Friday, May 28, 2010

ਹਰਜੀਤ ਅਟਵਾਲ – ਰੇਤ – ਨਾਵਲ – ਕਾਂਡ – 5

ਕਾਂਡ 5

ਮੈਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਗੋਰਾ ਖੜ੍ਹਾ ਸੀਇਹ ਚਾਲੀ ਕੁ ਸਾਲਾ, ਮਧਰਾ ਤੇ ਗਠੀਲਾ ਬੰਦਾ ਮੇਰੇ ਵੱਲ ਘੂਰ-ਘੂਰ ਕੇ ਦੇਖਣ ਲੱਗਿਆਉਸ ਨੇ ਮੈਨੂੰ ਹੈਲੋ ਕਿਹਾ ਤੇ ਫਿਰ ਮੇਰੇ ਪਿੱਛੇ ਖੜੀ ਬੀਟਰਸ ਨੂੰ ਬੋਲਿਆ, ਬੀਟਰਸ, ਮੈਂ ਸੌਰੀ ਆਂ, ਪਲੀਜ਼ ਮੁਆਫ਼ ਕਰਦੇ ਮੈਨੂੰ।

ਮੈਂ ਬੀਟਰਸ ਵਲ ਦੇਖਿਆਉਸ ਨੇ ਅਹਿਸਤਾ ਜਿਹੇ ਕਿਹਾ- ਪੀਟਰਮੇਰਾ ਸਾਰਾ ਨਸ਼ਾ ਇਕਦਮ ਲਹਿ ਗਿਆਮੈਨੂੰ ਸਮਝ ਨਾ ਲੱਗੇ ਕਿ ਹੁਣ ਮੈਂ ਕੀ ਕਰਾਂਮੈਨੂੰ ਲੱਗਿਆ ਕਿ ਹੁਣ ਝਗੜਾ ਹੋਵੇਗਾਮੈਂ ਉਸ ਨੂੰ ਮਨ ਹੀ ਮਨ ਤੋਲਿਆਉਹ ਸਰੀਰਕ ਤੌਰ ਤੇ ਮੇਰੇ ਨਾਲੋਂ ਹਲਕਾ ਸੀਮੇਰੇ ਵੱਲ ਦੇਖਦਿਆਂ ਜਿਹੜੀ ਵਹਿਸ਼ਤ ਉਸ ਦੀਆਂ ਅੱਖਾਂ ਵਿਚ ਆਈ ਸੀ ਉਸ ਲਈ ਮੈਂ ਖ਼ੁਦ ਨੂੰ ਤਿਆਰ ਕਰ ਲਿਆਉਸ ਨੇ ਅੰਦਰ ਲੰਘਣ ਦੀ ਕੋਸ਼ਿਸ਼ ਕੀਤੀਬੀਟਰਸ ਉਸ ਨੂੰ ਰੋਕਦੀ ਬੋਲੀ, ਤੈਨੂੰ ਇਥੇ ਆਉਣ ਦੀ ਆਗਿਆ ਨਹੀਂ, ਜੱਜ ਨੇ ਵੀ ਕਿਹਾ ਸੀ, ਤੂੰ ਫਿਰ ਆ ਗਿਐਂ, ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਆਂਤੇਰਾ ਭਲਾ ਇਸੇ ਵਿਚ ਐ ਕਿ ਦਫ਼ਾ ਹੋ ਜਾ ਇਥੋਂ।

ਪਲੀਜ਼ ਬੀਟਰਸ, ਮੁੜ ਕੇ ਅਜਿਹਾ ਨਹੀਂ ਹੁੰਦਾ, ਇਕ ਮੌਕਾ ਹੋਰ ਦੇ ਦੇ।ਕਹਿ ਕੇ ਉਹ ਮੈਨੂੰ ਪਰ੍ਹਾਂ ਕਰਦਾ ਅੰਦਰ ਜਾਣ ਲੱਗਿਆ ਤਾਂ ਬੀਟਰਸ ਥਾਵੇਂ ਹੀ ਇਕੱਠੀ ਹੋ ਗਈਮੈਂ ਪੀਟਰ ਨੂੰ ਰੋਕ ਕੇ ਕਿਹਾ, ਤੂੰ ਸੁਣਿਆ ਨਹੀਂ ਉਹਨੇ ਕੀ ਕਿਹਾ!

ਤੂੰ ਕੌਣ ਹੁੰਨੈ ਸਾਡੇ ਤੀਵੀਂ ਆਦਮੀ ਵਿਚ ਆਉਣ ਵਾਲਾ?

ਮੈਂ ਕੋਈ ਨਹੀਂ ਪਰ ਬੀਟਰਸ ਕਹਿੰਦੀ ਐ ਕਿ ਅੰਦਰ ਨਾ ਆ ਤਾਂ ਇਹਦਾ ਮਤਲਬ ਕਿ ਨਾ ਆਉਸ ਕੋਲ ਕੋਰਟ ਦਾ ਆਰਡਰ ਵੀ ਐ।

ਇਹ ਮੇਰੀ ਪਤਨੀ ਐ, ਇਹ ਮੇਰਾ ਘਰ ਐ, ਤੂੰ ਕੌਣ ਰੋਕਣ ਵਾਲਾ?

ਮੇਰੇ ਕੁਝ ਕਹਿਣ ਤੋਂ ਪਹਿਲਾਂ ਬੀਟਰਸ ਬੋਲੀ, ਕੌਣ ਪਤਨੀ! ਕਿਹਦਾ ਘਰ! ਇਹ ਮੇਰਾ ਘਰ ਐ, ਤੂੰ ਕਿਸੇ ਹਾਲਤ ਵਿਚ ਅੰਦਰ ਨਹੀਂ ਆ ਸਕਦਾ।

ਉਸ ਨੇ ਜਜ਼ਰਦਸਤੀ ਅੰਦਰ ਆਉਣਾ ਚਾਹਿਆ ਤਾਂ ਮੈਂ ਉਸ ਨੂੰ ਬਾਹਰ ਧੱਕ ਦਿੱਤਾਉਹ ਗ਼ੁੱਸੇ ਵਿਚ ਦੰਦ ਕਰੀਚਦਾ ਬੋਲਿਆ, ਓਏ ਪਾਕੀ ਹਰਾਮੀ, ਤੇਰੀ ਇੰਨੀ ਹਿੰਮਤ!

-----

ਨਸਲਵਾਦੀ ਗਾਲ਼੍ਹ ਮੇਰੇ ਸਿਰ ਨੂੰ ਚੜ੍ਹ ਗਈਮੈਂ ਖ਼ੁਦ ਨੂੰ ਕਾਬੂ ਨਾ ਰੱਖ ਸਕਿਆਮੈਂ ਜ਼ੋਰਦਾਰ ਘਸੁੰਨ ਸੱਜੇ ਹੱਥ ਦਾ ਉਸ ਦੇ ਨੱਕ ਤੇ ਮਾਰਿਆਉਸ ਦੇ ਪੈਰ ਉੱਖੜ ਗਏਮਗਰੇ ਹੀ ਖੱਬੇ ਹੱਥ ਦਾ ਇਕ ਘਸੁੰਨ ਛੱਡ ਦਿੱਤਾਉਹ ਡਿੱਗ ਜਿਹਾ ਪਿਆ ਤੇ ਸਾਹਮਣੇ ਕੰਧ ਨਾਲ ਜਾ ਵੱਜਾਮੈਂ ਹੋਰ ਮਾਰਨ ਲਈ ਅੱਗੇ ਵਧਿਆ ਤਾਂ ਉਸ ਨੇ ਇਕ ਬਾਂਹ ਨਾਲ ਮੂੰਹ ਲੁਕੋ ਲਿਆ ਤੇ ਦੂਜੀ ਬਾਂਹ ਸੁਲਾਹ ਦੇ ਇਸ਼ਾਰੇ ਨਾਲ ਉਪਰ ਚੁੱਕ ਦਿੱਤੀ

ਉਸ ਦੇ ਨੱਕ ਤੇ ਮੂੰਹ ਵਿਚੋਂ ਖ਼ੂਨ ਵਗ ਰਿਹਾ ਸੀਬੀਟਰਸ ਚੀਖ਼ਣ ਲੱਗੀ, ਉੱਠ ਹਰਾਮੀਆਂ, ਉੱਠ ਹੁਣ, ਹੋਰ ਮਾਰ ਮੈਨੂੰ, ਉਠ ਹੁਣ ਮੁਕਾਬਲਾ ਕਰ, ਚੂਹਾ ਕਿਉਂ ਬਣ ਗਿਐਂ?

------

ਪੀਟਰ ਦੀਆਂ ਅੱਖਾਂ ਨੀਵੀਆਂ ਸਨਉਹ ਅਹਿਸਤਾ ਜਿਹੇ ਉੱਠ ਕੇ ਪੌੜੀਆਂ ਉਤਰ ਗਿਆਬੀਟਰਸ ਹਾਲੇ ਵੀ ਚੀਖ਼ੀ ਜਾ ਰਹੀ ਸੀਉਸ ਨੂੰ ਇਵੇਂ ਕਰਦੀ ਦੇਖ ਕੇ ਉਸ ਦੇ ਮੁੰਡੇ ਰੋਣ ਲੱਗੇਪੀਟਰ ਜਾ ਚੁੱਕਾ ਸੀਮੈਂ ਬੀਟਰਸ ਨੂੰ ਚੁੱਪ ਕਰਾਇਆਆਲੇ ਦੁਆਲੇ ਦੇ ਫਲੈਟਾਂ ਵਾਲੇ ਲੋਕ ਬਾਹਰ ਨਿਕਲ ਆਏਇਕ ਬੁੱਢੀ ਦੱਸਣ ਲੱਗੀ, ਉਸ ਦਿਨ ਮੈਂ ਹੀ ਪੁਲਿਸ ਨੂੰ ਫੋਨ ਕੀਤਾ ਸੀ, ਪੀਟਰ ਨੇ ਅੱਤ ਚੁੱਕੀ ਹੋਈ ਸੀ।

ਹੈਨਰੀ ਨਾਂ ਦਾ ਇਕ ਗੋਰਾ ਕਹਿਣ ਲੱਗਿਆ, ਮੈਂ ਬੁੱਢਾ ਹੋ ਗਿਆ, ਨਹੀਂ ਤਾਂ ਪੀਟਰ ਦੀ ਅੱਜ ਵਾਲੀ ਹਾਲਤ ਮੈਂ ਕਰਦਾ।

-----

ਹਰ ਕੋਈ ਪੀਟਰ ਦੇ ਖ਼ਿਲਾਫ਼ ਬੋਲ ਰਿਹਾ ਸੀ ਤੇ ਮੇਰੇ ਨਾਲ ਸਹਿਮਤੀ ਪ੍ਰਗਟਾਅ ਰਿਹਾ ਸੀਮੈਂ ਉਨ੍ਹਾਂ ਸਭ ਦਾ ਧੰਨਵਾਦ ਕੀਤਾ ਤੇ ਬੀਟਰਸ ਨੂੰ ਲੈ ਕੇ ਵਾਪਸ ਅੰਦਰ ਚਲਾ ਗਿਆਮੈਂ ਅੰਦਰ ਸੋਫੇ ਤੇ ਆ ਬੈਠਾ ਤੇ ਸੋਚਣ ਲੱਗਿਆ ਕਿ ਮਿੰਟਾਂ ਵਿਚ ਇਹ ਕੀ ਹੋ ਗਿਆਮੇਰਾ ਸਾਹ ਤੇਜ਼-ਤੇਜ਼ ਚਲ ਰਿਹਾ ਸੀਮੈਂ ਘਬਰਾਇਆ ਵੀ ਹੋਇਆ ਸਾਂਬੀਟਰਸ ਨੇ ਕਿਹਾ, ਸੌਰੀ ਇੰਦਰ, ਘਰ ਡਰਿੰਕ ਨਹੀਂ, ਨਹੀਂ ਤਾਂ ਮੈਂ ਤੈਨੂੰ ਦਿੰਦੀ ਕਿਉਂਕਿ ਇਸ ਵੇਲੇ ਤੈਨੂੰ ਡਰਿੰਕ ਦੀ ਸਖ਼ਤ ਲੋੜ ਐ।

ਮੈਨੂੰ ਵੀ ਜਾਪਿਆ ਕਿ ਹੁਣ ਮੈਨੂੰ ਸ਼ਰਾਬ ਚਾਹੀਦੀ ਸੀਮੈਂ ਉੱਠਿਆ ਤੇ ਦੁਕਾਨਾਂ ਨੂੰ ਤੁਰ ਪਿਆਬੀਟਰਸ ਵੀ ਮੇਰੇ ਨਾਲ ਆ ਗਈਉਸ ਨੇ ਬੱਚਿਆਂ ਲਈ ਚਿਪਸ ਆਦਿ ਲਏ, ਵੋਦਕੇ ਤੇ ਵਿਸਕੀ ਦੀਆਂ ਬੋਤਲਾਂ ਲਈਆਂਨਾਲ ਜੂਸ, ਕੋਕ ਲੈਮਨੇਡ ਆਦਿ ਵੀਵਾਪਸ ਆ ਕੇ, ਅਸੀਂ ਪੀਣ ਲੱਗੇਦੋ ਗਲਾਸੀਆਂ ਪੀ ਕੇ ਮੈਂ ਕੁਝ ਵੀ ਸੋਚਣ ਜੋਗਾ ਨਾ ਰਿਹਾ ਤੇ ਬੀਟਰਸ ਨਾਲ ਹਾਸਾ ਮਜ਼ਾਕ ਕਰਨ ਲੱਗਿਆ

-----

ਸਵੇਰੇ ਜਾਗ ਆਈ ਤਾਂ ਬੀਟਰਸ ਮੇਰੇ ਨਾਲ ਪਈ ਸੀਮੈਂ ਝਟਕਾ ਜਿਹਾ ਖਾ ਕੇ ਉੱਠ ਖੜ੍ਹਿਆਰਾਤ ਵਾਲੀ ਘਟਨਾ ਯਾਦ ਕਰਨ ਲੱਗਿਆਮੈਨੂੰ ਖ਼ੁਦ ਤੇ ਗ਼ੁੱਸਾ ਵੀ ਆ ਰਿਹਾ ਸੀ ਤੇ ਡਰ ਵੀ ਲੱਗ ਰਿਹਾ ਸੀ ਕਿ ਇਹ ਕੀ ਇਲਤ ਸਹੇੜ ਲਈਮੈਂ ਘੜੀ ਦੇਖੀ, ਛੇ ਵੱਜੇ ਸਨਮੇਰਾ ਸਿਰ ਦਰਦ ਕਰ ਰਿਹਾ ਸੀਮੈਨੂੰ ਚੇਤੇ ਆਇਆ ਕਿ ਕਈ ਕਿਸਮ ਦੀ ਸ਼ਰਾਬ ਪੀਤੀ ਸੀ, ਸਿਰ ਦੁਖਣਾ ਹੀ ਹੋਇਆ

ਮੈਨੂੰ ਹਿਲਦੇ ਨੂੰ ਦੇਖ ਕੇ ਬੀਟਰਸ ਵੀ ਜਾਗ ਗਈਗੁਡ ਮੌਰਨਿੰਗ ਇੰਦਰ, ਨੀਂਦ ਠੀਕ ਆਈ?

ਉਸ ਨੇ ਮੈਨੂੰ ਪੁੱਛਿਆਮੈਂ ਉਠਦਾ ਹੋਇਆ ਬੋਲਿਆ, ਇਹ ਨੀਂਦ ਥੋੜ੍ਹੇਸੀ, ਬੇਹੋਸ਼ੀ ਸੀ, ਪਤਾ ਨਹੀਂ ਕਿੱਥੇ ਸਾਂ ਪਿਛਲੇ ਅੱਠ ਦਸ ਘੰਟੇ।

ਮੇਰੇ ਬਾਥਰੂਮ ਤੋਂ ਮੁੜਨ ਤਕ ਉਹ ਚਾਹ ਲੈ ਆਈਮੈਂ ਜਲਦੀ ਨਾਲ ਇਥੋਂ ਨਿਕਲ ਜਾਣਾ ਚਾਹੁੰਦਾ ਸਾਂਅੱਜ ਕੰਮ ਕਰਨ ਦਾ ਮੂਡ ਹੀ ਨਹੀਂ ਸੀ

-----

ਮੈਂ ਬੀਟਰਸ ਕੋਲੋਂ ਸਿੱਧਾ ਘਰ ਆਇਆਨਹਾ ਕੇ ਕੱਪੜੇ ਬਦਲੇਚਾਹ ਦੇ ਨਾਲ ਕੁਝ ਟੋਸਟ ਲਏਮੁੜ ਕੱਲ੍ਹ ਵਾਲੀ ਘਟਨਾ ਤੇ ਬੀਟਰਸ ਨਾਲ ਬਿਤਾਈ ਰਾਤ ਬਾਰੇ ਸੋਚਣ ਲੱਗਿਆਸਭ ਕੁਝ ਹੀ ਗ਼ਲਤ ਹੋ ਗਿਆ ਸੀਪੀਟਰ ਨਾਲ ਲੜਨਾ, ਫਿਰ ਰਾਤ ਬੀਟਰਸ ਕੋਲ ਰਹਿ ਜਾਣਾਸਵੇਰੇ ਬੀਟਰਸ ਭਾਵੁਕ ਜਿਹੀ ਹੋਈ ਪਈ ਸੀਕੋਈ ਮੇਰੇ ਨਾਲ ਇਵੇਂ ਜੁੜ ਜਾਵੇ ਜਦ ਤਕ ਮੈਂ ਨਾ ਜੁੜਿਆ ਹੋਵਾਂ, ਮੈਨੂੰ ਚੰਗਾ ਨਹੀਂ ਲੱਗਦਾਮੈਂ ਰਾਤ ਗਈ ਬਾਤ ਗਈ, ਵਾਂਗ ਭੁੱਲਣ ਦੀ ਕੋਸ਼ਿਸ਼ ਕਰਨ ਲੱਗਿਆ

-----

ਬਾਰਾਂ ਵੱਜ ਗਏਮੇਰੇ ਕੋਲ ਕੁਝ ਵੀ ਕਰਨ ਨੂੰ ਨਹੀਂ ਸੀਅਖ਼ਬਾਰ ਮੈਂ ਅੰਕਲ ਭੁੱਲਰ ਦੀ ਦੁਕਾਨ ਤੋਂ ਲੈਂਦਾ ਆਇਆ ਸਾਂ, ਉਹ ਪੜ੍ਹ ਲਈਇਕ ਦੋ ਕਿਤਾਬਾਂ ਖੋਲ੍ਹੀਆਂ ਪਰ ਮਨ ਨਾ ਖੁੱਭਿਆ, ਰਾਤ ਵਾਲੀ ਘਟਨਾ ਰਹਿ-ਰਹਿ ਯਾਦ ਆ ਰਹੀ ਸੀਅੰਤ ਇਹੋ ਸੋਚਿਆ ਕਿ ਕਿਉਂ ਨਾ ਕੰਮ ਉਪਰ ਹੀ ਚਲੇ ਜਾਵਾਂ, ਜਿੰਨੇ ਘੰਟੇ ਲੱਗਦੇ ਹੋਣ ਲਾ ਲਵਾਂ

ਮੈਂ ਰੇਡੀਓ ਔਨ ਕਰ ਕੇ ਕੰਟਰੋਲਰ ਨੂੰ ਸੂਚਨਾ ਦੇਣ ਲੱਗਿਆ, "ਰੌਜਰ, ਈਕੋ ਨਾਈਨ, ਈਕੋ ਨਾਈਨ!

ਰੌਜਰ, ਰੌਜਰ!

ਮੈਂ ਕੰਮ ਤੇ ਆ ਰਿਹਾਂ, ਇਸ ਵੇਲੇ ਸ਼ੈਫਰਡ ਬੁੱਸ਼ ਨੇੜੇ ਆਂ!

ਰੌਜਰ, ਬੇਸ ਨੂੰ ਹੀ ਆਜਾ, ਕੰਮ ਬਹੁਤ ਠੰਡਾ ਏ, ਕੋਈ ਬੀਟਰਸ ਨਾਂ ਦੀ ਔਰਤ ਤੇਰੇ ਲਈ ਦੋ ਵਾਰ ਫੋਨ ਕਰ ਚੁੱਕੀ ਏ

-----

ਮੈਂ ਕੱਲ੍ਹ ਹੀ ਬੀਟਰਸ ਨੂੰ ਆਪਣੀ ਕੰਪਨੀ ਦਾ ਕਾਰਡ ਦਿੱਤਾ ਸੀਜ਼ਰੂਰ ਪੀਟਰ ਵਾਪਸ ਆ ਵੜਿਆ ਹੋਵੇਗਾਮੈਂ ਸੋਚਣ ਲੱਗਿਆ ਕਿ ਜੇ ਉਹ ਵਾਪਸ ਆ ਵੀ ਗਿਆ ਹੋਵੇ ਤਾਂ ਮੈਂ ਕੀ ਕਰ ਸਕਦਾ ਸਾਂਮੇਰੇ ਕੋਲੋਂ ਤਾਂ ਆਪਣੀਆਂ ਹੀ ਨਹੀਂ ਨਿਬੇੜੀਆਂ ਜਾਂਦੀਆਂ ਸਨਬੀਟਰਸ ਪਈ ਕਰਦੀ ਰਹੇ ਫੋਨ, ਹੁਣ ਮੈਂ ਉਸ ਵੱਲ ਨਹੀਂ ਜਾਣਾਪਹਿਲਾਂ ਹੀ ਮੇਰੇ ਕੰਮ ਦਾ ਪੂਰਾ ਦਿਨ ਖ਼ਰਾਬ ਹੋ ਗਿਆ ਤੇ ਅੱਧਾ ਦਿਨ ਅੱਜ ਦਾ ਵੀ ਗਿਆ

ਪੋਰਟਬੈਲੋ ਰੋਡ ਤੇ ਮੈਨੂੰ ਕੋਈ ਕੰਮ ਨਹੀਂ ਸੀ ਪਰ ਮੇਰੀ ਕਾਰ ਉਧਰ ਨੂੰ ਮੁੜ ਗਈਅਚੇਤ ਮਨ ਵਿਚ ਸੋਚ ਰਿਹਾ ਹੋਵਾਂਗਾ ਕਿ ਇਨ੍ਹਾਂ ਸੜਕਾਂ ਤੇ ਖੜ ਕੇ ਕੰਮ ਦੀ ਉਡੀਕ ਕਰ ਲਵਾਂਗਾਫਿਰ ਮੈਨੂੰ ਖ਼ਿਆਲ ਆਇਆ ਕਿ ਸਵੇਰੇ ਬੀਟਰਸ ਨੇ ਮੈਨੂੰ ਆਪਣੇ ਫਲੈਟ ਦੀ ਇਕ ਚਾਬੀ ਵੀ ਦੇ ਦਿੱਤੀ ਸੀ ਕਿ ਜਦ ਵੀ ਦਿਲ ਕਰੇ ਮੈਂ ਆਵਾਂ ਜਾਵਾਂਚਾਬੀ ਮੈਂ ਆਪਣੀਆਂ ਚਾਬੀਆਂ ਵਿਚ ਹੀ ਟੰਗ ਲਈ ਸੀਮੈਂ ਛੱਲੇ ਨੂੰ ਛੋਹਿਆਉਸ ਵਿਚੋਂ ਬੀਟਰਸ ਦੇ ਫਲੈਟ ਦੀ ਚਾਬੀ ਉਪਰ ਉਂਗਲਾਂ ਫੇਰੀਆਂਮੈਂ ਦੇਖਿਆ ਕਿ ਮੇਰੀ ਕਾਰ ਰੌਬਰਟ ਹਾਊਸ ਕੋਲ ਜਾ ਰੁਕੀ ਤੇ ਅਗਲੇ ਹੀ ਪਲ ਮੈਂ ਚਾਬੀਆਂ ਨਾਲ ਖੇਲਦਾ ਬੀਟਰਸ ਦੇ ਫਲੈਟ ਮੂਹਰੇ ਜਾ ਖੜ੍ਹਾ ਸਾਂ

-----

ਬੀਟਰਸ ਘਰ ਨਹੀਂ ਸੀਸਵੇਰੇ ਜਿਵੇਂ ਸਭ ਮੈਂ ਛੱਡਿਆ ਸੀ ਉਵੇਂ ਹੀ ਸੀਪੀਟਰ ਦੇ ਆਉਣ ਦੇ ਕੋਈ ਨਿਸ਼ਾਨ ਨਹੀਂ ਸਨਹੁਣ ਤਕ ਮੈਨੂੰ ਕੁਝ ਭੁੱਖ ਲੱਗ ਆਈ ਸੀਮੈਂ ਫਰਿਜ ਖੋਲ੍ਹੀ, ਉਹ ਖ਼ਾਲੀ ਪਈ ਸੀਦੁੱਧ ਦੀ ਘੁੱਟ ਤਕ ਨਹੀਂ ਸੀਮੈਂ ਸੋਚਣ ਲੱਗਿਆ ਕਿ ਜੇ ਮੈਂ ਰਾਤੀ ਉਸ ਨੂੰ ਬੱਚਿਆਂ ਲਈ ਚਿਪਸ ਨਾ ਲੈ ਕੇ ਦਿੰਦਾ ਤਾਂ ਸ਼ਾਇਦ ਬੱਚੇ ਭੁੱਖੇ ਹੀ ਸੌਂਦੇਮੇਰਾ ਮਨ ਪਸੀਜ ਗਿਆਤਿੰਨ ਵਜੇ ਸਨਬੀਟਰਸ ਪਤਾ ਨਹੀਂ ਕਿੱਥੇ ਮਾਰੀ ਮਾਰੀ ਫਿਰਦੀ ਹੋਵੇਗੀਹੋਰ ਅੱਧੇ ਘੰਟੇ ਤਕ ਉਸ ਨੇ ਸਕੂਲ ਮੂਹਰੇ ਹੋਣਾ ਸੀ, ਬੱਚਿਆਂ ਨੂੰ ਲੈਣ ਲਈ

ਉਹ ਮੈਨੂੰ ਸਕੂਲ ਦੇ ਨੇੜੇ ਮਿਲ਼ ਪਈਮੈਂ ਹਾਰਨ ਮਾਰਿਆ ਤਾਂ ਕਾਰ ਵਿਚ ਆ ਬੈਠੀਬੈਠਦੀ ਹੀ ਬੋਲੀ, ਮੈਂ ਤੇਰੇ ਲਈ ਸੁਨੇਹਾ ਛੱਡਿਆ ਸੀ, ਮਿਲ ਗਿਆ?

ਹਾਂ, ਕੀ ਗੱਲ ਹੋਈ?

ਮੈਨੂੰ ਟੌਮੀ ਨੇ ਦੱਸਿਆ ਕਿ ਪੀਟਰ ਆਪਣੇ ਦੋਸਤ ਲੈ ਕੇ ਤੈਨੂੰ ਲੱਭਦੈ।

ਅੱਛਾ!

ਹਾਂ, ਉਹ ਬਹੁਤ ਖ਼ਰਾਬ ਆਦਮੀ ਐ, ਮੁਜਰਮ ਕਿਸਮ ਦਾ, ਉਸ ਦੇ ਦੋਸਤ ਵੀ ਚੰਗੇ ਬੰਦੇ ਨਹੀਂ।

ਇਕ ਵਾਰ ਤਾਂ ਮੈਂ ਡਰ ਗਿਆ ਕਿ ਹੁਣ ਕੀ ਹੋਵੇਗਾਆਪਣੇ ਅੰਦਰਲਾ ਫ਼ਿਕਰ ਬੀਟਰਸ ਕੋਲ ਜ਼ਾਹਿਰ ਨਾ ਹੋਣ ਦਿੱਤਾ ਤੇ ਉਸ ਨੂੰ ਕਿਹਾ, ਠਬੱਚੇ ਲਿਆ, ਆਪਾਂ ਟੈਸਕੋ ਚਲਦੇ ਆਂ, ਕੁਝ ਸ਼ੌਪਿੰਗ ਕਰ ਲੈ।

ਕਿਉਂ?

