ਕਿਰਨ ਦੇ ਆਉਣ ਨਾਲ ਘਰ ਵਿਚ ਕਈ ਤਰ੍ਹਾਂ ਦੀਆਂ ਖ਼ੁਸ਼ਬੋਆਂ ਘੁੰਮਣ ਲੱਗੀਆਂ। ਨਵੀਂ ਦੁਲਹਨ ਨਾਲ ਘਰ ਦੀ ਫ਼ਿਜ਼ਾ ਇੰਨੀ ਬਦਲ ਜਾਂਦੀ ਹੈ ਮੈਨੂੰ ਨਹੀਂ ਸੀ ਪਤਾ। ਮੇਰਾ ਵਿਆਹ ਇੰਡੀਆ ਵਿਚ ਹੋਇਆ। ਕਿਰਨ ਨਵੀਂ ਦੁਲਹਨ ਉਥੇ ਸੀ। ਉਥੇ ਮੈਂ ਇਹ ਗੱਲ ਮਹਿਸੂਸ ਹੀ ਨਹੀਂ ਕੀਤੀ। ਉਥੇ ਮੈਂ ਬਹੁਤ ਕੁਝ ਮਹਿਸੂਸ ਨਹੀਂ ਸਾਂ ਕਰ ਸਕਿਆ। ਉਥੇ ਦੀ ਮਿੱਟੀ ਮੈਨੂੰ ਪਤਾ ਨਹੀਂ ਕੀ ਕਰ ਦਿੰਦੀ ਹੈ ਜਦ ਵੀ ਜਾਵਾਂ ਮਹਿਸੂਸ ਕਰਨ ਦੇ ਮੀਟਰ ਬਦਲ ਜਾਂਦੇ ਹਨ। ਫਿਰ ਸ਼ਰਾਬ ਵੀ ਏਨੀ ਪੀਤੀ ਜਾਂਦੀ ਹੈ ਕਿ ਸਭ ਕੁਝ ਸੁਫ਼ਨੇ ਵਾਂਗ ਚਲਦਾ ਰਹਿੰਦਾ। ਮੈਨੂੰ ਕਿਰਨ ਇਥੇ ਆਈ ਵੀ ਨਵੀਂ ਦੁਲਹਨ ਜਾਪ ਰਹੀ ਸੀ। ਘਰ ਵਿਚ ਉਹਦੇ ਘੁੰਮਣ ਨਾਲ ਫਿਜ਼ਾ ਤਾਂ ਤਾਜ਼ੀ-ਤਾਜ਼ੀ ਜਾਪਦੀ ਸੀ ਪਰ ਕਿਧਰੇ ਕੁਝ ਰੜਕੀ ਵੀ ਜਾ ਰਿਹਾ ਸੀ। ਕਿਧਰੇ ਕੁਝ ਅਜਿਹਾ ਸੀ ਜੋ ਮੇਰੇ ਸੰਘ ਥੱਲੇ ਨਹੀਂ ਸੀ ਉਤਰ ਰਿਹਾ, ਹਜ਼ਮ ਨਹੀਂ ਸੀ ਹੁੰਦਾ।
-----
ਪ੍ਰਿਤਪਾਲ ਬਹੁਤ ਖ਼ੁਸ਼ ਸੀ। ਉਹ ਕਹਿਣ ਲੱਗਿਆ, ‘‘ਕਿਉਂ ਵੱਡਿਆ, ਖ਼ੁਸ਼ ਐਂ ਹੁਣ?’’
‘‘ਖ਼ੁਸ਼ ਨੂੰ ਅੱਗੇ ਕਿਹੜਾ ਮੈਂ ਕੀਰਨੇ ਪਾਉਂਦਾ ਫਿਰਦਾ ਸੀ।’’
‘‘ਫਿਰਦਾ ਸੀ, ਕੀਰਨੇ ਪਾਉਂਦਾ ਈ ਫਿਰਦਾ ਸੀ, ਤੈਨੂੰ ਸੁਣਦੇ ਹੋਣ ਜਾਂ ਨਾ, ਮੈਨੂੰ ਸੁਣਦੇ ਸਨ, ਮੈਨੂੰ ਤੇਰੇ ਅੰਦਰੋਂ ਉਠਦੇ ਹਾਉਕੇ ਸੁਣਦੇ ਸੀ।’’
‘‘ਤੇਰੇ ਨਾਲ ਤਾਂ ਯਾਰ ਗੱਲ ਕਰਨ ਦਾ ਘਾਟਾ, ਤੂੰ ਇਕ ਦੀਆਂ ਪੰਜ ਸੁਣੌਂਨੈ!’’
“ਤੂੰ ਵੀ ਤਾਂ ਕਈ ਵਾਰੀ ਪੁੱਠੀ ਗੱਲ ਕਰ ਜਾਨੈਂ, ਮੈਂ ਤਾਂ ਇੰਨਾ ਪੁੱਛਦਾਂ ਕਿ ਕਿਰਨ ਤੋਂ ਖ਼ੁਸ਼ ਐਂ?”
“ਨਾ ਬਈ, ਤਸੱਲੀ ਨਹੀਂ।”
“ਕੀ ਕੀ ਕੀ ਕੀ.... ਕੀ ਕਹਿੰਨਾ?”
ਉਹ ਖਿਝ ਗਿਆ ਜਿਵੇਂ ਮੈਂ ਉਸ ਨੂੰ ਗਾਲ੍ਹ ਕੱਢੀ ਹੋਵੇ। ਮੈਂ ਕਿਹਾ, ਠਛੋਟੇ ਯਾਰ, ਗੱਲ ਇਹ ਐ, ਜਿੱਦਾਂ ਦੀ ਵਾਈਫ ਮੈਂ ਚਾਹੁੰਦਾ ਸੀ ਉਹ ਗੱਲ ਨਹੀਂ ਬਣੀ।”
“ਹੋਰ ਤੈਨੂੰ ਕੀ ਚਾਹੀਦੈ? ....ਕੁੜੀ ਘਰੇਲੂ ਐ, ਪੜ੍ਹੀ ਲਿਖੀ ਐ, ਚੰਗੇ ਲਾਣੇ ਦੀ ਐ, ਹੋਰ ਦੱਸ ਤੈਨੂੰ ਬਾਂਸ ਚਾਹੀਦੈ?”
“ਬਾਕੀ ਸਭ ਤਾਂ ਠੀਕ ਐ ਪਰ ਓਹਦੇ ਮੁਕਾਬਲੇ ਕੁਝ ਨਹੀਂ!”
“ਤੇਰਾ ਦਿਮਾਗ ਘੁੰਮ ਗਿਐ, ਤੂੰ ਇਹਦਾ ਮੁਕਾਬਲਾ ਕਿਸੇ ਹੋਰ ਨਾਲ ਕਿਉਂ ਕਰਦੈਂ! ਇਹਦਾ ਮੁਕਾਬਲਾ ਇਹਦੇ ਨਾਲ ਈ ਕਰ, ਤੈਨੂੰ ਇਹਤੋਂ ਚੰਗੀ ਕੁੜੀ ਨਹੀਂ ਮਿਲ ਸਕਦੀ ਸੀ।”
ਮੈਂ ਉਸ ਦੀ ਗੱਲ ਵਿਚ ਹਾਂ ਹੀ ਮਿਲਾ ਦਿੱਤੀ ਸੀ। ਹੋਰ ਕਰ ਵੀ ਕੀ ਸਕਦਾ ਸਾਂ। ਹੁਣ ਸਭ ਕੁਝ ਹੋ ਚੁੱਕਾ ਸੀ। ਹੁਣ ਤਾਂ ਕਿਰਨ ਗਰਭਵਤੀ ਵੀ ਸੀ। ਵੈਸੇ ਮੈਂ ਉਸ ਨੂੰ ਕਦੇ ਮਹਿਸੂਸ ਨਹੀਂ ਸੀ ਹੋਣ ਦਿੱਤਾ ਕਿ ਉਹ ਮੈਨੂੰ ਪਸੰਦ ਨਹੀਂ। ਉਸ ਦਾ ਇਸ ਵਿਚ ਕੋਈ ਕਸੂਰ ਨਹੀਂ ਸੀ। ਮੈਂ ਸਗੋਂ ਉਸ ਨਾਲ ਹਮੇਸ਼ਾ ਨਿੱਕੇ-ਨਿੱਕੇ ਮਜ਼ਾਕ ਕਰਦਾ ਰਹਿੰਦਾ।
-----
ਉਸ ਦਾ ਦਿਲ ਲੱਗ ਗਿਆ ਸੀ। ਪ੍ਰਿਤਪਾਲ ਸ਼ੈਰਨ ਵਲੋਂ ਮਿਲਦੀ ਮਦਦ ਨੇ ਉਸ ਨੂੰ ਕਦੇ ਓਪਰਾਪਨ ਮਹਿਸੂਸ ਨਹੀਂ ਹੋਣ ਦਿੱਤਾ। ਮੈਂ ਉਸ ਨੂੰ ਆਪਣੇ ਕਾਰੋਬਾਰ ਬਾਰੇ ਕੁਝ ਦੱਸਦਾ ਤਾਂ ਉਹ ਕਦੇ ਧਿਆਨ ਨਾ ਦਿੰਦੀ ਜਿਵੇਂ ਕਿ ਉਸ ਦਾ ਵਾਹ ਦੋ ਰੋਟੀਆਂ ਤਕ ਹੀ ਹੋਵੇ। ਉਸ ਨੂੰ ਬਾਹਰ ਘੁੰਮਣ ਦਾ ਬਹੁਤਾ ਸ਼ੌਕ ਨਹੀਂ ਸੀ। ਫ਼ਿਲਮਾਂ ਅਤੇ ਟੀ. ਵੀ. ਦੇਖਣ ਨਾਲ ਉਸ ਦਾ ਮਨ ਪ੍ਰਚਿਆ ਰਹਿੰਦਾ ਜਾਂ ਘਰ ਦੇ ਕੰਮ ਲੱਗੀ ਰਹਿੰਦੀ।
------
ਬੀਟਰਸ ਦੇ ਮੈਂ ਮੁੜ ਕੇ ਜਾਣ ਲੱਗਿਆ ਸਾਂ। ਮੇਰਾ ਕਾਰੋਬਾਰ ਲੀਹ ’ਤੇ ਪੈ ਗਿਆ ਸੀ। ਲੈਰੀ ਤੇ ਬੌਬ ਕੰਮ ਸਾਂਭੀ ਜਾਂਦੇ। ਬਾਹਰੋਂ ਕੰਮ ਲਿਆਉਣ ਲਈ ਵਿਨੋਦ ਹੈ ਹੀ ਸੀ। ਜੇ ਕਦੇ ਨਾ ਵੀ ਜਾਂਦਾ ਤਾਂ ਕੰਮ ਚਲਦਾ ਰਹਿੰਦਾ। ਘਰੋਂ ਕੰਮ ’ਤੇ ਗਿਆ ਬੀਟਰਸ ਦੇ ਚਲੇ ਜਾਂਦਾ। ਵਿਆਹ ਕਰਾ ਕੇ ਵਾਪਸ ਆਇਆ ਤਾਂ ਮੇਰੇ ਅੰਦਰਲੀ ਗੁਨਾਹਗਾਰ ਭਾਵਨਾ ਨੇ ਮੈਨੂੰ ਉਸ ਦੇ ਮੁੜ ਨੇੜੇ ਕਰ ਦਿੱਤਾ ਸੀ। ਮੇਰਾ ਕਈ ਵਾਰ ਦਿਲ ਕੀਤਾ ਕਿ ਕਿਰਨ ਨੂੰ ਬੀਟਰਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦੇਵਾਂ।
-----
ਇਕ ਦਿਨ ਉਸ ਨੂੰ ਬੀਟਰਸ ਬਾਰੇ ਪਤਾ ਚਲਣਾ ਹੀ ਸੀ। ਵਿਆਹ ਤੋਂ ਪਹਿਲੀਆਂ ਗੱਲਾਂ ਉਸ ਨੂੰ ਸਹਿਣੀਆਂ ਹੀ ਪੈਣੀਆਂ ਸਨ। ਜੇਕਰ ਬੀਟਰਸ ਦੇ ਨਾਂ ਤੋਂ ਉਹ ਵਾਕਿਫ਼ ਹੋ ਜਾਵੇ ਤਾਂ ਮੇਰੇ ਹੁਣ ਦੇ ਸੰਬੰਧਾਂ ਬਾਰੇ ਸੁਣਨਾ ਵੀ ਉਸ ਲਈ ਸੌਖਾ ਹੋ ਜਾਣਾ ਸੀ। ਅਜਿਹਾ ਕਿੰਨਾ ਕੁਝ ਸੋਚ ਕੇ ਮੈਂ ਕਿਹਾ, “ਮੈਡਮ, ਬੀਟਰਸ ਨਾਂ ਦੀ ਇਕ ਗੋਰੀ ਐ, ਮੇਰੀ ਬਿਜਨਸ ਪਾਰਟਨਰ ਐ, ਉਹਦੇ ਦੋ ਛੋਟੇ-ਛੋਟੇ ਮੁੰਡੇ ਵੀ ਐ, ਲਿਆਵਾਂਗਾ ਕਿਸੇ ਦਿਨ।”
ਉਸ ਨੇ ਮੇਰੀ ਗੱਲ ਅਣਸੁਣੀ ਕਰ ਰੱਖੀ ਤੇ ਆਪਣੇ ਨੌਹਾਂ ’ਤੇ ਫੁਆਇਲ ਫੇਰਦੀ ਰਹੀ। ਕੁਝ ਦਿਨਾਂ ਮਗਰੋਂ ਮੈਂ ਡੈਨੀ ਤੇ ਜੌਹਨ ਨੂੰ ਆਪਣੇ ਘਰ ਲੈ ਆਇਆ। ਕਿਰਨ ਬਹੁਤ ਖ਼ੁਸ਼ ਹੋਈ। ਉਨ੍ਹਾਂ ਦੇ ਵਾਲ਼ਾਂ ਵਿਚ ਹੱਥ ਫੇਰਦੀ ਕਹਿਣ ਲੱਗੀ, ‘‘ਹਾਏ! ਕਿੰਨੇ ਸੁਹਣੇ ਐ ਗੋਰਿਆਂ ਦੇ ਨਿਆਣੇ।’’
‘‘ਇਨ੍ਹਾਂ ਦੀ ਮਾਂ ਇਨ੍ਹਾਂ ਤੋਂ ਵੀ ਸੁਹਣੀ ਐਂ।’’
‘‘ਉਹ ਤੁਸੀਂ ਜਾਣੋ! ਮੈਨੂੰ ਤਾਂ ਨਿਆਣੇ ਬਹੁਤ ਪਿਆਰੇ ਲੱਗਦੇ ਆ।’’ ਕਹਿ ਕੇ ਉਹ ਮੁੰਡਿਆਂ ਨਾਲ ਖੇਡਣ ਲੱਗੀ। ਫੇਰ ਅਸੀਂ ਜੇ ਕਦੇ ਬਾਹਰ ਜਾਣਾ ਹੁੰਦਾ ਤਾਂ ਡੈਨੀ ਤੇ ਜੌਹਨ ਨੂੰ ਨਾਲ ਲੈ ਜਾਂਦੇ। ਡੈਨੀ ਮੇਰੇ ਨਾਲੋਂ ਕਿਰਨ ਨਾਲ ਜ਼ਿਆਦਾ ਗੱਲਾਂ ਕਰਦਾ। ਕਿਰਨ ਨੂੰ ਇਸ ਗੱਲ ਦੀ ਖ਼ੁਸ਼ੀ ਵੀ ਸੀ ਕਿ ਉਸ ਦਾ ਅੰਗਰੇਜ਼ੀ ਬੋਲਣ ਦਾ ਵਾਹਵਾ ਅਭਿਆਸ ਹੋ ਜਾਂਦਾ। ਅਸੀਂ ਮੁੰਡਿਆਂ ਨੂੰ ਛੱਡਣ ਗਏ ਬੀਟਰਸ ਨੂੰ ਵੀ ਮਿਲਦੇ। ਕਿਰਨ ਦੇ ਮੱਥੇ ਕਦੇ ਕੋਈ ਸ਼ਿਕਨ ਨਹੀਂ ਸੀ ਦੇਖੀ ਮੈਂ। ਉਦੋਂ ਪਤਾ ਨਹੀਂ ਸੀ ਕਿ ਚੁੱਪ ਰਹਿਣਾ ਜਾਂ ਅਣਗੌਲ਼ੇ ਕਰਨਾ ਚਲਾਕੀ ਦੀ ਇਕ ਕਿਸਮ ਹੈ। ਉਪਰੋਂ ਕਿਰਨ ਚੁੱਪ ਜਿਹੇ ਮੁਸਕਰਾ ਛੱਡਦੀ ਸੀ ਪਰ ਅੰਦਰੋਂ ਗੱਲ ਨੂੰ ਪੂਰੀ ਤਰ੍ਹਾਂ ਸਮਝਦੀ ਤੇ ਰਿੜਕਦੀ ਰਹਿੰਦੀ ਸੀ, ਫਿਰ ਵੀ ਉਸ ਦੇ ਫੈਸਲੇ ਢਾਹੂ ਨਹੀਂ ਸਨ ਹੁੰਦੇ।
------
ਉਸ ਨੂੰ ਇਥੇ ਆ ਕੇ ਇਕ ਦਮ ਜਿਹੜੇ ਲੋਕ ਮਿਲੇ ਉਹ ਪ੍ਰਿਤਪਾਲ ਤੇ ਸ਼ੈਰਨ ਹੀ ਸਨ। ਮਾਸਟਰ ਮੋਹਣ ਸਿੰਘ ਤੇ ਬਖਸ਼ੋ ਮਾਸੀ ਕੁਝ ਬਾਅਦ ਵਿਚ ਮਿਲੇ। ਮਾਸਟਰ ਮੋਹਣ ਸਿੰਘ ਦਾ ਨਾਂ ਮੈਂ ਇੰਡੀਆ ਵਿਚ ਹੀ ਕਿਰਨ ਦੇ ਮਾਂ ਬਾਪ ਪਾਸੋਂ ਸੁਣਿਆ ਸੀ ਕਿ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਜੋ ਕਿ ਕਿਰਨ ਦਾ ਮਾਸੜ ਲੱਗਦਾ ਸੀ, ਇੰਗਲੈਂਡ ਵਿਚ ਰਹਿੰਦਾ ਸੀ। ਮੈਂ ਉਸ ਨੂੰ ਜਾਨਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਕਿਰਨ ਆਈ ’ਤੇ ਵੀ ਅਸੀਂ ਉਨ੍ਹਾਂ ਬਾਰੇ ਨਾ ਸੋਚਿਆ। ਇਹ ਤਾਂ ਮੋਹਨ ਸਿੰਘ ਹੀ ਇੰਡੀਆ ਗਿਆ ਸਾਡਾ ਐਡਰੈਸ ਲੈ ਆਇਆ ਸੀ। ਉਸ ਨੇ ਹੀ ਫੋਨ ਕੀਤਾ। ਉਹ ਹੀ ਦੋਵੇਂ ਜਣੇ ਸਾਨੂੰ ਮਿਲਣ ਆਏ ਸਨ। ਉਨ੍ਹਾਂ ਨੂੰ ਮਿਲ ਕੇ ਮੈਨੂੰ ਬਹੁਤ ਚੰਗਾ-ਚੰਗਾ ਲੱਗਿਆ ਸੀ। ਫਿਰ ਸਾਨੂੰ ਵੀ ਘਰ ਸੱਦਿਆ। ਉਨ੍ਹਾਂ ਦੇ ਘਰ ਜਾਣਾ ਵੀ ਮੈਨੂੰ ਭਾਇਆ ਸੀ। ਨਹੀਂ ਤਾਂ ਕਿਸੇ ਦੇ ਘਰ ਜਾ ਕੇ ਮੇਰੇ ਮਨ ਨੂੰ ਕਾਹਲ ਪੈਣ ਲੱਗਦੀ ਹੈ। ਮਾਸਟਰ ਮੋਹਨ ਸਿੰਘ ਦੀਆਂ ਬਹੁਤ ਸੰਤੁਲਨ ਗੱਲਾਂ ਸਨ। ਸਾਬਕਾ ਕਾਮਰੇਡ ਹੋਣ ਕਰਕੇ ਕਿਸੇ ਵਹਿਮ-ਭਰਮ ਵਿਚ ਨਹੀਂ ਸੀ ਪੈਂਦਾ। ਸਿੱਧੀ ਤੇ ਸਪੱਸ਼ਟ ਗੱਲ ਕਰਦਾ। ਉਸ ਦੀਆਂ ਦੋ ਕੁੜੀਆਂ ਡਿਗਰੀ ਕਰ ਚੁੱਕੀਆਂ ਸਨ। ਮੁੰਡਾ ਯੂਨੀਵਰਸਿਟੀ ਵਿਚ ਸੀ। ਅਸੀਂ ਉਨ੍ਹਾਂ ਦੇ ਘਰ ਗਏ ਤਾਂ ਕੁੜੀਆਂ ਤੇ ਮੁੰਡਾ ਸਾਡੇ ਵਿਚ ਹੀ ਬੈਠੇ ਰਹੇ। ਸਾਡੀਆਂ ਗੱਲਾਂ ਪੂਰੀ ਦਿਲਚਸਪੀ ਨਾਲ ਸੁਣਦੇ ਰਹੇ। ਮਾਸਟਰ ਮੋਹਨ ਸਿੰਘ ਨੇ ਕਿਹਾ, ‘‘ਮੈਂ ਤਾਂ ਨਿਆਣਿਆਂ ਨੂੰ ਪਹਿਲੇ ਦਿਨ ਤੋਂ ਦੱਸਿਆ ਹੋਇਐ ਕਿ ਅਸੀਂ ਕੀ ਚਾਹੁੰਨੇ ਆਂ, ਇਹ ਵੀ ਕਿਹਾ ਹੋਇਆ ਕਿ ਕਰੋ ਆਪਣੀ ਮਰਜ਼ੀ। ਮੈਂ ਇਨ੍ਹਾਂ ਨੂੰ ਕਹਿ ਰੱਖਿਆ ਕਿ ਇਨ੍ਹਾਂ ਲਈ ਰਿਸ਼ਤੇ ਮੈਂ ਈ ਲੱਭਣੇ ਆਂ। ਜੇ ਫੇਰ ਵੀ ਮੁੰਡਾ ਜਾਂ ਮੁੰਡੇ ਨੂੰ ਕੁੜੀ, ਤੁਹਾਨੂੰ ਅਜਿਹਾ ਮਿਲਦੈ ਕਿ ਤੁਹਾਨੂੰ ਖ਼ੁਸ਼ੀ ਮਿਲਦੀ ਹੋਵੇ ਉਹਦੇ ਨਾਲ ਵਿਆਹ ਕਰਾਉਣੈ ਚਾਹੁੰਦੇ ਓ ਤਾਂ ਮੈਨੂੰ ਦੱਸ ਦਿਓ।’’
ਮਾਸਟਰ ਮੋਹਣ ਸਿੰਘ ਦੀ ਗੱਲ ਦੇ ਨਾਲ ਹੀ ਬਖ਼ਸ਼ੋ ਮਾਸੀ ਬੋਲੀ, ‘‘ਸਾਡੀਆਂ ਕੁੜੀਆਂ ਏਦਾਂ ਦੀਆਂ ਹੈ ਈ ਨਈਂ ਕਿ ਪਿਓ ਦੀ ਮਰਜ਼ੀ ਤੋਂ ਬਾਹਰ ਜਾਣ।’’
‘‘ਨਹੀਂ ਇਨ੍ਹਾਂ ਨੂੰ ਸਮਝਾਇਆ ਹੋਇਐ ਕਿ ਪਿਆਰ ਵਿਆਰ ਸਭ ਵਕਤੀ ਜਜ਼ਬੇ ਹੁੰਦੇ ਆ, ਦੁੱਧ ਦੇ ਉਬਾਲ ਵਾਂਗ।’’
ਮੋਹਨ ਸਿੰਘ ਸਾਨੂੰ ਮਿਲਣ ਆਉਂਦਾ ਤਾਂ ਢੇਰ ਸਾਰੀਆਂ ਗੱਲਾਂ ਕਰਦਾ। ਅਸੀਂ ਮੇਰੇ ਦਫਤਰ ਨਾਲ ਦੇ ਪੱਬ ਵਿਚ ਜਾਂਦੇ ਤੇ ਕਿੰਨੀ-ਕਿ²ੰਨੀ ਦੇਰ ਤਕ ਬੈਠੇ ਰਹਿੰਦੇ। ਉਹ ਵੁਲਿਚ ਰਹਿੰਦੇ ਸਨ, ਲੰਡਨ ਦੇ ਦੂਜੇ ਪਾਸੇ। ਇਸ ਲਈ ਆਉਂਦੇ ਘੱਟ ਹੀ। ਕਿਰਨ ਉਦਾਸ ਹੁੰਦੀ ਤਾਂ ਮੈਂ ਲੈ ਜਾਂਦਾ। ਵੈਸੇ ਕਿਰਨ ਬਹੁਤ ਘੱਟ ਉਦਾਸ ਹੁੰਦੀ। ਉਹ ਸਹਿਜੇ ਹੀ ਹਾਲਾਤਾਂ ਦੇ ਮੇਚ ਦੀ ਹੋ ਜਾਂਦੀ।
-----
ਸੋਨੂੰ ਦੇ ਜਨਮ ਤੋਂ ਬਾਅਦ ਤਾਂ ਉਸ ਦਾ ਮਨ ਘਰ ਵਿਚ ਪੂਰੀ ਤਰ੍ਹਾਂ ਖੁੱਭ ਗਿਆ ਸੀ। ਸੋਨਮ ਦੀ ਮੈਨੂੰ ਕਿਰਨ ਨਾਲੋਂ ਜ਼ਿਆਦਾ ਖ਼ੁਸ਼ੀ ਸੀ। ਕਿਰਨ ਮੁੰਡੇ ਦੀ ਆਸ ਰੱਖਦੀ ਸੀ ਕਿ ਪਹਿਲਾ ਬੱਚਾ ਮੁੰਡਾ ਹੋ ਜਾਵੇ ਤਾਂ ਝਾਕ ਜਿਹੀ ਨਹੀਂ ਰਹਿੰਦੀ ਪਰ ਮੇਰੀ ਕੁੜੀ ਨਾਲ ਤਸੱਲੀ ਸੀ। ਮੈਨੂੰ ਧੀ ਦੀ ਲੋੜ ਸੀ। ਸੋਨਮ ਨੇ ਮੈਨੂੰ ਘਰ ਨਾਲ ਬੰਨਣਾ ਸ਼ੁਰੂ ਕਰ ਦਿੱਤਾ। ਜਦੋਂ ਦੀ ਕਿਰਨ ਆਈ ਸੀ ਮੈਨੂੰ ਘਰ ਮੁੜਨ ਦਾ ਵਧੇਰੇ ਚੇਤਾ ਰਹਿਣ ਲੱਗਿਆ ਸੀ। ਹਰ ਵੇਲੇ ਖਿਆਲ ਵੀ ਘਰ ਵਿਚ ਰਹਿੰਦਾ ਪਰ ਸੋਨੂੰ ਦੇ ਜਨਮ ਤੋਂ ਬਾਅਦ ਤਾਂ ਮੈਂ ਘਰ ਨੂੰ ਭੱਜਦਾ ਸਾਂ। ਸ਼ਾਮ ਨੂੰ ਬਾਹਰ ਦਿਲ ਹੀ ਨਾ ਲੱਗਦਾ। ਬੀਟਰਸ ਵੱਲ ਵੀ ਜਾਂਦਾ ਤਾਂ ਘਰ ਨੂੰ ਜਲਦੀ ਮੁੜਨ ਦੀ ਕੋਸ਼ਿਸ਼ ਕਰਦਾ। ਇਕ ਗੱਲ ਜੋ ਮੈਨੂੰ ਵੀ ਚੰਗੀ ਨਾ ਲੱਗਦੀ ਉਹ ਇਹ ਕਿ ਕਿਰਨ ਨਾਲ ਲੜ ਹੋ ਜਾਂਦਾ, ਉਹ ਵੀ ਸ਼ਰਾਬ ਪੀ ਕੇ। ਸ਼ਰਾਬੀ ਹੋਇਆ ਮੈਂ ਉਸ ਨੂੰ ਕਹਿ ਬੈਠਦਾ ਸਾਂ ਕਿ ਮੈਂ ਉਸ ਨੂੰ ਪਸੰਦ ਨਹੀਂ ਕਰਦਾ ਤੇ ਘਰਦਿਆਂ ਨੇ ਮੇਰਾ ਵਿਆਹ ਜ਼ਬਰਦਸਤੀ ਕਰ ਦਿੱਤਾ ਸੀ। ਉਸ ਨੂੰ ਹੋਰ ਵੀ ਗ਼ਲਤ ਕਹਿ ਜਾਂਦਾ ਹੋਵਾਂਗਾ। ਇਸੇ ਗੱਲ ’ਤੇ ਝਗੜਾ ਹੋ ਜਾਂਦਾ ਉਸ ਰਾਤ ਵਾਂਗ। ਕਦੇ ਇਵੇਂ ਵੀ ਹੋ ਜਾਂਦਾ ਹੈ ਕਿ ਮੈਂ ਗ਼ੁੱਸੇ ਕਿਧਰੇ ਹੋਰ ਹੁੰਦਾ ਪਰ ਗ਼ੁੱਸਾ ਨਿਕਲਦਾ ਕਿਰਨ ਉਪਰ। ਮੈਨੂੰ ਇਸ ਗੱਲ ਦਾ ਦੁੱਖ ਵੀ ਲੱਗਦਾ ਪਰ ਇਹੋ ਗੱਲ ਦੁਹਰਾਅ ਵੀ ਹੋ ਜਾਂਦੀ। ਹੁਣ ਉਹ ਵੀ ਪੂਰਾ ਮੁਕਾਬਲਾ ਕਰਨ ਲੱਗੀ ਸੀ।
-----
ਕਿਰਨ ਦੇ ਆਉਣ ’ਤੇ ਇਕ ਗੱਲ ਦੀ ਤਾਂ ਮੈਨੂੰ ਸਮਝ ਪੈ ਗਈ ਸੀ ਕਿ ਮੈਨੂੰ ਪਤਨੀ ਦੀ ਸਖ਼ਤ ਜ਼ਰੂਰਤ ਸੀ। ਕਿਰਨ ਨੇ ਹੁਣ ਘਰ ਹੀ ਨਹੀਂ ਸੀ ਸੰਭਾਲਿਆ ਸਗੋਂ ਮੈਨੂੰ ਵੀ ਸੰਭਾਲ ਲਿਆ ਸੀ। ਮੈਂ ਬੱਚਿਆਂ ਵਾਂਗ ਉਸ ਉਪਰ ਨਿਰਭਰ ਕਰਨ ਲੱਗਿਆ ਸਾਂ। ਕਮੀਜ਼ਾਂ ਜੈਕਟਾਂ ਤੋਂ ਲੈ ਕੇ ਜੁਰਾਬਾਂ ਬਨੈਣਾਂ ਤਕ ਉਹੀ ਮੈਨੂੰ ਫੜਾਉਂਦੀ। ਮੈਂ ਇੰਨਾ ਅਪਾਹਜ ਜਿਹਾ ਹੋ ਗਿਆ ਕਿ ਜੇ ਮੈਨੂੰ ਆਪ ਕੁਝ ਚੀਜ਼ ਲਭਣੀ ਪੈਂਦੀ ਤਾਂ ਨਾ ਲੱਭ ਸਕਦਾ।
ਕਦੇ-ਕਦੇ ਕਿਰਨ ਮੈਨੂੰ ਘਰ ਵਿਚ ਤੁਰੀ ਫਿਰਦੀ ਬੁਰੀ ਲੱਗਣ ਲੱਗਦੀ। ਅਜਿਹਾ ਸ਼ਰਾਬ ਪੀਂਦਿਆਂ ਹੀ ਹੁੰਦਾ। ਮੈਂ ਰੋਟੀ ਵਿਚੇ ਛੱਡ ਕੇ ਤੁਰ ਪੈਂਦਾ ਤੇ ਬੀਟਰਸ ਦੇ ਜਾ ਪਹੁੰਚਦਾ। ਉਥੇ ਬੈਠ ਕੇ ਹੋਰ ਸ਼ਰਾਬ ਪੀਂਦਾ। ਉਥੇ ਹੀ ਪੈ ਜਾਂਦਾ। ਜਦ ਹੋਸ਼ ਆਉਂਦੀ ਤਾਂ ਘਰ ਨੂੰ ਮੁੜ ਆਉਂਦਾ। ਕਿਰਨ ਪੁੱਛਦੀ ਤਾਂ ਕਹਿ ਦਿੰਦਾ ਕਿ ਕੰਮ ’ਤੇ ਚਲੇ ਗਿਆ ਸਾਂ, ਉਥੇ ਹੀ ਦਫ਼ਤਰ ਵਿਚ ਸੌਂ ਗਿਆ ਜਾਂ ਫਿਰ ਕੰਮ ਕਰਦਾ ਰਿਹਾ ਸਾਂ। ਬਹੁਤੇ ਵਿਸਥਾਰ ਵਿਚ ਉਹ ਪੈਂਦੀ ਨਹੀਂ ਸੀ।
-----
ਵੀਕ ਐਂਡ ’ਤੇ ਬੀਟਰਸ ਦੇ ਗਿਆ ਫ਼ੱਕਰ ਮਿਲ ਪੈਂਦਾ। ਉਹ ਵਿਆਹ ਦੀਆਂ ਵਧਾਈਆਂ ਕਈ ਵਾਰ ਦੇ ਚੁੱਕਿਆ ਸੀ। ਕਈ ਵਾਰ ਬੀਟਰਸ, ਕੈਥੀ, ਤਰਸੇਮ ਤੇ ਮੈਂ ਇਕੱਠੇ ਬੈਠ ਕੇ ਪੀਂਦੇ। ਸ਼ਰਾਬੀ ਹੋਇਆ ਤਰਸੇਮ ਮੈਨੂੰ ਝਾੜਨ ਵਾਂਗ ਜਾਂ ਰੋਅਬ ਪਾਉਣ ਵਾਂਗ ਕਹਿੰਦਾ, “ਦੇਖ ਇੰਦਰ, ਤੂੰ ਵਿਆਹ ਕਰ ਲਿਆ, ਵੱਡੀ ਗ਼ਲਤੀ ਕੀਤੀ ਐ, ਪਰ ਹੁਣ ਪ੍ਰੌਮਿਸ ਕਰ ਕਿ ਬੀਟਰਸ ਨੂੰ ਹੋਰ ਧੋਖਾ ਨਹੀਂ ਦੇਵੇਂਗਾ!”
ਕੈਥੀ ਉਹਦੇ ਨਾਲ ਲੜਨ ਲੱਗਦੀ, “ਤੂੰ ਕਿਧਰੋਂ ਦਾ ਸਾਫ਼ ਐਂ, ਤੂੰ ਤੇ ਆਪ ਵੀਕ ਐਂਡ ਕੱਟਣ ਆਉਨੈ! ਤੂੰ ਤੇ ਏਨਾ ਹਰਾਮੀ ਐ ਕਿ ਪੈਨੀ ਤਕ ਨਹੀਂ ਖਰਚਦਾ, ਸਭ ਕੁਝ ਮੁਫ਼ਤ ਚਾਹੁੰਨੈ!”
ਤਰਸੇਮ ਉਹਨੂੰ ਖ਼ੁਸ਼ ਕਰਨ ਲਈ ਉਸ ਦਾ ਹੱਥ ਫੜ ਕੇ ਗਾਣਾ ਗਾਉਣ ਲੱਗਦਾ।
ਇਕ ਦਿਨ ਇਵੇਂ ਹੀ ਅਸੀਂ ਮਹਿਫ਼ਿਲ ਜਿਹੀ ਲਾਈ ਬੈਠੇ ਸਾਂ। ਹਾਲੇ ਥੋੜ੍ਹੀ-ਥੋੜ੍ਹੀ ਡਰਿੰਕ ਹੀ ਪੀਤੀ ਸੀ। ਅਚਾਨਕ ਕੈਥੀ ਗੰਭੀਰ ਹੁੰਦੀ ਕਹਿਣ ਲੱਗੀ, “ਇੰਦਰ, ਸੈਂਡੀ ਤਾਂ ਬੇਕਾਰ ਬੰਦਾ ਐ, ਮੈਂ ਇਹਦਾ ਬਹੁਤਾ ਫਿਕਰ ਨਹੀਂ ਰੱਖਦੀ ਪਰ ਤੂੰ ਗੰਭੀਰ ਆਦਮੀ ਐਂ, ਆਪਣੇ ਕਹੇ ’ਤੇ ਖੜ੍ਹਨ ਵਾਲਾ ਐਂ, ਹੁਣ ਤੂੰ ਬੀਟਰਸ ਨੂੰ ਮਿਸਟਰੈੱਸ ਬਣਾ ਲਿਆ ਐ, ਪਰ ਤੈਨੂੰ ਮਿਸਟਰੈੱਸ ਦੇ ਹੱਕਾਂ ਦਾ ਵੀ ਪਤਾ ਐਂ?”
*****
ਚਲਦਾ
No comments:
Post a Comment