Thursday, July 22, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 12

ਕਾਂਡ – 12

ਮੈਂ ਸਵੇਰੇ ਉੱਠਿਆ ਤਾਂ ਵਾਹਵਾ ਭੁੱਖ ਲੱਗੀ ਹੋਈ ਸੀ। ਰਾਤੀਂ ਅਸੀਂ ਕੁਝ ਖਾਧਾ ਨਹੀਂ ਸੀ। ਬੀਟਰਸ ਨੇ ਟੋਸਟ ਬਣਾ ਕੇ ਦਿੱਤੇ ਤਾਂ ਕੁਝ ਚੈਨ ਪਿਆ। ਬੀਟਰਸ ਨੂੰ ਖਾਣਾ ਬਣਾਉਣ ਦੀ ਆਦਤ ਬਹੁਤ ਘੱਟ ਸੀ। ਮੁੰਡਿਆਂ ਨੂੰ ਉਹ ਵਕਤ ਸਿਰ ਕੁਝ ਨਾ ਕੁਝ ਬਣਾ ਕੇ ਖਵਾ ਦਿੰਦੀ। ਆਪ ਕਦੇ ਕੁਝ ਖਾ ਲੈਂਦੀ ਤੇ ਕਦੇ ਉਵੇਂ ਹੀ ਸੌਂ ਜਾਂਦੀ। ਉਸ ਦੇ ਮਗਰ ਲੱਗਿਆ ਮੈਂ ਵੀ ਕੁਝ ਨਾ ਖਾਂਦਾ। ਕਦੇ ਬਾਹਰੋਂ ‘ਟੇਕ ਅਵੇਅ’ ਲੈ ਆਉਂਦੇ। ਮੇਰੀ ਦਿਹਾੜੀ ਚੰਗੀ ਲੱਗੀ ਹੁੰਦੀ ਤਾਂ ਰੈਸਟੋਰੈਂਟ ਵਿਚ ਵੀ ਚਲੇ ਜਾਂਦੇ।

-----

ਮੈਂ ਉਠ ਕੇ ਕੈਥੀ ਦੇ ਫਲੈਟ ਵਿਚ ਗਿਆ ਤਾਂ ਤਰਸੇਮ ਬੈਠਾ ਨਾਸ਼ਤਾ ਕਰ ਰਿਹਾ ਸੀ। ਭਰਪੂਰ ਅੰਗਰੇਜ਼ੀ ਨਾਸ਼ਤਾ-ਆਂਡੇ, ਬੇਕਨ, ਬੀਨਜ਼, ਕਿੰਨਾ ਕੁਝ ਹੀ। ਕੈਥੀ ਰਸੋਈ ਵਿਚ ਹਾਲੇ ਕੁਝ ਹੋਰ ਬਣਾ ਰਹੀ ਸੀ। ਤਰਸੇਮ ਹੌਲੇ ਜਿਹੇ ਬੋਲਿਆ, “ਏਨੀ ਸੇਵਾ ਤਾਂ ਯਾਰ ਕਦੇ ਨਵੇਂ ਵਿਆਹ ਵੇਲੇ ਨਹੀਂ ਹੋਈ!”

“ਰਾਤ ਕਿੱਦਾਂ ਰਹੀ?”

“ਥੈਂਕ ਯੂ ਯਾਰ! .... ਅਸੀਂ ਤਾਂ ਨ੍ਹੇਰੇ ’ਚ ਰਹਿੰਦੇ ਆਂ, ਸਾਡੀਆਂ ਤੀਮੀਆਂ ਤਾਂ ਨਿਰੀਆਂ ਮੱਝਾਂ, ਉਨ੍ਹਾਂ ਨੂੰ ਜ਼ਿੰਦਗੀ ਦਾ ਕੁਝ ਪਤਾ ਈ ਨਹੀਂ!”

ਮੈਂ ਰਸੋਈ ਵਿਚ ਜਾ ਕੇ ਪੁੱਛਿਆ, “ਸੈਂਡੀ ਆਪਣੇ ਨਾਂ ਉਪਰ ਖਰਾ ਉਤਰਦੈ ਕਿ ਨਹੀਂ?”

ਪਹਿਲਾਂ ਉਹ ਸ਼ਰਮਾ ਗਈ ਤੇ ਫਿਰ ਹੱਸਣ ਲੱਗੀ।

ਹੁਣ ਤਰਸੇਮ ਕੈਥੀ ਦੇ ਘਰ ਲਗਾਤਾਰ ਜਾਣ ਲੱਗਿਆ। ਉਸ ਦਾ ਹਰ ਵੀਕ ਐਂਡ ਕੈਥੀ ਵੱਲ ਹੀ ਨਿਕਲਦਾ। ਕੈਥੀ ਨੇ ਆਪਣਾ ਕੰਮ ਬਦਲ ਕੇ ਵੀਕ ਐਂਡ ਵਿਹਲੇ ਵਾਲਾ ਕੰਮ ਲੈ ਲਿਆ ਤਾਂ ਜੋ ਉਹ ਤਰਸੇਮ ਨਾਲ ਵਕਤ ਗੁਜ਼ਾਰ ਸਕੇ। ਕੈਥੀ ਨੂੰ ਤਰਸੇਮ ਵਰਗਾ ਹੀ ਬੰਦਾ ਚਾਹੀਦਾ ਸੀ ਜੋ ਕਿ ਵੀਕ-ਐਂਡ ’ਤੇ ਹੀ ਆਵੇ ਤੇ ਬਾਕੀ ਦਿਨ ਉਸ ਨੂੰ ਤੰਗ ਨਾ ਕਰੇ।

------

ਉਹ ਹੁਣ ਜੇ ਕਦੇ ਮਿਲਦਾ ਤਾਂ ਕੈਥੀ ਘਰ ਹੀ ਮਿਲਦਾ। ਵੀਕ-ਐਂਡ ’ਤੇ ਮੈਂ ਵਿਅਸਤ ਹੁੰਦਾ ਤੇ ਬੀਟਰਸ ਵੱਲ ਜਾ ਨਾ ਸਕਦਾ। ਜੇ ਕਦੇ ਜਾਂਦਾ ਵੀ ਤਾਂ ਖੜ੍ਹਾ-ਖੜ੍ਹਾ ਹੀ। ਕੈਥੀ ਮਿਲਦੀ ਤਾਂ ਉਸ ਦੀਆਂ ਹੀ ਗੱਲਾਂ ਕਰਦੀ ਰਹਿੰਦੀ। ਉਹ ਦੱਸਦੀ ਕਿ ਕਿਵੇਂ ਸ਼ਰਾਬੀ ਹੋਇਆ ਕੈਥੀ ਦੀ ਉਸਤਤ ਵਿਚ ਗੀਤ ਗਾਉਣ ਲੱਗਦਾ। ਉਹ ਤਰਸੇਮ ਦੀ ਕਾਹਲ ਦੀਆਂ, ਉਸ ਦੀ ਮਸਤੀ ਦੀਆਂ ਗੱਲਾਂ ਬੜੇ ਚਾਅ ਨਾਲ ਕਰਦੀ। ਉਹ ਉਸ ਲਈ ਆਏ ਦਿਨ ਫੁੱਲ ਲੈ ਕੇ ਜਾਂਦਾ। ਕੈਥੀ ਖ਼ੁਸ਼ ਸੀ।

------

ਉਹ ਮਿਲਦਾ ਤਾਂ ਕੈਥੀ ਦੀਆਂ ਵਡਿਆਈਆਂ ਮਾਰਨੋਂ ਨਾ ਹਟਦਾ। ਕੈਥੀ ਵਿਚ ਬੀਟਰਸ ਨਾਲੋਂ ਕਈ ਗੁਣ ਵਾਧੂ ਸਨ ਜਿਹੜੇ ਕਿ ਬਾਹਰੋਂ ਦਿਸਦੇ ਸਨ ਪਰ ਸੀਰਤ ਵਿਚ ਉਹ ਬੀਟਰਸ ਦੇ ਮੁਕਾਬਲੇ ਸ਼ਾਇਦ ਹੀ ਹੁੰਦੀ। ਮੈਂ ਕਦੇ ਮੁਕਾਬਲਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ , ਪਰ ਤਰਸੇਮ ਹਮੇਸ਼ਾਂ ਕੈਥੀ ਨੂੰ ਇਵੇਂ ਹੀ ਪੇਸ਼ ਕਰਦਾ। ਇਕ ਦਿਨ ਮੈਂ ਮਜ਼ਾਕ ਵਿਚ ਕਿਹਾ, ‘‘ਕੈਥੀ ਦੱਸਦੀ ਸੀ ਕਿ ਤੂੰ ਫੁੱਲ ਬੜੇ ਲੈ ਕੇ ਜਾਨਾਂ, ਬੜੇ ਪੈਸੇ ਖ਼ਰਚਦਾਂ ਫੁੱਲਾਂ ’ਤੇ।’’

‘‘ਕਿਥੋਂ ਯਾਰ! ਪੈਡਿੰਗਟਿਨ ਸਟੇਸ਼ਨ ’ਤੇ ਇਕ ਫੁੱਲ ਵਾਲਾ ਦੋਸਤ ਬਣਿਆ ਹੋਇਐ, ਲੇਟ ਨਾਈਟ ਮਰਨ ਵਾਲੇ ਫੁੱਲ ਜ਼ਰਾ ਸਸਤੇ ਦੇ ਦਿੰਦਾ, ਪਰ ਇਕ ਗੱਲ ਦੱਸ ਦੇਵਾਂ ਕਿ ਜਿੱਦਣ ਫੁੱਲ ਲੈ ਕੇ ਜਾਵਾਂ, ਓਦਣ ਬਹੁਤ ਚਿੰਬੜਦੀ ਐ।’’

-----

ਬੀਟਰਸ ਆਮ ਗੋਰੀਆਂ ਵਾਂਗ ਛੋਟੀ ਜਿਹੀ ਖ਼ੁਸ਼ੀ ਜਾਂ ਗ਼ਮ ’ਤੇ ਬਹੁਤੀ ਉਲਾਰ ਹੋਣ ਵਾਲੀ ਔਰਤ ਨਹੀਂ ਸੀ। ਉਸ ਨੂੰ ਆਪਣੇ ਜਨਮ ਦਿਨ ਦਾ ਕੋਈ ਫ਼ਿਕਰ ਨਹੀਂ ਸੀ। ਮੇਰੇ ਜਨਮ ਦਿਨ ’ਤੇ ਵੀ ਕਦੇ ਕੋਈ ਚਾਅ ਨਹੀਂ ਦਿਖਾਇਆ। ਮੁੰਡਿਆਂ ਨੂੰ ਉਨ੍ਹਾਂ ਦੇ ਜਨਮ ਦਿਨ ’ਤੇ ਜ਼ਰੂਰ ਕੁਝ ਲੈ ਦਿੰਦੀ। ਮੁੰਡੇ ਵੀ ਉਸ ਦੇ ਠੀਕ ਹੀ ਸਨ। ਕਦੇ ਕੋਈ ਜ਼ਿਦ ਨਾ ਕਰਦੇ। ਛੋਟਾ ਜੌਹਨ ਪੜ੍ਹਨ ਵਿਚ ਢਿੱਲਾ ਸੀ ਤੇ ਉਹ ਹਰ ਵੇਲੇ ਸ਼ਰਾਰਤਾਂ ਵਿਚ ਲੱਗਾ ਰਹਿੰਦਾ। ਵੱਡਾ ਡੈਨੀ ਗੰਭੀਰ ਸੀ। ਉਹ ਆਪਣੇ ਕੰਮ ਨਾਲ ਕੰਮ ਰੱਖਦਾ। ਕੁਝ ਨਾ ਕੁਝ ਪੜ੍ਹਦਾ ਰਹਿੰਦਾ। ਕੈਥੀ ਦਾ ਮੁੰਡਾ ਪਾਲ ਇਨ੍ਹਾਂ ਦੀ ਉਮਰ ਦਾ ਹੀ ਸੀ। ਕਦੇ ਇਨ੍ਹਾਂ ਨਾਲ ਖੇਡਣ ਆ ਜਾਂਦਾ। ਡੈਨੀ ਉਸ ਨਾਲ ਵੀ ਬਹੁਤੀ ਗੱਲ ਨਾ ਕਰਦਾ। ਜਦੋਂ ਕਿ ਜੌਹਨ ਘੁਲਿਆ ਮਿਲਿਆ ਸੀ। ਡੈਨੀ ਬਾਰੇ ਬੀਟਰਸ ਕਹਿੰਦੀ- ‘‘ਇਹਦਾ ਪਿਓ ਬਹੁਤ ਉੱਚੇ ਘਰਾਣੇ ’ਚੋਂ ਸੀ, ਉਹ ਵੀ ਇਸ ਵੇਲੇ ਕਿਤੇ ਨਾ ਕਿਤੇ ਅਫ਼ਸਰ ਹੋਏਗਾ, ਮੇਰਾ ਪੁੱਤ ਵੀ ਇਕ ਦਿਨ ਵੱਡਾ ਆਦਮੀ ਬਣੇਗਾ।’’

-----

ਬੀਟਰਸ ਕਈ ਵਾਰੀ ਮੇਰੀ ਬਹੁਤ ਤਾਰੀਫ਼ ਕਰਨ ਲੱਗਦੀ। ਮੇਰੇ ਤੁਰਨ ਦੀ, ਮੇਰੇ ਠਰੰਮੇ ਦੀ, ਮੇਰੇ ਜਿਸਮ ਦੀ। ਥੋੜ੍ਹੀ ਤਾਰੀਫ਼ ਤਾਂ ਮੈਨੂੰ ਚੰਗੀ ਲੱਗਦੀ ਪਰ ਜ਼ਿਆਦਾ ਤੰਗ ਕਰਨ ਲੱਗਦੀ। ਲੱਗਦਾ ਜਿਵੇਂ ਉਹ ਝੂਠ ਬੋਲ ਰਹੀ ਹੋਵੇ। ਮੈਂ ਉਸ ਨੂੰ ਰੋਕਦਾ ਤਾਂ ਕਹਿੰਦੀ, ‘‘ਮੈਂ ਤੈਨੂੰ ਖ਼ੁਸ਼ ਕਰਨ ਲਈ ਕੁਝ ਨਹੀਂ ਕਹਿ ਰਹੀ, ਮੈਂ ਤਾਂ ਜਿਵੇਂ ਮੈਨੂੰ ਮਹਿਸੂਸ ਹੁੰਦੈ ਕਹਿ ਦਿੰਨੀ ਆਂ।’’

-----

ਕਦੀ-ਕਦੀ ਮੈਨੂੰ ਲੱਗਦਾ ਕਿ ਮੈਂ ਗੋਰਿਆਂ ਦੇ ਸਮਾਜ ਦਾ ਹੀ ਹਿੱਸਾ ਹੋਵਾਂ। ਮੈਂ ਅੰਗਰੇਜ਼ੀ ਵਿਚ ਹੀ ਸੋਚਣ ਲੱਗਿਆ ਸਾਂ। ਮੈਨੂੰ ਅੰਗਰੇਜ਼ੀ ਖਾਣਾ ਤਾਂ ਪਹਿਲੇ ਦਿਨ ਤੋਂ ਹੀ ਪਸੰਦ ਸੀ, ਹੁਣ ਜਿਵੇਂ ਦੇਸੀ ਖਾਣੇ ਦਾ ਜ਼ਾਇਕਾ ਹੀ ਭੁੱਲ ਗਿਆ ਹੋਵਾਂ। ਕਦੇ ਸ਼ੈਰਨ ਮੇਰੇ ਲਈ ਰੋਟੀ ਬਣਾਉਂਦੀ ਪਰ ਮੈਨੂੰ ਸਵਾਦ ਨਾ ਲੱਗਦੀ। ਮੈਂ ਬਹੁਤ ਬਦਲ ਗਿਆ ਸਾਂ। ਪ੍ਰਿਤਪਾਲ ਵੀ ਮੈਨੂੰ ਦੇਖ ਕੇ ਕਹਿੰਦਾ, ‘‘ਵੱਡਿਆ, ਤੂੰ ਤੇ ਯਾਰ ਸਾਡੇ ਵਿਚੋਂ ਲੱਗਦਾ ਈ ਨਈਂ, ਜਾ ਇੰਡੀਆ ਜਾ ਆ, ਵਿਆਹ ਨਾ ਕਰਾਈਂ, ਜੇ ਨਹੀਂ ਮਨ, ਬਹੁਤੇ ਨੂੰ ਪਏ ਥੋੜ੍ਹਾ ਵੀ ਨਾ ਗਵਾ ਲਈਏ।’’

ਉਹ ਜਦ ਦਾ ਇੰਡੀਆ ਤੋਂ ਮੁੜਿਆ, ਮੈਨੂੰ ਇੰਡੀਆ ਜਾਣ ਬਾਰੇ ਜ਼ੋਰ ਪਾਉਂਦਾ ਰਹਿੰਦਾ।

-----

ਇਕ ਸ਼ਨਿਚਰਵਾਰ ਮੈਂ ਲੇਟ ਤਕ ਕੰਮ ਕਰਨ ਦਾ ਮਨ ਬਣਾਇਆ। ਸ਼ਨਿਚਰਵਾਰ ਦੀ ਰਾਤ ਸ਼ਰਾਬੀਆਂ ਦੀ ਰਾਤ ਹੁੰਦੀ ਹੈ, ਝਗੜਿਆਂ ਦੀ ਰਾਤ। ਟੈਕਸੀਆਂ ਵਾਲਿਆਂ ਲਈ ਮੁਸ਼ਕਿਲ ਰਾਤ। ਪਰ ਪੈਸੇ ਬਣ ਜਾਂਦੇ ਹਨ। ਅਗਲੇ ਹਫ਼ਤੇ ਮੇਰੀ ਕਿਸ਼ਤ ਆ ਰਹੀ ਸੀ। ਕੁਝ ਵਾਧੂ ਕੰਮ ਕਰਨ ਨਾਲ ਮੈਨੂੰ ਕਿਸ਼ਤ ਦਾ ਫ਼ਿਕਰ ਘੱਟ ਜਾਣਾ ਸੀ। ਮੈਂ ਕੰਮ ਖ਼ਤਮ ਕਰਕੇ ਬੀਟਰਸ ਵੱਲ ਹੀ ਆ ਗਿਆ। ਉਸ ਨੂੰ ਮੈਂ ਦੱਸਿਆ ਹੋਇਆ ਸੀ, ਉਹ ਜਾਗਦੀ ਮੈਨੂੰ ਉਡੀਕਦੀ ਪਈ ਸੀ।

-----

ਤੜਕਸਾਰ ਬੀਟਰਸ ਨੇ ਮੈਨੂੰ ਜਗਾਇਆ। ਅੰਤਾਂ ਦੀ ਨੀਂਦ ਆਈ ਹੋਈ ਸੀ। ਮੈਂ ਵਕਤ ਦੇਖਿਆ। ਚਾਰ ਦੇ ਕਰੀਬ ਸੀ। ਬੀਟਰਸ ਬੋਲੀ, ‘‘ਇੰਦਰ, ਬਾਹਰ ਜਾ ਕੇ ਦੇਖ ਜ਼ਰਾ, ਕੈਥੀ ਦੀ ਆਵਾਜ਼ ਲੱਗਦੀ ਐ।’’

ਮੇਰੇ ਉਠਣ ਤਕ ਬੱਚੇ ਵੀ ਉਠ ਖੜ੍ਹੇ ਹੋਏ। ਤਦ ਹੀ ਮੈਨੂੰ ਪਤਾ ਚਲਿਆ ਕਿ ਪਾਲ ਵੀ ਇਥੇ ਹੀ ਸੀ। ਜ਼ਰੂਰ ਕੈਥੀ ਤੇ ਤਰਸੇਮ ਬਾਹਰ ਗਏ ਹੋਣਗੇ। ਜਾਂ ਉਵੇਂ ਵੀ ਤਰਸੇਮ ਆਏ ’ਤੇ ਕੈਥੀ ਪਾਲ ਨੂੰ ਬੀਟਰਸ ਵੱਲ ਭੇਜ ਦਿੰਦੀ। ਸ਼ਰਾਬ ਪੀ ਕੇ ਕੈਥੀ ਨੇ ਖਰਮਸਤੀਆਂ ਵੀ ਕਰਨੀਆਂ ਹੁੰਦੀਆਂ ਸਨ। ਤਰਸੇਮ ਵੀ ਅਜਿਹਾ ਹੀ ਸੀ। ਮੈਂ ਗਾਊਨ ਪਾਉਂਦਾ ਬਾਹਰ ਨਿਕਲਿਆ ਤਾਂ ਅੱਧ ਨੰਗਾ ਤਰਸੇਮ ਖੜ੍ਹਾ ਦਿੱਸਿਆ। ਕੈਥੀ ਗੰਦੀਆਂ-ਗੰਦੀਆਂ ਗਾਲ਼੍ਹਾਂ ਕੱਢਦੀ ਕਹੀ ਜਾ ਰਹੀ ਸੀ, ‘‘ਤੂੰ ਪਾਕੀ ਹਰਾਮੀ, ਦਫ਼ਾ ਹੋ ਜਾ ਮੇਰੇ ਘਰੋਂ, ਆਪਣੀ ਤੀਵੀਂ ਦੀ ਬੁੱਕਲ ਵਿਚੋਂ ਉਠ ਕੇ ਐਸ਼ ਕਰਨ ਆ ਜਾਨੈਂ, ਜੇਬ ਵਿਚ ਤੇਰੇ ਕੋਕ ਲੈਣ ਜੋਗੇ ਪੈਸੇ ਨਈਂ ਹੁੰਦੇ, ਘਰ ਦੇ ਕਿਸੇ ਖ਼ਰਚੇ ਦਾ ਹਿੱਸਾ ਦੇਣਾ ਤਾਂ ਦੂਰ ਦੀ ਗੱਲ ਐ, ਤੁਸੀਂ ਪਾਕੀ ਉਹਨਾਂ ਚੜੇਲਾਂ ਜੋਗੇ ਈ ਓ, ਦਫ਼ਾ ਹੋ ਜਾ ਤੇ ਮੁੜ ਕੇ ਮੇਰੇ ਘਰ ਨਾ ਵੜੀਂ, ਵਾਪਸ ਜਾਹ ਉਸੇ ਮੁਸ਼ਕ ਮਾਰਦੀ ਤੀਵੀਂ ਕੋਲ।’’

-----

ਤਰਸੇਮ ‘ਪਲੀਜ਼ ਕੁਆਈਟ ਕੈਥੀ’ ‘ਪਲੀਜ਼ ਕੁਆਈਟ’ ਕਹਿੰਦਾ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਕੈਥੀ ਸੀ ਕਿ ਬੋਲੀ ਹੀ ਜਾ ਰਹੀ ਸੀ। ਰੌਲ਼ਾ ਸੁਣ ਕੇ ਹੋਰ ਗੁਆਂਢੀ ਵੀ ਨਿਕਲ ਆਏ। ਪਾਲ ਤੇ ਡੈਨੀ ਵੀ ਬਾਹਰ ਆ ਗਏ। ਮੈਨੂੰ ਦੇਖ ਕੇ ਤਰਸੇਮ ਨੇ ਨੀਵੀਂ ਪਾ ਲਈ। ਕੈਥੀ ਵੀ ਕੁਝ ਕੁ ਝਿਜਕੀ ਤੇ ਫਿਰ ਬੋਲੀ, ‘‘ਇੰਦਰ, ਏਸ ਪਾਕੀ ਨੂੰ ਕਹਿ ਦੇ ਮੁੜ ਕੇ ਮੇਰੇ ਘਰ ਨਾ ਵੜੇ, ਨਈਂ ਤਾਂ ਹੱਡੀਆਂ ਤੋੜ ਦੇਊਂ।’’

ਮੈਂ ਚੁੱਪ ਰਿਹਾ। ਮੇਰੇ ਕੋਲ ਹੀ ਬੀਟਰਸ ਦਾ ਮੁੰਡਾ ਡੈਨੀ ਖੜ੍ਹਾ ਸੀ। ਉਹ ਮੈਨੂੰ ਕਹਿਣ ਲੱਗਿਆ, ‘‘ਤੇ ਤੂੰ ਪਾਕੀ, ਤੂੰ ਵੀ ਮੇਰੇ ਘਰੋਂ ਦਫ਼ਾ ਹੋ ਜਾ।’’ਬੀਟਰਸ ਨੇ ਉਸ ਨੂੰ ਸੁਣਿਆ ਤੇ ਉਸ ਦੇ ਚਪੇੜ ਮਾਰਦੀ ਅੰਦਰ ਲੈ ਗਈ। ਉਹ ਕਹਿੰਦੀ ਜਾ ਰਹੀ ਸੀ, ‘‘ਤੈਨੂੰ ਕਿੰਨੀ ਵਾਰ ਕਿਹਾ ਕਿ ਇਹ ਗੱਲ ਨਹੀਂ ਕਹੀਦੀ, ਇਵੇਂ ਕਹਿਣਾ ਬੁਰੀ ਗੱਲ ਐ।’’

*****

ਚਲਦਾ

Sunday, July 11, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 11

ਕਾਂਡ – 11

ਮੈਨੂੰ ਪ੍ਰਿਤਪਾਲ ਨੇ ਬਹੁਤ ਕਿਹਾ ਕਿ ਉਹਨਾਂ ਵਿਚ ਰਹਾਂ ਪਰ ਮੈਂ ਕਿਰਾਏ ’ਤੇ ਰਹਿਣ ਲੱਗਿਆ। ਫਿਰ ਜਲਦੀ ਹੀ ਆਪਣਾ ਫਲੈਟ ਖਰੀਦ ਲਿਆ। ਉਦੋਂ ਹੀ ਖਰੀਦ ਤਾਂ ਮੈਂ ਘਰ ਵੀ ਲੈਂਦਾ ਪਰ ਫਲੈਟਾਂ ਵਿਚ ਰਹਿਣ ਦੀਆਂ ਦੁਸ਼ਵਾਰੀਆਂ ਦਾ ਮੈਨੂੰ ਨਹੀਂ ਸੀ ਪਤਾ। ਇਕ ਦੂਜੇ ਦੀਆਂ ਨਿੱਜਤਾਂ ਵਿਚ ਸਿੱਧਾ ਦਖਲ ਆ ਵੜਦਾ। ਮੇਰੇ ਇਕ ਪਾਸੇ ਇਟਾਲੀਅਨ ਜੋੜਾ ਰਹਿੰਦਾ ਸੀ ਜੋ ਪਾਰਟੀਆਂ ਹੀ ਕਰੀ ਰੱਖਦੇ ਤੇ ਇੰਨਾ ਰੌਲਾ ਪਾਉਂਦੇ ਕਿ ਸੌਣਾ ਮੁਸ਼ਕਿਲ ਹੋ ਜਾਂਦਾ। ਦੂਜੇ ਪਾਸੇ ਕਾਲਜ ਦੇ ਵਿਦਿਆਰਥੀ ਰਹਿੰਦੇ ਸਨ ਜਿਹਨਾਂ ਦਾ ਸੌਣ ਦਾ ਕੋਈ ਵਕਤ ਨਹੀਂ ਸੀ। ਜਦ ਆਉਂਦੇ ਤਾਂ ਉਹਨਾਂ ਦਾ ਬੂਹਾ ਇੰਨੇ ਜ਼ੋਰ ਦੀ ਖੜਕਦਾ ਕਿ ਸਾਰਾ ਫਲੈਟ ਹਿਲ ਜਾਂਦਾ। ਜੇ ਮੈਂ ਸ਼ਰਾਬ ਪੀ ਕੇ ਸੌਂ ਜਾਂਦਾ ਤਾਂ ਕਿਸੇ ਚੀਜ਼ ਦਾ ਅਸਰ ਨਾ ਹੁੰਦਾ, ਨਹੀਂ ਤਾਂ ਬਹੁਤ ਤਕਲੀਫ਼ ਹੁੰਦੀ। ਫਲੈਟ ਵਧੀਆ ਸਨ ਤੇ ਇਹਨਾਂ ਦੀਆਂ ਹੁਣ ਕੀਮਤਾਂ ਵੀ ਵੱਧ ਗਈਆਂ ਸਨ। ਇਹਨਾਂ ਵਿਚੋਂ ਕੋਈ ਵਿਕਣ ’ਤੇ ਲੱਗਦਾ ਤਾਂ ਇਕ ਦਮ ਵਿਕ ਜਾਂਦਾ, ਜ਼ਿਆਦਾ ਦੇਰ ਗਾਹਕ ਦੀ ਉਡੀਕ ਨਾ ਕਰਨੀ ਪੈਂਦੀ।

ਮੇਰੇ ਫਲੈਟ ਦਾ ਗਾਹਕ ਤਾਂ ਪਹਿਲਾਂ ਹੀ ਖੜ੍ਹਾ ਸੀ ਮੱਖਣ। ਮੱਖਣ ਦੀ ਇਹਨਾਂ ਫਲੈਟਾਂ ਹੇਠ ਸ਼ਰਾਬ ਦੀ ਦੁਕਾਨ ਸੀ। ਉਹ ਆਪ ਸਲੌਅ ਰਹਿੰਦਾ ਤੇ ਉਥੋਂ ਹਰ ਰੋਜ਼ ਆਉਂਦਾ। ਕਈ ਵਾਰ ਕਹਿ ਚੁੱਕਾ ਸੀ ਕਿ ਜੇ ਵੇਚਣਾ ਹੋਇਆ ਤਾਂ ਦੱਸਾਂ।

-----

ਜਦ ਮੈਂ ਇਸ ਫਲੈਟ ਵਿਚ ਆਇਆ ਤਦ ਹੀ ਮੱਖਣ ਨਾਲ ਵਾਕਫ਼ੀ ਪਈ ਸੀ। ਤਰਸੇਮ ਫ਼ੱਕਰ ਨਾਲ ਵੀ ਇਥੇ ਹੀ ਮੁਲਾਕਾਤ ਹੋਈ। ਤਰਸੇਮ ਫ਼ੱਕਰ ਦਾ ਤਾਂ ਵਿਹਲਾ ਸਮਾਂ ਮੱਖਣ ਦੀ ਦੁਕਾਨ ’ਤੇ ਹੀ ਬੀਤਦਾ। ਘਰ ਜਾਣ ਨੂੰ ਉਸ ਦਾ ਦਿਲ ਹੀ ਨਹੀਂ ਸੀ ਕਰਦਾ। ਮੱਖਣ ਕੋਲ ਖੜ੍ਹਾ ਉਸ ਦੀ ਮਾੜੀ ਮੋਟੀ ਮਦਦ ਵੀ ਕਰਾ ਦਿੰਦਾ, ਬਦਲੇ ਵਿਚ ਬੀਅਰ ਪੀ ਛੱਡਦਾ।

ਮੈਂ ਵੀ ਕੁਝ ਖ਼ਰੀਦਣ ਗਿਆ ਮੱਖਣ ਕੋਲ ਖੜ੍ਹ ਜਾਇਆ ਕਰਦਾ। ਮੱਖਣ ਤਰਸੇਮ ਫ਼ੱਕਰ ਬਾਰੇ ਦੱਸਦਾ, ‘‘ਸਾਲ਼ਾ ਕੰਜੂਸ ਐ ਰੱਜ ਕੇ, ਚੰਗੀ ਭਲੀ ਜੌਬ ਐ ਪਰ ਪੈਨੀ ਨ੍ਹੀਂ ਕੱਢਦਾ, ਮੁਫ਼ਤ ’ਚ ਚਾਹੁੰਦਾ ਰਹਿੰਦਾ, ਘਰ ਵਾਲੀ ਵੀ ਤੰਗ ਪਈ ਹੋਣੀ ਐ, ਤਾਂ ਹੀ ਤਾਂ ਡਰਦਾ ਘਰ ਜਾਣੋਂ।’’

-----

ਮੱਖਣ ਗੋਰੀ ਨਾਲ ਵਿਆਹਿਆ ਹੋਇਆ ਸੀ। ਉਸ ਦੀ ਪਤਨੀ ਮੈਰੀ ਕਦੇ-ਕਦੇ ਹੀ ਦੁਕਾਨ ਵਿਚ ਆਉਂਦੀ। ਦੋ ਤਿੰਨ ਵਾਰ ਹੀ ਮਿਲਿਆ ਸੀ ਮੈਂ ਉਹਨੂੰ। ਜਦ ਵੀ ਮਿਲਦੀ ਬਹੁਤ ਪਿਆਰ ਨਾਲ ਪੇਸ਼ ਆਉਂਦੀ। ਉਹਨਾਂ ਦਾ ਵਿਆਹ ਵੀਹ ਸਾਲ ਪਹਿਲਾਂ ਹੋਇਆ ਸੀ। ਮੈਰੀ ਸਕੌਟਿਸ ਸੀ। ਉਸ ਦਾ ਪਤੀ ਛੱਡ ਕੇ ਜਾ ਚੁੱਕਾ ਸੀ। ਚਾਰ ਬੱਚੇ ਸਨ। ਉਸ ਲਈ ਪਾਲਣੇ ਮੁਸ਼ਕਿਲ ਸਨ। ਮੱਖਣ ਨਾਲ ਮੁਲਾਕਾਤ ਹੋਈ। ਮੱਖਣ ਉਹਨਾਂ ਦਿਨਾਂ ਵਿਚ ਗ਼ੈਰ-ਕਾਨੂੰਨੀ ਰਿਹਾ ਕਰਦਾ ਸੀ। ਉਹ ਮੈਰੀ ਨਾਲ ਵਿਆਹ ਕਰਾ ਕੇ ਪੱਕਾ ਹੋ ਗਿਆ। ਮੈਰੀ ਦੀ ਬੱਚੇ ਪਾਲਣ ਵਿਚ ਮਦਦ ਕੀਤੀ। ਹੁਣ ਤਾਂ ਬੱਚੇ ਉਡਾਰੂ ਹੋ ਕੇ ਜਾ ਚੁੱਕੇ ਸਨ। ਮੈਰੀ ਉਮਰ ਦੀ ਕੁਝ ਚੜੀ ਹੋਈ ਸੀ ਪਰ ਮੱਖਣ ਉਪਰ ਜਾਨ ਛਿੜਕਦੀ। ਇਕ ਦਿਨ ਮੱਖਣ ਦੀ ਤਾਰੀਫ ਕਰਦਿਆਂ ਉਸ ਦੱਸਿਆ, ‘‘ਏਸ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ, ਈਅਨ ਹਰਾਮੀ ਤਾਂ ਚਾਰ ਮੇਰੇ ਪੱਲੇ ਪਾ ਕੇ ਭੱਜ ਗਿਆ। ਮੈਂ ਤਾਂ ਇਥੋਂ ਤੱਕ ਸੋਚ ਲਿਆ ਸੀ ਕਿ ਬੱਚਿਆਂ ਦਾ ਨਾਂ ਪੇਜਲੀ ਤੋਂ ਬਦਲ ਕੇ ਸਿੰਘ ਰੱਖ ਦੇਵਾਂ, ਮੈਂ ਸਕੂਲੇ ਵੀ ਗਈ ਪਰ ਹੈਡਮਾਸਟਰ ਕਹਿਣ ਲੱਗਿਆ ਕਿ ਇਹਨਾਂ ਨੂੰ ਵੱਡੇ ਹੋ ਕੇ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਸਿਰਫ਼ ਸਰਨੇਮ ਸਿੰਘ ਹੋਣ ਕਰਕੇ।’’

-----

ਦੋ ਕੁ ਵਾਰੀ ਬੀਟਰਸ ਮੇਰੇ ਫਲੈਟ ਵਿਚ ਆਈ, ਰਾਤ ਰਹਿ ਕੇ ਗਈ ਸੀ। ਮੈਂ ਡੈਨੀ ਤੇ ਜੌਹਨ ਨੂੰ ਮੱਖਣ ਦੀ ਦੁਕਾਨ ’ਤੇ ਲੈ ਗਿਆ ਸਾਂ ਚਾਕਲੇਟ ਆਦਿ ਲਈ। ਮੱਖਣ ਨੇ ਗੋਰੇ ਬੱਚਿਆਂ ਨੂੰ ਦੇਖ ਕੇ ਕਿਹਾ, ‘‘ਮੈਂ ਮੈਰੀ ਦੇ ਚਾਰ ਪਾਲ਼ੇ, ਸਭ ਕੁਝ ਠੀਕ ਰਿਹਾ, ਕੁੜੀਆਂ ਵੱਡੀਆਂ ਹੋਈਆਂ ਤਾਂ ਬੁਆਏ ਫਰਿੰਡ ਲੈ ਆਈਆਂ, ਘਰ ’ਚ ਈ ਗੰਦ ਪਾਉਣ ਲੱਗਦੀਆਂ, ਅਸੀਂ ਫੇਰ ਵੀ ਪੰਜਾਬੀ ਆਂ, ਮੈਂ ਤਾਂ ਸਦਾ ਈ ਉਹਨਾਂ ਨੂੰ ਧੀਆਂ ਸਮਝਿਆ, ਮੈਂ ਸ਼ਰਮ ਨਾਲ ਮਰੀ ਜਾਣਾ, ਹੁਣ ਕੀ ਕੀ ਦੱਸਾਂ, ਨਿਆਣੇ ਤਾਂ ਆਪਣੇ ਈ ਹੋਣ।’’

-----

ਪ੍ਰਿਤਪਾਲ ਕੋਲ ਫਲੈਟ ਦੀ ਚਾਬੀ ਸੀ। ਮੈਨੂੰ ਲੱਭਣ ਆਇਆ ਮੱਖਣ ਕੋਲ ਖੜ੍ਹ ਜਾਂਦਾ ਸੀ। ਲਾਜ਼ਮੀ ਸੀ ਕਿ ਮੇਰੇ ਬਾਰੇ ਵੀ ਗੱਲਾਂ ਕਰਦੇ ਹੋਣ। ਮੱਖਣ ਦੀਆਂ ਗੱਲਾਂ ਤੋਂ ਹੀ ਮੈਨੂੰ ਇਸ ਗੱਲ ਦੀ ਟੋਹ ਮਿਲ ਜਾਂਦੀ ਸੀ। ਉਹ ਕਹਿੰਦਾ, ‘‘ਇੰਦਰਪਾਲ ਇੰਡੀਆ ਜਾਹ, ਪੇਰਿੰਟਸ ਦੀ ਗੱਲ ਮੰਨ ਕੇ ਵਿਆਹ ਕਰਾ, ਬੇਗਾਨੇ ਬੱਚੇ ਆਪਣੇ ਨਈਂ ਬਣਦੇ, ਨਾਲੇ ਇਹ ਸਾਲ਼ੇ ਗੋਰੇ ਤਾਂ ਹੈ ਈ ਹਰਾਮੀ। ਇਕ ਵਾਰੀ ਮੈਰੀ ਦਾ ਛੋਟਾ ਮੁੰਡਾ ਇਲਤਾਂ ਕਰੇ, ਮੈਂ ਚਪੇੜ ਮਾਰ ਬੈਠਾ, ਗਵਾਂਢੀ ਗੋਰੇ ਮੈਨੂੰ ਕੁੱਟਣ ਨੂੰ ਫਿਰਨ ਕਿ ਤੂੰ ਪਾਕੀ ਹੋ ਕੇ ਗੋਰੇ ਬੱਚੇ ਦੇ ਚੁਪੇੜ ਕਿਉਂ ਮਾਰੀ।’’

ਫਿਰ ਪ੍ਰਿਤਪਾਲ ਨੇ ਉਸ ਨਾਲ ਫਲੈਟ ਦਾ ਸੌਦਾ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਮੱਖਣ ਨੇ ਦਿਲ ਦੀ ਗੱਲ ਦੱਸਦਿਆਂ ਕਿਹਾ, ‘‘ਮੈਂ ਤਾਂ ਆਪ ਇੰਡੀਆ ਜਾਣਾ ਵਿਆਹ ਕਰਾਉਣ।’’

‘‘ਬ²ੜੇ ਭਾਈ, ਟੈਮ ਜ਼ਿਆਦਾ ਨਹੀਂ ਹੋ ਗਿਆ?’’

‘‘ਨਹੀਂ ਯਾਰ, ਹਾਲੇ ਪੰਜਾਹਾਂ ਦਾ ਨਹੀਂ ਹੋਇਆ, ਕਬੱਡੀ ਖੇਲੀ ਐ, ਲੋਹੇ ਅਰਗਾ ਜਿਸਮ ਹੈ ਸਾਲ਼ਾ, ਸੱਚੀ ਗੱਲ ਤਾਂ ਇਹ ਐ ਕਿ ਆਪਣਾ ਨਿਆਣਾ ਖਿਲਾਉਣ ਨੂੰ ਦਿਲ ਕਰਦੈ, ਆਪਣਾ ਖ਼ੂਨ ਹੋਵੇ। ਬੇਗਾਨੇ ਸਾਲ਼ੇ ਬਥੇਰੇ ਖਿਲਾ ਲਏ।’’

‘‘ਇਹਦਾ ਮੈਰੀ ਦਾ ਕੀ ਕਰੇਂਗਾ?’’

‘‘ਇਹਨੂੰ ਸਲੌਅ ਵਾਲਾ ਘਰ ਦੇ ਦੇਣੈਂ, ਤਾਂ ਹੀ ਤਾਂ ਤੇਰਾ ਫਲੈਟ ਮੰਗਦਾ ਸੀ।’’

ਤਰਸੇਮ ਫ਼ੱਕਰ ਨਾਲ ਉਹ ਵਿਆਹ ਕਰਾਉਣ ਦੀਆਂ ਸਕੀਮਾਂ ਬਹੁਤੀਆਂ ਬਣਾਉਂਦਾ। ਤਰਸੇਮ ਫੱਕਰ ਉਸ ਨੂੰ ਰਿਸ਼ਤੇ ਦੇ ਲਾਰੇ ਲਾ ਕੇ ਸ਼ਰਾਬ ਵੀ ਪੀਂਦਾ ਰਹਿੰਦਾ।

-----

ਤਰਸੇਮ ਫ਼ੱਕਰ ਵਾਕਿਆ ਹੀ ਫ਼ੱਕਰ ਬੰਦਾ ਸੀ। ਉਸ ਨੂੰ ਸਿਰਫ਼ ਕੰਮ ’ਤੇ ਜਾਣ ਦੀ ਹੀ ਪ੍ਰਵਾਹ ਸੀ, ਨਹੀਂ ਤਾਂ ਉਹ ਕਿਸੇ ਚੀਜ਼ ਦੀ ਚਿੰਤਾ ਨਾ ਕਰਦਾ। ਨਾ ਪਤਨੀ ਦੀ, ਨਾ ਬੱਚਿਆਂ ਦੀ, ਨਾ ਘਰ-ਘਾਟ ਦੀ। ਉਸ ਨੂੰ ਕੋਈ ਵੀ ਨਸ਼ਾ ਕਰਵਾ ਲਓ-ਤਿਆਰ ਰਹਿੰਦਾ। ਸ਼ਰਾਬ, ਸਿਗਰਟਾਂ, ਗਾਂਜਾ, ਜ਼ਰਦਾ, ਜੋ ਮਰਜ਼ੀ। ਕਈ ਵਾਰ ਕੈਮਿਸਟ ਦਿਉਂ ਡੋਡੇ ਵੀ ਲੈ ਆਉਂਦਾ। ਥੋੜ੍ਹਾ ਨਸ਼ੇ ਵਿਚ ਆ ਕੇ ਗਾਣੇ ਗਾਉਣ ਲੱਗਦਾ। ਫ਼ਿਲਮੀ ਗੀਤਾਂ ਦੀ ਕਿਤਾਬ ਤਾਂ ਉਹ ਜੇਬ ਵਿਚ ਹੀ ਰੱਖਦਾ ਸੀ। ਅੰਗਰੇਜ਼ੀ ਦੇ ਗਾਣੇ ਵੀ ਗਾਉਣ ਲੱਗਦਾ। ਕੰਮ ਤੋਂ ਮੁੜਦਾ ਸਿੱਧਾ ਮੱਖਣ ਦੀ ਦੁਕਾਨ ’ਤੇ ਪਹੁੰਚਦਾ। ਰਾਤ ਨੂੰ ਸ਼ਰਾਬ ਨਾਲ ਰੱਜ ਕੇ ਘਰ ਜਾਂਦਾ। ਸਵੇਰੇ ਉਠ ਕੇ ਕੰਮ ’ਤੇ ਨਿਕਲ ਜਾਂਦਾ। ਵੀਕ ਐਂਡ ਵੀ ਉਸ ਦਾ ਨਸ਼ੇ ਵਿਚ ਹੀ ਬੀਤਦਾ।

-----

ਜਦੋਂ ਮੈਂ ਇਸ ਫਲੈਟ ਵਿਚ ਆਇਆ ਤਾਂ ਉਸ ਦੀ ਦੋਸਤੀ ਮੇਰੇ ਨਾਲ ਪੈ ਗਈ। ਮੈਨੂੰ ਫ਼ੱਕਰ ਦਾ ਇਹ ਫਾਇਦਾ ਸੀ ਕਿ ਉਹ ਮੀਟ ਬਹੁਤ ਸਵਾਦ ਬਣਾਉਂਦਾ। ਮੇਰੀ ਕਾਰ ਦਿੱਸੇ ਸਹੀ ਉਹ ਸਿੱਧਾ ਮੇਰੇ ਫਲੈਟ ਵਿਚ ਆ ਵੜਦਾ। ਮੇਰੇ ਬੀਟਰਸ ਦੇ ਘਰ ਰਹਿ ਜਾਣ ਦਾ ਉਸ ਨੂੰ ਬਹੁਤ ਵਿਗੋਚਾ ਹੁੰਦਾ। ਮੱਖਣ ਹੱਸਦਾ ਹੋਇਆ ਕਹਿੰਦਾ, ‘‘ਇੰਦਰਪਾਲ, ਤੂੰ ਕਾਹਦਾ ਬਾਹਰ ਰਹਿੰਨੈ, ਫ਼ੱਕਰ ਵਿਚਾਰੇ ਦੀ ਮੁਫ਼ਤ ਦੀ ਸ਼ਰਾਬ, ਮੁਫ਼ਤ ਦਾ ਮੀਟ ਮਾਰੀ ਜਾਂਦੇ ਆ।’’

ਫ਼ੱਕਰ ਦੀ ਪਤਨੀ ਜੀਤੀ ਵੀ ਕਦੇ-ਕਦੇ ਮਿਲਦੀ। ਮੈਨੂੰ ਉਹ ਵਧੀਆ ਔਰਤ ਲੱਗਦੀ ਸੀ। ਫ਼ੱਕਰ ਉੱਤੇ ਹਰ ਵੇਲੇ ਖਿਝੀ ਰਹਿੰਦੀ ਪਰ ਫਿਰ ਵੀ ਹੋਰਨਾਂ ਵਿਚ ਉਸ ਨੂੰ ਸਹੀ ਢੰਗ ਨਾਲ ਬੁਲਾਉਂਦੀ।

ਈਲਿੰਗ ਵਾਲਾ ਮੇਰਾ ਇਹ ਫਲੈਟ ਵਿਕਿਆ ਤਾਂ ਵੀ ਤਰਸੇਮ ਫ਼ੱਕਰ ਨੂੰ ਬਹੁਤ ਦੁੱਖ ਹੋਇਆ। ਉਹ ਕਹਿੰਦਾ, ‘‘ਤੂੰ ਯਾਰ, ਫਲੈਟ ਨਹੀਂ ਵੇਚਿਆ, ਮੇਰਾ ਟਿਕਾਣਾ ਵੇਚ ਧਰਿਐ।’’

ਕਦੇ ਕਹਿਣ ਲੱਗਦਾ, ‘‘ਇੰਦਰਪਾਲ, ਜੇ ਯਾਰੀ ਨਿਭਾਉਣੀ ਚਾਹੁੰਨੈ ਤਾਂ ਆਪਣੀ ਗੋਰੀ ਵਰਗੀ ਗੋਰੀ ਮੈਨੂੰ ਲੱਭ ਦੇ, ਭਾਵੇਂ ਬਾਰ੍ਹਾਂ ਨਿਆਣਿਆਂ ਵਾਲੀ ਹੋਵੇ, ਕਸਮ ਨਾਲ ਜੀਤੀ ਤਾਂ ਮੇਰੇ ਵੱਲ ਝਾਕਦੀ ਤਕ ਨਈਂ।’’

ਮੈਂ ਫੇਰ ਈਲਿੰਗ ਤੋਂ ਗਰੀਨਫੋਰਡ ਚਲੇ ਗਿਆ। ਪ੍ਰਿਤਪਾਲ ਨੇ ਇਥੇ ਹੀ ਘਰ ਪਸੰਦ ਕੀਤਾ ਸੀ। ਮੈਂ ਉਸ ਦੀ ਕਿਸੇ ਗੱਲ ਵਿਚ ਦਖ਼ਲ ਨਾ ਦਿੱਤਾ। ਘਰ ਮੈਂ ਸਾਰਾ ਸ਼ੈਰਨ ਨੂੰ ਸੰਭਾਲ ਦਿੱਤਾ। ਉਹ ਵਕਤ ਕੱਢ ਕੇ ਸਫ਼ਾਈ ਆਦਿ ਕਰ ਜਾਂਦੀ। ਮੇਰੇ ਕਪੜੇ ਧੋ ਜਾਂਦੀ। ਕਪੜਿਆਂ ਦੀ ਕਦੇ ਮੈਨੂੰ ਮੁਸ਼ਕਲ ਆਈ ਹੀ ਨਹੀਂ ਸੀ। ਮੈਂ ਪ੍ਰਿਤਪਾਲ ਵੱਲ ਜਾਂਦਾ। ਉਸ ਦੇ ਕੱਪੜੇ ਚੁੱਕ ਕੇ ਪਾ ਲੈਂਦਾ। ਮੈਂ ਕਦੇ ਬਹੁਤੇ ਖ਼ਰੀਦੇ ਵੀ ਨਹੀਂ ਸਨ।

-----

ਗਰੀਨਫੋਰਡ ਵਾਲਾ ਘਰ ਤਾਂ ਠੀਕ ਹੀ ਸੀ ਪਰ ਹੁਣ ਮੈਂ ਇਥੇ ਤਰਸੇਮ ਫ਼ੱਕਰ ਵਰਗੇ ਦੋਸਤ ਜਾਂ ਬੀਟਰਸ, ਸਾਂਡਰਾ ਵਰਗੀਆਂ ਸਹੇਲੀਆਂ ਨੂੰ ਨਹੀਂ ਸੀ ਲਿਆ ਸਕਦਾ। ਸ਼ੈਰਨ ਤੇ ਨਿਆਣਿਆਂ ਦਾ ਪਤਾ ਨਹੀਂ ਸੀ ਹੁੰਦਾ ਕਿ ਕਿਹੜੇ ਵੇਲੇ ਆ ਜਾਣ। ਘਰ ਲੈਣ ਤੋਂ ਕਾਫੀ ਦੇਰ ਬਾਅਦ ਇਕ ਵਾਰ ਬੀਟਰਸ ਤੇ ਉਸ ਦੇ ਮੁੰਡੇ ਰਾਤ ਰਹਿ ਕੇ ਗਏ ਸਨ। ਉਹ ਵੀ ਉਦੋਂ ਜਦੋਂ ਪ੍ਰਿਤਪਾਲ ਤੇ ਸ਼ੈਰਨ ਇੰਡੀਆ ਗਏ ਹੋਏ ਸਨ।

------

ਘਰ ਲੈਣ ਨਾਲ ਮੇਰੀ ਕਿਸ਼ਤ ਵਧ ਗਈ ਤੇ ਮੈਨੂੰ ਕੰਮ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ। ਬੀਟਰਸ ਵੱਲ ਜਾਣ ਕਾਰਨ ਮੇਰੇ ਤੋਂ ਕੰਮ ’ਤੇ ਵੀ ਨਾ ਜਾ ਹੁੰਦਾ ਤੇ ਪੈਸੇ ਵੀ ਖ਼ਰਚ ਹੋਣ ਲੱਗਦੇ। ਜੇ ਕਦੇ ਸਾਡੇ ਵਿਚ ਕੈਥੀ ਆ ਬੈਠਦੀ ਤਾਂ ਵੋਦਕੇ ਦੀ ਬੋਤਲ ਨੂੰ ਉਹ ਇੱਕਲੀ ਹੀ ਜਾ ਪੁੱਜਦੀ। ਮੈਂ ਕਾਫੀ ਦਿਨ ਡਟ ਕੇ ਕੰਮ ਕੀਤਾ। ਬੀਟਰਸ ਵੱਲ ਨਾ ਜਾ ਸਕਿਆ। ਭਾਵੇਂ ਮੈਂ ਫੋਨ ਕਰਦਾ ਰਹਿੰਦਾ ਸਾਂ। ਬੀਟਰਸ ਮੇਰੇ ਇੰਨੇ ਦਿਨ ਬਾਹਰ ਰਹਿਣ ਕਾਰਨ ਗੁੱਸੇ ਵਿਚ ਸੀ। ਉਸ ਨੂੰ ਖ਼ੁਸ਼ ਕਰਨ ਲਈ ਮੈਂ ਇਕ ਛੁੱਟੀ ਕਰਨ ਦਾ ਸੋਚਿਆ ਕਿ ਸਾਰੀ ਰਾਤ ਉਸ ਨਾਲ ਬੈਠਾਂਗਾ। ਰਾਤ ਭਰ ਜਾਗ ਕੇ ਗੱਲਾਂ ਕਰਨੀਆਂ, ਸ਼ਰਾਬ ਪੀਣੀ, ਬੀਟਰਸ ਨੂੰ ਵੀ ਚੰਗਾ ਲੱਗਦਾ ਤੇ ਮੈਨੂੰ ਵੀ।

ਮੈਂ ਈਲਿੰਗ ਗਿਆ ਮੱਖਣ ਨੂੰ ਮਿਲਣ ਚਲੇ ਗਿਆ। ਤਰਸੇਮ ਫ਼ੱਕਰ ਉਥੇ ਹੀ ਸੀ। ਉਸ ਨੇ ਪਹਿਲਾ ਸਵਾਲ ਇਹੋ ਕੀਤਾ,

‘‘ਕੀ ਹਾਲ ਐ ਤੇਰੀ ਬਿੱਲੋ ਦਾ?’’

‘‘ਓਧਰ ਈ ਚਲਿਆਂ, ਤੈਂ ਚੱਲਣੈ?’’

‘‘ਤੂੰ ਸਾਨੂੰ ਕਿਥੋਂ ਲਿਜਾਨੈਂ!’’

‘‘ਹੋ ਜਾ ਤਿਆਰ।’’

‘‘ਮੈਂ ਕਿਹੜੇ ਘੋੜੇ ਬੀੜਨੇ ਆਂ।’’

ਮੈਂ ਉਸ ਨੂੰ ਨਾਲ ਲੈ ਲਿਆ। ਬੀਟਰਸ ਦੇ ਘਰ ਦੇ ਨੇੜੇ ਗਏ ਤਾਂ ਮੈਂ ਕਿਹਾ, ‘‘ਲੈ ਬਈ ਫ਼ੱਕਰਾ, ਅੱਜ ਤੇਰਾ ਉਲ੍ਹਾਮਾ ਲਾਹ ਦੇਣਾ ਮੈਂ।’’

‘‘ਕਿੱਦਾਂ?’’

‘‘ਤੈਨੂੰ ਗੋਰੀ ਇੰਟਰੋਡਿਊਸ ਕਰਾ ਦੇਣੀ ਆਂ, ਅੱਗੇ ਤੇਰੇ ਭਾਗ ਲੱਛੀਏ!’’

‘‘ਕਰਾ ਦੇ ਯਾਰ ਇਹ ਅਹਿਸਾਨ ਮੇਰੇ ’ਤੇ ਪੈਰ ਧੋ-ਧੋ ਪੀਊਂ ਸਾਰੀ ਉਮਰ।’’

‘‘ਬੱਸ ਨੂੰ ਜ਼ਰਾ ਕੁ ਕੰਜੂਸੀ ਘੱਟ ਦਿਖਾਈਂ, ਘੱਟੋ-ਘੱਟ ਅੱਜ ਦਾ ਦਿਨ।’’

‘‘ਤੂੰ ਫਿਕਰ ਨਾ ਕਰ ਭਰਾ ਮੇਰੇ।’’

-----

ਤਰਸੇਮ ਫ਼ੱਕਰ ਬਹੁਤ ਖ਼ੁਸ਼ ਸੀ। ਅਸੀਂ ਬੀਟਰਸ ਦੇ ਘਰ ਗਏ। ਉਹ ਪਹਿਲਾਂ ਵੀ ਤਰਸੇਮ ਨੂੰ ਮਿਲ ਚੁੱਕੀ ਸੀ। ਮੈਂ ਪਹਿਲਾਂ ਇਕ ਵਾਰ ਉਸ ਨੂੰ ਦੱਸਿਆ ਸੀ ਕਿ ਮੇਰੇ ਇਸ ਦੋਸਤ ਦਾ ਨਾਂ ਤਰਸੇਮ ਫ਼ੱਕਰ ਸੀ। ਫ਼ੱਕਰ ਸ਼ਬਦ ਉਪਰ ਉਹ ਬਹੁਤ ਹੱਸੀ ਸੀ ਕਿਉਂਕਿ ਅੰਗਰੇਜ਼ੀ ਵਿਚ ਫ਼ੱਕਰ ਦੇ ਅਰਥ ਹੀ ਕੁਝ ਅਜਿਹੇ ਸਨ। ਸੈਟੀ ’ਤੇ ਬੈਠਦੇ ਹੀ ਮੈਂ ਪੁੱਛਿਆ, “ਬੀਟਰਸ, ਕੈਥੀ ਘਰ ਐ ਤਾਂ ਬੁਲਾ ਲਈਏ, ਉਹਨੂੰ ਬੰਦਾ ਹੀ ਮਿਲਾ ਦੇਵਾਂ, ਰੋਜ਼ ਕਹਿੰਦੀ ਰਹਿੰਦੀ ਸੀ।”

ਬੀਟਰਸ ਕੈਥੀ ਨੂੰ ਬੁਲਾਉਣ ਚਲੇ ਗਈ। ਤਰਸੇਮ ਬੋਲਿਆ, “ਤੂੰ ਤਾਂ ਸੀਰੀਅਸ ਐਂ, ਮੈਂ ਤਾਂ ਕਿਹਾ ਜੋਕ ਕਰਦੈਂ।”

“ਕਾਹਦਾ ਜੋਕ! ਮੈਂ ਤੇਰਾ ਵਿਚੋਲਾ ਬਣਨ ਲੱਗਿਆਂ ਹੁਣ।”

“ਪਹਿਲਾਂ ਕਿਉਂ ਨਹੀਂ ਦੱਸਿਆ, ਮੈਂ ਜ਼ਰਾ ਕੱਪੜੇ ਬਦਲ ਆਉਂਦਾ”।

“ਕੱਪੜੇ ਬਦਲ ਆਉਂਦਾ! ਭਲਾ ਤੈਨੂੰ ਇਥੇ ਸ਼ਗਨ ਪੈਣ ਲੱਗਿਐ!”

ਬੀਟਰਸ ਵਾਪਸ ਆਈ ਤੇ ਕਹਿਣ ਲੱਗੀ, ਠਕੈਥੀ ਉਥੇ ਈ ਬਲਾਉਂਦੀ ਐ।”

ਮੈਂ ਤੇ ਤਰਸੇਮ ਕੈਥੀ ਦੇ ਫਲੈਟ ਵਿਚ ਚਲੇ ਗਏ। ਉਨ੍ਹਾਂ ਦੋਨਾਂ ਦਾ ਇਕ ਦੂਜੇ ਨਾਲ ਤੁਆਰਫ਼ ਕਰਾਇਆ। ਸਾਡੇ ਮਗਰ ਹੀ ਬੀਟਰਸ ਵੀ ਆ ਗਈ। ਮੈਂ ਤਰਸੇਮ ਨੂੰ ਕਿਹਾ, “ਜਾ ਫੇਰ ਛਾਲ ਮਾਰ ਕੇ ਤਿੰਨ ਬੋਤਲਾਂ ਵੋਦਕੇ ਦੀਆਂ, ਜੂਸ ਕਰਿਸਪ ਵਗੈਰਾ ਲੈ ਆ, ਤੇਰੇ ਵਾਲਾ ਮੰਤਰ ਪੜ੍ਹ ਦਈਏ।”

ਤਰਸੇਮ ਹਵਾ ਹੋ ਗਿਆ ਤੇ ਜਾਂਦਾ ਹੀ ਮੁੜ ਆਇਆ। ਮੈਂ ਉਸ ਦਾ ਬੈਗ ਦੇਖਿਆ ਕਿ ਵੋਦਕੇ ਦੀਆਂ ਤਿੰਨਾਂ ਥਾਵੇਂ ਦੋ ਹੀ ਬੋਤਲਾਂ ਸਨ। ਉਪਰਲਾ ਸਾਮਾਨ ਵੀ ਘੱਟ ਸੀ। ਉਸ ਦੇ ਜਾਣ ਮਗਰੋਂ ਮੈਂ ਕੈਥੀ ਨੂੰ ਉਸ ਬਾਰੇ ਮੋਟਾ-ਮੋਟਾ ਦੱਸ ਦਿੱਤਾ ਸੀ। ਉਹ ਬੋਲੀ ਸੀ, “ਆਦਮੀ ਤਾਂ ਠੀਕ ਈ ਲੱਗਦੈ, ਬੱਸ ਜ਼ਰਾ ਕੁ ਧੋਣ ਵਾਲਾ ਐ, ਨਹਾਉਂਦਾ ਨਹੀਂ ਲੱਗਦਾ।”

“ਇੰਨਾ ਕੰਮ ਵੀ ਨਹੀਂ ਕਰ ਸਕੇਂਗੀ?”

“ਕਿਉਂ ਨਹੀਂ! ਮੈਂ ਵੱਡੇ ਵੱਡੇ ਧੋ ਮਾਰੇ....” ਕਹਿ ਕੇ ਉਹ ਹੱਸੀ ਸੀ।

ਤਰਸੇਮ ਸਿਗਰਟਾਂ ਦੀ ਡੱਬੀ ਵੀ ਲੈ ਆਇਆ ਸੀ। ਆਮ ਤੌਰ ’ਤੇ ਉਹ ਸਿਗਰਟ ਘੱਟ ਪੀਂਦਾ ਸੀ ਪਰ ਹੁਣ ਸਾਥ ਮਿਲ ਗਿਆ ਸੀ, ਸ਼ਾਇਦ ਇਸੇ ਕਰਕੇ। ਉਸ ਦੇ ਹੱਥ ਵਿਚ ਡੱਬੀ ਦੇਖ ਕੇ ਕੈਥੀ ਨੇ ਕਿਹਾ, “ਇਹ ਤਾਂ ਮੇਰੇ ਵਾਲਾ ਬਰਾਂਡ ਈ ਐ, ਮੈਂ ਵੀ ਮਾਰਲਬਰੋ ਈ ਪੀਂਦੀ ਆਂ।”

“ਚਲੋ ਤੁਹਾਡੀ ਪਹਿਲੀ ਸਾਂਝ ਤਾਂ ਬਣੀ।”

ਸਭ ਨੇ ਇਕ ਇਕ ਹਾੜਾ ਪੀਤਾ। ਬੀਟਰਸ ਜ਼ਰਾ ਮੂਡ ਵਿਚ ਆ ਕੇ ਮੈਨੂੰ ਪੁੱਛਣ ਲੱਗੀ, ਠਇੰਦਰ, ਤੇਰੇ ਇਸ ਦੋਸਤ ਦਾ ਪੂਰਾ ਨਾਂ ਕੀ ਐ?”

“ਤਰਸੇਮ ਫ਼ੱਕਰ।”

“ਕੀ?”

“ਮਿਸਟਰ ਫ਼ੱਕਰ!”

ਉਹ ਦੋਵੇਂ ਹੱਸ-ਹੱਸ ਕੇ ਲੋਟ ਪੋਟ ਹੋ ਗਈਆਂ। ਮੈਂ ਤੇ ਤਰਸੇਮ ਵੀ ਹੱਸਣ ਲੱਗੇ। ਕੈਥੀ ਬੋਲੀ, “ਇੰਦਰ, ਤੂੰ ਮੇਰੇ ਲਈ ਬੰਦਾ ਵੀ ਲਿਆਇਆਂ ਤੇ ਫੱਕਰ ਹੀ, ਇਹ ਨੂੰ ਹੋਰ ਕੋਈ ਕੰਮ ਈ ਨਹੀਂ ਆਉਂਦਾ।”

-----

ਉਹ ਫਿਰ ਹੱਸੀ। ਮੈਂ ਭੁੱਲ ਹੀ ਗਿਆ ਸੀ ਕਿ ਫ਼ੱਕਰ ਦੇ ਮਹਿਨੇ ਉਸਦਾ ਮਜ਼ਾਕ ਉਡਵਾ ਸਕਦੇ ਸਨ। ਮੈਂ ਮੌਕਾ ਸੰਭਾਲਦੇ ਕਿਹਾ, “ਵੈਸੇ ਇਸ ਦਾ ਨਾਂ ਤਾਂ ਸੈਂਡੀ ਐ, ਬਾਕੀ ਤਾਂ ਅਸੀਂ ਮਜ਼ਾਕ ਵਿਚ ਕਹਿੰਨੇ ਆਂ।”

ਦੋ ਬੋਤਲਾਂ ਹਾਸੇ ਹਾਸੇ ਵਿਚ ਹੀ ਖ਼ਤਮ ਹੋ ਗਈਆਂ। ਪੌਣੀ ਕੁ ਬੋਤਲ ਬੀਟਰਸ ਕੋਲ ਪਈ ਸੀ ਉਹ ਵੀ ਲੈ ਆਈ ਤੇ ਪੀ ਹੋ ਗਈ। ਕੈਥੀ ਤੇ ਤਰਸੇਮ ਇਕ ਦੂਜੇ ਨੂੰ ਚੋਰੀ ਅੱਖ ਨਾਲ ਦੇਖਦੇ ਰਹੇ। ਮੈਂ ਤੇ ਬੀਟਰਸ ਉਠ ਕੇ ਆ ਗਏ। ਤਰਸੇਮ ਕੈਥੀ ਕੋਲ ਹੀ ਰਹਿ ਗਿਆ।

*****

ਚਲਦਾ


ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 10

ਕਾਂਡ – 10

ਮੈਨੂੰ ਬੀਟਰਸ ਵਿਚ ਕੋਈ ਐਡੀ ਚੀਜ਼ ਨਹੀਂ ਸੀ ਦਿਸਦੀ ਕਿ ਮੈਂ ਉਹਦੇ ਨਾਲ ਬੱਝਾ ਰਹਿਣਾ ਚਾਹੁੰਦਾ। ਸਗੋਂ ਮੇਰੇ ਅੰਦਰੋਂ ਕੋਈ ਆਵਾਜ਼ ਉਠਦੀ ਰਹਿੰਦੀ ਕਿ ਇਸ ਨਾਲ ਮੈਂ ਆਪਣਾ ਵਕ਼ਤ ਬਰਬਾਦ ਕਰ ਰਿਹਾ ਸਾਂ। ਮੈਨੂੰ ਇਸ ਤੋਂ ਵਧੀਆ ਕੁੜੀ ਦੋਸਤੀ ਵਾਸਤੇ ਮਿਲ ਸਕਦੀ ਸੀ। ਫਿਰ ਵੀ ਮੈਂ ਬੀਟਰਸ ਵੱਲ ਝੁਕਿਆ ਹੋਇਆ ਸਾਂ। ਸ਼ਾਇਦ ਇਸ ਕਰਕੇ ਕਿ ਬੀਟਰਸ ਮੈਨੂੰ ਐਵੇਂ ਨਹੀਂ ਸੀ ਮਿਲੀ ਉਸ ਨੂੰ ਪ੍ਰਾਪਤ ਕਰਨ ਲਈ ਕਿਹੜੀਆਂ ਮੁਸ਼ਕਲਾਂ ਮੇਰੇ ਰਾਹ ਵਿਚ ਆ ਖੜ੍ਹੀਆਂ ਸਨ ਉਹਨਾਂ ਨੂੰ ਸਰ ਕਰਨ ਵਿਚ ਜੋ ਕੁਝ ਮੈਂ ਕੀਤਾ ਉਹੋ ਕੁਝ ਬੀਟਰਸ ਵੱਲ ਉਲਾਰ ਹੋਣ ਲਈ ਕਾਫੀ ਸਨ। ਜਦ ਬੀਟਰਸ ਨੇ ਟੌਮੀ ਬਾਰੇ ਦੱਸਿਆ ਸੀ ਤਾਂ ਮੇਰੇ ਕੋਲੋਂ ਝੱਲਿਆ ਨਹੀਂ ਸੀ ਗਿਆ। ਟੌਮੀ ਉਸ ਦੀ ਸਹੇਲੀ ਦਾ ਪਤੀ ਸੀ। ਉਸ ਨਾਲ ਹਮਦਰਦੀ ਰੱਖਣ ਦੇ ਇਵਜ਼ ਵਿਚ ਨਾਜਾਇਜ਼ ਸੰਬੰਧ ਬਣਾਉਣੇ ਚਾਹੁੰਦਾ ਸੀ। ਮੈਂ ਬੀਟਰਸ ਨੂੰ ਪੁੱਛਿਆ ਸੀ,‘‘ਟੌਮੀ ਸ਼ੀਲਾ ਨੂੰ ਛੱਡ ਕੇ ਤੇਰੇ ਨਾਲ ਰਹਿਣਾ ਚਾਹੁੰਦੈ?’’

‘‘ਨਹੀਂ, ਉਹ ਸ਼ੀਲਾ ਨੂੰ ਨਹੀਂ ਛੱਡ ਸਕਦਾ।’’

‘‘ਫਿਰ ਤੈਨੂੰ ਨਾਲ-ਨਾਲ ਰੱਖਣਾ ਚਾਹੁੰਦੈ?’’

‘‘ਨਹੀਂ, ਸ਼ੀਲਾ ਨੂੰ ਛੱਡੇਗਾ ਪਰ ਹੌਲੀ-ਹੌਲੀ।’’

‘‘ਬੀਟਰਸ, ਪੀਟਰ ਨਾਲ ਲੜਾਈ ਸਹੇੜੇ ਬਿਨਾਂ ਤੇਰੇ ਤਕ ਪਹੁੰਚ ਕੀਤੀ ਹੁੰਦੀ ਤਾਂ ਤੈਨੂੰ ਟੌਮੀ ਕੋਲ ਜਾਣ ਦਿੰਦਾ।’’

‘‘ਇੰਦਰ ਉਹ ਬਹੁਤ ਚੰਗਾ ਬੰਦਾ ਐ।’’

‘‘ਫਿਰ ਤੇਰੇ ਨਾਲ ਕਿਉਂ ਨਹੀਂ ਖੜ੍ਹਿਆ? ਡਰਦਾ ਕਿਉਂ ਫਿਰਦਾ ਸੀ? ਬੀਟਰਸ ਪਹਿਲਾਂ ਤਾਂ ਮੈਂ ਤੇਰੀ ਖਾਤਰ ਲੜਿਆ ਸਾਂ ਹੁਣ ਮੈਂ ਆਪਣੀ ਖ਼ਾਤਰ ਲੜਾਂਗਾ ਤੇ ਟੌਮੀ ਨੂੰ ਅਕਲ ਦੇ ਦੇਵਾਂਗਾ। ਲੜਨ ਵੇਲੇ ਮੇਰੇ ਕੋਲ ਹਮਦਰਦੀ ਨਹੀਂ ਹੁੰਦੀ।’’

‘‘ਨਹੀਂ ਇੰਦਰ, ਤੂੰ ਇਵੇਂ ਨਹੀਂ ਕਰ ਸਕਦਾ, ਮੈਂ ਉਹਨੂੰ ਸਮਝਾ ਦੇਵਾਂਗੀ।’’

ਮੁੜ ਕੇ ਬੀਟਰਸ ਮੂੰਹੋਂ ਟੌਮੀ ਦਾ ਨਾਂ ਨਹੀਂ ਸੁਣਿਆ। ਮੈਂ ਮੁੜ ਕੇ ਟੌਮੀ ਕਿਤੇ ਦੇਖਿਆ ਵੀ ਨਹੀਂ। ਪਰ ਇਕ ਗੱਲ ਆਪਣੇ ਆਪ ਨੂੰ ਸਮਝਾ ਲਈ ਕਿ ਬੀਟਰਸ ਨਾਲ ਰਿਸ਼ਤਾ ਲੰਮਾ ਸਮਾਂ ਨਹੀਂ ਸੀ ਚਲ ਸਕਣਾ।

ਜਦ ਉਸ ਦੇ ਬੱਚੇ ਮੇਰੇ ਨਾਲ ਜ਼ਿਆਦਾ ਚੁੰਬੜਨ ਲੱਗੇ ਤਾਂ ਮੈਂ ਬੀਟਰਸ ਨੂੰ ਕਹਿੰਦਾ, ‘‘ਚਲ ਇਕ ਬੱਚਾ ਲਈਏ।’’

ਕਈ ਵਾਰ ਤਾਂ ਉਸ ਨੇ ਮੇਰੀ ਗੱਲ ਨੂੰ ਹਊ ਪਰੇ ਕੀਤਾ ਤੇ ਫਿਰ ਇਕ ਦਿਨ ਕਹਿਣ ਲੱਗੀ, ‘‘ਮੇਰੇ ਦੋਵੇਂ ਬੱਚੇ ਦੋ ਮਰਦਾਂ ਤੋਂ ਐ, ਤੇ ਹੁਣ ਤੀਜਾ ਤੀਜੇ ਤੋਂ ਹੋਵੇਗਾ, ਆਪੇ ਬਣ ਗਈ ਯੂ. ਐਨ. ਓ.।’’ ਕਹਿ ਕੇ ਉਹ ਹੱਸੀ। ਤੇ ਫਿਰ ਬੋਲੀ, ‘‘ਇਸ ਤੋਂ ਵੀ ਵੱਡੀ ਗੱਲ ਇਹ ਐ ਕਿ ਤੇਰੇ ਬੱਚੇ ਦਾ ਰੰਗ ਅਲੱਗ ਹੋਏਗਾ ਤੇ ਇਹਨਾਂ ਨੇ ਉਸ ਨੂੰ ਮਨਜ਼ੂਰ ਨਹੀਂ ਕਰਨਾ, ਕਿਸੇ ਵੀ ਕੀਮਤ ’ਤੇ ਨਹੀਂ.....।’’

-----

ਮੇਰਾ ਦੋਸਤ ਤਰਸੇਮ ਫ਼ੱਕਰ ਕਦੇ-ਕਦੇ ਚੰਗੀ ਗੱਲ ਕਰ ਜਾਂਦਾ ਸੀ। ਉਹ ਕਿਹਾ ਕਰਦਾ ਕਿ ਜਿਹੜੇ ਰਲਵੀਂ ਨਸਲੇ ਦੇ ਬੱਚੇ ਆਉਣਗੇ ਭਾਵ ਕਿ ਗੋਰਿਆਂ ਤੇ ਕਾਲ਼ਿ²ਆਂ ਦੇ ਸਾਂਝੇ ਬੱਚੇ ਉਹ ਨਸਲਵਾਦ ਨੂੰ ਠੱਲ੍ਹ ਪਾਉਣਗੇ। ਬੀਟਰਸ ਨੂੰ ਇਹ ਦਲੀਲ ਦੇਣ ਦਾ ਕੋਈ ਫਾਇਦਾ ਨਹੀਂ ਸੀ। ਮੈਂ ਮੁੜ ਕੇ ਇਹ ਗੱਲ ਹੀ ਨਾ ਕੀਤੀ। ਇਕ ਵਾਰ ਵਿਆਹ ਕਰਾਉਣ ਦੀ ਗੱਲ ਚੱਲੀ ਤਾਂ ਉਸ ਨੇ ਕਿਹਾ ਸੀ, ‘‘ਕੀ ਕਾਗਜ਼ ਦਾ ਟੁਕੜਾ, ਵਿਆਹ ਦਾ ਸਰਟੀਫਿਕੇਟ, ਦੋ ਬੰਦਿਆਂ ਨੂੰ ਬੰਨ੍ਹ ਸਕਦੈ।’’

ਹੁਣ ਤਕ ਬੀਟਰਸ ਦੇ ਆਲੇ ਦੁਆਲੇ ਦੇ ਲੋਕ ਮੇਰੇ ਵਾਕਿਫ਼ ਬਲਕਿ ਦੋਸਤ ਬਣ ਚੁੱਕੇ ਸਨ। ਉਸ ਦੀ ਇਕ ਸਹੇਲੀ ਐਨਾ ਆਪਣੇ ਪਤੀ ਨਾਲ ਲੜ ਕੇ ਕੁਝ ਦਿਨ ਉਸ ਕੋਲ ਰਹਿ ਗਈ ਸੀ। ਉਸ ਦਾ ਪਤੀ ਸ਼ੌਨ ਮੇਰਾ ਅਜਿਹਾ ਦੋਸਤ ਬਣਿਆ ਕਿ ਬਾਅਦ ਵਿਚ ਵੀ ਕਈ ਸਾਲ ਤਕ ਦੋਸਤੀ ਦੇ ਨਿਘ ਨਾਲ ਮਿਲਦਾ ਰਿਹਾ। ਉਸ ਦੇ ਪਹਿਲੇ ਘਰ ਦੀ ਗਵਾਂਢਣ ਮੈਰੀ ਮੈਨੂੰ ਰਾਹ ਵਿਚ ਮਿਲਦੀ ਤਾਂ ਦੱਸਣ ਲੱਗਦੀ, ‘‘ਪੀਟਰ ਤੈਨੂੰ ਪਸੰਦ ਨਹੀਂ ਕਰਦਾ, ਕਹਿੰਦਾ ਇਕ ਪਾਕੀ ਜੌਹਨ ਨੂੰ ਪਾਲ਼ ਰਿਹੈ।’’

ਮੈਨੂੰ ਗੁੱਸਾ ਵੀ ਆਉਂਦਾ ਤੇ ਹਾਸਾ ਵੀ।

-----

ਬੀਟਰਸ ਨੂੰ ਕੌਂਸਲ ਨੇ ਹੋਰ ਘਰ ਦੇ ਦਿੱਤਾ ਸੀ। ਪੀਟਰ ਦੀ ਸਮੱਸਿਆ ਕਰਕੇ ਕੁਝ ਜਲਦੀ ਮਿਲ ਗਿਆ। ਵੈਸੇ ਉਸ ਨੇ ਘਰ ਬਦਲਣ ਦੀ ਅਰਜ਼ੀ ਕਾਫੀ ਦੇਰ ਦੀ ਦੇ ਰੱਖੀ ਸੀ। ਸੀ ਤਾਂ ਇਹ ਵੀ ਦੋ ਬੈੱਡ ਰੂਮ ਦਾ ਫਲੈਟ ਹੀ ਪਰ ਇਸ ਦੇ ਨਾਲ ਬਗੀਚਾ ਵੀ ਸੀ। ‘ਬਗੀਚਾ’ ਸੁਣਨ ਨੂੰ ਚੰਗਾ ਜ਼ਰੂਰ ਲੱਗਦਾ ਪਰ ਬੀਟਰਸ ਨੇ ਇਸ ਦੀ ਕਦੇ ਸੰਭਾਲ ਨਹੀਂ ਸੀ ਕੀਤੀ। ਬਾਗਬਾਨੀ ਦਾ ਉਸ ਨੂੰ ਕਦੇ ਕੋਈ ਸ਼ੌਕ ਨਹੀਂ ਸੀ। ਗਰਮੀਆਂ ਨੂੰ ਘਾਹ ਹੋ ਜਾਂਦਾ ਤੇ ਸਿਆਲ਼ਾਂ ਨੂੰ ਆਪੇ ਮਰ ਜਾਂਦਾ।

-----

ਇਸ ਫਲੈਟ ਦੀ ਉਪਰਲੀ ਮੰਜ਼ਲ ’ਤੇ ਵੈਸਟ ਇੰਡੀਅਨ ਪਰਿਵਾਰ ਰਹਿੰਦਾ ਸੀ ਜੋ ਹਰ ਵੇਲੇ ਸ਼ੋਰੀਲਾ ਸੰਗੀਤ ਲਾਈ ਰੱਖਦੇ। ਉਹਨਾਂ ਦੇ ਇਲਤੀ ਜਿਹੇ ਨਿਆਣੇ ਸ਼ਰਾਰਤਾਂ ਹੀ ਕਰੀ ਜਾਂਦੇ। ਬੀਟਰਸ ਦੇ ਬਰਾਬਰ ਦੇ ਫਲੈਟ ਵਿਚ ਇਕ ਆਇਰਸ਼ ਕੁੜੀ ਕੈਥੀ ਰਹਿੰਦੀ ਸੀ। ਉਹ ਆਇਰਲੈਂਡ ਤੋਂ ਭੱਜ ਕੇ ਇਥੇ ਆਈ ਸੀ ਤੇ ਇਥੇ ਹੀ ਵਸ ਗਈ। ਆਇਰਲੈਂਡ ਵਿਚ ਕੁਆਰੀ ਕੁੜੀ ਦੇ ਬੱਚਾ ਠਹਿਰ ਜਾਣਾ ਵੱਡਾ ਗੁਨਾਹ ਹੈ ਤੇ ਫਿਰ ਗਰਭਪਾਤ ਤਾਂ ਹੈ ਹੀ ਕਾਨੂੰਨੀ ਜੁਰਮ। ਕੈਥੀ ਘਰੋਂ ਭੱਜ ਕੇ ਆਪਣੇ ਬੁਆਏ ਫਰੈਂਡ ਨਾਲ ਇਥੇ ਆਈ ਸੀ। ਬੁਆਏ ਫਰੈਂਡ ਛੱਡ ਗਿਆ ਤਾਂ ਉਹ ਇਕੱਲੀ ਰਹਿ ਗਈ। ਇਕੱਲੀ ਨੇ ਹੀ ਪਾਲ ਨੂੰ ਜਨਮ ਦਿੱਤਾ। ਬੀਟਰਸ ਦੇ ਦੱਬੂ ਸੁਭਾ ਦੇ ਉਲਟ ਕੈਥੀ ਲੜਾਕੀ ਸੀ। ਕਿਸੇ ਨਾਲ ਆਹਡਾ ਲੈਣ ਤੋਂ ਡਰਦੀ ਨਹੀਂ ਸੀ। ਮਰਦਾਂ ਨਾਲ ਝਗੜੇ ਵੇਲੇ ਵੀ ਹੱਥੀਂ ਉਤਰ ਸਕਣ ਵਾਲੀ ਔਰਤ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ਕੋਲ ਕੋਈ ਮਰਦ ਦੋਸਤ ਨਹੀਂ ਸੀ। ਮੇਰੇ ਦੇਖਦਿਆਂ ਇਕ ਦੋ ਆਏ ਵੀ ਪਰ ਚਲੇ ਗਏ। ਮੇਰੇ ਨਾਲ ਕੈਥੀ ਬਹੁਤ ਪਿਆਰ ਨਾਲ ਪੇਸ਼ ਆਉਂਦੀ।

ਬੀਟਰਸ ਤੇ ਉਹ ਇਕ ਦੂਜੇ ਲਈ ਕਾਫੀ ਮਦਦਗਾਰ ਸਨ। ਉਸ ਨੇ ਬਾਹਰ ਜਾਣਾ ਹੁੰਦਾ ਤਾਂ ਆਪਣੇ ਮੁੰਡੇ ਪਾਲ ਨੂੰ ਬੀਟਰਸ ਕੋਲ ਛੱਡ ਜਾਂਦੀ। ਇਵੇਂ ਹੀ ਕੈਥੀ ਵੀ ਡੈਨੀ ਤੇ ਜੌਹਨ ਨੂੰ ਸੰਭਾਲ ਲੈਂਦੀ ਸੀ। ਕਈ ਵਾਰ ਅਸੀਂ ਤਿੰਨੇ ਇੱਕਠੇ ਬੈਠ ਕੇ ਦਾਰੂ ਵੀ ਪੀਂਦੇ। ਜ਼ਿਆਦਾ ਪੀ ਕੇ ਉਹ ਗੰਦੇ ਲਤੀਫ਼ੇ ਸੁਣਾਉਣ ਲੱਗਦੀ। ਮੈਨੂੰ ਕਈ ਵਾਰ ਕਹਿੰਦੀ, ‘‘ਇੰਦਰ, ਮੇਰੇ ਲਈ ਕੋਈ ਮਰਦ ਲੱਭ ਆਪਣੇ ਵਰਗਾ, ਗੋਰੇ ਧੋਖੇਬਾਜ਼ ਹੁੰਦੇ ਆ, ਐਤਕੀਂ ਮੈਂ ਇੰਡੀਅਨ ਟਰਾਈ ਕਰਨੈਂ।’’

-----

ਉਸ ਦਿਨ ਮੈਨੂੰ ਕੰਟਰੋਲਰ ਦਾ ਕਾਰ-ਰੇਡੀਓ ’ਤੇ ਸੁਨੇਹਾ ਮਿਲਿਆ ਕਿ ਤੇਰੇ ਭਰਾ ਦਾ ਫੋਨ ਆਇਆ ਸੀ। ਕੋਈ ਜ਼ਰੂਰੀ ਕੰਮ ਸੀ। ਮੈਨੂੰ ਥੋੜ੍ਹਾ ਫਿਕਰ ਜਿਹਾ ਹੋ ਗਿਆ ਕਿ ਪ੍ਰਿਤਪਾਲ ਦਾ ਫੋਨ ਕਿਉਂ ਆਇਆ ਹੋਇਆ। ਇੰਡੀਆ ਵਿਚ ਸਭ ਠੀਕ ਠਾਕ ਹੋਵੇ। ਜਾਂ ਫਿਰ ਇਹ ਵੀ ਹੋ ਸਕਦਾ ਸੀ ਸਾਊਥਾਲ ਗਏ ਨੂੰ ਮੈਨੂੰ ਬਹੁਤ ਦਿਨ ਹੋ ਗਏ ਸਨ, ਫੋਨ ਵੀ ਨਹੀਂ ਸਾਂ ਕਰ ਸਕਿਆ, ਮੇਰੀ ਰਾਜੀ ਖ਼ੁਸ਼ੀ ਲਈ ਹੀ ਫੋਨ ਕੀਤਾ ਹੋਵੇ। ਮੈਂ ਵਕਤ ਮਿਲੇ ’ਤੇ ਫੋਨ ਕੀਤਾ, ‘‘ਹਾਂ ਬਈ ਛੋਟੇ, ਫੋਨ ਕੀਤਾ ਸੀ?’’

‘‘ਤੂੰ ਬਈ ਸਾਨੂੰ ਭੁੱਲ ਈ ਗਿਐਂ! ਚੰਗਾ ਗੋਰੀ ਨੇ ਤੈਨੂੰ ਫਸਾਇਆ!’’

‘‘ਨਹੀਂ ਯਾਰ, ਬਿਜ਼ੀ ਬਹੁਤ ਸੀ।’’

‘‘ਮੈਂ ਕਿੰਨੀ ਵਾਰ ਗਿਆ ਫਲੈਟ ਵਿਚ ਤੇਰੇ।’’

‘‘ਮੈਂ ਕੰਮ ’ਤੇ ਹੀ ਰਹਾਂ।’’

‘‘ਮੱਖਣ ਦੱਸਦਾ ਸੀ ਕਿ ਉਹ ਨੇ ਤਾਂ ਤੈਨੂੰ ਦੇਖਿਆ ਈ ਨਹੀਂ ਬਹੁਤ ਦਿਨਾਂ ਤੋਂ।’’

‘‘ਮੈਂ ਫੇਰ ਹਨੇਰੇ ਸਵੇਰੇ ਈ ਘਰ ਜਾਨਾਂ।’’

‘‘ਚੱਲ ਛੱਡ ਵੱਡੇ, ਘਰ ਨੂੰ ਆ ਕਿਸੇ ਵੇਲੇ, ਸੂਬੇਦਾਰ ਦਾ ਫੋਨ ਆਇਆ ਹੋਇਆ, ਕਹਿੰਦਾ ਤੇਰੇ ਨਾਲ ਗੱਲ ਕਰਨੀ ਐ, ਨਿਆਣੇ ਵੀ ਚੇਤੇ ਕਰਦੇ ਆ।’’

‘‘ਵੀਕ ਐਂਡ ਤੇ ਆਊਂਗਾ।’’

ਮੈਨੂੰ ਵੀ ਹੈਰਾਨੀ ਹੋਈ ਕਿ ਇੰਨੇ ਦਿਨ ਪ੍ਰਿਤਪਾਲ ਨੂੰ ਮਿਲੇ ਬਿਨਾਂ ਕਿਵੇਂ ਲੰਘ ਗਏ। ਦੋ ਕੁ ਹਫਤੇ ਬਾਅਦ ਮੈਂ, ਉਸ ਦੇ ਘਰ ਦਾ ਚੱਕਰ ਲਾ ਹੀ ਲਿਆ ਕਰਦਾ ਸਾਂ। ਮੈਨੂੰ ਆਪਣੇ ਭਤੀਜੇ ਅਤੇ ਸ਼ੈਰਨ ਯਾਦ ਆਣ ਲੱਗੇ। ਬਾਪੂ ਜੀ ਦਾ ਫੋਨ ਵੀ ਆਇਆ ਹੋਵੇਗਾ। ਉਹਨਾਂ ਦੇ ਫੋਨ ਦਾ ਤਾਂ ਮੈਨੂੰ ਪਤਾ ਸੀ ਕਿ ਉਹਨਾਂ ਨੇ ਮੈਨੂੰ ਇਹੋ ਕਹਿਣਾ ਕਿ ਜਲਦੀ ਵਿਆਹ ਕਰਾਵਾਂ। ਐਤਕੀਂ ਹੋ ਸਕਦਾ ਸੀ ਕਿ ਪ੍ਰਿਤਪਾਲ ਨੇ ਉਹਨਾਂ ਦੇ ਕੰਨ ਭਰੇ ਹੋਣ, ਬੀਟਰਸ ਬਾਰੇ ਜਾਂ ਕੁਝ ਹੋਰ।

-----

ਮੈਂ ਸਾਊਥਾਲ ਗਿਆ। ਉਹ ਸਾਰੇ ਮੈਨੂੰ ਇਵੇਂ ਮਿਲੇ ਜਿਵੇਂ ਸਾਲਾਂ ਬਾਅਦ ਮਿਲੇ ਹੋਣ। ਦੋਵੇਂ ਭਤੀਜੇ ਆਪਣੇ ਸ਼ਿਕਵੇ ਕਰ ਰਹੇ ਸਨ ਤੇ ਸ਼ੈਰਨ ਦੇ ਆਪਣੇ ਗਿਲੇ ਸਨ। ਭਾਵੇਂ ਸ਼ੈਰਨ ਮੇਰੇ ਲਈ ਛੋਟੀ ਥਾਂ ਸੀ ਕਿਉਂਕਿ ਪ੍ਰਿਤਪਾਲ ਮੇਰੇ ਤੋਂ ਛੋਟਾ ਸੀ ਪਰ ਸ਼ੈਰਨ ਵੀ ਤੇ ਪ੍ਰਿਤਪਾਲ ਵੀ ਮੇਰੇ ਨਾਲ ਇਵੇਂ ਵਰਤਦੇ ਜਿਵੇਂ ਉਹ ਵੱਡੇ ਥਾਂ ਹੋਣ। ਉਹ ਮੇਰਾ ਬਹੁਤ ਫਿਕਰ ਕਰਦੇ। ਮੈਨੂੰ ਉਹਨਾਂ ਦਾ ਇਹ ਫਿਕਰ ਰਹਿੰਦਾ ਕਿ ਮੈਂ ਤਾਂ ਲੰਡਾ ਚਿੜਾ ਸਾਂ, ਮੇਰਾ ਕੀ ਸੀ। ਸੋਚਦਾ ਕਿ ਮੇਰੇ ਕਾਰਨ ਉਹਨਾਂ ਦੇ ਘਰ ਕਿਸੇ ਕਿਸਮ ਦੀ ਸਮੱਸਿਆ ਨਹੀਂ ਖੜਨੀ ਚਾਹੀਦੀ। ਪ੍ਰਿਤਪਾਲ ਮੇਰਾ ਭਰਾ ਹੀ ਨਹੀਂ ਦੋਸਤ ਵੀ ਸੀ। ਮੇਰੀ ਖ਼ਾਤਰ ਉਹ ਬਹੁਤ ਕੁਝ ਕਰ ਜਾਂਦਾ। ਮੈਂ ਉਦਾਸ ਹੁੰਦਾ ਤਾਂ ਮੇਰੇ ਕੋਲ ਬੈਠ ਜਾਂਦਾ ਤੇ ਕੰਮ ਤੋਂ ਛੁੱਟੀ ਕਰ ਲੈਂਦਾ। ਮੈਂ ਕੋਈ ਗ਼ਲਤ ਕੰਮ ਕਰਦਾ ਤਾਂ ਬਾਪ ਵਾਂਗ ਮੇਰੇ ਐਬਾਂ ਨੂੰ ਛੁਪਾ ਜਾਂਦਾ। ਮੇਰੀ ਖਾਤਰ ਉਹ ਸ਼ੈਰਨ ਦੀ ਅਪੇਖਿਆ ਤਕ ਕਰ ਜਾਂਦਾ। ਅਜਿਹੀਆਂ ਕੁਝ ਗੱਲਾਂ ਸਨ ਜੋ ਮੇਰੇ ਮਨ ਵਿਚ ਰਹਿੰਦੀਆਂ ਤੇ ਉਹਨਾਂ ਦੇ ਘਰ ਘੱਟ ਜਾਂਦਾ। ਸ਼ੈਰਨ ਕਹਿਣ ਲੱਗੀ, ‘‘ਭਾਜੀ ਤੁਹਾਡੀ ਰੋਟੀ, ਤੁਹਾਡੇ ਕੱਪੜੇ, ਤੁਹਾਡੀ ਸਿਹਤ, ਸਾਨੂੰ ਬਹੁਤ ਫਿਕਰ ਰਹਿੰਦੈ, ਤੁਸੀਂ ਫਲੈਟ ਵੇਚ ਕੇ ਘਰ ਲਵੋ ਤੇ ਚਾਬੀ ਮੈਨੂੰ ਦਿਓ, ਮੈਂ ਘਰ ਸਾਂਭੂੰਗੀ ਜਦ ਤਕ ਸਾਂਭਣ ਵਾਲੀ ਨਹੀਂ ਆਉਂਦੀ।’’

‘‘ਓਹ ਫਲੈਟ ਵੇਚ ਯਾਰ ਵੱਡੇ, ਕਿੰਨਾ ਕੁ ਫਰਕ ਐ ਪਰਾਈਸ ਦਾ, ਮੇਰੇ ਲੋਕ ਹੈਗੇ ਕੁਝ।’’

‘‘ਸੋਚਿਆ ਤਾਂ ਮੈਂ ਵੀ ਕਈ ਵਾਰ, ਮੱਖਣ ਗਾਹਕ ਵੀ ਹੈਗਾ ਫਲੈਟ ਦਾ ਤਾਂ। ਪਰ ਟਾਈਮ ਈ ਨਹੀਂ ਲੱਗ ਰਿਹਾ।’’

‘‘ਮੇਰੇ ਕੋਲ ਟਾਈਮ ਬਥੇਰਾ, ਦੱਸ ਕਿੱਦਾਂ ਦਾ ਘਰ ਚਾਹੀਦੈ, ਕਿਥੇ ਚਾਹੀਦੈ?’’

‘‘ਛੋਟੇ, ਸੱਚੀ ਗੱਲ ਦੱਸਾਂ, ਮੇਰਾ ਕੁਝ ਵੀ ਕਰਨ ਦਾ ਮੂਡ ਨਹੀਂ, ਤੂੰ ਜੋ ਮਰਜ਼ੀ ਕਰ ਦੇ, ਆਪੇ ਈ ਲੱਭ ਦੇ, ਏਹਨੂੰ ਸੇਲ ’ਤੇ ਲਾ ਦੇ।’’

‘‘ਇਹ ਤਾਂ ਹੋ ਜਾਊ.......ਇੰਡੀਆ ਫੋਨ ਕਰ ਲੈ। ਪਿੰਡ ਐਸ. ਟੀ. ਡੀ. ਲੱਗ ਗਈ ਐ, ਉਹ ਬੁਲਾ ਦਿੰਦੇ ਆ।’’

‘‘ਮੈਨੂੰ ਪਤਾ ਉਨ੍ਹਾਂ ਕੀ ਕਹਿਣਾ, ਫਿਰ ਤੂੰ ਕਿਹਾ ਹੋਣੈ ਕੁਝ ਮੇਰੇ ਖਿਲਾਫ਼।’’

‘‘ਮੈਂ ਤਾਂ ਕੁਝ ਨਹੀਂ ਕਿਹਾ, ਪਰ ਤੂੰ ਗੋਰੀ ਦੇ ਘਰ ਜਾ ਕੇ ਈ ਡੇਰੇ ਲਾ ਲਏ।’’

‘‘ਨਹੀਂ ਨਹੀਂ, ਮੇਰਾ ਕੰਮ ਜਿਉਂ ਓਧਰ ਹੋਇਆ।’’

‘‘ਕੰਮ ਤਾਂ ਤੇਰਾ ਏਨੀ ਦੇਰ ਦਾ ਉਧਰ ਐ, ਚੁੱਪ ਕਰਕੇ ਵਿਆਹ ਕਰਾ ਲੈ ਹੁਣ।’’

‘‘ਬਾਹਰੋਂ ਦੁੱਧ ਸਸਤਾ ਮਿਲਦੈ ਯਾਰ, ਕਿਉਂ ਗਾਂ ਖ਼ਰੀਦਣ ਲਈ ਕਹਿੰਨੈ।’’

‘‘ਤੇਰਾ ਦਿਲ ਨਹੀਂ ਭਰਿਆ ਹਾਲੇ ਗੋਰੀਆਂ ਤੋਂ? ਬੁੱਢੇ ਵੇਲੇ ਇਹ ਗੋਰੀਆਂ ਕੰਮ ਨਹੀਂ ਆਉਂਦੀਆਂ, ਉਦੋਂ ਬੰਤੋ ਸੰਤੋ ਈ ਸਹੀ ਉਤਰਨਗੀਆਂ।’’

‘‘ਬੰਤੋ ਸੰਤੋ ਵੀ ਏਸ ਮੁਲਕ ’ਚ ਆ ਕੇ ਬਦਲ ਜਾਂਦੀਆਂ, ਕਹਿ ਦਿੰਦੀਆਂ ਕਿ ਮੀ ਡੌਂਟ ਲੈਕ ਯੂ!’’

‘‘ਵੱਡੇ, ਯਾਰ ਵਿਆਹ ਕਰਾ ਲੈ, ਜਲਦੀ ਕਰਾ ਲੈ, ਤੈਨੂੰ ’ਕੱਲੇ ਨੂੰ ਦੇਖ ਕੇ ਮਨ ਬਹੁਤ ਖ਼ਰਾਬ ਹੁੰਦੈ, ਰੀਅਲੀ ਯਾਰ।’’

‘‘ਸੱਚੀ ਗੱਲ ਐ ਕਿ ਹੁਣ ਵਿਆਹ ਨੂੰ ਦਿਲ ਨਹੀਂ ਕਰਦਾ। ਏਨਾ ਚਿਰ ਹੋ ਗਿਆ ਇਕੱਲੇ ਰਹਿੰਦੇ ਨੂੰ।’’

‘‘ਇਕੱਲਾ ਕਿਥੇ ਐਂ ਤੂੰ, ਗੋਰੀ ਦੀ ਕੱਛ ਵਿਚ ਤਾਂ ਵੜਿਆ ਰਹਿੰਨੈ।’’

‘‘ਇਹ ਤਾਂ ਵਿਹਲੇ ਮੂੰਹ ਨੂੰ ਗਾਜਰਾਂ ਵਾਲੀ ਗੱਲ ਐ।’’

----

ਉਸ ਦੀ ਵਿਆਹ ਵਾਲੀ ਗੱਲ ਮੈਂ ਫਿਰ ਟਾਲ਼ ਦਿੱਤੀ। ਮੇਰੇ ਤਿੰਨ ਚਾਰ ਦੋਸਤ ਇਕੱਲੇ ਹੀ ਰਹਿੰਦੇ ਸਨ। ਉਹਨਾਂ ਦੇ ਜਿਉਣ ਦੇ ਢੰਗ ਤੋਂ ਮੈਂ ਬਹੁਤ ਪ੍ਰਭਾਵਿਤ ਹੁੰਦਾ। ਉਹਨਾਂ ਦੀ ਜ਼ਿੰਦਗੀ ਆਪਣੀ ਮਰਜ਼ੀ ਦੀ ਹੁੰਦੀ। ਮੈਂ ਪ੍ਰਿਤਪਾਲ ਵੱਲ ਦੇਖਦਾ ਕਿ ਉਸ ਨੂੰ ਪਤਨੀ ਤੇ ਬੱਚਿਆਂ ਦੀਆਂ ਮਰਜ਼ੀਆਂ ਦਾ ਵੀ ਧਿਆਨ ਰੱਖਣਾ ਪੈਂਦਾ। ਮੇਰੇ ਦੋਸਤ ਕਹਿੰਦੇ ਕਿ ਉਹਨਾਂ ਨੂੰ ਇਕੱਲਿਆਂ ਨੂੰ ਹੀ ਨੀਂਦ ਆਉਂਦੀ ਸੀ। ਕਿਸੇ ਦੇ ਨਾਲ ਤਾਂ ਉਹ ਸੌਂ ਹੀ ਨਹੀਂ ਸੀ ਸਕਦੇ। ਮੇਰਾ ਹਾਲ ਵੀ ਇਵੇਂ ਹੀ ਸੀ। ਪਰ ਬੀਟਰਸ ਨਾਲ ਰਹਿ ਕੇ ਮੇਰੀ ਆਦਤ ਬਦਲ ਗਈ ਸੀ। ਮੈਂ ਹੁਣ ਇਕੱਲਾ ਨਹੀਂ ਸਾਂ ਸੌਂ ਸਕਦਾ। ਜੇ ਮੇਰੇ ਨਾਲ ਬੀਟਰਸ ਨਹੀਂ ਤਾਂ ਰੱਜ ਕੇ ਸ਼ਰਾਬ ਪੀਣ ’ਤੇ ਹੀ ਨੀਂਦ ਆਉਂਦੀ।

*****

ਚਲਦਾ