Sunday, August 8, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 15

ਕਾਂਡ 15

ਲੰਮਾ ਸਮਾਂ ਨਾਂਹ ਕਰਨ ਤੋਂ ਬਾਅਦ ਮੈਂ ਐਂਡੀ ਨਾਲ ਡਿਨਰ ਤੇ ਜਾਣ ਲਈ ਹਾਂ ਕਰ ਦਿੱਤੀਐਂਡੀ ਮੁਤਾਬਕ ਉਹ ਫਰਵਰੀ ਮਹੀਨੇ ਵਿਚ ਮੈਨੂੰ ਕੁਝ ਆਖਣਾ ਚਾਹੁੰਦਾ ਸੀਚੌਦਾਂ ਫਰਵਰੀ ਪ੍ਰੇਮੀਆਂ ਦਾ ਦਿਨ ਮੰਨਿਆ ਜਾਂਦਾ ਹੈਉਹ ਇਸੇ ਦਿਨ ਪ੍ਰਪੋਜ਼ ਕਰਨਾ ਚਾਹੁੰਦਾ ਹੋਵੇਗਾਜੇ ਇਵੇਂ ਸੀ ਤਾਂ ਸਾਡਾ ਇਕੱਠੇ ਵਕਤ ਗੁਜ਼ਾਰਨਾ, ਬਾਹਰ ਘੁੰਮਣਾ ਫਿਰਨਾ ਜ਼ਰੂਰੀ ਸੀ ਤਾਂ ਜੋ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕੀਏ ਪਰ ਮੇਰੇ ਅੰਦਰ ਡਰ ਜਿਹਾ ਵੀ ਸੀ

-----

ਨਵੰਬਰ ਦਾ ਮਹੀਨਾ ਸੀਮੌਸਮ ਠੰਡਾ ਤਾਂ ਹੈ ਹੀ ਸੀ, ਨਾਲ ਤੇਜ਼ ਹਵਾ ਵੀ ਚਲ ਰਹੀ ਸੀਐਂਡੀ ਵਾਰ-ਵਾਰ ਕਹਿੰਦਾ ਕਿ ਉੱਨੀ ਨਵੰਬਰ, ਸ਼ੁੱਕਰਵਾਰ ਦਾ ਦਿਨ ਮੈਂ ਕਿਤੇ ਭੁੱਲ ਨਾ ਜਾਵਾਂਅਸੀਂ ਇਹ ਦਿਨ ਬਾਹਰ ਜਾਣ ਲਈ ਤੈਅ ਕਰ ਲਿਆ ਸੀਮੈਂ ਇਸ ਦਿਨ ਲਈ ਵਿਸ਼ੇਸ਼ ਤੌਰ ਤੇ ਉਨਾਭੀ ਰੰਗ ਦਾ ਲਹਿੰਗਾ ਖ਼ਰੀਦਿਆਪਹਿਲਾਂ ਮੈਂ ਮੈਕਸੀ ਪਾ ਕੇ ਜਾਣਾ ਚਾਹੁੰਦੀ ਸੀ ਪਰ ਜਦ ਮੈਕਸੀ ਤੇ ਲਹਿੰਗੇ ਦਾ ਮੁਕਾਬਲਾ ਕਰਕੇ ਵੇਖਿਆ ਤਾਂ ਮੈਨੂੰ ਲਹਿੰਗਾ ਹੀ ਵਧੇਰੇ ਪਸੰਦ ਲੱਗਿਆਉਸ ਦਿਨ ਲਈ ਮੈਂ ਉਚੇਚ ਕਰਕੇ ਬਿਊਟੀ ਪਾਰਲਰ ਗਈ ਜਿਥੇ ਕਦੇ ਮੈਂ ਜਾਂਦੀ ਨਹੀਂ ਸੀਵੈਕਸਿੰਗ ਕਰਾਈ, ਫੇਸ਼ੀਅਲ ਕਰਾਇਆਨਕਲੀ ਗਹਿਣਿਆਂ ਦਾ ਸੈੱਟ ਪਹਿਨਿਆਉੱਚਾ ਸਾਰਾ ਜੂੜਾ ਕੀਤਾਸ਼ੋਖ਼ ਰੰਗ ਦਾ ਮੇਕਅੱਪ ਲਗਾਇਆਮੰਮੀ ਨੂੰ ਮੇਰੀ ਇਹ ਤਿਆਰੀ ਪਸੰਦ ਨਹੀਂ ਸੀਬਹਾਨਾ ਤਾਂ ਮੈਂ ਘੜਿਆ ਹੋਇਆ ਸੀ ਕਿ ਸਹੇਲੀ ਦੇ ਘਰ ਪਾਰਟੀ ਸੀਉਸ ਨੇ ਮੈਨੂੰ ਕਈ ਵਾਰ ਆਖਿਆ ਕਿ ਬਿੰਨੀ ਨੂੰ ਨਾਲ ਲੈ ਜਾਵਾਂ ਪਰ ਮੈਂ ਕਹਿ ਦਿੱਤਾ ਕਿ ਉਥੇ ਸਿਰਫ਼ ਕੁੜੀਆਂ ਹੀ ਹੋਣੀਆਂ ਸਨਮੰਮੀ ਮੇਰੇ ਵੱਲ ਵੇਖੀ ਜਾਂਦੀ ਸੀ ਤੇ ਮੂੰਹੋਂ ਕੁਝ ਨਾ ਬੋਲੀਡੈਡੀ ਫਰੰਟ ਰੂਮ ਵਿਚ ਬੈਠੇ ਸਨਜਾਣ ਵੇਲੇ ਮੈਂ ਪਰੀ ਨੂੰ ਕਿੱਸ ਕੀਤਾ ਤੇ ਕਿਸੇ ਨੂੰ ਕੁਝ ਆਖੇ ਬਿਨਾ ਬਾਹਰ ਆਪਣੀ ਕਾਰ ਵਿਚ ਆ ਬੈਠੀ

-----

ਜਿਵੇਂ ਕਿ ਪਹਿਲਾਂ ਪ੍ਰੋਗਰਾਮ ਬਣ ਚੁੱਕਾ ਸੀ ਮੈਂ ਆਪਣੀ ਕਾਰ ਵਿਚ ਮੈਨਰ ਹਾਊਸਤਕ ਆਉਣਾ ਸੀ, ਉਥੇ ਐਂਡੀ ਨੇ ਆਪਣੀ ਕਾਰ ਲੈ ਕੇ ਆ ਜਾਣਾ ਸੀਮੈਂ ਆਪਣੀ ਕਾਰ ਮੈਨਰ ਹਾਊਸ ਖੜ੍ਹੀ ਕਰਕੇ ਅੱਗੇ ਐਂਡੀ ਨਾਲ ਜਾਣਾ ਸੀਮੈਂ ਮਿੱਥੇ ਸਮੇਂ ਤੇ ਮੈਨਰ ਹਾਊਸ ਪੁੱਜ ਗਈਐਂਡੀ ਆਪਣੀ ਹੌਂਡਾ ਵਿਚ ਬੈਠਾ ਮੈਨੂੰ ਉਡੀਕ ਰਿਹਾ ਸੀਮੈਂ ਆਪਣੀ ਕਾਰ ਪਾਰਕ ਕਰਕੇ ਉਸ ਦੀ ਕਾਰ ਵਿਚ ਚਲੇ ਗਈਐਂਡੀ ਦੀ ਕਾਰ ਵਿਚ ਇਵੇਂ ਬੈਠਣਾ ਓਪਰਾ ਵੀ ਲੱਗਿਆ ਤੇ ਚੰਗਾ ਵੀ

-----

ਏਂਜਲਜ਼ ਦੇ ਇਲਾਕੇ ਵਿਚ ਬੱਬਜ਼ਨਾਂ ਦਾ ਰੈਸਟੋਰੈਂਟ ਸੀਮੈਂ ਇਸ ਦਾ ਨਾਂ ਬਹੁਤ ਵਾਰ ਪੜ੍ਹਿਆ-ਸੁਣਿਆ ਸੀਐਂਡੀ ਨੇ ਇਥੇ ਟੇਬਲ ਬੁੱਕ ਕਰਾ ਰੱਖਿਆ ਸੀਬਾਹਰੋਂ ਵੇਖਣ ਨੂੰ ਇਹ ਰੈਸਟੋਰੈਂਟ ਇੰਨਾ ਵਧੀਆ ਪ੍ਰਭਾਵ ਨਹੀਂ ਸੀ ਦਿੰਦਾ ਪਰ ਅੰਦਰ ਵੜਦਿਆਂ ਹੀ ਇਸ ਵਿਚਲਾ ਖ਼ੂਬਸੂਰਤ ਮਹੌਲ ਤੁਹਾਡਾ ਧਿਆਨ ਖਿੱਚਦਾ ਸੀਸਾਡੇ ਅੰਦਰ ¦ਘਦਿਆਂ ਹੀ ਬਹਿਰੇ ਨੇ ਸਾਡੇ ਓਵਰਕੋਟ ਫੜ ਲਏ ਤੇ ਸਾਡਾ ਟੇਬਲ ਵਿਖਾ ਆਇਆਇਹ ਇਕ ਖੂੰਜੇ ਵਿਚ ਨਿਵੇਕਲੀ ਜਗ੍ਹਾ ਤੇ ਸੀਬਾਹਰਲੀ ਠੰਢ ਦੇ ਮੁਕਾਬਲੇ ਇਹ ਥਾਂ ਬਹੁਤ ਨਿੱਘੀ ਸੀਸਾਡੇ ਉਪਰਲਾ ਬਲਬ ਬੰਦ ਕਰਕੇ ਬਹਿਰਾ ਸਾਡੇ ਮੇਜ਼ ਉਪਰ ਮੋਮਬੱਤੀ ਜਗਾ ਗਿਆਮੈਂ ਰੈਸਟੋਰੈਂਟ ਵਿਚ ਨਜ਼ਰ ਦੌੜਾਈਬਹੁਤੇ ਲੋਕ ਨਹੀਂ ਸਨਰੈਸਟੋਰੈਂਟ ਦੇ ਦਰਮਿਆਨ ਵਿਚ ਬਾਰ ਬਣਾਈ ਹੋਈ ਸੀਇਕ ਪਾਸੇ ਉਠਦੇ ਸ਼ੋਰ ਤੋਂ ਲੱਗਦਾ ਸੀ ਕਿ ਉਥੇ ਕੋਈ ਛੋਟੀ ਮੋਟੀ ਪਾਰਟੀ ਚਲ ਰਹੀ ਸੀਮੈਨਿਊ ਘੋਖਦੇ ਐਂਡੀ ਨੇ ਪੁੱਛਿਆ, ‘‘ਕੀ ਖਾਏਂਗੀ?’’

