Saturday, March 26, 2011

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 24

ਕਾਂਡ 24

ਇਕ ਦਿਨ ਪ੍ਰਿਤਪਾਲ ਦਾ ਫ਼ੋਨ ਆਇਆ। ਪੁੱਛਣ ਲੱਗਿਆ, ਕੰਵਲ ਮੁੜ ਕੇ ਘਰ ਆਈ ਕਿ ਨਹੀਂ ਕਦੇ?

ਨਹੀਂ ਤਾਂ, ਕਿਉਂ?

ਕਿਸੇ ਨੂੰ ਹਫਤੇ ਲਈ ਇਕ ਰੂਮ ਚਾਹੀਦਾ ਸੀ।

ਸਿਰਫ਼ ਹਫ਼ਤੇ ਵਾਸਤੇ?

ਹਾਂ, ਸਾਡੇ ਕਿਸੇ ਕੁਲੀਗ ਨੇ ਵਾਪਸ ਆਪਣੇ ਮੁਲਕ ਚਲੇ ਜਾਣੈ, ਅਗਲੇ ਸੰਡੇ, ਪਰ ਉਹਦੇ ਲੈਂਡ ਲੌਰਡ ਨੇ ਉਹਦੇ ਕੋਲੋਂ ਫਲੈਟ ਅੱਜ ਈ ਖਾਲੀ ਕਰਾਉਣੈ, ਜੇ ਤੂੰ ਐਡਜਸਟ ਕਰ ਸਕਦੈਂ ਤਾਂ ਦੱਸ।

ਤੇਰਾ ਕੁਲੀਗ ਐ ਭੇਜ ਦੇ, ਐਡਜਸਟ ਕਰਨ ਨੂੰ ਕੀ ਐ!

ਇਕ ਹੋਰ ਗੱਲ।

ਉਹ ਵੀ ਦੱਸ।

ਮੇਰਾ ਕੁਲੀਗ ਇਕ ਔਰਤ ਐ, ਚਾਈਨੀ ਉਰੀਜ਼ਨ ਦੀ ਮਲੇਸ਼ੀਅਨ ਔਰਤ।

ਤੂੰ ਔਰਤਾਂ ਨੂੰ ਕੁਲੀਗ ਕਦੋਂ ਤੋਂ ਰੱਖਣ ਲੱਗ ਪਿਆਂ?

ਤੈਨੂੰ ਪਤਾ ਈ ਐ ਮੇਰਾ, ਏਨੀ ਹਿੰਮਤ ਮੇਰੇ ਵਿਚ ਕਿੱਥੋਂ ਐ, ਤੂੰ ਦੱਸ, ਭੇਜਾਂ?

ਭੇਜ ਦੇ, ਕੋਈ ਪ੍ਰੌਬਲਮ ਨਾ ਖੜੀ ਕਰਨ ਵਾਲੀ ਹੋਵੇ। ਮੈਂ ਤਾਂ ਹਰ ਵੇਲੇ ਮਿੰਨੀ ਕੈਬ ਤੇ ਈ ਰਹਿਣਾ।

ਮੈਂ ਫੋਰਡ ਵਿਚੋਂ ਕੰਮ ਛੱਡ ਕੇ ਕੈਬਿੰਗ ਸ਼ੁਰੂ ਕਰ ਦਿੱਤੀ ਸੀ। ਵਿਹਲੇ ਬੈਠ ਕੇ ਗੁਜ਼ਾਰਾ ਕਿਥੋਂ ਹੋਣਾ ਸੀ।

ਅਗਲੀ ਸ਼ਾਮ ਇਕ ਚੀਨੀ ਕੁੜੀ ਆਪਣੇ ਦੋ ਅਟੈਚੀ ਲੈ ਕੇ ਆ ਗਈ। ਮੈਂ ਦਰਵਾਜ਼ਾ ਖੋਹਲਿਆ ਤਾਂ ਕਹਿਣ ਲਗੀ, ਹੈਲੋ, ਮੈਂ ਬੀ ਆਂ, ਬੀਲਿੰਗ, ਪੌਲ ਦੀ ਦੋਸਤ।

-----

ਮੈਂ ਉਸ ਦਾ ਰਸਮੀ ਸਵਾਗਤ ਕਰਕੇ ਅੰਦਰ ਸੱਦਿਆ। ਉਸ ਦੇ ਅਟੈਚੀ ਫਰੰਟ ਰੂਮ ਵਿਚ ਲੈ ਆਂਦੇ। ਉਹ ਫਰੰਟ ਰੂਮ ਦੀਆਂ ਚੀਜ਼ਾਂ ਨੂੰ ਘੋਖਦੀ ਆਪਣੀ ਕਹਾਣੀ ਦੱਸਣ ਲੱਗੀ ਕਿ ਉਸ ਨੇ ਆਪਣੇ ਮਕਾਨ ਮਾਲਕ ਨੂੰ ਮਕਾਨ ਖ਼ਾਲੀ ਕਰਨ ਦਾ ਨੋਟਿਸ ਦੇ ਰੱਖਿਆ ਸੀ। ਪਰ ਵਕਤ ਸਿਰ ਸੀਟ ਬੁੱਕ ਨਾ ਕਰਾਈ ਹੋਣ ਕਰਕੇ ਉਸ ਦੀ ਬੁਕਿੰਗ ਲੇਟ ਹੋਈ। ਉਧਰੋਂ ਮਕਾਨ ਵਿਚ ਨਵੇਂ ਕਿਰਾਏਦਾਰ ਆ ਜਾਣ ਕਾਰਨ ਉਸ ਨੂੰ ਖ਼ਾਲੀ ਕਰਨਾ ਪਿਆ ਤੇ ਉਹ ਮੁਸੀਬਤ ਵਿਚ ਫਸ ਗਈ। ਉਹ ਪ੍ਰਿਤਪਾਲ ਦੀ ਤਾਰੀਫ਼ ਕਰੀ ਜਾ ਰਹੀ ਸੀ ਜੋ ਕਿ ਔਖੇ ਵਕਤ ਬਹੁੜਿਆ।

ਬੀ ਗਠੀਲੇ ਸਰੀਰ ਦੀ ਚੁਸਤ ਕੁੜੀ ਸੀ। ਉਸ ਦੇ ਅੰਦਰ ਮੈਨੂੰ ਖਾਸ ਖਿੱਚ ਦਿੱਸ ਰਹੀ ਸੀ। ਮੈਨੂੰ ਉਹ ਮਲੇਸ਼ੀਆ ਬਾਰੇ ਗੱਲਾਂ ਦੱਸਣ ਲਗੀ ਕਿ ਉਸ ਦੇ ਪਿਤਾ ਦਾ ਆਪਣਾ ਸਿਨਮਾ ਸੀ ਜਿਥੇ ਉਹ ਹਿੰਦੀ ਫ਼ਿਲਮਾਂ ਚਲਾਉਂਦੇ ਸਨ। ਹਿੰਦੀ ਦੇ ਕਈ ਸ਼ਬਦ ਉਹ ਬੋਲ ਲੈਂਦੀ ਸੀ। ਰਾਤ ਪੈਂਦੀ ਦੇਖ ਕੇ ਮੈਂ ਪੁੱਛਿਆ, ਬੀ ਕੀ ਖਾਵੇਂਗੀ?

ਬਹੁਤ ਕੁਝ ਨਹੀਂ, ਕੀ ਬਣਾ ਰਿਹੈ?

ਮੈਨੂੰ ਕੁਝ ਨਹੀਂ ਬਣਾਉਣਾ ਆਉਂਦਾ, ਮੈਂ ਤਾਂ ਟੇਕ ਅਵੇਅ ਹੀ ਲਿਔਨਾ ਹੁੰਨਾਂ।

ਉਹ ਰਸੋਈ ਵਿਚ ਗਈ। ਫਰੀਜ਼ਰ ਖੋਹਲਿਆ। ਕੰਵਲ ਦੇ ਵੇਲੇ ਦਾ ਸਾਮਾਨ ਹੀ ਪਿਆ ਸੀ। ਉਹ ਹੀ ਕੰਮ ਤੋਂ ਆਉਂਦੀ ਸ਼ੌਪਿੰਗ ਕਰ ਲਿਆ ਕਰਦੀ ਸੀ। ਬੀ ਅਲਮਾਰੀਆਂ ਖੋਹਲ ਕੇ ਦੇਖਣ ਲੱਗੀ ਕਿ ਘਰ ਵਿਚ ਹੋਰ ਕੀ-ਕੀ ਸੀ। ਸਭ ਕੁਝ ਨਿਰਖ ਪਰਖ ਕੇ ਬੋਲੀ, ਤੂੰ ਆਰਾਮ ਨਾਲ ਬਹਿ ਜਾ, ਅੱਜ ਤੇਰੇ ਲਈ ਮੈਂ ਪਕਾਵਾਂਗੀ।

-----

ਮੈਂ ਉਸ ਨੂੰ ਬਕਾਰਡੀ ਕੋਕ ਪਾ ਕੇ ਗਲਾਸ ਫੜਾਇਆ। ਉਹ ਪੀਂਦੀ ਰਹੀ ਤੇ ਨਾਲ ਹੀ ਖਾਣਾ ਬਣਾਉਂਦੀ ਰਹੀ। ਉਸ ਨੇ ਚਾਈਨੀ ਤਰੀਕੇ ਨਾਲ ਮੱਛੀ ਚੌਲ਼ ਬਣਾਏ। ਇੰਨਾ ਸਵਾਦੀ ਖਾਣਾ ਮੈਂ ਪਹਿਲੀ ਵਾਰ ਖਾ ਰਿਹਾ ਸਾਂ। ਕੰਵਲ ਖਾਣਿਆਂ ਵਿਚ ਇੰਨੀ ਮਾਹਰ ਨਹੀਂ ਸੀ। ਮੈਨੂੰ ਬੀ ਦੀ ਘਰ ਵਿਚ ਹਾਜ਼ਰੀ ਬਹੁਤ ਚੰਗੀ ਲੱਗ ਰਹੀ ਸੀ। ਕੰਵਲ ਤੋਂ ਬਾਅਦ ਕੋਈ ਔਰਤ ਮੇਰੇ ਇੰਨਾ ਕਰੀਬ-ਕਰੀਬ ਪਹਿਲੀ ਵਾਰ ਘੁੰਮ ਰਹੀ ਸੀ। ਬੀ ਗੱਲਾਂ ਬਾਤਾਂ ਤੋਂ ਬਹੁਤ ਹੁਸ਼ਿਆਰ ਜਾਪਦੀ। ਵਰਕਿੰਗ ਵੀਜ਼ੇ ਤੇ ਕੁਝ ਸਾਲ ਰਹਿ ਕੇ ਵਾਪਸ ਜਾ ਰਹੀ ਸੀ। ਉਹ ਮੇਰੇ ਜਿੰਨੀ ਬਕਾਰਡੀ ਹੀ ਪੀ ਗਈ। ਮੈਂ ਜੋ ਵੀ ਪਾਉਂਦਾ ਉਹ ਪੀ ਜਾਂਦੀ, ਨਾਂਹ ਕਰਦੀ ਹੀ ਨਹੀਂ ਸੀ।

-----

ਰਾਤ ਨੂੰ ਸੌਣ ਵੇਲੇ ਉਸ ਨੂੰ ਬੈੱਡਰੂਮ ਦਿਖਾ ਦਿੱਤਾ। ਮੈਂ ਕਮਰੇ ਦੇ ਦਰਾਂ ਵਿਚ ਖੜ੍ਹ ਕੇ ਪੁੱਛਿਆ, ਬੀ, ਤੈਨੂੰ ਗੁੱਡ ਨਾਈਟ ਕਹਾਂ? ....ਜਾਂ ਕਹਾਂ ਮੇਰੇ ਕਮਰੇ ਵਿਚ ਚਲ ਜਾਂ ਤੂੰ ਕਹੇਂਗੀ ਕਿ ਮੇਰੇ ਕਮਰੇ ਵਿਚ ਰਹਿ ਜਾ?

ਉਹ ਕੁਝ ਨਾ ਬੋਲੀ, ਮੁਸਕਰਾਈ ਤੇ ਹੱਥ ਮੇਰੇ ਵੱਲ ਵਧਾ ਦਿੱਤਾ।

ਬੀ ਨੇ ਹਫ਼ਤਾ ਰਹਿਣਾ ਸੀ ਪਰ ਚਾਰ ਹਫਤੇ ਰਹਿ ਗਈ। ਪਹਿਲਾਂ ਮੈਂ ਜ਼ਿਆਦਾ ਦੇਰ ਟੈਕਸੀ ਕਰਦਾ ਰਹਿੰਦਾ ਸੀ ਪਰ ਹੁਣ ਉਸ ਨਾਲ ਘੁੰਮਦਾ ਫਿਰਦਾ। ਮੈਨੂੰ ਕੰਵਲ ਦਾ ਦਰਦ ਘੱਟ ਲੱਗਦਾ ਸਗੋਂ ਖ਼ੁਸ਼ੀ ਹੁੰਦੀ ਕਿ ਕੰਵਲ ਦੀ ਸਜ਼ਾ ਇਹੋ ਸੀ। ਨਾ ਉਹ ਛੱਡ ਕੇ ਗਈ ਹੁੰਦੀ, ਨਾ ਮੈਂ ਬੀ ਨਾਲ ਦੋਸਤੀ ਪਾਉਂਦਾ।

ਇੰਨੇ ਦਿਨਾਂ ਵਿਚ ਕੰਵਲ ਦਾ ਫੋਨ ਵੀ ਨਹੀਂ ਆਇਆ। ਮੈਂ ਮਨ ਵਿਚ ਹੱਸਦਾ ਕਿ ਉਸ ਦਿਨ ਵਾਲੀ ਸ਼ੌਪਿੰਗ ਖ਼ਤਮ ਹੋਵੇਗੀ ਤਾਂ ਹੀ ਫੋਨ ਕਰੇਗੀ।

ਜਿੰਨੇ ਦਿਨ ਬੀ ਰਹੀ ਮੇਰਾ ਧਿਆਨ ਵੀ ਕੰਵਲ ਵੱਲ ਨਾ ਗਿਆ। ਬੀ ਚਲੇ ਗਈ। ਇਕ ਹਫ਼ਤਾ ਤਾਂ ਉਵੇਂ ਹੀ ਆਨੰਦਿਤ ਰਿਹਾ। ਪ੍ਰਿਤਪਾਲ ਦਾ ਫੋਨ ਆਇਆ। ਉਹ ਕਹਿਣ ਲੱਗਾ, ‘‘ਵੱਡਿਆ, ਚੰਗਾ ਯਾਰ ਨਿਰਮੋਹਾ ਹੋ ਗਿਐਂ, ਘੱਟੋ-ਘੱਟ ਮੇਰਾ ਥੈਂਕਯੂ ਈ ਕਰ ਦਿੰਦਾ।’’

-----

ਕੰਵਲ ਦਾ ਫੋਨ ਆਏ ਨੂੰ ਵਾਹਵਾ ਦੇਰ ਹੋ ਗਈ ਸੀ। ਮੈਨੂੰ ਉਡੀਕ ਸੀ ਕਿ ਖ਼ਰਚੇ ਲਈ ਫੋਨ ਕਰਨ ਵਾਲੀ ਹੀ ਹੋਵੇਗੀ। ਇੰਨੇ ਚਿਰ ਵਿਚ ਤਾਂ ਕਰ ਦਿਆ ਕਰਦੀ ਸੀ। ਇਕ ਦਿਨ ਮੈਂ ਘਰ ਮੁੜਿਆ ਤਾਂ ਦੇਖਿਆ ਕਿ ਕੰਵਲ ਵੱਲੋਂ ਘਰ ਵੇਚ ਦੇਣ ਦਾ ਨੋਟਿਸ ਆਇਆ ਪਿਆ ਸੀ। ਇਕ ਵਾਰ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰ ਮੈਂ ਸੰਭਲ ਗਿਆ। ਗੱਲ ਇਥੇ ਤਕ ਪਹੁੰਚੀ ਸੀ ਤਾਂ ਇਹ ਵੀ ਹੋਣਾ ਹੀ ਸੀ। ਘੁੰਮ ਘੁੰਮਾ ਕੇ ਉਨ੍ਹਾਂ ਦੀ ਅੱਖ ਘਰ ਉਪਰ ਹੋਣੀ ਹੀ ਸੀ। ਇਸ ਨੂੰ ਵੇਚਿਆਂ ਵਿਚੋਂ ਕੁਝ ਪੈਸੇ ਨਿਕਲਣੇ ਹੀ ਸਨ। ਮੈਂ ਸਭ ਕੁਝ ਭੁੱਲ ਕੇ ਆਪਣੇ ਭਵਿੱਖ ਬਾਰੇ ਸੋਚਣ ਲੱਗਿਆ।

-----

ਸਭ ਤੋਂ ਸੌਖਾ ਤੇ ਸਿੱਧਾ ਰਸਤਾ ਸੀ ਕਿ ਪ੍ਰਿਤਪਾਲ ਦੇ ਘਰ ਚਲਿਆ ਜਾਵਾਂ। ਇਕ ਕਮਰੇ ਵਿਚ ਉਸ ਦੇ ਮੁੰਡੇ ਸੌਂਦੇ ਸਨ, ਇਕ ਵਿਚ ਉਹ ਦੋਵੇਂ ਤੇ ਇਕ ਕਮਰਾ ਖ਼ਾਲੀ ਸੀ ਜਿਥੇ ਮੈਂ ਗੁਜ਼ਾਰਾ ਕਰ ਸਕਦਾ। ਸ਼ੈਰਨ ਦਾ ਸੁਭਾਅ ਵੀ ਮੇਰੇ ਲਈ ਠੀਕ ਸੀ। ਪਰ ਇਵੇਂ ਜਾ ਕੇ ਉਥੇ ਰਹਿਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਸਿੱਧਾ ਦਖਲ ਬਣ ਜਾਣਾ ਸੀ। ਪਤੀ-ਪਤਨੀ ਦੇ ਸੌ ਪਰਦੇ ਹੋਣਗੇ, ਇਹ ਮੈਨੂੰ ਸਹੀ ਨਾ ਜਾਪਿਆ। ਫਿਰ ਸੋਚਿਆ ਕਿ ਪ੍ਰਿਤਪਾਲ ਨੂੰ ਕਹਾਂਗਾ ਕਿ ਸਾਊਥਾਲ ਹੀ ਕੋਈ ਕਮਰਾ ਜਾਂ ਫਲੈਟ ਮੇਰੇ ਲਈ ਲੱਭ ਦੇਵੇ, ਇਹ ਇਲਾਕਾ, ਜਿਸ ਨਾਲ ਯਾਦਾਂ ਜੁੜੀਆਂ ਹੋਈਆਂ ਸਨ, ਹੀ ਛੱਡ ਦੇਵਾਂ। ਫਿਰ ਮੇਰੇ ਮਨ ਵਿਚ ਪਤਾ ਨਹੀਂ ਕੀ ਆਇਆ ਕਿ ਮੈਂ ਹੌਲੋਵੇਅ ਰੋਡ ਉਪਰ ਇਕ ਫਲੈਟ ਕਿਰਾਏ ਤੇ ਲੈ ਲਿਆ ਤੇ ਘਰ ਵਿਕਣ ਤੋਂ ਪਹਿਲਾਂ ਹੀ ਉਥੇ ਚਲਿਆ ਗਿਆ। ਮੇਰੇ ਅੰਦਰ ਕਿਸੇ ਕੋਨੇ ਇਹ ਗੱਲ ਬੈਠੀ ਸੀ ਕਿ ਸ਼ਾਇਦ ਕੰਵਲ ਮੁੜਨਾ ਚਾਹੇ, ਜੇ ਮੈਂ ਦੂਰ ਰਹਿੰਦਾ ਹੋਇਆ ਤਾਂ ਕਿਵੇਂ ਆਵੇਗੀ। ਫਿਰ ਨੇੜੇ ਹੋਵਾਂਗਾ ਤਾਂ ਕਦੇ ਪ੍ਰਤਿਭਾ ਨੂੰ ਵੀ ਦੇਖ ਸਕਾਂਗਾ।

-----

ਘਰ ਵਿਕਣ ਵਾਲੀ ਗੱਲ ਬੜੀ ਤਕਲੀਫ਼ਦੇਹ ਸੀ ਪਰ ਮੈਂ ਪ੍ਰਿਤਪਾਲ ਨੂੰ ਨਾ ਦੱਸੀ ਤੇ ਆਪ ਹੀ ਕੁਝ ਦੇਰ ਸ਼ਰਾਬ ਪੀ ਕੇ ਇਸ ਨੂੰ ਬਰਦਾਸ਼ਤ ਕਰ ਲਿਆ। ਮੈਨੂੰ ਪਤਾ ਸੀ ਕਿ ਪ੍ਰਿਤਪਾਲ ਵੀ ਦੁਖੀ ਹੋਵੇਗਾ ਤੇ ਮੇਰੇ ਨਾਲ ਰਲ਼ ਕੇ ਨਸ਼ੇ ਵਿਚ ਡੁੱਬਿਆ ਰਹੇਗਾ ਤੇ ਕੰਮ ਤੇ ਵੀ ਨਹੀਂ ਜਾਵੇਗਾ। ਪ੍ਰਿਤਪਾਲ ਨੂੰ ਉਸੇ ਦਿਨ ਪਤਾ ਚੱਲਿਆ ਜਿਸ ਦਿਨ ਭਗਵੰਤ ਮੇਰੇ ਹਿੱਸੇ ਦਾ ਸਾਮਾਨ ਛੱਡਣ ਉਸ ਦੇ ਘਰ ਗਿਆ। ਮੈਨੂੰ ਨਹੀਂ ਸੀ ਪਤਾ ਕਿ ਕੰਵਲ ਇਵੇਂ ਕਰੇਗੀ ਕਿ ਮੇਰਾ ਸਾਮਾਨ ਪ੍ਰਿਤਪਾਲ ਦੇ ਘਰ ਭੇਜ ਦੇਵੇਗੀ। ਸਾਮਾਨ ਦੇਖ ਕੇ ਪ੍ਰਿਤਪਾਲ ਵੀ ਬਹੁਤ ਉਦਾਸ ਹੋ ਜਾਂਦਾ। ਮੈਂ ਉਸ ਨੂੰ ਕਹਿੰਦਾ, ‘‘ਛੋਟਿਆ, ਤੂੰ ਤਾਂ ਏਦਾਂ ਓਦਰ ਗਿਆਂ ਜਿਦਾਂ ਕੁੜੀ ਦਾ ਦਾਜ ਮੁੜ ਆਇਆ ਹੋਵੇ।’’

‘‘ਓ ਯਾਰ ਇਹ ਮੁਲਕ ਸਾਲ਼ਾ ਉਲਟਾ ਐ, ਭਲਾ ਇਹ ਗੱਲਾਂ ਪਹਿਲਾਂ ਕਦੇ ਸੁਣੀਆਂ ਸੀ, ਚਲ ਤੂੰ ਫ਼ਿਕਰ ਨਾ ਕਰ ਮੈਂ ਤੇਰੇ ਲਈ ਛੇਤੀ ਈ ਕਿਸੇ ਬੀਲਿੰਗ ਦਾ ਇੰਤਜ਼ਾਮ ਕਰਦਾਂ।’’ ਕਹਿ ਕੇ ਉਹ ਅੱਖਾਂ ਰਾਹੀਂ ਹੱਸਦਾ। ਅਸੀਂ ਅਜਿਹੀਆਂ ਗੱਲਾਂ ਕਰਦੇ ਪੀਣ ਲੱਗਦੇ। ਮੈਨੂੰ ਇਹ ਵੀ ਫ਼ਿਕਰ ਰਹਿੰਦਾ ਕਿ ਸ਼ਰਾਬ ਡੈਪਰੈਸ਼ਨ ਵੀ ਪੈਦਾ ਕਰ ਸਕਦੀ ਸੀ। ਡੈਪਰੈਸ਼ਨ, ਜਿਸ ਨੂੰ ਮੈਂ ਬਿਮਾਰੀ ਨਹੀਂ ਪਾਖੰਡ ਮੰਨਿਆ ਕਰਦਾ ਸਾਂ ਹੁਣ ਮਹਿਸੂਸ ਹੋਣ ਲੱਗਿਆ ਸੀ ਕਿ ਇਹ ਤਾਂ ਬਹੁਤ ਖ਼ਤਰਨਾਕ ਬਿਮਾਰੀ ਸੀ। ਭਾਵੇਂ ਇਹ ਆਪ ਸਹੇੜੀ ਬਿਮਾਰੀ ਸੀ ਪਰ ਭੈੜੀ ਸੀ। ਸ਼ਰਾਬ ਪੀ ਕੇ ਬੰਦਾ ਆਪਣੇ ਆਪ ਨੂੰ ਮਨਫ਼ੀ ਕਰਨ ਬਾਰੇ ਸੋਚਣ ਲੱਗਦਾ ਹੈ ਖ਼ਾਸ ਤੌਰ ਤੇ ਮੇਰੇ ਵਰਗੇ ਹਾਲਾਤਾਂ ਵਿਚ। ਮੈਂ ਆਪਣੀ ਜ਼ਿੰਦਗੀ ਦੀ ਦਿਸ਼ਾ ਮੋੜਨੀ ਸ਼ੁਰੂ ਕਰ ਦਿੱਤੀ। ਮੈਂ ਮੁੜ ਕੇ ਵਰਜਿਸ਼ ਸ਼ੁਰੂ ਕਰ ਦਿੱਤੀ। ਲਗਾਤਾਰ ਲਾਇਬਰੇਰੀ ਜਾਣ ਦਾ ਸਮਾਂ ਬੰਨਲਿਆ। ਕੰਮ ਕਰਨ ਦੇ ਘੰਟੇ ਵੀ ਨਿਸ਼ਚਤ ਕਰ ਲਏ ਕਿ ਇੰਨੇ ਤੋਂ ਇੰਨੇ ਘੰਟੇ ਕੰਮ ਕਰਨਾ ਤੇ ਫਲਾਨੇ ਦਿਨ ਛੁੱਟੀ। ਮਿੰਨੀ ਕੈਬ ਵਿਚ ਹੀ ਕੰਮ ਕਰਦੀ ਮੀਨਾ ਨਾਲ ਦੋਸਤੀ ਵਧਾ ਲਈ। ਕਦੇ-ਕਦੇ ਮੈਨੂੰ ਖ਼ੁਸ਼ੀ ਹੁੰਦੀ ਕਿ ਮੈਂ ਆਪਣੇ ਆਪ ਨੂੰ ਸਾਂਭ ਲਿਆ ਸੀ। ਕਈ ਵਾਰ ਮੇਰੇ ਕੋਲੋਂ ਆਪਣੇ ਆਪ ਨੂੰ ਕਹਿ ਹੋ ਜਾਂਦਾ- ‘‘ਜਾਨ, ਤੂੰ ਇੰਦਰ ਸੂੰਹ ਨੂੰ ਇੰਦਰ ਸੂੰਹ ਵਿਚੋਂ ਖਾਰਜ ਨਹੀਂ ਕਰ ਸਕਦੀ।’’

-----

ਅਗਲਾ ਝਟਕਾ ਮੈਨੂੰ ਉਦੋਂ ਲੱਗਿਆ ਜਦੋਂ ਤਲਾਕ ਦਾ ਨੋਟਿਸ ਆ ਗਿਆ। ਹੁਣ ਮੇਰੀ ਡਾਕ ਪ੍ਰਿਤਪਾਲ ਘਰ ਆਉਂਦੀ ਪਰ ਉਹ ਖੋਲ੍ਹਦਾ ਨਹੀਂ ਸੀ। ਮੇਰਾ ਜਦ ਵਕਤ ਲੱਗਦਾ ਜਾ ਕੇ ਲੈ ਆਉਂਦਾ। ਮੈਂ ਚਾਹੁੰਦਾ ਸਾਂ ਕਿ ਇਸ ਝਟਕੇ ਨੂੰ ਇਕੱਲਾ ਹੀ ਝੱਲਾਂ, ਪ੍ਰਿਤਪਾਲ ਨੂੰ ਨਾ ਦੱਸਾਂ। ਪਰ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ। ਇਕ ਦਿਨ ਜ਼ਿਆਦਾ ਸ਼ਰਾਬ ਪੀ ਕੇ ਉਸ ਨੂੰ ਫੋਨ ਕਰ ਹੀ ਦਿੱਤਾ। ਉਹ ਉਸੇ ਵੇਲੇ ਆ ਗਿਆ ਤੇ ਮੈਨੂੰ ਆਪਣੇ ਨਾਲ ਸਾਊਥਾਲ ਲੈ ਗਿਆ। ਅਸੀਂ ਕੁਝ ਦਿਨ ਰਲ਼ ਕੇ ਸ਼ਰਾਬ ਵਿਚ ਗੜੁੱਚ ਰਹੇ। ਕੰਵਲ ਨੇ ਤਲਾਕ ਲਈ ਅਰਜ਼ੀ ਦਿੱਤੀ ਸੀ। ਕਿੰਨਾ ਕੁਝ ਝੂਠ ਬੋਲ ਕੇ ਤਲਾਕ ਦੀ ਗਰਾਊਂਡ ਬਣਾਈ ਸੀ। ਮੇਰਾ ਦਿਲ ਕਰਦਾ ਕਿ ਤਲਾਕ ਦਾ ਕੇਸ ਲੜਾਂ ਤੇ ਉਸ ਨੂੰ ਤਲਾਕ ਨਾ ਲੈਣ ਦੇਵਾਂ। ਮੈਂ ਪ੍ਰਿਤਪਾਲ ਨੂੰ ਕਿਹਾ, ‘‘ਛੋਟੇ, ਇਹ ਔਰਤ ਸ਼ਰੇਆਮ ਝੂਠ ਬੋਲੀ ਜਾਂਦੀ ਐ ਕਿ ਮੈਂ ਏਹਦੇ ਨਾਲ ਮਾੜਾ ਬਿਹੇਵ ਕੀਤੈ, ਇਹਨੂੰ ਟੈਲੀ ਨਹੀਂ ਦੇਖਣ ਦਿੱਤਾ, ਇਹਨੂੰ ਨਹਾਉਣ ਲਈ ਗਰਮ ਪਾਣੀ ਨਹੀਂ ਦਿੱਤਾ, ਇਹਨੂੰ ਬਹੁਤ ਮਾਰਦਾ ਰਿਹਾਂ, ਮੈਂ ਕੇਸ ਡਿਫੈਂਡ ਕਰਨੈ, ਮੈਂ ਕੋਰਟ ਵਿਚ ਦੱਸੂੰ ਕਿ ਇਹ ਸਭ ਝੂਠ ਐ।’’

‘‘ਵੱਡੇ, ਓਹਨੇ ਤਲਾਕ ਲੈਣਾਂ ਤੇ ਓਹਦੇ ਲਈ ਗਰਾਊਂਡ ਚਾਹੀਦੀ ਐ, ਜੇ ਤੂੰ ਹੁਣ ਰੋਕ ਵੀ ਲਵੇਂ ਤਾਂ ਦੋ ਸਾਲ ਬਾਅਦ ਐਟੋਮੈਟਿਕ ਹੋ ਜਾਊ, ਨਾਲੇ ਫਿਰ ਤਲਾਕ ਨੂੰ ਤੂੰ ਕਾਹਨੂੰ ਰੋਕਣੈ, ਉਹਨੂੰ ਐਸ਼ ਕਰਨ ਦੇ, ਤੇਰਾ ਅਸੀਂ ਹੁਣ ਗੱਜ ਵੱਜ ਕੇ ਵਿਆਹ ਕਰਾਂਗੇ, ਸੂਬੇਦਾਰ ਦਾ ਪੁੱਤ ਘੋੜੀ ਚੜੂ।’’

ਮੈਂ ਅਰਜ਼ੀ ਤੇ ਆਪਣੀ ਸਹਿਮਤੀ ਦੇ ਦਿੱਤੀ ਤੇ ਉਹ ਇਲਾਕਾ ਛੱਡ ਦੇਣ ਦਾ ਫੈਸਲਾ ਕਰ ਲਿਆ। ਹੁਣ ਕੰਵਲ ਦੀ ਉਡੀਕ ਕਰਨੀ ਬੇਮੈਅਨੇ ਸੀ। ਪ੍ਰਤਿਭਾ ਨੂੰ ਮਿਲਣ ਦੇਣਾ ਵੀ ਉਸ ਦੇ ਹੱਥ ਵਿਚ ਸੀ। ਮੈਂ ਈ¦ਿਗ ਫਲੈਟ ਲੈ ਲਿਆ। ਪ੍ਰਤਿਭਾ ਦੇ ਤੀਹ ਪੌਂਡ ਹਫ਼ਤੇ ਦੇ ਖ਼ਰਚੇ ਵਜੋਂ ਆਪਣੀ ਮਰਜ਼ੀ ਨਾਲ ਬੰਨ੍ਹ ਦਿੱਤੇ। ਸਿੱਧੇ ਬੈਂਕ ਵਿਚ ਕਰਵਾ ਦਿੱਤੇ।

ਤਲਾਕ ਦੀ ਡਿਗਰੀ ਪ੍ਰਿਤਪਾਲ ਦੇ ਘਰ ਪਹੁੰਚੀ ਤਾਂ ਮੈਂ ਸੋਚਿਆ ਕਿ ਕੰਵਲ ਨੂੰ ਫੋਨ ਕਰਕੇ ਤਲਾਕ ਦੀ ਮੁਬਾਰਕਵਾਦ ਹੀ ਦੇ ਲਵਾਂ। ਉਹ ਰੋਣ ਲੱਗ ਪਈ ਤੇ ਬੋਲੀ, ‘‘ਰਵੀ ਮੈਨੂੰ ਨਹੀਂ ਚਾਹੀਦਾ ਤਲਾਕ, ਇਹ ਸੂਜੀ ਬੈਰੀਮਨ ਦੀ ਮਿਸਟੇਕ ਐ, ਮੈਨੂੰ ਤਲਾਕ ਨਹੀਂ, ਤੇਰੀ ਲੋੜ ਐ, ਇਹ ਤਲਾਕ ਦੀ ਪਹਿਲੀ ਡਿਗਰੀ ਈ ਐ।’’

‘‘ਫਿਰ ਟੈਕਸੀ ਫੜ ਤੇ ਆ ਜਾ ਮੇਰੇ ਕੋਲ।’’

‘‘ਰਵੀ, ਮੇਰੇ ਡੈਡੀ ਹਾਲੇ ਠੀਕ ਨਹੀਂ, ਹਾਲੇ ਨਹੀਂ ਆ ਸਕਣਾ।’’

ਮੈਂ ਕੁਝ ਨਾ ਕਿਹਾ। ਉਸ ਨੇ ਫਿਰ ਕਿਹਾ, ‘‘ਰਵੀ, ਮੈਂ ਅੱਜ ਈ ਸੂਜੀ ਬੈਰੀਮਨ ਨੂੰ ਫੋਨ ਕਰਕੇ ਇਹ ਤਲਾਕ ਕੈਂਸਲ ਕਰਵਾ ਰਹੀ ਹਾਂ, ਆਏ ਲਵ ਯੂ ਰਵੀ।’’

-----

ਮੈਂ ਫੋਨ ਰੱਖਿਆ। ਇਕ ਵਾਰ ਤਾਂ ਮੈਨੂੰ ਲੱਗਿਆ ਕਿ ਕੰਵਲ ਮੁੜ ਮੇਰੇ ਪੈਰਾਂ ਵਿਚ ਜ਼ੰਜੀਰਾਂ ਪਾ ਰਹੀ ਸੀ। ਇਸ ਤੋਂ ਮਗਰੋਂ ਕੰਵਲ ਨਾਲ ਫੋਨ ਤੇ ਅਕਸਰ ਗੱਲਾਂ ਹੋਣ ਲੱਗੀਆਂ। ਉਹ ਖ਼ੁਸ਼ ਹੁੰਦੀ। ਕਦੇ ਮੈਨੂੰ ਇਹ ਵੀ ਲੱਗਦਾ ਕਿ ਸਾਡੇ ਸੰਬੰਧਾਂ ਵਿਚ ਐਡੀ ਵੱਡੀ ਦਰਾੜ ਪੈ ਚੁੱਕੀ ਸੀ ਕਿ ਇਸ ਨੂੰ ਭਰਨਾ ਮੁਸ਼ਕਲ ਸੀ, ਮੁੜ ਫਿਰ ਮੈਂ ਸੋਚਣ ਲੱਗਦਾ ਕਿ ਹੁਣ ਜ਼ਮਾਨਾ ਬਦਲ ਚੁੱਕਾ ਹੈ, ਪਤੀ-ਪਤਨੀ ਦਾ ਰਿਸ਼ਤਾ ਦੋ ਤਰਫ਼ਾ ਹੈ। ਉਸ ਦੇ ਵੀ ਹੱਕ ਹਨ, ਮਰਜ਼ੀਆਂ ਹਨ। ਇਹ ਸੋਚਦਿਆਂ ਤੇ ਆਪਣਾ ਪਿਆਰ ਸਾਹਮਣੇ ਰੱਖਦਿਆਂ ਇਹ ਦਰਾੜ, ਇਹ ਖਾਈ ਵੱਡੀ ਚੀਜ਼ ਨਹੀਂ। ਭਰ ਜਾਵੇਗੀ। ਨਿਸ਼ਾਨ ਵੀ ਮਿਟ ਜਾਣਗੇ। ਕੁਝ ਵਕਤ ਲੱਗੇਗਾ। ਸਭ ਸਾਡੇ ਵੱਸ ਵਿਚ ਹੀ ਹੁੰਦਾ ਹੈ।

ਛੇ ਹਫ਼ਤੇ ਲੰਘੇ ਤਾਂ ਦੂਜੀ ਡਿਗਰੀ ਭਾਵ ਫਾਈਨਲ ਡਿਗਰੀ ਵੀ ਆ ਗਈ। ਮੈਂ ਸੋਚਿਆ ਕਿ ਚਲੋ ਫਾਤਿਆ ਪੜ੍ਹਿਆ ਗਿਆ। ਮੈਂ ਇਕ ਵਾਰ ਪ੍ਰਤਿਭਾ ਨੂੰ ਦੇਖਣਾ ਚਾਹੁੰਦਾ ਸਾਂ। ਮੁੜ ਕੇ ਪਤਾ ਨਹੀਂ ਉਹ ਮੈਨੂੰ ਕਦੋਂ ਮਿਲੇਗੀ। ਮੈਨੂੰ ਪਛਾਣੇਗੀ ਵੀ ਜਾਂ ਨਹੀਂ। ਇਕ ਵਾਰ ਉਸ ਨੂੰ ਦੇਖ ਲਵਾਂ ਤੇ ਕੰਵਲ ਨੂੰ ਅਲਵਿਦਾ ਕਹਿ ਲਵਾਂ। ਫਿਰ ਸੋਚਦਾਂ ਕਿ ਛੱਡਾਂ ਪਰ੍ਹੇ। ਜਿਸ ਪਿੰਡ ਹੀ ਨਹੀਂ ਜਾਣਾ ਉਹਦੇ ਰਾਹ ਵੀ ਕੀ ਪੈਣਾ। ਦੁਚਿੱਤੀ ਵਿਚ ਪਏ-ਪਏ ਕਾਰ ਦਾ ਸਟੇਅਰਿੰਗ ਟੌਟਨਹੈਮ ਵੱਲ ਘੁੰਮ ਹੀ ਗਿਆ। ਪਾਰਕ ਐਵੇਨਿਯੂ ਤੇ ਪੁੱਜ ਗਿਆ। ਕੰਵਲ ਬਹੁਤ ਪਿਆਰ ਨਾਲ ਮਿਲੀ। ਜਿਵੇਂ ਮੈਨੂੰ ਹੀ ਉਡੀਕਦੀ ਬੈਠੀ ਸੀ। ਉਹ ਕਾਹਲੀ ਵਿਚ ਬੋਲੀ, ‘‘ਰਵੀ, ਸਭ ਗੜਬੜ ਹੋ ਗਈ, ਦੂਜੀ ਡਿਗਰੀ ਵੀ ਗ਼ਲਤੀ ਨਾਲ ਹੋ ਗਈ। ਮੈਂ ਵਕੀਲ ਨਾਲ ਗੱਲ ਕਰਦੀ ਸੀ, ਉਹ ਕਹਿੰਦੀ ਰਵੀ ਐਫੀਡੈਵਿਟ ਦੇ ਦੇਵੇ, ਤਲਾਕ ਕੈਂਸਲ ਹੋ ਜਾਵੇਗਾ, ਫ਼ਿਕਰ ਦੀ ਲੋੜ ਨਹੀਂ।’’

-----

ਮੈਂ ਪ੍ਰਤਿਭਾ ਨੂੰ ਇਕ ਵਾਰ ਗੋਦੀ ਚੁੱਕਿਆ, ਚੁੰਮਿਆ ਤੇ ਉਸ ਨੂੰ ਵਾਪਸ ਕਰ ਦਿੱਤਾ। ਕੰਵਲ ਹਾਲੇ ਵੀ ਕਹਿੰਦੀ ਜਾ ਰਹੀ ਸੀ, ‘‘ਰਵੀ, ਆਏ ਲਵ ਯੂ, ਆਏ ਡੌਂਟ ਵਾਂਟ ਡਾਇਵੋਰਸ, ਮੈਂ ਤੇਰੇ ਨਾਲ ਰਹਾਂਗੀ, ਬੱਸ ਜ਼ਰਾ ਡੈਡੀ ਠੀਕ ਹੋ ਲੇ।’’

ਉਸ ਦੀ ਸ਼ਕਲ ਦੇਖ ਕੇ ਮੇਰਾ ਹਾਸਾ ਛੁੱਟ ਗਿਆ। ਅਜਿਹਾ ਹਾਸਾ ਕਿ ਰੁਕਣ ਦਾ ਨਾਂ ਨਾ ਲਵੇ। ਮੈਂ ਹੱਸਦੇ ਹੋਏ ਨੇ ਕਾਰ ਤੋਰ ਲਈ। ਇੰਨਾ ਹੱਸਿਆ ਕਿ ਮੇਰੇ ਕੋਲੋਂ ਕਾਰ ਨਾ ਤੁਰੇ। ਅੱਗੇ ਆ ਕੇ ਇਕ ਪਾਸੇ ਕਾਰ ਖੜ੍ਹੀ ਕੀਤੀ ਤੇ ਰੋਣ ਲੱਗਿਆ। ਫਿਰ ਪਤਾ ਨਹੀਂ ਕਿੰਨੀ ਦੇਰ ਉਥੇ ਕਾਰ ਵਿਚ ਬੈਠਾ ਰੋਂਦਾ ਰਿਹਾ।

*****

ਚਲਦਾ


No comments: