ਰਵੀ ਕਿਧਰੇ ਅਲੋਪ ਹੀ ਹੋ ਗਿਆ ਸੀ। ਉਸ ਦਾ ਕੁਝ ਨਹੀਂ ਸੀ ਪਤਾ ਕਿ ਕਿੱਥੇ ਰਹਿੰਦਾ ਸੀ, ਕਿਸ ਹਾਲ ਵਿਚ ਸੀ। ਕਿੰਨੇ ਹੀ ਸਾਲ ਲੰਘ ਗਏ ਸਨ। ਉਸ ਨੇ ਪਰੀ ਨੂੰ ਤੀਹ ਪੌਂਡ ਹਫ਼ਤੇ ਦੇ ਦੇਣੇ ਸ਼ੁਰੂ ਕਰ ਦਿੱਤੇ ਸਨ। ਮਹੀਨੇ ਦੀ ਪਹਿਲੀ ਤਰੀਕ ਨੂੰ ਇਕ ਸੌ ਵੀਹ ਪੌਂਡ ਮੇਰੇ ਹਿਸਾਬ ਵਿਚ ਆ ਜਾਂਦੇ। ਪਰ ਉਹ ਕਿਧਰੇ ਨਹੀਂ ਸੀ ਦਿੱਸਿਆ। ਘਰ ਵਿਕਣ ਤੋਂ ਬਾਅਦ ਮੈਂ ਉਸ ਨੂੰ ਤਲਾਕ ਵੇਲੇ ਹੀ ਵੇਖਿਆ ਸੀ। ਘਰ ਵੇਚਣ ’ਤੇ ਲਾਇਆ ਸੀ ਤਾਂ ਉਦੋਂ ਮਿੰਨਤਾਂ ਕਰਦਾ, ਹਾੜ੍ਹੇ ਕੱਢਦਾ ਤੇ ਉਸੇ ਮੂੰਹ ਨਾਲ ਡੈਡੀ ਨੂੰ ਗਾਲ਼ਾਂ ਕੱਢਣ ਲੱਗਦਾ। ਘਰ ਵਿਕਣ ਤੋਂ ਬਾਅਦ ਗੁੰਮ ਹੋ ਗਿਆ। ਉਦੋਂ ਹੀ ਮੈਂ ਸੂਜੀ ਬੈਰੀਮਨ ਨਾਲ ਸਲਾਹ ਕਰਕੇ ਤਲਾਕ ਲਈ ਅਪਲਾਈ ਕਰ ਦਿੱਤਾ ਸੀ। ਮੈਂ ਇਕ ਕਿਸਮ ਨਾਲ ਜੂਆ ਖੇਡਿਆ ਸੀ ਕਿ ਜਾਂ ਤਾਂ ਰਵੀ ਮੁੜ ਆਇਆ ਜਾਂ ਫਿਰ ਸਭ ਕੁਝ ਖ਼ਤਮ।
ਰਵੀ ਆਇਆ ਸੀ। ਮੈਨੂੰ ਤਲਾਕ ਦਾ ਕੇਸ ਵਾਪਸ ਲੈਣ ਲਈ ਆਖਦਾ ਰਿਹਾ। ਉਹ ਤਲਾਕ ਲਈ ਕਿਸੇ ਵੀ ਤਰ੍ਹਾਂ ਤਿਆਰ ਨਹੀਂ ਸੀ। ਮੈਂ ਵੀ ਕਿਹੜਾ ਚਾਹੁੰਦੀ ਸੀ। ਇਕ ਦਿਨ ਰਵੀ ਪਰੀ ਦੇ ਦੇਖਣ ਦੇ ਬਹਾਨੇ ਆਇਆ ਤੇ ਰੋਣ ਲੱਗਿਆ ਸੀ। ਮੇਰਾ ਦਿਲ ਪਸੀਜ ਗਿਆ। ਮੈਂ ਉਸ ਨਾਲ ਵਾਅਦਾ ਕੀਤਾ ਕਿ ਮੈਂ ਕੇਸ ਵਾਪਸ ਲੈ ਲਵਾਂਗੀ। ਮੈਂ ਵਾਪਸ ਉਸ ਕੋਲ ਜਾਣ ਦਾ ਵਾਅਦਾ ਵੀ ਕੀਤਾ। ਰਵੀ ਬਹੁਤ ਖ਼ੁਸ਼ ਸੀ। ਉਨ੍ਹਾਂ ਦਿਨਾਂ ਵਿਚ ਉਸ ਨੇ ਆਰਚਵੇਅ ਰੋਡ ’ਤੇ ਇਕ ਫਲੈਟ ਕਿਰਾਏ ’ਤੇ ਲਿਆ ਹੋਇਆ ਸੀ। ਉਹ ਤਾਂ ਚਾਹੁੰਦਾ ਸੀ ਕਿ ਉਸੇ ਵੇਲੇ ਉਸ ਨਾਲ ਚੱਲਾਂ ਪਰ ਡੈਡੀ ਹਸਪਤਾਲ ਪਏ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਹੁਣ ਕੁਝ ਠੀਕ ਸਨ ਪਰ ਹਾਲੇ ਹਸਪਤਾਲ ਵਿਚ ਹੀ ਸਨ। ਮੈਂ ਡੈਡੀ ਤੇ ਮੰਮੀ ਨੂੰ ਵੀ ਦੱਸ ਦਿੱਤਾ ਸੀ ਕਿ ਮੈਂ ਰਵੀ ਕੋਲ ਵਾਪਸ ਜਾ ਰਹੀ ਸੀ। ਸਭ ਖ਼ੁਸ਼ ਸਨ। ਸੂਜੀ ਬੈਰੀਮਨ ਨਾਲ ਵੀ ਐਪੁਆਇਟਮੈਂਟ ਬਣਾ ਲਈ ਤਾਂ ਜੋ ਉਸ ਨੂੰ ਦੱਸ ਸਕਾਂ ਕਿ ਕੇਸ ਵਾਪਸ ਲੈਣਾ ਸੀ।
------
ਪਤਾ ਨਹੀਂ ਕਿਹੜੀ ਤਾਕਤ ਮੇਰੇ ਖ਼ਿਲਾਫ਼ ਕੰਮ ਕਰ ਰਹੀ ਸੀ। ਮੇਰੇ ਕੋਲੋਂ ਬੈਰੀਮਨ ਦੇ ਦਫ਼ਤਰ ਵਿਚ ਜਾਇਆ ਹੀ ਨਹੀਂ ਗਿਆ। ਡੈਡੀ ਦੀ ਸਿਹਤ ਸੁਧਰ ਕੇ ਫਿਰ ਵਿਗੜ ਗਈ। ਉਹ ਹਾਲੇ ਹਸਪਤਾਲ ਵਿਚ ਹੀ ਸਨ। ਮੈਂ ਹਸਪਤਾਲ ਦੇ ਚੱਕਰ ਹੀ ਕੱਢਦੀ ਰਹਿ ਗਈ ਕਿ ਕੇਸ ਦੀ ਡਿਗਰੀ ਵੀ ਹੋ ਗਈ। ਸਰਟੀਫਿਕੇਟ ਘਰ ਆਏ ਦੇਖ ਕੇ ਮੈਂ ਹੈਰਾਨ ਰਹਿ ਗਈ। ਉਸੇ ਵਕਤ ਸੂਜੀ ਬੈਰੀਮਨ ਨੂੰ ਫੋਨ ਕੀਤਾ ਤੇ ਦੱਸਿਆ ਕਿ ਮੈਨੂੰ ਤਲਾਕ ਨਹੀਂ ਚਾਹੀਦਾ। ਉਸੇ ਸ਼ਾਮ ਰਵੀ ਨੇ ਵੀ ਆਉਣਾ ਸੀ। ਕਦੇ-ਕਦੇ ਉਹ ਪਰੀ ਨੂੰ ਲੈ ਜਾਇਆ ਕਰਦਾ ਸੀ। ਉਸ ਦਿਨ ਦਾ ਸਮਾਂ ਪਹਿਲੇ ਹੀ ਮਿੱਥ ਰੱਖਿਆ ਸੀ। ਉਹ ਹਿਰਖ ਵਿਚ ਬੋਲਿਆ, “ਨਹੀਂ ਟਲ਼ੀ ਨਾ, ....ਹੁਣ ਤਲਾਕ ਨਾਲ ਤੇਰਾ ਗੋਲ਼ ਟਿਕਾਣੇ ਆ ਗਿਆ?”
“ਨਹੀਂ ਰਵੀ ਆਏ ਡੌਂਟ ਵਾਂਟ ਡਾਇਵੋਰਸ, ਮੈਂ ਸੂਜੀ ਨੂੰ ਫੋਨ ਕਰਕੇ ਦੱਸ ਦਿੱਤਾ, ਹਾਲੇ ਇਹ ਤਾਂ ਪਰੀਲਿਮਨਰੀ ਡਿਗਰੀ ਏ, ਮੈਂ ਫਾਈਨਲ ਡਿਗਰੀ ਤਕ ਗੱਲ ਪਹੁੰਚਣ ਨਹੀਂ ਦੇਣੀ, ਆਏ ਲਵ ਯੂ ਰਵੀ! ਆਏ ਡੌਂਟ ਵਾਂਟ ਡਾਇਵੋਰਸ!”
ਰਵੀ ਨੂੰ ਤਸੱਲੀ ਜਿਹੀ ਹੋਈ ਤਾਂ ਉਸ ਦਾ ਮੂਡ ਸਹਿਜ ਹੋਇਆ। ਉਸ ਦਿਨ ਅਸੀਂ ਰੈਸਟੋਰੈਂਟ ਵਿਚ ਖਾਣਾ ਖਾਧਾ ਤੇ ਆਉਣ ਵਾਲੇ ਵਕਤ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ। ਰਵੀ ਨੇ ਇਕ ਟੁੱਕ ਫੈਸਲੇ ਵਾਂਗ ਕਿਹਾ, “ਤੈਨੂੰ ਆਪਣੇ ਡੈਡੀ ਤੇ ਮੇਰੇ ਵਿਚੋਂ ਇਕ ਨੂੰ ਚੁਣਨਾ ਪਵੇਗਾ।”
“ਡੌਂਟ ਵੱਰੀ, ਦੇਅਰ ਵੌਂਟ ਬੀ ਐਨੀ ਪਰੌਬਲਮ ਨਾਓ!”
ਮੈਂ ਫੈਸਲਾ ਕਰ ਲਿਆ ਸੀ ਕਿ ਜਿਵੇਂ ਰਵੀ ਆਖੇਗਾ, ਕਰਾਂਗੀ। ਹੁਣ ਨੀਤਾ ਵਿਹਲੀ ਹੋ ਚੁੱਕੀ ਸੀ। ਉਹ ਮੰਮੀ ਦੀ ਮਦਦ ਕਰ ਦਿੰਦੀ ਸੀ, ਘਰ ਦੇ ਕੰਮ ਵਿਚ ਵੀ ਤੇ ਡੈਡੀ ਦੀ ਸੰਭਾਲ ਵਿਚ ਵੀ। ਰਵੀ ਫਿਰ ਆਖਣ ਲੱਗਾ, “ਆਪਾਂ ਹੁਣ ਨੌਰਥ ਲੰਡਨ ਵਿਚ ਵੀ ਨਹੀਂ ਰਹਿਣਾ, ਸਾਊਥ ਈਸਟ ਜਾਂ ਵੈਸਟ ਲੰਡਨ ਵਿਚ ਘਰ ਦੇਖ ਲਵਾਂਗੇ।”
“ਸ਼ੋਅਰ!”
-----
ਮੈਂ ਰਵੀ ਨੂੰ ਗੁਆਉਣਾ ਨਹੀਂ ਸੀ ਚਾਹੁੰਦੀ। ਤਲਾਕ ਤਕ ਗੱਲ ਪੁੱਜੀ ਤਾਂ ਲੱਗਿਆ ਕਿ ਅਸੀਂ ਬਹੁਤ ਦੂਰ ਨਿਕਲ ਗਏ ਸਾਂ। ਵਾਪਸ ਮੁੜਨਾ ਚਾਹੀਦਾ ਸੀ। ਹੁਣ ਅਸੀਂ ਆਏ ਦਿਨ ਮਿਲਣ ਲੱਗੇ ਸਾਂ। ਪਰੀ ਵੀ ਮੁੜ ਕੇ ਉਸ ਦੀ ਵਾਕਫ਼ ਹੋ ਗਈ ਸੀ। ਵਕਤ ਇੰਨੀ ਤੇਜ਼ੀ ਨਾਲ ਗੁਜ਼ਰਿਆ ਕਿ ਪਤਾ ਹੀ ਨਹੀਂ ਚੱਲਿਆ ਕਿ ਛੇ ਹਫਤੇ ਕਦੋਂ ਲੰਘ ਗਏ। ਛੇ ਹਫ਼ਤੇ ਲੰਘੇ ਤਾਂ ਤਲਾਕ ਦੀ ਫਾਈਨਲ ਡਿਗਰੀ ਘਰ ਆ ਗਈ। ਮੈਂ ਉਸੇ ਵਕਤ ਬੈਰੀਮਨ ਨੂੰ ਫੋਨ ਕੀਤਾ। ਉਹ ਮੇਰਾ ਕੇਸ ਵਾਪਸ ਲੈਣਾ ਭੁੱਲ ਗਈ ਸੀ। ਜੇ ਰਵੀ ਚਾਹੇ ਤਾਂ ਹਾਲੇ ਵੀ ਤਲਾਕ ਦੀ ਡਿਗਰੀ ਖ਼ਾਰਜ ਕੀਤੀ ਜਾ ਸਕਦੀ ਸੀ। ਮੈਂ ਸਾਰਾ ਦਿਨ ਰਵੀ ਦੀ ਤਲਾਸ਼ ਵਿਚ ਫਿਰਦੀ ਰਹੀ। ਜਿਥੇ ਉਹ ਰਹਿੰਦਾ ਸੀ ਉਥੇ ਤਾਂ ਉਹ ਕਦੇ-ਕਦੇ ਹੀ ਆਉਂਦਾ, ਜ਼ਿਆਦਾ ਦੇਰ ਕਿਧਰੇ ਬਾਹਰ ਹੀ ਰਹਿੰਦਾ। ਉਹ ਕੀ ਕੰਮ ਕਰਦਾ ਸੀ ਤੇ ਕਿਥੇ ਕਰਦਾ ਸੀ ਉਸ ਨੇ ਮੈਨੂੰ ਕਦੇ ਨਹੀਂ ਸੀ ਦੱਸਿਆ ਤੇ ਨਾ ਹੀ ਮੈਂ ਕਦੇ ਪੁੱਛਿਆ ਸੀ। ਮੈਂ ਕਮਲਿਆਂ ਵਾਂਗ ਇਧਰ ਉਧਰ ਕਾਰ ਭਜਾਈ ਫਿਰਦੀ ਰਹੀ ਪਰ ਰਵੀ ਨਾ ਲੱਭਿਆ। ਮੈਂ ਚਾਹੁੰਦੀ ਸੀ ਕਿ ਰਵੀ ਮਿਲ ਜਾਵੇ, ਉਸ ਨੂੰ ਆਪਣੀ ਕੁਤਾਹੀ ਬਾਰੇ ਦੱਸਾਂ ਤੇ ਸੂਜੀ ਬੈਰੀਮਨ ਕੋਲ ਲੈ ਜਾ ਕੇ ਸਾਰਾ ਕੰਮ ਠੀਕ ਕਰਵਾ ਲਵਾਂ।
----
ਸਿਆਲ ਹੋਣ ਕਰਕੇ ਹਨੇਰਾ ਜਲਦੀ ਹੋ ਗਿਆ। ਉਪਰੋਂ ਬਰਫ਼ਬਾਰੀ ਸ਼ੁਰੂ ਹੋ ਗਈ ਸੀ। ਮੈਂ ਰਵੀ ਨੂੰ ਫੋਨ ਕਰਦੀ ਰਹੀ, ਉਹ ਨਾ ਮਿਲਿਆ। ਹੁਣ ਉਮੀਦ ਵੀ ਨਹੀਂ ਰਹੀ ਸੀ। ਕੱਲ੍ਹ ਤਕ ਇਸ ਗੱਲ ਦੇ ਮਾਅਨੇ ਹੋਰ ਡੂੰਘੇ ਹੋ ਜਾਣੇ ਸਨ। ਅੱਜ ਤਾਂ ਸ਼ਾਇਦ ਰਵੀ ਨੂੰ ਕਚਹਿਰੀ ਦੀ ਚਿੱਠੀ ਵੀ ਨਾ ਮਿਲੀ ਹੋਵੇ ਤੇ ਮੈਂ ਉਸ ਨੂੰ ਸੰਭਾਲ ਸਕਦੀ ਸੀ। ਅੱਠ ਕੁ ਵਜੇ ਬਾਹਰ ਹੌਰਨ ਵੱਜਿਆ। ਇਹ ਰਵੀ ਹੀ ਸੀ। ਇਵੇਂ ਹੀ ਛੋਟਾ ਜਿਹਾ ਹਾਰਨ ਵਜਾਉਂਦਾ ਸੀ। ਪਰੀ ਸੌਂ ਚੁੱਕੀ ਸੀ ਪਰ ਮੈਂ ਉਸ ਨੂੰ ਨਾਲ ਲੈ ਜਾਣਾ ਹੀ ਠੀਕ ਸਮਝਿਆ। ਮੈਂ ਉਸ ਦੇ ਸੁੱਤੀ ਪਈ ਦੇ ਹੀ ਜੈਕਟ ਪਾ ਲਈ ਤੇ ਬਰਫ਼ ਮਿੱਧਦੀ ਬਾਹਰ ਆ ਗਈ। ਰਵੀ ਨੇ ਕਾਰ ਸੜਕ ਦੇ ਇਕ ਪਾਸੇ ਲਾ ਰੱਖੀ ਸੀ, ਆਮ ਤੌਰ ’ਤੇ ਉਹ ਸੜਕ ਵਿਚਕਾਰ ਖੜੀ ਕਰਕੇ ਹੀ ਮੈਨੂੰ ਉਡੀਕ ਰਿਹਾ ਹੁੰਦਾ।
-----
ਉਸ ਨੇ ਅੰਦਰ ਬੈਠੇ ਹੀ ਦਰਵਾਜ਼ਾ ਖੋਲ੍ਹ ਦਿੱਤਾ ਤੇ ਮੇਰੇ ਵੱਲ ਵੇਖ ਕੇ ਮੁਸਕਰਾਇਆ। ਉਸ ਦੀ ਮੁਸਕਰਾਹਟ ਆਮ ਨਾਲੋਂ ਵੱਡੀ ਸੀ। ਉਸ ਨੇ ਸੁੱਤੀ ਪਈ ਪਰੀ ਨੂੰ ਮੇਰੇ ਕੋਲੋਂ ਫੜ ਲਿਆ ਤੇ ਗੱਲ੍ਹ ‘ਤੇ ਚੁੰਮਣ ਦੇਣ ਲੱਗਾ। ਮੈਂ ਕਿਹਾ, “ਰਵੀ ਕੱਲ੍ਹ ਨੂੰ ਮੇਰੇ ਨਾਲ ਸੂਜੀ ਬੈਰੀਮਨ ਦੇ ਦਫ਼ਤਰ ਚਲ, ਆਪਾਂ ਇਹ ਡਾਇਵੋਰਸ ਵਾਲੀ ਗੱਲ ਖ਼ਤਮ ਕਰ ਦੇਈਏ, .... ਆਈ ਲਵ ਯੂ ਰਵੀ!”
ਉਹ ਹੱਸਣ ਲੱਗਾ। ਇੰਨੀ ਉੱਚੀ ਕਿ ਪਰੀ ਉਠ ਗਈ ਤੇ ਰੋਣ ਲੱਗ ਪਈ। ਉਹ ਕਿੰਨੀ ਦੇਰ ਤਕ ਹੱਸਦਾ ਰਿਹਾ। ਇਵੇਂ ਉਹ ਬਹੁਤ ਘੱਟ ਹੱਸਦਾ ਸੀ। ਮੈਂ ਪੁੱਛਿਆ, “ਹੱਸਦਾ ਕਿਉਂ ਏਂ ਰਵੀ? ....ਆਈ ਐਮ ਸੀਰੀਅਸ।”
“ਤੂੰ ਤੇ ਸਦਾ ਈ ਸੀਰੀਅਸ ਰਹੀ ਐਂ, ਮੈਂ ਈ ਸੀਰੀਅਸ ਨਹੀਂ ਸੀ।”
ਉਸ ਨੇ ਪਰੀ ਵਾਪਸ ਮੈਨੂੰ ਫੜਾ ਕੇ ਕਿਹਾ, “ਮੈਡਮ, ਹੁਣ ਘਰ ਜਾਹ।”
“ਕਿਉਂ?”
“ਕਿਉਂ ਨਹੀਂ! ....ਆਏ ਐਮ ਨੌਟ ਯੋਅਰ ਹਸਬੈਂਡ ਐਨੀ ਮੋਰ! ਕਾਰ ਵਿਚੋਂ ਬਾਹਰ ਹੋ ਜਾਹ!”
ਮੈਂ ਰੋਣ ਲੱਗ ਪਈ। ਉਹ ਬੋਲਿਆ, “ਮੇਰੀ ਕਾਰ ਵਿਚ ਬੈਠ ਕੇ ਨਾ ਰੋ, ਰੋਣਾ ਐ ਤਾਂ ਅੰਦਰ ਜਾ ਕੇ ਉਨ੍ਹਾਂ ਨੂੰ ਰੋ ਜਿਹਨਾਂ ਖਾਤਰ ਤੂੰ ਮੇਰੀ ਲਾਈਫ਼ ਰੂਇਨ ਕੀਤੀ ਐ, ਆਪਣੀ ਤੇ ਇਸ ਬੱਚੀ ਦੀ ਵੀ।”
-----
ਮੈਂ ਅੱਖਾਂ ਪੂੰਝੀਆਂ, ਉਸ ਵੱਲ ਘੂਰ ਕੇ ਵੇਖਿਆ ਤੇ ਕਾਰ ਵਿਚੋਂ ਬਾਹਰ ਨਿਕਲ ਆਈ। ਬਰਫ਼ ਉਪਰ ਧਿਆਨ ਨਾਲ ਤੁਰਦੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੰਮੀ ਦਰਵਾਜ਼ੇ ਦੇ ਪਿੱਛੇ ਖੜ੍ਹੀ ਸੀ। ਮੈਂ ਉਸ ਦੇ ਗਲ਼ ਲਗ ਕੇ ਸਿਸਕਣ ਲੱਗੀ। ਮੰਮੀ ਮੇਰਾ ਮੋਢਾ ਥਾਪੜਦੀ ਬੋਲੀ, “ਚੁੱਪ ਕਰ ਧੀਏ ਤੇਰਾ ਡੈਡੀ ਜਾਗ ਪਊ।”
ਮੰਮੀ ਮੇਰੇ ਨਾਲ ਹੀ ਮੇਰੇ ਕਮਰੇ ਵਿਚ ਆ ਗਈ ਤੇ ਮੇਰੇ ਨਾਲ ਹੀ ਸੌਂ ਗਈ। ਅੱਜ ਉਸ ਨੇ ਭੂਆ ਗੁਲਾਬਾਂ ਨੂੰ ਜਾਂ ਭੂਆ ਚੰਨੋ ਨੂੰ ਕੁਝ ਨਹੀਂ ਕਿਹਾ। ਮੈਨੂੰ ਸਾਰੀ ਰਾਤ ਨੀਂਦਰ ਨਾ ਪਈ। ਮੈਂ ਭੂਆ ਗੁਲਾਬਾਂ ਬਾਰੇ ਸੋਚਦੀ ਰਹੀ ਜੋ.... ਜੋ ਵਿਆਹ ਤੋਂ ਮਹੀਨੇ ਬਾਅਦ ਹੀ ਪਤੀ ਨਾਲ ਝਗੜਾ ਕਰ ਕੇ ਘਰ ਆ ਬੈਠੀ ਸੀ ਤੇ ਵਾਪਸ ਨਹੀਂ ਗਈ। ਉਸ ਦੀ ਜ਼ਿੱਦ ਸੀ ਕਿ ਉਸ ਦੇ ਘਰ ਵਾਲਾ ਆਪ ਆਵੇ, ਕੀਤੇ ਦੀ ਗ਼ਲਤੀ ਮੰਨੇ ਤੇ ਲੈ ਜਾਵੇ। ਅੱਗੋਂ ਆਦਮੀ ਵੀ ਉਹੋ ਜਿਹਾ ਨਿਕਲਿਆ। ਉਹ ਨਾ ਆਇਆ ਤੇ ਵਿਆਹ ਹੋਰ ਕਰਾ ਲਿਆ। ਭੂਆ ਨੇ ਇਕਲਾਪਾ ਕੱਟ ਲਿਆ ਪਰ ਸੀਅ ਤਕ ਨਹੀਂ ਕੀਤੀ। ਵੱਡੀ ਭੂਆ ਚੰਨੋ ਡੈਡੀ ਦੀ ਭੂਆ ਸੀ। ਉਸ ਦਾ ਘਰਵਾਲਾ ਮੁਕਲਾਵੇ ਤੋਂ ਪਹਿਲਾਂ ਹੀ ਮਰ ਗਿਆ ਸੀ। ਉਸ ਨੇ ਵੀ ਸਾਰੀ ਉਮਰ ਘਰ ਬੈਠ ਕੇ ਕੱਢ ਲਈ ਸੀ, ਦੇਰ ਜਾਂ ਜੇਠ ਉਪਰ ਚਾਦਰ ਪਾਉਣ ਤੋਂ ਨਾਂਹ ਕਰ ਦਿੱਤੀ ਸੀ। ਪੇਕੇ ਹੀ ਬੈਠ ਕੇ ਉਮਰ ਭੋਗ ਲਈ।
-----
ਐਂਡੀ ਮੇਰੇ ਨਾਲ ਨੇੜਤਾ ਵਧਾਉਣ ਲੱਗਿਆ ਤਾਂ ਰਵੀ ਦੀ ਯਾਦ ਹੋਰ ਵੀ ਵਧੇਰੇ ਆਉਣ ਲੱਗੀ। ਸ਼ਾਇਦ ਚਾਰ ਸਾਲ ਹੋ ਗਏ ਸਨ ਉਸ ਨੂੰ ਅਲੋਪ ਹੋਏ ਨੂੰ। ਕਦੇ ਮੰਮੀ ਮੇਰੇ ਵੱਲ ਦੇਖ ਕੇ ਆਖਣ ਲੱਗਦੀ, “ਚੰਦਰੇ ਨੇ ਮੁੜ ਕੇ ਮੂੰਹ ਵੀ ਨਹੀਂ ਵਿਖਾਇਆ, ਕਦੇ ਆਪਣੀ ਧੀ ਵੇਖਣ ਈ ਆ ਜਾਂਦਾ, ਕਦੇ ਫੋਨ ਈ ਕਰ ਦਿੰਦਾ, ਅੱਗੇ ਕਿਵੇਂ ਸਾਡੀ ਸੜਕ ਨੀਵੀਂ ਕੀਤੀ ਪਈ ਸੀ!”
ਇਕ ਦਿਨ ਮੰਮੀ ਬੋਲੀ, “ਕੰਵਲ, ਧੀਏ ਲੱਗਦਾ ਏ ਤੂੰ ਪਾਠ ਨੂੰ ਨਾਗਾ ਕਰ ਦਿੰਦੀ ਏਂ ਤਾਂ ਹੀ ਤੇਰਾ ਚਿਹਰਾ ਉਤਰਿਆ ਉਤਰਿਆ ਰਹਿੰਦਾ ਏ, ਮਨ ’ਤੇ ਕਾਬੂ ਪਾਉਣ ਲਈ ਪਾਠ ਜ਼ਰੂਰੀ ਏ।”
ਮੈਨੂੰ ਆਪਣਾ ਆਪ ਥੱਕਿਆ-ਥੱਕਿਆ ਮਹਿਸੂਸ ਹੁੰਦਾ ਰਹਿੰਦਾ ਸੀ। ਮੈਂ ਰੋਜ਼ ਸੋਚ ਕੇ ਘਰੋਂ ਨਿਕਲਦੀ ਸੀ ਕਿ ਅੱਜ ਐਂਡੀ ਨੂੰ ਝਾੜ ਦੇਵਾਂ ਕਿ ਮੇਰੇ ਨਾਲ ਸਿਰਫ਼ ਮਤਲਬ ਦੀ ਗੱਲ ਕਰਿਆ ਕਰੇ ਪਰ ਇੰਝ ਨਾ ਹੁੰਦਾ। ਮੇਰਾ ਦਿਲ ਕਰਦਾ ਕਿ ਉਡ ਕੇ ਇੰਡੀਆ ਚਲੇ ਜਾਵਾਂ, ਭੂਆ ਨੂੰ ਪੁੱਛਾਂ ਕਿ ਇੰਨਾ ਸਬਰ ਤੇਰੇ ਵਿਚ ਕਿਵੇਂ ਆ ਗਿਆ। ਫਿਰ ਸੋਚਣ ਲੱਗਦੀ ਕਿ ਹੋ ਸਕਦਾ ਹੈ ਕਿ ਭੂਆ ਨੂੰ ਕੋਈ ਐਂਡੀ ਨਾ ਮਿਲਿਆ ਹੋਵੇ।
-----
ਮੈਂ ਐਂਡੀ ਤੋਂ ਬਚਣ ਲਈ ਆਪਣੀ ਡਿਊਟੀ ਫਲੋਰ ’ਤੇ ਕਰਾ ਲਈ ਜਿਥੇ ਮੈਂ ਸ਼ੈਲਫ਼ਾਂ ਭਰਦੀ ਜਾਂ ਟਿੱਲ ’ਤੇ ਖੜ੍ਹਦੀ। ਮੈਨੂੰ ਕੁੜੀਆਂ ਆ-ਆ ਕੇ ਪੁੱਛਦੀਆਂ ਕਿ ਸੌਖਾ ਕੰਮ ਛੱਡ ਕੇ ਇਥੇ ਕਿਉਂ ਆ ਗਈ। ਮੈਂ ਬਹਾਨਾ ਕਰੀ ਜਾਂਦੀ ਕਿ ਕੰਪਿਊਟਰ ’ਤੇ ਬੈਠਿਆਂ ਮੇਰੀਆਂ ਅੱਖਾਂ ਵਿਚੋਂ ਪਾਣੀ ਸਿੰਮਣ ਲੱਗਦਾ ਸੀ। ਕਾਂਤਾ, ਜਿਸ ਨਾਲ ਮੈਂ ਦਿਲ ਦੀਆਂ ਗੱਲਾਂ ਕਰ ਲੈਂਦੀ ਸੀ, ਪੁੱਛਣ ਲੱਗੀ, “ਐਂਡੀ ਕੇ ਸਾਥ ਕੋਈ ਗੜਬੜ ਹੂਈ?”
“ਨਈਂ, ਵੋ ਇਸ਼ਕ ਬਹੁਤ ਫ਼ਰਮਾਨੇ ਲਗਾ ਥਾ, ਬੱਸ ਅਵੁਆਏਡ ਕਰ ਰਹੀ ਹੂੰ।”
“ਫੈਂਕਤਾ ਹੈ ਸਾਲਾ! ਗੋਰਾ ਕਿਆ ਔਰ ਇਸ਼ਕ ਕਿਆ!” ਉਹ ਮੂੰਹ ਨੂੰ ਕਸੈਲ਼ਾ ਜਿਹਾ ਬਣਾਉਂਦੀ ਬੋਲੀ। ਪਰ ਮੈਨੂੰ ਉਸ ਦੀ ਗੱਲ ਨਾਲ ਪੂਰੀ ਸਹਿਮਤੀ ਨਹੀਂ ਸੀ। ਮੈਨੂੰ ਐਂਡੀ ਵਿਚ ਬਨਾਵਟ ਨਹੀਂ ਸੀ ਦਿੱਸਦੀ। ਹੁਣ ਉਹ ਸਮਝਣ ਲੱਗ ਪਿਆ ਸੀ ਕਿ ਮੈਂ ਜਾਣ ਬੁੱਝ ਕੇ ਉਸ ਤੋਂ ਦੂਰ ਰਹਿੰਦੀ ਹਾਂ ਤਾਂ ਉਹ ਬਹੁਤਾ ਪਿੱਛਾ ਨਾ ਕਰਦਾ ਪਰ ਫਿਰ ਵੀ ਬਹਾਨੇ ਨਾਲ ਇਧਰ ਉਧਰ ਲੰਘਦਾ ਬੁਲਾ ਕੇ ਜਾਂਦਾ। ਜੇ ਉਹ ਨਾ ਆਉਂਦਾ ਤਾਂ ਮੈਨੂੰ ਉਸ ਦੀ ਉਡੀਕ ਰਹਿੰਦੀ। ਜੇ ਉਸ ਨੂੰ ਨਾ ਵੇਖ ਸਕਦੀ ਤਾਂ ਉਦਾਸੀ ਜਿਹੀ ਛਾਈ ਰਹਿੰਦੀ। ਮੇਰੀ ਹਾਲਤ ਅਜੀਬ ਜਿਹੀ ਹੋ ਜਾਂਦੀ।
-----
ਮੰਮੀ ਮੇਰੇ ਵੱਲ ਵੇਖਦੀ ਆਖਣ ਲੱਗਦੀ, “ਓਹਨੇ ਨਈਂ ਔਣਾ ਹੁਣ, ਪਹਾੜ ਜਿੱਡੀ ਜ਼ਿੰਦਗੀ ਏ ਧੀਏ, ਗੁਲਾਬਾਂ ਨਾ ਬਣ, ਵਿਆਹ ਕਰਾ ਲੈ, ਅਸੀਂ ਮੁੰਡਾ ਦੇਖਦੇ ਆਂ, ਕੇਰਾ ਹਾਂ ਕਹਿ।”
“ਨਈਂ ਮੰਮੀ, ਮੈਂ ਭੂਆ ਨਹੀਂ ਬਣਦੀ, ਮੇਰੇ ਕੋਲ ਪਰੀ ਹੈਗੀ ਏ, ਮੇਰਾ ਸਹਾਰਾ।”
“ਪਰ ਆਦਮੀ ਦਾ ਸਾਥ ਵੀ ਤਾਂ ਜ਼ਰੂਰੀ ਏ।”
“ਨਹੀਂ ਚਾਹੀਦਾ ਮੈਨੂੰ ਆਦਮੀ ਦਾ ਸਾਥ! ਓਪਰਾ ਆਦਮੀ ਮੇਰੀ ਧੀ ਨੂੰ ਧੀ ਕਦੋਂ ਸਮਝਣ ਲੱਗਿਆ!”
“ਪਰੀ ਹਾਲੇ ਛੋਟੀ ਏ, ਕਰਵਾ ਲੈ, ਪਰੀ ਨੂੰ ਅਸੀਂ ਸੰਭਾਲ ਲਾਂਗੇ।”
“ਨਹੀਂ ਮੰਮੀ, ਇਹ ਗੱਲ ਨਾ ਕਿਹਾ ਕਰ, ਮੈਂ ਠੀਕ ਵਾਂ।”
ਮੰਮੀ ਅਗਲੀ ਵਾਰ ਫਿਰ ਇਹ ਗੱਲ ਦੁਹਰਾਉਣ ਲੱਗਦੀ। ਮੈਂ ਭਾਵੇਂ ਗ਼ੁੱਸੇ ਵੀ ਹੋ ਕੇ ਬੋਲਦੀ ਪਰ ਮੰਮੀ ਆਪਣੀ ਗੱਲ ਕਹਿ ਕੇ ਹਟਦੀ। ਜਦੋਂ ਮੰਮੀ ਅਜਿਹੀ ਗੱਲ ਕਰ ਰਹੀ ਹੁੰਦੀ ਤਾਂ ਮੈਂ ਐਂਡੀ ਬਾਰੇ ਸੋਚਣ ਲੱਗਦੀ।
ਇਕ ਸਵੇਰ ਕੰਮ ’ਤੇ ਆਉਣ ਲਈ ਮੈਂ ਵਿਕਟੋਰੀਆ ਸਟੇਸ਼ਨ ਤੋਂ ਬਾਹਰ ਨਿਕਲ ਰਹੀ ਸੀ ਕਿ ਸਾਹਮਣੇ ਐਂਡੀ ਖੜ੍ਹਾ ਮੁਸਕਰਾ ਰਿਹਾ ਸੀ। ਉਸ ਨੇ ਦੋਵੇਂ ਹੱਥ ਪਿੱਛੇ ਕੀਤੇ ਹੋਏ ਸਨ ਜਿਵੇਂ ਕੁਝ ਛੁਪਾਇਆ ਹੋਇਆ ਹੋਵੇ। ਉਹ ਲਗਾਤਾਰ ਮੇਰੇ ਵੱਲ ਵੇਖੀ ਜਾ ਰਿਹਾ ਸੀ। ਮੈਂ ਹੱਥ ਹਿਲਾ ਕੇ ਉਸ ਨੂੰ ‘ਹੈਲੋ’ ਆਖੀ ਤੇ ਉਸ ਦੇ ਕੋਲ ਦੀ ਅਗੇ ਲੰਘਣ ਲੱਗੀ ਤਾਂ ਉਸ ਨੇ ਮੇਰਾ ਰਸਤਾ ਰੋਕ ਲਿਆ। ਆਪਣੇ ਪਿੱਛੇ ਛੁਪਾਏ ਫੁੱਲ ਕੱਢ ਕੇ ਮੇਰੇ ਸਾਹਮਣੇ ਕਰਦਾ ਬੋਲਿਆ, “ਹੈਪੀ ਬਰਥ ਡੈਅ ਕੈਂਵਲ!”
-----
ਮੈਂ ਪਹਿਲਾਂ ਐਂਡੀ ਵੱਲ ਵੇਖਿਆ ਤੇ ਫਿਰ ਫੁੱਲਾਂ ਵਲ, ਲਾਲ, ਚਿੱਟੇ, ਗੁਲਾਬੀ ਕੂਲ਼ੇ ਕੂਲ਼ੇ ਫੁੱਲ! ਮੈਂ ਉਸ ਤੋਂ ਫੜੇ ਤੇ ਆਪਣੇ ਚਿਹਰੇ ਨਾਲ ਛੂਆ ਕੇ ਵੇਖੇ। ਬਹੁਤ ਪਿਆਰੇ ਸਨ। ਮੈਨੂੰ ਐਂਡੀ ਬਹੁਤ ਚੰਗਾ ਲੱਗਿਆ। ਮੈਂ ਉਸ ਦੀ ਗਰਦਨ ਪਿੱਛੇ ਹੱਥ ਰੱਖਿਆ ਤੇ ਉਸ ਦੇ ਚਿਹਰੇ ਨੂੰ ਨੀਵਾਂ ਕਰਕੇ ਚੁੰਮਣ ਲੱਗੀ। ਉਸ ਨੇ ਮੈਨੂੰ ਬਾਹਾਂ ਵਿਚ ਕੱਸ ਲਿਆ। ਮੈਨੂੰ ਆਲੇ-ਦੁਆਲੇ ਦੀ, ਸਟੇਸ਼ਨ ’ਤੇ ਫਿਰਦੇ ਲੋਕਾਂ ਦੀ ਕੋਈ ਪਰਵਾਹ ਹੀ ਨਾ ਰਹੀ। ਉਦੋਂ ਹੀ ਮੈਨੂੰ ਖ਼ਿਆਲ ਆਇਆ ਕਿ ਕਦੇ-ਕਦੇ ਮੈਂ ਤੇ ਰਵੀ ਵੀ ਇਵੇਂ ਭੀੜ ਵਿਚ ਬੇਸੁੱਧ ਹੋ ਜਾਇਆ ਕਰਦੇ ਸਾਂ। ਅਜਿਹਾ ਖ਼ਿਆਲ ਆਉਂਦੇ ਹੀ ਮੈਂ ਐਂਡੀ ਤੋਂ ਪਰਾਂਹ ਹਟ ਗਈ ਤੇ ਫੁੱਲਾਂ ਲਈ ਉਸ ਦਾ ਧੰਨਵਾਦ ਕਰਨ ਲੱਗੀ। ਉਸ ਨੇ ਜੇਬ੍ਹ ਵਿਚੋਂ ਇਕ ਕਾਰਡ ਤੇ ਇਕ ਘੜੀ ਕੱਢ ਕੇ ਮੇਰੇ ਅੱਗੇ ਕਰ ਦਿੱਤੇ। ਮੈਂ ਆਖਿਆ, ‘‘ਐਂਡੀ, ਇਹ ਕੀ?’’
‘‘ਤੇਰੇ ਜਨਮ ਦਿਨ ’ਤੇ ਮੇਰੇ ਵੱਲੋਂ ਸੱਚੇ ਪਿਆਰ ਨਾਲ।’’
‘‘ਨਹੀਂ ਐਂਡੀ, ਇਹ ਨਹੀਂ ਲੈ ਸਕਦੀ ਮੈਂ, ਤੇਰੇ ਫ਼ੁੱਲ ਈ ਬਹੁਤ ਨੇ, ਫ਼ੁੱਲ ਈ ਤੇਰੇ ਦਿਲ ਦੀ ਗੱਲ ਆਖ ਰਹੇ ਨੇ।’’
‘‘ਕੈਂਵਲ, ਫ਼ੁੱਲ ਆਪਣੀ ਥਾਂ, ਘੜੀ ਆਪਣੀ ਥਾਂ, ਨਾਲੇ ਘੜੀ ਮੈਂ ਤੇਰੇ ਬੱਝੀ ਦੇਖੀ ਨਹੀਂ ਕਦੇ।’’
‘‘ਮੈਨੂੰ ਆਦਤ ਨਹੀਂ ਘੜੀ ਬੰਨ੍ਹਣ ਦੀ।’’
‘‘ਆਦਤ ਪਾ ਲੈ ਹੁਣ,.... ਤੇਰੀਆਂ ਕਈ ਆਦਤਾਂ ਖ਼ਰਾਬ ਨੇ, ਇਨ੍ਹਾਂ ਨੂੰ ਬਦਲਣ ਦੀ ਲੋੜ ਏ।’’
ਉਹ ਮੇਰਾ ਹੱਥ ਫੜ ਕੇ ਮੇਰੇ ਘੜੀ ਬੰਨ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਮੈਂ ਘੜੀ ਉਸ ਤੋਂ ਫੜ ਕੇ ਲਾ ਲਈ। ਅਸੀਂ ਇਕੱਠੇ ਬਰੈਡਫੀਲਡ ਵੱਲ ਤੁਰਨ ਲੱਗੇ। ਮੈਂ ਆਖਿਆ, ‘‘ਐਂਡੀ, ਸਾਡੇ ਰਿਵਾਜ ਅਜਿਹੇ ਨੇ ਕਿ ਮੈਨੂੰ ਇਕ ਹੱਦ ਵਿਚ ਰਹਿਣਾ ਪੈਂਦਾ ਏ, ਨਹੀਂ ਤਾਂ ਮੈਂ ਤੈਨੂੰ...।’’
-----
ਮੈਂ ਗੱਲ ਵਿਚ ਹੀ ਕੱਟ ਲਈ। ਸੋਚਣ ਲੱਗੀ ਕਿ ਭਾਵੁਕ ਹੋ ਕੇ ਮੈਨੂੰ ਕੋਈ ਗੱਲ ਨਹੀਂ ਆਖਣੀ ਚਾਹੀਦੀ।
ਮੇਰੇ ਤੋਂ ਕੁਝ ਦਿਨ ਬਾਅਦ ਹੀ ਐਂਡੀ ਦਾ ਜਨਮ ਦਿਨ ਸੀ। ਮੇਰਾ ਮਈ ਦੇ ਅਖ਼ੀਰ ਵਿਚ ਤੇ ਉਸ ਦਾ ਜੂਨ ਦੇ ਪਹਿਲੇ ਹਫ਼ਤੇ। ਸਾਡੀ ਦੋਨਾਂ ਦੀ ਰਾਸ਼ੀ ਜੈਮਨੀ ਸੀ। ਮੈਨੂੰ ਰਾਸ਼ੀਆਂ ਵਿਚ ਯਕੀਨ ਨਹੀਂ ਸੀ ਪਰ ਐਂਡੀ ਰਾਸ਼ੀਫਲ ਪੜ੍ਹਦਾ ਰਹਿੰਦਾ। ਉਸ ਨਾਲ ਰਲ ਕੇ ਮੈਂ ਵੀ ਪੜ੍ਹਨ ਲੱਗਦੀ। ਮੈਂ ਰਵੀ ਦਾ ਰਾਸ਼ੀਫਲ ਵੀ ਜ਼ਰੂਰ ਦੇਖਦੀ। ਐਂਡੀ ਦੇ ਜਨਮ ਦਿਨ ’ਤੇ ਮੈਂ ਵੀ ਉਸ ਨੂੰ ਤੋਹਫ਼ਾ ਦਿੱਤਾ।
-----
ਹੁਣ ਅਸੀਂ ਕੰਮ ’ਤੇ ਖੁੱਲ੍ਹੇਆਮ ਇਕੱਠੇ ਫਿਰਦੇ। ਮੈਨੂੰ ਸਭ ਦਾ ਡਰ ਚੁੱਕਿਆ ਗਿਆ ਸੀ। ਮੈਨੂੰ ਪਤਾ ਸੀ ਕਿ ਲੋਕ ਮੇਰੇ ਬਾਰੇ ਗੱਲਾਂ ਕਰਨਗੇ ਤੇ ਆਪੇ ਚੁੱਪ ਕਰ ਜਾਣਗੇ। ਇਕ ਦਿਨ ਉਸ ਨੇ ਆਖਿਆ, ‘‘ਚਲ ਬਾਹਰ ਚਲੀਏ, ਰੈਸਟੋਰੈਂਟ ਵਿਚ ਖਾਣਾ ਖਾਈਏ।’’
‘‘ਨਈਂ ਐਂਡੀ ਮੈਂ ਨਹੀਂ ਜਾ ਸਕਦੀ।’’
‘‘ਕਿਉਂ?’’
‘‘ਕਿਉਂ ਕਿ,... ਮੇਰੀ ਧੀ ਕਰਕੇ।’’
‘‘ਤੇਰੀ ਮਾਂ ਨਹੀਂ ਸੰਭਾਲ ਸਕਦੀ?’’
‘‘ਨਹੀਂ ਉਸ ਦੀ ਸਿਹਤ ਠੀਕ ਨਹੀਂ ਰਹਿੰਦੀ।’’
‘‘ਅੱਜ ਨਹੀਂ ਤਾਂ ਫਿਰ ਕਿਸੇ ਦਿਨ ਸਹੀਂ, ਤੇਰੀ ਧੀ ਲਈ ਖਿਡਾਵੀ ਦਾ ਇੰਤਜ਼ਾਮ ਕਰ ਲਵਾਂਗੇ।’’
‘‘ਸੋਚਾਂਗੀ, ਮੈਂ ਵਾਅਦਾ ਨਹੀਂ ਕਰ ਸਕਦੀ।’’
-----
ਉਸ ਦੇ ਇਸ ਸੱਦੇ ਨੂੰ ਮੈਂ ਟਰਕਾ ਦਿੱਤਾ। ਅਸਲ ਵਿਚ ਮੈਂ ਤਾਂ ਹਾਲੇ ਉਸ ਨਾਲ ਬਾਹਰ ਜਾਣ ਲਈ ਤਿਆਰ ਨਹੀਂ ਸੀ। ਮੈਨੂੰ ਪਤਾ ਸੀ ਕਿ ਬਾਹਰ ਲੈ ਕੇ ਉਹ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨਾ ਚਾਹੁੰਦਾ ਸੀ। ਮੈਂ ਉਸ ਦੀਆਂ ਗੱਲਾਂ ਤੋਂ ਭਾਂਪ ਲਿਆ ਸੀ। ਮੈਂ ਆਪਣੇ ਆਪ ਨੂੰ ਸਮਝਾਉਣ ਲੱਗਦੀ ਕਿ ਰਵੀ ਨੇ ਇਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ। ਐਸਾ ਗਿਆ ਕਿ ਬੱਸ ਮੁੜ ਕੇ ਮੇਰੀ ਜਾਂ ਪਰੀ ਦੀ ਖ਼ਬਰ ਨਹੀਂ ਲਈ, ਹੁਣ ਮੈਂ ਉਸ ਬਾਰੇ ਕਿਉਂ ਸੋਚਾਂ, ਉਸ ਦੀ ਚਿੰਤਾ ਕਿਉਂ ਕਰਾਂ!
-----
ਇਕ ਦਿਨ ਮੈਂ ਕਾਂਤਾ ਨਾਲ ਆਪਣਾ ਦਿਲ ਫਰੋਲਿਆ, ‘‘ਕਾਂਤਾ, ਐਂਡੀ ਮੁਝੇ ਪ੍ਰਪੋਜ਼ ਕਰਨਾ ਚਾਹਤਾ ਹੈ। ਕਿਆ ਕਰੂੰ?’’
‘‘ਹਾਂ, ਕਰ ਦੋ।’’
‘‘ਸਮਝ ਨਹੀਂ ਚਲਤੀ ਕਿ ਗੋਰੇ ਕੇ ਸਾਥ ਮੈਰਿਜ਼ ਚਲੇਗੀ!’’
‘‘ਚਲੇਗੀ ਕਿਉਂ ਨਹੀਂ, ਗੋਰੇ ਅੱਛੇ ਹਸਬੈਂਡ ਹੋਤੇ ਹੈਂ, ਇੰਡੀਅਨ ਜੈਸੇ ਹਿਪੋਕਰੇਟ ਨਹੀਂ ਹੋਤੇ, ਘਰ ਕਾ ਕਾਮ ਵਾਈਫ਼ ਮਾਫ਼ਿਕ ਕਰਤੇ ਹੈਂ, ਟੌਲਰੈਂਸ ਜ਼ਿਆਦਾ ਹੋਤੀ ਹੈ, ਲਵ ਵੀ ਅੱਛਾ ਮੇਕ ਕਰਤੇ ਹੈਂ।’’ ਆਖ ਕੇ ਮੂੰਹ ’ਤੇ ਹੱਥ ਰੱਖ ਕੇ ਹੱਸਣ ਲੱਗੀ। ਮੈਂ ਤੌਖ਼ਲਾ ਪ੍ਰਗਟਾਇਆ, ‘‘ਪਰ ਆਪਨਾ ਕਲਚਰ ਡਿਫਰੈਂਟ ਹੈ ਨਾ।’’
‘‘ਮੇਰਾ ਭਈਆ ਬੋਲਤਾ ਹੈ ਕਿ ਟਾਈਮਜ਼ ਮੇਂ ਰਿਪੋਰਟ ਛਪਾ ਹੈ ਕਿ ਗੋਰੇ ਮਰਦ ਸ਼ਾਦੀ ਕੇ ਲੀਏ ਇੰਡੀਅਨ ਔਰਤੇਂ ਚੂਜ਼ ਕਰਤੇ ਹੈਂ ਔਰ ਇੰਡੀਅਨ ਔਰਤੇਂ ਵੀ ਗੋਰੋਂ ਕੋ ਪਸੰਦ ਕਰਤੀ ਹੈਂ।’’
-----
ਮੈਂ ਐਂਡੀ ਨਾਲ ਵਿਆਹ ਕਰਵਾਉਣ ਨੂੰ ਗੰਭੀਰਤਾ ਨਾਲ ਸੋਚਣ ਲੱਗੀ ਸੀ। ਮੰਮੀ ਦੇ ਆਖਣ ’ਤੇ ਜਦ ਵੀ ਵਿਆਹ ਬਾਰੇ ਸੋਚਦੀ ਤਾਂ ਮੇਰੇ ਸਾਹਮਣੇ ਇਹੋ ਹੁੰਦਾ ਕਿ ਬਿਗਾਨਾ ਆਦਮੀ ਪਰੀ ਲਈ ਠੀਕ ਨਹੀਂ ਰਹੇਗਾ। ਮਤਰੇਏ ਪਿਉਵਾਂ ਬਾਰੇ ਕਿੰਨੀਆਂ ਹੀ ਕਹਾਣੀਆਂ ਸੁਣਨ ਵਿਚ ਆਉਂਦੀਆਂ ਸਨ। ਭਾਵੇਂ ਮੰਮੀ ਆਖ ਦਿੰਦੀ ਕਿ ਪਰੀ ਨੂੰ ਉਹ ਸੰਭਾਲ ਲਵੇਗੀ ਪਰ ਮੈਂ ਪਰੀ ਬਿਨਾਂ ਨਹੀਂ ਸੀ ਰਹਿ ਸਕਣਾ। ਹੁਣ ਐਂਡੀ ਬਾਰੇ ਸੋਚਣ ਲੱਗੀ ਤਾਂ ਲੱਗਦਾ ਸੀ ਕਿ ਸ਼ਾਇਦ ਪਰੀ ਐਂਡੀ ਨਾਲ ਖ਼ੁਸ਼ ਰਹਿ ਸਕੇ। ਗੋਰਿਆਂ ਵਿਚ ਮਤਰੇਏ ਬਾਪ ਵਾਲੇ ਅੰਸ਼ ਘੱਟ ਹੁੰਦੇ ਹਨ। ਇਹ ਇਕ ਆਮ ਸਮਝੀ ਜਾਂਦੀ ਸੱਚਾਈ ਸੀ।
-----
ਐਂਡੀ ਨੂੰ ਲੈ ਕੇ ਮੈਂ ਬਹੁਤ ਪਰੇਸ਼ਾਨ ਰਹੀ। ਕੋਈ ਵੀ ਨਹੀਂ ਸੀ ਮੇਰਾ ਜਿਸ ਨਾਲ ਮੈਂ ਗੱਲ ਕਰ ਸਕਦੀ। ਮੰਮੀ ਨਾਲ ਇਹ ਗੱਲ ਕਰਨੀ ਇੰਨੀ ਸੌਖੀ ਨਹੀਂ ਸੀ। ਨੀਤਾ ਆਪਣੀ ਜ਼ਿੰਦਗੀ ਵਿਚ ਇੰਨੀ ਰੁੱਝ ਗਈ ਸੀ ਕਿ ਉਸ ਨੂੰ ਕਿਸੇ ਦਾ ਖ਼ਿਆਲ ਨਹੀਂ ਸੀ। ਉਹ ਆਪਣਾ ਮੁੰਡਾ ਛੱਡਣ ਮੰਮੀ ਕੋਲ ਆਇਆ ਕਰਦੀ ਪਰ ਮੇਰੇ ਨਾਲ ਮੁਲਾਕਾਤ ਨਹੀਂ ਸੀ ਹੁੰਦੀ। ਜੇ ਕਦੇ ਮਿਲਦੀ ਵੀ ਤਾਂ ਕਾਹਲੀ ਵਿਚ ਹੁੰਦੀ। ਇਸ ਵਕਤ ਕੋਈ ਨੇੜੇ ਦੀ ਸਹੇਲੀ ਵੀ ਨਹੀਂ ਸੀ। ਕਾਂਤਾ ਨਾਲ ਗੱਲ ਕੀਤੀ ਪਰ ਮੇਰੀ ਤਸੱਲੀ ਨਹੀਂ ਸੀ ਹੋਈ। ਕਦੇ ਸੋਚਦੀ ਕਿ ਮੰਮੀ ਨਾਲ ਗੱਲ ਸਾਫ਼ ਕਰ ਦੇਵਾਂ। ਕਦੇ ਇਹ ਵੀ ਡਰ ਲੱਗਦਾ ਕਿ ਮੰਮੀ-ਡੈਡੀ ਗੋਰੇ ਨਾਲ ਮੇਰੇ ਵਿਆਹ ਲਈ ਤਿਆਰ ਵੀ ਹੋਣਗੇ। ਅੰਤ ਮੈਂ ਉਸ ਨਾਲ ਬਾਹਰ ਜਾਣ ਦਾ ਫ਼ੈਸਲਾ ਕਰ ਹੀ ਲਿਆ। ਮੰਮੀ ਜਾਂ ਡੈਡੀ ਜੋ ਵੀ ਸੋਚਣਗੇ ਬਾਅਦ ਵਿਚ ਵੇਖੀ ਜਾਵੇਗੀ।
*****
ਚਲਦਾ
No comments:
Post a Comment