‘‘ਕੁਝ ਵੀ, ਪਰ ਬਹੁਤਾ ਨਹੀਂ’’

-----

ਉਦੋਂ ਹੀ ਮੈਨੂੰ ਖ਼ਿਆਲ ਆਇਆ ਕਿ ਜਦ ਅਸੀਂ ਰੈਸਟੋਰੈਂਟ ਜਾਇਆ ਕਰਦੇ ਤਾਂ ਰਵੀ ਬਹੁਤ ਕੁਝ ਮੰਗਵਾ ਲੈਂਦਾਫਿਰ ਸਾਡੇ ਤੋਂ ਖਾਧਾ ਨਾ ਜਾਂਦਾਰਵੀ ਦਾ ਚੇਤਾ ਆਉਂਦਿਆਂ ਹੀ ਮੇਰੇ ਦਿਲ ਨੇ ਚਾਹਿਆ ਕਿ ਕਾਸ਼ ਅੱਜ ਰਵੀ ਇਥੇ ਹੋਵੇ, ਸਾਨੂੰ ਡਿਨਰ ਕਰਦਿਆਂ ਨੂੰ ਵੇਖੇ ਤੇ ਮੂੰਹ ਦੀ ਖਾ ਕੇ ਰਹਿ ਜਾਵੇਉਸ ਨੂੰ ਸਬਕ ਮਿਲੇ ਕਿ ਕਿਵੇਂ ਮੈਨੂੰ ਇਕੱਲੀ ਨੂੰ ਛੱਡ ਗਿਆ ਸੀਉਸ ਨੇ ਇਕ ਵਾਰ ਵੀ ਨਹੀਂ ਸੀ ਸੋਚਿਆ ਕਿ ਐਡੀ ਵੱਡੀ ਦੁਨੀਆਂ ਵਿਚ ਮੈਂ ਇਕੱਲੀ ਕਿਵੇਂ ਜੀਵਾਂਗੀ ਤੇ ਪਰੀ ਨੂੰ ਕਿਵੇਂ ਪਾਲ਼ਾਂਗੀਹੁਣ ਇਥੇ ਮੈਨੂੰ ਬੈਠੀ ਨੂੰ ਵੇਖੇ ਕਿ ਮੈਂ ਜੀਅ ਰਹੀ ਸਾਂ ਤੇ ਸ਼ਾਨ ਨਾਲ ਜੀਅ ਰਹੀ ਸਾਂਐਂਡੀ ਸਟੇਕ ਆਰਡਰ ਕਰ ਰਿਹਾ ਸੀਰਵੀ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਟੇਕ ਖਾਂਦਾਵੈਸਟਰਨ ਫੂਡ ਉਸ ਦਾ ਮਨਭਾਉਂਦਾ ਖਾਣਾ ਸੀਅੱਧ ਭੁੰਨੀ ਸਟੇਕ ਉਪਰ ਉਹ ਜਾਨ ਛਿੜਕਦਾ, ਆਖਦਾ- ‘‘ਜ਼ਿਆਦਾ ਕੁੱਕ ਕਰਕੇ ਸਟੇਕ ਦਾ ਭੱਠਾ ਨਾ ਬਹਾ ਦਈਂ, ਲੋਕ ਤਾਂ ਲਹੂ ਚੋਂਦੀ ਸਟੇਕ ਖਾਂਦੇ ਆ’’

-----

ਐਂਡੀ ਨੇ ਮੇਰੇ ਲਈ ਵਾਈਨ ਅਤੇ ਆਪਣੇ ਲਈ ਬੀਅਰ ਦਾ ਆਰਡਰ ਦਿੱਤਾਰਵੀ ਤੋਂ ਬਾਅਦ ਪਹਿਲੀ ਵਾਰ ਪੀ ਰਹੀ ਸੀਸਵੀਟ ਵਾਈਨ ਦੇ ਦੋ ਗਲਾਸ ਲੈਣੇ ਮੈਨੂੰ ਸਦਾ ਹੀ ਪਸੰਦ ਰਹੇ ਸਨਐਂਡੀ ਬੀਅਰ ਪੀ ਰਿਹਾ ਸੀਬੀਅਰ ਪੀਂਦਾ ਆਪਣੀ ਜ਼ਿੰਦਗੀ ਦੀਆਂ ਖਾਸ ਘਟਨਾਵਾਂ ਦੱਸ ਰਿਹਾ ਸੀਸੌਮਰਸ੍ਯੈੱਟ ਦੇ ਇਲਾਕੇ ਦੀਆਂ, ਜਿਥੇ ਉਹ ਜੰਮਿਆ ਸੀ, ਆਪਣੇ ਮਾਂ-ਪਿਓ ਤੇ ਭੈਣ-ਭਰਾ ਬਾਰੇ ਦੱਸਦਾ ਜਾ ਰਿਹਾ ਸੀਮੇਰੇ ਕੋਲੋਂ ਵੀ ਮੇਰੇ ਪਰਿਵਾਰ ਬਾਰੇ ਪੁੱਛਦਾ ਜਾਂਦਾਰਵੀ ਬਾਰੇ ਵੀ ਉਸ ਨੇ ਇਕ ਦੋ ਸਵਾਲ ਕੀਤੇ ਪਰ ਮੈਂ ਟਾਲ਼ ਦਿੱਤੇਐਂਡੀ ਦੀਆਂ ਅੱਖਾਂ ਵਿਚ ਲੋਹੜੇ ਦਾ ਮੋਹ ਹੁੰਦਾ ਜਦ ਉਹ ਮੇਰੇ ਵੱਲ ਨੂੰ ਝੁਕ ਕੇ ਗੱਲ ਕਰ ਰਿਹਾ ਹੁੰਦਾਗੱਲ ਕਰਦਾ ਮੇਰੇ ਲਈ ਚੁਣ-ਚੁਣ ਕੇ ਵਿਸ਼ੇਸ਼ਣ ਵਰਤਦਾਗੱਲ ਕਰਦਾ ਕਦੇ ਮੇਰਾ ਹੱਥ ਫੜ ਲੈਂਦਾ, ਕਦੇ ਵਾਲ਼ਾਂ ਵਿਚ ਉਂਗਲ ਫੇਰਦਾ

-----

ਕੈਂਡਲ ਲਾਈਟ ਡਿਨਰਤਾਂ ਮੈਂ ਰਵੀ ਨਾਲ ਕਈ ਵਾਰ ਕੀਤਾ ਸੀ ਪਰ ਅਜਿਹੇ ਰੈਸਟੋਰੈਂਟ ਵਿਚ ਮੈਂ ਪਹਿਲਾਂ ਕਦੇ ਨਹੀਂ ਸੀ ਗਈਡਿਸਕੋ ਤੇ ਜਾਂਦੇ ਰਹਿੰਦੇ ਸਾਂਆਰਚਵੇਅ ਰਹਿੰਦਿਆਂ ਨਜ਼ਦੀਕ ਹੀ ਵੱਡੀ ਕਲੱਬ ਹੋਇਆ ਕਰਦੀ ਸੀਇਹ ਰੈਸਟੋਰੈਂਟ ਜ਼ਿਆਦਾ ਪੱਛਮੀ ਢੰਗ ਦਾ ਅਤੇ ਮਿਡਲ ਕਲਾਸ ਲੋਕਾਂ ਲਈ ਜਾਪਦਾ ਸੀਇਸੇ ਕਰਕੇ ਚੜ੍ਹਦੀ ਉਮਰ ਦਾ ਕੋਈ ਜੋੜਾ ਨਹੀਂ ਸੀਸੰਗੀਤ ਚਲ ਰਿਹਾ ਸੀਨਵਾਂ ਗੀਤ ਲੱਗਿਆ ਤਾਂ ਇਕ ਜੋੜਾ ਉਠ ਕੇ ਡਾਂਸ ਕਰਨ ਆ ਗਿਆਅਗਲੇ ਗੀਤ ਤੇ ਦੋ ਜੋੜੇ ਹੋਰ ਡਾਂਸ ਫਲੋਰ ਤੇ ਚਲੇ ਗਏਉਨ੍ਹਾਂ ਵੱਲ ਵੇਖ ਕੇ ਮੇਰਾ ਵੀ ਮੂਡ ਹੋ ਰਿਹਾ ਸੀਬੈਲੇ ਡਾਂਸ ਮੈਨੂੰ ਵੀ ਥੋੜ੍ਹਾ ਜਿਹਾ ਆਉਂਦਾ ਸੀਇਸ ਦੇ ਕੁਝ ਸਟੈੱਪ ਸਕੂਲ ਵਿਚ ਸਿੱਖੇ ਹੋਏ ਸਨਡਾਇਨਾ ਰੌਸਦਾ ਗੀਤ ਸ਼ੁਰੂ ਹੋਇਆਇਹ ਗੀਤ ਵਾਲੀ ਐਲਬੰਬ ਮੇਰੇ ਕੋਲ ਹੈ ਸੀਐਂਡੀ ਨੂੰ ਵੀ ਡਾਇਨਾ ਰੌਸ ਪਸੰਦ ਸੀਉਸ ਨੇ ਮੇਰੇ ਵੱਲ ਹੱਥ ਵਧਾਇਆਮੈਂ ਸੱਜਾ ਹੱਥ ਉਸ ਨੂੰ ਫੜਾ ਦਿੱਤਾ ਤੇ ਅਸੀਂ ਵੀ ਡਾਂਸ ਕਰਨ ਜਾ ਲੱਗੇਲਹਿੰਗਾ ਮੇਰੇ ਲਈ ਮੁਸੀਬਤ ਬਣ ਰਿਹਾ ਸੀਜੇ ਪਤਾ ਹੁੰਦਾ ਕਿ ਡਾਂਸ ਕਰਨ ਦਾ ਮੌਕਾ ਮਿਲੇਗਾ ਤਾਂ ਢੁੱਕਵੇਂ ਕਪੜੇ ਪਹਿਨ ਕੇ ਆਉਂਦੀਗੀਤ ਖ਼ਤਮ ਹੋਇਆ ਤਾਂ ਸ਼ੁਕਰ ਕੀਤਾ

-----

ਘਰੋਂ ਤੁਰਦੀ ਨੇ ਸੋਚਿਆ ਸੀ ਕਿ ਗਿਆਰਾਂ ਵਜੇ ਤਕ ਵਾਪਸ ਪੁੱਜ ਜਾਵਾਂਗੀ ਪਰ ਗਿਆਰਾਂ ਤਾਂ ਇਥੇ ਹੀ ਵੱਜ ਰਹੇ ਸਨ ਜਦ ਸਾਡੇ ਲਈ ਖਾਣਾ ਆਇਆਖਾਣੇ ਦੇ ਅਖ਼ੀਰ ਵਿਚ ਸਾਨੂੰ ਲਕਿਓਰ ਦੇ ਗਏ ਤੇ ਐਂਡੀ ਨੂੰ ਸਿਗਾਰ ਵੀਮੈਂ ਵਾਈਨ ਦਾ ਇਕ ਗਲਾਸ ਹੀ ਪੀਤਾ ਸੀਲਕਿਓਰ ਨੇ ਜਿਥੇ ਮੂੰਹ ਦਾ ਸਵਾਦ ਅਨੰਦਿਕ ਬਣਾਇਆ ਸੀ ਉਥੇ ਸਰੂਰ ਵਿਚ ਵੀ ਵਾਧਾ ਕਰ ਦਿੱਤਾਖਾਣਾ ਬਹੁਤ ਬਚ ਗਿਆ ਸੀਗੱਲਾਂ ਕਰਦਾ ਐਂਡੀ ਉਠ ਕੇ ਮੇਰੇ ਨਾਲ ਦੀ ਸੀਟ ਉਪਰ ਮੇਰੇ ਨਾਲ ਖਹਿ ਕੇ ਬੈਠ ਗਿਆ

-----

ਰੈਸਟੋਰੈਂਟ ਦੇ ਇਕ ਪਾਸੇ ਜਿਥੇ ਪਾਰਟੀ ਚਲ ਰਹੀ ਸੀ ਉਥੋਂ ਅਚਾਨਕ ਠਹਾਕਿਆਂ ਦਾ ਸ਼ੋਰ ਉਠਿਆਮੇਰਾ ਧਿਆਨ ਉਧਰ ਖਿੱਚਿਆ ਗਿਆਕੋਈ ਕਿਸੇ ਗੱਲ ਉਪਰ ਹਾਲੇ ਵੀ ਹੱਸੀ ਜਾ ਰਿਹਾ ਸੀਮੈਨੂੰ ਲੱਗਿਆ ਜਿਵੇਂ ਰਵੀ ਹੋਵੇਰਵੀ ਵਰਗੀ ਹੀ ਕੋਈ ਪਿੱਠ ਮੇਰੇ ਵੱਲ ਨੂੰ ਸੀਉਹੀ ਗਰਦਣਉਸੇ ਵਾਂਗ ਹੀ ਕੋਈ ਲੱਤਾਂ ਚੌੜੀਆਂ ਕਰਕੇ ਬੈਠਾ ਸੀਸ਼ਾਇਦ ਰਵੀ ਹੀ ਹੋਵੇ, ਕਿਸੇ ਦੀ ਐਨੀਵਰਸਰੀ ਬਗੈਰਾ ਹੋਵੇਗੀਮੈਂ ਉਧਰ ਹੀ ਵੇਖੀ ਜਾ ਰਹੀ ਸੀਐਂਡੀ ਨੇ ਮੇਰਾ ਚਿਹਰਾ ਆਪਣੇ ਵੱਲ ਖਿਚਿਆ ਤੇ ਚੁੰਮਣ ਲੱਗਿਆਉਸ ਦੇ ਅਜਿਹਾ ਕਰਦਿਆਂ ਹੀ ਮੇਰਾ ਸਾਰਾ ਸਰੀਰ ਕੰਬਣ ਲੱਗ ਪਿਆ ਤੇ ਕੰਬਦਾ ਹੀ ਰਿਹਾਐਂਡੀ ਘਬਰਾ ਗਿਆਉਹ ਕਾਹਲੀ ਵਿਚ ਆਖਣ ਲੱਗਾ, ‘‘ਕੈਂਵਲ, ਤੂੰ ਠੀਕ ਤਾਂ ਏਂ! ਕੀ ਹੋਇਆ?’’

‘‘ਕੁਝ ਨਹੀਂ, ਮੈਂ ਠੀਕ ਹਾਂ’’

ਉਹ ਜ਼ਰਾ ਪਰਾਂਹ ਹੋਇਆ ਤਾਂ ਮੈਂ ਥੋੜ੍ਹਾ ਸਹਿਜ ਹੋਈਮੈਂ ਉਸ ਪਾਸੇ ਹੀ ਵੇਖੀ ਜਾ ਰਹੀ ਸੀਮੈਂ ਐਂਡੀ ਨੂੰ ਆਖਿਆ, ‘‘ਐਂਡੀ, ਚਲ ਚਲੀਏ, ਬਹੁਤ ਦੇਰ ਹੋ ਗਈ ਏ’’

ਐਂਡੀ ਨੇ ਘੜੀ ਵੇਖੀ ਤੇ ਬੋਲਿਆ, ‘‘ਵਕਤ ਤਾਂ ਇੰਨਾ ਨਹੀਂ ਹੋਇਆ, ਚਲ, ਜਿਵੇਂ ਤੇਰੀ ਮਰਜ਼ੀ’’

-----

ਬਿੱਲ ਦੇਣ ਤਕ ਐਂਡੀ ਨੇ ਇਕ ਵਾਰ ਫਿਰ ਮੇਰੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀਮੈਨੂੰ ਫਿਰ ਕੰਬਣੀ ਛਿੜ ਉਠੀ

ਅਸੀਂ ਰੈਸਟੋਰੈਂਟ ਤੋਂ ਬਾਹਰ ਆ ਗਏਬਾਹਰ ਉਸੇ ਠੰਢ ਨੇ ਮੁੜ ਸਾਡਾ ਸਵਾਗਤ ਕੀਤਾਬਲਕਿ ਠੰਢ ਪਹਿਲਾਂ ਨਾਲੋਂ ਵਧ ਗਈ ਸੀਅਸੀਂ ਐਂਡੀ ਦੀ ਕਾਰ ਵਿਚ ਆ ਬੈਠੇਕਾਰ ਗਰਮ ਹੋਣ ਨੂੰ ਕੁਝ ਪਲ ਲੱਗ ਗਏਮੈਂ ਪਰੀ ਬਾਰੇ ਸੋਚ ਰਹੀ ਸੀ ਕਿ ਹੁਣ ਤਕ ਸੌਂ ਚੁੱਕੀ ਹੋਵੇਗੀਐਂਡੀ ਨੇ ਕਾਰ ਕਿਸੇ ਅਣਜਾਣੇ ਰਾਹ ਵੱਲ ਤੋਰ ਲਈਮੈਂ ਰਸਤਾ ਨਾ ਪਛਾਣਦੀ ਨੇ ਪੁੱਛਿਆ, ‘‘ਕਿੱਧਰ ਲੈ ਚੱਲਿਆਂ?’’

‘‘ਆਪਣੇ ਫਲੈਟ ਵਿਚ’’

‘‘ਨਹੀਂ, ਮੈਂ ਘਰ ਜਾਣਾ ਏ, ਮੈਨੂੰ ਮੈਨਰ ਹਾਊਸ ਮੇਰੀ ਕਾਰ ਕੋਲ ਛੱਡ ਦੇ’’

‘‘ਕੁਝ ਠਹਿਰ ਕੇ ਚਲੀ ਜਾਵੀਂ, ਜ਼ਿਆਦਾ ਨਾ ਰੁਕੀਂ’’

‘‘ਨਹੀਂ, ਹਰਗਿਜ਼ ਨਹੀਂ, ਮੈਨੂੰ ਵਾਪਸ ਛੱਡ ਦੇ, ਮੈਂ ਬਹੁਤ ਲੇਟ ਵਾਂ’’

‘‘ਆਪਾਂ ਬਹੁਤੀ ਦੇਰ ਨਹੀਂ ਲਾਵਾਂਗੇ’’

‘‘ਨਹੀਂ’’

‘‘ਮੇਰੇ ਕੋਲ ਸਾਰਾ ਇੰਤਜ਼ਾਮ ਏ, ਘਬਰਾ ਨਾ, ਡਰ ਨਾ’’

‘‘ਨਹੀਂ ਐਂਡੀ, ਅਜਿਹੀਆਂ ਗੱਲਾਂ ਨਾ ਕਰ’’

‘‘ਤੈਨੂੰ ਸੈਕਸ ਚੰਗਾ ਨਹੀਂ ਲੱਗਦਾ?’’

‘‘ਨਹੀਂ’’

‘‘ਕੋਈ ਬਿਮਾਰੀ ਏ?’’

