ਉਸ ਦਿਨ ਵੰਡ-ਵੰਡਾਈ ਕਰਨੀ ਸੀ। ਮੈਂ ਵਕਤ ਸਿਰ ਪੁੱਜ ਗਈ ਪਰ ਰਵੀ ਦਾ ਕਿਧਰੇ ਨਾਂ-ਨਿਸ਼ਾਨ ਨਹੀਂ ਸੀ। ਜੇ ਹੁੰਦਾ ਤਾਂ ਬਾਹਰ ਕਾਰ ਖੜ੍ਹੀ ਹੋਣੀ ਸੀ, ਪਤਾ ਚੱਲ ਜਾਂਦਾ। ਆਪਣੀ ਕਾਰ ਵਿਚੋਂ ਉਤਰ ਕੇ ਮੈਨੂੰ ਘਰ ਦੇ ਦਰਾਂ ਤਕ ਪੁੱਜਦੇ-ਪੁੱਜਦੇ ਜਿਵੇਂ ਕਿੰਨਾ ਹੀ ਸਮਾਂ ਲੱਗ ਗਿਆ ਹੋਵੇ। ਮੇਰੇ ਪੈਰ ਮਣ-ਮਣ ਦੇ ਹੋ ਗਏ ਸਨ। ਬਾਹਰ ਚਮਕਦਾਰ ਧੁੱਪ ਸੀ। ਗਰਮੀ ਵੀ ਹੋ ਰਹੀ ਸੀ। ਮੈਂ ਕੋਟੀ ਉਤਾਰ ਲਈ। ਸਕਰਟ ਨਾਲ ਮੈਂ ਸਲੀਵ-ਲੈਸ ਟੌਪ ਪਾਇਆ ਹੋਇਆ ਸੀ। ਅਜਿਹੇ ਮੌਸਮ ਵਿਚ ਰਵੀ ਇਸੇ ਨੂੰ ਪਸੰਦ ਕਰਦਾ ਸੀ। ਉਹ ਆਖਦਾ-‘‘ਕੈਜੂਅਲ ਮੌਸਮ, ਕੈਜੂਅਲ ਕੱਪੜੇ।’’
-----
ਘਰ ਦੇ ਦਰਵਾਜ਼ੇ ਉਪਰ ਤਖ਼ਤੀ ਲੱਗੀ ਸੀ- ‘ਇਥੇ ਢਿੱਲੋਂ ਰਹਿੰਦੇ ਹਨ’, ਮੈਂ ਤਖ਼ਤੀ ਲਾਹ ਕੇ ਪਰ੍ਹਾਂ ਵਗਾਹ ਮਾਰੀ ਤੇ ਮੂੰਹ ਵਿਚ ਹੀ ਆਖਿਆ- ‘‘ਲਗਦਾ ਕੁਝ ਢਿੱਲੋਆਂ ਦਾ!’’ ਮੈਨੂੰ ਯਾਦ ਸੀ ਕਿ ਰਵੀ ਨੇ ਇਹ ਤਖ਼ਤੀ ਬੜੇ ਯਤਨਾਂ ਨਾਲ ਲਾਈ ਸੀ। ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਈ ਤਾਂ ਹਲਕੀ ਜਿਹੀ ਮੁਸ਼ਕ ਮੇਰੇ ਨੱਕ ਵਿਚ ਆ ਵੜੀ। ਘਰ ਬੰਦ ਰਹਿਣ ਕਾਰਨ ਅਜਿਹੀ ਮੁਸ਼ਕ ਆਉਣ ਹੀ ਲੱਗਦੀ ਹੈ। ਮੈਂ ਫਰੰਟ-ਰੂਮ ਵਿਚ ਗਈ, ਡਾਈਨਿੰਗ- ਰੂਮ ਤੇ ਕਿਚਨ ਵਿਚ। ਸਭ ਕੁਝ ਉਵੇਂ ਦਾ ਉਵੇਂ ਸੀ ਜਿਵੇਂ ਮੈਂ ਛੱਡ ਕੇ ਗਈ ਸੀ। ਜਿਵੇਂ ਕਦੇ ਕੁਝ ਵਰਤਿਆ ਹੀ ਨਾ ਹੋਵੇ। ਇੰਨੇ ਹਫ਼ਤੇ ਬਲਕਿ ਮਹੀਨੇ ਹੋ ਗਏ ਸਨ ਮੈਨੂੰ ਇਸ ਘਰੋਂ ਗਿਆਂ। ਮੈਂ ਘਰ ਵਿਚ ਘੁੰਮਦੀ ਉਸ ਖਿੜਕੀ ਮੂਹਰੇ ਜਾ ਖੜ੍ਹੀ ਹੋਈ ਜਿਥੇ ਖੜ੍ਹਨਾ ਰਵੀ ਨੂੰ ਪਸੰਦ ਸੀ। ਇਸ ਖਿੜਕੀ ਵਿਚ ਖੜ੍ਹਨਾ ਕਦੇ ਵੀ ਮੈਨੂੰ ਚੰਗਾ ਨਹੀਂ ਸੀ ਲੱਗਿਆ ਪਰ ਇਥੋਂ ਤਾਂ ਨਜ਼ਾਰਾ ਬਹੁਤ ਵਧੀਆ ਦਿਸ ਰਿਹਾ ਸੀ। ਉੱਚੀ ਥਾਵੋਂ ਲੰਡਨ ਬਹੁਤ ਵਿਸ਼ਾਲ ਲੱਗਿਆ। ਤਿੱਖੀ ਧੁੱਪ ਵਿਚ ਬਿਲਡਿੰਗਾਂ ਬਹੁਤ ਸੋਹਣੀਆਂ ਲੱਗ ਰਹੀਆਂ ਸਨ। ਫਿਰ ਮੈਂ ਬਾਹਰ ਗਾਰਡਨ ਵਿਚ ਆ ਗਈ। ਗਾਰਡਨ ਵਿਚ ਬੁੱਢੀ ਗੋਰੀ ਧੁੱਪ ਸੇਕਣ ਦੀ ਤਿਆਰੀ ਕਰ ਰਹੀ ਸੀ। ਪਹਿਲਾਂ ਵੀ ਜਦ ਧੁੱਪ ਨਿਕਲਦੀ ਤਾਂ ਇਹ ਨੰਗੀ ਹੋ ਕੇ ਗਾਰਡਨ ਵਿਚ ਆ ਪੈਂਦੀ।
----
ਮੈਂ ਰਵੀ ਨੂੰ ਛੇੜਨ ਲਈ ਆਵਾਜ਼ ਦਿੰਦੀ ਤੇ ਵਿਖਾਉਂਦੀ। ਉਹ ਨੱਕ ਚੜ੍ਹਾਉਂਦਾ ਆਖਦਾ- ‘‘ਕੋਈ ਜਵਾਨ ਚੀਜ਼ ਦਿਸੇ ਤਾਂ ਦੱਸਿਆ ਕਰ, ਇਹ ਤਾਂ ਟਾਈਮ ਖ਼ਰਾਬ ਕਰਨ ਵਾਲੀ ਗੱਲ ਆ।’’
ਧੁੱਪ ਚੁਭਣ ਲੱਗੀ ਸੀ। ਰਵੀ ਦੇ ਪਸੰਦ ਦੀ ਧੁੱਪ ਸੀ ਇਹ। ਪਹਿਲਾਂ ਪਹਿਲ ਤਾਂ ਰਵੀ ਨੂੰ ਇਹ ਧੁੱਪ ਨਾ-ਕਾਫ਼ੀ ਲੱਗਦੀ। ਇੰਡੀਆ ਦੀ ਧੁੱਪ ਨਾਲ ਮੁਕਾਬਲਾ ਕਰਦਾ ਇਹਨੂੰ ਐਵੇਂ ਕਿਵੇਂ ਹੀ ਸਮਝਦਾ। ਹੁਣ ਤਕ ਉਹ ਇੰਗਲੈਂਡੀਆ ਬਣ ਚੁੱਕਾ ਸੀ ਜਿਵੇਂ ਉਹ ਆਪ ਆਖਿਆ ਹੀ ਕਰਦਾ ਕਿ ਹੁਣ ਉਸ ਨੂੰ ਅਜਿਹੀ ਧੁੱਪ ਹੀ ਮਨ ਨੂੰ ਭਾਉਂਦੀ। ਸਾਡੇ ਸਭ ਵਾਂਗ ਉਹ ਧੁੱਪ ਨੂੰ ਤਰਸਣ ਲੱਗਿਆ ਸੀ। ਧੁੱਪ ਦਾ ਟੋਟਾ ਜਿਹਾ ਦਿੱਸਦਾ ਤਾਂ ਉਧਰ ਨੂੰ ਭੱਜ ਤੁਰਦਾ।
-----
ਮੈਂ ਘੜੀ ਦੇਖਦੀ ਮੁੜ ਅੰਦਰ ਆ ਗਈ। ਰਵੀ ਨੂੰ ਮੈਂ ਫੋਨ ’ਤੇ ਤਾਕੀਦ ਕੀਤੀ ਸੀ ਕਿ ਵਕਤ ਸਿਰ ਆ ਜਾਵੇ। ਘਰ ਦਾ ਸਾਮਾਨ ਅੱਧੋ-ਅੱਧ ਕਰਨਾ ਸੀ। ਮੈਂ ਸੋਚਦੀ ਸੀ ਕਿ ਬਾਅਦ ਵਿਚ ਨਾ ਆਖੇ ਕਿ ਮੈਂ ਆਹ ਲੈਣਾ ਸੀ, ਮੈਂ ਔਹ ਲੈਣਾ ਸੀ। ਬੜੀ ਮੁਸ਼ਕਿਲ ਨਾਲ ਤਾਂ ਉਸ ਨਾਲ ਗੱਲ ਹੋ ਸਕੀ ਸੀ। ਉਸ ਦਾ ਹੁਣ ਥਹੁ ਪਤਾ ਵੀ ਤਾਂ ਨਹੀਂ ਸੀ ਮੇਰੇ ਕੋਲ ਕਿ ਸੰਪਰਕ ਕਰ ਸਕਦੀ। ਹੁਣ ਆ ਵੀ ਜਾਵੇ ਤਾਂ ਠੀਕ ਸੀ। ਕੱਲ੍ਹ ਨੂੰ ਘਰ ਦੀ ਚਾਬੀ ਇਸਟੇਟ ਏਜੰਟ ਨੂੰ ਦੇ ਦੇਣੀ ਸੀ ਤੇ ਇਥੇ ਨਵੇਂ ਮਾਲਕਾਂ ਨੇ ਆ ਜਾਣਾ ਸੀ।
-----
ਘਰ ਦਾ ਵਿਕਣਾ ਮੇਰੇ ਲਈ ਬਹੁਤ ਦੁਖਦਾਈ ਸੀ ਪਰ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਘਰ ਨੂੰ ਉਸ ਨੇ ਆਪਣੇ ਹੱਥੀਂ ਸੰਵਾਰਿਆ ਸੀ। ਹੱਥੀਂ ਘਰ ਦੀਆਂ ਚਿਮਨੀਆਂ ਕੱਢ ਕੇ ਕਮਰੇ ਖੁੱਲ੍ਹੇ ਕੀਤੇ। ਰਸੋਈ ਵੱਡੀ ਕੀਤੀ ਤੇ ਸ਼ਾਵਰ ਰੂਮ ਬਣਾਇਆ। ਅੱਧਾ ਗਾਰਡਨ ਪੱਕਾ ਕਰ ਕੇ ਪਰੀ ਦੇ ਸਾਈਕਲ ਚਲਾਉਣ ਲਈ ਟਰੈਕ ਬਣਾਇਆ। ਮੈਨੂੰ ਵੀ ਘਰ ਸੰਵਾਰ ਕੇ ਰੱਖਣ ਦਾ ਸ਼ੌਕ ਸੀ। ਸਫ਼ਾਈ ਵਿਚ ਤਾਂ ਮੈਂ ਆਪਣੇ ਡੈਡੀ ਵਾਂਗ ਹੀ ਸੀ। ਘਰ ਪਰਾਹੁਣੇ ਆਉਂਦੇ ਤਾਂ ਗੰਦ ਪੈਂਦਾ ਮੈਨੂੰ ਬਹੁਤ ਬੁਰਾ ਲਗਦਾ। ਕਈ ਤਾਂ ਅਗਲੇ ਖਿਝ ਵੀ ਜਾਂਦੇ ਤੇ ਆਖਣ ਲੱਗਦੇ, ‘‘ਕੰਵਲ, ਸਾਨੂੰ ਜਾ ਤਾਂ ਲੈਣ ਦੇ।’’
-----
ਮੈਨੂੰ ਘਰ ਵਿਕਣ ਦਾ ਦੁੱਖ ਸੀ ਤਾਂ ਰਵੀ ਨੂੰ ਵੀ ਘੱਟ ਨਹੀਂ ਸੀ। ਉਸ ਦਿਨ ਤਾਂ ਵਕੀਲ ਦੇ ਖੜ੍ਹਿਆਂ ਤਰਲਾ ਕਰ ਰਿਹਾ ਸੀ, ‘‘ਜਾਨ, ਪਲੀਜ਼ ਡੌਂਟ ਸੈੱਲ ਦ ਹਾਊਸ।’’
ਮੈਂ ਚੁੱਪ ਰਹੀ ਸੀ। ਮੇਰੇ ਕੋਲੋਂ ਬੋਲ ਹੀ ਨਹੀਂ ਸੀ ਹੋਇਆ। ਹੁਣ ਬੋਲਦੀ ਵੀ ਕੀ। ਇੰਨਾ ਕੁਝ ਹੋ ਗਿਆ। ਹੁਣ ਇਹ ਆਖਣ ਦਾ ਕੀ ਫਾਇਦਾ ਸੀ। ਪਹਿਲਾਂ ਉਸ ਨੇ ਗੱਲ ਸੁਣੀ ਨਹੀਂ। ਮੈਂ ਤਾਂ ਸਿਰਫ਼ ਖ਼ਰਚ ਹੀ ਮੰਗਦੀ ਸੀ। ਉਹ ਵੀ ਉਸੇ ਦੀ ਕੁੜੀ ਲਈ।
-----
ਮੈਂ ਸੋਚਾਂ ਵਿਚੋਂ ਨਿਕਲ਼ਦੀ ਘਰ ਦੇ ਸਾਮਾਨ ਬਾਰੇ ਸੋਚਣ ਲਗੀ ਕਿ ਕਿਵੇਂ ਵੰਡਾਂ। ਰਵੀ ਦੀ ਨਹੀਂ ਸੀ ਆਸ ਕਿ ਆਵੇ। ਜੇ ਆਵੇ ਵੀ ਤਾਂ ਕਦ ਆਵੇ। ਮੈਂ ਪੇਪਰ ਪੈੱਨ ਲਿਆ ਤੇ ਉਸ ਵਿਚ ਦੋ ਖਾਨੇ ਬਣਾ ਲਏ ਤੇ ਵੰਡਵਾਂ ਸਾਮਾਨ ਲਿਖਣ ਲੱਗ ਪਈ। ਤਿੰਨਾਂ ਬੈੱਡਾਂ ਵਿਚੋਂ ਦੋ ਉਸ ਨੂੰ ਦੇ ਦਿੱਤੇ ਤੇ ਨਾਲ ਡਾਈਨਿੰਗ ਟੇਬਲ ਦੇ ਦਿੱਤਾ ਤੇ ਸੈੱਟੀ ਮੈਂ ਰੱਖ ਲਈ। ਟੀ. ਵੀ., ਵੀਡੀਓ ਉਸ ਨੂੰ ਦੇ ਕੇ ਵੀਡੀਓ ਕੈਮਰਾ ਮੈਂ ਰੱਖ ਲਿਆ। ਫਿਸ਼ ਟੈਂਕ ਵੀ ਮੈਂ ਰੱਖ ਲਿਆ, ਮੈਨੂੰ ਪਤਾ ਸੀ ਕਿ ਉਸ ਕੋਲੋਂ ਸਫ਼ਾਈ ਨਹੀਂ ਸੀ ਕਰ ਹੋਣੀ। ਰਵੀ ਆਪਣੇ ਕਪੜੇ ਤਾਂ ਪਹਿਲਾਂ ਹੀ ਲਿਜਾ ਚੁੱਕਾ ਸੀ। ਮੈਂ ਆਪਣੇ ਪੈਕ ਕਰ ਲਏ ਤੇ ਰਜਾਈਆਂ ਕੰਬਲ ਵੰਡ ਦਿੱਤੇ। ਇਵੇਂ ਹੀ ਭਾਂਡੇ ਵੀ, ਚਮਚਿਆਂ ਤਕ ਅੱਧ ਵਿਚ ਕਰ ਲਏ। ਰਵੀ ਦੇ ਵਰਜਿਸ਼ ਕਰਨ ਵਾਲੇ ਡੰਬਲ ਦੇਖ ਕੇ ਮੈਂ ਹੱਸਣ ਲਗੀ। ਇਕ ਡੰਬਲ ਉਸ ਦੇ ਹਿੱਸੇ ਵਿਚ ਰੱਖ ਕੇ ਆਖਿਆ- ‘‘ਹੁਣ ਰਵੀ, ਇਕੋ ਡੰਬਲ ਨਾਲ ਵਰਜਿਸ਼ ਕਰੀਂ।’’
-----
ਫਿਰ ਮੇਰਾ ਧਿਆਨ ਫਰੰਟ-ਰੂਮ ਦੀ ਖਿੜਕੀ ਵਿਚ ਪਏ ਮਨੀ ਪਲਾਂਟ ’ਤੇ ਗਿਆ। ਇਹ ਸੰਦੇਸ਼ਾਂ ਨੇ ਤੋਹਫ਼ੇ ਵਜੋਂ ਦਿੱਤਾ ਸੀ। ਇਸ ਦੇ ਬਹੁਤੇ ਪੱਤੇ ਸੁੱਕ ਚੁੱਕੇ ਸਨ। ਇਸ ਦੀ ਮਿੱਟੀ ਨੂੰ ਉਂਗਲ ਲਾ ਕੇ ਦੇਖੀ ਤਾਂ ਇਹ ਗਿੱਲੀ ਸੀ। ਭਾਵ ਕਿ ਰਵੀ ਪਾਣੀ ਤਾਂ ਦਿੰਦਾ ਰਿਹਾ ਸੀ, ਇਹ ਵੇਲ ਹੀ ਹਰੀ ਨਹੀਂ ਸੀ ਰਹੀ। ਸੰਦੇਸ਼ਾਂ ਨੇ ਵੇਲ ਦਿੰਦੇ ਸਮੇਂ ਆਖਿਆ ਸੀ- ‘‘ਜਿੰਨੀ ਘਰ ਵਿਚ ਖ਼ੁਸ਼ੀ ਹੋਵੇਗੀ ਓਨੀ ਹੀ ਇਹ ਵੇਲ ਹਰੀ ਰਹੇਗੀ, ਇਸਦੇ ਪੱਤੇ ਵਧਣਗੇ, ਫੁੱਲਣਗੇ।’’ ਸੰਦੇਸ਼ਾਂ ਨੇ ਇਹ ਤਾਂ ਦੱਸ ਦਿੱਤਾ ਸੀ ਕਿ ਖ਼ੁਸ਼ੀ ਵਿਚ ਇਹ ਵੇਲ ਹਰੀ ਰਹੇਗੀ ਪਰ ਇਹ ਨਹੀਂ ਦੱਸਿਆ ਸੀ ਕਿ ਗ਼ਮੀ ਵਿਚ ਇਸ ਦਾ ਕੀ ਬਣੇਗਾ। ਗ਼ਮੀ ਸੰਦੇਸ਼ਾਂ ਨੇ ਵੇਖੀ ਹੀ ਨਹੀਂ ਸੀ, ਦੱਸਦੀ ਵੀ ਕੀ। ਜ਼ਿੰਦਗੀ ਦੇ ਹਰ ਉਤਰਾਅ-ਚੜਾਅ ਵਿਚ ਚਹਿਕਦੀ ਰਹਿੰਦੀ। ਇੰਡੀਅਨ ਪਤੀ ਤਾਂ ਉਸ ਨੇ ਕਦੋਂ ਦਾ ਛੱਡ ਦਿੱਤਾ ਹੋਇਆ ਸੀ। ਹੁਣ ਜਦ ਦਿਲ ਕਰਦਾ ਤਾਂ ਕੋਈ ਆਦਮੀ ਲੱਭ ਲੈਂਦੀ। ਦੋ-ਚਾਰ ਰਾਤਾਂ ਰੱਖ ਕੇ ਤੁਰਦਾ ਕਰਦੀ। ਉਹ ਸਮਾਜ ਤੋਂ ਬਾਹਰ ਜਾ ਖੜ੍ਹੀ ਸੀ। ਉਸ ਨੂੰ ਕੋਈ ਡਰ ਨਹੀਂ ਸੀ। ਡਰ ਨਹੀਂ ਸੀ ਤਾਂ ਗ਼ਮ ਵੀ ਨਹੀਂ ਸੀ। ਫਿਰ ਉਸ ਦਾ ਸੁਭਾਅ ਸੀ ਕਿ ਕਦੇ ਗੰਭੀਰ ਨਹੀਂ ਸੀ ਹੁੰਦੀ। ਉਹ ਮੈਨੂੰ ਵੀ ਆਖਦੀ- ‘‘ਕੰਵਲ, ਐਵੇਂ ਦਿਲ ’ਤੇ ਨਹੀਂ ਲਾਈਦਾ, ਬੀ ਹੈਪੀ!’’
-----
ਮੈਂ ਸਾਮਾਨ ਨੂੰ ਵੰਡ ਕੇ ਰਵੀ ਨੂੰ ਉਡੀਕਣ ਲਗੀ। ਪਤਾ ਨਹੀਂ ਉਹ ਆਵੇ ਜਾਂ ਨਾ। ਮੈਂ ਸੋਚ ਰੱਖਿਆ ਸੀ ਕਿ ਮੈਂ ਆਪਣੇ ਹਿੱਸੇ ਦਾ ਸਾਮਾਨ ਸ਼ਮਿੰਦਰਜੀਤ ਦੇ ਪਤੀ ਭਗਵੰਤ ਨੂੰ ਆਖ ਕੇ ਮੰਮੀ ਦੇ ਘਰ ਲੈ ਜਾਵਾਂਗੀ। ਉਥੇ ਗੈਰਿਜ ਵਿਚ ਮੈਂ ਪਹਿਲਾਂ ਹੀ ਜਗ੍ਹਾ ਬਣਾ ਕੇ ਆਈ ਸੀ। ਜਦ ਮੈਂ ਪਹਿਲਾਂ ਅਜਿਹੀ ਹਾਲਤ ਵਿਚ ਰਵੀ ਨਾਲ ਸਾਹਮਣਾ ਹੋਣ ਬਾਰੇ ਸੋਚਦੀ ਤਾਂ ਡਰ ਜਾਂਦੀ ਕਿ ਰਵੀ ਹਿੰਸਕ ਵੀ ਹੋ ਸਕਦਾ ਸੀ। ਪਹਿਲਾਂ ਵੀ ਤਾਂ ਮੈਨੂੰ ਕੁੱਟ ਚੁੱਕਿਆ ਸੀ ਪਰ ਫਿਰ ਮੈਂ ਡਰ ਲਾਹ ਮਾਰਿਆ। ਸੋਚਣ ਲਗੀ ਕਿ ਹੱਥ ਤਾਂ ਲਾ ਕੇ ਦੇਖੇ, ਪੁਲੀਸ ਸੱਦ ਕੇ ਅੰਦਰ ਕਰਵਾ ਦੇਵਾਂਗੀ। ਮੈਂ ਹੁਣ ਪਹਿਲਾਂ ਵਾਲੀ ਕੰਵਲ ਨਹੀਂ ਸੀ ਰਹੀ।
-----
ਰਵੀ ਵੀ ਪਹਿਲਾਂ ਵਾਲਾ ਨਹੀਂ ਸੀ ਰਿਹਾ। ਬਹੁਤ ਬਦਲ ਗਿਆ ਸੀ। ਪਤਾ ਨਹੀਂ ਉਸ ਨੂੰ ਕੌਣ ਚੁੱਕਦਾ ਸੀ। ਉਸ ਦਾ ਭਰਾ, ਭੈਣ, ਮਾਂ-ਪਿਉ ਜਾਂ ਕੋਈ ਹੋਰ। ਜੇ ਉਸ ਦੀ ਮਾਂ ਨਾ ਆਈ ਹੁੰਦੀ ਤਾਂ ਵੀ ਸ਼ਾਇਦ ਗੱਲ ਇਥੇ ਤੱਕ ਨਾ ਪੁੱਜਦੀ। ਮੇਰੇ ਡੈਡੀ ‘ਪਾਰਕਿਨਸਨ ਡਿਜ਼ੀਜ਼’ ਦੇ ਮਰੀਜ਼ ਨਾ ਬਣਦੇ ਤਾਂ ਵੀ ਸ਼ਾਇਦ ਸਭ ਠੀਕ ਰਿਹਾ ਹੁੰਦਾ। ਹੁਣ ਤਾਂ ਸਭ ਹੋ ਚੁੱਕਾ ਸੀ। ਅਸੀਂ ਅਲੱਗ-ਅਲੱਗ ਹੋ ਚੁੱਕੇ ਸਾਂ। ਸਾਡਾ ਘਰ ਵਿਕ ਚੁੱਕਾ ਸੀ। ਨਵੇਂ ਮਾਲਕ ਆ ਰਹੇ ਸਨ।
-----
ਦਰਵਾਜ਼ੇ ਵਿਚ ਚਾਬੀ ਪੈਣ ਦੀ ਆਵਾਜ਼ ਆਈ। ਮੈਂ ਉੱਠ ਕੇ ਖੜ੍ਹ ਗਈ। ਰਵੀ ਹੀ ਸੀ। ਰਵੀ ਨੇ ਮੇਰੇ ਵੱਲ ਵੇਖਿਆ ਤੇ ਕੁਝ ਪਲ ਵੇਖਦਾ ਹੀ ਰਿਹਾ। ਮੈਂ ‘ਹੈਲੋ’ ਆਖਿਆ ਪਰ ਉਸ ਨੇ ਜਵਾਬ ਨਾ ਦਿੱਤਾ। ਪਹਿਲਾਂ ਉਸ ਦਾ ਚਿਹਰਾ ਜ਼ਰਾ ਢਿੱਲਾ ਸੀ ਪਰ ਫੇਰ ਕੱਸ ਹੋਣ ਲਗਾ। ਮੈਂ ਫਰੰਟ-ਰੂਮ ਵਲ ਤੁਰੀ ਤਾਂ ਉਹ ਮੇਰੇ ਮਗਰ ਹੀ ਆ ਗਿਆ। ਮੈਨੂੰ ਜ਼ਰਾ ਕੁ ਤਸੱਲੀ ਸੀ ਕਿ ਉਹ ਗ਼ੁੱਸੇ ਵਿਚ ਨਹੀਂ ਸੀ ਜਿਵੇਂ ਕਿ ਮੈਂ ਡਰਦੀ ਸੀ। ਉਸ ਨੂੰ ਗ਼ੁੱਸਾ ਬਹੁਤ ਆਉਂਦਾ ਸੀ। ਮੈਂ ਆਖਿਆ- ‘‘ਰਵੀ, ਮੈਂ ਸਾਰਾ ਸਾਮਾਨ ਡਿਵਾਈਡ ਕਰ ਦਿੱਤਾ ਏ, ਜਿਹੜਾ ਹਿੱਸਾ ਤੈਨੂੰ ਚਾਹੀਦਾ ਏ ਲੈ ਲੈ ਜਾਂ ਫਿਰ ਜਿਕੂੰ ਤੈਨੂੰ ਚੰਗਾ ਲੱਗਦਾ ਏ ਕਰ ਲੈ।’’
ਉਸ ਨੇ ਪਏ ਸਾਮਾਨ ਵੱਲ ਵੇਖਿਆ ਤੇ ਉਹ ਅਚਾਨਕ ਬਦਲ ਗਿਆ। ਉਸ ਦੀਆਂ ਅੱਖਾਂ ਵਿਚ ਲਾਲ ਡੋਰੇ ਉਤਰ ਆਏ। ਉਸ ਨੇ ਮੇਰੇ ਵੱਲ ਕਹਿਰ ਭਰੀਆਂ ਨਿਗਾਹਾਂ ਨਾਲ ਵੇਖਿਆ ਤੇ ਪੂਰੇ ਜ਼ੋਰ ਨਾਲ ਕਿੱਕ ਭਾਂਡਿਆਂ ਵਿਚ ਮਾਰੀ, ਫਿਰ ਮੇਰੇ ਮਾਰਨ ਲਈ ਚਪੇੜ ਉੱਗੀ। ਮੇਰਾ ਤ੍ਰਾਹ ਨਿਕਲ ਗਿਆ। ਮੈਂ ਥੱਲੇ ਬੈਠ ਗਈ। ਉਸ ਨੇ ਜ਼ੋਰਦਾਰ ਮੁੱਕਾ ਕੰਧ ਵਿਚ ਮਾਰਿਆ ਤੇ ਮੈਨੂੰ ਗੰਦੀਆਂ ਗਾਲ੍ਹਾਂ ਕੱਢਦਾ ਬਾਹਰ ਨਿਕਲ਼ ਗਿਆ।
-----
ਰਵੀ ਦਾ ਗੁੱਸਾ ਮੈਂ ਪਿਛਲੇ ਪੰਜ-ਛੇ ਸਾਲ ਤੋਂ ਵੇਖਦੀ ਆ ਰਹੀ ਸੀ। ਦੋ ਕੁ ਵਾਰ ਮੇਰੇ ਉਪਰ ਹੱਥ ਵੀ ਚੁੱਕ ਦਿੱਤਾ ਸੀ। ਮੈਂ ਵੀ ਮੁਕਾਬਲਾ ਕਰਨ ਲਈ ਮਜਬੂਰ ਹੋ ਜਾਂਦੀ। ਪਹਿਲੀ ਵਾਰ ਉਸ ਨੇ ਮੇਰੇ ’ਤੇ ਹੱਥ ਚੁੱਕਿਆ ਤਾਂ ਬਾਅਦ ਵਿਚ ਬਹੁਤ ਪਛਤਾਅ ਰਿਹਾ ਸੀ। ਸਾਰੀ ਰਾਤ ਮੁਆਫ਼ੀਆਂ ਮੰਗਦਾ ਰਿਹਾ। ਉਦੋਂ ਮੈਂ ਸੋਚ ਰਹੀ ਸੀ ਕਿ ਘਰ ਛੱਡ ਕੇ ਚਲੇ ਜਾਵਾਂ। ਡੈਡੀ ਦੇ ਘਰ ਜਾਣਾ ਮੈਨੂੰ ਚੰਗਾ ਨਹੀਂ ਸੀ ਲੱਗਦਾ। ਮੈਂ ਉਨ੍ਹਾਂ ਦੀਆਂ ਮੁਸੀਬਤਾਂ ਹੀ ਵਧਾਉਣੀਆਂ ਸਨ। ਡੈਡੀ ਮੰਮੀ ਨੂੰ ਮਾਨਸਿਕ ਕਸ਼ਟ ਝੱਲਣਾ ਪੈਣਾ ਸੀ। ਰਵੀ ਦੇ ਪਛਤਾਵਾ ਭਰੇ ਵਤੀਰੇ ਨੇ ਮੇਰਾ ਗੁੱਸਾ ਢਾਲ਼ ਦਿੱਤਾ ਸੀ। ਦੂਜੀ ਵਾਰੀ ਰਵੀ ਨੇ ਹੱਥ ਚੁੱਕਿਆ ਤਾਂ ਮੈਂ ਸਹਿ ਨਾ ਸਕੀ। ਮੈਨੂੰ ਸਮਝ ਨਹੀਂ ਪੈ ਰਹੀ ਸੀ ਕਿ ਮੈਂ ਕੀ ਕਰਾਂ, ਕਿੱਧਰ ਜਾਵਾਂ। ਕਿੰਨਾ ਕੁਝ ਸੋਚ ਕੇ ਆਪਣਾ ਅੰਤ ਕਰ ਲੈਣ ਬਾਰੇ ਫ਼ੈਸਲਾ ਕਰ ਲਿਆ। ਮੇਰੇ ਹੱਥ ਪੈਰਾਸੀਟਾਮੋਲ ਦੀਆਂ ਗੋਲੀਆਂ ਦੀ ਡੱਬੀ ਲੱਗ ਗਈ। ਮੈਂ ਸਾਰੀਆਂ ਦੀਆਂ ਸਾਰੀਆਂ ਖਾ ਲਈਆਂ। ਰਵੀ ਘਰ ਹੀ ਸੀ। ਮੇਰੇ ਵੱਲ ਵੇਖਦਾ ਜਾ ਰਿਹਾ ਸੀ। ਉਸ ਨੇ ਇਕ ਵਾਰ ਵੀ ਨਾ ਰੋਕਿਆ। ... ਉਸ ਦਿਨ ਉਸ ਦੀ ਮਾਂ ਵੀ ਘਰੇ ਹੀ ਸੀ। ਮੈਨੂੰ ਚੱਕਰ ਆਉਣ ਲੱਗੇ। ਮੇਰੀ ਹਾਲਤ ਵੇਖ ਕੇ ਉਸ ਨੇ ਐਂਬੂਲੈਂਸ ਸੱਦ ਲਈ।
-----
ਮੈਂ ਤਿੰਨ ਦਿਨ ਹਸਪਤਾਲ ਰਹੀ। ਸਾਰੇ ਹੀ ਮੈਨੂੰ ਵੇਖਣ ਆਏ। ਉਸ ਦੀ ਮਾਂ ਵੀ ਆਈ ਪਰ ਰਵੀ ਨਾ ਆਇਆ। ਮੈਂ ਉਸ ਨੂੰ ਹਸਪਤਾਲੋਂ ਫੋਨ ਕਰ ਕੇ ਆਪਣੀ ਸਿਹਤ ਬਾਰੇ ਦੱਸਿਆ ਪਰ ਉਸ ਨੂੰ ਮੇਰੇ ਵਿਚ ਜਿਵੇਂ ਕੋਈ ਦਿਲਚਸਪੀ ਹੀ ਨਾ ਰਹੀ ਹੋਵੇ। ਇੰਨਾ ਕੁਝ ਹੋ ਜਾਣ ਤੋਂ ਬਾਅਦ ਵੀ ਉਹ ਔਖਾ ਸੀ। ਮੇਰੀ ਮੰਮੀ ਤੇ ਹੋਰ ਸਾਰੇ ਆਖਦੇ ਸਨ ਕਿ ਮੈਂ ਦੂਜੇ ਦਰੋਂ ਮੁੜੀ ਸੀ ਪਰ ਰਵੀ ’ਤੇ ਕੋਈ ਅਸਰ ਨਹੀਂ ਸੀ। ਉਹ ਮੇਰੀ ਕੁੱਟ-ਮਾਰ ਕਰ ਕੇ ਵੀ ਆਕੜਿਆ ਬੈਠਾ ਸੀ। ਮੈਂ ਹਸਪਤਾਲ ਵਿਚ ਪਈ ਖਿਝਦੀ ਰਹੀ ਤੇ ਫ਼ੈਸਲਾ ਕਰ ਲਿਆ ਕਿ ਰਵੀ ਲੈਣ ਆਇਆ ਤਾਂ ਹੀ ਘਰ ਜਾਵਾਂਗੀ, ਨਹੀਂ ਤਾਂ ਮੰਮੀ ਘਰੇ ਚਲੇ ਜਾਵਾਂਗੀ। ਉਥੇ ਬੈਠ ਕੇ ਸੋਚਾਂਗੀ ਕਿ ਅੱਗੇ ਕੀ ਕਰਨਾ। ਰਵੀ ਦਾ ਵਤੀਰਾ ਅਸਹਿ ਸੀ। ਹੋਰ ਇੰਡੀਅਨ ਪਤੀਆਂ ਵਾਂਗ ਮੈਂ ਉਸ ਨੂੰ ਨਹੀਂ ਕਰਨ ਦੇ ਸਕਦੀ। ਮੁੜ ਕੇ ਮੈਨੂੰ ਹੱਥ ਲਾਉਣ ਦੀ ਉਸ ਦੀ ਹਿੰਮਤ ਨਹੀਂ ਪੈਣੀ ਚਾਹੀਦੀ। ਮੈਨੂੰ ਆਪਣੇ ਆਪ ’ਤੇ ਵੀ ਗ਼ੁੱਸਾ ਆਉਣ ਲੱਗਦਾ ਕਿ ਮੈਂ ਗੋਲੀਆਂ ਕਿਉਂ ਖਾਧੀਆਂ, ਕਿਉਂ ਨਾ ਪੁਲੀਸ ਨੂੰ ਸੱਦਿਆ ਤੇ ਉਸ ਨੂੰ ਘਰੋਂ ਬਾਹਰ ਕਢਾਇਆ।
ਡਾਕਟਰ ਨੇ ਮੈਨੂੰ ਹਸਪਤਾਲੋਂ ਛੁੱਟੀ ਦੇ ਦਿੱਤੀ। ਮੈਂ ਰਵੀ ਨੂੰ ਫੋਨ ਕੀਤਾ। ਉਹ ਨਾ ਆਇਆ। ਮੈਂ ਮੰਮੀ ਘਰੇ ਚਲੀ ਗਈ। ਪਰੀ ਪਹਿਲਾਂ ਹੀ ਮੰਮੀ ਕੋਲ ਸੀ। ਉਹ ਨੀਤਾ ਤੇ ਬਿੰਨੀ ਨਾਲ ਰਾਤ ਰਹਿ ਲੈਂਦੀ ਸੀ। ਰਵੀ ਨੇ ਕੰਮ ’ਤੇ ਜਾਣ ਕਰ ਕੇ ਮੰਮੀ ਨੂੰ ਹੀ ਸੰਭਾਲ ਦਿੱਤੀ ਸੀ। ਮੇਰੇ ਘਰ ਆਉਣ ਨਾਲ ਡੈਡੀ ਦੇ ਹੱਥ-ਪੈਰ ਹੋਰ ਵੀ ਜ਼ਿਆਦਾ ਹਿੱਲਣ ਲਗ ਪਏ। ਆਵਾਜ਼ ਵੀ ਥਥਲਾਉਣ ਲੱਗੀ। ਪਰ ਉਹ ਜਲਦੀ ਹੀ ਸੰਭਲ ਗਏ। ਮੈਨੂੰ ਹੌਸਲਾ ਦੇਣ ਲੱਗੇ। ਮੰਮੀ ਮੇਰੇ ਨਾਲ ਖ਼ੁਸ਼ ਨਹੀਂ ਸੀ। ਉਹ ਸਦਾ ਹੀ ਰਵੀ ਦਾ ਪੱਖ ਲੈਂਦੀ ਪਰ ਉਸ ਨੇ ਵੀ ਆਖਣਾ ਸ਼ੁਰੂ ਕਰ ਦਿੱਤਾ- ‘‘ਮੁੰਡਾ ਤਾਂ ਜਮਾਂ ਈ ਮੂੰਹ ਮੋੜ ਗਿਆ, ਬਹੁੜਿਆ ਹੀ ਨਈਂ।’’
ਕਦੇ ਕਦੇ ਮੰਮੀ ਆਖਦੀ, ‘‘ਕੰਵਲ, ਤੂੰ ਹੀ ਉਹ ਨੂੰ ਫੋਨ ਕਰ ਲੈ, ਇਹ ਮਰਦ ਜ਼ਰਾ ਆਕੜ ਖ਼ੋਰੇ ਹੁੰਦੇ ਨੇ।’’
‘‘ਮੇਰੀ ਜਾਣੇ ਜੁੱਤੀ, ਮੈਂ ਨਹੀਂ ਕਰਦੀ।’’
‘‘ਏਕਣ ਕਿਵੇਂ ਸਰੂ!... ਤੂੰ ਆਪਣੀ ਭੂਆ ਆਲ਼ੀ ਆਕੜ ਨਾ ਕਰ।’’
-----
ਮੰਮੀ ਹੋਰ ਵੀ ਕਿੰਨੀਆਂ ਹੀ ਸਲਾਹੁਤਾਂ ਦੇਣ ਲੱਗਦੀ। ਮੈਂ ਉਸ ਦੀ ਗੱਲ ਕਦੇ ਧਿਆਨ ਨਾਲ ਨਹੀਂ ਸੀ ਸੁਣਦੀ। ਉਹ ਕਈ ਵਾਰ ਫੋਨ ਚੁੱਕ ਕੇ ਮੇਰੇ ਹੱਥ ਵਿਚ ਫੜਾਉਂਦੀ ਕਿ ਰਵੀ ਨੂੰ ਕਰਾਂ ਪਰ ਮੈਂ ਨਾ ਕਰਦੀ। ਸ਼ਨਿਚਰਵਾਰ ਨੂੰ ਰਵੀ ਦਾ ਫੋਨ ਆ ਹੀ ਗਿਆ। ਮੈਂ ਆਖਿਆ, ‘‘ਸਾਡਾ ਚੇਤਾ ਈ ਏ ਹਾਲੇ?’’
‘‘ਚੇਤਾ ਤਾਂ ਤੁਹਾਡਾ ਮੈਨੂੰ ਸਦਾ ਈ ਰਹਿੰਦਾ, ਮੈਂ ਕੰਮ ’ਤੇ ਜਿਉਂ ਜਾਣਾ ਸੀ, ਮੈਂ ਆਖਿਆ ਮੰਮੀ ਦੇ ਰਹਿ ਕੇ ਚੰਗੀ ਤਰ੍ਹਾਂ ਠੀਕ ਹੋ ਲਵੇਂ।’’
ਮੈਂ ਕੁਝ ਨਾ ਬੋਲੀ। ਉਸ ਨੇ ਫਿਰ ਪੁੱਛਿਆ, ‘‘ਹੁਣ ਠੀਕ ਐਂ ਤਾਂ ਆਵਾਂ ਲੈਣ?’’
‘‘ਨਹੀਂ, ਮੈਂ ਨਹੀਂ ਠੀਕ, ਤੂੰ ਨਾ ਆਵੀਂ।’’
‘‘ਕਿਉਂ?’’
‘‘ਏਨੇ ਦਿਨ ਨਹੀਂ ਆਇਆ ਤਾਂ ਹੁਣ ਕੀ ਕਰਨਾ ਏਂ।’’ ਆਖ ਕੇ ਮੈਂ ਫੋਨ ਰੱਖ ਦਿੱਤਾ ਪਰ ਮੇਰਾ ਦਿਲ ਕਰਦਾ ਸੀ ਕਿ ਰਵੀ ਆ ਜਾਵੇ। ਹੁਣ ਮੈਨੂੰ ਉਸ ਦੀ ਯਾਦ ਆਉਣ ਲੱਗੀ ਸੀ। ਮੇਰਾ ਮਨ ਘਰ ਜਾਣ ਲਈ ਕਾਹਲਾ ਪੈ ਰਿਹਾ ਸੀ। ਭਾਵੇਂ ਮੈਂ ਆਪਣਾ ਪਹਿਲਾਂ ਵਾਲਾ ਕਮਰਾ ਸੰਭਾਲ ਲਿਆ ਸੀ ਪਰ ਓਪਰਾ-ਓਪਰਾ ਲੱਗ ਰਿਹਾ ਸੀ। ਪਰੀ ਨੇ ਓਪਰਾਪਨ ਮਹਿਸੂਸ ਨਹੀਂ ਸੀ ਕੀਤਾ। ਉਹ ਪਹਿਲਾਂ ਵੀ ਮੰਮੀ ਕੋਲ ਰਹਿ ਲੈਂਦੀ ਸੀ।
ਘੰਟੇ ਕੁ ਬਾਅਦ ਹੀ ਰਵੀ ਆ ਗਿਆ। ਸਭ ਨੂੰ ‘ਸਰਸਰੀ’ ਜਿਹੀ ਹੈਲੋ ਕਰ ਕੇ ਮੇਰੇ ਕੋਲ ਆ ਖੜ੍ਹਿਆ। ਪਰੀ ਨੂੰ ਚੁੰਮਦਾ ਬੋਲਿਆ, ‘‘ਜਾਨ ਚਲ ਚੱਲੀਏ।’’
‘‘ਕਿੱਥੇ?’’
‘‘ਘਰ।’’
‘‘ਮੈਂ ਨਹੀਂ ਜਾਂਦੀ ਹੁਣ। ਮੈਂ ਤੇਰੇ ਜਿਹੇ ਬੰਦੇ ਨਾਲ ਨਹੀਂ ਰਹਿ ਸਕਦੀ, ਮਾਰਿਆ ਕਿਉਂ?’’
ਮੈਂ ਅੜ ਗਈ। ਉਹ ਸਭ ਨਾਲ ਇਵੇਂ ਪੇਸ਼ ਆ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ। ਮੇਰੀ ਨਾਂਹ ਵੇਖ ਕੇ ਉਹ ਆਖਣ ਲੱਗਾ, ‘‘ਚਲ ਹਿੱਲ ’ਤੇ ਜਾ ਕੇ ਆਉਨੇ ਆਂ।’’
ਮੈਨੂੰ ਪਤਾ ਸੀ ਕਿ ਉਹ ਕੀਤੇ ਦਾ ਪਛਤਾਵਾ ਕਰਨਾ ਚਾਹੁੰਦੀ ਸੀ। ਮੈਂ ਉਸ ਨਾਲ ਹਿੱਲ ’ਤੇ ਜਾਣ ਲਈ ਤਿਆਰ ਹੋ ਗਈ। ਪਰੀ ਨੂੰ ਮੰਮੀ ਕੋਲ ਹੀ ਛੱਡ ਦਿੱਤਾ।
-----
‘ਹੌਰਸ ਸ਼ੂਅ ਹਿੱਲ’ ਸਾਡੇ ਘਰ ਦੇ ਨਜ਼ਦੀਕ ਹੀ ਸੀ। ਟੌਟਨਹੈਮ ਦੀ ਇਹ ਮਸ਼ਹੂਰ ਜਗ੍ਹਾ ਸੀ ਜਿਥੇ ਪ੍ਰੇਮੀ ਜੋੜੇ ਆ ਕੇ ਅਕਸਰ ਬੈਠੇ ਰਹਿੰਦੇ। ਜ਼ਿਆਦਾ ਠੰਢ ਹੁੰਦੀ ਤਾਂ ਲੋਕ ਕਾਰਾਂ ਵਿਚ ਹੀ ਕਈ-ਕਈ ਘੰਟੇ ਗੁਜ਼ਾਰ ਦਿੰਦੇ। ਇਥੋਂ ਆਲੇ-ਦੁਆਲੇ ਦਾ ਖ਼ੂਬਸੂਰਤ ਨਜ਼ਾਰਾ ਦਿੱਸਦਾ ਸੀ। ਪਰ ਨਜ਼ਾਰੇ ਦਾ ਕਿਸੇ ਨੂੰ ਘੱਟ ਹੀ ਧਿਆਨ ਹੁੰਦਾ। ਭਰ ਸਿਆਲ ਦੇ ਦਿਨ ਹੋਣ ਕਰ ਕੇ ਅਸੀਂ ਵੀ ਕਾਰ ਵਿਚ ਹੀ ਬੈਠੇ ਰਹੇ। ਰਵੀ ਨੇ ਇਕ ਪਾਸੇ ਇਕਾਂਤ ਵਿਚ ਕਾਰ ਪਾਰਕ ਕਰ ਲਈ ਸੀ। ਉਹ ਇਕ ਦਮ ਮੈਨੂੰ ਬੇਤਹਾਸ਼ਾ ਚੁੰਮਣ ਲੱਗਿਆ ਜਿਵੇਂ ਕਈ ਦਿਨਾਂ ਦੀ ਘਾਟ ਪੂਰੀ ਕਰ ਰਿਹਾ ਹੋਵੇ। ਮੈਂ ਉਸ ਨੂੰ ਪਰ੍ਹਾਂ ਕਰ ਕੇ ਪੁੱਛਿਆ, ‘‘ਤੈਨੂੰ ਸਾਡਾ ਚੇਤਾ ਨਹੀਂ ਆਇਆ ਏਨੇ ਦਿਨ?’’
‘‘ਆਇਆ ਕਿਉਂ ਨਹੀਂ, ਹਰ ਵੇਲੇ ਤੁਹਾਨੂੰ ਈ ਤਾਂ ਯਾਦ ਕਰਦਾਂ।’’
‘‘ਫਿਰ ਆਇਆ ਕਿਉਂ ਨਹੀਂ?’’
‘‘ਹੁਣ ਆ ਤਾਂ ਗਿਆਂ।’’
‘‘ਹਸਪਤਾਲ ਕਿਉਂ ਨਹੀਂ ਆਇਆ?’’
‘‘ਇਹ ਜਿਹੜੀ ਤੂੰ ਸੂਏਸਾਈਡ ਦੀ ਟਰਾਈ ਕੀਤੀ ਸੀ ਮੈਂ ਇਸ ਤੋਂ ਗੁੱਸੇ ਸੀ।’’
‘‘ਮੈਂ ਇਹ ਟਰਾਈ ਭਲਾ ਕਿਉਂ ਕਰੀ ਸੀ?.... ਕੀ ਰੀਜ਼ਨ ਸੀ?’’
‘‘ਕੋਈ ਵੀ ਰੀਜ਼ਨ ਸੀ, ਚਲ ਹੁਣ ਘਰ ਚਲੀਏ।’’
‘‘ਡੌਂਟ ਯੂ ਫੀਲ ਐਨੀਥਿੰਗ?’’
‘‘ਜਾਨ, ਚਲ ਘਰ ਚਲ ਕੇ ਗੱਲ ਕਰਾਂਗੇ।’’
‘‘ਨੋ ਟ੍ਯੈੱਲ ਮੀ ਨਾਓ, ਹਾਓ ਯੂ ਫੀਲ?’’
‘‘ਆਈ ਫੀਲ ਨੱਥਿੰਗ!’’
‘‘ਨੋ ਅਪੌਲੌਜੀ?’’
‘‘ਨੋ!.... ਮੈਂ ਗ਼ਲਤੀ ਕੀਤੀ ਕਿ ਤੈਨੂੰ ਮਾਰਿਆ, ਤੂੰ ਗੋਲੀਆਂ ਖਾ ਕੇ ਗ਼ਲਤੀ ਬਰਾਬਰ ਕਰ ਦਿੱਤੀ।’’
‘‘ਰਵੀ ਯੂ ਆਰ ਰੌਂਗ, ਯੂ ਆਰ ਵੈਰੀ ਰੌਂਗ!’’
-----
ਮੈਂ ਗੁੱਸੇ ਵਿਚ ਆ ਗਈ। ਮੇਰਾ ਸਾਰਾ ਸਰੀਰ ਕੰਬਣ ਲੱਗਾ। ਮੈਂ ਉਸ ਤੋਂ ਦੂਰ ਹਟਦੀ ਬੋਲੀ, ‘‘ਰਵੀ, ਮੈਨੂੰ ਘਰ ਉਤਾਰ ਦੇ ਇਕ ਦਮ ਹੁਣੇ, ਨਹੀਂ ਤਾਂ ਮੈਂ ਤੁਰ ਕੇ ਚਲੇ ਜਾਣੈਂ।’’
ਉਸ ਨੇ ਕਾਰ ਸਟਾਰਟ ਕੀਤੀ ਤੇ ਮੈਨੂੰ ਡੈਡੀ ਦੇ ਘਰ ਲੈ ਆਇਆ। ਮੈਂ ਕਾਰ ਵਿਚੋਂ ਉਤਰਨ ਲੱਗੀ ਤਾਂ ਉਸ ਨੇ ਮੈਨੂੰ ਬਾਹੋਂ ਫੜ ਲਿਆ ਤੇ ਆਖਿਆ, ‘‘ਜਾਨ, ਚੱਲ ਘਰ ਚੱਲ, ਪਲੀਜ਼, ਜਿੱਦਾਂ ਤੂੰ ਕਹੇਂਗੀ ਕਰੂੰ, ਪਲੀਜ਼।’’
ਮੈਂ ਕੁਝ ਨਾ ਬੋਲੀ ਤੇ ਬਾਂਹ ਛੁਡਵਾ ਲਈ। ਮੈਂ ਕਾਰ ਵਿਚੋਂ ਬਾਹਰ ਨਿਕਲੀ ਤਾਂ ਉਸ ਨੇ ਕਾਰ ਇਵੇਂ ਭਜਾਈ ਕਿ ਕਾਰ ਦੀਆਂ ਚੀਕਾਂ ਨਿਕਲ ਗਈਆਂ। ਮੈਂ ਮਨ ਵਿਚ ਆਖਿਆ- ‘‘ਦੇਖਾਂ, ਗ਼ੁੱਸਾ ਕਿਕਣ ਔਂਦਾ ਏ!’’
ਰਵੀ ਚਲੇ ਗਿਆ। ਮੈਂ ਉਸ ਦੀ ਕਾਰ ਨੂੰ ਦੂਰ ਤਕ ਵੇਖਦੀ ਰਹੀ। ਮੈਂ ਉਸ ਉਪਰ ਹੈਰਾਨ ਹੁੰਦੀ ਜਾ ਰਹੀ ਸੀ ਕਿ ਉਸ ਨੂੰ ਕੋਈ ਪਛਤਾਵਾ ਨਹੀਂ ਸੀ ਹੋਇਆ।
-----
ਮੈਂ ਘਰ ਦੇ ਅੰਦਰ ਆਈ ਤਾਂ ਮੰਮੀ ਪਹਿਲਾਂ ਹੀ ਦਰਵਾਜ਼ੇ ਵਿਚ ਖੜ੍ਹੀ ਸੀ। ਸ਼ਾਇਦ ਉਹ ਖਿੜਕੀ ਵਿਚਦੀਂ ਪਰਦਿਆਂ ਪਿੱਛੇ ਖੜੀ ਬਾਹਰ ਵੇਖ ਰਹੀ ਸੀ। ਉਹ ਆਖਣ ਲੱਗੀ, ‘‘ਮੁੰਡਾ ਚਲੇ ਗਿਆ?’’
ਮੈਂ ਚੁੱਪ ਰਹੀ ਤੇ ਅੱਗੇ ਲੰਘ ਗਈ। ਉਸ ਨੇ ਫਿਰ ਆਖਿਆ, ‘‘ਤੈਨੂੰ ਆਪਣੀ ਲੈਫ ਦਾ ਜਮਾਂ ਈ ਫ਼ਿਕਰ ਨ੍ਹੀਂ?’’
‘‘ਫ਼ਿਕਰ ਏ ਮੰਮੀ, ਬਹੁਤ ਫ਼ਿਕਰ ਏ, ਪਰ ਓਹਦਾ ਗ਼ੁੱਸਾ ਤਾਂ ਵੇਖ।’’
‘‘ਗ਼ੁੱਸਾ ਤਾਂ ਮੈਂ ਤੇਰਾ ਵੀ ਦੇਖੀ ਜਾਨੀ ਆਂ....।’’
-----
ਮੰਮੀ ਮੇਰੇ ਨਾਲ ਬਹੁਤ ਗ਼ੁੱਸੇ ਵਿਚ ਸੀ, ਉਹ ਰਵੀ ਨੂੰ ਕਦੇ ਗ਼ਲਤ ਆਖਦੀ ਹੀ ਨਹੀਂ ਸੀ। ਪੁਰਾਣੇ ਫੈਸ਼ਨ ਦੀ ਗੂੜ੍ਹ, ਇੰਡੀਅਨ ਪਤਨੀ ਜਿਉਂ ਸੀ। ਉਹ ਦੱਸਣ ਲੱਗਦੀ, ‘‘ਤੇਰਾ ਡੈਡੀ ਵੀ ਬਹੁਤ ਭੈੜਾ ਹੁੰਦਾ ਸੀ, ਜੇ ਤੇਰੇ ਵਰਗੀ ਹੁੰਦੀ ਤਾਂ ਇਕ ਦਿਨ ਨਾ ਕਟਦੀ, ਤੀਮੀਂ ਦਾ ਫ਼ਰਜ਼ ਏ ਬਈ ਠੰਢੀ ਰਹੇ।’’ ਡੈਡੀ ਪਿਛਲੇ ਕਮਰੇ ਵਿਚ ਬੈਠੇ ਟੈਲੀ ਵੇਖ ਰਹੇ ਸਨ। ਉਨ੍ਹਾਂ ਦਾ ਹੱਥ ਹਿੱਲਣੋਂ ਇਕ ਮਿੰਟ ਲਈ ਰੁਕਿਆ, ਉਹਨਾਂ ਮੂੰਹ ਚੁੱਕ ਕੇ ਮੇਰੇ ਵੱਲ ਦੇਖਿਆ ਤੇ ਫਿਰ ਟੈਲੀ ਵੇਖਣ ਲੱਗ ਪਏ। ਉਹਨਾਂ ਦੇ ਹੱਥ ਅਤੇ ਪੈਰ ਹਿੱਲਣ ਦੀ ਰਫ਼ਤਾਰ ਕੁਝ ਵਧੀ ਹੋਈ ਸੀ। ਮੈਂ ਸਮਝ ਗਈ ਸੀ ਕਿ ਉਹ ਗ਼ੁੱਸੇ ਵਿਚ ਸਨ। ਮੈਂ ਪਰੀ ਨੂੰ ਚੁੱਕ ਕੇ ਲੋਰੀਆਂ ਦੇਣ ਲੱਗੀ। ਨੀਤਾ ਨੇ ਮੇਰੇ ਨਾਲ ਕੋਈ ਗੱਲ ਕਰਨੀ ਚਾਹੀ ਪਰ ਮੈਂ ਪਰੀ ਨੂੰ ਲੈ ਕੇ ਉਪਰ ਆਪਣੇ ਕਮਰੇ ਵਿਚ ਚਲੇ ਗਈ।
*****
ਚਲਦਾ
1 comment:
ਨਾਵਲ ਦੀ ਸ਼ੁਰੂਆਤ ਨੇ ਪੁਰਾਣੇ ਦਰਦ ਛੇੜ ਦਿੱਤੇ। ਅਗਲੀਆਂ ਕਿਸ਼ਤਾਂ ਦਾ ਇੰਤਜ਼ਾਰ ਰਹੇਗਾ।
ਆਰਸੀ ਦਾ ਹਿਤੂ
ਸੁਰ ਖ਼ੁਆਬ
Post a Comment