Sunday, September 26, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 20

ਕਾਂਡ – 20

ਵਾਪਸ ਆ ਕੇ ਇਕ ਵਾਰ ਫਿਰ ਰੋਣਾ ਧੋਣਾ ਪੈ ਗਿਆ। ਰਿਸ਼ਤੇਦਾਰ ਫਿਰ ਆਉਣੇ ਸ਼ੁਰੂ ਹੋ ਗਏ ਪਰ ਛੇਤੀਂ ਹੀ ਹਟ ਗਏ ਤੇ ਜ਼ਿੰਦਗੀ ਆਮ ਵਾਂਗ ਹੋਣ ਲੱਗੀ। ਮੇਰੀਆਂ ਛੁੱਟੀਆਂ ਹਾਲੇ ਪਈਆਂ ਸਨ। ਪਹਿਲਾਂ ਦਿਲ ਕਰਦਾ ਸੀ ਕਿ ਬਰੈਡਫੀਲਡ ਫੋਨ ਕਰਕੇ ਛੁੱਟੀਆਂ ਕੈਂਸਲ ਕਰਵਾ ਦੇਵਾਂ ਤੇ ਕੰਮ ’ਤੇ ਚਲੇ ਜਾਵਾਂ ਪਰ ਫਿਰ ਸੋਚਿਆ ਕਿ ਕੰਮ ’ਤੇ ਜਾ ਕੇ ਕਿਹੜਾ ਦਿਲ ਲੱਗਣਾ ਸੀ।

-----

ਮੈਨੂੰ ਰਵੀ ਦੇ ਵਿਆਹ ਕਰਾ ਲੈਣ ਦੀ ਖ਼ਬਰ ਹਾਲੇ ਵੀ ਸੁੰਨ ਕਰੀ ਜਾ ਰਹੀ ਸੀ। ਜਿੰਨਾ ਮੈਂ ਰਵੀ ਨੂੰ ਨਫ਼ਰਤ ਕਰਦੀ ਓਨੇ ਹੀ ਮੈਨੂੰ ਉਸ ਦੇ ਸੁਫ਼ਨੇ ਜ਼ਿਆਦਾ ਆਉਂਦੇ। ਕਦੇ ਸੋਚਦੀ ਕਿ ਇਕ ਵਾਰ ਮਿਲੇ ਤਾਂ ਸਹੀ। ਉਸ ਨੂੰ ਭਗੌੜਾ ਹੋਣ ਦਾ ਮਿਹਣਾ ਹੀ ਮਾਰਾਂ ਪਰ ਫਿਰ ਸੋਚਣ ਲੱਗਦੀ ਕਿ ਹੁਣ ਮੈਨੂੰ ਉਸ ਦੀ ਸ਼ਕਲ ਵੇਖਣਾ ਵੀ ਪਸੰਦ ਨਹੀਂ ਸੀ।

-----

ਜ਼ਿੰਦਗੀ ਆਮ ਵਾਂਗ ਹੋਈ ਤਾਂ ਇਕ ਦਿਨ ਸੰਧੂ ਅੰਕਲ-ਅੰਟੀ ਵਿਸ਼ੇਸ਼ ਤੌਰ ’ਤੇ ਸਾਡੇ ਘਰ ਆਏ। ਵੈਸੇ ਤਾਂ ਉਹ ਨੀਤਾ ਦੇ ਸੱਸ ਸਹੁਰਾ ਸਨ ਤੇ ਆਉਂਦੇ ਹੀ ਰਹਿੰਦੇ ਸਨ ਪਰ ਉਸ ਦਿਨ ਖ਼ਾਸ ਆਏ ਸਨ। ਪਹਿਲਾਂ ਫ਼ੋਨ ਕੀਤਾ ਤੇ ਫਿਰ ਘੰਟੇ ਬਾਅਦ ਆ ਵੀ ਗਏ। ਅੰਟੀ ਮੰਮੀ ਨੂੰ ਬੋਲੀ, ‘‘ਭੈਣ ਜੀ, ਕੰਵਲ ਦਾ ਕੁਝ ਕਰੋ, ਸਾਰੀ ਉਮਰ ਇਵੇਂ ਹੀ ਕੱਢੇਗੀ?’’

‘‘ਕੀ ਕਰੀਏ ਭੈਣ ਜੀ, ਏਹਦੇ ਡੈਡੀ ਤਾਂ ਚਾਹੁੰਦੇ ਸੀ ਕਿ ਕਿਸੇ ਕੰਢੇ ਲੱਗ ਜੇ, ਵਿਆਹ ਕਰਾ ਲਏ,....ਕੋਈ ਮੁੰਡਾ ਮਿਲੇ ਤਾਂ ਦੇਖੀਏ ਵੀ...।’’

‘‘ਮੁੰਡਾ ਤਾਂ ਹੈ ਵੇ, ਅਕਾਊਟੈਂਟ ਏ, ਬਹੁਤ ਵੱਡੀ ਫਰਮ ਦਾ ਮਾਲਕ ਏ, ਵਾਈਫ਼ ਸੀ ਛੱਡ ਗਈ, ਦੋ ਬੱਚੇ ਨੇ, ਮਾਂ ਨਾਲ ਈ ਰਹਿੰਦੇ ਨੇ।’’

ਉਨ੍ਹਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਜਿਹੀ ਰਹਿ ਗਈ। ਸੋਚਿਆ ਕਿ ਹੁਣ ਦੋ ਬੱਚਿਆਂ ਦਾ ਪਿਓ ਈ ਰਹਿ ਗਿਆ ਮੇਰੇ ਲਈ। ਫਿਰ ਖ਼ਿਆਲ ਆਇਆ ਕਿ ਹੁਣ ਮੈਂ ਵੀ ਤਾਂ ਦਸ ਸਾਲ ਦੀ ਧੀ ਦੀ ਮਾਂ ਹਾਂ। ਸੰਧੂ ਅੰਕਲ ਨੂੰ ਮੇਰੇ ਵਿਆਹ ਦੀ ਪਈ ਰਹਿੰਦੀ ਸੀ। ਮੈਂ ਨਾਂਹ ਕਰਦੀ ਆਈ ਸੀ। ਹੁਣ ਸਭ ਨੂੰ ਪਤਾ ਚਲ ਗਿਆ ਕਿ ਰਵੀ ਨੇ ਵਿਆਹ ਕਰਾ ਲਿਆ ਸੀ ਤਾਂ ਉਹ ਵਿਆਹ ਦੀ ਸਲਾਹ ਦੇਣ ਦਾ ਵਧੇਰੇ ਹੱਕ ਸਮਝਣ ਲੱਗ ਪਏ ਸਨ। ਮੰਮੀ ਨੇ ਉਨ੍ਹਾਂ ਨੂੰ ਆਖਿਆ, ‘‘ਕੰਵਲ ਤੁਹਾਡੇ ਕੋਲ ਈ ਬੈਠੀ ਏ, ਏਹਨੂੰ ਪੁੱਛ ਲਓ ਭਾਈ।’’

‘‘ਇਹਨੂੰ ਪੁੱਛਦਿਆਂ ਤਾਂ ਭੈਣ ਜੀ ਆਹ ਟਾਈਮ ਆ ਗਿਆ।’’

-----

ਮੈਨੂੰ ਅੰਟੀ ਦੀ ਗੱਲ ਦੀ ਪੂਰੀ ਸਮਝ ਨਾ ਪਈ। ਇਹ ਸੰਧੂ ਜੋੜੀ ਵੀ ਅਜੀਬ ਸੀ। ਕਦੇ ਮੇਰੇ ਪ੍ਰਤੀ ਬਹੁਤ ਪਿਆਰ ਵਿਖਾਉਂਦੇ ਤੇ ਕਦੇ ਮੈਨੂੰ ਇਵੇਂ ਜਾਪਣ ਲੱਗਦਾ ਕਿ ਇਹ ਮੈਨੂੰ ਬਿਲਕੁੱਲ ਪਸੰਦ ਨਹੀਂ ਕਰਦੇ।

ਨੀਤਾ ਦੀ ਸੱਸ ਜਿਵੇਂ ਆਲੂ ਰੋੜ ਕੇ ਚਲੇ ਗਈ। ਮੈਂ ਵਿਆਹ ਬਾਰੇ ਹੁਣ ਗੰਭੀਰ ਹੋ ਕੇ ਸੋਚਣ ਲੱਗੀ। ਉਹੋ ਪਹਿਲਾਂ ਵਾਲੇ ਅੜਿੱਕੇ ਹੀ ਮੇਰੀ ਸੋਚ ਵਿਚ ਪੈ ਰਹੇ ਸਨ ਕਿ ਬੇਗਾਨਾ ਆਦਮੀ ਪਰੀ ਨੂੰ ਧੀ ਕਿਵੇਂ ਸਮਝੇਗਾ। ਮੈਨੂੰ ਪਤੀ ਮਿਲ ਸਕਦਾ ਸੀ, ਪਰੀ ਨੂੰ ਪਿਤਾ ਨਹੀਂ ਸੀ ਮਿਲਣਾ। ਹੁਣ ਪਰੀ ਨੂੰ ਮੰਮੀ ਕੋਲ ਵੀ ਨਹੀਂ ਸੀ ਛੱਡ ਸਕਦੀ। ਪਰੀ ਵੱਡੀ ਹੋ ਚੁੱਕੀ ਸੀ ਤੇ ਮੰਮੀ ਵੀ ਪਹਿਲਾਂ ਵਰਗੀ ਸਿਹਤ ਵਾਲੀ ਨਹੀਂ ਸੀ ਰਹੀ। ਫਿਰ ਸੋਚਣ ਲੱਗਦੀ ਕਿ ਵਿਅਹ ਕਰਾਉਣਾ ਵੀ ਤਾਂ ਜ਼ਰੂਰੀ ਸੀ। ਰਵੀ ਦੀ ਉਡੀਕ ਤਾਂ ਹੁਣ ਰਹੀ ਨਹੀਂ ਸੀ। ਇਕ ਵਾਰ ਸੋਚਾਂ ਦੀ ਲੜੀ ਜੁੜਦੀ ਤਾਂ ਜੁੜਦੀ ਚਲੇ ਜਾਂਦੀ।

-----

ਐਂਡੀ ਵੇਲੇ ਮਨ ਉਲਾਰ ਤਾਂ ਹੋਇਆ ਸੀ ਪਰ ਬਾਅਦ ਵਿਚ ਖ਼ੁਦ ਨੂੰ ਕੋਸਣ ਵੀ ਲੱਗਦੀ ਕਿ ਕਿਸ ਰਸਤੇ ਤੁਰ ਪਈ ਸੀ ਮੈਂ। ਹੁਣ ਅਕਾਊਂਟੈਂਟ ਦੀ ਦੱਸ ਪਈ ਤਾਂ ਇੱਕ ਵਾਰ ਫਿਰ ਨਿੱਠ ਕੇ ਵਿਚਾਰ ਕੀਤਾ ਸੀ ਪੂਰੇ ਹਾਲਾਤ ਬਾਰੇ ਪਰ ਮਨ ਨਹੀਂ ਸੀ ਮੰਨਦਾ। ਮੰਮੀ ਮੰਨ ਗਈ ਸੀ। ਉਹ ਤਾਂ ਮੰਨੀ ਹੀ ਰਹਿੰਦੀ ਸੀ। ਮੈਂ ਵੀ ਇਹ ਮੁੰਡਾ ਵੇਖਣ ਦਾ ਵਿਚਾਰ ਬਣਾ ਹੀ ਲਿਆ। ਸਭ ਨੇ ਸਲਾਹ ਕੀਤੀ ਕਿ ਮੁੰਡੇ ਨਾਲ ਬੈਠ ਕੇ ਗੱਲ ਕਰਨ ਥਾਵੇਂ ਉਸ ਨੂੰ ਪਹਿਲਾਂ ਦੂਰੋਂ ਹੀ ਵੇਖਿਆ ਜਾਵੇ। ਸ਼ੌਪਿੰਗ ਸੈਂਟਰ ਵਿਚ ਕਿਸੇ ਬਹਾਨੇ ਮੁੰਡੇ ਨੂੰ ਸੱਦ ਲਿਆ ਗਿਆ। ਮੈਂ ਤੇ ਮੰਮੀ ਵੀ ਚਲੇ ਗਈਆਂ। ਮੈਂ ਘਰੋਂ ਸੋਚ ਕੇ ਗਈ ਸੀ ਕਿ ਪਰੀ ਦਾ ਬਹਾਨਾ ਕਰਕੇ ਮੈਂ ਨਾਂਹ ਕਰ ਦੇਵਾਂਗੀ। ਮੈਨੂੰ ਅੰਟੀ ਨੇ ਦੂਰੋਂ ਮੁੰਡਾ ਵਿਖਾਇਆ। ਮੁੰਡਾ ਕਾਹਦਾ ਸੀ ਜਿਵੇਂ ਗੁੱਡਾ ਹੋਵੇ। ਮੇਰੇ ਨਾਲੋਂ ਵੀ ਮਧਰਾ ਸੀ। ਰਵੀ ਦੇ ਤਾਂ ਪਾਂ ਪਾਸਕ ਵੀ ਨਹੀਂ ਸੀ। ਉਸ ਨੂੰ ਵੇਖ ਕੇ ਮੇਰਾ ਹਾਸਾ ਨਿਕਲ ਗਿਆ। ਅੰਟੀ ਬੋਲੀ, ‘‘ਕੀ ਨੁਕਸ ਏ ਏਸ ਮੁੰਡੇ ’ਚ?’’

‘‘ਇਹ ਮੁੰਡਾ ਥੋੜ੍ਹੋ ਏ, ਇਹ ਤਾਂ ਅੱਧਾ ਏ, ਇਹੋ ਜਿਹੇ ਦੋ ਲੱਭੋ ਤਾਂ ਮੈਂ ਵਿਆਹ ਕਰਾਊਂ।’’

ਮੇਰਾ ਮਜ਼ਾਕ ਅੰਟੀ ਨੂੰ ਪਸੰਦ ਨਾ ਆਇਆ। ਬਾਅਦ ਵਿਚ ਮੰਮੀ ਵੀ ਲੜਦੀ ਰਹੀ ਮੇਰੇ ਨਾਲ ਕਿ ਜੇ ਨਾਂਹ ਹੀ ਕਰਨੀ ਸੀ ਤਾਂ ਕਿਸੇ ਢੰਗ ਨਾਲ ਕਰਦੀ।

ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇਕ ਹੋਰ ਮੁੰਡੇ ਦੀ ਦੱਸ ਪਾਈ। ਅੰਟੀ ਆਖ ਰਹੀ ਸੀ, ‘‘ਐਤਕੀਂ ਮੁੰਡਾ ਸੰਧੂਆਂ ਦਾ ਏ, ਜੇ ਚਾਰੇ ਖ਼ਾਨੇ ਚਿੱਤ ਨਾ ਹੋ ਗਈ ਤਾਂ ਦੱਸੀਂ।’’

ਉਹ ਮੇਰੇ ਵਿਆਹ ਦੀ ਲੋੜ ਤੋਂ ਵਧੇਰੇ ਹੀ ਫ਼ਿਕਰ ਕਰੀ ਜਾ ਰਹੇ ਸਨ। ਕਦੇ-ਕਦੇ ਮੈਨੂੰ ਲੱਗਦਾ ਕਿ ਉਨ੍ਹਾਂ ਲਈ ਮੇਰਾ ਇਕੱਲੀ ਰਹਿਣਾ ਬੇਇੱਜ਼ਤੀ ਦਾ ਕਾਰਣ ਬਣਦਾ ਹੋਵੇ ਜਾਂ ਕੁਝ ਹੋਰ। ਉਨ੍ਹਾਂ ਦੀ ਇਸ ਮੁੰਡੇ ਬਾਰੇ ਦੱਸ ਵੀ ਅਧੂਰੀ ਰਹਿ ਗਈ ਤਾਂ ਮੈਂ ਸ਼ੁਕਰ ਮਨਾਇਆ। ਹੋਰ ਪਾਸੇ ਗੱਲ ਤੋਰਨ ਲੱਗੇ ਤਾਂ ਮੈਂ ਆਖਿਆ, ‘‘ਅੰਟੀ ਜੀ, ਸਾਲ ਕੁ ਠਹਿਰ ਜਾਓ, ਹਾਲੇ ਮੈਂ ਡੈਡੀ ਬਾਰੇ ਈ ਸੋਚੀ ਜਾਨੀਂ ਆਂ।’’

-----

ਮੈਂ ਕੰਮ ਉਪਰ ਵਾਪਸ ਗਈ ਤਾਂ ਮੇਰੀਆਂ ਵਾਕਿਫ਼ ਕੁੜੀਆਂ ਡੈਡੀ ਦਾ ਅਫ਼ਸੋਸ ਕਰਨ ਆਉਂਦੀਆਂ ਰਹੀਆਂ। ਕੁਝ ਕੁ ਬੰਦੇ ਵੀ ਮੇਰੇ ਕੋਲ ਆਏ। ਐਂਡੀ ਵੀ ਆਇਆ। ਐਂਡੀ ਨਾਲ ਮੈਂ ਸਾਰੇ ਸੰਬੰਧ ਤੋੜ ਲਏ ਸਨ। ਅਸੀਂ ਸਿਰਫ਼ ਕੰਮ ਨਾਲ ਸੰਬੰਧਤ ਹੀ ਗੱਲ ਕਰਦੇ। ਉਹ ਹਾਲੇ ਵੀ ਮੇਰਾ ਸੁਪਰਵਾਈਜ਼ਰ ਸੀ। ਉਸ ਨੇ ਪੁਰਾਣੀ ਗੱਲ ਕਦੇ ਨਹੀਂ ਸੀ ਚਿਤਾਰੀ। ਮੁਸਕਰਾ ਕੇ ਗੱਲ ਕਰਦਾ ਤੇ ਅੱਗੇ ਲੰਘ ਜਾਂਦਾ। ਹੁਣ ਕੁਝ ਦੇਰ ਤੋਂ ਉਹ ਮੈਰੀ ਨਾਲ ਬਾਹਰ ਵੀ ਜਾਣ ਲੱਗਿਆ ਸੀ।

-----

ਇਕ ਦਿਨ ਇਕ ਸ਼ੁਕੀਨ ਜਿਹਾ ਬੰਦਾ ਅਫ਼ਸੋਸ ਕਰਨ ਆਇਆ ਜਿਸ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਸ ਦੇ ਬੈਜ ਉਪਰ ‘ਹੈਰੀ ਧਨੋਆ’ ਲਿਖਿਆ ਹੋਇਆ ਸੀ। ਉਸ ਨੇ ਆਪਣੇ ਬੈਜ ਵੱਲ ਇਸ਼ਾਰਾ ਕਰਕੇ ਆਪਣੇ ਨਾਂ ਦਾ ਅਹਿਸਾਸ ਕਰਵਾਇਆ ਤੇ ਆਖਣ ਲੱਗਾ, “ਮੈਂ ਪੇਅ ਸ਼ੈਕਸਨ ਵਿਚ ਹਾਂ, ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਤੁਹਾਡੇ ਡੈਡੀ ਨੂੰ ਮਿਲ ਚੁੱਕਿਆਂ, ਉਹ ਮੇਰੇ ਡੈਡੀ ਨਾਲ ਕੰਮ ਕਰਦੇ ਹੁੰਦੇ ਸਨ, ਹੀ ਵੌਜ਼ ਏ ਨਾਈਸ ਮੈਨ, ਜਦੋਂ ਦੀ ਉਨ੍ਹਾਂ ਦੀ ਡੈੱਥ ਹੋਈ ਏ ਸਾਡੇ ਘਰ ਵਿਚ ਉਨ੍ਹਾਂ ਦੀਆਂ ਗੱਲਾਂ ਈ ਹੋਈ ਜਾਂਦੀਆਂ ਨੇ। ਆਏ ਐਮ ਰੀਅਲੀ ਸੌਰੀ ਔਨ ਹਿਜ਼ ਡੈੱਥ! ....ਚੰਗੇ ਬੰਦੇ ਕਿਥੋਂ ਮਿਲਦੇ ਨੇ!”

“ਥੈਂਕਸ, ਡੈਡੀ ਬਹੁਤ ਚੰਗੇ ਹਿਉਮਨ ਬੀਇੰਗ ਸੀਗੇ, ਹੀ ਵੌਜ਼ ਬੈਸਟ ਡੈਡ ਐਜ਼ ਵੈੱਲ।”

“ਸ਼ੋਅਰ, ਸ਼ੋਅਰ।”

ਮੈਂ ਕੰਪਿਊਟਰ ਉਪਰ ਕੋਈ ਕੰਮ ਕਰ ਰਹੀ ਸੀ ਜਦ ਉਹ ਆਇਆ। ਉਸ ਨਾਲ ਗੱਲ ਕਰਦੇ ਸਮੇਂ ਹੱਥਲਾ ਕੰਮ ਛੱਡ ਕੇ ਖੜ੍ਹ ਗਈ ਸੀ। ਉਸ ਨੇ ਪੁੱਛਿਆ, "ਹਾਲੇ ਟੌਟਨਹੈਮ ਈ ਰਹਿੰਦੇ ਓ?”

“ਹਾਂ।”

“ਮੇਰੇ ਪੇਰਿੰਟਸ ਵਲਥਮ ਸਟੋਅ ਰਹਿੰਦੇ ਨੇ ਪਰ ਮੈਂ ਪਟਨੀ ਰਹਿੰਨਾ, ਕੰਮ ਤੋਂ ਵੌਕਿੰਗ ਡਿਸਟੈਂਸ ’ਤੇ ਹੀ। ਕਿਵੇਂ ਏ ਤੁਹਾਡਾ ਕੰਮ, ਹੈਪੀ ਓ?”

“ਹਾਂ, ਨੋ ਕੰਪਲੇਂਟ।”

“ਕਲੈਰੀਕਲ ਸਟਾਫ ਵਿਚ ਆ ਜਾਓ ਜੇ ਦਿਲ ਕਰਦਾ ਏ ਤਾਂ, ....ਕੰਮ ਜ਼ਰਾ ਸੌਖਾ ਏ।”

“ਪਰ ਉੱਥੇ ਮਗਜ਼ਮਾਰੀ ਬਹੁਤ ਕਰਨੀ ਪੈਂਦੀ ਏ, ਆਏ ਐਮ ਨੌਟ ਦੈਟ ਬਰੇਨੀ।”

“ਯੂ ਆਰ ਬਰੇਨੀ ਐਂਡ ਬਿਊਟੀਫੁਲ, ਆਏ ਬਿੱਟ!”

-----

ਮੈਂ ਉਸ ਵੱਲ ਵੇਖਿਆ। ਉਹ ਮੁਸਕਰਾਈ ਜਾ ਰਿਹਾ ਸੀ। ਉਹ ਮੁੜ ਕੇ ਗੰਭੀਰ ਹੋਇਆ ਤੇ ਡੈਡੀ ਦਾ ਫਿਰ ਅਫਸੋਸ ਕਰਦਾ ਚਲਾ ਗਿਆ। ਮੈਂ ਫਿਰ ਤੋਂ ਆਪਣੇ ਕੰਮ ਲੱਗ ਗਈ। ਹੈਰੀ ਗਿਆ ਪਰ ਸੁਹਣੀ ਜਿਹੀ ਖ਼ੁਸ਼ਬੂ ਛੱਡ ਗਿਆ। ਮੈਂ ਸੋਚਣ ਲੱਗੀ ਕਿ ਕਿਹੜਾ ਇਤਰ ਵਰਤਦਾ ਹੋਇਆ। ਮੈਨੂੰ ਉਦੋਂ ਹੀ ਖ਼ਿਆਲ ਆਇਆ ਕਿ ਰਵੀ ਕੋਈ ਪਰਫਿਊਮ ਲਾਉਂਦਾ ਹੀ ਨਹੀਂ ਸੀ। ਆਖਿਆ ਕਰਦਾ, “ਆਦਮੀ ਨੂੰ ਨੈਚਰਲ ਹੋਣਾ ਚਾਹੀਦਾ ਐ।”

ਹੈਰੀ ਨੂੰ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਹ ਅਚਾਨਕ ਹੀ ਆ ਪ੍ਰਗਟ ਹੋਇਆ ਸੀ। ਕਲੈਰੀਕਲ ਸਟਾਫ਼ ਸਭ ਤੋਂ ਉਪਰਲੀ ਮੰਜ਼ਲ ’ਤੇ ਸੀ। ਉਨ੍ਹਾਂ ਦੀ ਲਿਫ਼ਟ ਵੀ ਅਲੱਗ ਸੀ ਅਤੇ ਉਸ ਫਲੋਰ ’ਤੇ ਛੋਟੀ ਜਿਹੀ ਕੰਟੀਨ ਵੀ ਸੀ। ਇਸ ਲਈ ਉਨ੍ਹਾਂ ਨਾਲ ਸਾਡਾ ਬਹੁਤਾ ਵਾਹ ਨਹੀਂ ਸੀ ਪੈਂਦਾ। ਫਿਰ ਬਰੈਡਫੀਲਡ ਦੇ ਸਾਰੇ ਸਟਾਫ ਦੀ ਇਕੋ ਜਿਹੀ ਵਰਦੀ ਹੋਣ ਕਰਕੇ ਪਤਾ ਨਹੀਂ ਸੀ ਚਲਦਾ ਕਿ ਕਿਹੜਾ ਕਿਥੇ ਕੰਮ ਕਰਦਾ ਹੈ। ਉਪਰੋਂ ਦੀ ਛੇ ਹਜ਼ਾਰ ਬੰਦੇ ਦਾ ਸਟਾਫ। ਪਰ ਉਸ ਦਿਨ ਤੋਂ ਬਾਅਦ ਹੈਰੀ ਕਿਤੇ ਨਾ ਕਿਤੇ ਦਿਸ ਹੀ ਪੈਂਦਾ। ਕਦੇ ਪੌੜੀਆਂ ਜਾਂ ਲਿਫਟ ਮੂਹਰੇ, ਕਦੇ ਕੰਟੀਨ ਵਿਚ ਜਾਂ ਕਦੇ ਉਵੇਂ ਹੀ ਤੁਰਿਆ ਜਾਂਦਾ। ਸਾਡੀਆਂ ਅੱਖਾਂ ਮਿਲਦੀਆਂ ਤਾਂ ਉਹ ਮੈਨੂੰ ਹੱਥ ਹਿਲਾ ਕੇ ਹੈਲੋ ਆਖਦਾ ਭਾਵੇਂ ਕਿੰਨੀ ਵੀ ਦੂਰ ਹੁੰਦਾ।

-----

ਹੈਰੀ ਵਿਚ ਹੋਰ ਮਰਦਾਂ ਨਾਲੋਂ ਕੁਝ ਵੱਖਰਾਪਨ ਜ਼ਰੂਰ ਸੀ। ਬਰੈਡਫੀਲਡ ਦੀ ਚੁਸਤ ਵਰਦੀ ਉਸ ਦੀ ਦਿੱਖ ਨੂੰ ਹੋਰ ਉਭਰਵੀਂ ਬਣਾਉਂਦੀ। ਉਸ ਦਾ ਤੁਰਨਾ, ਖੜਨਾ, ਗੱਲ ਕਰਨਾ ਸਭ ਕੁਝ ਅਲੱਗ ਜਿਹਾ ਸੀ। ਕੁਝ ਕੁ ਦਿਨਾਂ ਬਾਅਦ ਹੀ ਮੇਰੀਆਂ ਨਜ਼ਰਾਂ ਉਸ ਦੀ ਪਿਆਸ ਮਹਿਸੂਸ ਕਰਨ ਲੱਗੀਆਂ। ਜੇ ਕਿਤੇ ਨਾ ਦਿੱਸਦਾ ਤਾਂ ਇਕ ਉਡੀਕ ਜਿਹੀ ਛਾਈ ਰਹਿੰਦੀ।

----

ਇਕ ਦਿਨ ਮੈਂ ਹੈਰੀ ਨੂੰ ਵਲਥਮ ਸਟੋਅ ਸਟੇਸ਼ਨ ’ਤੇ ਖੜ੍ਹਿਆ ਵੇਖਿਆ। ਉਹ ਮੇਰੇ ਵਾਲੇ ਡੱਬੇ ਵਿਚ ਹੀ ਚੜ੍ਹ ਆਇਆ। ਮੇਰੇ ਵੱਲ ਵੇਖ ਕੇ ਹੱਥ ਹਿਲਾਇਆ ਤੇ ਮੇਰੇ ਕੋਲ ਆ ਗਿਆ। ਮੇਰੇ ਨਾਲ ਬੈਠਣ ਲਈ ਸੀਟ ਨਹੀਂ ਸੀ ਪਰ ਉਥੇ ਹੀ ਖੜਾ ਰਿਹਾ। ਮੈਂ ਪੁੱਛਿਆ, “ਕਿਧਰੋਂ ਆ ਰਹੇ ਓ?”

“ਪੇਰੈਂਟਸ ਕੋਲੋਂ, ਇਥੇ ਮੂਵ ਹੋ ਗਿਆਂ ਪੱਕਾ ਈ।”

“ਕਿਉਂ?”

“ਵਾਈਫ ਨਾਲ ਸੈਪਰੇਸ਼ਨ ਹੋ ਗਈ।”

“ਆਏ ਐਮ ਸੌ ਸੌਰੀ।”

“ਬਹੁਤ ਦੇਰ ਦਾ ਝਗੜਾ ਚਲ ਰਿਹਾ ਸੀ, ....ਕੁਡ ਨੌਟ ਹੈਲਪ!”

‘‘ਤੁਹਾਡੇ ਜੁਆਕ ਵੀ ਨੇ?’’

‘‘ਹਾਂ, ਟੂ ਡੌਟਰਜ਼।’’

‘‘ਵੈਰੀ ਸੈਡ ਫੌਰ ਦੈਮ!’’

‘‘ਦੈਟ ’ਸ ਲਾਈਫ!’’

ਅਸੀਂ ਇਕੱਠੇ ਹੀ ਸਟੇਸ਼ਨ ਤੇ ਉਤਰੇ ’ਤੇ ਕੰਮ ਵੱਲ ਤੁਰ ਪਏ। ਮੈਂ ਕੁਝ ਕਾਹਲੀ ਤੁਰ ਰਹੀ ਸੀ ਤਾਂ ਉਹ ਵੀ ਮੇਰੇ ਬਰਾਬਰ ਤੁਰਦਾ ਬੋਲਿਆ, ‘‘ਵੈਸੇ ਤਾਂ ਇਥੋਂ ਵਲਥਮ ਸਟੋਅ ਕਾਫੀ ਦੂਰ ਏ ਪਰ ਟਿਊਬ ਰਾਹੀਂ ਬਹੁਤ ਥੋੜ੍ਹਾ ਟਾਈਮ ਲੱਗਦਾ ਏ।’’

‘‘ਸਟੇਸ਼ਨ ਥੋੜ੍ਹੇ ਜਿਉਂ ਹੋਏ ਰਾਹ ਵਿੱਚ।’’

‘‘ਇਥੇ ਪਟਨੀ ਤਾਂ ਮੇਰਾ ਫਲੈਟ ਵੌਕਿੰਗ ਡਿਸਟੈਂਸ ’ਤੇ ਈ ਸੀ, ਡੌਟਰਜ਼ ਨੂੰ ਸਕੂਲ ਛੱਡ ਕੇ ਕੰਮ ਨੂੰ ਆ ਜਾਇਆ ਕਰਦਾ ਸਾਂ, ਅੱਜ ਮੇਰੀ ਕੈਲਕੂਲੇਸ਼ਨ ਗ਼ਲਤ ਹੋ ਗਈ...ਪਹਿਲਾਂ ਈ ਪਹੁੰਚ ਗਿਆਂ।’’

‘‘ਕਿੱਡੀਆਂ ਨੇ ਤੁਹਾਡੀਆਂ ਡੌਟਰਜ਼?’’

‘‘ਨਾਈਨ ਐਂਡ ਸੈਵਨ, ਆਏ ਲਵ ਦੈੱਮ ਟੂ ਮੱਚ! ਪਤਾ ਨਹੀਂ ਉਹਨਾਂ ਬਿਨਾਂ ਕਿਵੇਂ ਰਹਾਂਗਾ!’’ ਆਖ ਕੇ ਉਸ ਨੇ ਅੱਖਾਂ ਭਰ ਲਈਆਂ। ਮੈਨੂੰ ਉਸ ਉਪਰ ਬਹੁਤ ਤਰਸ ਆਉਣ ਲੱਗਾ। ਪਤਾ ਨਹੀਂ ਕਿਹੜੇ ਵੇਲੇ ਮੇਰੇ ਤੋਂ ਆਖਿਆ ਗਿਆ, ‘‘ਮਿਸਟਰ ਧਨੋਆ, ਇਫ ਆਏ ਕੈਨ ਡੂ ਐਨੀਥਿੰਗ ਫੌਰ ਯੂ?’’

‘‘ਨੋ ਥੈਂਕਸ!’’

ਬਰੈਡਫੀਲਡ ਪਹੁੰਚ ਕੇ ਉਹ ਆਪਣੇ ਰਸਤੇ ਪੈ ਗਿਆ। ਮੈਂ ਉਸ ਬਾਰੇ ਸੋਚਣ ਲੱਗੀ ਕਿ ਆਪਣੀਆਂ ਧੀਆਂ ਨੂੰ ਕਿੰਨਾ ਪਿਆਰ ਕਰਦਾ ਸੀ। ਦੂਜੇ ਪਾਸੇ ਰਵੀ ਸੀ ਜਿਸ ਨੇ ਪਰੀ ਨੂੰ ਮੁੜ ਕੇ ਵੇਖਿਆ ਹੀ ਨਹੀਂ ਸੀ। ਉਸ ਦੀ ਖ਼ਬਰ ਤਕ ਨਹੀਂ ਸੀ ਪੁੱਛੀ।

-----

ਹਨੇਰੀ ਸੁਰੰਗ ਦੇ ਅਖੀਰ ਵਿਚ ਮੈਨੂੰ ਰੌਸ਼ਨੀ ਦਿਸਣ ਲੱਗੀ। ਮੇਰਾ ਦਿਲ ਕਰਦਾ ਕਿ ਹੈਰੀ ਨੂੰ ਮਿਲਾਂ। ਪੇਅ ਸੈਕਸ਼ਨ ਵਿੱਚ ਮੈਂ ਕਦੇ ਗਈ ਨਹੀਂ ਸੀ। ਬ੍ਰੇਕ ਵਿੱਚ ਵੇਖਦੀ ਫਿਰਦੀ ਕਿ ਸ਼ਾਇਦ ਇਧਰ ਉਧਰ ਮਿਲ ਪਵੇ। ਉਸ ਦਿਨ ਹੈਰੀ ਨਾ ਦਿੱਸਿਆ। ਮੈਨੂੰ ਕੁਝ ਘਾਟ ਜਿਹੀ ਮਹਿਸੂਸ ਹੋਣ ਲੱਗੀ। ਅਗਲੇ ਦਿਨ ਹੈਰੀ ਮੇਰੇ ਕੋਲ ਆ ਗਿਆ। ਉਹ ਪ੍ਰਸੰਨ ਚਿਤ ਸੀ ਤੇ ਮੈਨੂੰ ਪੁੱਛਣ ਲੱਗਿਆ, ‘‘ਕਿੰਨੇ ਵਜੇ ਬ੍ਰੇਕ ਲੈਂਦੇ ਓ?’’

‘‘ਅਲੈਵਨਿਸ਼।’’

‘‘ਵਿਲ ਯੂ ਲਾਈਕ ਟੂ ਹੈਵ ਏ ਕੱਪ ਔਫ ਟੀ ਵਿਦ ਮੀ?’’

‘‘ਵਾਈ ਨੌਟ!’’

ਹੈਰੀ ਗਿਆਰਾਂ ਵਜੇ ਆ ਗਿਆ। ਅਸੀਂ ਕੰਟੀਨ ਨੂੰ ਤੁਰ ਪਏ। ਉਹ ਆਖਣ ਲੱਗਾ, ‘‘ਸੌਰੀ, ਮੇਰੇ ਤੋਂ ਰਿਹਾ ਨਈਂ ਗਿਆ, ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਕੰਸੋਲੇਸ਼ਨ ਮਿਲਦੀ ਏ।’’

‘‘ਥੈਂਕਸ।’’

‘‘ਤੁਹਾਨੂੰ ਕੀ ਕਹਿ ਕੇ ਬੁਲਾਵਾਂ? ਕੰਵਲ ਜਾਂ ਮਿਸਜ਼ ਢਿੱਲੋਂ?’’

‘‘ਮੈਂ ਹੁਣ ਮਿਸਜ਼ ਢਿੱਲੋਂ ਨਹੀਂ ਹਾਂ।’’

‘‘ਇਹ ਤਾਂ ਮੈਨੂੰ ਪਤਾ ਏ, ਮੇਰੀ ਮੰਮੀ ਤੁਹਾਡੀ ਮੰਮੀ ਨੂੰ ਗੁਰਦੁਆਰੇ ਮਿਲਦੀ ਰਹਿੰਦੀ ਏ, ਮੈਂ ਤਾਂ ਤੁਹਾਡਾ ਬੈਜ ਦੇਖ ਕੇ ਕਹਿ ਦਿੱਤਾ।’’

‘‘ਇਹ ਵੀ ਹੁਣ ਬਦਲਾ ਈ ਦੇਣਾ ਏਂ। ਬੱਸ ਐਵੇਂ ਈ ਘਾਉਲ ਕਰ ਜਾਨੀ ਵਾਂ। ਫਿਰ ਸੋਚਣ ਲੱਗਦੀ ਵਾਂ ਕਿ ਮੈਂ ਗਿੱਲ, ਮੇਰੀ ਬੇਟੀ ਢਿੱਲੋਂ,.....ਡਜ ਨਟ ਲੁਕ ਨਾਈਸ!’’

‘‘ਬੇਟੀ ਦਾ ਵੀ ਬਦਲ ਦਿਓ।’’

‘‘ਮੈਂ ਪਤਾ ਕੀਤਾ ਸੀ, ਕਾਫੀ ਡਿਫੀਕਲਟ ਪ੍ਰੋਸੀਜ਼ਰ ਏ!’’

ਅਸੀਂ ਕੰਟੀਨ ਵਿਚ ਚਾਹ ਦੇ ਕੱਪ ਲੈ ਕੇ ਇਕ ਪਾਸੇ ਬੈਠ ਗਏ। ਗੱਲ ਤੋਰਨ ਲਈ ਮੈਂ ਪੁੱਛਿਆ, ‘‘ਤੁਹਾਡੀਆਂ ਡੌਟਰਜ਼ ਕਿਹੜੇ ਸਕੂਲ ਜਾਂਦੀਆਂ ਨੇ?’’

‘‘ਫਰੈੱਸ਼ਵੌਟਰ ਪ੍ਰਾਇਮਰੀ ਸਕੂਲ, ਜਸਟ ਕਰੌਸ ਦਾ ਰਿਵਰ ਥੇਮਜ਼।’’

‘‘ਪੜ੍ਹਨ ਨੂੰ ਕਿਵੇਂ ਨੇ?’’

‘‘ਹਾਲੇ ਤਾਂ ਤੇਜ਼ ਲੱਗਦੀਆਂ ਨੇ, ਤੁਹਾਡੀ ਬੇਟੀ ਦੀ ਉਮਰ ਕਿੰਨੀ ਏ?’’

‘‘ਦਸ ਸਾਲ, ਮਈ ਵਿੱਚ ਗਿਆਰਾਂ ਦੀ ਹੋ ਜਾਏਗੀ।’’

‘‘ਖ਼ਾਸ ਗੱਲ ਹੋ ਗਈ ਸੀ ਹਸਬੈਂਡ ਨਾਲ?’’

‘‘ਖ਼ਾਸ ਵੀ ਨਈਂ, ਬੱਸ, ਵੀ ਵਰ ਨੌਟ ਮੇਡ ਫੋਰ ਈਚ ਅਦਰ।’’

‘‘ਸੇਮ ਲਾਈਕ ਅੱਸ, ਦਸ ਸਾਲ ਦੀ ਮੈਰਿਡ ਲਾਈਫ ਵਿਚ ਇਕ ਮਹੀਨਾ ਵੀ ਪੀਸਫੁੱਲ ਨਹੀਂ ਲੰਘਿਆ, ਇਕ ਮਹੀਨਾ ਕੀ ਇਕ ਹਫਤਾ ਵੀ ਨਹੀਂ ਲੰਘਿਆ, ਨਾਓ ਆਏ ਥਿੰਕ, ਇਨੱਫ ਇਜ ਇਨੱਫ..।’’

‘‘ਅਰੇਂਜਡ ਮੈਰਿਜ ਸੀ?’’

‘‘ਹਾਂ, ਵਾਕਫੀ ਵਿਚੋਂ ਸੀ, ਇੰਡੀਆ ਤੋਂ ਆਈ ਸੀ।’’

‘‘ਮੇਰਾ ਐਕਸ ਵੀ ਇੰਡੀਆ ਤੋਂ ਆਇਆ ਸੀ।’’

‘‘ਇਹ ਇੰਡੀਆ ਤੋਂ ਆਏ ਵੀ ਅਜੀਬ ਕੰਪਲੈਕਸ ਵਿੱਚ ਹੁੰਦੇ ਨੇ, ਆਪਣੇ ਆਪ ਨੂੰ ਬਹੁਤ ਕਲੈਵਰ ਸਮਝਦੇ ਨੇ।’’

‘‘ਇਹੋ ਪ੍ਰੌਬਲਮ ਮੇਰੇ ਐਕਸ ਨਾਲ ਸੀ।’’

‘‘ਹੁਣ ਇਕੱਲੇ ਰਹਿ ਕੇ ਕਿਵੇਂ ਲੱਗਦਾ ਏ?’’

‘‘ਬਹੁਤ ਪੀਸ ਵਿੱਚ ਵਾਂ, ਕੋਈ ਹੈਡਏਕ ਨਹੀਂ, ਕੋਈ ਵਰੀ ਨਹੀਂ, ਪ੍ਰੌਬਲਮ ਨਹੀਂ।’’

‘‘ਮੁੜ ਕੇ ਸੈਟਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ?’’

‘‘ਨਹੀਂ, ਮੈਂ ਆਪਣੀ ਡੌਟਰ ਨਾਲ ਖ਼ੁਸ਼ ਵਾਂ।’’

-----

ਸ਼ਮੀਮ ਤੇ ਕੁਝ ਹੋਰ ਕੁੜੀਆਂ ਜਾਣ ਕੇ ‘ਹੈਲੋ’ ਕਰਕੇ ਸਾਡੇ ਕੋਲ ਦੀ ਲੰਘੀਆਂ। ਹੁਣ ਮੈਨੂੰ ਪਹਿਲਾਂ ਵਾਂਗ ਉਹਨਾਂ ਦੀ ਚਿੰਤਾ ਨਹੀਂ ਸੀ। ਐਂਡੀ ਨਾਲ ਘੁੰਮਦਿਆਂ ਮੇਰਾ ਝਾਕਾ ਖੁੱਲ੍ਹ ਚੁੱਕਾ ਸੀ। ਜੇ ਕਦੇ ਕੋਈ ਕੁਝ ਕਹੇ ਤਾਂ ਮੈਂ ਅਗਿਓਂ ਝਾੜ ਦਿੰਦੀ ਸੀ, ਮੁੜ ਕੇ ਅਗਲਾ ਨਾ ਬੋਲਦਾ। ਕੋਈ ਮੇਰੇ ਬਾਰੇ ਕੀ ਸੋਚਦਾ ਸੀ ਇਸ ਦੀ ਪ੍ਰਵਾਹ ਕਰਨੀ ਮੈਂ ਛੱਡ ਦਿੱਤੀ ਸੀ। ਮੈਂ ਜੋ ਸੀ ਇਸ ਦੀ ਮੈਨੂੰ ਖੁਦ ਨੂੰ ਤਸੱਲੀ ਸੀ। ਮੈਂ ਆਪਣੇ ਆਪ ਵਿੱਚ ਰਹਿਣਾ ਸਿੱਖ ਲਿਆ ਹੋਇਆ ਸੀ। ਹਾਲੇ ਵੀ ਕਾਂਤਾ ਮੇਰੇ ਨਾਲ ਆ ਬੈਠਦੀ ਸੀ। ਉਸ ਨਾਲ ਮੈਂ ਦਿਲ ਦੀ ਕੋਈ ਗੱਲ ਸਾਂਝੀ ਕਰ ਲਿਆ ਕਰਦੀ ਸੀ। ਕਾਂਤਾ ਨੇ ਧਨੋਏ ਬਾਰੇ ਪੁੱਛਦਿਆਂ ਆਖਿਆ ਸੀ, “ਕਿਆ ਇਰਾਦੇ ਹੈ?”

“ਜੋ ਹੋਤੇ ਹੀ ਹੈਂ, ਸਿੰਗਲ ਮਦਰ ਕੇ।”

“ਕੁਛ ਹਾਥ ਲਗਤਾ ਹੈ?”

“ਅਬੀ ਤਕ ਤੋਂ ਕੁਛ ਨਹੀਂ, ਬੱਟ ਯੂ ਨੈਵਰ ਨੋ।”

“ਜੇ ਆਦਮੀ ਲੋਗ ਕਾ ਸਾਲਾ ਏਕ ਹੀ ਡਿਮਾਂਡ ਹੋਤਾ ਹੈ, ਸਭੀ ਸਾਲਾ ਏਕ ਜੈਸਾ ਹਰਾਮੀ, ਬੀ ਕੇਅਰ ਫੁੱਲ!”

“ਫ਼ਿਕਰ ਮਤ ਕਰੋ।”

*****

ਚਲਦਾ

Friday, September 10, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 19

ਕਾਂਡ – 19

ਦੂਸਰਾ ਹਾਰਟ ਅਟੈਕ ਹੋਇਆ ਤਾਂ ਡੈਡੀ ਨੂੰ ਨਾਲ ਲੈ ਗਿਆ। ਅਸੀਂ ਪਿੱਛੇ ਰੋਂਦੇ ਰਹਿ ਗਏ। ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਸੀ। ਇੰਨੇ ਸਾਲਾਂ ਦੀ ਬਿਮਾਰੀ ਨੇ ਸਾਰੀ ਤਾਕਤ ਖੋਹ ਲਈ ਸੀ। ਡੈਡੀ ਹਰ ਵੇਲੇ ਆਪਣੇ ਆਪ ਨੂੰ ‘ਨਦੀ ਕਿਨਾਰੇ ਰੁੱਖੜਾ’ ਆਖਦੇ ਰਹਿੰਦੇ। ਕਦੇ-ਕਦੇ ਮੈਨੂੰ ਵੀ ਲੱਗਣ ਲੱਗਦਾ ਕਿ ਡੈਡੀ ਹੁਣ ਬਹੁਤੀ ਦੇਰ ਨਹੀਂ ਕੱਢਦੇ। ਜਦ ਕਦੇ ਵੀ ਡੈਡੀ ਬਿਨਾਂ ਮੈਂ ਆਪਣੀ ਜ਼ਿੰਦਗੀ ਬਾਰੇ ਸੋਚਦੀ ਤਾਂ ਮੇਰਾ ਰੋਣ ਨਿਕਲ ਜਾਂਦਾ ਕਿ ਕਿਵੇਂ ਜੀਵਾਂਗੀ।

-----

ਨੀਤਾ ਦੇ ਵਿਆਹ ’ਤੇ ਉਹ ਬਹੁਤ ਖ਼ੁਸ਼ ਸਨ। ਨੀਤਾ ਦਾ ਵਿਆਹ ਅੱਗੇ ਤੋਂ ਅੱਗੇ ਕਿਸੇ ਰਿਸ਼ਤੇਦਾਰ ਪਰਿਵਾਰ ਵਿਚ ਹੋ ਗਿਆ ਸੀ। ਉਦੋਂ ਕਈ ਵਾਰ ਆਖਣ ਲੱਗਦੇ, “ਹੁਣ ਤਾਂ ਬੇਸ਼ੱਕ ਰੱਬ ਚੁੱਕ ਲਵੇ, ਇਹੋ ਜਿਹੀ ਲਾਈਫ਼ ਨਾਲੋਂ ਤਾਂ।”

ਫਿਰ ਉਹ ਬਿੰਨੀ ਦੇ ਵਿਆਹ ਦਾ ਫ਼ਿਕਰ ਕਰਨ ਲੱਗਦੇ। ਮਰਨ ਤੋਂ ਹਫਤਾ ਕੁ ਪਹਿਲਾਂ ਹੀ ਮੈਨੂੰ ਆਖਿਆ ਸੀ, “ਬਿੰਨੀ ਇੱਕੀ ਸਾਲ ਦਾ ਹੋਇਆ ਤਾਂ ਵਿਆਹ ਦੇਣਾ ਏ, ਬੇਟੇ ਜੇ ਮੈਂ ਨਾ ਹੋਇਆ ਤਾਂ ਇਹ ਕੰਮ ਕਰ ਦੇਈਂ।”

ਸਾਧਾਰਣ ਬੈਠਿਆਂ ਅਸੀਂ ਗੰਭੀਰ ਗੱਲਾਂ ਕਰਨ ਲੱਗਦੇ। ਮੰਮੀ ਰੌਲਾ ਪਾਉਂਦੀ ਕਿ “ਸ਼ੁੱਭ, ਸ਼ੁੱਭ ਬੋਲੋ।”

ਡੈਡੀ ਬਾਅਦ ਅਸੀਂ ਸਾਰੇ ਬਹੁਤ ਉਦਾਸ ਹੋ ਗਏ। ਕਿਰਿਆ ਕਰਮ ਦੀ ਸਾਰੀ ਰਸਮ ਸੰਧੂ ਅੰਕਲ ਨੇ ਮੂਹਰੇ ਹੋ ਕੇ ਕੀਤੀ। ਗੁਰਦਵਾਰੇ ਹੀ ਪਾਠ ਰਖਾ ਕੇ ਭੋਗ ਪਾਇਆ। ਭੋਗ ਪੈਣ ਤਕ ਘਰ ਵਿਚ ਰੋਣ-ਧੋਣ ਪਿਆ ਰਿਹਾ। ਮੈਂ ਤਾਂ ਇੰਨਾ ਰੋਣ ਕਦੇ ਵੇਖਿਆ ਹੀ ਨਹੀਂ ਸੀ। ਜਦ ਕੋਈ ਔਰਤ ਮਿਲਣ ਆਉਂਦੀ ਤਾਂ ਮੰਮੀ ਦੇ ਫਿਰ ਮੇਰੇ ਗਲ਼ ਲੱਗ ਰੋਣ ਲੱਗਦੀ। ਕੁਝ ਦੇਰ ਤੋਂ ਬਾਅਦ ਮੇਰਾ ਰੋਣ ਨਿਕਲਣਾ ਹੀ ਬੰਦ ਹੋ ਗਿਆ ਸੀ। ਕੋਈ ਆਉਂਦਾ ਤਾਂ ਮੈਂ ਪਰੀ ਨੂੰ ਲੈ ਕੇ ਉਪਰ ਜਾ ਚੜ੍ਹਦੀ। ਪਰੀ ਵੀ ਡੈਡੀ ਨਾਲ ਬਹੁਤ ਜੁੜ ਗਈ ਸੀ। ਉਸ ਨੇ ਵੀ ਰੋ-ਰੋ ਕੇ ਬੁਖਾਰ ਚੜ੍ਹਾ ਲਿਆ ਸੀ। ਮਸਾਂ ਠੀਕ ਹੋਈ।

-----

ਅਸੀਂ ਸਾਰੇ ਹੀ ਡੈਡੀ ਦੀਆਂ ਅਸਥੀਆਂ ਲੈ ਕੇ ਇੰਡੀਆ ਗਏ। ਨੀਤਾ ਵੀ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਮਹਿੰਦਰ ਨੇ ਜਾਣ ਨਾ ਦਿੱਤਾ। ਇੰਡੀਆ ਜਾ ਕੇ ਫਿਰ ਪਿੱਟ-ਪਿਟਾਅ ਸ਼ੁਰੂ ਹੋ ਗਿਆ। ਪਿੰਡ ਦੀਆਂ ਔਰਤਾਂ ਨੇ ਮੰਮੀ ਨੂੰ ਵਿਚਕਾਰ ਬੈਠਾਲ ਉਸ ਨੂੰ ਰੁਆ-ਰੁਆ ਕੇ ਉਸ ਦਾ ਬੁਰਾ ਹਾਲ ਕਰ ਦਿੱਤਾ। ਉਹ ਤਰ੍ਹਾਂ -ਤਰ੍ਹਾਂ ਦੇ ਕੀਰਨੇ ਪਾਉਣ ਲੱਗਦੀਆਂ ਜਿਨ੍ਹਾਂ ਦੀ ਮੈਨੂੰ ਕੋਈ ਸਮਝ ਵੀ ਨਾ ਪੈਂਦੀ। ਮੰਮੀ ਦਾ ਤਾਂ ਸਿਰ ਦੁਖਣਾ ਹੀ ਸੀ, ਮੇਰਾ ਵੀ ਸਿਰ ਸਾਰਾ ਦਿਨ ਚਕਰਾਉਂਦਾ ਰਹਿੰਦਾ। ਮਕਾਣਾਂ ਆਉਣੀਆਂ ਖ਼ਤਮ ਹੋਈਆਂ ਤਦ ਜਾ ਕੇ ਕਿਤੇ ਸਾਹ ਆਇਆ।

-----

ਤਦ ਹੀ ਮੈਂ ਭੂਆ ਨਾਲ ਗੱਲਾਂ ਵਿਚ ਰੁੱਝਣ ਲੱਗੀ। ਵੈਸੇ ਤਾਂ ਮੈਨੂੰ ਭੂਆ ਦਾ ਸਦਾ ਹੀ ਖ਼ਿਆਲ ਸੀ। ਇੰਡੀਆ ਆ ਕੇ ਸਭ ਤੋਂ ਪਹਿਲਾਂ ਉਸੇ ਦੇ ਗਲ਼ ਲੱਗੀ ਸੀ। ਉਸ ਦੇ ਗਲ਼ ਲੱਗਿਆਂ ਮੈਨੂੰ ਚੈਨ ਆਇਆ ਸੀ ਪਰ ਇੰਨੇ ਲੋਕਾਂ ਵਿਚ ਬਹੁਤੀਆਂ ਗੱਲਾਂ ਨਹੀਂ ਸਨ ਹੋ ਸਕੀਆਂ। ਰਾਤ ਨੂੰ ਮੈਂ ਭੂਆ ਕੋਲ ਹੀ ਸੌਂਦੀ। ਅਸੀਂ ਰਾਤ ਗੱਲਾਂ ਕਰਦੀਆਂ ਰਹਿੰਦੀਆਂ। ਭੂਆ ਹੁਣ ਪਹਿਲਾਂ ਵਰਗੀ ਸਿਹਤਮੰਦ ਨਹੀਂ ਸੀ ਰਹੀ। ਉਸ ਦਾ ਸਰੀਰ ਢਲ਼ ਰਿਹਾ ਸੀ ਪਰ ਉਸ ਵਿਚ ਗੜਕਾ ਪਹਿਲਾਂ ਵਰਗਾ ਹੀ ਸੀ। ਘਰ ਦੇ ਜੁਆਕ ਉਸ ਤੋਂ ਡਰਦੇ ਸਨ। ਜਦ ਉਹ ਲੜਦੇ ਤਾਂ ਉਨ੍ਹਾਂ ਵਿਚੋਂ ਕੁੜੀਆਂ ਭੂਆ ਕੋਲ ਆ ਕੇ ਆਸਰਾ ਲਭਦੀਆਂ। ਮੈਂ ਇਕ ਦਿਨ ਉਸ ਨੂੰ ਆਖਿਆ, “ਭੂਆ, ਮੈਂ ਤੈਨੂੰ ਬਹੁਤ ਯਾਦ ਕਰਦੀ ਹੁੰਨੀ ਵਾਂ।”

“ਕਿਉਂ ਭਾਈ, ਤੂੰ ਕਾਹਨੂੰ ਮੈਨੂੰ ਯਾਦ ਕਰਦੀ ਹੁੰਨੀ ਏਂ! ਤੂੰ ਕੀ ਲੈਣਾ ਏ ਮੇਰੇ ਤੋਂ! ਤੂੰ ਆਪਣਾ ਘਰ ਸਾਂਭਦੀ ਭਾਈ, ਹੀਰੇ ਵਰਗੀ ਧੀ ਨੂੰ ਪਿਓ ਦੇ ਪਿਆਰ ਤੋਂ ਵਿਰਵੀ ਕਰ ਦਿੱਤਾ,” ਆਖਦੀ ਉਹ ਡੁਸਕਣ ਲੱਗ ਪਈ। ਮੈਨੂੰ ਹੈਰਾਨੀ ਹੋਈ ਕਿ ਮੰਮੀ ਵਾਂਗ ਇਹ ਵੀ ਇਲਜ਼ਾਮ ਮੇਰੇ ਸਿਰ ਹੀ ਲਾਉਂਦੀ ਪਈ ਸੀ। ਮੈਨੂੰ ਤਾਂ ਆਸ ਸੀ ਕਿ ਭੂਆ ਮੇਰੇ ਨਾਲ ਖੜੇਗੀ। ਉਹ ਫਿਰ ਆਖਣ ਲੱਗੀ, “ਆਦਮੀ ਤੋਂ ਇਕ ਪੈਰ ਪਰ੍ਹੇ ਹੋਵੋ ਤਾਂ ਆਦਮੀ ਸੌ ਪੈਰ ਦੂਰ ਹਟਦਾ ਏ, ....ਸਾਨੂੰ ਤਾਂ ਮੁੰਡਾ ਚੰਗਾ ਦਿੱਸਦਾ ਸੀ ਭਾਈ।””

“ਇੰਗਲੈਂਡ ਵਿਚ ਪੱਕਾ ਹੋ ਗਿਆ, ਉਹ ਨੂੰ ਹੋਰ ਕੀ ਚਾਹੀਦਾ ਸੀ!”

“ਪਰ ਤੂੰ ਛੱਡਿਆ ਕਿਉਂ?”

“ਭੂਆ, ਮੈਂ ਨਹੀਂ, ਓਹਨੇ ਛੱਡਿਆ ਮੈਨੂੰ।”

“ਅੱਛਾ! ਭਾਈ ਤੇਰੇ ਚਾਚੇ ਗਏ ਸੀ ਓਹਦੇ ਪਿਓ ਕੋਲ, ਉਹ ਆਖਦਾ ਸੀ ਕਿ ਕੁੜੀ ਈ ਤਲਾਕ ਦਿੰਦੀ ਏ, ਇਨ੍ਹਾਂ ਤੇਰੇ ਡੈਡੀ ਨੂੰ ਚਿੱਠੀ ਵੀ ਲਿਖੀ ਸੀ ਪਰ ਬਾਈ ਨੇ ਜਵਾਬ ਨਹੀਂ ਦਿੱਤਾ।”

-----

ਮੈਂ ਕੁਝ ਆਖਣਾ ਚਾਹ ਕੇ ਵੀ ਚੁੱਪ ਰਹੀ। ਭੂਆ ਵੀ ਹੋਰ ਕੁਝ ਨਾ ਬੋਲੀ। ਇਕ ਅਜੀਬ ਜਿਹੀ ਖ਼ਾਮੋਸ਼ੀ ਗਈ, ਜਿਹੀ ਖ਼ਾਮੋਸ਼ੀ ਕਿ ਜੇ ਵਕਤ ਸਿਰ ਮੰਮੀ ਨਾ ਆਉਂਦੀ ਤਾਂ ਪਤਾ ਨਹੀਂ ਹੋ ਜਾਂਦਾ। ਸ਼ਾਇਦ ਮੈਂ ਤੇ ਭੂਆ ਦੋਨੋਂ ਹੀ ਧਾਹਾਂ ਮਾਰ ਕੇ ਰੋਣ ਲੱਗਦੀਆਂ। ਮੰਮੀ ਆ ਕੇ ਭੂਆ ਵਾਲੀ ਮੰਜੀ ’ਤੇ ਬੈਠ ਗਈ ਤੇ ਪਰੀ ਵੱਲ ਇਸ਼ਾਰਾ ਕਰਦੀ ਬੋਲੀ, “ਹੁਣ ਖੇਡੇ ਪਈ ਏ ਜ਼ਰਾ, ਮੇਰੇ ਨਾਲ ਈ ਚਿੰਬੜੀ ਫਿਰਦੀ ਸੀ।”

ਪਰੀ ਖੇਡਦੀ-ਖੇਡਦੀ ਮੇਰੇ ਕੋਲ ਆ ਗਈ। ਭੂਆ ਨੇ ਉਹਨੂੰ ਆਪਣੇ ਕੋਲ ਬੁਲਾ ਕੇ ਸਿਰ ਤੇ ਹੱਥ ਫੇਰਿਆ ’ਤੇ ਮੈਨੂੰ ਪੁੱਛਿਆ, “ਏਹਦਾ ਪਿਓ ਏਹਨੂੰ ਦੇਖਣ ਤਾਂ ਆਉਂਦਾ ਈ ਹੋਏਗਾ?”

ਮੈਂ ਕੁਝ ਨਾ ਬੋਲੀ। ਮੇਰੇ ਵੱਲ ਵੇਖ ਕੇ ਮੰਮੀ ਨੇ ਉਸ ਨੂੰ ਆਖਿਆ, “ਬੀਬੀ, ਤੇਰੀ ਗੁੜ੍ਹਤੀ ਨੇ ਮੇਰੀ ਧੀ ਦੀ ਲੈਫ਼ ਤਬਾਹ ਕਰ ’ਤੀ।”

“ਹਾਏ ਭਾਬੀ, ਮੈਂ ਕੀ ਕਰਿਆ!”

“ਤੂੰ ਆਪਣੀ ਸਾਰੀ ਹੈਂਕੜ ਏਹਦੇ ’ਚ ਭਰਤੀ, ਨੱਕ ’ਤੇ ਮੱਖੀ ਨ੍ਹੀਂ ਬੈਠਣ ਦਿੰਦੀ, ਚੰਗਾ ਭਲਾ ਘਰ ਉਜਾੜ ਧਰਿਆ!”

ਮੰਮੀ ਰੋਣ ਲੱਗੀ। ਭੂਆ ਵੀ। ਮੈਂ ਭੂਆ ਨੂੰ ਦਿਲਾਸਾ ਦਿੰਦਿਆ ਆਖਿਆ, “ਭੂਆ, ਤੂੰ ਮੰਮੀ ਦੇ ਆਖੇ ਦਾ ਗੁੱਸਾ ਨਾ ਕਰ, ਏਹਨੂੰ ਪਤਾ ਨਈਂ ਚਲਦਾ ਕਿ ਕਿਹੜੀ ਗੱਲ ਆਖਣੀ ਏ, ਡੈਡੀ ਬਾਅਦ ਤਾਂ ਏਹਦੀ ਊਈਂ ਬੱਸ ਹੋ ਗੀ।

“ਨਈਂ ਧੀਏ, ਤੇਰੀ ਮਾਂ ਏਨੀ ਸਿੱਧੀ ਵੀ ਨਈਂ, ਇਹ ਵੀ ਸੱਚੀ ਏ, ਜੇ ਮੇਰੀ ਕਿਸਮਤ ਦਾ ਪਰਛਾਵਾਂ ਤੇਰੇ ਉਪਰ ਪੈ ਗਿਆ ਤਾਂ ਦੱਸ ਮੈਂ ਕੀ ਕਰਾਂ!”

“ਨਈਂ ਭੂਆ, ਅਜਿਹਾ ਕੁਝ ਨਹੀਂ ਹੋਇਆ, ਰਵੀ ਈ ਮੇਰੇ ਨਾਲ ਨਈਂ ਸੀ ਰਹਿਣਾ ਚਾਹੁੰਦਾ, ਹੁਣ ਤੈਨੂੰ ਸਾਰੀਆਂ ਗੱਲਾਂ ਕੀ ਦੱਸਾਂ, ਡੈਡੀ ਨਾਲ ਓਹਦਾ ਵਤੀਰਾ ਅਜਿਹਾ ਸੀ ਕਿ ਸੁਣ ਕੇ ਸ਼ਰਮ ਆਵੇ, ਏਹੋ ਜੇ ਬੰਦੇ ਨਾਲ ਮੈਂ ਕਿਥੇ ਰਹਿ ਸਕਦੀ ਸੀ। ਮੈਂ ਏਕਣ ਵੱਧ ਖ਼ੁਸ਼ ਆਂ, ਮੰਮੀ ਨੂੰ ਕੀ!”

ਠਆਹੋ, ਮੈਨੂੰ ਕੀ! ਮੈਂ ਤਾਂ ਮਾਂ ਵਾਂ, ਆਂਦਰਾਂ ਤਾਂ ਅੰਦਰੋਂ ਮੇਰੀ ਲੂਹੀਆਂ ਗਈਆਂ, ਤੂੰ ਆਖਨੀ ਏਂ ਮੈਨੂੰ ਕੀ"

“ਧੀਏ, ਜੇ ਕੋਈ ਸਬੱਬ ਬਣਦਾ ਏ ਤਾਂ ਬਣਾ ਲੋ, ਆਦਮੀ ਬਿਨਾਂ ਔਰਤ ਦੀ ਇੱਜ਼ਤ ਨਹੀਂ।”

“ਭੂਆ, ਇੰਗਲੈਂਡ ਵਿਚ ਇਮੇਂ ਨਈਂ ਹੁੰਦਾ। ਉਥੇ ਇਕੱਲੀ ਔਰਤ ਨੂੰ ਕੁਝ ਨਈਂ ਹੁੰਦਾ, ਨਾਲੇ ਮੇਰੀ ਜ਼ਿੰਦਗੀ ਤਾਂ ਪਰੀ ਨੂੰ ਪਾਲਣ ਵਿਚ ਨਿੱਕਲ਼ ਜਾਣੀ ਏਂ।”

“ਜ਼ਿੰਦਗੀ ਸਿਰਫ਼ ਜੁਆਕ ਜੱਲਾ ਪਾਲਣ ਵਿਚ ਈ ਨਹੀਂ....” ਭੂਆ ਕੁਝ ਆਖਦੀ ਰੁਕ ਗਈ। ਹੁਣ ਭੂਆ ਮੇਰੇ ਨਾਲ ਹੋਰ ਵੀ ਖੁੱਲ੍ਹ ਕੇ ਗੱਲਾਂ ਕਰਨ ਲੱਗਦੀ। ਰਵੀ ਬਾਰੇ ਬਹੁਤ ਸਵਾਲ ਪੁੱਛਦੀ। ਜਦ ਮੈਂ ਦੱਸਿਆ ਕਿ ਰਵੀ ਮੈਨੂੰ ਮਾਰਦਾ ਹੁੰਦਾ ਸੀ ਤਾਂ ਭੂਆ ਨੂੰ ਬਹੁਤ ਗੁੱਸਾ ਚੜ੍ਹਿਆ ਸੀ। ਉਸ ਦਾ ਤੇਜ਼ ਚਲਦਾ ਸਾਹ ਦੱਸ ਰਿਹਾ ਸੀ ਉਹ ਕਿੰਨੀ ਔਖੀ ਹੋਈ ਸੀ ਤੇ ਮੁੜ ਰਵੀ ਬਾਰੇ ਕਈ ਦਿਨ ਤਕ ਕੋਈ ਗੱਲ ਨਹੀਂ ਸੀ ਕੀਤੀ।

-----

ਇਕ ਦਿਨ ਮੈਂ ਭੂਆ ਨੂੰ ਪੁੱਛ ਹੀ ਲਿਆ, “ਭੂਆ, ਤੂੰ ਮੈਨੂੰ ਤਾਂ ਬਹੁਤ ਸਲਾਹਾਂ ਦਿੰਨੀ ਏਂ, ਤੈਨੂੰ ਕਦੇ ਮਰਦ ਦੀ ਲੋੜ ਨਹੀਂ ਮਹਿਸੂਸ ਹੋਈ?”

“ਚੱਲ ਕਮਲ਼ੀ ਨਾ ਹੋਵੇ ਤਾਂ। ਏਕਣ ਨਈਂ ਸੋਚੀਦਾ, .... ਮੈਂ ਤਾਂ ਪਾਠ ਕਰਨ ਲੱਗਦੀ ਸੀ, ਸਾਰਾ ਪਾਠ ਮੂੰਹ ਜ਼ੁਬਾਨੀ ਯਾਦ ਏ, ਨਾਲੇ ਪਿਓ ਦੀ ਪੱਗ ਦਾ ਵੀ ਤਾਂ ਧਿਆਨ ਸੀ।”

ਮੇਰੇ ਚਾਚੇ ਤਾਏ ਤੇ ਉਨ੍ਹਾਂ ਦੇ ਬੱਚੇ ਪਾ ਕੇ ਬਹੁਤ ਵੱਡਾ ਟੱਬਰ ਬਣ ਜਾਂਦਾ ਸੀ। ਮਕਾਣਾਂ ਖ਼ਤਮ ਹੋਣ ਤੋਂ ਬਾਅਦ ਮੁੜ ਕੇ ਚਹਿਲ-ਪਹਿਲ ਵਾਲਾ ਮਾਹੌਲ ਬਣ ਗਿਆ। ਜੁਆਨ ਕੁੜੀਆਂ ਤੇ ਘਰ ਦੀਆਂ ਨੂੰਹਾਂ ਮੇਰੇ ਦੁਆਲੇ ਬੈਠੀਆਂ ਰਹਿੰਦੀਆਂ। ਭੂਆ ਤੋਂ ਉਹ ਕੁਝ ਝਿਪਦੀਆਂ ਸਨ ਪਰ ਮੇਰੇ ਨਾਲ ਮਜ਼ਾਕ ਕਰਦੀਆਂ ਰਹਿੰਦੀਆਂ। ਘਰ ਦੇ ਆਦਮੀ ਇਕ ਪਾਸੇ ਬੈਠੇ ਸਲਾਹਾਂ ਕਰਨ ਲੱਗਦੇ। ਬਿੰਨੀ ਨੂੰ ਰਿਸ਼ਤੇ ਆਉਣ ਲੱਗੇ ਸਨ। ਅਸੀਂ ਡੈਡੀ ਦੀਆਂ ਅਸਥੀਆਂ ਲੈ ਕੇ ਆਏ ਹੋਣ ਕਰਕੇ ਸਾਰੇ ਹੀ ਇਸ ਸ਼ਗਨਾਂ ਵਾਲੇ ਕੰਮ ਨੂੰ ਅਗਲੀ ਵਾਰ ਲਈ ਰੱਖ ਰਹੇ ਸਨ।

-----

ਇਕ ਦਿਨ ਭੂਆ ਨੇ ਦੱਸਿਆ, “ਭਾਈ, ਸਭ ਨੇ ਸਲਾਹ ਕੀਤੀ ਏ, ਤੇਰਾ ਚਾਚਾ ਸੁਰਜੀਤ ਚਲਿਆ ਏ ਸੂਬੇਦਾਰ ਸਤਨਾਮ ਸੂੰਹ ਨਾਲ ਗੱਲ ਕਰਨ।’

‘‘ਉਹ ਕੌਣ ਏ?’’

‘‘ਲੈ ਦੱਸ ਤਾਂ ਭਲਾ, ਤੈਨੂੰ ਆਪਣੇ ਸਹੁਰੇ ਦੇ ਨਾਂ ਦਾ ਨਈਂ ਪਤਾ।’’ ਆਖਦੀ ਉਹ ਹੱਸਣ ਲੱਗੀ। ਫਿਰ ਮੈਨੂੰ ਕਲ਼ਾਵੇ ਵਿੱਚ ਲੈ ਕੇ ਬੋਲੀ, ‘‘ਦੇਖ ਧੀਏ, ਹੁਣ ਭੂਆ ਦੀ ਗੁੜ੍ਹਤੀ ਨੂੰ ਨੌਲਦੇ ਨੇ ਸਾਰੇ, ਇਸੇ ਗੁੜ੍ਹਤੀ ਖਾਤਰ ਤੂੰ ਮੁੰਡੇ ਨਾਲ ਸੁਲਾਹ ਕਰ ਲੈ।’’

‘‘ਹੁਣ ਤਾਂ ਭੂਆ, ਬਹੁਤ ਸਾਲ ਹੋਗੇ।’’

‘‘ਜੇ ਤੂੰ ਸੱਚੀ ਏਂ ਤੇ ਉਹ ਸੱਚਾ ਏ ਤਾਂ ਸਾਲਾਂ ਨਾਲ ਕੁਝ ਨਈਂ ਹੁੰਦਾ।’’

ਮੈਨੂੰ ਇਹਨਾਂ ਗੱਲਾਂ ਬਾਰੇ ਸੋਚਦਿਆਂ ਲੱਗਿਆ ਕਿ ਇਹ ਅਸੰਭਵ ਸੀ ਪਰ ਜਿਵੇਂ-ਜਿਵੇਂ ਸੋਚਦੀ ਗਈ ਤਾਂ ਜਾਪਣ ਲੱਗਾ ਕਿ ਇਹ ਤਾਂ ਬਹੁਤ ਹੀ ਸੰਭਵ ਸੀ। ਰਵੀ ਨੂੰ ਇਥੇ ਸੱਦ ਲੈਣ, ਜੇ ਰਵੀ ਨੂੰ ਨਾ ਵੀ ਸੱਦਣ ਫਿਰ ਵੀ ਤਾਂ ਸਭ ਠੀਕ ਹੋ ਹੀ ਸਕਦਾ ਸੀ। ਰਵੀ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀ। ਕਿੰਨਾ ਵੀ ਦੂਰ ਸੀ ਸਾਡੇ ਕੋਲੋਂ ਪਰ ਦਿਲੋਂ ਦੂਰ ਨਹੀਂ ਸੀ ਹੋ ਸਕਦਾ। ਸੋਚਦੇ-ਸੋਚਦੇ ਮੈਨੂੰ ਚਾਅ ਚੜ੍ਹਨ ਲੱਗਿਆ। ਮੈਂ ਰਵੀ ਬਾਰੇ ਸੋਚਣ ਲੱਗੀ। ਇੰਨਾ ਸੋਚਿਆ ਕਿ ਰਾਤ ਨੂੰ ਸੁਫ਼ਨੇ ਵੀ ਉਸ ਦੇ ਹੀ ਆਏ। ਸੁਫਨੇ ਵਿੱਚ ਬੈਠਾ ਉਹ ਕਿਤਾਬ ਪੜ੍ਹ ਰਿਹਾ ਸੀ। ਮੈਂ ਉਸ ਪਾਸੋਂ ਕਿਤਾਬ ਖੋਹ ਕੇ ਆਖਿਆ-‘‘ਇਕ ਤਾਂ ਸਾਨੂੰ ਲੈਣ ਨਈਂ ਆਉਂਦਾ, ਦੂਜਾ ਹੁਣ ਕਿਤਾਬ ਪੜ੍ਹੀ ਜਾਂਦਾ!’’

-----

ਜਿਸ ਦਿਨ ਦੀ ਮੈਂ ਆਈ ਸੀ ਮਰਦਾਂ ਵਿਚੋਂ ਕਦੇ ਕਿਸੇ ਨੇ ਮੇਰੇ ਨਾਲ ਰਵੀ ਬਾਰੇ ਗੱਲ ਨਹੀਂ ਸੀ ਕੀਤੀ। ਇਕ ਦਿਨ ਕਿਸੇ ਨੇ ਮੇਰੇ ਸਾਹਮਣੇ ਆਪਸ ਵਿੱਚ ਕਿਹਾ ਸੀ ਕਿ ਇਹ ਦਬਾਬੀਏ ਸਾਨੂੰ ਜਮਾਂ ਈ ਰਾਸ ਨਹੀਂ ਆਏ। ਬਿੰਨੀ ਦੇ ਵਿਆਹ ਬਾਰੇ ਜ਼ਰੂਰ ਮੇਰੇ ਨਾਲ ਸਲਾਹਾਂ ਹੁੰਦੀਆਂ ਸਨ।

ਅਗਲੇ ਦਿਨ ਚਾਚਾ ਸਿੱਧਿਆਂ ਹੀ ਜਲੰਧਰ ਨੂੰ ਚਲੇ ਗਿਆ। ਉਸ ਦੇ ਜਾਂਦੇ ਸਾਰ ਹੀ ਉਸ ਦੀ ਉਡੀਕ ਹੋਣ ਲੱਗੀ। ਚਾਚਾ ਰਵੀ ਦੇ ਪਿਤਾ ਨੂੰ ਕਈ ਵਾਰ ਮਿਲ ਚੁੱਕਾ ਸੀ। ਉਹ ਯਕੀਨ ਦਵਾਉਂਦਾ ਗਿਆ ਸੀ ਕਿ ਉਹ ਉਹਨਾਂ ਦੀ ਕਿਸੇ ਗੱਲ ਨੂੰ ਮੋੜਨ ਨਹੀਂ ਲੱਗਿਆ। ਭੂਆ ਤੇ ਮੰਮੀ ਮੇਰੇ ਸਾਹਮਣੇ ਹੀ ਸਲਾਹਾਂ ਕਰ ਰਹੀਆਂ ਸਨ, ‘‘ਜੇ ਮੁੰਡੇ ਦਾ ਪਿਓ ਮੰਨ ਜਾਵੇ ਤਾਂ ਇਹਨੂੰ ਇਥੋਂ ਹੀ ਸਹੁਰੇ ਤੋਰ ਦੇਈਏ, ਮੁੰਡੇ ਨੇ ਤਾਂ ਆਪਣੇ ਪਿਓ ਦੀ ਮੋੜਨੀ ਈ ਕੀ ਏ।’’

ਮੈਂ ਵੀ ਰਵੀ ਦੇ ਪਿੰਡ ਜਾਣ ਲਈ, ਆਪਣੇ ਆਪ ਨੂੰ ਤਿਆਰ ਕਰਨ ਲੱਗੀ। ਵਿਆਹ ਸਮੇਂ ਉਥੇ ਗਈ ਸੀ। ਉਦੋਂ ਉਹਨਾਂ ਦਾ ਘਰ ਛੋਟਾ ਜਿਹਾ ਸੀ। ਫਿਰ ਤਾਂ ਰਵੀ ਨੇ ਬਥੇਰੇ ਪੈਸੇ ਭੇਜੇ ਸਨ। ਜ਼ਰੂਰ ਵੱਡਾ ਕਰ ਲਿਆ ਹੋਵੇਗਾ। ਰਵੀ ਦੀ ਮਾਂ ਜਦ ਇੰਗਲੈਂਡ ਆਈ ਉਦੋਂ ਹੀ ਸਾਡਾ ਝਗੜਾ ਵਧਿਆ ਸੀ ਪਰ ਉਸ ਨੇ ਕਦੇ ਮੈਨੂੰ ਕੁਝ ਨਹੀਂ ਸੀ ਕਿਹਾ। ਮੇਰੇ ਨਾਲ ਤਾਂ ਬਥੇਰਾ ਪਿਆਰ ਕਰਦੀ ਹੁੰਦੀ ਸੀ। ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਦਿਆਂ ਪਰੀ ਨੂੰ ਆਖਿਆ, ‘‘ਪੌਸੀਬਲ ਏ ਆਪਾਂ ਨੂੰ ਤੇਰੇ ਡੈਡੀ ਦੇ ਡੈਡੀ-ਮੰਮੀ ਮਿਲਣ ਆਉਣ।’’

‘‘ਰੀਅਲੀ! ਵਿਅਰ ਦੇ ਲਿਵ?’’

‘‘ਇਥੇ ਈ, ਇੰਡੀਆ ਵਿਚ ਈ।’’

‘‘ਡੈਡੀ ਨੇ ਵੀ ਔਣੈ?’’

‘‘ਮੇਅ ਬੀ।’’

‘‘ਫੇਰ ਡੈਡੀ ਨੇ ਗੁੱਡ ਹੋ ਜਾਣਾ?’’

‘‘ਹਾਂ...ਹਾਂ।’’

ਜਦ ਕਦੇ ਵੀ ਪਰੀ ਰਵੀ ਬਾਰੇ ਪੁੱਛਦੀ ਤਾਂ ਮੈਂ ਆਖ ਦਿਆ ਕਰਦੀ ਸੀ ਕਿ ਉਹ ਬੁਰਾ ਆਦਮੀ ਸੀ ਇਸ ਲਈ ਸਾਨੂੰ ਮਿਲਦਾ ਨਹੀਂ ਸੀ।

ਆਥਣੇ ਜਿਹੇ ਅਸੀਂ ਚਾਚੇ ਦੇ ਘਰ ਹੀ ਜਾ ਬੈਠੀਆਂ। ਸਾਡਾ ਸਾਰਾ ਧਿਆਨ ਚਾਚੇ ਦੇ ਆਉਣ ਵੱਲ ਹੀ ਸੀ। ਘਰ ਵਿਚ ਸਭ ਨੂੰ ਪਤਾ ਸੀ ਕਿ ਚਾਚਾ ਕਿਥੇ ਗਿਆ ਸੀ। ਇਸ ਕਰਕੇ ਸਭ ਦੀ ਨਿਗਾਹ ਮੇਰੇ ਉਪਰ ਘੁੰਮ ਰਹੀ ਸੀ। ਕਦੇ-ਕਦੇ ਇਹ ਸਭ ਮੈਨੂੰ ਬਹੁਤ ਬੁਰਾ ਲੱਗਦਾ। ਚਾਚਾ ਆਇਆ ਤੇ ਆਉਂਦਾ ਹੀ ਬੈਠਕ ਵਿਚ ਚਲੇ ਗਿਆ। ਅਸੀਂ ਸਵਾਤ ਵਿਚ ਬੈਠੀਆਂ ਸਾਂ। ਮੰਮੀ ਤੇ ਭੂਆ ਉਠ ਕੇ ਚਾਚੇ ਮਗਰ ਗਈਆਂ। ਮੈਂ ਸਾਹ ਰੋਕੀ ਉਨ੍ਹਾਂ ਨੂੰ ਉਡੀਕਣ ਲੱਗੀ।

ਕੁਝ ਚਿਰ ਬਾਅਦ ਉਹ ਵਾਪਸ ਆਈਆਂ। ਉਨ੍ਹਾਂ ਨੂੰ ਵੇਖ ਕੇ ਮੇਰੇ ਕੋਲ ਬੈਠੀਆਂ ਕੁੜੀਆਂ ਉਠ ਕੇ ਚਲੀਆਂ ਗਈਆਂ। ਮੰਮੀ ਮੇਰੇ ਵੱਲ ਕਿੰਨਾ ਚਿਰ ਵੇਖਦੀ ਰਹੀ ਤੇ ਫਿਰ ਰੋਣ ਲੱਗ ਪਈ। ਭੂਆ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਗਲ਼ ਨਾਲ ਲਾ ਲਿਆ ਤੇ ਆਖਣ ਲੱਗੀ, ‘‘ਤੇਰੀ ਕਿਸਮਤ ਖੋਟੀ ਧੀਏ, ਮੁੰਡੇ ਨੇ ਤਾਂ ਹੋਰ ਵਿਆਹ ਕਰਾ ਲਿਆ।’’

-----

ਇਕ ਵਾਰ ਤਾਂ ਮੈਨੂੰ ਝਟਕਾ ਵੱਜਿਆ। ਸੰਭਲ ਕੇ ਮੈਂ ਆਖਿਆ, ‘‘ਤਾਂ ਕੀ ਹੋਇਆ ਭੂਆ, ਏਹਦੇ ’ਚ ਰੋਣ ਵਾਲੀ ਕਿਹੜੀ ਗੱਲ ਏ?’’ ਆਖ ਕੇ ਮੈਂ ਵੀ ਰੋਣ ਲੱਗੀ। ਸਾਨੂੰ ਰੋਂਦੀਆਂ ਨੂੰ ਵੇਖ ਕੇ ਪਰੀ ਵੀ ਸਾਨੂੰ ਚਿੰਬੜਦੀ ਰੋ ਪਈ ਅਤੇ ਘਰ ਦੀਆਂ ਹੋਰ ਔਰਤਾਂ ਵੀ ਰੋਣ ਵਿਚ ਸ਼ਾਮਿਲ ਹੋ ਗਈਆਂ। ਮੰਮੀ ਨੇ ਡੈਡੀ ਨੂੰ ਸੰਬੋਧਨ ਹੋ ਕੇ ਕੋਈ ਕੀਰਨਾ ਪਾਇਆ ਤੇ ਭੂਆ ਨੇ ਉਸ ਨਾਲ ਲੜ ਕੇ ਉਸ ਨੂੰ ਚੁੱਪ ਕਰਾਇਆ। ਦੋ ਕੁ ਗੁਆਂਢਣ ਔਰਤਾਂ ਵੀ ਸਾਡੇ ’ਚ ਆ ਰਲੀਆਂ। ਫਿਰ ਅਸੀਂ ਸਾਰੀਆਂ ਬਹਿ ਕੇ ਡੈਡੀ ਦੀਆਂ ਗੱਲਾਂ ਕਰਨ ਲੱਗੀਆਂ।

-----

ਮੇਰਾ ਮਨ ਹੁਣ ਬਹੁਤ ਉਦਾਸ ਰਹਿਣ ਲੱਗਿਆ ਸੀ। ਰਵੀ ਨਾਲ ਮੈਨੂੰ ਨਫ਼ਰਤ ਹੋਣ ਲੱਗਦੀ। ਮੈਂ ਵਾਪਸ ਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਦ ਕਿ ਸਾਡੇ ਪ੍ਰੋਗਰਾਮ ਅਨੁਸਾਰ ਅਸੀਂ ਦੋ ਹਫ਼ਤੇ ਹੋਰ ਰਹਿਣਾ ਸੀ। ਮੰਮੀ ਆਖਦੀ, ‘‘ਏਡੀ ਵੀ ਕੀ ਕਾਹਲੀ ਏ, ਤੇਰਾ ਮਾਮਾ ਇੰਦਰ ਸਿਉਂ ਸੱਦ ਕੇ ਗਿਆ ਹੋਇਐ, ਆਪਾਂ ਇਕ ਹਫ਼ਤਾ ਤਾਂ ਉਥੇ ਰਹਾਂਗੀਆਂ। ਹੁਣ ਨਾਨਕੀਂ ਵੀ ਤਾਂ ਰਹਿ ਕੇ ਦੇਖ।’’

‘‘ਨਈਂ ਮੰਮੀ, ਤੂੰ ਰਹਿ ਲੈ, ਮੈਂ ਤਾਂ ਜਾਣਾ ਏਂ, ਕੰਮ ’ਤੇ ਵੀ ਜਾਣਾ ਪੈਣਾ, ਫਿਰ ਪਰੀ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਏ।’’

ਸਭ ਨੇ ਬਹੁਤ ਰੋਕਿਆ ਪਰ ਮੈਂ ਜ਼ਿੱਦ ਨਾ ਛੱਡੀ। ਅਸੀਂ ਸਾਰੇ ਵਕਤ ਤੋਂ ਪਹਿਲਾਂ ਹੀ ਮੁੜ ਆਏ। ਬਾਕੀਆਂ ਨੇ ਵੀ ਮੇਰੇ ਨਾਲ ਹੀ ਪ੍ਰੋਗਰਾਮ ਬਦਲ ਲਿਆ ਸੀ।

*****

ਚਲਦਾ