‘‘ਨਹੀਂ, ਬੱਸ ਤੂੰ ਮੈਨੂੰ ਮੇਰੀ ਕਾਰ ਤਕ ਪਹੁੰਚਾ ਦੇ’’

‘‘ਨਹੀਂ ਕੈਂਵਲ, ਮੈਂ ਇਵੇਂ ਨਹੀਂ ਕਰ ਸਕਦਾ, ਆਖ਼ਰ ਤੂੰ ਮੇਰੇ ਨਾਲ ਡਿਨਰ ਤੇ ਆਈ ਏਂ, ਇੰਨੀ ਦੇਰ ਮੇਰੇ ਨਾਲ ਰਹੀ ਏਂ!’’ ਆਖਦਿਆਂ ਉਸ ਨੇ ਮੈਨੂੰ ਫੜ ਕੇ ਚੁੰਮਣ ਦੀ ਕੋਸ਼ਿਸ਼ ਕੀਤੀਮੈਂ ਉਸ ਨੂੰ ਪਰਾਂਹ ਧੱਕਦਿਆਂ ਆਖਿਆ, ‘‘ਮੈਨੂੰ...ਪੀਰਡ ਆਏ ਹੋਏ ਨੇ’’

ਐਂਡੀ ਕੁਝ ਠੰਢਾ ਪੈ ਗਿਆ ਤੇ ਸਿੱਧਾ ਹੁੰਦਾ ਕਾਰ ਚਲਾਉਣ ਲੱਗਾ

-----

ਘਰ ਪਹੁੰਚੀ ਤਾਂ ਇਕ ਵਜ ਚੁੱਕਾ ਸੀਘਰ ਦੇ ਸਾਰੇ ਜੀਅ ਹਾਲੇ ਵੀ ਜਾਗਦੇ ਪਏ ਸਨਸ਼ੁੱਕਰਵਾਰ ਨੂੰ ਜ਼ਰਾ ਲੇਟ ਹੀ ਸੌਂਦੇ ਕਿਉਂਕਿ ਸ਼ਨਿਚਰਵਾਰ ਉਠਣ ਦੀ ਜਲਦੀ ਨਾ ਹੁੰਦੀ ਪਰ ਇੰਨੀ ਵੀ ਲੇਟ ਨਹੀਂ ਸਨ ਸੌਂਦੇ ਕਿ ਇਕ ਵਜ ਜਾਵੇਮੈਨੂੰ ਅੰਦਰ ਵੜਨ ਵਿਚ ਹੀ ਝਿਜਕ ਹੋ ਰਹੀ ਸੀਹੁਣ ਕਿਸੇ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਹੀਂ ਸੀਬਿੰਨੀ ਸਤਾਰਾਂ ਸਾਲ ਦਾ ਹੋ ਗਿਆ ਸੀਕਦੇ-ਕਦੇ ਮੇਰੇ ਉਪਰ ਰੋਅਬ ਜਿਹਾ ਵੀ ਪਾਉਣ ਲੱਗਦਾਬਿੰਨੀ ਮੇਰੇ ਵੱਲ ਹੋਰਵੇਂ ਹੀ ਝਾਕਿਆਡੈਡੀ ਵੀ ਖੂੰਡੀ ਫੜੀ ਬੈਠੇ ਸਨਉਨ੍ਹਾਂ ਦਾ ਤੇਜ਼ ਹਿੱਲਦਾ ਹੱਥ ਤੇ ਉਨ੍ਹਾਂ ਦੀ ਚੁੱਪ ਦੱਸ ਰਹੀ ਸੀ ਕਿ ਉਹ ਮੇਰੇ ਨਾਲ ਗੁੱਸੇ ਸਨਉਬਾਸੀਆਂ ਲੈਂਦੀ ਪਰੀ ਨੂੰ ਲੈ ਕੇ ਮੈਂ ਉਪਰ ਬੈੱਡਰੂਮ ਵਿਚ ਆ ਗਈਕਿਸੇ ਨਾਲ ਕੁਝ ਨਾ ਬੋਲੀਮੰਮੀ ਮੇਰੇ ਵੱਲ ਖੜੀ ਘੂਰਦੀ ਰਹੀ ਤੇ ਉਹ ਮੇਰੇ ਮਗਰੇ ਹੀ ਆ ਗਈ ਜਿਵੇਂ ਉਸ ਦੀ ਆਦਤ ਸੀਉਹ ਗ਼ੁੱਸੇ ਵਿਚ ਆਖਣ ਲੱਗੀ, ‘‘ਦੱਸ, ਕਿੱਥੇ ਗਈ ਸੀ?’’

‘‘ਤੈਨੂੰ ਦੱਸਿਆ ਸੀ ਨਾ ਕਿ ਸਹੇਲੀ ਦੇ ਘਰ ਪਾਰਟੀ ਸੀ’’

‘‘ਬਿੰਨੀ ਨੇ ਕਾਂਤਾ ਦੇ ਘਰ ਫੋਨ ਕੀਤਾ ਸੀ, ਉਹ ਤਾਂ ਆਖਦੀ ਕਿ ਕਿਤੇ ਕੋਈ ਪਾਰਟੀ ਨਹੀਂ ਸੀ’’

‘‘ਮੰਮੀ, ਕਾਂਤਾ ਕਿਸੇ ਹੋਰ ਡਿਪਾਰਟਮੈਂਟ ਵਿਚ ਏ, ਉਹਨੂੰ ਪਾਰਟੀ ਦਾ ਕੀ ਪਤਾ ਹੋਣਾ’’

‘‘ਤੇਰੀਆਂ ਅੱਖਾਂ ਦੱਸਦੀਆਂ ਕਿ ਤੂੰ ਸ਼ਰਾਬ ਪੀਤੀ ਏ’’

‘‘ਮੰਮੀ, ਤੂੰ ਵੀ ਬੱਸ’’

ਉਸ ਨੇ ਮੈਨੂੰ ਬਾਹੋਂ ਫੜ ਕੇ ਬੈੱਡ ਤੇ ਬਿਠਾ ਦਿੱਤਾ ਤੇ ਬੋਲੀ, ‘‘ਦੇਖ ਕੰਵਲ, ਮੈਂ ਬਹੁਤ ਦੁਖੀ ਆਂ ਤੇਰੇ ਕੰਨਿਉਂ, ਮੈਨੂੰ ਹੋਰ ਦੁੱਖ ਨਾ ਦੇ, ਸੱਚ ਦੱਸ, ਕੀ ਕਰਦੀ ਫਿਰਦੀ ਏਂ?’’

ਮੈਨੂੰ ਲੱਗਿਆ ਕਿ ਇਹ ਸਭ ਤੋਂ ਢੁੱਕਵਾਂ ਮੌਕਾ ਸੀ ਮੰਮੀ ਨੂੰ ਐਂਡੀ ਬਾਰੇ ਦੱਸਣ ਦਾਮੈਂ ਆਖਿਆ, ‘‘ਮੰਮੀ ਤੂੰ ਕਹਿੰਦੀ ਸੈਂ ਕਿ ਵਿਆਹ ਕਰਾ ਲਵਾਂ’’

‘‘ਹਾਂ’’

‘‘ਮੈਂ ਮੁੰਡਾ ਦੇਖ ਲਿਆ ਏ’’

‘‘ਕੌਣ?’’

‘‘ਇਕ ਗੋਰਾ ਏ, ਮੇਰੇ ਨਾਲ ਕੰਮ ਕਰਦਾ ਏ, ਮੇਰੇ ਤੇ ਜਾਨ ਛਿੜਕਦਾ ਏ’’

ਮੰਮੀ ਕੁਝ ਨਾ ਬੋਲੀਮੇਰੇ ਵੱਲ ਵੇਖਦੀ ਰਹੀ ਤੇ ਬਾਹਰ ਨਿਕਲ ਗਈ

-----

ਅਗਲੀ ਸਵੇਰ ਮੈਂ ਜਾਣ ਬੁਝ ਕੇ ਕੁਝ ਜ਼ਿਆਦਾ ਹੀ ਲੇਟ ਉੱਠੀਰਾਤ ਵਾਲੀ ਗੱਲ ਦੇ ਪ੍ਰਤੀਕਰਮ ਦੀ ਉਡੀਕ ਸੀ ਮੈਨੂੰਮੰਮੀ ਮੇਰੇ ਕਮਰੇ ਵਿਚ ਆਈ ਤੇ ਆਖਣ ਲੱਗੀ, ‘‘ ਕੰਵਲ, ਤਿਆਰ ਹੋ ਕੇ ਥੱਲੇ ਆ, ਬਿੰਨੀ ਤੇ ਤੇਰੇ ਡੈਡੀ ਵੇਟ ਕਰਦੇ ਪਏ ਨੇ’’

ਮੈਂ ਉਠ ਕੇ ਬੈਠ ਗਈਕੁਝ ਸੋਚਦੀ ਹੋਈ ਬੋਲੀ, ‘‘ਮੰਮੀ, ਡੈਡੀ ਤਾਂ ਹੋਏ ਹੁਣ ਬਿੰਨੀ ਵੀ ਮੇਰੀ ਵੇਟ ਕਰਨ ਲੱਗ ਪਿਆ ਏ?’’

‘‘ਤੇਰਾ ਭਰਾ ਏ, ਬਰਾਬਰ ਦਾ ਹੋ ਗਿਆ ਏ ਹੁਣ’’

‘‘ਕੀ ਆਖਣਾ ਚਾਹੁੰਦੇ ਨੇ?’’

‘‘ਇਹੋ ਜੇ ਵਿਆਹ ਕਰਾਉਣਾ ਹੈ ਤਾਂ ਆਪਣੀ ਬਰਾਦਰੀ ਵਿਚ, ਕਿਸੇ ਗੋਰੇ ਨਾਲ ਤਾਂ ਕਿਸੇ ਕੀਮਤ ਤੇ ਵੀ ਨਹੀਂ’’

*****

ਚਲਦਾ


No comments: