ਕੋਰਟ ਵਾਲੀ ਘਟਨਾ ਨੇ ਮੈਨੂੰ ਬਹੁਤ ਗ਼ੁੱਸਾ ਦਵਾਇਆ। ਇੰਨਾ ਗ਼ੁੱਸਾ ਕਿ ਮੈਂ ਰਾਤ ਨੂੰ ਸੌਂ ਨਾ ਸਕੀ। ਘਰ ਵਿਚ ਵੀ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਦਾ। ਪਰੀ ਦੇ ਨੈਣ ਨਕਸ਼ ਰਵੀ ਵਰਗੇ ਸਨ। ਜਦ ਉਹ ਰੋਂਦੀ ਤਾਂ ਮੈਨੂੰ ਚੰਗਾ-ਚੰਗਾ ਲੱਗਦਾ ਪਰ ਜਲਦੀ ਹੀ ਚੁੱਕ ਕੇ ਉਸ ਨੂੰ ਗਲ਼ ਨਾਲ ਘੁੱਟ ਲੈਂਦੀ। ਡੈਡੀ ਵੀ ਰਵੀ ਤੋਂ ਹੁਣ ਬਹੁਤੇ ਦੁਖੀ ਸਨ। ਉਸ ਨਾਲ ਇੰਨੀ ਨਫ਼ਰਤ ਕਰਦੇ ਕਿ ਉਸ ਦਾ ਘਰ ਵਿਚ ਜ਼ਿਕਰ ਤਕ ਨਾ ਹੋਣ ਦਿੰਦੇ। ਰਵੀ ਨਾਲ ਹਾਲੇ ਵੀ ਕਿਸੇ ਨੂੰ ਹਮਦਰਦੀ ਸੀ ਤਾਂ ਉਹ ਸੀ ਮੰਮੀ।
-----
ਇਕ ਸ਼ਾਮ ਮੈਂ ਡੈਡੀ ਨੂੰ ਲੈ ਕੇ ਡਾਕਟਰ ਦੇ ਗਈ ਹੋਈ ਸੀ। ਵਾਪਸ ਪਰਤੀ ਤਾਂ ਮੰਮੀ ਖ਼ੁਸ਼ੀ-ਖ਼ੁਸ਼ੀ ਦੱਸਣ ਲੱਗੀ, ‘‘ਮੁੰਡੇ ਦਾ ਫ਼ੋਨ ਆਇਆ ਸੀ, ਤੇਰਾ ਤੇ ਪਰੀ ਦਾ ਪੁੱਛਦਾ ਸੀ।’’
ਮੈਂ ਚੁੱਪ ਰਹੀ ਤੇ ਇਕ ਪਾਸੇ ਨੂੰ ਮੂੰਹ ਕਰ ਲਿਆ। ਮੰਮੀ ਮੇਰੇ ਮੂਹਰੇ ਆਉਂਦੀ ਬੋਲੀ, ‘‘ਨੀ ਕੰਵਲ, ਮੁੰਡਾ ਗੋਡੇ-ਗੋਡੇ ਰੋਂਦਾ ਸੀ, ਓਹ ਦੀ ਤਾਂ ਜਮਾਂ ਹੀ ਬੁਰੀ ਹਾਲਤ ਏ, ਆਖਦਾ ਪਰੀ ਬਿਨਾਂ ਦਿਲ ਨਹੀਂ ਲੱਗਦਾ, ਕੰਵਲ ਬਿਨਾਂ ਘਰ ਸੁੰਨਾ ਏ, ਨਾਲੇ ਸੌਰੀ ਆਖਦਾ ਸੀ।’’
‘‘ਰਹਿਣ ਦੇ ਤੂੰ।’’
‘‘ਧੀਏ ਕੀ ਰਹਿਣ ਦੇਵਾਂ, ਤੈਨੂੰ ਵੇਖ ਕੇ ਘਰ ਬੈਠੀ ਨੂੰ ਮੇਰਾ ਅੰਦਰ ਹਿਲਦਾ ਏ।’’
‘‘ਮੰਮੀ, ਤੈਨੂੰ ਨਈਂ ਪਤਾ, ਉਹ ਬੰਦਾ ਠੀਕ ਨਹੀਂ।’’
‘‘ਇਕ ਤੂੰ ਠੀਕ ਏਂ ਤੇ ਇਕ ਤੇਰਾ ਬਾਪੂ, ਬਾਕੀ ਸਾਰੀ ਦੁਨੀਆਂ....।’’
‘‘ਸਾਡੇ ਨਾਲ ਤਾਂ ਓਹਨੇ ਜੋ ਕੀਤੀ ਸੋ ਕੀਤੀ ਪਰ ਡੈਡੀ ਨੂੰ ਧੱਕਾ ਕਿਉਂ ਮਾਰਿਆ?’’
‘‘ਤੇਰੇ ਡੈਡੀ ਦੀ ਵੀ ਗਿੱਠ ਭਰ ਜੀਭ ਏ, ਆਖਣ ਲੱਗਾ ਅੱਗਾ ਪਿੱਛਾ ਨਹੀਂ ਵੇਖਦਾ, ਅੱਜ ਕਲ੍ਹ ਦੇ ਜਵਾਨ ਮੁੰਡੇ ਸਹਾਰਦੇ ਨੇ ਕੁਛ!’’
