ਲੰਮਾ ਸਮਾਂ ਨਾਂਹ ਕਰਨ ਤੋਂ ਬਾਅਦ ਮੈਂ ਐਂਡੀ ਨਾਲ ਡਿਨਰ ‘ਤੇ ਜਾਣ ਲਈ ਹਾਂ ਕਰ ਦਿੱਤੀ। ਐਂਡੀ ਮੁਤਾਬਕ ਉਹ ਫਰਵਰੀ ਮਹੀਨੇ ਵਿਚ ਮੈਨੂੰ ਕੁਝ ਆਖਣਾ ਚਾਹੁੰਦਾ ਸੀ। ਚੌਦਾਂ ਫਰਵਰੀ ਪ੍ਰੇਮੀਆਂ ਦਾ ਦਿਨ ਮੰਨਿਆ ਜਾਂਦਾ ਹੈ। ਉਹ ਇਸੇ ਦਿਨ ਪ੍ਰਪੋਜ਼ ਕਰਨਾ ਚਾਹੁੰਦਾ ਹੋਵੇਗਾ। ਜੇ ਇਵੇਂ ਸੀ ਤਾਂ ਸਾਡਾ ਇਕੱਠੇ ਵਕਤ ਗੁਜ਼ਾਰਨਾ, ਬਾਹਰ ਘੁੰਮਣਾ ਫਿਰਨਾ ਜ਼ਰੂਰੀ ਸੀ ਤਾਂ ਜੋ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕੀਏ ਪਰ ਮੇਰੇ ਅੰਦਰ ਡਰ ਜਿਹਾ ਵੀ ਸੀ।
-----
ਨਵੰਬਰ ਦਾ ਮਹੀਨਾ ਸੀ। ਮੌਸਮ ਠੰਡਾ ਤਾਂ ਹੈ ਹੀ ਸੀ, ਨਾਲ ਤੇਜ਼ ਹਵਾ ਵੀ ਚਲ ਰਹੀ ਸੀ। ਐਂਡੀ ਵਾਰ-ਵਾਰ ਕਹਿੰਦਾ ਕਿ ਉੱਨੀ ਨਵੰਬਰ, ਸ਼ੁੱਕਰਵਾਰ ਦਾ ਦਿਨ ਮੈਂ ਕਿਤੇ ਭੁੱਲ ਨਾ ਜਾਵਾਂ। ਅਸੀਂ ਇਹ ਦਿਨ ਬਾਹਰ ਜਾਣ ਲਈ ਤੈਅ ਕਰ ਲਿਆ ਸੀ। ਮੈਂ ਇਸ ਦਿਨ ਲਈ ਵਿਸ਼ੇਸ਼ ਤੌਰ ’ਤੇ ਉਨਾਭੀ ਰੰਗ ਦਾ ਲਹਿੰਗਾ ਖ਼ਰੀਦਿਆ। ਪਹਿਲਾਂ ਮੈਂ ਮੈਕਸੀ ਪਾ ਕੇ ਜਾਣਾ ਚਾਹੁੰਦੀ ਸੀ ਪਰ ਜਦ ਮੈਕਸੀ ਤੇ ਲਹਿੰਗੇ ਦਾ ਮੁਕਾਬਲਾ ਕਰਕੇ ਵੇਖਿਆ ਤਾਂ ਮੈਨੂੰ ਲਹਿੰਗਾ ਹੀ ਵਧੇਰੇ ਪਸੰਦ ਲੱਗਿਆ। ਉਸ ਦਿਨ ਲਈ ਮੈਂ ਉਚੇਚ ਕਰਕੇ ਬਿਊਟੀ ਪਾਰਲਰ ਗਈ ਜਿਥੇ ਕਦੇ ਮੈਂ ਜਾਂਦੀ ਨਹੀਂ ਸੀ। ਵੈਕਸਿੰਗ ਕਰਾਈ, ਫੇਸ਼ੀਅਲ ਕਰਾਇਆ। ਨਕਲੀ ਗਹਿਣਿਆਂ ਦਾ ਸੈੱਟ ਪਹਿਨਿਆ। ਉੱਚਾ ਸਾਰਾ ਜੂੜਾ ਕੀਤਾ। ਸ਼ੋਖ਼ ਰੰਗ ਦਾ ਮੇਕਅੱਪ ਲਗਾਇਆ। ਮੰਮੀ ਨੂੰ ਮੇਰੀ ਇਹ ਤਿਆਰੀ ਪਸੰਦ ਨਹੀਂ ਸੀ। ਬਹਾਨਾ ਤਾਂ ਮੈਂ ਘੜਿਆ ਹੋਇਆ ਸੀ ਕਿ ਸਹੇਲੀ ਦੇ ਘਰ ਪਾਰਟੀ ਸੀ। ਉਸ ਨੇ ਮੈਨੂੰ ਕਈ ਵਾਰ ਆਖਿਆ ਕਿ ਬਿੰਨੀ ਨੂੰ ਨਾਲ ਲੈ ਜਾਵਾਂ ਪਰ ਮੈਂ ਕਹਿ ਦਿੱਤਾ ਕਿ ਉਥੇ ਸਿਰਫ਼ ਕੁੜੀਆਂ ਹੀ ਹੋਣੀਆਂ ਸਨ। ਮੰਮੀ ਮੇਰੇ ਵੱਲ ਵੇਖੀ ਜਾਂਦੀ ਸੀ ਤੇ ਮੂੰਹੋਂ ਕੁਝ ਨਾ ਬੋਲੀ। ਡੈਡੀ ਫਰੰਟ ਰੂਮ ਵਿਚ ਬੈਠੇ ਸਨ। ਜਾਣ ਵੇਲੇ ਮੈਂ ਪਰੀ ਨੂੰ ਕਿੱਸ ਕੀਤਾ ਤੇ ਕਿਸੇ ਨੂੰ ਕੁਝ ਆਖੇ ਬਿਨਾ ਬਾਹਰ ਆਪਣੀ ਕਾਰ ਵਿਚ ਆ ਬੈਠੀ।
-----
ਜਿਵੇਂ ਕਿ ਪਹਿਲਾਂ ਪ੍ਰੋਗਰਾਮ ਬਣ ਚੁੱਕਾ ਸੀ ਮੈਂ ਆਪਣੀ ਕਾਰ ਵਿਚ ‘ਮੈਨਰ ਹਾਊਸ’ ਤਕ ਆਉਣਾ ਸੀ, ਉਥੇ ਐਂਡੀ ਨੇ ਆਪਣੀ ਕਾਰ ਲੈ ਕੇ ਆ ਜਾਣਾ ਸੀ। ਮੈਂ ਆਪਣੀ ਕਾਰ ਮੈਨਰ ਹਾਊਸ ਖੜ੍ਹੀ ਕਰਕੇ ਅੱਗੇ ਐਂਡੀ ਨਾਲ ਜਾਣਾ ਸੀ। ਮੈਂ ਮਿੱਥੇ ਸਮੇਂ ’ਤੇ ਮੈਨਰ ਹਾਊਸ ਪੁੱਜ ਗਈ। ਐਂਡੀ ਆਪਣੀ ਹੌਂਡਾ ਵਿਚ ਬੈਠਾ ਮੈਨੂੰ ਉਡੀਕ ਰਿਹਾ ਸੀ। ਮੈਂ ਆਪਣੀ ਕਾਰ ਪਾਰਕ ਕਰਕੇ ਉਸ ਦੀ ਕਾਰ ਵਿਚ ਚਲੇ ਗਈ। ਐਂਡੀ ਦੀ ਕਾਰ ਵਿਚ ਇਵੇਂ ਬੈਠਣਾ ਓਪਰਾ ਵੀ ਲੱਗਿਆ ਤੇ ਚੰਗਾ ਵੀ।
-----
ਏਂਜਲਜ਼ ਦੇ ਇਲਾਕੇ ਵਿਚ ‘ਬੱਬਜ਼’ ਨਾਂ ਦਾ ਰੈਸਟੋਰੈਂਟ ਸੀ। ਮੈਂ ਇਸ ਦਾ ਨਾਂ ਬਹੁਤ ਵਾਰ ਪੜ੍ਹਿਆ-ਸੁਣਿਆ ਸੀ। ਐਂਡੀ ਨੇ ਇਥੇ ਟੇਬਲ ਬੁੱਕ ਕਰਾ ਰੱਖਿਆ ਸੀ। ਬਾਹਰੋਂ ਵੇਖਣ ਨੂੰ ਇਹ ਰੈਸਟੋਰੈਂਟ ਇੰਨਾ ਵਧੀਆ ਪ੍ਰਭਾਵ ਨਹੀਂ ਸੀ ਦਿੰਦਾ ਪਰ ਅੰਦਰ ਵੜਦਿਆਂ ਹੀ ਇਸ ਵਿਚਲਾ ਖ਼ੂਬਸੂਰਤ ਮਹੌਲ ਤੁਹਾਡਾ ਧਿਆਨ ਖਿੱਚਦਾ ਸੀ। ਸਾਡੇ ਅੰਦਰ ¦ਘਦਿਆਂ ਹੀ ਬਹਿਰੇ ਨੇ ਸਾਡੇ ਓਵਰਕੋਟ ਫੜ ਲਏ ਤੇ ਸਾਡਾ ਟੇਬਲ ਵਿਖਾ ਆਇਆ। ਇਹ ਇਕ ਖੂੰਜੇ ਵਿਚ ਨਿਵੇਕਲੀ ਜਗ੍ਹਾ ’ਤੇ ਸੀ। ਬਾਹਰਲੀ ਠੰਢ ਦੇ ਮੁਕਾਬਲੇ ਇਹ ਥਾਂ ਬਹੁਤ ਨਿੱਘੀ ਸੀ। ਸਾਡੇ ਉਪਰਲਾ ਬਲਬ ਬੰਦ ਕਰਕੇ ਬਹਿਰਾ ਸਾਡੇ ਮੇਜ਼ ਉਪਰ ਮੋਮਬੱਤੀ ਜਗਾ ਗਿਆ। ਮੈਂ ਰੈਸਟੋਰੈਂਟ ਵਿਚ ਨਜ਼ਰ ਦੌੜਾਈ। ਬਹੁਤੇ ਲੋਕ ਨਹੀਂ ਸਨ। ਰੈਸਟੋਰੈਂਟ ਦੇ ਦਰਮਿਆਨ ਵਿਚ ਬਾਰ ਬਣਾਈ ਹੋਈ ਸੀ। ਇਕ ਪਾਸੇ ਉਠਦੇ ਸ਼ੋਰ ਤੋਂ ਲੱਗਦਾ ਸੀ ਕਿ ਉਥੇ ਕੋਈ ਛੋਟੀ ਮੋਟੀ ਪਾਰਟੀ ਚਲ ਰਹੀ ਸੀ। ਮੈਨਿਊ ਘੋਖਦੇ ਐਂਡੀ ਨੇ ਪੁੱਛਿਆ, ‘‘ਕੀ ਖਾਏਂਗੀ?’’
