ਹੁਣ ਮੈਨੂੰ ਆਈ ਨੂੰ ਕਈ ਹਫ਼ਤੇ ਹੋ ਗਏ ਸਨ ਪਰ ਰਵੀ ਦਾ ਗ਼ੁੱਸਾ ਢਿੱਲਾ ਨਹੀਂ ਸੀ ਪਿਆ। ਕਦੇ-ਕਦੇ ਰਵੀ ਦੀ ਯਾਦ ਮੈਨੂੰ ਬਹੁਤ ਤੰਗ ਕਰਦੀ। ਮੈਂ ਸੌਂ ਨਾ ਸਕਦੀ ਪਰ ਆਪਣੇ ਆਪ ਨੂੰ ਸਮਝਾਉਂਦੀ ਕਿ ਉਸ ਨੂੰ ਤਾਂ ਸਾਡੀ ਪ੍ਰਵਾਹ ਹੀ ਨਹੀਂ। ਮੇਰੀ ਨਹੀਂ ਤਾਂ ਪਰੀ ਦਾ ਫ਼ਿਕਰ ਕਰਦਾ। ਉਹ ਖ਼ਬਰੇ ਕੀ ਸੋਚੀ ਬੈਠਾ ਸੀ, ਮੈਂ ਐਵੇਂ ਹੀ ਮਰੀ ਜਾ ਰਹੀ ਸੀ।
ਮੈਨੂੰ ਡੈਡੀ ਦੇ ਘਰ ਕੋਈ ਤਕਲੀਫ਼ ਨਹੀਂ ਸੀ। ਬੱਸ ਇਹੋ ਕਿ ਰਵੀ ਨਹੀਂ ਸੀ। ਰਾਤ ਨੂੰ ਮੈਂ ਤੇ ਪਰੀ ਇਕੱਲੀਆਂ ਸੌਂਦੀਆਂ ਸਾਂ। ਕਈ ਵਾਰ ਪਰੀ ਮੰਮੀ ਨਾਲ ਪੈ ਜਾਂਦੀ ਤਾਂ ਮੈਂ ਬਹੁਤ ਇਕੱਲੀ ਰਹਿ ਜਾਂਦੀ। ਇਥੇ ਮੈਨੂੰ ਇਹ ਤਸੱਲੀ ਸੀ ਕਿ ਡੈਡੀ ਨੂੰ ਦਵਾਈ ਵਕਤ ਸਿਰ ਖਵਾ ਦਿੰਦੀ। ਉਹਨਾਂ ਦੇ ਹੋਰ ਵੀ ਨਿੱਕੇ ਵੱਡੇ ਕੰਮ ਬਿਨਾਂ ਕਿਸੇ ਫ਼ਿਕਰ ਦੇ ਕਰ ਦਿੰਦੀ।
ਪਰ ਇਕ ਮਸਲਾ ਮੇਰੇ ਸਾਹਮਣੇ ਜੋ ਆ ਖੜ੍ਹਿਆ ਉਹ ਸੀ ਆਰਥਿਕ ਮਸਲਾ। ਭਾਵ ਜੇਬ ਖ਼ਰਚੇ ਦਾ। ਡੈਡੀ ਤਾਂ ‘ਸਿੱਕ-ਬੈਨੇਫਿੱਟ’ ’ਤੇ ਗੁਜ਼ਾਰਾ ਕਰ ਹੀ ਰਹੇ ਸਨ। ਬਾਕੀ ਸਾਰਾ ਪਰਿਵਾਰ ਵੀ ਸਰਕਾਰੀ ਖ਼ਰਚੇ ਸਿਰ ’ਤੇ ਹੀ ਪੜ੍ਹ ਰਿਹਾ ਸੀ। ਉਹ ਸਾਡਾ ਭਾਰ ਚੁੱਕਣੋਂ ਅਸਮਰੱਥ ਸਨ। ਮੈਨੂੰ ਭਾਵੇਂ ਹਿਸਾਬ ਨਾਲ ਖ਼ਰਚ ਕਰਨਾ ਆਉਂਦਾ ਸੀ ਪਰ ਕਦੇ ਤੰਗੀ ਨਹੀਂ ਸੀ ਦੇਖੀ। ਰਵੀ ਦੀ ਤਨਖ਼ਾਹ ਚੰਗੀ ਸੀ। ਉਹ ਸਾਰੇ ਪੈਸੇ ਲਿਆ ਕੇ ਮੇਰੇ ਹੱਥ ਵਿਚ ਦਿੰਦਾ ਪਰ ਇਥੇ ਆ ਕੇ ਪੈਸੇ ਵਲੋਂ ਮੈਂ ਤੰਗ ਹੋ ਗਈ। ਛੋਟੇ-ਛੋਟੇ ਖ਼ਰਚੇ ਕਰਨੇ ਵੀ ਔਖੇ ਸਨ।
-----
ਮੈਂ ਉਡੀਕਦੀ ਰਹੀ ਕਿ ਰਵੀ ਵਾਪਸ ਆਵੇਗਾ ਜਾਂ ਫਿਰ ਫੋਨ ਹੀ ਕਰੇਗਾ ਪਰ ਅਜਿਹਾ ਕੁਝ ਨਾ ਹੋਇਆ। ਇਕ ਦਿਨ ਮੈਂ ਹੀ ਫੋਨ ਕੀਤਾ। ਰਵੀ ਘਰੇ ਹੀ ਸੀ। ਮੈਂ ਖ਼ਰਚ ਮੰਗਿਆ ਤਾਂ ਆਖਣ ਲੱਗਾ, ‘‘ਕਿਉਂ ਕਮਲ਼ ਕੁੱਟਣ ਡਹੀ ਐਂ, ਘਰ ਨੂੰ ਆ ਜਾ।’’
‘‘ਮੈਂ ਨਹੀਂ ਔਣਾ, ਤੂੰ ਮੈਨੂੰ ਖ਼ਰਚ ਦੇ ਤੇ ਲਗਾਤਾਰ ਦੇ।’’
‘‘ਜਿਸ ਪਿਓ ਦੀ ਸੇਵਾ ਕਰਨ ’ਚ ਬਿਜ਼ੀ ਐਂ, ਓਹ ਹੁਣ ਤੇਰਾ ਖ਼ਰਚਾ ਵੀ ਨਹੀਂ ਚੁੱਕ ਸਕਦਾ?’’
‘‘ਮੈਂ ਤੇਰੇ ਨਾਲ ਵਿਆਹੀ ਆਂ, ਤੇਰੀ ਕੁੜੀ ਦੀ ਮਾਂ ਵਾਂ, ਹੁਣ ਖ਼ਰਚਾ ਵੀ ਤੂੰ ਈ ਦੇ।’’
‘‘ਮੇਰੇ ਨਾਲ ਵਿਆਹੀ ਐਂ ਤਾਂ ਮੇਰੇ ਕੋਲ਼ ਆ ਕੇ ਰਹਿ।’’
‘‘ਤੂੰ ਰੱਖਣ ਵਾਲੇ ਕੰਮ ਜਿਉਂ ਕੀਤੇ ਨੇ।’’
‘‘ਜਾਨ, ਤੂੰ ਪੈਰੀਂ ਹੱਥ ਲਵਾ ਲੈ, ਵਾਪਸ ਆ ਜਾਹ।’’
‘‘ਨਹੀਂ, ਮੈਂ ਨਹੀਂ ਔਂਦੀ।’’
‘‘ਅਸਲ ਵਿਚ ਤੇਰਾ ਕਸੂਰ ਨਹੀਂ, ਤੇਰੇ ਪਿਓ ਕੰਜਰ ਦਾ...’’
ਉਹ ਡੈਡੀ ਨੂੰ ਤੇ ਫਿਰ ਮੈਨੂੰ ਗੰਦੀਆਂ ਗਾਲ੍ਹਾਂ ਕੱਢਣ ਲੱਗ ਪਿਆ। ਮੈਂ ਫੋਨ ਰੱਖ ਦਿੱਤਾ ਤੇ ਸੋਚਣ ਲੱਗੀ ਕਿ ਰਵੀ ਸੁਧਰੇਗਾ ਨਹੀਂ। ਇਸ ਨੂੰ ਹਾਲੇ ਤਕ ਇਕੱਲਾ ਰਹਿ ਕੇ ਸਬਕ ਨਹੀਂ ਸੀ ਆਇਆ। ਘੰਟੇ ਕੁ ਬਾਅਦ ਰਵੀ ਦਾ ਫੋਨ ਆ ਗਿਆ। ਉਹ ਸ਼ਰਾਬੀ ਜਿਹਾ ਲੱਗਦਾ ਸੀ। ਉਸ ਨੇ ਆਖਿਆ, ‘‘ਜਾਨ, ਆਈ ਲਵ ਯੂ, ਆਏ ਕਾਂਟ ਲਿਵ ਵਿਦਾਉਟ ਯੂ ਬੋਥ।’’
‘‘ਦੈੱਨ ਗਿਵ ਅਸ ਮਨੀ।’’
‘‘ਤੈਨੂੰ ਮਨੀ ਤੋਂ ਅੱਗੇ ਕੁਝ ਨਹੀਂ ਦਿੱਸਦਾ! ਤੇਰਾ ਘਰ, ਤੇਰਾ ਫਿਊਚਰ....?’’
‘‘ਮੇਰਾ ਪਰੈਜੈਂਟ ਤੂੰ ਖ਼ਰਾਬ ਕੀਤਾ ਪਿਆ ਏ ਫਿਊਚਰ ਦਾ ਕੀ ਕਰਾਂ,.... ਪਰੀ ਦੇ ਕਪੜੇ ਖ਼ਰੀਦਣੇ ਆਂ, ਪੈਸੇ ਦੇਹ।’’
‘‘ਤੁਸੀਂ ਵਾਪਸ ਘਰ ਆ ਜਾਓ।’’
‘‘ਨਹੀਂ।’’
‘‘ਕਿਉਂ?’’
‘‘ਕਿਉਂਕਿ ਯੂ ਆਰ ਸੇਮ ਐਂਗਰੀ ਈਡੀਅਟ! ਬਲੱਡੀ ਇੰਡੀਅਨ ਹਸਬੈਂਡ!’’
ਮੈਨੂੰ ਗੁੱਸਾ ਆਉਣ ਲੱਗਿਆ। ਮੇਰੀ ਗੱਲ ਨੂੰ ਉਸ ਨੇ ਜਿਵੇਂ ਧਿਆਨ ਨਾਲ ਸੁਣਿਆ ਹੋਵੇ। ਉਹ ਠਰੰਮੇ ਜਿਹੇ ਨਾਲ ਆਖਣ ਲੱਗਾ, ‘‘ਜਾਨ ਸਾਰੀ ਗੱਲ ਤੂੰ ਠੰਢੇ ਦਿਮਾਗ਼ ਨਾਲ ਸੋਚ... ਨਥਿੰਗ ਸੀਰੀਅਸ ਬਿਟਬੀਨ ਅੱਸ।’’
‘‘ਇਹ ਸੀਰੀਅਸ ਨਹੀਂ ਕਿ ਜਦੋਂ ਤੇਰਾ ਦਿਲ ਕਰਦਾ ਏ ਤੂੰ ਮੈਨੂੰ ਕੁੱਟ ਧਰਨਾ ਏਂ, ਫੇਰ ਹੌਸਪੀਟਲ ਦੇਖਣ ਤਕ ਨਹੀਂ ਆਇਆ, ਹੁਣ ਖ਼ਰਚ ਨਹੀਂ ਦੇ ਰਿਹਾ, ਵੱਟ ਯੂ ਥਿੰਕ ਯੋਅਰ ਸੈਲਫ? ਹੂ ਯੂ ਆਰ?’’
‘‘ਜਾਨ, ਪਲੀਜ਼ ਕਮ ਬੈਕ,.... ਇਟ ’ਜ਼ ਨੌਟ ਯੋਅਰ ਫੌਲਟ ਐਟ ਔਲ! ਆਏ ਨੋਅ ਦੈਟ।’’
‘‘ਵੱਟ ਯੂ ਮੀਨ?’’
‘‘ਜਦ ਬੰਦਾ ਹੈਂਡੀਕੈਪ ਹੋ ਜਾਂਦੈ ਤਾਂ ਓਹਦਾ ਮਾਈਂਡ ਵੀ ਹੈਂਡੀਕੈਪ ਈ ਹੋ ਜਾਂਦੈ ਤੇ ਓਹ ਹੋਰਨਾਂ ਨੂੰ ਵੀ,....ਤੇਰੇ ਪਿਓ ਨੇ ਤੈਨੂੰ ਵੀ ਮੈਂਟਲੀ ਹੈਂਡੀਕੈਪ ਕਰ ਦਿੱਤੈ, ਯੂ ਕਾਂਟ ਥਿੰਕ ਪਰੌਪਰਲੀ।’’
ਮੈਨੂੰ ਉਸ ਦੀ ਇਸ ਗੱਲ ’ਤੇ ਬਹੁਤ ਤਕਲੀਫ਼ ਹੋਈ। ਮੈਂ ਵੀ ਗਾਲ੍ਹ ਕੱਢੀ ਤੇ ਫੋਨ ਰੱਖ ਦਿੱਤਾ ਤੇ ਮਨ ਵਿਚ ਆਖਣ ਲੱਗੀ ਕਿ ਮਿਸਟਰ ਢਿਲਨ ਯੂ ਆਰ ਫਿਨਿਸ਼ਡ ਨਾਓ।
-----
ਖ਼ਰਚੇ ਵਲੋਂ ਮੈਂ ਬਹੁਤ ਔਖੀ ਹੋ ਗਈ। ਮੰਮੀ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ। ਮੈਂ ਡੈਡੀ ਨਾਲ ਹੀ ਗੱਲ ਤੋਰੀ, ‘‘ਡੈਡੀ, ਰਵੀ ਤਾਂ ਸਾਨੂੰ ਕੋਈ ਖ਼ਰਚ ਦੇ ਨਹੀਂ ਰਿਹਾ, ਸੋਸ਼ਲ ਸਕਿਓਰਟੀ ਤੋਂ ਹੀ ਕਲੇਮ ਕਰ ਕੇ ਦੇਖਾਂ?’’
‘‘ਬੇਟੇ, ਉਹ ਵੀ ਏਨੀ ਜਲਦੀ ਨਹੀਂ ਦੇਣ ਲੱਗੇ, ਆਖਣਗੇ ਕਿ ਹਸਬੈਂਡ ਤੋਂ ਕਲੇਮ ਕਰੋ, ਓਹ ਕਹਿਣਗੇ ਕਿ ਕੋਰਟ ਵਿਚ ਜਾਓ।’’
ਸਾਡੀਆਂ ਗੱਲਾਂ ਵਿਚ ਮੰਮੀ ਵੀ ਆ ਬੈਠੀ ਸੀ। ਉਹ ਭੁੜਕਦੀ ਹੋਈ ਬੋਲੀ, ‘‘ਕੁਝ ਸੰਗ ਕਰੋ, ਵਸਦੇ ਘਰ ਨੂੰ ਕਿਉਂ ਪੱਟਣ ਲਗੇ ਓ?.... ਤੁਸੀਂ ਤਾਂ ਜਮ੍ਹਾਂ ਈ ਲਾਹ ’ਤੀ।’’
‘‘ਮੰਮੀ, ਤੂੰ ਤਾਂ ਐਵੇਂ ਈ ਮਾਰਦੀ ਰਹਿੰਨੀ ਏਂ,... ਵੇਖ ਅਸੀਂ ਖ਼ਰਚ ਤੋਂ ਕਿਮੇਂ ਤੰਗ ਵਾਂ।’’
‘‘ਤੂੰ ਦੱਸ ਕੀ ਚਾਹੀਦਾ ਏ?’’
‘‘ਇਹ ਗੱਲ ਨਹੀਂ, ਜਿਹਤੋਂ ਸਾਡਾ ਰਾਈਟ ਏ ਉਹੀ ਦੇਵੇ।’’
‘‘ਕੰਵਲ, ਤੂੰ ਬਹੁਤਾ ਈ ਅਗੇ ਨਿਕਲ ਰਹੀ ਏਂ, ਤੇਰੇ ਪਿਓ ਦੀ ਵੀ ਮੱਤ ਮਾਰੀ ਗਈ ਏ, ਤੂੰ ਧੀਏ ਆਪਣੇ ਘਰ ਜਾਹ, ਤੇਰੇ ਡੈਡੀ ਨੂੰ ਅਸੀਂ ਸੰਭਾਲ਼ੀ ਜਾਣਾ ਏਂ, ਮੈਂ ਹੈਗੀ ਵਾਂ, ਨੀਤਾ ਵੀ, ਬਿੰਨੀ ਵੀ ਹੁਣ ਬਰਾਬਰ ਦਾ ਹੋਇਆ ਲੈ।’’
ਮੰਮੀ ਸਮਝੀ ਜਾ ਰਹੀ ਸੀ ਕਿ ਮੈਂ ਡੈਡੀ ਦੀ ਬਿਮਾਰੀ ਕਾਰਨ ਹੀ ਵਾਪਸ ਨਹੀਂ ਜਾ ਰਹੀ। ਰਵੀ ਦੀ ਗਲਤੀ ਨੂੰ ਉਹ ਸਹਿਜੇ ਗਲਤ ਨਹੀਂ ਸੀ ਆਖਦੀ। ਮੈਂ ਸੋਚਦੀ ਕਿ ਮੈਂ ਰਵੀ ਨਾਲ ਬਹੁਤ ਰਿਆਇਤ ਕੀਤੀ। ਉਸ ਦਿਨ ਜਦ ਉਸ ਨੇ ਮੈਨੂੰ ਮਾਰਿਆ ਸੀ ਤਾਂ ਮੈਨੂੰ ਇਕ ਦਮ ਪੁਲੀਸ ਸੱਦ ਲੈਣੀ ਚਾਹੀਦੀ ਸੀ।
ਮੈਨੂੰ ਲੈ ਕੇ ਮੰਮੀ ਡੈਡੀ ਵਿਚ ਬਹਿਸ ਹੋਣ ਲੱਗਦੀ। ਡੈਡੀ ਗੁੱਸੇ ਵਿਚ ਆ ਕੇ ਜ਼ਿਆਦਾ ਕੰਬਣ ਲੱਗਦੇ। ਮੈਂ ਮੰਮੀ ਨੂੰ ਚੁੱਪ ਕਰਾਉਂਦੀ। ਜਦੋਂ ਡੈਡੀ ਦੀ ਸਿਹਤ ਠੀਕ ਹੁੰਦੀ ਸੀ ਤਾਂ ਮੰਮੀ ਇੰਨਾ ਨਹੀਂ ਸੀ ਬਹਿਸਦੀ। ਡੈਡੀ ਦੀ ਹਾਂ ਵਿਚ ਹਾਂ ਮਿਲਾਉਂਦੀ ਰਹਿੰਦੀ। ਉਦੋਂ ਮੈਂ ਇਥੋਂ ਤਕ ਸੋਚਣ ਲੱਗਦੀ ਕਿ ਇੰਡੀਅਨ ਔਰਤਾਂ ਦਾ ਦਿਮਾਗ਼ ਹੀ ਕੰਮ ਨਹੀਂ ਕਰਦਾ। ਪਰ ਹੁਣ ਮੰਮੀ ਬਿਨਾਂ ਗੱਲ ਤੋਂ ਬਹਿਸੀ ਜਾਂਦੀ।
----
ਡੈਡੀ ਦੇ ਆਖਣ ’ਤੇ ਮੈਂ ਸੂਜੀ ਬੈਰੀਮਨ ਨਾਲ ਮਿਲਣ ਦਾ ਸਮਾਂ ਨੀਯਤ ਕਰ ਲਿਆ। ਸੂਜੀ ਬੈਰੀਮਨ ਸਾਡੀ ਵਕੀਲ ਸੀ। ਜਦੋਂ ਦੇ ਡੈਡੀ ਇੰਗਲੈਂਡ ਆਏ ਆਪਣੇ ਸਾਰੇ ਕੰਮ ਇਸੇ ਵਕੀਲ ਰਾਹੀਂ ਹੀ ਕਰਾਇਆ ਕਰਦੇ ਸਨ। ਉਹ ‘ਵਿਮੈਨ ਲਿਬਰੇਸ਼ਨ’ ਦੀ ਸਪੀਕਰ ਵੀ ਸੀ। ਔਰਤਾਂ ਦੇ ਕੇਸ ਨੂੰ ਨਿੱਠ ਕੇ ਹੱਥ ਪਾਇਆ ਕਰਦੀ। ਵੈਸੇ ਤਾਂ ਰਵੀ ਵੀ ਹਰ ਵੇਲੇ ਔਰਤਾਂ ਲਈ ਬਰਾਬਰ ਦੇ ਹੱਕਾਂ ਦੀ ਗੱਲ ਕਰਿਆ ਕਰਦਾ ਸੀ ਪਰ ਆਪਣੀ ਵਾਰੀ ਪਿੱਛੇ ਹਟ ਜਾਂਦਾ। ਸੂਜੀ ਬੈਰੀਮਨ ਦੇ ਦਫਤਰ ਜਾਣ ਤੋਂ ਪਹਿਲਾਂ ਮੈਂ ਰਵੀ ਨੂੰ ਕਈ ਵਾਰ ਫੋਨ ਕੀਤਾ ਪਰ ਉਹ ਘਰ ਨਾ ਮਿਲਿਆ। ‘ਅਨਸਰਿੰਗ-ਮਸ਼ੀਨ’ ਵਿਚ ਕਿੰਨੇ ਹੀ ਸੁਨੇਹੇ ਛੱਡੇ। ਪਰੀ ਦੇ ਤੋਤਲੇ ਬੋਲ ਵੀ ਮਸ਼ੀਨ ਵਿਚ ਭਰੇ ਪਰ ਰਵੀ ਨੇ ਸਾਨੂੰ ਫੋਨ ਨਾ ਕੀਤਾ ਤੇ ਨਾ ਹੀ ਪੈਸੇ ਭੇਜੇ। ਮੈਂ ਬੈਰੀਮਨ ਨਾਲ ਸਲਾਹ ਕਰ ਕੇ ਖ਼ਰਚੇ ਦਾ ਦਾਅਵਾ ਕਰ ਦਿੱਤਾ।
-----
ਸਾਡਾ ਕੇਸ ਹੌਲਬੌਰਨ ਕੋਰਟ ਵਿਚ ਲੱਗ ਗਿਆ। ਮੈਨੂੰ ਨੋਟਿਸ ਆ ਗਿਆ ਸੀ। ਰਵੀ ਨੂੰ ਵੀ ਸੰਮਨ ਮਿਲ ਗਏ ਹੋਣਗੇ। ਕਚਹਿਰੀਆਂ-ਸੰਮਨਾਂ ਬਾਰੇ ਸੋਚਦਿਆਂ ਪਹਿਲਾਂ-ਪਹਿਲ ਮੇਰੇ ਅੰਦਰ ਖੋਹ ਜਿਹੀ ਪੈਣ ਲੱਗਦੀ ਸੀ ਪਰ ਛੇਤੀਂ ਹੀ ਸਭ ਠੀਕ ਹੋ ਗਿਆ। ਹੁਣ ਮੈਂ ਰਵੀ ਦਾ ਫੋਨ ਉਡੀਕ ਰਹੀ ਸੀ। ਮੈਨੂੰ ਪਤਾ ਸੀ ਕਿ ਸੰਮਨ ਮਿਲਦਿਆਂ ਹੀ ਉਸ ਨੇ ਤਿਲਮਿਲਾਉਣਾ ਸੀ। ਪਰ ਮੈਂ ਵੀ ਕੀ ਕਰਦੀ, ਉਹ ਸਿੱਧੀ ਤਰ੍ਹਾਂ ਨਹੀਂ ਮੰਨ ਰਿਹਾ ਸੀ ਤਾਂ ਮੈਨੂੰ ਇਹ ਰਾਹ ਅਪਣਾਉਣਾ ਹੀ ਪੈਣਾ ਸੀ। ਮੈਨੂੰ ਆਸ ਸੀ ਕਿ ਹੁਣ ਫੋਨ ਕਰੇਗਾ ਤੇ ਮੈਨੂੰ ਪਹਿਲਾਂ ਵਾਂਗ ਗਾਲ੍ਹਾਂ ਕੱਢੇਗਾ। ਡੈਡੀ ਨੂੰ ਵੀ ਬੁਰਾ ਭਲਾ ਬੋਲੇਗਾ। ਮੈਂ ਉਸ ਦੇ ਭੈੜੇ ਫੋਨ ਦਾ ਜੁਆਬ ਦੇਣ ਲਈ ਤਿਆਰ ਰਹਿੰਦੀ।
ਅਜਿਹਾ ਕੁਝ ਨਹੀਂ ਹੋਇਆ। ਇਕ ਸ਼ਾਮ ਰਵੀ ਆਪ ਹੀ ਆ ਗਿਆ। ਨੀਤਾ ਨੇ ਦਰਵਾਜ਼ਾ ਖੋਹਲਿਆ। ਉਹ ਖ਼ੁਸ਼ੀ ਵਿਚ ਮੰਮੀ ਨੂੰ ਆਵਾਜ਼ਾਂ ਮਾਰਨ ਲੱਗੀ ਕਿ ਭਾਜੀ ਆਇਆ, ਭਾਜੀ ਆਇਆ। ਮੈਂ ਵੀ ਖ਼ੁਸ਼ੀ ਵਿਚ ਆਪਣੇ ਕਮਰੇ ਵਿਚੋਂ ਭੱਜੀ ਆਈ। ਮੰਮੀ ਨੂੰ ਤਾਂ ਚਾਅ ਹੀ ਚੜ੍ਹ ਗਿਆ। ਉਸ ਨੂੰ ਫਰੰਟ-ਰੂਮ ਵਿਚ ਬਿਠਾਇਆ। ਡੈਡੀ ਵੀ ਉਠ ਕੇ ਉਥੇ ਹੀ ਆ ਗਏ। ਸਾਰੇ ਇਵੇਂ ਵਰਤਾਵ ਕਰਨ ਲੱਗੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਰਵੀ ਨੇ ਪਰੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪਰੀ ਉਸ ਦੇ ਨੇੜੇ ਹੀ ਨਹੀਂ ਜਾ ਰਹੀ। ਜਿਵੇਂ ਪਰੀ ਉਸ ਨੂੰ ਭੁੱਲ ਗਈ ਹੋਵੇ। ਮੈਂ ਸੋਚ ਰਹੀ ਸੀ ਕਿ ਰਵੀ ਕੀ ਕਹਿਣ ਆਇਆ ਹੋਵੇਗਾ, ਸ਼ਾਇਦ ਖ਼ਰਚ ਦੇਣਾ ਮੰਨ ਜਾਵੇ ਤੇ ਕਹੇ ਕਿ ਕੋਰਟ ਵਿਚੋਂ ਕੇਸ ਵਾਪਸ ਲੈ। ਪਰੀ ਉਸ ਦੇ ਨੇੜੇ ਨਹੀਂ ਜਾ ਰਹੀ ਸੀ ਪਰ ਉਸ ਨੇ ਜ਼ਬਰਦਸਤੀ ਉਠਾ ਕੇ ਗੋਦੀ ਵਿਚ ਬਿਠਾ ਲਿਆ ਤੇ ਮੈਨੂੰ ਆਖਿਆ, ‘‘ਚਲ ਜਾਨ, ਘਰ ਚਲ, ਮੈਂ ਲੈਣ ਆਇਆਂ।’’
ਮੰਮੀ ਨੇ ਖ਼ੁਸ਼ ਹੋ ਕੇ ਮੇਰੇ ਵੱਲ ਦੇਖਿਆ ਤੇ ਮੈਂ ਡੈਡੀ ਵੱਲ। ਡੈਡੀ ਨੇ ਆਪਣਾ ਹੱਥ ਕਾਬੂ ਵਿਚ ਕਰਦਿਆਂ ਆਖਿਆ, ‘‘ਇੰਨੇ ਦਿਨਾਂ ਬਾਅਦ ਆ ਗਿਆਂ,.... ਸੰਮਨ ਮਿਲ ਗਏ ਹੋਣੇ ਨੇ?’’
‘‘ਡੈਡੀ, ਤੁਸੀਂ ਨਹੀਂ ਚਾਹੁੰਦੇ ਤੁਹਾਡੀ ਧੀ ਆਪਣੇ ਘਰੇ ਵਸੇ?’’
‘‘ਕਿਉਂ ਨਹੀਂ ਚਾਹੁੰਦਾ! ਕਿਹੜਾ ਪਿਓ ਨਹੀਂ ਚਾਹੇਗਾ?’’
‘‘ਫੇਰ ਇਤਰਾਜ਼ ਕਿਉਂ ਕਰਦੇ ਓ?’’
ਡੈਡੀ ਤੋਂ ਪਹਿਲਾਂ ਮੈਂ ਆਖਣ ਲੱਗੀ, ‘‘ਰਵੀ, ਇਟ ’ਸ ਨੌਟ ਵੇਅ ਟੂ ਟੇਕ ਮੀ ਹੋਮ।’’
‘‘ਵਟ ’ਸ ਦ ਵੇਅ?’’
‘‘ਪਹਿਲਾਂ ਖ਼ਰਚ ਦੇਣਾ ਸਟਾਰਟ ਕਰ।’’
‘‘ਤੂੰ ਘਰ ਚਲ, ਸਭ ਕੁਝ ਤੇਰਾ ਈ ਐ। ਤੇਰਾ ਘਰ, ਤੂੰ ਮਰਜ਼ੀ ਨਾਲ ਖ਼ਰਚ ਕਰ।’’
ਅਸੀਂ ਸਾਰੇ ਪਲ ਕੁ ਲਈ ਚੁੱਪ ਕਰ ਗਏ। ਮੰਮੀ ਉਠ ਕੇ ਰਸੋਈ ਵਿਚ ਚਾਹ ਬਣਾਉਣ ਚਲੇ ਗਈ। ਰਵੀ ਪਰੀ ਨਾਲ ਗੱਲ ਕਰਨ ਲੱਗਿਆ ਪਰ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਪਰੀ ਉਸ ਦੀ ਗੋਦੀ ਵਿਚੋਂ ਉਤਰ ਕੇ ਮੇਰੇ ਕੋਲ ਆ ਗਈ। ਮੈਂ ਆਖਿਆ, ‘‘ਇੰਨੇ ਦਿਨ ਹੋ ਗਏ ਨੇ....ਕਿਥੋਂ ਯਾਦ ਰੱਖਣਾ ਏਂ,.... ਜੇ ਤੈਨੂੰ ਸਾਡਾ ਜ਼ਰਾ ਵੀ ਧਿਆਨ ਹੋਵੇ ਤਾਂ ਏਕਣ ਨਾ ਕਰੇਂ।’’
‘‘ਕਿੱਦਾਂ ਨਾ ਕਰਾਂ?’’
‘‘ਸਾਨੂੰ ਖ਼ਰਚਾ ਦੇਵੇਂ।’’
‘‘ਪਰ ਤੂੰ ਕੋਰਟ ਵਿਚ ਕਿਉਂ ਗਈ?’’
‘‘ਹੋਰ ਕੀ ਕਰਦੀ, ਤੈਨੂੰ ਕਿੰਨੀ ਵਾਰ ਕਿਹਾ ਸੀ ਪਰ ਤੂੰ....।’’
‘‘ਲੁਕ ਜਾਨ, ਡਰੌਪ ਯੋਅਰ ਕੇਸ!
‘‘ਸਟਾਰਟ ਗਿਵਿੰਗ ਅੱਸ ਸਮ ਮਨੀ।’’
‘‘ਆਏ ਵਿਲ, ਡਰੌਪ ਯੋਅਰ ਕੇਸ ਫਸਟ!’’
‘‘ਨੋ ਵੇਅ!’’
ਡੈਡੀ ਬੋਲੇ, ‘‘ਰਵੀ, ਗ਼ੁੱਸੇ ਵਿਚ ਨਾ ਆ, ਕੁਝ ਅਕਲ ਤੋਂ ਕੰਮ ਲੈ....!’’
‘‘ਅਕਲ ਤੋਂ ਕੰਮ ਤੁਸੀਂ ਲਓ, ਮੇਰੀ ਵਾਈਫ ਨੂੰ ਮੇਰੇ ਨਾਲ ਨਹੀਂ ਜਾਣ ਦਿੰਦੇ।’’
‘‘ਅਸੀਂ ਕਦੋਂ ਰੋਕਦੇ ਆਂ, ਤੇਰੇ ਚਾਲੇ ਈ ਠੀਕ ਨਈਂ, ਦੇਖ ਹੁਣ ਇਹਨਾਂ ਨੂੰ ਖ਼ਰਚ ਹੀ ਨਈਂ ਦੇ ਰਿਹਾ।’’
‘‘ਇਹਨਾਂ ਨੂੰ ਤੁਸੀਂ ਘਰ ਰੱਖਿਆ ਹੋਇਐ ਆਪਣੀ ਸੇਵਾ ਕਰੌਣ ਲਈ, ਹੁਣ ਇਹਨਾਂ ਦਾ ਖ਼ਰਚ ਵੀ ਨਹੀਂ ਚੁੱਕ ਸਕਦੇ!’’
ਰਵੀ ਗੁੱਸੇ ਵਿਚ ਬੋਲਦਾ ਉਠ ਕੇ ਖੜ੍ਹ ਗਿਆ। ਮੈਂ ਵੀ ਉਠ ਖੜ੍ਹੀ। ਰਵੀ ਡੈਡੀ ਵੱਲ ਨੂੰ ਹੱਥ ਮਾਰ-ਮਾਰ ਕੇ ਤਾਹਨੇ ਮਿਹਣੇ ਮਾਰਨ ਲੱਗਿਆ। ਮੈਨੂੰ ਜਾਪਿਆ ਕਿ ਰਵੀ ਹਿੰਸਕ ਹੀ ਨਾ ਹੋ ਜਾਵੇ। ਮੈਂ ਆਖਿਆ, ‘‘ਰਵੀ, ਚੁੱਪ ਚਾਪ ਇਥੋਂ ਚਲੇ ਜਾਹ ਨਹੀਂ ਤਾਂ ਪੁਲੀਸ ਬੁਲਾ ਲੈਣੀ ਏਂ।’’
ਉਹ ਗਾਲ੍ਹਾਂ ਕੱਢਦਾ ਚਲੇ ਗਿਆ। ਮੈਂ ਸਿਰ ਫੜ ਕੇ ਬੈਠ ਗਈ ਕਿ ਇੰਨਾ ਗ਼ੁੱਸਾ! ਡੈਡੀ ਵੀ ਹੈਰਾਨ ਹੋ ਰਹੇ ਸਨ। ਨੀਤਾ ਤੇ ਬਿੰਨੀ ਡਰੇ ਖੜ੍ਹੇ ਸਨ। ਮੰਮੀ ਰਸੋਈ ਵਿਚ ਭਾਂਡੇ ਇਧਰ ਉਧਰ ਸੁੱਟਦੀ ਬੁੜਬੁੜਾਈ ਜਾ ਰਹੀ ਸੀ-‘‘ਕਮਲ਼ਿਆਂ ਦਾ ਟੱਬਰ, ਮੂਰਖ ਈ ਮੂਰਖ।’’
-----
ਕੇਸ ਦੀ ਚੌਵੀ ਤਰੀਕ ਸੀ। ਮੈਨੂੰ ਡਰ ਜਿਹਾ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਹੋਵੇਗਾ। ਰਵੀ ਦਾ ਉਸ ਦਿਨ ਗ਼ੁੱਸੇ ਵਿਚ ਆ ਜਾਣਾ ਤੇ ਮੇਰੇ ਵਲੋਂ ਪੁਲੀਸ ਸੱਦਣ ਦੀ ਧਮਕੀ ਦੇਣਾ ਦੋਵੇਂ ਗੱਲਾਂ ਹੀ ਮੈਨੂੰ ਬਹੁਤ ਬੁਰੀਆਂ ਲੱਗ ਰਹੀਆਂ ਸਨ। ਕਦੇ-ਕਦੇ ਮੈਂ ਸੋਚਦੀ ਕਿ ਇਹ ਚੰਗਾ ਹੀ ਹੋਇਆ। ਇਸ ਨਾਲ ਰਵੀ ਨੂੰ ਜ਼ਰਾ ਕੰਨ ਹੋ ਗਏ ਹੋਣਗੇ। ਮੈਨੂੰ ਪਤਾ ਸੀ ਕਿ ਹੁਣ ਰਵੀ ਫੋਨ ਨਹੀਂ ਕਰੇਗਾ, ਫਿਰ ਵੀ ਮੈਨੂੰ ਉਡੀਕ ਰਹਿੰਦੀ।
ਕਦੇ ਇਕੱਲੀ ਬੈਠੀ ਹੁੰਦੀ ਤਾਂ ਸੋਚਣ ਲੱਗ ਪੈਂਦੀ ਕਿ ਹੁਣ ਅਗੇ ਕੀ ਹੋਵੇਗਾ। ਮੈਨੂੰ ਯਕੀਨ ਸੀ ਕਿ ਥੋੜ੍ਹਾ ਜਿਹਾ ਘੁੰਮ ਫਿਰ ਕੇ ਰਵੀ ਸੁਧਰ ਜਾਵੇਗਾ। ਕਦੇ ਫ਼ਿਕਰ ਲੱਗ ਜਾਂਦਾ ਕਿ ਗੱਲ ਵਿਗੜ ਹੀ ਨਾ ਜਾਵੇ। ਮੈਂ ਕਈ ਵਾਰ ਘਰ ਨੂੰ ਫੋਨ ਕੀਤਾ। ਰਵੀ ਚੁੱਕਦਾ ਹੀ ਨਹੀਂ ਸੀ। ਮੇਰਾ ਦਿਲ ਕਰਦਾ ਕਿ ਰੋਜ਼ਬਰੀ ਗਾਰਡਨ ਦਾ ਚੱਕਰ ਲਾ ਕੇ ਆਵਾਂ, ਵੇਖਾਂ ਕਿ ਰਵੀ ਘਰ ਵੀ ਹੈ ਕਿ ਨਹੀਂ। ਜਦ ਜਾਣ ਲਈ ਤਿਆਰ ਹੁੰਦੀ ਤਾਂ ਸੋਚਦੀ ਕਿ ਡੈਡੀ ਕੀ ਆਖਣਗੇ। ਇਵੇਂ ਰਵੀ ਦੇ ਹਉਮੈ ਨੂੰ ਵੀ ਬੱਲ ਮਿਲਣਾ ਸੀ। ਮੈਂ ਮੰਮੀ ਨੂੰ ਸ਼ੌਪਿੰਗ ਲਈ ਲੈ ਕੇ ਜਾਂਦੀ ਤਾਂ ਕਈ ਵਾਰ ਕਾਰ ਆਪਣੇ ਆਪ ਆਰਚਵੇਅ ਵੱਲ ਲੈ ਜਾ ਹੋ ਜਾਂਦੀ। ਡੈਡੀ ਨੂੰ ਕਲੀਨਿਕ ਲੈ ਕੇ ਜਾਣਾ ਹੁੰਦਾ ਤਾਂ ਮੈਂ ਜ਼ਰਾ ਉਧਰ ਦੀ ਘੁੰਮ ਕੇ ਹੀ ਜਾਂਦੀ। ਮੈਂ ਰਵੀ ਦੀ ਕਾਰ ਵੀ ਕਿਧਰੇ ਨਹੀਂ ਸੀ ਵੇਖੀ ਜਦੋਂ ਕਿ ਉਸ ਨੂੰ ਘੁੰਮਦੇ ਰਹਿਣ ਦਾ ਸ਼ੌਕ ਸੀ। ਕਈ ਵਾਰ ਰਵੀ ਨੂੰ ਵੇਖਣ ਨੂੰ ਮਨ ਕਾਹਲ਼ਾ ਪੈ ਜਾਂਦਾ। ਮੈਂ ਹਰ ਰੋਜ਼ ਉਸ ਦਾ ਸੁਫ਼ਨਾ ਦੇਖਦੀ। ਉਸ ਉਪਰ ਗੁੱਸਾ ਵੀ ਆਉਂਦਾ ਕਿ ਸਾਨੂੰ ਜਮਾਂ ਈ ਅੱਖੋਂ ਪਰੋਖੇ ਕਰੀ ਬੈਠਾ ਸੀ।
-----
ਚੌਵੀ ਤਰੀਕ ਨੂੰ ਵਕਤ ਸਿਰ ਹੀ ਕੋਰਟ ਪੁੱਜ ਗਈ। ਡੈਡੀ ਮੇਰੇ ਨਾਲ ਸਨ। ਉਹਨਾਂ ਕੋਲੋਂ ਹੌਲ਼ੀ-ਹੌਲ਼ੀ ਚੱਲਿਆ ਜਾ ਰਿਹਾ ਸੀ ਜਿਵੇਂ ਕਿ ਉਹਨਾਂ ਦੀ ਸਿਹਤ ਇਜਾਜ਼ਤ ਦਿੰਦੀ ਸੀ। ਉਹ ਸੋਟੀ ਦੇ ਸਹਾਰੇ ਤੁਰਦੇ ਸਨ। ਵਿਚ-ਵਿਚ ਮੈਂ ਵੀ ਆਸਰਾ ਦਿੰਦੀ। ਕਈ ਵਾਰੀ ਉਹ ਸੋਟੀ ਨਾਲੋਂ ਮੇਰੇ ਸਹਾਰੇ ਜ਼ਿਆਦਾ ਤੁਰਨ ਲੱਗਦੇ। ਮੈਨੂੰ ਇਵੇਂ ਚੰਗਾ ਲੱਗਦਾ।
ਇਮਾਰਤ ਦੀ ਤੀਜੀ ਮੰਜ਼ਿਲ ’ਤੇ ਕਚਹਿਰੀ ਜਾਂ ਦਫ਼ਤਰ ਸੀ ਜਿਥੇ ਸਾਡਾ ਕੇਸ ਸੁਣਿਆ ਜਾਣਾ ਸੀ। ਮੇਰੀਆਂ ਨਜ਼ਰਾਂ ਰਵੀ ਨੂੰ ਤਲਾਸ਼ ਕਰ ਰਹੀਆਂ ਸਨ ਪਰ ਉਹ ਕਿਧਰੇ ਵੀ ਨਹੀਂ ਸੀ। ਡੈਡੀ ਬਾਰ-ਬਾਰ ਸੂਜੀ ਬੈਰੀਮਨ ਨੂੰ ਢੂੰਡਣ ਲਈ ਆਖਦੇ। ਉਹ ਸ਼ਾਇਦ ਲੇਟ ਹੋ ਗਈ ਸੀ ਜਾਂ ਫਿਰ ਕਿਸੇ ਹੋਰ ਅਦਾਲਤ ਵਿਚ ਹਾਜ਼ਰੀ ਲਵਾ ਰਹੀ ਹੋਵੇਗੀ। ਫਿਰ ਵਕੀਲ ਤਾਂ ਪੁੱਜ ਗਈ ਪਰ ਰਵੀ ਹਾਲੇ ਨਹੀਂ ਸੀ ਆਇਆ। ਮੇਰਾ ਮਨ ਹੋਰਵੇਂ ਕਰਨ ਲੱਗਿਆ ਕਿ ਸੁੱਖ ਵੀ ਹੋਵੇ, ਜਜ਼ਬਾਤੀ ਕਿਸਮ ਦਾ ਬੰਦਾ ਸੀ, ਕੁਝ ਕਰ ਹੀ ਨਾ ਬੈਠਾ ਹੋਵੇ। ਇਕ ਵਾਰ ਤਾਂ ਮੇਰਾ ਦਿਲ ਕੀਤਾ ਕਿ ਕੇਸ ਵਾਪਸ ਹੀ ਲੈ ਲਵਾਂ। ਖ਼ਰਚੇ ਦੀ ਦੇਖੀ ਜਾਵੇਗੀ। ਕੁਝ ਨਾ ਕੁਝ ਤਾਂ ਸੋਸ਼ਲ ਸਕਿਓਰਟੀ ਦੇਵੇਗੀ ਹੀ, ਕੁਝ ਪਾਰਟ ਟਾਈਮ ਕੰਮ ਕਰ ਲਵਾਂਗੀ।
-----
ਸੂਜੀ ਬੈਰੀਮਨ ਕੋਰਟ ਕਲਰਕ ਨਾਲ ਕੋਈ ਗੱਲ ਕਰ ਕੇ ਆਈ ਤੇ ਮੈਨੂੰ ਅੰਦਰ ਚਲਣ ਲਈ ਆਖਣ ਲੱਗੀ। ਮੇਰੇ ਤੋਂ ਤੁਰਿਆ ਨਹੀਂ ਸੀ ਜਾ ਰਿਹਾ। ਉਸ ਨੇ ਮੈਨੂੰ ਮੋਢੇ ਤੋਂ ਫੜ ਕੇ ਆਖਿਆ, ‘‘ ਕੰਵਲ, ਲੈਟਸ ਗੋ ਇਨ ਸਾਈਡ।’’ ਬੱਟ ਹੀ ’ਜ਼ ਨੌਟ ਹੇਅਰ ਯੈੱਟ।’’
‘‘ਹੀ’ਜ਼ ਔਲ ਰੈਡੀ ਦੇਅਰ!’’
ਉਸ ਦੀ ਗੱਲ ਸੁਣ ਕੇ ਮੈਨੂੰ ਸ਼ਰਮ ਜਿਹੀ ਮਹਿਸੂਸ ਹੋਈ। ਰਵੀ ਪਹਿਲਾਂ ਹੀ ਆਪਣੇ ਵਕੀਲ ਨਾਲ ਅੰਦਰ ਆਇਆ ਬੈਠਾ ਸੀ। ਉਸ ਨੇ ਚਿਹਰਾ ਮੇਜ਼ ਉਪਰ ਝੁਕਾਇਆ ਹੋਇਆ ਸੀ ਜਿਵੇਂ ਕੁਝ ਪੜ੍ਹ ਰਿਹਾ ਹੋਵੇ। ਕਦੇ-ਕਦੇ ਉਹ ਆਪਣੇ ਵਕੀਲ ਨਾਲ ਗੱਲ ਕਰ ਲੈਂਦਾ। ਮੇਰੇ ਵੱਲ ਉਸ ਨੇ ਇਕ ਵਾਰ ਵੀ ਨਾ ਵੇਖਿਆ। ਉਸ ਦਾ ਚਿਹਰਾ ਬੁੱਤ ਵਾਂਗ ਸਖ਼ਤ ਸੀ। ਮੈਂ ਮੇਜ਼ ਦੇ ਦੂਜੇ ਪਾਸੇ ਬੈਠੀ ਸੀ, ਬਿਲਕੁਲ ਉਸ ਦੇ ਸਾਹਮਣੇ। ਮੈਂ ਕਈ ਵਾਰ ਹਿੱਲੀ ਜਾਂ ਖੜਕਾ ਜਿਹਾ ਕਰਦੀ ਰਹੀ ਪਰ ਉਸ ਨੇ ਇਕ ਵਾਰ ਵੀ ਮੇਰੇ ਵੱਲ ਨਾ ਵੇਖਿਆ।
-----
ਮੇਰੀ ਵਕੀਲ ਨੇ ਮੇਰੇ ਤੇ ਪਰੀ ਦੇ ਖਰਚੇ ਦਾ ਕੇਸ ਜੱਜ ਸਾਹਮਣੇ ਰੱਖਿਆ। ਜੱਜ ਸਾਰੀ ਗੱਲ ਨੂੰ ਧਿਆਨ ਨਾਲ ਸੁਣ ਰਿਹਾ ਸੀ। ਰਵੀ ਦੇ ਵਕੀਲ ਨੇ ਦੱਸਿਆ ਕਿ ਰਵੀ ਕੋਲ ਕੋਈ ਨੌਕਰੀ ਨਹੀਂ ਸੀ। ਪ੍ਰੇਸ਼ਾਨੀ ਕਾਰਨ ਉਹ ਕੰਮ ’ਤੇ ਨਹੀਂ ਸੀ ਜਾ ਸਕਿਆ। ਗ਼ੈਰ-ਹਾਜ਼ਰੀ ਕਾਰਨ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ। ਇਸ ਵਕਤ ਉਹ ਖ਼ੁਦ ਸ਼ੋਸਲ ਸਕਿਓਰਟੀ ’ਤੇ ਨਿਰਭਰ ਸੀ, ਸਾਡਾ ਖ਼ਰਚ ਕਿਵੇਂ ਉਠਾਉਂਦਾ। ਸੂਜੀ ਬੈਰੀਮਨ ਨੇ ਬਥੇਰਾ ਰੌਲਾ ਪਾਇਆ ਕਿ ਰਵੀ ਨੇ ਖ਼ਰਚ ਤੋਂ ਬਚਣ ਲਈ ਕੰਮ ਛੱਡਿਆ ਸੀ। ਜੱਜ ਨੇ ਉਸ ਦੀ ਇਕ ਨਾ ਸੁਣੀ ਤੇ ਖ਼ਰਚੇ ਦੀ ਗੱਲ ਵਿਚਕਾਰ ਹੀ ਲਟਕਾ ਦਿੱਤੀ। ਸੂਜੀ ਬੈਰੀਮਨ ਕੇਸ ਨਾ ਜਿੱਤ ਸਕਣ ਕਰਕੇ ਅਫ਼ਸੋਸ ਜ਼ਾਹਰ ਕਰ ਰਹੀ ਸੀ ਪਰ ਮੈਨੂੰ ਅਫ਼ਸੋਸ ਇਸ ਗੱਲ ਦਾ ਸੀ ਕਿ ਰਵੀ ਨੇ ਮੇਰੇ ਵੱਲ ਵੇਖਿਆ ਤੱਕ ਨਾ।
-----
ਅਸੀਂ ਸਾਰੇ ਉਥੋਂ ਉੱਠ ਖੜ੍ਹੇ। ਰਵੀ ਤੇ ਉਸ ਦਾ ਵਕੀਲ ਪਹਿਲਾਂ ਨਿਕਲੇ। ਉਹ ਡੈਡੀ ਵੱਲ ਬਹੁਤ ਕਹਿਰ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ। ਉਸ ਦੀ ਇਹ ਤੱਕਣੀ ਪਹਿਲਾਂ ਮੈਂ ਬਹੁਤ ਘੱਟ ਵੇਖੀ ਸੀ। ਉਸ ਨੇ ਇਕ ਵਾਰ ਮੇਰੇ ਵੱਲ ਤੱਕਿਆ ਤੇ ਮੂੰਹ ਇਵੇਂ ਬਣਾਇਆ ਜਿਵੇਂ ਥੁੱਕਣ ਲੱਗਿਆ ਹੋਵੇ। ਮੈਂ ਵੀ ਮਨ ਹੀ ਮਨ ਆਖਿਆ- ‘‘ਮੇਰੀ ਜਾਣਦੀ ਜੁੱਤੀ।’’
ਅਸੀਂ ਆਪਣੀ ਵਕੀਲ ਨਾਲ ਗੱਲਾਂ ਕਰ ਰਹੇ ਸਾਂ ਕਿ ਰਵੀ ਕਿਧਰੇ ਛੁਪਨ ਹੋ ਗਿਆ। ਮੈਨੂੰ ਲੱਗਿਆ ਕਿ ਕੋਰਟ ਦੇ ਬਾਹਰ ਖੜਾ ਮੇਰੀ ਉਡੀਕ ਕਰ ਰਿਹਾ ਹੋਵੇਗਾ। ਅਸੀਂ ਲਿਫ਼ਟ ਰਾਹੀਂ ਥੱਲੇ ਉਤਰੇ ਤਾਂ ਸੱਚ ਹੀ ਰਵੀ ਉਥੇ ਖੜਾ ਸੀ। ਸਾਡੇ ਵੱਲ ਨਿਰੰਤਰ ਵੇਖਦਾ ਜਾ ਰਿਹਾ ਸੀ। ਮੈਂ ਡੈਡੀ ਨੂੰ ਆਸਰਾ ਦਿੰਦੀ ਸਟੇਸ਼ਨ ਵੱਲ ਵਧੀ ਤਾਂ ਉਹ ਸਾਡੇ ਮਗਰ ਆ ਗਿਆ। ਬਰਾਬਰ ਆ ਕੇ ਬੋਲਿਆ- ‘‘ਇਹ ਡਰਾਮਾ ਬੰਦ ਕਰਨੈ ਕਿ ਨਹੀਂ?.... ਘਰ ਨੂੰ ਤੁਰਨਾ ਕਿ.....?’’ ਆਖਦਾ ਮੇਰੇ ਵੱਲ ਇਵੇਂ ਵਧਿਆ ਜਿਵੇਂ ਮੈਨੂੰ ਬਾਹੋਂ ਫੜ ਕੇ ਧੂੰਹਦਾ ਹੋਇਆ ਲੈ ਜਾਵੇਗਾ। ਮੈਂ ਡਰ ਕੇ ਡੈਡੀ ਦੇ ਪਿੱਛੇ ਨੂੰ ਹੋ ਗਈ। ਡੈਡੀ ਖੂੰਡੀ ਉਠਾਉਂਦੇ ਬੋਲੇ, ‘‘ਤੇਰੀ ਜਾਨ ਕੱਢ ਦਊਂ ਜੇ ਕੁੜੀ ਨੂੰ ਹੱਥ ਲਾਇਆ!’’
-----
ਰਵੀ ਡੈਡੀ ਨੂੰ ਗੰਦੀ ਗਾਲ੍ਹ ਕੱਢ ਕੇ ਆਖਣ ਲੱਗਾ, ‘‘ਇਹ ਸਭ ਤੇਰੇ ਪੁਆੜੇ ਆ ਬੁੜ੍ਹਿਆ, ਤੂੰ ਹੀ ਸਾਡੀਆਂ ਲਾਈਫਾਂ ਨਾਲ ਖੇਡ ਰਿਹੈਂ!’’ ਆਖ ਕੇ ਉਸ ਨੇ ਡੈਡੀ ਨੂੰ ਜ਼ੋਰਦਾਰ ਧੱਕਾ ਮਾਰਿਆ। ਡੈਡੀ ਸੰਭਲ਼ ਨਾ ਸਕੇ ਤੇ ਡਿਗ ਪਏ। ਰਵੀ ਕਾਹਲ਼ੀ ਨਾਲ ਅੱਗੇ ਨਿਕਲ ਗਿਆ ਤੇ ਮੈਂ ਡੈਡੀ ਨੂੰ ਸੰਭਾਲਣ ਲੱਗੀ। ਦੋ ਕੁ ਹੋਰ ਰਾਹੀ ਮੇਰੀ ਮਦਦ ਨੂੰ ਆ ਗਏ। ਅਸੀਂ ਡੈਡੀ ਨੂੰ ਮੁੜ ਕੇ ਖੜ੍ਹਿਆਂ ਕੀਤਾ। ਉਹ ਠੀਕ ਸਨ। ਕੋਈ ਸੱਟ ਨਹੀਂ ਸੀ ਲੱਗੀ। ਉਹ ਵਾਰ-ਵਾਰ ਇਹੋ ਆਖਦੇ ਜਾ ਰਹੇ ਸਨ- ‘‘ਏਹੋ ਜਿਹੇ ਜਵਾਈ ਬਿਨਾਂ ਕੁੜੀ ਕੁਆਰੀ ਹੀ ਚੰਗੀ ਸੀ।’’ ਮੈਨੂੰ ਵੀ ਬਹੁਤ ਗ਼ੁੱਸਾ ਆ ਰਿਹਾ ਸੀ ਕਿ ਅੱਜ ਤਾਂ ਰਵੀ ਸਾਰੀਆਂ ਹੱਦਾਂ ਹੀ ਟੱਪ ਗਿਆ ਸੀ।
*****
ਚਲਦਾ
1 comment:
ਹਰਜੀਤ ਅਟਵਾਲ ਬਿਨਾ ਸ਼ੱਕ ਸਮਰੱਥ ਨਾਵਲਿਸਟ ਹੈ...
Post a Comment