ਮੈਂ ਉਸ ਦੀ ਗੱਲ ਵੱਲ ਧਿਆਨ ਨਾ ਦਿੰਦੀ ਹੋਈ ਉਪਰ ਆਪਣੇ ਕਮਰੇ ਵਿਚ ਆ ਗਈ। ਮੰਮੀ ਵੀ ਮਗਰੇ ਆਉਂਦੀ ਬੋਲੀ, ‘‘ਤੂੰ ਗੁਲਾਬਾਂ ਦੇ ਰਾਹ ’ਤੇ ਤੁਰ ਪਈ ਏਂ।’’ ਆਖਦੀ ਉਹ ਡੁਸਕਣ ਲੱਗੀ ਤੇ ਫਿਰ ਬੋਲੀ, ‘‘ਏਸ ਟੱਬਰ ਨੂੰ ਸਰਾਪ ਈ ਏ ਪਰ ਸਰਾਪ ਇੰਡੀਆ ਰਹਿ ਗਿਆ, ਤੂੰ ਮੇਰੀ ਧੀ, ਸਿਆਣੀ ਬਣ।’’
ਮੈਂ ਕੁਝ ਨਾ ਆਖਿਆ। ਮੰਮੀ ਬੁੜ ਬੁੜ ਕਰਦੀ ਚਲੇ ਗਈ।
-----
ਰਾਤ ਨੂੰ ਮੈਂ ਫਿਰ ਨਾ ਸੌਂ ਸਕੀ। ਰਵੀ ਬਾਰੇ ਹੀ ਸੋਚਦੀ ਰਹੀ। ਮੈਨੂੰ ਯਕੀਨ ਸੀ ਕਿ ਉਹ ਵੀ ਜਾਗ ਰਿਹਾ ਹੋਵੇਗਾ। ਮੈਨੂੰ ਪਤਾ ਸੀ ਕਿ ਉਹ ਮੈਨੂੰ ਵੀ ਤੇ ਪਰੀ ਨੂੰ ਵੀ ਪਿਆਰ ਕਰਦਾ ਸੀ ਪਰ ਆਪਣੇ ਸੁਭਾਅ ਨੂੰ ਨਹੀਂ ਸੀ ਬਦਲ ਸਕਦਾ। ਉਸ ਦੀ ਅੜਬਾਈ ਨੇ ਸਾਨੂੰ ਟੰਗਿਆ ਪਿਆ ਸੀ। ਉਸ ਰਾਤ ਮੈਨੂੰ ਰਵੀ ਦਾ ਸੁਫ਼ਨਾ ਆਇਆ। ਉਹ ਤੇ ਮੈਂ ਕਿਸੇ ਲੰਬੇ ਸਫ਼ਰ ’ਤੇ ਨਿਕਲੇ ਹੋਏ ਸਾਂ ਜਿਵੇਂ ਕਿ ਵੇਹਲੇ ਵਕਤ ਅਸੀਂ ਕਰਿਆ ਹੀ ਕਰਦੇ ਸਾਂ। ਰਵੀ ਨੂੰ ਕਾਰ ਚਲਾਉਣ ਦਾ ਬਹੁਤ ਸ਼ੌਂਕ ਸੀ। ਜਦ ਸਮਾਂ ਮਿਲਦਾ ਤਾਂ ਅਸੀਂ ਪਿੰਡਾਂ ਵੱਲ ਚਲੇ ਜਾਂਦੇ। ਟੇਢੇ-ਮੇਡੇ ਰਸਤਿਆਂ ਉਪਰ ਕਾਰ ਚਲਾਉਣੀ ਮੈਨੂੰ ਪਸੰਦ ਨਹੀਂ ਸੀ ਪਰ ਰਵੀ ਦਾ ਇਹ ਸ਼ੌਂਕ ਸੀ।
-----
ਮੇਰੀ ਗ਼ੈਰ-ਹਾਜ਼ਰੀ ਵਿਚ ਇਕ ਵਾਰ ਫਿਰ ਰਵੀ ਦਾ ਫੋਨ ਆਇਆ। ਸ਼ਾਮ ਦੇ ਵਕਤ ਮੈਂ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਤੇ ਰਵੀ ਦੇ ਫੋਨ ਨੂੰ ਉਡੀਕਦੀ ਰਹਿੰਦੀ। ਫੋਨ ਦੀ ਘੰਟੀ ਵੱਜਦੀ ਤਾਂ ਮੈਂ ਭੱਜ ਕੇ ਚੁੱਕਦੀ ਕਿ ਉਸੇ ਦਾ ਹੋਵੇਗਾ। ਕਈ ਦਿਨ ਉਡੀਕ ਕੇ ਮੈਂ ਹੀ ਫੋਨ ਘੁਮਾ ਲਿਆ। ਉਹ ਘਰ ਹੀ ਸੀ। ਮੈਂ ਰੁੱਖਿਆਂ ਜਿਹਾ ਬਣਦਿਆਂ ਆਖਿਆ, ‘‘ਕੀ ਗੱਲ ਫੋਨ ਕੀਤਾ ਸੀ?’’
‘‘ਆਹੋ ਕੀਤਾ ਸੀ ਕਿ ਤੇਰਾ ਖ਼ੂਨ ਪੀਣੈ।’’
‘‘ਤੂੰ ਮੇਰਾ ਖ਼ੂਨ ਪੀਤਾ ਤਾਂ ਹੋਇਆ ਹੋਰ ਕਿਮੇਂ ਪੀਣਾ ਏਂ!’’
‘‘ਇਕ ਹਸਬੈਂਡ ਆਪਣੀ ਵਾਈਫ ਨੂੰ ਕਿਉਂ ਫੋਨ ਕਰਦੈ, ਤੈਨੂੰ ਏਨਾ ਵੀ ਨਹੀਂ ਪਤਾ ਏ।’’
‘‘ਪਤਾ, ਮੈਨੂੰ ਸਭ ਪਤਾ ਏ।’’
‘‘ਜੇ ਪਤਾ ਹੁੰਦਾ ਤਾਂ ਇਹ ਸਵਾਲ ਨਾ ਕਰਦੀ, ਖ਼ੈਰ, ਆਜਾ, ਜਾਨ, ਪਲੀਜ਼ ਆਜਾ, ਮੈਂ ਤੇਰੇ ਜਾਂ ਜਿਹਦੇ ਵੀ ਕਹੇਂ ਪੈਰੀਂ ਹੱਥ ਲਾ ਦਿੰਨਾ।’’
‘‘ਤੂੰ ਡੈਡੀ ਨੂੰ ਧੱਕਾ ਕਿਉਂ ਮਾਰਿਆ ਸੀ?’’
‘‘ਤੂੰ ਇਕ ਗੱਲ ਨੂੰ ਲੈ ਕੇ ਓਹਦੇ ਪਿੱਛੇ ਈ ਪਈ ਰਹਿੰਨੀ ਐਂ, ਜ਼ਰਾ ਸੋਚ ਕਿ ਸਿਚੂਏਸ਼ਨ ਇੱਥੇ ਤਕ ਕਿੱਦਾਂ ਪਹੁੰਚੀ!...ਚਲ ਛੱਡ, ਜੋ ਹੋ ਗਿਆ ਸੋ ਹੋ ਗਿਆ, ਤੂੰ ਆ ਜਾਹ ਪਲੀਜ਼....।’’
‘‘ਤੂੰ ਮੇਰੇ ਆਉਣ ਦਾ ਰਾਹ ਮੋਕਲਾ ਵੀ ਕਰੇਂ।’’
‘‘ਕਿੱਦਾਂ ਕਰਾਂ?... ਕਿਹਾ ਤਾਂ ਐ ਕਿ ਜਿਹਦੇ ਕਹੇਂ ਪੈਰੀਂ ਹੱਥ ਲਾ ਦਿੰਨਾ, ਤੇਰੇ ਪਿਓ ਕੰਜਰ ਨੂੰ ਵੀ ਸੌਰੀ ਕਹਿ ਦਿੰਨਾ.....!’’
‘‘ਤੂੰ ਡੈਡੀ ਨੂੰ ਫਿਰ ਗਾਲ੍ਹ ਕੱਢੀ, ਗੈੱਟ ਲੌਸਟ ਰਵੀ!’’ ਆਖ ਕੇ ਮੈਂ ਫੋਨ ਰੱਖ ਦਿੱਤਾ ਤੇ ਆਪਣੇ ਆਪ ਨੂੰ ਕੋਸਣ ਲੱਗੀ ਕਿ ਉਹਨੂੰ ਫੋਨ ਕਿਉਂ ਕੀਤਾ ਸੀ।
ਮੈਨੂੰ ਜਾਪਣ ਲੱਗ ਪਿਆ ਕਿ ਰਵੀ ਨਾਲ ਸੰਬੰਧ ਏਨੀ ਛੇਤੀ ਨਹੀਂ ਸੁਧਰਨਗੇ। ਡੈਡੀ ਆਖਦੇ ਕਿ ਇੰਡੀਆ ਜਾ ਕੇ ਇਹਦੇ ਪਿਓ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਦੀ ਮਾਂ ਆਈ ਸੀ ਤਾਂ ਉਸ ਨੇ ਰਵੀ ਨੂੰ ਕੁਝ ਨਹੀਂ ਸੀ ਸਮਝਾਇਆ ਬਲਕਿ ਸਾਡੇ ਸੰਬੰਧ ਵਿਗੜੇ ਹੀ ਹੋਣਗੇ।
-----
ਮੈਂ ਸੋਸ਼ਲ ਬੈਨੇਫਿਟਸ ਲਈ ਅਪਲਾਈ ਕੀਤਾ। ਕੁਝ ਕੁ ਪੈਸੇ ਮਿਲਣ ਲੱਗ ਪਏ ਪਰ ਕਾਫੀ ਨਹੀਂ ਸਨ। ਪਰੀ ਲਈ ਨਵੇਂ ਕੱਪੜੇ ਖ਼ਰੀਦਣੇ ਸਨ। ਮੇਰੇ ਕੋਲ ਵੀ ਬਹੁਤੇ ਡਰੈੱਸ ਨਹੀਂ ਸਨ। ਮੇਰੇ ਕੱਪੜੇ ਹਾਲੇ ਘਰੇ ਹੀ ਪਏ ਸਨ। ਉਧਰ ਨੂੰ ਮੂੰਹ ਕਰਨ ਨੂੰ ਮੇਰਾ ਦਿਲ ਨਹੀਂ ਸੀ ਕਰਦਾ। ਮੈਂ ਵੱਡੀ ਸ਼ੌਪਿੰਗ ਕਰਨੀ ਚਾਹੁੰਦੀ ਸੀ। ਚਾਰ-ਪੰਜ ਸੌ ਪੌਂਡ ਚਾਹੀਦਾ ਸੀ ਮੈਨੂੰ। ਇੰਨੇ ਪੈਸੇ ਮੈਂ ਇਕ ਦਮ ਕਿਥੋਂ ਕੱਢਣੇ ਸਨ। ਰਵੀ ਹੱਥ ਨਹੀਂ ਸੀ ਆ ਰਿਹਾ। ਪਰੀ ਜ਼ਰਾ ਕੁ ਵੱਡੀ ਹੁੰਦੀ ਤਾਂ ਕੰਮ ਲੱਭ ਲੈਂਦੀ। ਮੈਂ ਇਕ ਵਾਰ ਫਿਰ ਰਵੀ ਨੂੰ ਫੋਨ ਕੀਤਾ। ਉਸ ਦਾ ਗ਼ੁੱਸਾ ਉਵੇਂ ਹੀ ਸੱਤਵੇਂ ਅਸਮਾਨ ’ਤੇ ਹੀ ਸੀ। ਖ਼ਰਚੇ ਲਈ ਤਾਂ ਉਸ ਨੇ ਮੰਨਣਾ ਹੀ ਨਹੀਂ ਸੀ। ਖ਼ਰਚੇ ਦੀ ਗੱਲ ਨੂੰ ਇਕ ਪਾਸੇ ਰੱਖਕੇ ਮੈਂ ਆਖਿਆ, ‘‘ਰਵੀ, ਪਰੀ ਦੀ ਸ਼ੌਪਿੰਗ ਕਰਨ ਵਾਲੀ ਪਈ ਏ।’’
‘‘ਲਿਸਟ ਬਣਾ ਕੇ ਭੇਜ ਦੇ, ਕਰ ਦਿੰਨਾ।’’
‘‘ਪੈਸੇ ਕਿਉਂ ਨਹੀਂ ਭੇਜ ਦਿੰਦਾ?’’
‘‘ਪੈਸੇ ਤੈਨੂੰ ਭੇਜਣੇ ਹੁੰਦੇ ਤਾਂ ਕੋਰਟ ਜਾਣ ਦੀ ਬਦਨਾਮੀ ਕਿਉਂ ਲੈਂਦਾ।’’
ਮੈਂ ਚੁੱਪ ਰਹੀ ਕਿ ਗੱਲ ਕਿਸੇ ਹੋਰ ਪਾਸੇ ਹੀ ਨਾ ਤੁਰ ਪਵੇ। ਰਵੀ ਫਿਰ ਆਖਣ ਲੱਗਾ, ‘‘ਮੇਰੇ ਨਾਲ ਚਲ, ਜਿਹੜੀ ਚੀਜ਼ ਚਾਹੀਦੀ ਐ, ਆਪਣੇ ਲਈ ਜਾਂ ਪਰੀ ਲਈ, ਲੈ ਲੈ।’’
ਮੈਨੂੰ ਉਸ ਦੀ ਇਹ ਪੇਸ਼ਕਸ਼ ਠੀਕ ਲੱਗੀ। ਮੈਂ ਮਨਜ਼ੂਰ ਕਰ ਲਈ। ਇਕ ਪਲ ਲਈ ਤਾਂ ਲੱਗਿਆ ਸੀ ਕਿ ਡੈਡੀ ਕੀ ਸੋਚਣਗੇ। ਪਰ ਮੈਂ ਹਾਂ ਕਰ ਦਿੱਤੀ ਸੀ। ਰਵੀ ਨੂੰ ਫੋਨ ਕਰਨ ਬਾਅਦ ਮੈਂ ਸੂਚੀ ਤਿਆਰ ਕਰਨ ਲੱਗੀ ਕਿ ਕਿਹੜੀ-ਕਿਹੜੀ ਚੀਜ਼ ਖਰੀਦਣੀ ਸੀ। ਪਰ ਫਿਰ ਲਿਸਟ ਵਿਚੇ ਹੀ ਛੱਡ ਦਿੱਤੀ ਕਿ ਪਤਾ ਨਹੀਂ ਰਵੀ ਕਿੰਨੇ ਪੈਸੇ ਖ਼ਰਚਣੇ ਚਾਹੇ। ਰਵੀ ਕਦੇ ਵੀ ਬਹੁਤਾ ਕੈਸ਼ ਹੱਥ ਵਿਚ ਨਹੀਂ ਸੀ ਰੱਖਦਾ। ਬੈਂਕ ਵਿਚ ਖਾਤਾ ਤਾਂ ਉਹ ਬਹੁਤ ਘੱਟ ਖੁੱਲ੍ਹਵਾਉਂਦਾ ਸੀ। ਜਿਹੜੇ ਕਿਹੜੇ ਖਾਤੇ ਸਨ ਖ਼ਾਲੀ ਪਏ ਸਨ।
-----
ਅਸੀਂ ਸ਼ੌਪਿੰਗ ਕਰਨ ਦਾ ਸਮਾਂ ਮਿਥ ਲਿਆ। ਰਵੀ ਦੱਸੇ ਸਮੇਂ ’ਤੇ ਆ ਗਿਆ। ਉਸ ਨੇ ਛੋਟਾ ਜਿਹਾ ਹਾਰਨ ਮਾਰਿਆ। ਮੈਂ ਖਿੜਕੀ ਵਿਚ ਖੜੀ ਉਸ ਨੂੰ ਹੀ ਉਡੀਕ ਰਹੀ ਸੀ। ਪਰੀ ਨੂੰ ਮੈਂ ਗੁਲਾਬੀ ਰੰਗ ਦੀ ਫਰਾਕ ਪੁਆਈ ਸੀ ਰਵੀ ਦੇ ਪਸੰਦ ਦੀ ਤੇ ਉਸ ਦੀ ਪਸੰਦ ਦਾ ਹੀ ਨੀਲੇ ਰੰਗ ਦਾ ਸੂਟ ਪਹਿਨਿਆ। ਉਸ ਦੇ ਹਾਰਨ ਵਜਾਂਦਿਆਂ ਹੀ ਮੈਂ ਪਰੀ ਨੂੰ ਉਠਾਈ ਬਾਹਰ ਆ ਗਈ। ਰਵੀ ਨੇ ਅੰਦਰੋਂ ਹੀ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਮੈਂ ਉਸ ਦੇ ਬਰਾਬਰ ਬੈਠ ਗਈ। ਉਸ ਨੇ ਕਾਰ ਤੋਰ ਲਈ ਤੇ ਸਾਡੇ ਵੱਲ ਹੀ ਵੇਖਦਾ ਜਾ ਰਿਹਾ ਸੀ। ਉਹ ਅੱਖਾਂ ਭਰਦਾ ਬੋਲਿਆ, ‘‘ਜਾਨ, ਮੈਂ ਤਾਂ ਡਰ ਗਿਆ ਸੀ, ਸੋਚਿਆ ਕਿ ਸਭ ਖ਼ਤਮ, ਮੁੜ ਕੇ ਤੁਸੀਂ ਮੇਰੇ ਨਾਲ ਏਦਾਂ ਨਹੀਂ ਬੈਠਣ ਲੱਗੀਆਂ।
-----
ਕਾਰ ਇਕ ਪਾਸੇ ਲਾ ਕੇ ਉਸ ਨੇ ਪਰੀ ਨੂੰ ਚੁੱਕਣਾ ਚਾਹਿਆ। ਪਰੀ ਨਾ ਗਈ। ਉਸ ਮੁੜ ਕੇ ਕਾਰ ਤੋਰੀ ਤੇ ਆਖਿਆ, ‘‘ਤੁਹਾਨੂੰ ਕੀ ਪਤੈ ਤੁਹਾਡੇ ਬਿਨਾਂ ਮੈਂ ਕਿੱਦਾਂ ਰਹਿਨਾਂ, ਪਰ ਜਾਨ, ਤੂੰ ਨਿਰੀ ਪੱਥਰ ਐਂ, ਤੈਨੂੰ ਕੋਈ ਫ਼ਰਕ ਈ ਨਈਂ।’’
ਮੈਂ ਚੁੱਪ ਰਹੀ। ਮੈਂ ਕਿਸੇ ਕਿਸਮ ਦੀ ਬਹਿਸ ਵਿਚ ਨਹੀਂ ਸੀ ਪੈਣਾ। ਇਹ ਵੀ ਸੋਚਿਆ ਸੀ ਕਿ ਇਸ ਦੇ ਦਿਲ ਦੀ ਹਵਾੜ ਨਿਕਲ ਜਾਵੇ। ਫਿਰ ਸ਼ਾਇਦ ਸਿੱਧੇ ਰਾਹੇ ਪੈ ਹੀ ਜਾਵੇ।
ਮੈਂ ਸੋਚਦੀ ਪਈ ਸੀ ਕਿ ਵੁੱਡ ਗਰੀਨ ਦੇ ਸ਼ੌਪਿੰਗ ਸੈਂਟਰ ਜਾਵਾਂਗੇ ਪਰ ਉਸ ਨੇ ਕਾਰ ‘ਨੌਰਥ ਸਰਕੁਲਰ ਰੋਡ’ ’ਤੇ ਪਾ ਲਈ। ਮੈਂ ਆਖਿਆ, ‘‘ਓਏ ਮਿਸਟਰ, ਕਿਧਰ ਲੈ ਚਲਿਆ ਏਂ?’’
‘‘ਮੇਰੀ ਵਾਈਫ਼, ਮੇਰੀ ਡੌਟਰ, ਜਿਧਰ ਮਰਜ਼ੀ ਲੈ ਜਾਵਾਂ।’’
‘‘ਤੈਨੂੰ ਨਹੀਂ ਪਤਾ ਮੇਰੇ ਡੈਡੀ ਕਿੰਨਾ ਫ਼ਿਕਰ ਕਰਦੇ ਸੀ!’’
‘‘ਤੇਰਾ ਹਸਬੈਂਡ ਮੈਂ ਆਂ, ਮੈਨੂੰ ਤੇਰਾ ਫ਼ਿਕਰ ਕਰਨਾ ਚਾਹੀਦੈ, ਯਾਦ ਐ ਬਾਬੇ ਮੁਹਰੇ ਬੈਠ ਕੇ ਕੀ ਗੱਲਾਂ ਹੋਈਆਂ ਸੀ, ਸਿਖਿਆ ਦੇਣ ਵਾਲਾ ਭਾਈ ਕੀ ਕਹਿੰਦਾ ਸੀ!’’
‘‘ਰਵੀ, ਸ਼ੌਪਿੰਗ ਕਰੌਣੀ ਏਂ ਤਾਂ ਸਿੱਧੀ ਤਰ੍ਹਾਂ ਕਰਾ....।’’
‘‘ਜਾਨ, ਬਰਿੰਟ ਕਰੌਸ, .... ਤੇਰੇ ਪਸੰਦ ਦਾ ਸ਼ੌਪਿੰਗ ਸੈਂਟਰ।’’
ਜਦੋਂ ਕੁ ਬਰਿੰਟ ਕਰੌਸ ਦਾ ਸ਼ੌਪਿੰਗ ਸੈਂਟਰ ਨਵਾਂ-ਨਵਾਂ ਬਣਿਆ ਸੀ ਤਾਂ ਇਸ ਦਾ ਵਾਹਵਾ ਨਾਂ ਸੀ। ਅਸੀਂ ਇਥੇ ਹੀ ਜਾਇਆ ਕਰਦੇ ਸਾਂ। ਕਾਰ ਪਾਰਕ ਕਰਦਿਆਂ ਮੈਂ ਰਵੀ ਨੂੰ ਪੁੱਛਿਆ, ‘‘ਰਵੀ, ਕਿੰਨਾ ਕੁ ਮਾਲ ਏ ਜੇਬ੍ਹ ਵਿਚ, ਭਾਰੀ ਵੀ ਹੈ ਕਿ ਨਹੀਂ।’’
ਉਸ ਨੇ ਜੇਬ ਵਿਚੋਂ ਕਰੈਡਿਟ ਕਾਰਡ ਕੱਢ ਕੇ ਮੈਨੂੰ ਵਿਖਾਇਆ ਤੇ ਆਖਿਆ, ‘‘ਕੰਜੂਸੀ ਵਰਤ ਕੇ ਜੋ ਮਰਜ਼ੀ ਲੈ ਲੈ।’’
ਜਦ ਰਵੀ ਕਾਰ ਵਿਚੋਂ ਨਿਕਲਿਆ ਤਾਂ ਮੈਂ ਵੇਖਿਆ ਕਿ ਉਸ ਦੀ ਟਾਰਊਜ਼ਰ ਥਾਂ-ਥਾਂ ਤੋਂ ਮੁੜੀ ਪਈ ਸੀ। ਕਮੀਜ਼ ਦੇ ਕਾਲਰ ਵੀ ਭੰਨੇ ਜਿਹੇ ਸਨ। ਕੋਟੀ ਨੂੰ ਤੁੰਬਾਂ ਲੱਗੀਆਂ ਹੋਈਆਂ ਸਨ। ਇਹ ਸਭ ਦੇਖ ਕੇ ਮੇਰਾ ਦਿਲ ਪਸੀਜ ਗਿਆ। ਮੈਂ ਆਖਿਆ, ‘‘ਘਰ ਹੈ ਨਹੀਂ ਕੋਈ ਤੇਰੇ ਕਪੜੇ ਪਰੈੱਸ ਕਰਨ ਵਾਲੀ?’’
‘‘ਇਕ ਸਿਗੀ, ਪਿਓ ਦੀ ਕੱਛ ਵਿਚ ਜਾ ਬੈਠੀ।’’
ਪਹਿਲਾਂ ਮੈਨੂੰ ਗ਼ੁੱਸਾ ਆਇਆ ਪਰ ਫਿਰ ਕੰਟਰੋਲ ਕਰ ਕੇ ਆਖਿਆ, ‘‘ਜਿਹੜਾ ਤੂੰ ਮੁੜ ਕੇ ਸਾਡੇ ਵੱਲ ਮੂੰਹ ਨਹੀਂ ਕਰ ਰਿਹਾ ਮੈਂ ਤਾਂ ਕਿਹਾ ਕਿ ਕੋਈ ਇੰਤਜ਼ਾਮ ਕਰੀਂ ਬੈਠਾ ਏਂ।’’
-----
ਉਹ ਮੇਰੇ ਵੱਲ ਤਿਰਛਾ ਜਿਹਾ ਵੇਖ ਕੇ ਹੱਸਿਆ ਤੇ ਚੁੱਪ ਰਿਹਾ। ਉਸ ਨੇ ਪਰੀ ਨੂੰ ਆਪਣੇ ਮੋਢਿਆਂ ’ਤੇ ਬਿਠਾ ਲਿਆ। ਹੁਣ ਤਕ ਪਰੀ ਨਾਲ ਉਸ ਦੀ ਦੋਸਤੀ ਪੈ ਚੁੱਕੀ ਸੀ। ਮੈਂ ਵੀ ਉਸ ਦੇ ਨਾਲ ਲੱਗ ਕੇ ਤੁਰ ਰਹੀ ਸੀ। ਮੇਰਾ ਦਿਲ ਚਾਹ ਰਿਹਾ ਸੀ ਕਿ ਮੇਰੇ ਇਸ ਸੰਪੂਰਨ ਪਰਿਵਾਰ ਨੂੰ ਕੋਈ ਵੇਖੇ। ਕੋਈ ਜਾਣਕਾਰ ਹੀ ਮਿਲ ਪਵੇ।
ਅਸੀਂ ਤਿੰਨ ਘੰਟੇ ਸ਼ੌਪਿੰਗ ਕੀਤੀ। ਪਰੀ ਨਾਲੋਂ ਮੇਰੀ ਸ਼ੌਪਿੰਗ ਜ਼ਿਆਦਾ ਹੋ ਗਈ ਸੀ। ਮੈਂ ਰਵੀ ਨੂੰ ਵੀ ਦੋ ਟਰਾਊਜ਼ਰਾਂ ਤੇ ਕੁਝ ਕਮੀਜ਼ਾਂ ਲੈ ਕੇ ਦਿੱਤੀਆਂ।
ਵਾਪਸ ਅਸੀਂ ਕਾਰ ਵਿਚ ਬੈਠੇ ਤਾਂ ਰਵੀ ਨੇ ਆਖਿਆ, ‘‘ਚੱਲ ਸਿੱਧੇ ਘਰ ਚਲੀਏ।’’
ਮੈਨੂੰ ਝਟਕਾ ਜਿਹਾ ਲੱਗਿਆ। ਮੈਂ ਸੋਚਣ ਲੱਗੀ ਕਿ ਜੇ ਰਵੀ ਮੈਨੂੰ ਘਰ ਨੂੰ ਲੈ ਗਿਆ ਤਾਂ ਮੈਂ ਕੀ ਕਰਾਂਗੀ। ਮੈਂ ਇਕਦਮ ਫ਼ੈਸਲਾ ਕਰ ਲਿਆ ਕਿ ਜੇ ਲੈ ਗਿਆ ਤਾਂ ਲੈ ਗਿਆ, ਚਲੇ ਜਾਵਾਂਗੀ। ਮੈਂ ਤਸੱਲੀ ਨਾਲ ਸੀਟ ’ਤੇ ਬੈਠ ਗਈ। ਕਾਰ ਤੋਰ ਕੇ ਰਵੀ ਨੇ ਇਕ ਵਾਰ ਫੇਰ ਪੁੱਛਿਆ। ਮੈਂ ਚੁੱਪ ਰਹੀ। ਬਾਹਰ ਮੇਨ ਰੋਡ ’ਤੇ ਕਾਰ ਪਾ ਕੇ ਰਵੀ ਮੁੜ ਪੁੱਛਣ ਲੱਗਿਆ, ‘‘ਜਾਨ, ਚਲ ਘਰ ਨੂੰ ਚਲੀਏ?’’
‘‘ਰਵੀ, ਸਾਨੂੰ ਉਥੇ ਈ ਛੱਡ ਆ ਜਿਥੋਂ ਸਵੇਰੇ ਚੁੱਕਿਆ ਸੀ। ’’ ਆਖ ਕੇ ਮੈਂ ਅੱਖਾਂ ਮੀਟ ਲਈਆਂ। ਪਰੀ ਥੱਕੀ ਹੋਈ ਸੀ। ਉਹ ਕਾਰ ਵਿਚ ਬੈਠਦੀ ਹੀ ਸੌਂ ਗਈ। ਰਵੀ ਕੁਝ ਆਖਦਾ ਰਿਹਾ ਮੈਂ ਉਸ ਨੂੰ ‘ਹਾਂ-ਹੂੰ’ ਵਿਚ ਜਵਾਬ ਦਿੰਦੀ ਰਹੀ। ਰਵੀ ਸਾਨੂੰ ਡੈਡੀ ਦੇ ਘਰ ਮੂਹਰੇ ਲਾਹ ਕੇ ਚਲੇ ਗਿਆ। ਮੈਂ ਉਸ ਦਾ ਸ਼ੁਕਰੀਆ ਵੀ ਨਾ ਕਰ ਸਕੀ।
ਘਰ ਦੇ ਸਾਰੇ ਜੀਅ ਇੰਨੀ ਸ਼ੌਪਿੰਗ ਵੇਖ ਕੇ ਖ਼ੁਸ਼ ਸਨ। ਮੰਮੀ ਚਾਈਂ-ਚਾਈਂ ਸਵਾਲ ਕਰ ਰਹੀ ਸੀ। ਮੇਰਾ ਮਨ ਬਹੁਤੀਆਂ ਗੱਲਾਂ ਕਰਨ ਦਾ ਨਹੀਂ ਸੀ।
-----
ਉਸ ਦਿਨ ਤੋਂ ਬਾਅਦ ਰਵੀ ਦਾ ਕੁਝ ਇਕ ਵਾਰ ਫੋਨ ਆਇਆ ਪਰ ਸਰਸਰੀ ਜਿਹੀ ਗੱਲ ਹੁੰਦੀ। ਉਹ ਘਰ ਆਉਣ ਲਈ ਆਖਦਾ ਤੇ ਮੈਂ ਖ਼ਰਚਾ ਮੰਗਦੀ। ਭਾਵੇਂ ਇਕ ਵਾਰ ਰਵੀ ਨੇ ਮੇਰੀ ਸ਼ੌਪਿੰਗ ਕਰਵਾ ਦਿੱਤੀ ਸੀ ਪਰ ਨਿੱਤ ਦੀਆਂ ਲੋੜਾਂ ਵਧ ਰਹੀਆਂ ਸਨ। ਮੇਰੀ ਲੋੜ ਤੋਂ ਪੈਸੇ ਮੈਨੂੰ ਥੋੜ੍ਹੇ ਮਿਲਦੇ ਸਨ। ਰਵੀ ਨੂੰ ਦੁਬਾਰਾ ਸ਼ੌਪਿੰਗ ਕਰਾਉਣ ਲਈ ਆਖਿਆ ਤਾਂ ਉਸ ਨੇ ਸਾਫ਼ ਜਵਾਬ ਦੇ ਦਿੱਤਾ।
-----
ਇਕ ਦਿਨ ਸੂਜੀ ਬੈਰੀਮਨ ਦੇ ਦਫਤਰ ਮੈਂ ਡੈਡੀ ਦੀ ਵਸੀਹਤ ਦੇ ਸੰਬੰਧ ਵਿਚ ਗਈ ਤਾਂ ਉਹ ਮੇਰੇ ਬਾਰੇ ਗੱਲਾਂ ਕਰਨ ਲੱਗ ਪਈ। ਮੈਂ ਦੱਸਿਆ ਕਿ ਰਵੀ ਪੈਸੇ ਵਲੋਂ ਠੀਕ ਠਾਕ ਸੀ, ਕਿਤੇ ਪ੍ਰਾਈਵੇਟ ਕੰਮ ਕਰਦਾ ਸੀ ਪਰ ਸਾਨੂੰ ਕੁਝ ਨਹੀਂ ਦਿੰਦਾ। ਉਸ ਨੇ ਪੁੱਛਿਆ, ‘‘ਤੁਹਾਡੇ ਸਾਂਝੇ ਘਰ ਵਿਚ ਕੌਣ ਰਹਿੰਦਾ?’’
‘‘ਮੇਰਾ ਪਤੀ ਹੀ ਰਹਿੰਦਾ ਏ, ਇਕੱਲਾ।’’
‘‘ਉਹਨੂੰ ਵੇਚ ਦੇ, ਜਾਂ ਤਾਂ ਦਬਾਅ ਹੇਠ ਆ ਕੇ ਖ਼ਰਚ ਦੇਵੇਗਾ ਜਾਂ ਫਿਰ ਘਰ ਦੇ ਅੱਧੇ ਪੈਸੇ ਤੇਰੇ ਕੋਲ ਆ ਜਾਣਗੇ ਤੇ ਤੇਰਾ ਹੱਥ ਸੌਖਾ ਹੋ ਜਾਵੇਗਾ।’’
ਮੈਨੂੰ ਇਹੋ ਰਸਤਾ ਸਹੀ ਜਾਪਿਆ। ਪਹਿਲਾਂ ਸੂਜੀ ਬੈਰੀਮਨ ਨੇ ਰਵੀ ਨੂੰ ਚਿੱਠੀ ਲਿਖੀ ਤੇ ਫਿਰ ਘਰ ਨੂੰ ਇਸਟੇਟ ਏਜੰਟ ਰਾਹੀਂ ਘਰ ਵੇਚਣ ’ਤੇ ਲਾ ਦਿੱਤਾ। ਵਕੀਲ ਦੀ ਚਿੱਠੀ ਦਾ ਰਵੀ ਨੇ ਕੋਈ ਉਤਰ ਨਾ ਦਿੱਤਾ ਪਰ ਜਦੋਂ ਘਰ ਵੇਚਣ ਦਾ ਨੋਟਿਸ ਮਿਲਿਆ ਤਾਂ ਉਸ ਦਾ ਫੋਨ ਆ ਗਿਆ, ‘‘ਜਾਨ, ਇਹਦਾ ਮਤਲਬ ‘ਦਾ ਐਂਡ’ ਆ ਗਿਆ, ਕਹਾਣੀ ਖ਼ਤਮ?’’
‘‘ਮੈਂ ਤਾਂ ਨਹੀਂ ਏਕਣ ਆਖਦੀ, ਮੈਨੂੰ ਖ਼ਰਚ ਦੀ ਲੋੜ ਏ, ਮੇਰੇ ਕੋਲ ਘਰ ਵੇਚਣ ਤੋਂ ਬਿਨਾਂ ਕੋਈ ਚਾਰਾ ਨਹੀਂ ਏ।’’
‘‘ਸੋ ਯੂ ਡੌਂਟ ਵਾਂਟੂ ਕਮ ਬੈਕ,.... ਪਰਮਾਨੈਂਟ ਸੈਪੇਰੇਸ਼ਨ,.... ਡਾਇਵੋਰਸ!’’
‘‘ਨਹੀਂ ਰਵੀ, ਮੈਨੂੰ ਨਾ ਡਾਇਵੋਰਸ ਚਾਹੀਦਾ ਏ ਨਾ ਕੁਝ ਹੋਰ, ਮੈਨੂੰ ਤਾਂ ਸਿਰਫ਼ ਖ਼ਰਚ ਚਾਹੀਦਾ ਏ।’’
ਇਸੇ ਗੱਲ ’ਤੇ ਅਸੀਂ ਬਹਿਸਣ ਲੱਗ ਪਏ। ਉਸ ਨੇ ਡੈਡੀ ਨੂੰ ਗਾਹਲਾਂ ਕੱਢਣੀਆਂ ਆਰੰਭ ਕਰ ਦਿੱਤੀਆਂ। ਮੈਂ ਫੋਨ ਰੱਖ ਦਿੱਤਾ।
ਫਿਰ ਘਰ ਵਿਕ ਗਿਆ। ਨਵੇਂ ਮਾਲਕਾਂ ਨੂੰ ਚਾਬੀ ਦੇ ਦੇਣ ਦੀ ਤਰੀਕ ਬੰਨ੍ਹ ਦਿੱਤੀ ਗਈ।
-----
ਘਰ ਸੇਲ ’ਤੇ ਲਾਉਣ ਦਾ ਮੰਮੀ ਨੂੰ ਪਤਾ ਨਹੀਂ ਸੀ। ਡੈਡੀ ਆਖਦੇ ਸਨ ਕਿ ਕੋਈ ਹੋਰ ਹੀ ਪੁਆੜਾ ਨਾ ਪਾ ਬੈਠੇ। ਉਸ ਨੂੰ ਉਦੋਂ ਹੀ ਪਤਾ ਚਲਿਆ ਜਦੋਂ ਭਗਵੰਤ ਵੈਨ ਵਿਚੋਂ ਸਾਮਾਨ ਉਤਾਰ ਕੇ ਪਿੱਛੇ ਗੈਰਜ਼ ਵਿਚ ਰੱਖ ਰਿਹਾ ਸੀ। ਮੰਮੀ ਨੇ ਚੀਕ ਚਿਹਾੜਾ ਪਾ ਲਿਆ। ਉਹ ਕੀਰਨੇ ਜਿਹੇ ਪਾਉਣ ਲੱਗੀ, ‘‘ਹਾਏ ਹਾਏ ਨੀ ਚੰਨੋ, ਹਾਏ ਨੀ ਗੁਲਾਬਾਂ, ਤੁਸੀਂ ਇਥੇ ਵੀ ਆ ਪਹੁੰਚੀਆਂ, ਹਾਏ ਹਾਏ ਨੀਂ ਰੰਡੀਓ ਤੁਸੀਂ ਮੇਰੀ ਫੁੱਲ ਵਰਗੀ ਧੀ ਨੂੰ ਵੀ ਨਿਗਲ ਗੀਆਂ,....ਕੰਜਰੀਓ, ਤੁਹਾਡਾ ਕੱਖ ਨਾ ਰਹੇ....।’’
-----
ਨੌਟਿੰਗਹਿਲ ਦੇ ਇਲਾਕੇ ਦੀਆਂ ਕਈ ਖ਼ਾਸੀਅਤਾਂ ਰਹੀਆਂ ਹਨ। ਅਗਸਤ ਦੀ ਅਖੀਰ ਵਿਚ ਲੱਗਦਾ ਕਾਰਨੀਵਾਲ ਭਾਵ ਕਿ ਮੇਲਾ ਵੀ ਇਨ੍ਹਾਂ ਖ਼ਾਸੀਅਤਾਂ ਵਿਚ ਜੁੜ ਗਈ ਹੈ। ਇਹ ਕਾਰਨੀਵਾਲ ਪ੍ਰਵਾਸੀਆਂ ਨੇ ਹੀ ਸ਼ੁਰੂ ਕੀਤਾ ਤੇ ਹੁਣ ਲੰਡਨ ਦੀ ਵੱਡੀ ਖ਼ਾਸੀਅਤ ਬਣ ਚੁੱਕਾ ਹੈ। ਹਜ਼ਾਰਾਂ ਵਿਚ ਨਹੀਂ ਲੱਖਾਂ ਵਿਚ ਲੋਕ ਇਕੱਠੇ ਹੋ ਜਾਂਦੇ ਹਨ। ‘ਪੋਰਟਬੈਲੋ’ ਦੇ ਆਲੇ ਦੁਆਲੇ ਦੀਆਂ ਸੜਕਾਂ ਉਪਰ ਦੋ ਦਿਨ ਧੜੱਲੇਦਾਰ ਸੰਗੀਤ ਵੱਜਦਾ ਹੈ, ਨਾਚ ਹੁੰਦਾ ਹੈ। ਕਾਲਿਆਂ ਦਾ ਸ਼ੁਰੂ ਕੀਤਾ ਇਹ ਮੇਲਾ ਹੁਣ ਹਰ ਨਸਲ ਦੇ ਲੋਕਾਂ ਦਾ ਹੋ ਨਿਬੜਿਆ ਹੈ। ਹੋਰਨਾਂ ਮੇਲਿਆਂ ਵਾਂਗ ਇਸ ਦੇ ਭੈੜੇ ਪੱਖ ਵੀ ਹਨ, ਜਿਥੇ ਲੋਕ ਸੰਗੀਤ ਦਾ, ਨਾਚ ਦਾ, ਰੰਗ ਬਰੰਗੇ ਦ੍ਰਿਸ਼ਾਂ ਦਾ ਅਨੰਦ ਮਾਣਦੇ ਹਨ, ਉਥੇ ਜੇਬਾਂ ਵੀ ਕਟਵਾ ਬੈਠਦੇ ਹਨ, ਲੁੱਟੇ ਜਾਂਦੇ ਹਨ। ਕ਼ਤਲ ਤੱਕ ਹੋ ਜਾਂਦੇ ਹਨ। ਫਿਰ ਵੀ ਮੇਲਾ ਬਹੁਤ ਭਰਦਾ ਹੈ। ਮੈਂ ਇਨ੍ਹਾਂ ਸੜਕਾਂ ਉਪਰ ਹੀ ਘੁੰਮਦਾ ਰਹਿੰਦਾ ਸਾਂ। ਲੈਂਡਬਰੁਕ ਗਰੋਵ, ਸਕੌਟ ਰੋਡ, ਐਫਲੇ ਰੋਡ, ਪੋਰਟਬੈਲੋ ਰੋਡ ਆਦਿ ਮੇਰੇ ਕੰਮ ਦੀ ਜਗ੍ਹਾ ਸੀ। ਇਨ੍ਹਾ ਸੜਕਾਂ ਉਪਰ ਮੇਰੀ ਟੈਕਸੀ ਭੱਜੀ ਫਿਰਦੀ ਹੁੰਦੀ ਸੀ।
-----
ਮੈਂ ਇਹ ਮੇਲਾ ਕਦੇ ਨਹੀਂ ਦੇਖਿਆ, ਇਸ ਮੇਲੇ ਦੀ ਵਿਸ਼ਾਲਤਾ ਦੇਖੀ ਹੈ। ਮੇਲਾ ਖਤਮ ਹੋਣ ਤੋਂ ਅਗਲੇ ਦਿਨਾਂ ਵਿਚ ਟਨਾਂ ਦੇ ਟਨ ਕੂਟਾ ਕਰਕਟ ਸੜਕਾਂ ਉਪਰ ਖਿੱਲਰਿਆ ਪਿਆ ਅੱਖੀਂ ਤਕਿਆ ਹੈ ਬਲਕਿ ਮੇਰੀ ਕਾਰ ਇਸ ਕੂੜੇ ਉਪਰੋਂ ਲੰਘਦੀ ਰਹੀ ਹੈ। ‘ਸਨਰਾਈਜ ਮਿੰਨੀ ਕੈਬ’ ਦੇ ਕਾਫ਼ੀ ਸਾਰੇ ਗਾਹਕ ਇਨ੍ਹਾਂ ਸੜਕਾਂ ਉਪਰ ਸਨ। ਇਨ੍ਹਾਂ ਸੜਕਾਂ ਉਪਰ ਹੀ ਕੁਝ ਹੋਟਲ ਵੀ ਸਨ ਜਿਨ੍ਹਾਂ ਨਾਲ ‘ਸਨਰਾਈਜ਼ ਮਿੰਨੀ ਕੈਬ’ ਦਾ ਕਾਰੋਬਾਰੀ ਰਾਬਤਾ ਸੀ ਜਿਸ ਕਾਰਨ ਮੈਨੂੰ ਜਾਂ ਮੇਰੇ ਵਰਗੇ ਡਰਾਈਵਰਾਂ ਨੂੰ ਜਾਣਾ ਪੈਂਦਾ ਸੀ।
------
ਮੈਂ ਕਦੇ ਖ਼ਾਲੀ ਹੁੰਦਾ ਭਾਵ ਕਿ ਮੇਰੀ ਕਾਰ ਖ਼ਾਲੀ ਹੁੰਦੀ ਤਾਂ ਮੈਂ ਇਨ੍ਹਾਂ ਸੜਕਾਂ ’ਤੇ ਕਾਰ ਖੜੀ ਕਰਕੇ ਅਖ਼ਬਾਰ ਜਾਂ ਕੋਈ ਰਸਾਲਾ ਪੜ੍ਹਨ ਲੱਗਦਾ ਤੇ ਕੰਟਰੋਲਰ ਨੂੰ ਆਪਣੇ ਉਥੇ ਹੋਣ ਦੀ ਖ਼ਬਰ ਦੇ ਦਿੰਦਾ। ਉਥੋਂ ਕੋਈ ਜੌਬ ਨਿਕਲਦੀ ਭਾਵ ਕਿ ਕੋਈ ਸਵਾਰੀ ਮਿਲਦੀ ਤਾਂ ਕੰਟਰੋਲਰ ਮੈਨੂੰ ਦੇ ਦਿੰਦਾ। ਅਜਿਹਾ ਘੱਟ ਹੀ ਹੋਇਆ ਸੀ ਕਿ ਮੈਂ ਬਹੁਤੀ ਦੇਰ ਖ਼ਾਲੀ ਖੜ੍ਹਿਆ ਹੋਵਾਂ। ਕੋਈ ਨਾ ਕੋਈ ਜੌਬ ਨਿਕਲ਼ ਹੀ ਆਉਂਦੀ। ਮੇਰੀ ਟੈਕਸੀ ਵਾਲੀ ਕਾਰ ਮੇਰੀ ਆਪਣੀ ਸੀ। ਮਿੰਨੀ ਕੈਬ ਲਈ ਵਿਸ਼ੇਸ਼ ਕਾਰਾਂ ਦੀ ਜ਼ਰੂਰਤ ਨਹੀਂ ਸੀ ਪੈਂਦੀ। ਸਾਧਾਰਨ ਕਾਰਾਂ ਉਪਰ ਹੀ ਏਰੀਅਲ ਲਗਾਓ ਤੇ ਟੈਕਸੀ ਬਣ ਜਾਂਦੀ। ਏਰੀਅਲ ਲਾਹ ਕੇ ਅੰਦਰ ਰੱਖ ਲਓ ਤਾਂ ਕਾਰ ਰਹਿ ਜਾਂਦੀ। ਜੇ ਕੰਮ ਕਰਨ ਦਾ ਮੂਡ ਨਹੀਂ ਰਿਹਾ ਤਾਂ ਏਰੀਅਲ ਲਾਹੋ ਤੇ ਘਰ ਨੂੰ ਜਾਓ। ਮੈਂ ਇਵੇਂ ਹੀ ਕਰਿਆ ਕਰਦਾ ਸਾਂ। ਕੰਮ ਖ਼ਤਮ ਕਰਨ ਵੇਲੇ ਵੀ ਦਫ਼ਤਰ ਵਿਚ ਬੈਠੇ ਕੰਟਰੋਲਰ ਨੂੰ ਦੱਸ ਦੇਣਾ ਅਤੇ ਕੰਮ ਸ਼ੁਰੂ ਕਰਨ ਸਮੇਂ ਵੀ ਖ਼ਬਰ ਕਰ ਦੇਣੀ ਕਿ ਮੈਂ ਕੰਮ ਆਰੰਭ ਕਰ ਦਿੱਤਾ ਹੈ ਤੇ ਕੰਟਰੋਲਰ ਨੇ ਤੁਹਾਨੂੰ ਅਗਲੀ ਜੌਬ ਲਈ ਕਿਊ ਵਿਚ ਲਗਾ ਦੇਣਾ। ‘ਸਨਰਾਈਜ਼ ਮਿੰਨੀ ਕੈਬ’ ਵਿਚ ਸਵੇਰ ਦੇ ਵਕਤ ਦਾ ਕੰਟਰੋਲਰ ਜੈਕ ਹੁੰਦਾ ਸੀ ਜਿਸ ਨਾਲ ਮੇਰੀ ਚੰਗੀ ਸੁਲਾਹ ਸੀ। ਉਹ ਮੇਰਾ ਧਿਆਨ ਰੱਖਦਾ ਤੇ ਮੈਨੂੰ ਵਿਹਲਾ ਨਾ ਬੈਠਣ ਦਿੰਦਾ। ਬਦਲੇ ਵਿਚ ਮੈਂ ਵੀ ਉਸ ਦਾ ਦਿਨ ਤਿਉਹਾਰ ਤੇ ਚੇਤਾ ਰੱਖਦਾ ਖ਼ਾਸ ਤੌਰ ’ਤੇ ਕ੍ਰਿਸਮਸ ’ਤੇ।
*****
ਚਲਦਾ
No comments:
Post a Comment