ਮੈਂ ਘਰ ਗਿਆ ਸੀ ਤੇਰੀ ਫਰਿਜ ਬਿਲਕੁਲ ਖ਼ਾਲੀ ਐ।

ਕੱਲ੍ਹ ਨੂੰ ਮੇਰੀ ਬੁੱਕ ਆ ਜਾਣੀ ਐਂ, ਮੈਨੂੰ ਪੈਸੇ ਮਿਲ ਜਾਣੇ ਆਂ।

ਕੱਲ੍ਹ ਤਾਂ ਦੂਰ ਐ, ਇਨ੍ਹਾਂ ਨੂੰ ਤਾਂ ਅੱਜ ਕੁਝ ਖਾਣ ਨੂੰ ਚਾਹੀਦੈ।

ਤੂੰ ਇੰਨਾ ਫ਼ਿਕਰ ਨਾ ਕਰ ਇੰਦਰ, ਇਹ ਗ਼ਰੀਬ ਮਾਂ ਦੇ ਬੱਚੇ ਆ, ਤੇ ਸਖ਼ਤ ਜਾਨ ਆਂ, ਤੂੰ ਫ਼ਿਕਰ ਨਾ ਕਰ।

ਇਹ ਦਲੀਲ ਬਾਅਦ ਵਿਚ ਦੇਵੀਂਵਕਤ ਹੋ ਰਿਹੈ, ਬੱਚਿਆਂ ਨੂੰ ਲੈ ਆ।

ਉਹ ਸਕੂਲ ਅੰਦਰ ਗਈ ਤੇ ਬੱਚਿਆਂ ਨੂੰ ਲੈ ਆਈ

-----

ਉਥੋਂ ਅਸੀਂ ਟੈਸਕੋ ਵਿਚ ਗਏ ਤੇ ਉਸ ਦੇ ਬੱਚਿਆਂ ਲਈ ਤੇ ਘਰ ਲਈ ਕੁਝ ਖ਼ਰੀਦੋ-ਫਰੋਖ਼ਤ ਕੀਤੀਉਸ ਦੇ ਬੱਚਿਆਂ ਨੂੰ ਮੈਂ ਚੌਕਲੈਟ ਲੈ ਦਿੱਤੇ ਤੇ ਉਹ ਮੇਰੇ ਅੱਗੇ ਪਿਛੇ ਫਿਰਨ ਲਗੇਵੱਡਾ ਡੈਨੀ ਛੇ ਸੱਤ ਸਾਲ ਦਾ ਤੇ ਛੋਟਾ ਜੌਹਨ ਚਾਰ ਕੁ ਸਾਲ ਦਾ ਸੀਮੈਨੂੰ ਉਹ ਬਹੁਤ ਪਿਆਰੇ ਲੱਗ ਰਹੇ ਸਨਮੈਂ ਸੋਚਿਆ ਕਿ ਹੁਣ ਇਨ੍ਹਾਂ ਨੂੰ ਉਤਾਰ ਕੇ ਘਰ ਚਲੇ ਜਾਵਾਂਗਾ ਤੇ ਕੱਲ੍ਹ ਸਵੇਰ ਤੋਂ ਹੀ ਦੁਬਾਰਾ ਕੰਮ ਸ਼ੁਰੂ ਕਰਾਂਗਾ

ਉਸ ਦੇ ਘਰ ਮੋਹਰੇ ਗੱਡੀ ਰੋਕੀਸਾਮਾਨ ਕਾਰ ਵਿਚੋਂ ਕੱਢਿਆ ਤਾਂ ਬੀਟਰਸ ਇਕੱਲੀ ਦੇ ਚੁੱਕਣ ਦਾ ਨਹੀਂ ਸੀਉਸ ਦੀ ਮਦਦ ਲਈ ਉਪਰ ਤਕ ਚਲੇ ਗਿਆਸਾਮਾਨ ਰੱਖ ਕੇ ਮੁੜਨ ਲੱਗਿਆ ਤਾਂ ਬੀਟਰਸ ਬੋਲੀ, ‘‘ਇੰਦਰ, ਅੰਦਰ ਆ ਕੁਝ ਖਾ ਕੇ ਜਾਵੀਂ, ਕੁਝ ਪੀ ਹੀ ਲਵੀਂਅੰਦਰ ਆ’’

----

ਮੈਂ ਅੰਦਰ ਚਲੇ ਗਿਆਭੁੱਖ ਤਾਂ ਲੱਗੀ ਸੀ ਪਰ ਕੁਝ ਵੀ ਖਾਣ ਦਾ ਮੂਡ ਨਹੀਂ ਸੀਵਕਤ ਵੀ ਨਹੀਂ ਸੀਮੈਂ ਸੈਟੀ ਤੇ ਬੈਠ ਗਿਆਬੀਟਰਸ ਨੇ ਮੇਰੇ ਮੁਹਰੇ ਰਾਤ ਵਾਲੀ ਵਿਸਕੀ ਦੀ ਬੋਤਲ ਲਿਆ ਰੱਖੀਪਹਿਲਾਂ ਮੇਰਾ ਦਿਲ ਭੱਜਣ-ਭੱਜਣ ਕਰਦਾ ਸੀ ਪਰ ਬੋਤਲ ਦੇਖ ਕੇ ਮੇਰੇ ਤੋਂ ਹਿੱਲ ਨਾ ਹੋਇਆਪਹਿਲੀ ਗਲਾਸੀ ਪੀਤੀ ਤੇ ਢੋਅ ਲਾ ਕੇ ਬੈਠ ਗਿਆਦੂਜੀ ਗਲਾਸੀ ਨਾਲ ਲੱਤਾਂ ਮੈਂ ਮੇਜ਼ ਤੇ ਖਿਲਾਰ ਲਈਆਂ

ਇਕ ਦੋ ਵਾਰ ਮੈਂ ਉੱਠਣ ਦੀ ਕੋਸ਼ਿਸ਼ ਕੀਤੀਬੀਟਰਸ ਕਹਿੰਦੀ, ‘‘ਅੱਜ ਇੱਥੇ ਹੀ ਠਹਿਰ ਜਾ, ਇਥੋਂ ਹੀ ਕੰਮ ਤੇ ਚਲੇ ਜਾਵੀਂ ਸਵੇਰੇ’’

ਬੱਚਿਆਂ ਨੂੰ ਜਲਦੀ ਸੁਆ ਕੇ ਬੀਟਰਸ ਮੇਰੇ ਕੋਲ ਆ ਗਈਉਹ ਬਹੁਤ ਖ਼ੁਸ਼ ਸੀਮੇਰੀ ਲੋੜੋਂ ਵੱਧ ਤਾਰੀਫ਼ ਕਰੀ ਜਾ ਰਹੀ ਸੀ

----

ਜਿਸ ਗੱਲ ਦਾ ਡਰ ਸੀ ਉਹੋ ਹੀ ਹੋ ਗਈਪੀਟਰ ਨੇ ਆਪਣੇ ਦੋਸਤ ਲੈ ਕੇ ਮੇਰੀ ਕਾਰ ਨੂੰ ਘੇਰ ਲਿਆਮੈਂ ਜੇਈਅਰ ਰੋਡ ਤੋਂ ਸਕੌਟਸ ਰੋਡ ਵੱਲ ਮੁੜਿਆ ਤਾਂ ਇਕ ਮੈਲ਼ੇ ਜਿਹੇ ਕਪੜਿਆਂ ਵਾਲਾ ਗੋਰਾ ਮੇਰੀ ਕਾਰ ਦੇ ਅੱਗੇ ਆ ਕੇ ਖੜ੍ਹ ਗਿਆਉਸ ਦੇ ਨਾਲ ਦੋ ਬੰਦੇ ਹੋਰ ਸਨਥੋੜ੍ਹੀ ਦੂਰ ਜਿਹੇ ਖੜੇ ਪੀਟਰ ਨੂੰ ਮੈਂ ਪਛਾਣ ਲਿਆਮੈਂ ਮਨ ਵਿਚ ਕਿਹਾ- ‘‘ਇੰਦਰ ਸਿਆਂ, ਹੋ ਜਾ ਕੁੱਟ ਖਾਣ ਨੂੰ ਤਿਆਰ’’ ਮੈਂ ਕਾਹਲੀ ਨਾਲ ਸੋਚਿਆ ਕਿ ਹੁਣ ਕੀ ਕਰਾਂਇਕ ਤਾਂ ਇਹ ਸੀ ਕਿ ਕਾਰ ਭਜਾ ਕੇ ਲੈ ਜਾਵਾਂਦੂਜਾ ਇਹ ਸੀ ਕਿ ਰੁਕ ਕੇ ਇਨ੍ਹਾਂ ਦਾ ਸਾਹਮਣਾ ਕਰਾਂਕਾਰ ਭਜਾਉਣ ਲਈ ਮੈਂ ਗੇਅਰ ਪਾਇਆ ਕਿ ਮੈਨੂੰ ਖ਼ਿਆਲ ਆਇਆ ਕਿ ਅੱਜ ਭੱਜ ਗਿਆ ਤਾਂ ਕੱਲ੍ਹ ਨੂੰ ਇਨ੍ਹਾਂ ਫੇਰ ਇਥੇ ਹੀ ਹੋਣਾ ਸੀ ਤੇ ਮੇਰਾ ਕੰਮ ਵੀ ਇਥੇ ਹੀ ਸੀਮੈਂ ਕਾਰ ਰੋਕ ਲਈਇਕ ਵੱਡਾ ਸਪਾਨਾ ਜਿਸ ਨੂੰ ਅਜਿਹੇ ਮੌਕੇ ਤੇ ਹਥਿਆਰ ਵਜੋਂ ਵਰਤਣ ਲਈ ਮੈਂ ਸੀਟ ਦੇ ਨਾਲ ਰੱਖਿਆ ਹੋਇਆ ਸੀ, ਹੱਥ ਵਿਚ ਫੜ ਲਿਆ ਤੇ ਆਹਿਸਤਾ ਜਿਹੇ ਦਰਵਾਜ਼ਾ ਖੋਲ੍ਹਿਆ ਤੇ ਖੁੱਲ੍ਹਾ ਹੀ ਰਹਿਣ ਦਿੱਤਾਕਾਰ ਵੀ ਚਲਦੀ ਰੱਖ ਲਈ ਕਿ ਲੋੜ ਪੈਣ ਤੇ ਭੱਜ ਸਕਾਂਇਕ ਗੋਰਾ ਜੋ ਕਿ ਵਧੇਰੇ ਉਮਰ ਦਾ ਸੀ, ਮੇਰੇ ਵੱਲ ਵਧਿਆਮੈਨੂੰ ਪੁੱਛਣ ਲੱਗਿਆ, ‘‘ਕੀ ਨਾਂ ਐ ਤੇਰਾ?’’

‘‘ਤੂੰ ਦੱਸ ਤੇਰਾ ਕੀ ਨਾਂ ਐ? ਤੂੰ ਮੈਨੂੰ ਕਿਉਂ ਰੋਕਿਐ?’’

‘‘ਮੇਰਾ ਨਾਂ ਬਿੱਲ ਐ, ਮੈਂ ਚਾਹੁੰਨਾ ਬਈ ਤੂੰ ਪੀਟਰ ਤੇ ਬੀਟਰਸ ਵਿਚਕਾਰ ਨਾ ਆਵੇਂ, ਉਹ ਇਹਦੀ ਔਰਤ ਐ’’

‘‘ਪਰ ਬੀਟਰਸ ਇਵੇਂ ਨਹੀਂ ਕਹਿੰਦੀਉਹਨੇ ਤਾਂ ਇਹਦੇ ਖ਼ਿਲਾਫ਼ ਕੋਰਟ ਦੇ ਆਰਡਰ ਲੈ ਰੱਖੇ ਆ’’

‘‘ਇਹ ਤੇਰਾ ਮਸਲਾ ਨਹੀਂ’’

‘‘ਮੇਰਾ ਮਸਲਾ ਤਾਂ ਨਹੀਂ ਸੀ ਪਰ ਬੀਟਰਸ ਨੇ ਬਣਾ ਦਿੱਤੈ, ਉਹ ਇਕ ਵਾਰੀ ਕਹਿ ਦੇਵੇ ਮੈਂ ਪਾਸੇ ਹੋ ਜਾਵਾਂਗਾ’’

‘‘ਤੂੰ ਸਾਨੂੰ ਨਹੀਂ ਜਾਣਦਾ, ਤੈਨੂੰ ਪਾਸੇ ਤਾਂ ਅਸੀਂ ਹਟਾ ਹੀ ਦੇਵਾਂਗੇ’’

-----

ਉਸ ਦੇ ਬੋਲਾਂ ਵਿਚ ਭਰਵੀਂ ਧਮਕੀ ਸੀਦੂਜੇ ਦੋਵੇਂ ਵੀ ਮੇਰੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਦੇਖੀ ਜਾ ਰਹੇ ਸਨਆਲੇ-ਦੁਆਲੇ ਲੋਕ ਤਾਂ ਹੈ ਹੀ ਨਹੀਂ ਸਨ ਜੋ ਮੇਰੀ ਮਦਦ ਕਰ ਸਕਦੇਮੈਂ ਸਪਾਨਾ ਹਵਾ ਵਿਚ ਲਹਿਰਾਇਆ ਤੇ ਜਵਾਬੀ ਧਮਕੀ ਨਾਲ ਕਿਹਾ, ‘‘ਬਿੱਲ, ਇਸ ਵੇਲੇ ਤਾਂ ਤੂੰ ਮੇਰੀ ਕਾਰ ਦੇ ਅੱਗਿਓਂ ਪਰ੍ਹਾਂ ਹੋ ਜਾਹ, ਫਿਰ ਮੈਨੂੰ ਦੋਸ਼ ਨਾ ਦੇਵੀਂ ਤੇ ਜਾਹ ਜੋ ਕਰਨੈ ਕਰ ਲੈ’’ ਕਹਿ ਕੇ ਮੈਂ ਕਾਰ ਵਿਚ ਬੈਠ ਗਿਆਮੈਂ ਕਾਰ ਥੋੜ੍ਹੀ ਕੁ ਤੋਰੀ ਤਾਂ ਬਿੱਲ ਥੁੱਕਦਾ ਹੋਇਆ ਇਕ ਪਾਸੇ ਹੋ ਗਿਆਉਸ ਦੇ ਨਾਲ ਦੇ ਗਾਲ਼੍ਹਾਂ ਕੱਢਣ ਲੱਗੇਮੈਂ ਵੀ ਗਾਲ੍ਹਾਂ ਦਿੰਦਾ ਅੱਗੇ ਲੰਘ ਗਿਆਮੈਂ ਸ਼ੁਕਰ ਮਨਾਇਆ ਕਿ ਘੜੀ ਟਲ਼ ਗਈ

-----

ਇਹ ਘਟਨਾ ਮੇਰੇ ਲਈ ਬਹੁਤ ਡਰਾਉਣੀ ਸੀਇਸ ਦਾ ਮਤਲਬ ਸੀ ਕਿ ਮੇਰੇ ਉਪਰ ਕਿਸੇ ਸਮੇਂ ਵੀ ਹਮਲਾ ਹੋ ਸਕਦਾ ਸੀਸਭ ਤੋਂ ਪਹਿਲਾਂ ਤਾਂ ਮੈਂ ਕੰਮ ਉਪਰ ਜਾ ਕੇ ਕੰਟਰੋਲਰ ਜੈਕ ਨੂੰ ਸਾਰੀ ਗੱਲ ਦੱਸੀਜੈਕ ਨੇ ਕੰਪਨੀ ਦੇ ਮਾਲਕ ਪੈਟ ਮਲੋਨੀ ਨੂੰ ਦੱਸਿਆਪੈਟ ਮਲੋਨੀ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕਰ ਦਿੱਤੀ ਕਿ ਕੁਝ ਓਪਰੇ ਬੰਦਿਆਂ ਨੇ ਕੰਪਨੀ ਦੇ ਡਰਾਈਵਰ ਨੂੰ ਧਮਕਾਇਆ ਸੀਪੁਲੀਸ ਦਾ ਇਕ ਅਫ਼ਸਰ ਮੇਰੇ ਕੋਲ ਆ ਕੇ ਕਾਗਜ਼ੀ ਕਾਰਵਾਈ ਕਰ ਕੇ ਲੈ ਗਿਆਹੋਰ ