Sunday, December 5, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ –23

ਕਾਂਡ 23

ਇਨ੍ਹਾਂ ਦਿਨਾਂ ਵਿਚ ਹੀ ਇੰਡੀਆ ਤੋਂ ਮਾਂ ਆ ਗਈ। ਪ੍ਰਿਤਪਾਲ ਕਿੰਨੇ ਹੀ ਚਿਰ ਤੋਂ ਮਾਂ ਨੂੰ ਸੱਦਣ ਦਾ ਪ੍ਰੋਗਰਾਮ ਬਣਾ ਰਿਹਾ ਸੀ ਪਰ ਮੈਂ ਹੀ ਟਾਲ਼ ਦਿੰਦਾ ਸਾਂ। ਕੰਵਲ ਨਾਲ ਮਾਂ ਦੇ ਆਉਣ ਬਾਰੇ ਗੱਲ ਕਰਦਾ ਤਾਂ ਉਹ ਵੀ ਹੁੰਘਾਰਾ ਨਾ ਭਰਦੀ। ਪ੍ਰਿਤਪਾਲ ਨਾ ਰੁਕਿਆ ਤੇ ਉਸਨੇ ਮਾਂ ਦੀ ਰਾਹਦਾਰੀ ਤੇ ਟਿਕਟ ਭੇਜ ਦਿੱਤੇ ਸਨ। ਮਾਂ ਦੇ ਆਉਣ ਦਾ ਸੁਣ ਕੇ ਹੀ ਕੰਵਲ ਦਾ ਰੰਗ ਉੱਡ ਗਿਆ। ਜਿਵੇਂ ਮਾਂ ਨਹੀਂ ਕੋਈ ਮੁਸੀਬਤ ਆ ਰਹੀ ਹੋਵੇ। ਉਹ ਇਥੋਂ ਤੱਕ ਕਿ ਮਾਂ ਨੂੰ ਲੈਣ ਏਅਰਪੋਰਟ ਤੇ ਵੀ ਨਾ ਗਈ। ਇਹ ਤਾਂ ਚੰਗੀ ਗੱਲ ਸੀ ਕਿ ਮਾਂ ਸਾਡੇ ਘਰ ਬਹੁਤੇ ਦਿਨ ਰਹੀ ਹੀ ਨਹੀਂ। ਜ਼ਿਆਦਾਤਰ ਪ੍ਰਿਤਪਾਲ ਵੱਲ ਹੀ ਰਹਿੰਦੀ ਜਾਂ ਕੁਲਵੰਤ ਦੇ ਚਲੀ ਜਾਂਦੀ। ਕਦੇ-ਕਦਾਈਂ ਹੀ ਸਾਡੇ ਘਰ ਆਇਆ ਕਰਦੀ। ਜਦ ਆਉਂਦੀ ਤਾਂ ਕੰਵਲ ਘਰ ਨਾ ਹੁੰਦੀ, ਜਾ ਕੇ ਲਿਆਉਣੀ ਪੈਂਦੀ। ਕਈ ਵਾਰ ਡੈਡੀ ਵੱਲ ਹੀ ਰਾਤ ਰਹਿ ਜਾਂਦੀ ਸੀ। ਮੈਂ ਖਿਝਣ ਲੱਗਦਾ ਤਾਂ ਮਾਂ ਕਹਿੰਦੀ, ‘‘ਚੱਲ ਹੋਊ ਪੁੱਤ, ਓਹਦਾ ਪਿਓ ਬਿਮਾਰ ਐ, ਕੋਈ ਗੱਲ ਨਈਂ।’’ ਇਕ ਵਾਰੀ ਮਾਂ ਸਾਡੇ ਕੋਲ ਆਈ ਤਾਂ ਉਸ ਦੀ ਸਿਹਤ ਬਹੁਤੀ ਠੀਕ ਨਹੀਂ ਸੀ। ਕੋਈ ਔਰਤਾਂ ਵਾਲੀ ਬਿਮਾਰੀ ਸੀ। ਮਾਂ ਆਉਂਦੀ ਤਾਂ ਕੰਵਲ ਦਾ ਮੂੰਹ ਵਿੰਗਾ ਰਹਿੰਦਾ ਹੀ ਸੀ। ਮੈਂ ਉਸ ਨੂੰ ਕਿਹਾ, ‘‘ਅੱਜ ਮਾਂ ਨੂੰ ਡਾਕਟਰ ਦੇ ਲੈ ਜਾਵੀਂ।’’

‘‘ਮੈਂ ਨਹੀਂ ਜਾ ਸਕਦੀ, ਡੈਡੀ ਦੀ ਬਾਂਹ ਦੀ ਮਾਲਸ਼ ਕਰਨੀ ਏਂ।’’

‘‘ਉਹ ਕੰਮ ਤਾਂ ਤੇਰੀ ਮੰਮੀ ਵੀ ਕਰ ਸਕਦੀ ਐ।’’

‘‘ਫਿਰ ਡਾਕਟਰ ਦੇ ਤੂੰ ਵੀ ਤਾਂ ਲੈਜਾਈ ਸਕਦਾ ਏਂ।’’

‘‘ਤੈਨੂੰ ਦੱਸਿਆ ਸੀ ਮਾਂ ਨੇ, ਕੋਈ ਲੇਡੀਜ਼ ਵਾਲੀ ਪ੍ਰੌਬਲਮ ਐ।’’

‘‘ਪਰ ਆਪਣੀ ਡਾਕਟਰ ਵੀ ਤਾਂ ਲੇਡੀ ਏ, ਨੋ ਪ੍ਰੌਬਲਮ, ਉਹਨੂੰ ਇਕੱਲੀ ਨੂੰ ਭੇਜ ਦੇ।’’

‘‘ਜਾਨ, ਤੂੰ ਡੈਡੀ ਦੇ ਮੁਆਮਲੇ ਵਿਚ ਓਵਰ ਡੂ ਕਰੀ ਜਾਨੀ ਐਂ, ਓਥੇ ਤੇਰੀ ਮੰਮੀ ਐ, ਭੈਣ ਭਰਾ ਹੈਗੇ ਆ।’’

‘‘ਤੂੰ ਵੀ ਤਾਂ ਆਪਣੀ ਮਾਂ ਬਾਰੇ ਜ਼ਿਆਦਾ ਈ ਕਰੀ ਜਾਨਾ ਏਂ, ਤੇਰੀ ਭੈਣ ਓਹਨੂੰ ਸੰਭਾਲ ਸਕਦੀ ਏ, ਤੇਰਾ ਭਰਾ ਤੇ ਉਹਦੀ ਵਾਈਫ਼ ਵੀ।’’

-----

ਮੈਨੂੰ ਬਹੁਤ ਗ਼ੁੱਸਾ ਆ ਰਿਹਾ ਸੀ। ਮੈਨੂੰ ਡਰ ਲੱਗਦਾ ਕਿ ਮੇਰੇ ਸਬਰ ਦਾ ਪਿਆਲਾ ਛਲਕ ਨਾ ਜਾਵੇ। ਮੈਂ ਮਾਂ ਨੂੰ ਸ਼ੈਰਨ ਕੋਲ ਛੱਡ ਆਇਆ ਤੇ ਆਪਣੇ ਆਪ ਤੇ ਕਾਬੂ ਰੱਖ ਕੇ ਕੰਵਲ ਨੂੰ ਕਿਹਾ, ‘‘ਤੂੰ ਇਸ ਘਰ ਨੂੰ ਵਸਦੇ ਕਿਉਂ ਨਹੀਂ ਰੱਖਣਾ ਚਾਹੁੰਦੀ? ਡਿਫੀਕਲਟ ਕਿਉਂ ਹੋ ਗਈ ਐਂ?’’

‘‘ਮੈਂ ਸਮਝੀ ਨਹੀਂ?’’

‘‘ਹੁਣ ਮਾਂ ਆਈ ਤੇ ਦੇਖ ਤੂੰ ਕਿੱਦਾਂ ਬਿਹੇਵ ਕਰ ਰਹੀ ਐਂ। ਚਲ ਇਹ ਛੱਡ, ਤੂੰ ਇਥੇ ਆਪਣੇ ਘਰ ਕਿਉਂ ਨਹੀਂ ਰਹਿੰਦੀ, ਤੇਰਾ ਮੇਰੇ ਨਾਲ ਵਿਆਹ ਹੋਇਐ...।’’

‘‘ਰਵੀ, ਮੇਰੇ ਡੈਡੀ ਬਿਮਾਰ ਨੇ, ਤੂੰ ਮੈਨੂੰ ਓਹਦੀ ਲੁਕ ਆਫ਼ਟਰ ਕਿਉਂ ਨਈਂ ਕਰਨ ਦਿੰਦਾ?’’

- ਉਥੇ ਮੰਮੀ ਹੈਗੀ ਆ, ਏਸ ਘਰ ਨੂੰ ਉਥੇ ਨਾਲੋਂ ਤੇਰੀ ਜ਼ਿਆਦਾ ਲੋੜ ਐ। ਤੇਰੇ ਡੈਡੀ ਦੀ ਬਿਮਾਰੀ ਅਜਿਹੀ ਐ ਕਿ ਉਮਰ ਭਰ ਏਦਾਂ ਈ ਰਹੇਗੀ, ਆਪਾਂ ਸਭ ਨੂੰ ਸਮਝ ਲੈਣਾ ਚਾਹੀਦੈ ਕਿ ਉਨ੍ਹਾਂ ਦੇ ਜੀਣ ਦਾ ਤਰੀਕਾ ਹੁਣ ਇਹੋ ਐ।

-ਰਵੀ, ਤੂੰ ਡੈਡੀ ਦੀ ਬਿਮਾਰੀ ਨੂੰ ਅੰਡਰ ਐਸਟੀਮੇਟ ਕਰ ਰਿਹੈਂ।

-ਕਿਤੇ ਨਈਂ ਤੇਰੇ ਡੈਡੀ ਨੂੰ ਗੋਲੀ ਵੱਜੀ, ਏਸ ਬਿਮਾਰੀ ਵਾਲੇ ਮਰਦੇ ਨਈਂ ਹੁੰਦੇ।

-ਤੂੰ ਮੇਰੇ ਡੈਡੀ ਨੂੰ ਮਰਿਆ ਦੇਖਣਾ ਚਾਹੁੰਦਾ ਏਂ।

-ਨਹੀਂ, ਮੈਂ ਏਸ ਘਰ ਨੂੰ ਬਚਦਾ ਦੇਖਣਾ ਚਾਹੁੰਨਾਂ, ਮੈਨੂੰ ਦਿੱਸ ਰਿਹੈ ਤੂੰ ਹੁਣ ਮੈਨੂੰ ਪਹਿਲਾਂ ਵਾਲਾ ਪਿਆਰ ਨਹੀਂ ਕਰਦੀ।

-ਰਵੀ, ਯੂ ਨੋ ਹਾਓ ਮੱਚ ਆਏ ਲਵ ਯੂ! ਪਰ ਡੈਡੀ....।

‘‘ਡੈਡੀ ਡੈਡੀ ਡੈਡੀ,... ਓਹ ਸਾਲ਼ਾ ਡੈਡੀ ਨਾ ਹੋ ਗਿਆ ਖ਼ੁਦਾ ਹੋ ਗਿਆ, ਏਦੂੰ ਤਾਂ ਉਹ ਮਰ ਹੀ ਜਾਵੇ, ਮੇਰਾ ਘਰ ਤਾਂ ਬਚ ਜਾਵੇ!’’

-----

ਉਹ ਮੈਨੂੰ ਗਾਲ਼ਾਂ ਕੱਢਦੀ ਉੱਠੀ ਤੇ ਪ੍ਰਤਿਭਾ ਨੂੰ ਚੁੱਕ ਕੇ ਤੁਰਦੀ ਬਣੀ। ਕਈ ਦਿਨ ਤਕ ਮੰਮੀ ਦੇ ਘਰ ਰਹੀ। ਮੈਂ ਉਥੇ ਜਾ ਆਉਂਦਾ ਤਾਂ ਜਾ ਆਉਂਦਾ ਪਰ ਉਹ ਨਾ ਆਈ। ਉਸ ਦੀਆਂ ਹਰ ਰੋਜ਼ ਮੈਂ ਮਿੰਨਤਾਂ ਕਰਨ ਲੱਗਦਾ।

ਹੁਣ ਸਾਡੀ ਮਾਂ ਦੀਆਂ ਵਾਪਸ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਮਾਂ ਕਦੇ ਵੀ ਕੰਵਲ ਦੇ ਖ਼ਿਲਾਫ਼ ਕੁਝ ਨਹੀਂ ਸੀ ਬੋਲਦੀ। ਸ਼ਾਇਦ ਉਹ ਸਮਝਦੀ ਸੀ ਕਿ ਉਹ ਤਾਂ ਵਾਪਸ ਚਲੇ ਜਾਵੇਗੀ, ਸਾਡੇ ਲਈ ਕੋਈ ਅਜਿਹੀ ਗੱਲ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੀ ਕਿ ਬਾਅਦ ਵਿਚ ਝਗੜਾ ਹੁੰਦਾ ਰਹੇ ਜਾਂ ਤਨਾਜ਼ਾ ਵਧੇ। ਉਹ ਜਦ ਵੀ ਸਾਡੇ ਘਰ ਆਉਂਦੀ ਤਾਂ ਕੰਵਲ ਦੀ ਮੰਮੀ ਤੇ ਡੈਡੀ ਨੂੰ ਜ਼ਰੂਰ ਮਿਲਣ ਜਾਂਦੀ। ਫੋਨ ਵੀ ਕਰਦੀ ਰਹਿੰਦੀ। ਹੁਣ ਵੀ ਉਨ੍ਹਾਂ ਨੂੰ ਅਲਵਿਦਾ ਕਹਿਣ ਗਈ। ਕੰਵਲ ਉਧਰ ਹੀ ਸੀ। ਅਸੀਂ ਵਾਪਸ ਆਉਣ ਲੱਗੇ ਤਾਂ ਉਹ ਵੀ ਸਾਡੇ ਨਾਲ ਤੁਰ ਪਈ। ਮੈਨੂੰ ਚੰਗਾ ਵੀ ਲੱਗਿਆ ਪਰ ਮੇਰਾ ਮਨ ਹਿਰਖ਼ ਨਾਲ ਭਰਿਆ ਪਿਆ ਸੀ। ਉਹ ਮਾਂ ਨਾਲ ਬਹੁਤ ਪਿਆਰ ਨਾਲ ਪੇਸ਼ ਆ ਰਹੀ ਸੀ। ਮੈਂ ਸੋਚਣ ਲੱਗਿਆ ਕਿ ਮਾਂ ਦੇ ਜਾਣ ਤੋਂ ਬਾਅਦ ਕੰਵਲ ਨਾਲ ਕੋਈ ਫੈਸਲਾ ਕਰਾਂਗਾ। ਜੇ ਉਸ ਨੇ ਡੈਡੀ ਘਰ ਰਹਿਣਾ ਸੀ ਤਾਂ ਮੈਂ ਘਰ ਕਿਰਾਏ ਉਪਰ ਦੇ ਕੇ ਉਥੇ ਉਸ ਕੋਲ ਹੀ ਚਲਾ ਜਾਵਾਂਗਾ। ਰਾਤ ਨੂੰ ਅਸੀਂ ਗੱਲਾਂ ਕਰਨ ਲੱਗੇ ਤਾਂ ਬਹਿਸ ਸ਼ੁਰੂ ਹੋ ਗਈ। ਪਹਿਲਾਂ ਸੋਚਿਆ ਕਿ ਇਸ ਨੂੰ ਸਲਾਹ ਦੇਵਾਂ ਜਾਂ ਫਿਰ ਕੋਈ ਹੋਰ ਰਾਹ ਲੱਭੀਏ। ਮੇਰੇ ਤੋਂ ਸਹਿਜ ਨਾਲ ਗੱਲ ਕੀਤੀ ਹੀ ਨਾ ਗਈ। ਮੈਂ ਵਿਅੰਗ ਵਿਚ ਕਿਹਾ, ‘‘ਅੱਜ ਡੈਡੀ ਦਾ ਕਿੱਦਾਂ ਸਰੂਗਾ ਤੇਰੇ ਬਗੈਰ?’’

‘‘ਮੰਮੀ ਵਕਤ ਸਿਰ ਦਵਾਈ ਦੇ ਦੇਵੇਗੀ, ਬਾਂਹ ਦੀ ਮਾਲਸ਼ ਕਰ ਦੇਵੇਗੀ।’’

‘‘ਤੈਨੂੰ ਇਥੇ ਨੀਂਦ ਆ ਜਾਵੇਗੀ?’’

‘‘ਜੇ ਕਹੇਂ ਤਾਂ ਵਾਪਸ ਚਲੇ ਜਾਨੀ ਆਂ।’’

‘‘ਮੈਂ ਤਾਂ ਤੈਨੂੰ ਸੱਦਿਆ ਵੀ ਨਹੀਂ ਸੀ, ਜਦ ਲੈਣ ਆਉਂਦਾ ਸੀ ਤਾਂ ਔਂਦੀ ਨਹੀਂ ਸੈਂ ਜਾਨ, ਮੇਰਾ ਅੰਤ ਕਿਉਂ ਦੇਖਣਾ ਚਾਹੁੰਨੀ ਐਂ।’’

‘‘ਰਵੀ, ਅੰਤ ਤਾਂ ਤੂੰ ਮੇਰਾ ਦੇਖਣਾ ਚਾਹੁੰਨਾ ਏਂ, ਜਿਹੜਾ ਹੁਣ ਸੌਣ ਥਾਵੇਂ ਬੋਲੀ ਜਾਨਾ ਏਂ।’’

‘‘ਤੇਰਾ ਅੰਤ ਮੈਂ ਦੇਖ ਲਿਆ ਜਾਨ, ਤੂੰ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ।’’

‘‘ਤੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦਾ ਤਾਂ ਮੈਂ ਕੀ ਕਰਾਂ। ਤੈਨੂੰ ਫੀਲਿੰਗ ਹੀ ਨਹੀਂ ਕਿ ਮੇਰਾ ਡੈਡੀ ਬਿਮਾਰ ਏ।’’

‘‘ਇੰਨਾ ਬਿਮਾਰ ਨਹੀਂ ਕਿ ਘਰ ਪੱਟ ਲਿਆ ਜਾਵੇ।’’

‘‘ਘਰ ਤਾਂ ਤੂੰ ਪੱਟਣ ਤੇ ਆਇਆ ਪਿਆ ਏਂ, ਰਵੀ ਜੇ ਕੋਈ ਗੱਲ ਕਰਨੀ ਏਂ ਤਾਂ ਸਿੱਧੇ ਮੂੰਹ ਕਰ, ਏਕਣ ਅੱਪਸੈਟ ਕਰਨਾ ਏਂ ਤਾਂ ਮੈਨੂੰ ਨਹੀਂ ਤੇਰੀ ਲੋੜ।’’

‘‘ਓਸ ਪਿਓ ਕੰਜਰ ਦੀ ਲੋੜ ਐ, ਜਿਸ ਕੁੜੀ ਚੋ...ਦੀ ਖਾਤਰ....।’’

-----

ਉਹ ਉਠ ਕੇ ਮੇਰੇ ਵੱਲ ਵਧੀ। ਉਹ ਗੰਦੀਆਂ-ਗੰਦੀਆਂ ਗਾਲ਼ਾਂ ਕੱਢਣ ਲੱਗੀ। ਮੈਂ ਗ਼ੁੱਸੇ ਵਿਚ ਪਾਗਲ ਹੋ ਗਿਆ ਤੇ ਉਸ ਨੂੰ ਕੁੱਟ ਧਰਿਆ। ਮੈਂ ਆਪਣੇ ਆਪ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਾਇਆ ਨਾ ਗਿਆ। ਮਾਂ ਨੇ ਆ ਕੇ ਛੁਡਵਾਇਆ। ਪ੍ਰਤਿਭਾ ਇਕ ਪਾਸੇ ਖੜ੍ਹੀ ਰੋਈ ਜਾ ਰਹੀ ਸੀ। ਕੰਵਲ ਨੇ ਪੈਰਾਸੀਟਾਮੋਲ ਦੀਆਂ ਗੋਲੀਆਂ ਦੀ ਪੂਰੀ ਸ਼ੀਸ਼ੀ ਖਾ ਲਈ। ਮੈਨੂੰ ਬਹੁਤ ਗ਼ੁੱਸਾ ਸੀ। ਮੈਂ ਰੋਕਿਆ ਨਾ ਕਿ ਜੋ ਕਰਨਾ ਸੀ ਕਰੇ। ਰੋਜ਼-ਰੋਜ਼ ਦੀ ਲੜਾਈ ਖ਼ਤਮ ਹੋਵੇ। ਕੁਝ ਦੇਰ ਬਾਅਦ ਹੀ ਉਸ ਦੀਆਂ ਅੱਖਾਂ ਮੀਟ ਹੋਣ ਲੱਗੀਆਂ ਤਾਂ ਮੈਂ ਐਂਬੂਲੈਂਸ ਬੁਲਾ ਦਿੱਤੀ।

ਉਹ ਦੋ ਤਿੰਨ ਦਿਨ ਹਸਪਤਾਲ ਰਹੀ। ਸਾਰੇ ਹੀ ਉਸ ਨੂੰ ਦੇਖਣ ਗਏ। ਮਾਂ ਵੀ ਜਾਂਦੀ ਰਹੀ। ਪ੍ਰਿਤਪਾਲ ਤੇ ਸ਼ੈਰਨ ਵੀ ਗਏ ਪਰ ਮੈਂ ਨਾ ਗਿਆ। ਮੈਨੂੰ ਗ਼ੁੱਸਾ ਸੀ ਕਿ ਗ਼ਲਤੀ ਉਪਰੋਂ ਦੀ ਇਕ ਹੋਰ ਗ਼ਲਤੀ ਕੀਤੀ ਸੀ ਉਸ ਨੇ। ਹਸਪਤਾਲ ਤੋਂ ਵਾਪਸ ਕੰਵਲ ਡੈਡੀ ਦੇ ਘਰ ਹੀ ਗਈ। ਪ੍ਰਤਿਭਾ ਪਹਿਲਾਂ ਹੀ ਉਧਰ ਸੀ। ਮੈਂ ਕੰਮ ਤੇ ਜਾਣਾ ਹੁੰਦਾ ਇਸ ਲਈ ਮੰਮੀ ਕੋਲ ਛੱਡ ਦਿੱਤੀ ਸੀ। ਕੰਵਲ ਉਧਰ ਹੀ ਰਹਿ ਗਈ ਤੇ ਮੈਂ ਇਧਰ। ਮੈਨੂੰ ਲੱਗਿਆ ਕਿ ਇਹ ਅਲਿਹਦਗੀ ਦੀ ਨੀਂਹ ਸੀ। ਮੈਂ ਅਗਲੇ ਨਵੇਂ ਸਫ਼ਰ ਲਈ ਤਿਆਰੀ ਕਰਨ ਲੱਗਿਆ। ਕਦੇ-ਕਦੇ ਮੈਂ ਆਪਣੇ ਆਪ ਤੇ ਹੱਸਦਾ ਕਹਿੰਦਾ, ਇੰਦਰ ਸਿਆਂ, ਪਾ ਲੈ ਮੁਫ਼ਤ ਦੀਆਂ ਖ਼ੁਸ਼ੀਆਂ ਨੂੰ ਜੱਫਾ!

-----

ਮੈਂ ਬਹੁਤਾ ਦੁਖੀ ਹੁੰਦਾ ਤਾਂ ਪ੍ਰਿਤਪਾਲ ਕੋਲ ਚਲਿਆ ਜਾਂਦਾ। ਉਹ ਵਿਹਲਾ ਮਿਲਦਾ ਤਾਂ ਪੱਬ ਨੂੰ ਲੈ ਤੁਰਦਾ। ਉਹ ਮੇਰੀ ਗੱਲ ਘੱਟ ਸੁਣਦਾ ਤੇ ਆਪਣੀ ਜ਼ਿਆਦਾ ਕਹਿੰਦਾ। ਉਹ ਕਹਿਣ ਲੱਗਦਾ, ਤੈਨੂੰ ਪਤੈ ਵੱਡਿਆ, ਬਾਪੂ ਜੀ ਕੀ ਕਹਿੰਦੇ ਹੁੰਦੇ ਆ?

- ਕੀ?

- ਔਰਤ ਦਾ ਚਾਲ ਚਲਣ ਠੀਕ ਹੋਵੇ ਤਾਂ ਕਦੇ ਨਾ ਛੱਡੋ।

- ਇਥੇ ਈਗੋ ਦੀ ਪ੍ਰੌਬਲਮ ਐ।

‘‘ਤੇਰੀ ਕਿਹੜੀ ਈਗੋ ਘੱਟ ਐ।

ਮੈਂ ਆਪਣੀ ਈਗੋ ਨੂੰ ਮਾਰ ਸਕਦਾਂ ਘਰ ਦੀ ਖਾਤਰ ਪਰ ਓਧਰ ਕੇਸ ਕੁਝ ਹੋਰ ਐ, ਏਹਦੀ ਭੂਆ ਆਪਣੇ ਆਦਮੀ ਨਾਲ ਕਿਸੇ ਗੱਲੋਂ ਲੜ ਕੇ ਆ ਗਈ, ਤੇ ਸਾਰੀ ਉਮਰ ਘਰ ਬੈਠ ਕੇ ਕੱਢ ਲਈ, ਵਾਪਸ ਨਹੀਂ ਗਈ, ਸਿਰਫ਼ ਈਗੋ ਦੀ ਖਾਤਰ, ਉਹੀ ਭੂਆ ਏਹਦੀ ਆਈਡਲ ਐ, ਇਹ ਤਾਂ ਆਮ ਕਹਿ ਦਿੰਦੀ ਐ- ‘‘ਮੈਂ ਭੂਆ ਵਰਗੀ ਆਂ, ਸ਼ਕਲ ਵਲੋਂ ਵੀ ਤੇ ਅਕਲ ਵਲੋਂ ਵੀ।

- ਏਸ ਸਿਚੁਏਸ਼ਨ ਵਿਚ ਮੈਂ ਕਹੂੰਗਾ ਕਿ ਉਹ ਨੂੰ ਆਪਣੀ ਈਗੋ ਦੀ ਓਟ ਵਿਚ ਆਪਣਾ ਘਰ ਖਰਾਬ ਨਾ ਕਰਨ ਦੇ।

- ਦੱਸ ਕੀ ਕਰਾਂ?

- ਮੁੜ-ਮੁੜ ਕੇ ਅਲਖ ਜਗਾਈ ਜਾਹ, ਮੁੜ-ਮੁੜ ਕੇ ਹਾਕਾਂ ਮਾਰੀ ਜਾਹ।

- ਕਿੰਨੀ ਕੁ ਦੇਰ?

- ਜਿੰਨੀ ਦੇਰ ਤੂੰ ਟੁੱਟਦਾ ਨਹੀਂ ਪ੍ਰਿਤਪਾਲ ਨਾਲ ਗੱਲ ਕਰਦਾ ਕਿਸੇ ਨੱਸ਼ਈ ਸਾਧ ਵਾਂਗ ਅੱਖਾਂ ਮੀਟਦਾ।

ਮੈਨੂੰ ਉਸ ਦੀ ਗੱਲ ਵਿਚ ਕੁਝ ਕੁ ਦਮ ਲੱਗਦਾ। ਇੰਨੇ ਦਿਨ ਕੰਵਲ ਦਾ ਫੋਨ ਆਇਆ ਨਹੀਂ ਸੀ। ਮੈਂ ਕੀਤਾ ਤਾਂ ਪਹਿਲਾਂ ਕੁਝ ਔਖੀ ਬੋਲੀ ਪਰ ਫਿਰ ਠੀਕ ਹੋ ਗਈ। ਵਾਪਸ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮੈਂ ਫਿਰ ਫੋਨ ਕੀਤਾ ਤਾਂ ਖ਼ਰਚਾ ਮੰਗਣ ਲੱਗੀ।

-----

ਇਕ ਦਿਨ ਮੈਂ ਉਨ੍ਹਾਂ ਬਿਨਾਂ ਬਹੁਤ ਉਦਾਸ ਹੋ ਗਿਆ। ਘਰ ਵਿਚ ਮੈਂ ਇਕੱਲਾ ਸਾਂ। ਘਰ ਖਾਣ ਨੂੰ ਪੈ ਰਿਹਾ ਸੀ। ਪ੍ਰਤਿਭਾ ਵੀ ਚੇਤੇ ਆ ਰਹੀ ਸੀ। ਮੈਂ ਉਨ੍ਹਾਂ ਦੇ ਘਰ ਦੀ ਜਾ ਘੰਟੀ ਕੀਤੀ। ਕੰਵਲ ਨੇ ਹੀ ਦਰਵਾਜ਼ਾ ਖੋਲ੍ਹਿਆ। ਮੈਂ ਬਹਾਨੇ ਨਾਲ ਉਸ ਨੂੰ ਕਾਰ ਵਿਚ ਬਿਠਾਇਆ ਤੇ ਕਾਰ ਭਜਾ ਲਈ ਤੇ ਹੌਰਸ ਸ਼ੂਅ ਹਿੱਲ ਤੇ ਜਾ ਕੇ ਰੋਕੀ। ਹੌਰਸ ਸ਼ੂਅ ਹਿੱਲ ਨਾਲ ਸਾਡੀਆਂ ਕਿੰਨੀਆਂ ਹੀ ਯਾਦਾਂ ਜੁੜੀਆਂ ਹੋਈਆਂ ਸਨ। ਮੈਂ ਆਪਣੇ ਪਿਆਰ ਦਾ ਵਾਸਤਾ ਦਿੱਤਾ। ਪ੍ਰਤਿਭਾ ਦੇ ਨਾਂ ਦੇ ਤਰਲੇ ਪਾਏ ਪਰ ਉਹ ਨਾ ਮੰਨੀ। ਉਸ ਦੀ ਨਾਂਹਵੀ ਅਜੀਬ ਸੀ। ਇਸ ਨਾਂਹ ਵਿਚ ਨਫ਼ਰਤ ਨਹੀਂ ਸੀ, ਬੱਸ ਹਾਉਮੈ ਸੀ।

-----

ਉਸ ਨੇ ਖ਼ਰਚੇ ਦਾ ਮੇਰੇ ਉਤੇ ਮੁਕੱਦਮਾ ਕਰ ਰੱਖਿਆ ਸੀ। ਉਸ ਨੂੰ ਜੇਬ ਖ਼ਰਚ ਦੇਣ ਵਿਚ ਮੈਨੂੰ ਬਹੁਤਾ ਇਤਰਾਜ਼ ਨਹੀਂ ਸੀ ਪਰ ਖ਼ਰਚ ਲੈਣ ਦਾ ਉਸ ਦਾ ਤਰੀਕਾ ਗ਼ਲਤ ਸੀ। ਕਚਹਿਰੀ ਜਾਣਾ ਮੈਨੂੰ ਬੇਇੱਜ਼ਤੀ ਭਰਿਆ ਲੱਗਿਆ ਸੀ। ਜਦੋਂ ਖ਼ਰਚੇ ਦੇ ਦਾਅਵੇ ਦਾ ਨੋਟਿਸ ਆਇਆ ਤਾਂ ਮੈਂ ਪ੍ਰਿਤਪਾਲ ਨੂੰ ਕਿਹਾ, ‘‘ਇਹ ਲੋਕ ਤਾਂ ਸਾਲ਼ੇ ਬਹੁਤ ਹੀ ਪਾਗਲ ਹੋ ਗਏ, ਇਨ੍ਹਾਂ ਦਾ ਕੋਈ ਇਲਾਜ ਨਹੀਂ ਦਿਸਦਾ।’’

‘‘ਚੱਲ ਇਕ ਹੋਰ ਹਾਕ ਮਾਰ ਕੇ ਦੇਖਦੇ ਆਂ, ਮੈਂ ਚੱਲਦਾਂ ਤੇਰੇ ਨਾਲ ਤੇ ਬੁੜੇ ਨਾਲ ਗੱਲ ਕਰਕੇ ਦੇਖਦੇ ਆਂ।’’

ਪ੍ਰਿਤਪਾਲ ਮੇਰੇ ਨਾਲ ਪੰਚਾਇਤੀ ਬਣ ਕੇ ਗਿਆ। ਅਸੀਂ ਘਰ ਗਏ ਤਾਂ ਸਾਡਾ ਸਵਾਗਤ ਮੰਮੀ ਨੇ ਕੀਤਾ। ਸਾਨੂੰ ਦੇਖ ਕੇ ਉਸ ਦਾ ਮੱਥਾ ਖਿੜ ਗਿਆ। ਡੈਡੀ ਅੰਦਰ ਬੈਠੇ ਸਨ। ਉਨ੍ਹਾਂ ਦੀ ਸਿਹਤ ਬਹੁਤ ਡਿੱਗ ਪਈ ਸੀ। ਹੱਥ ਅਤੇ ਪੈਰ ਜ਼ਿਆਦਾ ਹਿੱਲ ਰਹੇ ਸਨ। ਸਿਰ ਦੇ ਵਾਲ਼ ਕਟਵਾ ਦਿੱਤੇ ਸਨ, ਸ਼ਾਇਦ ਡਾਕਟਰ ਨੇ ਸਲਾਹ ਦਿੱਤੀ ਹੋਵੇ, ਨਹੀਂ ਤਾਂ ਉਹ ਕੱਟੜ ਸਿੱਖ ਸਨ। ਵਾਲ਼ ਕਟਵਾਉਣ ਦਾ ਸਵਾਲ ਹੀ ਨਹੀਂ ਸੀ। ਮੈਨੂੰ ਉਨ੍ਹਾਂ ਨਾਲ ਬਹੁਤ ਹਮਦਰਦੀ ਹੋਣ ਲੱਗੀ। ਪਰ ਉਨ੍ਹਾਂ ਦੀ ਆਕੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੀ। ਮੈਂ ਸੋਚਿਆ ਕਿ ਆਪਣੀ ਅਪਾਹਜਤਾ ਨੂੰ ਪੂਰਨ ਲਈ ਇਹ ਵਰਤਾਵ ਕਰ ਰਹੇ ਹੋਣਗੇ। ਮੈਂ ਚੁੱਪ-ਚੁੱਪ ਰਿਹਾ। ਪ੍ਰਤਿਭਾ ਨੂੰ ਮੈਂ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰੇ ਤੋਂ ਦੂਰ ਭੱਜ ਰਹੀ ਸੀ। ਮੌਕਾ ਦੇਖ ਕੇ ਪ੍ਰਿਤਪਾਲ ਨੇ ਹੀ ਗੱਲ ਤੋਰੀ, ‘‘ਅੰਕਲ ਜੀ ਮੈਂ ਤਾਂ ਭਾਬੀ ਨੂੰ ਲੈਣ ਆਇਆਂ, ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਬਣੀ ਜਾ ਰਹੀਆਂ, ਵਸਿਆ ਵਸਾਇਆ ਘਰ ਖਰਾਬ ਹੋਣ ਨੂੰ ਫਿਰਦਾ।’’

‘‘ਕਾਕਾ, ਅਸੀਂ ਕਿਹੜੇ ਸੌਖੇ ਆਂ।’’

‘‘ਅੰਕਲ ਜੀ, ਸੌਖਾ ਤਾਂ ਇਹ ਵੀ ਨਹੀਂ, ਮਾਰਿਆ-ਮਾਰਿਆ ਫਿਰਦਾ ਐ, ਕਿਸੇ ਗਲਤ ਪਾਸੇ ਤੁਰ ਪਿਆ ਤਾਂ....।’’

ਇਸੇ ਗੱਲ ਤੇ ਡੈਡੀ ਗੁੱਸੇ ਵਿਚ ਆ ਗਏ। ਉਨ੍ਹਾਂ ਦੀ ਜ਼ੁਬਾਨ ਥਥਲਾਉਣ ਲੱਗੀ ਤੇ ਅਟਕ-ਅਟਕ ਕੇ ਕਹਿਣ ਲੱਗੇ, ‘‘ਮੇਰਾ ਨਾਂ ਅਮਰੀਕ ਸਿੰਘ ਗਿੱਲ ਏ, ਮੈਂ ਅੱਜ ਤਕ ਕਿਸੇ ਤੋਂ ਓਏ ਨਹੀਂ ਅਖਵਾਈ, ਇਹ ਜਿਥੇ ਧੱਕੇ ਖਾਂਦਾ ਏ ਖਾਵੇ, ਗ਼ਲਤ ਪਾਸੇ ਜਾਵੇ ਜਾਂ ਸਹੀ ਪਾਸੇ, ਮੈਨੂੰ ਪ੍ਰਵਾਹ ਨਹੀਂ, ਜਦ ਇਹ ਕੁੜੀ ਨੂੰ ਸੁਖੀ ਨਈਂ ਰੱਖ ਸਕਦਾ ਤਾਂ ਫੇਰ ਸਾਡਾ ਕੀ ਲੱਗਦਾ ਏ।’’

‘‘ਅੰਕਲ ਜੀ, ਹਸਬੈਂਡ ਵਾਈਫ਼ ਦਾ ਮਾਮਲਾ ਐ, ਆਪਾਂ ਉਨਾਂ ਦੀ ਗੱਲ ਵਿਚ ਆਏ ਬਿਨਾਂ ਇਨ੍ਹਾਂ ਦਾ ਨਿਪਟਾਰਾ ਕਰਨ ਦੀ ਟਰਾਈ ਕਰੀਏ।’’

‘‘ਕੋਈ ਗੱਲ ਨਹੀਂ, ਹਾਲੇ ਏਹਨੂੰ ਅਕਲ ਨਹੀਂ ਆਈ, ਜ਼ਰਾ ਹੋਰ ਧੱਕੇ ਖਾ ਲੈਣ ਦੇ।’’

‘‘ਨਹੀਂ ਅੰਕਲ ਜੀ, ਧੱਕੇ ਤਾਂ ਨਹੀਂ ਅਸੀਂ ਏਹਨੂੰ ਖਾਣ ਦੇਣੇ, ਮੈਂ ਤਾਂ ਇਹ ਚਾਹੁੰਨਾ ਕਿ ਤੁਹਾਡੀ ਵੀ ਤੇ ਸਾਡੀ ਵੀ ਇੱਜ਼ਤ ਇਸੇ ਵਿਚ ਐ ਕਿ ਇਹ ਘਰ ਵਸਦਾ ਰਹੇ।’’

ਡੈਡੀ ਦਾ ਗ਼ੁੱਸਾ ਵਧਣ ਲੱਗਿਆ। ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। ਉਹ ਉੱਠ ਕੇ ਖੜ੍ਹਨ ਲੱਗਿਆ ਤਾਂ ਮੰਮੀ ਨੇ ਫੜ ਕੇ ਬਿਠਾ ਦਿੱਤਾ ਤੇ ਸਾਨੂੰ ਕਿਹਾ, ‘‘ਪੁੱਤ, ਹੁਣ ਤੁਸੀਂ ਜਾਓ! ਫੇਰ ਗੱਲ ਕਰਾਂਗੇ, ਤੁਹਾਡੇ ਡੈਡੀ ਦੀ ਸਿਹਤ ਠੀਕ ਨਹੀਂ।’’ ਅਸੀਂ ਉੱਠ ਕੇ ਬਾਹਰ ਆ ਗਏ। ਕੰਵਲ ਸਾਡੇ ਸਾਹਮਣੇ ਨਹੀਂ ਆਈ। ਸ਼ਾਇਦ ਬਾਹਰ ਗਈ ਹੋਵੇ ਕਿਉਂਕਿ ਅਸੀਂ ਦੱਸਿਆ ਵੀ ਨਹੀਂ ਸੀ ਕਿ ਆ ਰਹੇ ਸਾਂ।

-----

ਪ੍ਰਿਤਪਾਲ ਨੂੰ ਗ਼ੁੱਸਾ ਮੇਰੇ ਨਾਲੋਂ ਜ਼ਿਆਦਾ ਸੀ। ਉਹ ਕਹਿੰਦਾ ਜਾ ਰਿਹਾ ਸੀ, ਇਹ ਬੁੜਾ ਆਪਣਾ ਜੁਦਾ ਈ ਕੈਂਪ ਲਾਈ ਬੈਠਾ, ਬਈ ਬੁੜਿਆ ਤੇਰੀਆਂ ਕਬਰਾਂ ਵਿਚ ਲੱਤਾਂ, ਕੁੜੀ ਨੂੰ ਜੀਣ ਦੇ। ਵੱਡਿਆ, ਤੂੰ ਘਬਰਾ ਨਾ....

ਮੈਂ ਪ੍ਰਿਤਪਾਲ ਜਿੰਨਾ ਦੁਖੀ ਨਹੀਂ ਸਾਂ। ਮੈਨੂੰ ਇਹ ਸਭ ਦੇਖਣ ਦਾ ਮੌਕਾ ਪਹਿਲਾਂ ਮਿਲ ਚੁੱਕਾ ਸੀ। ਡੈਡੀ ਦੀ ਬੇਰੁਖੀ ਮੈਂ ਪਹਿਲਾਂ ਵੀ ਦੇਖੀ ਹੋਈ ਸੀ। ਕੰਵਲ ਵੀ ਉਸ ਦਿਨ ਦੀ ਨਾਂਹ-ਨਾਂਹ ਕਰੀ ਜਾ ਰਹੀ ਸੀ। ਪ੍ਰਿਤਪਾਲ ਦਾ ਵਾਹ ਪਹਿਲੀ ਵਾਰ ਇਨ੍ਹਾਂ ਦੇ ਇਸ ਰੁਖ਼ ਨਾਲ ਪਿਆ ਸੀ। ਉਸ ਨੇ ਕਿਹਾ, ਇਹ ਬੁੜਾ ਸਾਰੀ ਬਿਮਾਰੀ ਦੀ ਜੜ੍ਹ ਐ, ਇਹਦਾ ਕਿਤੇ ਗਲ਼ ਘੁੱਟ ਹੋ ਜਾਵੇ ਤਾਂ ਸਭ ਕੁਝ ਸੂਤ ਹੋ ਜਾਵੇ। ਅਸੀਂ ਜਿਉਂ ਟੌਟਨਹੈਮ ਤੋਂ ਤੁਰੇ ਤਾਂ ਸਾਊਥਾਲ ਤੱਕ ਬੁੜ੍ਹੇ ਨੂੰ ਮਾਰਨ ਦੀਆਂ ਸਕੀਮਾਂ ਘੜਦੇ ਰਹੇ। ਦੂਜੇ ਦਿਨ ਰਾਤ ਦੀਆਂ ਸਕੀਆਂ ਚੇਤੇ ਕਰਦੇ ਖੁੱਲ੍ਹ ਕੇ ਹੱਸੇ।

-----

ਛੇਤੀ ਹੀ ਕਚਹਿਰੀ ਦੀ ਤਰੀਕ ਵੀ ਆ ਗਈ ਖ਼ਰਚੇ ਵਾਸਤੇ। ਮੈਂ ਫੋਰਡ ਵਿਚੋਂ ਕੰਮ ਛੱਡ ਦਿੱਤਾ ਤਾਂ ਜੋ ਖ਼ਰਚਾ ਘੱਟ ਪਵੇ। ਘਰ ਦੀ ਮੌਟਰਗੇਜ਼ ਦੀ ਕਿਸ਼ਤ ਵੀ ਰੋਕ ਲਈ। ਕਚਹਿਰੀ ਵਿਚ ਗਏ ਤਾਂ ਗੱਲ ਕੰਵਲ ਦੇ ਹੱਕ ਵਿਚ ਨਾ ਗਈ। ਬੁੜ੍ਹੇ ਨੂੰ ਦੇਖਦੇ ਸਾਰ ਮੈਨੂੰ ਗ਼ੁੱਸਾ ਚੜਨ ਲੱਗਾ ਸੀ। ਪਤਾ ਨਹੀਂ ਮੇਰੇ ਮਨ ਵਿਚ ਕੀ ਆਇਆ। ਕਚਿਹਰੀ ਦੇ ਬਾਹਰ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸ ਵੱਲ ਵਧਿਆ ਜਿਵੇਂ ਹੁਣੇ ਹੀ ਉਸ ਨੂੰ ਕੁਝ ਕਰ ਦੇਵਾਂਗਾ। ਮੈਂ ਉਸ ਨੂੰ ਹੱਥ ਹੀ ਲਾਇਆ ਸੀ ਕਿ ਉਹ ਡਿੱਗ ਪਿਆ ਤੇ ਮੇਰਾ ਗ਼ੁੱਸਾ ਇਕ ਦਮ ਠੰਢਾ ਪੈ ਗਿਆ। ਮੈਂ ਖ਼ੁਦ ਨੂੰ ਕੋਸਣ ਲੱਗਿਆ ਕਿ ਇਹ ਮੈਂ ਕੀ ਕਰਨ ਲੱਗਿਆ ਸਾਂ। ਮੈਂ ਕਾਹਲੀ ਨਾਲ ਉਥੋਂ ਤੁਰ ਪਿਆ।

-----

ਜਦੋਂ ਕਚਹਿਰੀ ਵਿਚ ਖ਼ਰਚੇ ਦਾ ਦਾਅਵਾ ਕੰਵਲ ਨਾ ਜਿੱਤ ਸਕੀ ਤਾਂ ਮੁੜ ਫੋਨ ਕਰਨੇ ਸ਼ੁਰੂ ਕਰ ਦਿੱਤੇ। ਮੇਰਾ ਵੀ ਦਿਲ ਕਰਦਾ ਕਿ ਪ੍ਰਤਿਭਾ ਨੂੰ ਦੇਖਾਂ ਤੇ ਕੰਵਲ ਨੂੰ ਮਿਲਾਂ। ਇਕ ਦਿਨ ਮੈਂ ਉਨ੍ਹਾਂ ਨੂੰ ਸ਼ੌਪਿੰਗ ਕਰਾਉਣ ਲੈ ਕੇ ਗਿਆ। ਦਿਨ ਭਰ ਅਸੀਂ ਘੁੰਮਦੇ ਰਹੇ। ਬਹੁਤ ਹੀ ਚੰਗਾ ਲੱਗਿਆ। ਕੰਵਲ ਵੀ ਲੋਹੜੇ ਦੀ ਖ਼ੁਸ਼ ਸੀ। ਮੈਨੂੰ ਯਕੀਨ ਸੀ ਕਿ ਅੱਜ ਮੇਰੇ ਨਾਲ ਘਰ ਚੱਲੇਗੀ। ਮੈਨੂੰ ਮਹਿਸੂਸ ਹੋਈ ਜਾ ਰਿਹਾ ਸੀ ਕਿ ਇਨ੍ਹਾਂ ਬਿਨਾਂ ਮੈਂ ਕਿਵੇਂ ਜੀਵੀ ਜਾ ਰਿਹਾ ਸਾਂ। ਮੈਂ ਕੰਵਲ ਨੂੰ ਕਿਹਾ, ਜਾਨ, ਚਲ ਘਰ ਚਲੀਏ, ਹੁਣ ਨਾਂਹ ਨਾ ਕਰੀਂ।

ਪਰ ਉਹ ਦੂਜੇ ਪਾਸੇ ਦੇਖਣ ਲਗੀ। ਮੈਨੂੰ ਹੋਰ ਵੀ ਦੁੱਖ ਲੱਗਿਆ। ਜਿਵੇਂ ਕਿਨਾਰਾ ਮਿਲ ਕੇ ਫਿਰ ਛੁੱਟ ਗਿਆ ਹੋਵੇ।

*****

ਚਲਦਾ

No comments: