-----
ਸ਼ਾਹੀ ਪਰਿਵਾਰ ਦਾ ਇਹ ਚਹੇਤਾ ਸਟੋਰ ਸੀ। ਉਨ੍ਹਾਂ ਲਈ ਰਾਤ ਨੂੰ ਉਚੇਚੇ ਤੌਰ ’ਤੇ ਖੋਹਲਿਆ ਜਾਂਦਾ ਜਦ ਕਿ ਆਮ ਜਨਤਾ ਨੂੰ ਨਾ ਆਉਣ ਦਿੱਤਾ ਜਾਂਦਾ। ਇੰਨੇ ਸਾਲਾਂ ਵਿਚ ਮੈਂ ਇਥੇ ਕਦੀ ਸ਼ਾਹੀ ਪਰਿਵਾਰ ਦਾ ਕੋਈ ਜੀਅ ਨਹੀਂ ਸੀ ਦੇਖਿਆ। ਹਾਲੀਵੁੱਡ ਦੇ ਐਕਟਰ, ਸਿੰਗਰ ਜਾਂ ਹੋਰ ਨਾਮੀ ਬੰਦੇ ਅਕਸਰ ਦਿਸ ਪੈਂਦੇ। ਬੰਬਈ ਦੇ ਐਕਟਰ ਬਗੈਰਾ ਤਾਂ ਸ਼ਾਇਦ ਹੀ ਆਉਂਦੇ ਹੋਣਗੇ ਕਿਉਂਕਿ ਰੁਪਈਆਂ ਨੂੰ ਪੌਂਡਾਂ ਵਿਚ ਵਟਾਉਣਾ ਔਖਾ ਪੈਂਦਾ ਹੋਵੇਗਾ। ਫਿਰ ਮੇਰੀ ਡਿਓਟੀ ਵੀ ਕਾਊਂਟਰ ’ਤੇ ਘੱਟ ਹੀ ਲੱਗਦੀ ਜਿਥੇ ਆਮ ਪਬਲਿਕ ਨਾਲ ਵਾਹ ਪੈਂਦਾ ਸੀ। ਹੁਣ ਤਾਂ ਮੈਂ ਸੀਨੀਅਰ ਹੋ ਗਈ ਸੀ। ਪਹਿਲਾਂ ਵੀ ਐਂਡੀ ਮੈਨੂੰ ਪਰਾਈਸਿੰਗ ਰੂਮ ਵਿਚ ਭੇਜ ਛੱਡਦਾ ਸੀ। ਪਰਾਈਸਿੰਗ ਰੂਮ ਵਿਚ ਮੇਰੀ ਪਸੰਦ ਦਾ ਕੰਮ ਸੀ। ਚੀਜ਼ਾਂ ਦੀ ਕੀਮਤ ਵਾਲੇ ਲੇਬਲ ਤਿਆਰ ਕਰਨੇ ਹੁੰਦੇ। ਕੰਪਿਊਟਰ ਵਿਚ ਸਭ ਫੀਡ ਕੀਤਾ ਹੋਇਆ ਹੁੰਦਾ ਸੀ ਤੇ ਲੇਬਲ ਹੀ ਕੱਢ ਦੇਣੇ ਹੁੰਦੇ ਸਨ ਤੇ ਨਾਲ ਦੀ ਨਾਲ ‘ਬਾਰ ਕੋਡ’ ਛਪ ਜਾਂਦਾ। ਇਹ ਸਾਰਾ ਕੰਮ ਮੇਰੀ ਪਕੜ ਵਿਚ ਆ ਚੁੱਕਾ ਸੀ ਤੇ ਮੈਨੂੰ ਬਹੁਤ ਸੌਖਾ ਜਾਪਦਾ।...ਹਰ ਕੋਈ ਪਰਾਈਸਿੰਗ ਰੂਮ ਵਿਚ ਕੰਮ ਕਰਨ ਦਾ ਚਾਹਵਾਨ ਹੁੰਦਾ। ਪਬਲਿਕ ਨਾਲ ਵਾਹ ਨਾ ਪੈਣ ਕਰਕੇ ਅਤੇ ਸੁਪਰਵੀਜ਼ਨ ਘੱਟ ਹੋਣ ਕਰਕੇ ਵੀ। ਵੈਸੇ ਸਾਨੂੰ ਸਾਰੇ ਸਟੋਰ ਦੇ ਬਹੁਤੇ ਕੰਮ ਸਿਖਾਏ ਜਾਂਦੇ ਤਾਂ ਜੋ ਲੋੜ ਪੈਣ ’ਤੇ ਕਿਤੇ ਵੀ ਕੰਮ ਕੀਤਾ ਜਾ ਸਕੇ। ਲਾਰੀਆਂ-ਵੈਨਾਂ ਵਿਚੋਂ ਸਾਮਾਨ ਲਾਹੁਣ ਤੋਂ ਲੈ ਕੇ ਕੀਮਤਾਂ ਤਿਆਰ ਕਰਨ ਅਤੇ ਚੀਜ਼ਾਂ ਨੂੰ ਅਲੱਗ-ਅਲੱਗ ਕਰਨ, ਸ਼ੈਲਫ਼ਾਂ ਉਪਰ ਟਿਕਾਉਣ ਜਾਂ ਹੈਂਗਰਾਂ ਵਿਚ ਟੰਗਣ ਤਕ ਤੇ ਫੇਰ ਗਾਹਕਾਂ ਦੇ ਬੈਗਾਂ ਵਿਚ ਪਾਉਣ ਤਕ ਦਾ ਸਾਰਾ ਕੰਮ ਮੈਂ ਕਰ ਚੁੱਕੀ ਸੀ, ਜਾਂ ਮੇਰੇ ਹੱਥਾਂ ਵਿਚਦੀ ਨਿਕਲ ਚੁੱਕਾ ਸੀ।
-----
ਘਰੋਂ ਕੰਮ ’ਤੇ ਆਉਣਾ ਬਹੁਤ ਸੌਖਾ ਸੀ। ‘ਟੌਟਨਹੈਮ ਹੇਲ’ ਤੋਂ ਸਿੱਧੀ ਟਿਊਬ ਵਿਕਟੋਰੀਆ ਪਹੁੰਚਦੀ। ਸਿਰਫ਼ ਵੀਹ-ਪੰਝੀ ਮਿੰਟ ਵਿਚ ਹੀ। ਪਾਰਕ ਐਵੇਨਿਊ ਤੋਂ ਭਾਵ ਘਰੋਂ ਸਟੇਸ਼ਨ ਤਕ ਤੁਰਨ ਨੂੰ ਪੰਦਰਾਂ ਮਿੰਟ ਲੱਗ ਜਾਂਦੇ ਸਨ ਪਰ ਵਿਕਟੋਰੀਆ ਪਹੁੰਚ ਕੇ ਸਟੇਸ਼ਨ ਦੇ ਇਕਦਮ ਬਾਹਰ ਹੀ ਬਰੈਡਫੀਲਡ ਸੀ। ਹਰੇ ਰੰਗ ਦੀ ਵਿਸ਼ਾਲ ਇਮਾਰਤ ਹਰ ਇਕ ਦਾ ਧਿਆਨ ਖਿੱਚਦੀ। ਤੁਰੇ ਜਾਂਦੇ ਲੋਕ ਖ਼ਾਸ ਤੌਰ ’ਤੇ ਸੈਲਾਨੀ ਇਕ ਦੂਜੇ ਨੂੰ ਦੱਸਦੇ ਹੋਏ ਇਮਾਰਤ ਵੱਲ ਇਸ਼ਾਰੇ ਕਰਦੇ ਕਿ ਇਹੋ ਹੈ ਬਰੈਡਫੀਲਡ। ਮੈਂ ਘਰੋਂ ਸਵਾ ਕੁ ਸਤ ਵਜੇ ਤੁਰਦੀ ਤਾਂ ਅਰਾਮ ਨਾਲ ਅੱਠ ਵਜੇ ਕੰਮ ’ਤੇ ਪਹੁੰਚ ਕੇ ‘ਸਾਈਨ’ ਕਰ ਦਿੰਦੀ। ਮੀਂਹ ਪੈ ਰਿਹਾ ਹੁੰਦਾ ਤਾਂ ਸਟੇਸ਼ਨ ਤਕ ਕਾਰ ਲੈ ਆਉਂਦੀ। ਮੇਰੀ ਸ਼ਿਫਟ ਦਸ ਵਜੇ ਸਵੇਰੇ ਤੋਂ ਛੇ ਵਜੇ ਸ਼ਾਮ ਤਕ ਸੀ ਤੇ ਨਾਲ ਲੱਗਦਾ ਸਵੇਰੇ ਦੋ ਘੰਟੇ ਓਵਰਟਾਈਮ ਮਿਲ ਜਾਂਦਾ। ਇਸ ਤਰ੍ਹਾਂ ਮੇਰੀ ਪੂਰੀ ਸ਼ਿਫ਼ਟ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤਕ ਬਣ ਜਾਂਦੀ। ਸਵੇਰੇ ਘਰੋਂ ਤੁਰਦੀ ਤਾਂ ਪਰੀ ਹਾਲੇ ਸੁੱਤੀ ਪਈ ਹੁੰਦੀ। ਕਦੇ-ਕਦੇ ਅਜਿਹੀ ਜੱਫ਼ੀ ਪਾਉਂਦੀ ਕਿ ਉਠਣ ਨਾ ਦਿੰਦੀ। ਉਸ ਨੂੰ ਮੰਮੀ ਹੀ ਤਿਆਰ ਕਰਦੀ ਤੇ ਸਕੂਲ ਛੱਡ ਕੇ ਆਉਂਦੀ। ਭਾਵੇਂ ਹੁਣ ਪਰੀ ਆਪ ਤਿਆਰ ਹੋਣ ਜੋਗੀ ਸੀ ਪਰ ਮੰਮੀ ਨੇ ਜ਼ਰਾ ਜ਼ਿਆਦਾ ਹੀ ਲਾਡਲੀ ਰੱਖੀ ਹੋਈ ਸੀ। ਮੈਨੂੰ ਮੰਮੀ ’ਤੇ ਬਹੁਤ ਤਰਸ ਆਉਂਦਾ। ਪਹਿਲਾਂ ਉਸ ਨੇ ਸਾਨੂੰ ਪਾਲ਼ਿਆ ਤੇ ਹੁਣ ਸਾਡੇ ਬੱਚੇ ਪੀ ਪਾਲ਼ ਰਹੀ ਸੀ। ਨੀਤਾ ਵੀ ਆਪਣੇ ਮੁੰਡੇ ਨੂੰ ਮੰਮੀ ਕੋਲ ਹੀ ਛੱਡ ਕੇ ਜਾਣ ਲੱਗ ਪਈ ਸੀ।
ਉਸ ਦਿਨ ਕੰਮ ਕੁਝ ਘੱਟ ਸੀ। ਮੀਂਹ ਪੈਂਦੇ ਰਹਿਣ ਕਾਰਨ ਬਰੈਡਫੀਲਡ ਗਾਹਕਾਂ ਤੋਂ ਸਖਣਾ ਸੀ। ਜਦ ਸੇਲ ਖ਼ਤਮ ਹੁੰਦੀ ਤਾਂ ਇਵੇਂ ਹੀ ਹੁੰਦਾ। ਪਰਾਈਸਿੰਗ ਰੂਮ ਵਿਚ ਮੈਂ ਇਕੱਲੀ ਬੈਠੀ ਸੀ। ਐਂਡੀ ਦੀ ਲਿਆਂਦੀ ਅਖ਼ਬਾਰ ਦੇ ਸਫ਼ੇ ਫਰੋਲ ਰਹੀ ਸੀ। ਰਵੀ ਵਾਂਗ ਐਂਡੀ ਵੀ ਵੱਡੀ ਅਖ਼ਬਾਰ ਖਰੀਦਦਾ ਜਿਸ ਵਿਚ ਢੰਗ ਦੀ ਨਾ ਕੋਈ ਤਸਵੀਰ ਹੁੰਦੀ ਤੇ ਨਾ ਹੀ ਕੋਈ ਚਟਪਟੀ ਖ਼ਬਰ। ਐਂਡੀ ਅੰਦਰ ਆਇਆ ਤੇ ਆਪਣਾ ਪ੍ਯੈੱਨ ਜੇਬ ਵਿਚ ਪਾਉਂਦਾ ਹੋਇਆ ਪੁੱਛਣ ਲੱਗਾ, ‘‘ਟੀ ਬ੍ਰੇਕ ਵਿਚ ਕੰਟੀਨ ਆਉਣਾ ਏਂ?’’
‘‘ਮੈਂ ਦੇਖਾਂਗੀ।’’
‘‘ਤੇਰੀ ਚਾਹ ਲੈ ਰੱਖਾਂ?’’
‘‘ਨਹੀਂ, ਮੇਰਾ ਹਾਲੇ ਪਤਾ ਨਹੀਂ।’’
ਮੈਂ ਐਂਡੀ ਨਾਲ ਹਰ ਬ੍ਰੇਕ ਵਿਚ ਜਾਣੋਂ ਝਿਜਕਦੀ ਸੀ। ਉਹ ਮੈਨੂੰ ਅੱਖ ਜਿਹੀ ਮਾਰ ਕੇ ਬਾਹਰ ਨਿਕਲ ਗਿਆ। ਉਹ ਗਿਆ ਤੇ ਚੰਦਾ ਆ ਗਈ। ਉਹ ਮੇਰੇ ਨਾਲ ਵਾਲੇ ਕੰਪਿਊਟਰ ’ਤੇ ਕੰਮ ਕਰਿਆ ਕਰਦੀ। ਅੰਦਰ ਆਉਂਦੀ ਹੀ ਬੋਲੀ, ‘‘ਆਜ ਤੋ ਸਾਲਾ ਕੋਈ ਕਾਮ ਨਹੀਂ, ਬੋਰ ਹੋ ਗਏ, ਵੈਦਰ ਸਾਲਾ ਖ਼ਰਾਬ ਹੈ।’’
-----
ਚੰਦਾ ਆਪਣੀ ਸੀਟ ’ਤੇ ਬੈਠ ਕੇ ਕੰਪਿਊਟਰ ਦੇ ਪੇਜ਼ ਖੋਲ੍ਹਣ ਲੱਗੀ। ਉਹ ਸਦਾ ਹੀ ਕੁਝ ਨਵਾਂ ਲੱਭਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਇੰਨੇ ਵਿਚ ਕੁਲਵਿੰਦਰ, ਸ਼ਮੀਸ ਤੇ ਰਜਨੀ ਵੀ ਆ ਗਈਆਂ। ਉਹ ਚੰਦਾ ਕੋਲ ਆਈਆਂ ਸਨ। ਮੇਰੇ ਨਾਲ ਉਨ੍ਹਾਂ ਦੀ ਐਡੀ ਗੱਲ ਨਹੀਂ ਸੀ। ਮੈਨੂੰ ਹੈਲੋ ਕਹਿ ਕੇ ਚੰਦਾ ਨਾਲ ਗੱਲਾਂ ਕਰਨ ਲੱਗੀਆਂ। ਚੰਦਾ ਸਕਰੀਨ ਪੜ੍ਹਦੀ ਹੈਰਾਨ ਹੁੰਦੀ ਬੋਲੀ, ‘‘ਈਧਰ ਆਓ, ਦੇਖੋ, ਇਟਸ ਸਟਰੇਂਜ਼!’’
‘‘ਕਿਆ ਹੂਆ?’’
‘‘ਯੇ ਦੇਖੋ ਕਿਚਨ ਟਾਵਲ, ਬੰਗਲਾ ਦੇਸ਼ ਸੇ ਆਤਾ ਹੈ, ਇਸ ਦੀ ਕੀਮਤ ਦਸ ਪੈਨੀ ਹੈ, ਔਰ ਯੇ ਲੋਗ ਦਸ ਪੌਂਡ ਮੇਂ ਵੇਚਤਾ ਹੈ,....ਯੇ ਮੁਹੰਮਦ ਨੂਨ ਬਹੁਤ ਪਰੌਫਟ ਬਨਾਤਾ ਹੈ।’’
ਉਹ ਸਾਰੀਆਂ ਹੱਸਣ ਲੱਗੀਆਂ। ਮੈਨੂੰ ਇਸ ਵਿਚ ਹਾਸੇ ਵਾਲੀ ਕੋਈ ਗੱਲ ਨਾ ਜਾਪੀ, ਮੈਂ ਚੁੱਪ ਰਹੀ। ਮੈਂ ਉਨ੍ਹਾਂ ਨਾਲ ਸੀਮਤ ਜਿਹਾ ਵਾਹ ਰੱਖਣਾ ਚਾਹੁੰਦੀ ਹੁੰਦੀ। ਮੈਨੂੰ ਪਤਾ ਸੀ ਕਿ ਉਹ ਮੈਨੂੰ ਪਸੰਦ ਨਹੀਂ ਕਰਦੀਆਂ। ਜੇ ਮੈਂ ਉਨ੍ਹਾਂ ਨਾਲ ਜ਼ਿਆਦਾ ਖੁੱਲ੍ਹਦੀ ਤਾਂ ਉਨ੍ਹਾਂ ਨੇ ਐਂਡੀ ਨੂੰ ਲੈ ਕੇ ਮੈਨੂੰ ਕੋਈ ਮਜ਼ਾਕ ਕਰ ਬੈਠਣਾ ਸੀ ਜੋ ਕਿ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੋਣਾ। ਉਨ੍ਹਾਂ ਚੰਦਾ ਨੂੰ ਕੰਟੀਨ ਚਲਣ ਲਈ ਕਿਹਾ ਤੇ ਚੰਦਾ ਨੇ ਮੈਨੂੰ ਸੁਲਾਹ ਮਾਰੀ। ਮੈਂ ਵੀ ਉਠ ਕੇ ਉਨ੍ਹਾਂ ਨਾਲ ਤੁਰ ਪਈ। ਮੈਂ ਸੋਚਿਆ ਕਿ ਚਾਹ ਦਾ ਕੱਪ ਪੀ ਆਉਂਦੀ ਹਾਂ। ਇਥੇ ਬੈਠ ਕੇ ਵੀ ਕੀ ਕਰਨਾ ਸੀ।
------
ਅਸੀਂ ਚਾਹ ਲਈ ਲਾਈਨ ਵਿਚ ਖੜ੍ਹੀਆਂ ਸਾਂ। ਕੁਝ ਮੇਜ਼ ਛੱਡ ਕੇ ਐਂਡੀ ਆਪਣੇ ਦੋਸਤਾਂ ਨਾਲ ਬੈਠਾ ਸੀ। ਸ਼ਮੀਸ ਨੇ ਮੇਰੇ ਵੱਲ ਦੇਖ ਕੇ ਕੁਲਵਿੰਦਰ ਨੂੰ ਕਿਹਾ, ‘‘ਅੱਜ ਤਾਂ ਐਂਡੀ ਨੇ ਲਾਲ ਰੰਗ ਦੀ ਸ਼ਰਟ ਪਾਈ ਹੋਈ ਏ, ਡਾਹਢੀ ਫੱਬਦੀ ਪਈ ਸੂ!’’
‘‘ਵਾਲ਼ ਵੀ ਤਾਂ ਬਲਾਈ ਵਧੀਆ ਵਾਹੇ ਨੇ!’’
‘‘ਇਹ ਗੋਰਾ ਹੈ ਜੇਮਜ਼ ਬਾਂਡ ਹੀਰੋ!’’
ਉਹ ਮੈਨੂੰ ਸੁਣਾ-ਸੁਣਾ ਕੇ ਗੱਲਾਂ ਕਰ ਰਹੀਆਂ ਸਨ। ਮੈਨੂੰ ਗੁੱਸਾ ਆ ਰਿਹਾ ਸੀ। ਮੈਂ ਆਪਣੀ ਚਾਹ ਲੈ ਕੇ ਇਕ ਪਾਸੇ ਨੂੰ ਤੁਰ ਗਈ। ਮੈਨੂੰ ਪਤਾ ਸੀ ਕਿ ਜੇ ਇਨ੍ਹਾਂ ਕੋਲ ਬੈਠੀ ਤਾਂ ਝਗੜਾ ਕਰ ਬੈਠਾਂਗੀ। ਮੈਂ ਇਕ ਵਾਰ ਇਧਰ ਉਧਰ ਨਜ਼ਰ ਦੁੜਾਈ ਪਰ ਕਾਂਤਾ ਕਿਧਰੇ ਨਾ ਦਿੱਸੀ।
-----
ਐਂਡੀ ਨਾਲ ਮੇਰੀ ਨੇੜਤਾ ਨੂੰ ਲੈ ਕੇ ਬਰੈਡਫੀਲਡ ਵਿਚ ਦੰਦ-ਕਥਾ ਤੁਰ ਪਈ ਸੀ। ਐਂਡੀ ਬਹਾਨਾ ਲੱਭ ਕੇ ਮੇਰੇ ਨਾਲ ਗੱਲਾਂ ਕਰਨ ਡਹਿ ਪੈਂਦਾ। ਉਸ ਦੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ। ਮੈਨੂੰ ਉਹ ਪਸੰਦ ਵੀ ਸੀ। ਪਰਾਈਸਿੰਗ ਰੂਮ ਵਿਚ ਮੇਰਾ ਸੁਪਰਵਾਈਜ਼ਰ ਸੀ। ਭਾਵੇਂ ਕੰਮ ਕਰਵਾਉਣ ਵਿਚ ਉਹ ਕੁਝ ਸਖ਼ਤ ਸੀ ਪਰ ਗੱਲ ਇਵੇਂ ਕਰਦਾ ਕਿ ਕਿਸੇ ਨੂੰ ਚੁੱਭਦੀ ਨਾ। ਜਦ ਵੀ ਉਸ ਨੂੰ ਵਕਤ ਮਿਲਦਾ ਮੇਰੇ ਤੋਂ ਭਾਰਤੀ ਕਲਚਰ ਬਾਰੇ ਸਵਾਲ ਪੁੱਛਣ ਲੱਗਦਾ। ਕਈ ਗੱਲਾਂ ਦਾ ਤਾਂ ਮੈਨੂੰ ਵੀ ਪਤਾ ਨਾ ਹੁੰਦਾ ਪਰ ਉਸ ਦੀ ਤਸੱਲੀ ਹੋ ਜਾਂਦੀ।
------
ਮੇਰੇ ਨਾਲ ਗੱਲ ਕਰਦਾ ਤਾਂ ਸਿੱਧਾ ਮੇਰੀਆਂ ਅੱਖਾਂ ਵਿਚ ਝਾਕ ਕੇ ਕਰਦਾ। ਉਸ ਦੀਆਂ ਨੀਲੀਆਂ ਅੱਖਾਂ ਮੈਨੂੰ ਨਿਰਛੱਲ ਲੱਗਦੀਆਂ। ਕਿਸੇ ਦੇਸੀ ਆਦਮੀ ਨੇ ਹੈਲੋ ਕਹਿਣਾ ਹੋਵੇ ਤਾਂ ਉਹ ਕਈ ਮਕਸਦ ਲੈ ਕੇ ਕਹਿੰਦਾ। ਕਿਸੇ ਨਾਲ ਗੱਲ ਕਰ ਲਓ ਤਾਂ ਉਸਦੇ ਕਈ ਅਰਥ ਕੱਢ ਲੈਂਦੇ। ਦੇਸੀ ਬੰਦੇ ਨਾਲ ਮਜ਼ਾਕ ਕਰਨਾ ਮੁਸੀਬਤ ਸਹੇੜਨ ਵਾਲੀ ਗੱਲ ਹੁੰਦੀ ਜਦ ਕਿ ਗੋਰੇ ਕਿਸੇ ਗੱਲ ਬਾਰੇ ਗੰਭੀਰ ਨਹੀਂ ਸਨ ਹੁੰਦੇ। ਐਂਡੀ ਜਦੋਂ ਮੇਰੇ ਨਾਲ ਬਹੁਤੀਆਂ ਗੱਲਾਂ ਕਰਦਾ, ਮੇਰੇ ਵਿਚ ਦਿਲਚਸਪੀ ਲੈਂਦਾ ਤਾਂ ਇਸ ਦਾ ਮਤਲਬ ਕਿ ਉਹ ਮੇਰੇ ਬਾਰੇ ਸੋਚਦਾ ਰਹਿੰਦਾ ਸੀ। ਇਕ ਦਿਨ ਉਸ ਨੇ ਕਿਹਾ, ‘‘ਕੈਂਵਲ, ਤੂੰ ਮੈਨੂੰ ਬਹੁਤ ਸੁਹਣੀ ਲੱਗਦੀ ਏਂ।’’
‘‘ਧੰਨਵਾਦ!’’
‘‘ਇਹ ਧੰਨਵਾਦ ਵਾਲੀ ਸੁਹਣੀ ਨਹੀਂ, ਹੋਰ ਤਰ੍ਹਾਂ ਦੀ ਏਂ, ਦਿਲ ਨੂੰ ਚੰਗੀ ਲੱਗਦੀ ਏਂ।’’
‘‘ਮਜ਼ਾਕ ਨਾ ਕਰ ਐਂਡੀ, ਮੈਨੂੰ ਮਜ਼ਾਕ ਪਸੰਦ ਨਹੀਂ।’’
‘‘ਮੈਂ ਮਜ਼ਾਕ ਨਹੀਂ ਕਰ ਰਿਹਾ। ਜਦ ਤੋਂ ਮੈਂ ਆਪਣੀ ਗਰਲ ਫਰੈਂਡ ਤੋਂ ਅਲੱਗ ਹੋਇਆਂ ਮੇਰੀ ਔਰਤਾਂ ਵਿਚ ਦਿਲਚਸਪੀ ਖ਼ਤਮ ਹੋ ਗਈ ਸੀ, ਤੈਨੂੰ ਦੇਖ ਕੇ ਲੱਗਦਾ ਏ ਕਿ ਔਰਤ ਹਾਲੇ ਵੀ ਖ਼ੂਬਸੂਰਤ ਚੀਜ਼ ਏ। ਮੈਂ ਤੇਰੇ ਸੁਫ਼ਨੇ ਦੇਖਣ ਲੱਗਾਂ ਵਾਂ।’’
‘‘ਐਂਡੀ, ਤੂੰ ਇੰਡੀਅਨ ਫ਼ਿਲਮਾਂ ਤਾਂ ਨਹੀਂ ਦੇਖਦਾ, ਇੰਡੀਅਨ ਫ਼ਿਲਮਾਂ ਵਿਚ ਅਜਿਹੇ ਡਾਇਲਾਗ ਹੁੰਦੇ ਨੇ।’’
‘‘ਨਹੀਂ ਕੈਂਵਲ, ਮੈਂ ਤੈਨੂੰ ਪਿਆਰ ਕਰਨ ਲੱਗਿਆਂ। ਦਿਲ ਦੀ ਡੂੰਘਾਈ ਵਿਚੋਂ।’’
-----
ਇਹ ਗੱਲ ਸਾਰੇ ਹੀ ਮਰਦ ਸਹਿਜੇ ਕਹਿ ਜਾਂਦੇ ਹਨ ਪਰ ਮੈਨੂੰ ਪਤਾ ਸੀ ਕਿ ਐਂਡੀ ਆਮ ਮਰਦਾਂ ਵਿਚੋਂ ਨਹੀਂ ਸੀ। ਮੈਂ ਐਂਡੀ ਨੂੰ ਟਾਲ ਦਿੱਤਾ। ਮੈਂ ਸੋਚ ਰਹੀ ਸੀ ਕਿ ਜੇ ਦੇਸੀ ਲੋਕਾਂ ਨੂੰ ਪਤਾ ਲੱਗੇ ਤਾਂ ਉਹ ਕੀ ਕਹਿਣਗੇ ਪਰ ਫਿਰ ਸੋਚਣ ਲੱਗੀ ਕਿ ਸਾਰੇ ਬਰੈਡਫੀਲਡ ਵਿਚ ਤਾਂ ਰੌਲਾ ਪੈ ਚੁੱਕਾ ਹੋਵੇਗਾ। ਸਾਨੂੰ ਇਕੱਠਿਆਂ ਨੂੰ ਕੰਟੀਨ ਜਾਂਦਿਆਂ ਜਾਂ ਇਧਰ-ਉਧਰ ਘੁੰਮਦਿਆਂ ਦੇਖ ਕੇ ਲੋਕਾਂ ਨੇ ਗੱਲਾਂ ਬਣਾਉਣੀਆਂ ਤਾਂ ਸ਼ੁਰੂ ਹੀ ਕਰ ਦਿੱਤੀਆਂ ਹੋਈਆਂ ਸਨ। ਕੁਝ ਕੁ ਕਾਂਤਾ ਰਾਹੀਂ ਮੇਰੇ ਕੋਲ ਪੁੱਜ ਜਾਂਦੀਆਂ।
-----
ਮੈਂ ਐਂਡੀ ਬਾਰੇ ਸੋਚਦੀ ਤਾਂ ਉਹ ਮੈਨੂੰ ਬਹੁਤ ਚੰਗਾ ਲੱਗਦਾ। ਉਸ ਨੂੰ ਸਾਰੇ ਹੀ ਕਹਿੰਦੇ ਸਨ ਕਿ ਜੇਮਜ਼ ਬਾਂਡ ਵਾਂਗ ਤੁਰਦਾ ਸੀ। ਜ਼ਰਾ ਹੋਰ ਧਿਆਨ ਐਂਡੀ ਵੱਲ ਦਿੰਦੀ ਤਾਂ ਕਿਧਰੇ ਕੋਈ ਘਾਟ ਜਾਪਦੀ। ਉਹ ਰਵੀ ਦੇ ਮੁਕਾਬਲੇ ਨਹੀਂ ਸੀ ਖੜਦਾ। ਰਵੀ ਦੇ ਸਢੌਲ ਮੋਢੇ ਤੇ ਮਜ਼ਬੂਤ ਬਾਹਾਂ ਇਵੇਂ ਸਨ ਕਿ ਤੁਸੀਂ ਇਨ੍ਹਾਂ ਦੀ ਜਕੜ ਵਿਚ ਇਕ ਵਾਰ ਆ ਜਾਓ ਮੁੜ ਕੇ ਛੁੱਟੋਗੇ ਨਹੀਂ ਪਰ ਰਵੀ ਤਾਂ ਮੈਨੂੰ ਛੱਡ ਕੇ ਕਦੋਂ ਦਾ ਜਾ ਚੁੱਕਾ ਸੀ।
ਐਂਡੀ ਅਗਲੇ ਦਿਨ ਕਹਿਣ ਲੱਗਾ, ‘‘ਤੇਰਾ ਜਨਮ ਦਿਨ ਮਈ ਵਿਚ ਏ ਨਾ?’’
‘‘ਤੈਨੂੰ ਕਿਵੇਂ ਪਤਾ?’’
‘‘ਮੈਂ ਤੇਰਾ ਰਿਕਾਰਡ ਦੇਖ ਕੇ ਆਇਆਂ, ਤੂੰ ਇਕੱਲੀ ਏਂ? ਤਲਾਕਸ਼ੁਦਾ।’’
‘‘ਤਾਂ ਕੀ ਹੋਇਆ?’’
‘‘ਤੂੰ ਇਕੱਲੀ ਏਂ, ਤੇਰੀ ਜ਼ਿੰਦਗੀ ਵਿਚ ਕੋਈ ਹੋਰ ਮਰਦ ਨਹੀਂ ਤਾਂ ਮੈਨੂੰ ਕਿਉਂ ਅਣਗੌਲ ਰਹੀ ਏਂ?’’
‘‘ਤੈਨੂੰ ਸਾਡੇ ਸਮਾਜ ਦਾ ਨਹੀਂ ਪਤਾ, ਸਾਡੇ ਸਮਾਜ ਵਿਚ ਇਹ ਸੰਭਵ ਨਹੀਂ।’’
‘‘ਕੀ ਸੰਭਵ ਨਹੀਂ?’’
‘‘ਦੇਖ ਐਂਡੀ, ਇਥੇ ਆਪਾਂ ਕੰਮ ਕਰਦੇ ਆਂ, ਬੱਸ ਕੰਮ ਹੀ ਕਰੀਏ। ਜੇ ਇੰਡੀਅਨ ਲੋਕਾਂ ਨੂੰ ਪਤਾ ਚੱਲਿਆ ਤਾਂ ਮੇਰਾ ਮਜ਼ਾਕ ਉਡਾਇਆ ਜਾਵੇਗਾ।’’
‘‘ਏਹਦੇ ਵਿਚ ਮਜ਼ਾਕ ਉਡਾਉਣ ਦੀ ਕਿਹੜੀ ਗੱਲ ਏ। ਗੱਲ ਤਾਂ ਸਿਰਫ਼ ਏਨੀ ਏ ਕਿ ਮੈਂ ਤੈਨੂੰ ਪਸੰਦ ਕਰਦਾਂ, ਸੰਬੰਧ ਵਧਾਉਣੇ ਚਾਹੁੰਨਾ ਤੇ ਹੋ ਸਕਦਾ ਏ ਤੇਰੇ ਨਾਲ ਵਿਆਹ ਵੀ ਕਰਾ ਲਵਾਂ।’’
‘‘ਪਰ ਐਂਡੀ ਮੈਂ ਤੇਰੇ ਨਾਲ ਸੰਬੰਧ ਨਹੀਂ ਵਧਾਉਣੇ ਚਾਹੁੰਦੀ।’’
‘‘ਕਿਉਂ? ਕਿਉਂਕਿ ਮੇਰਾ ਰੰਗ ਗੋਰਾ ਏ! ਤੂੰ ਆਪਣੇ ਰੰਗ ਨਾਲ ਜੁੜੇ ਰਹਿਣਾ ਚਾਹੁੰਦੀ ਏਂ।’’
‘‘ਨਹੀਂ ਐਂਡੀ ਇਹ ਗੱਲ ਨਹੀਂ, ਇਹ ਗੱਲ ਨਹੀਂ।’’
‘‘ਹੋਰ ਕੀ ਗੱਲ ਏ?’’
‘‘ਬੱਸ ਐਂਡੀ, ਤੂੰ ਮੈਨੂੰ ਇਕੱਲੀ ਛੱਡ ਦੇ ਤੇ ਜਾਹ।’’
ਮੈਂ ਰੋਣਹਾਕੀ ਹੋ ਗਈ। ਉਹ ਮੇਰੇ ਕੋਲੋਂ ਤੁਰ ਪਿਆ। ਪਿੱਛੇ ਮੁੜਦਾ ਫਿਰ ਕਹਿਣ ਲੱਗਾ, ‘‘ਕੈਂਵਲ, ਚੇਤੇ ਰੱਖ, ਮੈਂ ਤੈਨੂੰ ਬਹੁਤ ਪਿਆਰ ਕਰਦਾਂ।’’
-----
ਉਸ ਨੇ ਪੂਰੇ ਹੱਕ ਨਾਲ ਕਿਹਾ ਤੇ ਮੈਂ ਸੋਚਾਂ ਵਿਚ ਪੈ ਗਈ। ਸੋਚਾਂ ਵਿਚ ਹੀ ਨਹੀਂ ਪਈ ਬਲਕਿ ਉਖੜ ਗਈ। ਮੇਰਾ ਕੰਮ ਵਿਚ ਜੀਅ ਨਾ ਲੱਗਿਆ। ਘਰ ਜਾ ਕੇ ਵੀ ਮਨ ਵਿਚ ਖੋਹ ਜਿਹੀ ਪੈਂਦੀ ਰਹੀ। ਰੋਟੀ ਖਾਣ ਨੂੰ ਵੀ ਮਨ ਨਹੀਂ ਸੀ ਕਰ ਰਿਹਾ। ਮੰਮੀ ਨੇ ਮੇਰੇ ਵੱਲ ਧਿਆਨ ਨਾਲ ਦੇਖਿਆ ਤੇ ਦੇਖਦੀ ਹੀ ਰਹੀ। ਕਦੇ-ਕਦੇ ਉਹ ਇਵੇਂ ਹੀ ਕਰਦੀ। ਉਸ ਨੂੰ ਮੇਰੇ ਅੰਦਰ ਹੁੰਦੀ ਹਲਚਲ ਦਾ ਪਤਾ ਲੱਗ ਜਾਂਦਾ ਸੀ। ਮਾਂ ਜਿਉਂ ਸੀ। ਕਦੇ ਚੁੱਪ ਰਹਿੰਦੀ। ਕਦੇ ਸਲਾਹਾਂ ਵੀ ਦੇਣ ਲੱਗਦੀ ਤੇ ਕਦੇ-ਕਦੇ ਤਾਂ ਭੂਆ ਗੁਲਾਬਾਂ ਤੇ ਵੱਡੀ ਭੂਆ ਚੰਨੋ ਨੂੰ ਗਾਲ਼੍ਹਾਂ ਦੇਣ ਲੱਗਦੀ।
-----
ਮੈਂ ਜਲਦੀ ਹੀ ਬੈੱਡਰੂਮ ਵਿਚ ਚਲੇ ਗਈ। ਪਰੀ ਨਾਲ ਬਹੁਤੀਆਂ ਗੱਲਾਂ ਵੀ ਨਾ ਕਰ ਸਕੀ। ਉਹ ਸੌਂ ਗਈ। ਕੱਪੜੇ ਬਦਲਦੀ ਮੈਂ ਸ਼ੀਸ਼ੇ ਅੱਗੇ ਆ ਖੜੀ। ਮੈਨੂੰ ਆਪਣੇ ਆਪ ਨਾਲ ਪਿਆਰ ਜਾਗ ਪਿਆ। ਮੈਨੂੰ ਆਪਾ ਤਾਂ ਹਮੇਸ਼ਾਂ ਹੀ ਬਹੁਤ ਪਿਆਰਾ ਲੱਗਦਾ ਸੀ। ਮੇਰੇ ਚਿਹਰੇ ਦੀ ਚਮੜੀ ਹਾਲੇ ਪੂਰੀ ਕਸਵੀਂ ਸੀ। ਚਿਹਰੇ ਦੀ ਚਮੜੀ ਤਾਂ ਭੂਆ ਗੁਲਾਬਾਂ ਦੀ ਵੀ ਕਸਵੀਂ ਸੀ। ਭੂਆ ਆਖਿਆ ਕਰਦੀ- ‘‘ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਮੈਂ ਬੁੱਢੀ ਨਈਂ ਹੋਣਾ।’’ ਮੰਮੀ ਆਖਦੀ ਕਿ ਮੈਂ ਭੂਆ ’ਤੇ ਗਈ ਸਾਂ। ਮੰਮੀ ਕੀ, ਸਾਰੇ ਹੀ ਕਹਿੰਦੇ ਪਰ ਮੰਮੀ ਗੁੱਸੇ ਵਿਚ ਆਖਿਆ ਕਰਦੀ। ਮੈਨੂੰ ਆਪਣਾ ਪਤਾ ਸੀ ਕਿ ਮੇਰੇ ਵਿਚ ਮਰਦਾਂ ਲਈ ਖ਼ਾਸ ਖਿੱਚ ਸੀ। ਰਵੀ ਤਾਂ ਸਦਾ ਹੀ ਆਖਦਾ ਸੀ ਤੇ ਹੁਣ ਐਂਡੀ ਵੀ। ਹੋਰ ਮਰਦ ਵੀ ਆਵਾਜ਼ਾਂ ਕਸਦੇ ਰਹਿੰਦੇ। ਮੈਂ ਕਦੇ ਪ੍ਰਵਾਹ ਨਹੀਂ ਸੀ ਕੀਤੀ ਤੇ ਨਾ ਹੀ ਮਨ ਵਿਚ ਵਾਧੂ ਘੁਮੰਡ ਆਇਆ ਸੀ। ਪਿਛਲੇ ਕਾਫੀ ਚਿਰਾਂ ਤੋਂ ਤਾਂ ਮੇਰੇ ਅੰਦਰ ਦਾ ਇਕ ਹਿੱਸਾ ਸੁੱਤਾ ਹੀ ਪਿਆ ਸੀ। ਅੱਜ ਐਂਡੀ ਨੇ ਇਸ ਹਿੱਸੇ ਵਿਚ ਮੁੜ ਹਿਲਜੁਲ ਭਰ ਦਿੱਤੀ ਸੀ। ਪਤਲੀ ਨਾਈਟੀ ਵਿਚਦੀ ਦਿੱਸਦਾ ਮੇਰਾ ਜਿਸਮ ਮੈਨੂੰ ਬਹੁਤ ਪਿਆਰਾ ਲੱਗ ਰਿਹਾ ਸੀ। ਰਵੀ ਆਖਿਆ ਕਰਦਾ ਕਿ ਮੂਹਰੇ ਇਹ ਦੋ ਇੱਟਾਂ ਬੰਨੀ ਫਿਰਦੀ ਹਾਂ। ਮੁਸ਼ਕਿਲ ਨਾਲ ਨੀਂਦ ਆਈ। ਸਵੇਰੇ ਜਾਗ ਖੁੱਲ੍ਹੀ ਤਾਂ ਰਵੀ ਦਾ ਸੁਫ਼ਨਾ ਆ ਰਿਹਾ ਸੀ। ਬਹੁਤ ਲੰਮਾ ਸੁਫ਼ਨਾ ਸੀ। ਥਾਂ-ਥਾਂ ਘੁੰਮਦੇ ਅਸੀਂ ਹੌਰਸ ਸ਼ੂਅ ਹਿੱਲ ’ਤੇ ਆ ਪਏ ਸਾਂ। ਸਵਾਦਲੇ ਜਿਹੇ ਹੁਝਕੇ ਨਾਲ ਜਾਗ ਖੁੱਲ੍ਹ ਗਈ। ਉੱਠ ਕੇ ਮੈਂ ਪਾਣੀ ਪੀਤਾ। ਮੁੜ ਕੇ ਨੀਂਦ ਨਾ ਆਈ। ਰਵੀ ਨੂੰ ਕੋਸਣ ਲੱਗੀ ਜਿਸ ਨੇ ਮੁੜ ਕੇ ਪਿੱਛੇ ਨਹੀਂ ਵੇਖਿਆ।
*****
ਚਲਦਾ
No comments:
Post a Comment