬਣ ਜਾਂਦਾ ਸੀ। ਮਕਾਣਾਂ ਖ਼ਤਮ ਹੋਣ ਤੋਂ ਬਾਅਦ ਮੁੜ ਕੇ ਚਹਿਲ-ਪਹਿਲ ਵਾਲਾ ਮਾਹੌਲ ਬਣ ਗਿਆ। ਜੁਆਨ ਕੁੜੀਆਂ ਤੇ ਘਰ ਦੀਆਂ ਨੂੰਹਾਂ ਮੇਰੇ ਦੁਆਲੇ ਬੈਠੀਆਂ ਰਹਿੰਦੀਆਂ। ਭੂਆ ਤੋਂ ਉਹ ਕੁਝ ਝਿਪਦੀਆਂ ਸਨ ਪਰ ਮੇਰੇ ਨਾਲ ਮਜ਼ਾਕ ਕਰਦੀਆਂ ਰਹਿੰਦੀਆਂ। ਘਰ ਦੇ ਆਦਮੀ ਇਕ ਪਾਸੇ ਬੈਠੇ ਸਲਾਹਾਂ ਕਰਨ ਲੱਗਦੇ। ਬਿੰਨੀ ਨੂੰ ਰਿਸ਼ਤੇ ਆਉਣ ਲੱਗੇ ਸਨ। ਅਸੀਂ ਡੈਡੀ ਦੀਆਂ ਅਸਥੀਆਂ ਲੈ ਕੇ ਆਏ ਹੋਣ ਕਰਕੇ ਸਾਰੇ ਹੀ ਇਸ ਸ਼ਗਨਾਂ ਵਾਲੇ ਕੰਮ ਨੂੰ ਅਗਲੀ ਵਾਰ ਲਈ ਰੱਖ ਰਹੇ ਸਨ।
-----
ਇਕ ਦਿਨ ਭੂਆ ਨੇ ਦੱਸਿਆ, “ਭਾਈ, ਸਭ ਨੇ ਸਲਾਹ ਕੀਤੀ ਏ, ਤੇਰਾ ਚਾਚਾ ਸੁਰਜੀਤ ਚਲਿਆ ਏ ਸੂਬੇਦਾਰ ਸਤਨਾਮ ਸੂੰਹ ਨਾਲ ਗੱਲ ਕਰਨ।’
‘‘ਉਹ ਕੌਣ ਏ?’’
‘‘ਲੈ ਦੱਸ ਤਾਂ ਭਲਾ, ਤੈਨੂੰ ਆਪਣੇ ਸਹੁਰੇ ਦੇ ਨਾਂ ਦਾ ਨਈਂ ਪਤਾ।’’ ਆਖਦੀ ਉਹ ਹੱਸਣ ਲੱਗੀ। ਫਿਰ ਮੈਨੂੰ ਕਲ਼ਾਵੇ ਵਿੱਚ ਲੈ ਕੇ ਬੋਲੀ, ‘‘ਦੇਖ ਧੀਏ, ਹੁਣ ਭੂਆ ਦੀ ਗੁੜ੍ਹਤੀ ਨੂੰ ਨੌਲਦੇ ਨੇ ਸਾਰੇ, ਇਸੇ ਗੁੜ੍ਹਤੀ ਖਾਤਰ ਤੂੰ ਮੁੰਡੇ ਨਾਲ ਸੁਲਾਹ ਕਰ ਲੈ।’’
‘‘ਹੁਣ ਤਾਂ ਭੂਆ, ਬਹੁਤ ਸਾਲ ਹੋਗੇ।’’
‘‘ਜੇ ਤੂੰ ਸੱਚੀ ਏਂ ਤੇ ਉਹ ਸੱਚਾ ਏ ਤਾਂ ਸਾਲਾਂ ਨਾਲ ਕੁਝ ਨਈਂ ਹੁੰਦਾ।’’
ਮੈਨੂੰ ਇਹਨਾਂ ਗੱਲਾਂ ਬਾਰੇ ਸੋਚਦਿਆਂ ਲੱਗਿਆ ਕਿ ਇਹ ਅਸੰਭਵ ਸੀ ਪਰ ਜਿਵੇਂ-ਜਿਵੇਂ ਸੋਚਦੀ ਗਈ ਤਾਂ ਜਾਪਣ ਲੱਗਾ ਕਿ ਇਹ ਤਾਂ ਬਹੁਤ ਹੀ ਸੰਭਵ ਸੀ। ਰਵੀ ਨੂੰ ਇਥੇ ਸੱਦ ਲੈਣ, ਜੇ ਰਵੀ ਨੂੰ ਨਾ ਵੀ ਸੱਦਣ ਫਿਰ ਵੀ ਤਾਂ ਸਭ ਠੀਕ ਹੋ ਹੀ ਸਕਦਾ ਸੀ। ਰਵੀ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀ। ਕਿੰਨਾ ਵੀ ਦੂਰ ਸੀ ਸਾਡੇ ਕੋਲੋਂ ਪਰ ਦਿਲੋਂ ਦੂਰ ਨਹੀਂ ਸੀ ਹੋ ਸਕਦਾ। ਸੋਚਦੇ-ਸੋਚਦੇ ਮੈਨੂੰ ਚਾਅ ਚੜ੍ਹਨ ਲੱਗਿਆ। ਮੈਂ ਰਵੀ ਬਾਰੇ ਸੋਚਣ ਲੱਗੀ। ਇੰਨਾ ਸੋਚਿਆ ਕਿ ਰਾਤ ਨੂੰ ਸੁਫ਼ਨੇ ਵੀ ਉਸ ਦੇ ਹੀ ਆਏ। ਸੁਫਨੇ ਵਿੱਚ ਬੈਠਾ ਉਹ ਕਿਤਾਬ ਪੜ੍ਹ ਰਿਹਾ ਸੀ। ਮੈਂ ਉਸ ਪਾਸੋਂ ਕਿਤਾਬ ਖੋਹ ਕੇ ਆਖਿਆ-‘‘ਇਕ ਤਾਂ ਸਾਨੂੰ ਲੈਣ ਨਈਂ ਆਉਂਦਾ, ਦੂਜਾ ਹੁਣ ਕਿਤਾਬ ਪੜ੍ਹੀ ਜਾਂਦਾ!’’
-----
ਜਿਸ ਦਿਨ ਦੀ ਮੈਂ ਆਈ ਸੀ ਮਰਦਾਂ ਵਿਚੋਂ ਕਦੇ ਕਿਸੇ ਨੇ ਮੇਰੇ ਨਾਲ ਰਵੀ ਬਾਰੇ ਗੱਲ ਨਹੀਂ ਸੀ ਕੀਤੀ। ਇਕ ਦਿਨ ਕਿਸੇ ਨੇ ਮੇਰੇ ਸਾਹਮਣੇ ਆਪਸ ਵਿੱਚ ਕਿਹਾ ਸੀ ਕਿ ਇਹ ਦਬਾਬੀਏ ਸਾਨੂੰ ਜਮਾਂ ਈ ਰਾਸ ਨਹੀਂ ਆਏ। ਬਿੰਨੀ ਦੇ ਵਿਆਹ ਬਾਰੇ ਜ਼ਰੂਰ ਮੇਰੇ ਨਾਲ ਸਲਾਹਾਂ ਹੁੰਦੀਆਂ ਸਨ।
ਅਗਲੇ ਦਿਨ ਚਾਚਾ ਸਿੱਧਿਆਂ ਹੀ ਜਲੰਧਰ ਨੂੰ ਚਲੇ ਗਿਆ। ਉਸ ਦੇ ਜਾਂਦੇ ਸਾਰ ਹੀ ਉਸ ਦੀ ਉਡੀਕ ਹੋਣ ਲੱਗੀ। ਚਾਚਾ ਰਵੀ ਦੇ ਪਿਤਾ ਨੂੰ ਕਈ ਵਾਰ ਮਿਲ ਚੁੱਕਾ ਸੀ। ਉਹ ਯਕੀਨ ਦਵਾਉਂਦਾ ਗਿਆ ਸੀ ਕਿ ਉਹ ਉਹਨਾਂ ਦੀ ਕਿਸੇ ਗੱਲ ਨੂੰ ਮੋੜਨ ਨਹੀਂ ਲੱਗਿਆ। ਭੂਆ ਤੇ ਮੰਮੀ ਮੇਰੇ ਸਾਹਮਣੇ ਹੀ ਸਲਾਹਾਂ ਕਰ ਰਹੀਆਂ ਸਨ, ‘‘ਜੇ ਮੁੰਡੇ ਦਾ ਪਿਓ ਮੰਨ ਜਾਵੇ ਤਾਂ ਇਹਨੂੰ ਇਥੋਂ ਹੀ ਸਹੁਰੇ ਤੋਰ ਦੇਈਏ, ਮੁੰਡੇ ਨੇ ਤਾਂ ਆਪਣੇ ਪਿਓ ਦੀ ਮੋੜਨੀ ਈ ਕੀ ਏ।’’
ਮੈਂ ਵੀ ਰਵੀ ਦੇ ਪਿੰਡ ਜਾਣ ਲਈ, ਆਪਣੇ ਆਪ ਨੂੰ ਤਿਆਰ ਕਰਨ ਲੱਗੀ। ਵਿਆਹ ਸਮੇਂ ਉਥੇ ਗਈ ਸੀ। ਉਦੋਂ ਉਹਨਾਂ ਦਾ ਘਰ ਛੋਟਾ ਜਿਹਾ ਸੀ। ਫਿਰ ਤਾਂ ਰਵੀ ਨੇ ਬਥੇਰੇ ਪੈਸੇ ਭੇਜੇ ਸਨ। ਜ਼ਰੂਰ ਵੱਡਾ ਕਰ ਲਿਆ ਹੋਵੇਗਾ। ਰਵੀ ਦੀ ਮਾਂ ਜਦ ਇੰਗਲੈਂਡ ਆਈ ਉਦੋਂ ਹੀ ਸਾਡਾ ਝਗੜਾ ਵਧਿਆ ਸੀ ਪਰ ਉਸ ਨੇ ਕਦੇ ਮੈਨੂੰ ਕੁਝ ਨਹੀਂ ਸੀ ਕਿਹਾ। ਮੇਰੇ ਨਾਲ ਤਾਂ ਬਥੇਰਾ ਪਿਆਰ ਕਰਦੀ ਹੁੰਦੀ ਸੀ। ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਦਿਆਂ ਪਰੀ ਨੂੰ ਆਖਿਆ, ‘‘ਪੌਸੀਬਲ ਏ ਆਪਾਂ ਨੂੰ ਤੇਰੇ ਡੈਡੀ ਦੇ ਡੈਡੀ-ਮੰਮੀ ਮਿਲਣ ਆਉਣ।’’
‘‘ਰੀਅਲੀ! ਵਿਅਰ ਦੇ ਲਿਵ?’’
‘‘ਇਥੇ ਈ, ਇੰਡੀਆ ਵਿਚ ਈ।’’
‘‘ਡੈਡੀ ਨੇ ਵੀ ਔਣੈ?’’
‘‘ਮੇਅ ਬੀ।’’
‘‘ਫੇਰ ਡੈਡੀ ਨੇ ਗੁੱਡ ਹੋ ਜਾਣਾ?’’
‘‘ਹਾਂ...ਹਾਂ।’’
ਜਦ ਕਦੇ ਵੀ ਪਰੀ ਰਵੀ ਬਾਰੇ ਪੁੱਛਦੀ ਤਾਂ ਮੈਂ ਆਖ ਦਿਆ ਕਰਦੀ ਸੀ ਕਿ ਉਹ ਬੁਰਾ ਆਦਮੀ ਸੀ ਇਸ ਲਈ ਸਾਨੂੰ ਮਿਲਦਾ ਨਹੀਂ ਸੀ।
ਆਥਣੇ ਜਿਹੇ ਅਸੀਂ ਚਾਚੇ ਦੇ ਘਰ ਹੀ ਜਾ ਬੈਠੀਆਂ। ਸਾਡਾ ਸਾਰਾ ਧਿਆਨ ਚਾਚੇ ਦੇ ਆਉਣ ਵੱਲ ਹੀ ਸੀ। ਘਰ ਵਿਚ ਸਭ ਨੂੰ ਪਤਾ ਸੀ ਕਿ ਚਾਚਾ ਕਿਥੇ ਗਿਆ ਸੀ। ਇਸ ਕਰਕੇ ਸਭ ਦੀ ਨਿਗਾਹ ਮੇਰੇ ਉਪਰ ਘੁੰਮ ਰਹੀ ਸੀ। ਕਦੇ-ਕਦੇ ਇਹ ਸਭ ਮੈਨੂੰ ਬਹੁਤ ਬੁਰਾ ਲੱਗਦਾ। ਚਾਚਾ ਆਇਆ ਤੇ ਆਉਂਦਾ ਹੀ ਬੈਠਕ ਵਿਚ ਚਲੇ ਗਿਆ। ਅਸੀਂ ਸਵਾਤ ਵਿਚ ਬੈਠੀਆਂ ਸਾਂ। ਮੰਮੀ ਤੇ ਭੂਆ ਉਠ ਕੇ ਚਾਚੇ ਮਗਰ ਗਈਆਂ। ਮੈਂ ਸਾਹ ਰੋਕੀ ਉਨ੍ਹਾਂ ਨੂੰ ਉਡੀਕਣ ਲੱਗੀ।
ਕੁਝ ਚਿਰ ਬਾਅਦ ਉਹ ਵਾਪਸ ਆਈਆਂ। ਉਨ੍ਹਾਂ ਨੂੰ ਵੇਖ ਕੇ ਮੇਰੇ ਕੋਲ ਬੈਠੀਆਂ ਕੁੜੀਆਂ ਉਠ ਕੇ ਚਲੀਆਂ ਗਈਆਂ। ਮੰਮੀ ਮੇਰੇ ਵੱਲ ਕਿੰਨਾ ਚਿਰ ਵੇਖਦੀ ਰਹੀ ਤੇ ਫਿਰ ਰੋਣ ਲੱਗ ਪਈ। ਭੂਆ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਗਲ਼ ਨਾਲ ਲਾ ਲਿਆ ਤੇ ਆਖਣ ਲੱਗੀ, ‘‘ਤੇਰੀ ਕਿਸਮਤ ਖੋਟੀ ਧੀਏ, ਮੁੰਡੇ ਨੇ ਤਾਂ ਹੋਰ ਵਿਆਹ ਕਰਾ ਲਿਆ।’’
-----
ਇਕ ਵਾਰ ਤਾਂ ਮੈਨੂੰ ਝਟਕਾ ਵੱਜਿਆ। ਸੰਭਲ ਕੇ ਮੈਂ ਆਖਿਆ, ‘‘ਤਾਂ ਕੀ ਹੋਇਆ ਭੂਆ, ਏਹਦੇ ’ਚ ਰੋਣ ਵਾਲੀ ਕਿਹੜੀ ਗੱਲ ਏ?’’ ਆਖ ਕੇ ਮੈਂ ਵੀ ਰੋਣ ਲੱਗੀ। ਸਾਨੂੰ ਰੋਂਦੀਆਂ ਨੂੰ ਵੇਖ ਕੇ ਪਰੀ ਵੀ ਸਾਨੂੰ ਚਿੰਬੜਦੀ ਰੋ ਪਈ ਅਤੇ ਘਰ ਦੀਆਂ ਹੋਰ ਔਰਤਾਂ ਵੀ ਰੋਣ ਵਿਚ ਸ਼ਾਮਿਲ ਹੋ ਗਈਆਂ। ਮੰਮੀ ਨੇ ਡੈਡੀ ਨੂੰ ਸੰਬੋਧਨ ਹੋ ਕੇ ਕੋਈ ਕੀਰਨਾ ਪਾਇਆ ਤੇ ਭੂਆ ਨੇ ਉਸ ਨਾਲ ਲੜ ਕੇ ਉਸ ਨੂੰ ਚੁੱਪ ਕਰਾਇਆ। ਦੋ ਕੁ ਗੁਆਂਢਣ ਔਰਤਾਂ ਵੀ ਸਾਡੇ ’ਚ ਆ ਰਲੀਆਂ। ਫਿਰ ਅਸੀਂ ਸਾਰੀਆਂ ਬਹਿ ਕੇ ਡੈਡੀ ਦੀਆਂ ਗੱਲਾਂ ਕਰਨ ਲੱਗੀਆਂ।
-----
ਮੇਰਾ ਮਨ ਹੁਣ ਬਹੁਤ ਉਦਾਸ ਰਹਿਣ ਲੱਗਿਆ ਸੀ। ਰਵੀ ਨਾਲ ਮੈਨੂੰ ਨਫ਼ਰਤ ਹੋਣ ਲੱਗਦੀ। ਮੈਂ ਵਾਪਸ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਦ ਕਿ ਸਾਡੇ ਪ੍ਰੋਗਰਾਮ ਅਨੁਸਾਰ ਅਸੀਂ ਦੋ ਹਫ਼ਤੇ ਹੋਰ ਰਹਿਣਾ ਸੀ। ਮੰਮੀ ਆਖਦੀ, ‘‘ਏਡੀ ਵੀ ਕੀ ਕਾਹਲੀ ਏ, ਤੇਰਾ ਮਾਮਾ ਇੰਦਰ ਸਿਉਂ ਸੱਦ ਕੇ ਗਿਆ ਹੋਇਐ, ਆਪਾਂ ਇਕ ਹਫ਼ਤਾ ਤਾਂ ਉਥੇ ਰਹਾਂਗੀਆਂ। ਹੁਣ ਨਾਨਕੀਂ ਵੀ ਤਾਂ ਰਹਿ ਕੇ ਦੇਖ।’’
‘‘ਨਈਂ ਮੰਮੀ, ਤੂੰ ਰਹਿ ਲੈ, ਮੈਂ ਤਾਂ ਜਾਣਾ ਏਂ, ਕੰਮ ’ਤੇ ਵੀ ਜਾਣਾ ਪੈਣਾ, ਫਿਰ ਪਰੀ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਏ।’’
ਸਭ ਨੇ ਬਹੁਤ ਰੋਕਿਆ ਪਰ ਮੈਂ ਜ਼ਿੱਦ ਨਾ ਛੱਡੀ। ਅਸੀਂ ਸਾਰੇ ਵਕਤ ਤੋਂ ਪਹਿਲਾਂ ਹੀ ਮੁੜ ਆਏ। ਬਾਕੀਆਂ ਨੇ ਵੀ ਮੇਰੇ ਨਾਲ ਹੀ ਪ੍ਰੋਗਰਾਮ ਬਦਲ ਲਿਆ ਸੀ।
*****
ਚਲਦਾ
No comments:
Post a Comment