‘‘ਕੁਝ ਵੀ, ਪਰ ਬਹੁਤਾ ਨਹੀਂ।’’
-----
ਉਦੋਂ ਹੀ ਮੈਨੂੰ ਖ਼ਿਆਲ ਆਇਆ ਕਿ ਜਦ ਅਸੀਂ ਰੈਸਟੋਰੈਂਟ ਜਾਇਆ ਕਰਦੇ ਤਾਂ ਰਵੀ ਬਹੁਤ ਕੁਝ ਮੰਗਵਾ ਲੈਂਦਾ। ਫਿਰ ਸਾਡੇ ਤੋਂ ਖਾਧਾ ਨਾ ਜਾਂਦਾ। ਰਵੀ ਦਾ ਚੇਤਾ ਆਉਂਦਿਆਂ ਹੀ ਮੇਰੇ ਦਿਲ ਨੇ ਚਾਹਿਆ ਕਿ ਕਾਸ਼ ਅੱਜ ਰਵੀ ਇਥੇ ਹੋਵੇ, ਸਾਨੂੰ ਡਿਨਰ ਕਰਦਿਆਂ ਨੂੰ ਵੇਖੇ ਤੇ ਮੂੰਹ ਦੀ ਖਾ ਕੇ ਰਹਿ ਜਾਵੇ। ਉਸ ਨੂੰ ਸਬਕ ਮਿਲੇ ਕਿ ਕਿਵੇਂ ਮੈਨੂੰ ਇਕੱਲੀ ਨੂੰ ਛੱਡ ਗਿਆ ਸੀ। ਉਸ ਨੇ ਇਕ ਵਾਰ ਵੀ ਨਹੀਂ ਸੀ ਸੋਚਿਆ ਕਿ ਐਡੀ ਵੱਡੀ ਦੁਨੀਆਂ ਵਿਚ ਮੈਂ ਇਕੱਲੀ ਕਿਵੇਂ ਜੀਵਾਂਗੀ ਤੇ ਪਰੀ ਨੂੰ ਕਿਵੇਂ ਪਾਲ਼ਾਂਗੀ। ਹੁਣ ਇਥੇ ਮੈਨੂੰ ਬੈਠੀ ਨੂੰ ਵੇਖੇ ਕਿ ਮੈਂ ਜੀਅ ਰਹੀ ਸਾਂ ਤੇ ਸ਼ਾਨ ਨਾਲ ਜੀਅ ਰਹੀ ਸਾਂ। ਐਂਡੀ ਸਟੇਕ ਆਰਡਰ ਕਰ ਰਿਹਾ ਸੀ। ਰਵੀ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਟੇਕ ਖਾਂਦਾ। ਵੈਸਟਰਨ ਫੂਡ ਉਸ ਦਾ ਮਨਭਾਉਂਦਾ ਖਾਣਾ ਸੀ। ਅੱਧ ਭੁੰਨੀ ਸਟੇਕ ਉਪਰ ਉਹ ਜਾਨ ਛਿੜਕਦਾ, ਆਖਦਾ- ‘‘ਜ਼ਿਆਦਾ ਕੁੱਕ ਕਰਕੇ ਸਟੇਕ ਦਾ ਭੱਠਾ ਨਾ ਬਹਾ ਦਈਂ, ਲੋਕ ਤਾਂ ਲਹੂ ਚੋਂਦੀ ਸਟੇਕ ਖਾਂਦੇ ਆ।’’
-----
ਐਂਡੀ ਨੇ ਮੇਰੇ ਲਈ ਵਾਈਨ ਅਤੇ ਆਪਣੇ ਲਈ ਬੀਅਰ ਦਾ ਆਰਡਰ ਦਿੱਤਾ। ਰਵੀ ਤੋਂ ਬਾਅਦ ਪਹਿਲੀ ਵਾਰ ਪੀ ਰਹੀ ਸੀ। ਸਵੀਟ ਵਾਈਨ ਦੇ ਦੋ ਗਲਾਸ ਲੈਣੇ ਮੈਨੂੰ ਸਦਾ ਹੀ ਪਸੰਦ ਰਹੇ ਸਨ। ਐਂਡੀ ਬੀਅਰ ਪੀ ਰਿਹਾ ਸੀ। ਬੀਅਰ ਪੀਂਦਾ ਆਪਣੀ ਜ਼ਿੰਦਗੀ ਦੀਆਂ ਖਾਸ ਘਟਨਾਵਾਂ ਦੱਸ ਰਿਹਾ ਸੀ। ਸੌਮਰਸ੍ਯੈੱਟ ਦੇ ਇਲਾਕੇ ਦੀਆਂ, ਜਿਥੇ ਉਹ ਜੰਮਿਆ ਸੀ, ਆਪਣੇ ਮਾਂ-ਪਿਓ ਤੇ ਭੈਣ-ਭਰਾ ਬਾਰੇ ਦੱਸਦਾ ਜਾ ਰਿਹਾ ਸੀ। ਮੇਰੇ ਕੋਲੋਂ ਵੀ ਮੇਰੇ ਪਰਿਵਾਰ ਬਾਰੇ ਪੁੱਛਦਾ ਜਾਂਦਾ। ਰਵੀ ਬਾਰੇ ਵੀ ਉਸ ਨੇ ਇਕ ਦੋ ਸਵਾਲ ਕੀਤੇ ਪਰ ਮੈਂ ਟਾਲ਼ ਦਿੱਤੇ। ਐਂਡੀ ਦੀਆਂ ਅੱਖਾਂ ਵਿਚ ਲੋਹੜੇ ਦਾ ਮੋਹ ਹੁੰਦਾ ਜਦ ਉਹ ਮੇਰੇ ਵੱਲ ਨੂੰ ਝੁਕ ਕੇ ਗੱਲ ਕਰ ਰਿਹਾ ਹੁੰਦਾ। ਗੱਲ ਕਰਦਾ ਮੇਰੇ ਲਈ ਚੁਣ-ਚੁਣ ਕੇ ਵਿਸ਼ੇਸ਼ਣ ਵਰਤਦਾ। ਗੱਲ ਕਰਦਾ ਕਦੇ ਮੇਰਾ ਹੱਥ ਫੜ ਲੈਂਦਾ, ਕਦੇ ਵਾਲ਼ਾਂ ਵਿਚ ਉਂਗਲ ਫੇਰਦਾ।
-----
‘ਕੈਂਡਲ ਲਾਈਟ ਡਿਨਰ’ ਤਾਂ ਮੈਂ ਰਵੀ ਨਾਲ ਕਈ ਵਾਰ ਕੀਤਾ ਸੀ ਪਰ ਅਜਿਹੇ ਰੈਸਟੋਰੈਂਟ ਵਿਚ ਮੈਂ ਪਹਿਲਾਂ ਕਦੇ ਨਹੀਂ ਸੀ ਗਈ। ਡਿਸਕੋ ’ਤੇ ਜਾਂਦੇ ਰਹਿੰਦੇ ਸਾਂ। ਆਰਚਵੇਅ ਰਹਿੰਦਿਆਂ ਨਜ਼ਦੀਕ ਹੀ ਵੱਡੀ ਕਲੱਬ ਹੋਇਆ ਕਰਦੀ ਸੀ। ਇਹ ਰੈਸਟੋਰੈਂਟ ਜ਼ਿਆਦਾ ਪੱਛਮੀ ਢੰਗ ਦਾ ਅਤੇ ਮਿਡਲ ਕਲਾਸ ਲੋਕਾਂ ਲਈ ਜਾਪਦਾ ਸੀ। ਇਸੇ ਕਰਕੇ ਚੜ੍ਹਦੀ ਉਮਰ ਦਾ ਕੋਈ ਜੋੜਾ ਨਹੀਂ ਸੀ। ਸੰਗੀਤ ਚਲ ਰਿਹਾ ਸੀ। ਨਵਾਂ ਗੀਤ ਲੱਗਿਆ ਤਾਂ ਇਕ ਜੋੜਾ ਉਠ ਕੇ ਡਾਂਸ ਕਰਨ ਆ ਗਿਆ। ਅਗਲੇ ਗੀਤ ’ਤੇ ਦੋ ਜੋੜੇ ਹੋਰ ਡਾਂਸ ਫਲੋਰ ’ਤੇ ਚਲੇ ਗਏ। ਉਨ੍ਹਾਂ ਵੱਲ ਵੇਖ ਕੇ ਮੇਰਾ ਵੀ ਮੂਡ ਹੋ ਰਿਹਾ ਸੀ। ਬੈਲੇ ਡਾਂਸ ਮੈਨੂੰ ਵੀ ਥੋੜ੍ਹਾ ਜਿਹਾ ਆਉਂਦਾ ਸੀ। ਇਸ ਦੇ ਕੁਝ ਸਟੈੱਪ ਸਕੂਲ ਵਿਚ ਸਿੱਖੇ ਹੋਏ ਸਨ। ‘ਡਾਇਨਾ ਰੌਸ’ ਦਾ ਗੀਤ ਸ਼ੁਰੂ ਹੋਇਆ। ਇਹ ਗੀਤ ਵਾਲੀ ਐਲਬੰਬ ਮੇਰੇ ਕੋਲ ਹੈ ਸੀ। ਐਂਡੀ ਨੂੰ ਵੀ ਡਾਇਨਾ ਰੌਸ ਪਸੰਦ ਸੀ। ਉਸ ਨੇ ਮੇਰੇ ਵੱਲ ਹੱਥ ਵਧਾਇਆ। ਮੈਂ ਸੱਜਾ ਹੱਥ ਉਸ ਨੂੰ ਫੜਾ ਦਿੱਤਾ ਤੇ ਅਸੀਂ ਵੀ ਡਾਂਸ ਕਰਨ ਜਾ ਲੱਗੇ। ਲਹਿੰਗਾ ਮੇਰੇ ਲਈ ਮੁਸੀਬਤ ਬਣ ਰਿਹਾ ਸੀ। ਜੇ ਪਤਾ ਹੁੰਦਾ ਕਿ ਡਾਂਸ ਕਰਨ ਦਾ ਮੌਕਾ ਮਿਲੇਗਾ ਤਾਂ ਢੁੱਕਵੇਂ ਕਪੜੇ ਪਹਿਨ ਕੇ ਆਉਂਦੀ। ਗੀਤ ਖ਼ਤਮ ਹੋਇਆ ਤਾਂ ਸ਼ੁਕਰ ਕੀਤਾ।
-----
ਘਰੋਂ ਤੁਰਦੀ ਨੇ ਸੋਚਿਆ ਸੀ ਕਿ ਗਿਆਰਾਂ ਵਜੇ ਤਕ ਵਾਪਸ ਪੁੱਜ ਜਾਵਾਂਗੀ ਪਰ ਗਿਆਰਾਂ ਤਾਂ ਇਥੇ ਹੀ ਵੱਜ ਰਹੇ ਸਨ ਜਦ ਸਾਡੇ ਲਈ ਖਾਣਾ ਆਇਆ। ਖਾਣੇ ਦੇ ਅਖ਼ੀਰ ਵਿਚ ਸਾਨੂੰ ਲਕਿਓਰ ਦੇ ਗਏ ਤੇ ਐਂਡੀ ਨੂੰ ਸਿਗਾਰ ਵੀ। ਮੈਂ ਵਾਈਨ ਦਾ ਇਕ ਗਲਾਸ ਹੀ ਪੀਤਾ ਸੀ। ਲਕਿਓਰ ਨੇ ਜਿਥੇ ਮੂੰਹ ਦਾ ਸਵਾਦ ਅਨੰਦਿਕ ਬਣਾਇਆ ਸੀ ਉਥੇ ਸਰੂਰ ਵਿਚ ਵੀ ਵਾਧਾ ਕਰ ਦਿੱਤਾ। ਖਾਣਾ ਬਹੁਤ ਬਚ ਗਿਆ ਸੀ। ਗੱਲਾਂ ਕਰਦਾ ਐਂਡੀ ਉਠ ਕੇ ਮੇਰੇ ਨਾਲ ਦੀ ਸੀਟ ਉਪਰ ਮੇਰੇ ਨਾਲ ਖਹਿ ਕੇ ਬੈਠ ਗਿਆ।
-----
ਰੈਸਟੋਰੈਂਟ ਦੇ ਇਕ ਪਾਸੇ ਜਿਥੇ ਪਾਰਟੀ ਚਲ ਰਹੀ ਸੀ ਉਥੋਂ ਅਚਾਨਕ ਠਹਾਕਿਆਂ ਦਾ ਸ਼ੋਰ ਉਠਿਆ। ਮੇਰਾ ਧਿਆਨ ਉਧਰ ਖਿੱਚਿਆ ਗਿਆ। ਕੋਈ ਕਿਸੇ ਗੱਲ ਉਪਰ ਹਾਲੇ ਵੀ ਹੱਸੀ ਜਾ ਰਿਹਾ ਸੀ। ਮੈਨੂੰ ਲੱਗਿਆ ਜਿਵੇਂ ਰਵੀ ਹੋਵੇ। ਰਵੀ ਵਰਗੀ ਹੀ ਕੋਈ ਪਿੱਠ ਮੇਰੇ ਵੱਲ ਨੂੰ ਸੀ। ਉਹੀ ਗਰਦਣ। ਉਸੇ ਵਾਂਗ ਹੀ ਕੋਈ ਲੱਤਾਂ ਚੌੜੀਆਂ ਕਰਕੇ ਬੈਠਾ ਸੀ। ਸ਼ਾਇਦ ਰਵੀ ਹੀ ਹੋਵੇ, ਕਿਸੇ ਦੀ ਐਨੀਵਰਸਰੀ ਬਗੈਰਾ ਹੋਵੇਗੀ। ਮੈਂ ਉਧਰ ਹੀ ਵੇਖੀ ਜਾ ਰਹੀ ਸੀ। ਐਂਡੀ ਨੇ ਮੇਰਾ ਚਿਹਰਾ ਆਪਣੇ ਵੱਲ ਖਿਚਿਆ ਤੇ ਚੁੰਮਣ ਲੱਗਿਆ। ਉਸ ਦੇ ਅਜਿਹਾ ਕਰਦਿਆਂ ਹੀ ਮੇਰਾ ਸਾਰਾ ਸਰੀਰ ਕੰਬਣ ਲੱਗ ਪਿਆ ਤੇ ਕੰਬਦਾ ਹੀ ਰਿਹਾ। ਐਂਡੀ ਘਬਰਾ ਗਿਆ। ਉਹ ਕਾਹਲੀ ਵਿਚ ਆਖਣ ਲੱਗਾ, ‘‘ਕੈਂਵਲ, ਤੂੰ ਠੀਕ ਤਾਂ ਏਂ! ਕੀ ਹੋਇਆ?’’
‘‘ਕੁਝ ਨਹੀਂ, ਮੈਂ ਠੀਕ ਹਾਂ।’’
ਉਹ ਜ਼ਰਾ ਪਰਾਂਹ ਹੋਇਆ ਤਾਂ ਮੈਂ ਥੋੜ੍ਹਾ ਸਹਿਜ ਹੋਈ। ਮੈਂ ਉਸ ਪਾਸੇ ਹੀ ਵੇਖੀ ਜਾ ਰਹੀ ਸੀ। ਮੈਂ ਐਂਡੀ ਨੂੰ ਆਖਿਆ, ‘‘ਐਂਡੀ, ਚਲ ਚਲੀਏ, ਬਹੁਤ ਦੇਰ ਹੋ ਗਈ ਏ।’’
ਐਂਡੀ ਨੇ ਘੜੀ ਵੇਖੀ ਤੇ ਬੋਲਿਆ, ‘‘ਵਕਤ ਤਾਂ ਇੰਨਾ ਨਹੀਂ ਹੋਇਆ, ਚਲ, ਜਿਵੇਂ ਤੇਰੀ ਮਰਜ਼ੀ।’’
-----
ਬਿੱਲ ਦੇਣ ਤਕ ਐਂਡੀ ਨੇ ਇਕ ਵਾਰ ਫਿਰ ਮੇਰੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ। ਮੈਨੂੰ ਫਿਰ ਕੰਬਣੀ ਛਿੜ ਉਠੀ।
ਅਸੀਂ ਰੈਸਟੋਰੈਂਟ ਤੋਂ ਬਾਹਰ ਆ ਗਏ। ਬਾਹਰ ਉਸੇ ਠੰਢ ਨੇ ਮੁੜ ਸਾਡਾ ਸਵਾਗਤ ਕੀਤਾ। ਬਲਕਿ ਠੰਢ ਪਹਿਲਾਂ ਨਾਲੋਂ ਵਧ ਗਈ ਸੀ। ਅਸੀਂ ਐਂਡੀ ਦੀ ਕਾਰ ਵਿਚ ਆ ਬੈਠੇ। ਕਾਰ ਗਰਮ ਹੋਣ ਨੂੰ ਕੁਝ ਪਲ ਲੱਗ ਗਏ। ਮੈਂ ਪਰੀ ਬਾਰੇ ਸੋਚ ਰਹੀ ਸੀ ਕਿ ਹੁਣ ਤਕ ਸੌਂ ਚੁੱਕੀ ਹੋਵੇਗੀ। ਐਂਡੀ ਨੇ ਕਾਰ ਕਿਸੇ ਅਣਜਾਣੇ ਰਾਹ ਵੱਲ ਤੋਰ ਲਈ। ਮੈਂ ਰਸਤਾ ਨਾ ਪਛਾਣਦੀ ਨੇ ਪੁੱਛਿਆ, ‘‘ਕਿੱਧਰ ਲੈ ਚੱਲਿਆਂ?’’
‘‘ਆਪਣੇ ਫਲੈਟ ਵਿਚ।’’
‘‘ਨਹੀਂ, ਮੈਂ ਘਰ ਜਾਣਾ ਏ, ਮੈਨੂੰ ਮੈਨਰ ਹਾਊਸ ਮੇਰੀ ਕਾਰ ਕੋਲ ਛੱਡ ਦੇ।’’
‘‘ਕੁਝ ਠਹਿਰ ਕੇ ਚਲੀ ਜਾਵੀਂ, ਜ਼ਿਆਦਾ ਨਾ ਰੁਕੀਂ।’’
‘‘ਨਹੀਂ, ਹਰਗਿਜ਼ ਨਹੀਂ, ਮੈਨੂੰ ਵਾਪਸ ਛੱਡ ਦੇ, ਮੈਂ ਬਹੁਤ ਲੇਟ ਵਾਂ।’’
‘‘ਆਪਾਂ ਬਹੁਤੀ ਦੇਰ ਨਹੀਂ ਲਾਵਾਂਗੇ।’’
‘‘ਨਹੀਂ।’’
‘‘ਮੇਰੇ ਕੋਲ ਸਾਰਾ ਇੰਤਜ਼ਾਮ ਏ, ਘਬਰਾ ਨਾ, ਡਰ ਨਾ।’’
‘‘ਨਹੀਂ ਐਂਡੀ, ਅਜਿਹੀਆਂ ਗੱਲਾਂ ਨਾ ਕਰ।’’
‘‘ਤੈਨੂੰ ਸੈਕਸ ਚੰਗਾ ਨਹੀਂ ਲੱਗਦਾ?’’
‘‘ਨਹੀਂ।’’
‘‘ਕੋਈ ਬਿਮਾਰੀ ਏ?’’
‘‘ਨਹੀਂ, ਬੱਸ ਤੂੰ ਮੈਨੂੰ ਮੇਰੀ ਕਾਰ ਤਕ ਪਹੁੰਚਾ ਦੇ।’’
‘‘ਨਹੀਂ ਕੈਂਵਲ, ਮੈਂ ਇਵੇਂ ਨਹੀਂ ਕਰ ਸਕਦਾ, ਆਖ਼ਰ ਤੂੰ ਮੇਰੇ ਨਾਲ ਡਿਨਰ ’ਤੇ ਆਈ ਏਂ, ਇੰਨੀ ਦੇਰ ਮੇਰੇ ਨਾਲ ਰਹੀ ਏਂ!’’ ਆਖਦਿਆਂ ਉਸ ਨੇ ਮੈਨੂੰ ਫੜ ਕੇ ਚੁੰਮਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਪਰਾਂਹ ਧੱਕਦਿਆਂ ਆਖਿਆ, ‘‘ਮੈਨੂੰ...ਪੀਰਡ ਆਏ ਹੋਏ ਨੇ।’’
ਐਂਡੀ ਕੁਝ ਠੰਢਾ ਪੈ ਗਿਆ ਤੇ ਸਿੱਧਾ ਹੁੰਦਾ ਕਾਰ ਚਲਾਉਣ ਲੱਗਾ।
-----
ਘਰ ਪਹੁੰਚੀ ਤਾਂ ਇਕ ਵਜ ਚੁੱਕਾ ਸੀ। ਘਰ ਦੇ ਸਾਰੇ ਜੀਅ ਹਾਲੇ ਵੀ ਜਾਗਦੇ ਪਏ ਸਨ। ਸ਼ੁੱਕਰਵਾਰ ਨੂੰ ਜ਼ਰਾ ਲੇਟ ਹੀ ਸੌਂਦੇ ਕਿਉਂਕਿ ਸ਼ਨਿਚਰਵਾਰ ਉਠਣ ਦੀ ਜਲਦੀ ਨਾ ਹੁੰਦੀ ਪਰ ਇੰਨੀ ਵੀ ਲੇਟ ਨਹੀਂ ਸਨ ਸੌਂਦੇ ਕਿ ਇਕ ਵਜ ਜਾਵੇ। ਮੈਨੂੰ ਅੰਦਰ ਵੜਨ ਵਿਚ ਹੀ ਝਿਜਕ ਹੋ ਰਹੀ ਸੀ। ਹੁਣ ਕਿਸੇ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਹੀਂ ਸੀ। ਬਿੰਨੀ ਸਤਾਰਾਂ ਸਾਲ ਦਾ ਹੋ ਗਿਆ ਸੀ। ਕਦੇ-ਕਦੇ ਮੇਰੇ ਉਪਰ ਰੋਅਬ ਜਿਹਾ ਵੀ ਪਾਉਣ ਲੱਗਦਾ। ਬਿੰਨੀ ਮੇਰੇ ਵੱਲ ਹੋਰਵੇਂ ਹੀ ਝਾਕਿਆ। ਡੈਡੀ ਵੀ ਖੂੰਡੀ ਫੜੀ ਬੈਠੇ ਸਨ। ਉਨ੍ਹਾਂ ਦਾ ਤੇਜ਼ ਹਿੱਲਦਾ ਹੱਥ ਤੇ ਉਨ੍ਹਾਂ ਦੀ ਚੁੱਪ ਦੱਸ ਰਹੀ ਸੀ ਕਿ ਉਹ ਮੇਰੇ ਨਾਲ ਗੁੱਸੇ ਸਨ। ਉਬਾਸੀਆਂ ਲੈਂਦੀ ਪਰੀ ਨੂੰ ਲੈ ਕੇ ਮੈਂ ਉਪਰ ਬੈੱਡਰੂਮ ਵਿਚ ਆ ਗਈ। ਕਿਸੇ ਨਾਲ ਕੁਝ ਨਾ ਬੋਲੀ। ਮੰਮੀ ਮੇਰੇ ਵੱਲ ਖੜੀ ਘੂਰਦੀ ਰਹੀ ਤੇ ਉਹ ਮੇਰੇ ਮਗਰੇ ਹੀ ਆ ਗਈ ਜਿਵੇਂ ਉਸ ਦੀ ਆਦਤ ਸੀ। ਉਹ ਗ਼ੁੱਸੇ ਵਿਚ ਆਖਣ ਲੱਗੀ, ‘‘ਦੱਸ, ਕਿੱਥੇ ਗਈ ਸੀ?’’
‘‘ਤੈਨੂੰ ਦੱਸਿਆ ਸੀ ਨਾ ਕਿ ਸਹੇਲੀ ਦੇ ਘਰ ਪਾਰਟੀ ਸੀ।’’
‘‘ਬਿੰਨੀ ਨੇ ਕਾਂਤਾ ਦੇ ਘਰ ਫੋਨ ਕੀਤਾ ਸੀ, ਉਹ ਤਾਂ ਆਖਦੀ ਕਿ ਕਿਤੇ ਕੋਈ ਪਾਰਟੀ ਨਹੀਂ ਸੀ।’’
‘‘ਮੰਮੀ, ਕਾਂਤਾ ਕਿਸੇ ਹੋਰ ਡਿਪਾਰਟਮੈਂਟ ਵਿਚ ਏ, ਉਹਨੂੰ ਪਾਰਟੀ ਦਾ ਕੀ ਪਤਾ ਹੋਣਾ।’’
‘‘ਤੇਰੀਆਂ ਅੱਖਾਂ ਦੱਸਦੀਆਂ ਕਿ ਤੂੰ ਸ਼ਰਾਬ ਪੀਤੀ ਏ।’’
‘‘ਮੰਮੀ, ਤੂੰ ਵੀ ਬੱਸ।’’
ਉਸ ਨੇ ਮੈਨੂੰ ਬਾਹੋਂ ਫੜ ਕੇ ਬੈੱਡ ’ਤੇ ਬਿਠਾ ਦਿੱਤਾ ਤੇ ਬੋਲੀ, ‘‘ਦੇਖ ਕੰਵਲ, ਮੈਂ ਬਹੁਤ ਦੁਖੀ ਆਂ ਤੇਰੇ ਕੰਨਿਉਂ, ਮੈਨੂੰ ਹੋਰ ਦੁੱਖ ਨਾ ਦੇ, ਸੱਚ ਦੱਸ, ਕੀ ਕਰਦੀ ਫਿਰਦੀ ਏਂ?’’
ਮੈਨੂੰ ਲੱਗਿਆ ਕਿ ਇਹ ਸਭ ਤੋਂ ਢੁੱਕਵਾਂ ਮੌਕਾ ਸੀ ਮੰਮੀ ਨੂੰ ਐਂਡੀ ਬਾਰੇ ਦੱਸਣ ਦਾ। ਮੈਂ ਆਖਿਆ, ‘‘ਮੰਮੀ ਤੂੰ ਕਹਿੰਦੀ ਸੈਂ ਕਿ ਵਿਆਹ ਕਰਾ ਲਵਾਂ।’’
‘‘ਹਾਂ।’’
‘‘ਮੈਂ ਮੁੰਡਾ ਦੇਖ ਲਿਆ ਏ।’’
‘‘ਕੌਣ?’’
‘‘ਇਕ ਗੋਰਾ ਏ, ਮੇਰੇ ਨਾਲ ਕੰਮ ਕਰਦਾ ਏ, ਮੇਰੇ ’ਤੇ ਜਾਨ ਛਿੜਕਦਾ ਏ।’’
ਮੰਮੀ ਕੁਝ ਨਾ ਬੋਲੀ। ਮੇਰੇ ਵੱਲ ਵੇਖਦੀ ਰਹੀ ਤੇ ਬਾਹਰ ਨਿਕਲ ਗਈ।
-----
ਅਗਲੀ ਸਵੇਰ ਮੈਂ ਜਾਣ ਬੁਝ ਕੇ ਕੁਝ ਜ਼ਿਆਦਾ ਹੀ ਲੇਟ ਉੱਠੀ। ਰਾਤ ਵਾਲੀ ਗੱਲ ਦੇ ਪ੍ਰਤੀਕਰਮ ਦੀ ਉਡੀਕ ਸੀ ਮੈਨੂੰ। ਮੰਮੀ ਮੇਰੇ ਕਮਰੇ ਵਿਚ ਆਈ ਤੇ ਆਖਣ ਲੱਗੀ, ‘‘ ਕੰਵਲ, ਤਿਆਰ ਹੋ ਕੇ ਥੱਲੇ ਆ, ਬਿੰਨੀ ਤੇ ਤੇਰੇ ਡੈਡੀ ਵੇਟ ਕਰਦੇ ਪਏ ਨੇ।’’
ਮੈਂ ਉਠ ਕੇ ਬੈਠ ਗਈ। ਕੁਝ ਸੋਚਦੀ ਹੋਈ ਬੋਲੀ, ‘‘ਮੰਮੀ, ਡੈਡੀ ਤਾਂ ਹੋਏ ਹੁਣ ਬਿੰਨੀ ਵੀ ਮੇਰੀ ਵੇਟ ਕਰਨ ਲੱਗ ਪਿਆ ਏ?’’
‘‘ਤੇਰਾ ਭਰਾ ਏ, ਬਰਾਬਰ ਦਾ ਹੋ ਗਿਆ ਏ ਹੁਣ।’’
‘‘ਕੀ ਆਖਣਾ ਚਾਹੁੰਦੇ ਨੇ?’’
‘‘ਇਹੋ ਜੇ ਵਿਆਹ ਕਰਾਉਣਾ ਹੈ ਤਾਂ ਆਪਣੀ ਬਰਾਦਰੀ ਵਿਚ, ਕਿਸੇ ਗੋਰੇ ਨਾਲ ਤਾਂ ਕਿਸੇ ਕੀਮਤ ’ਤੇ ਵੀ ਨਹੀਂ।’’
*****
ਚਲਦਾ
No comments:
Post a Comment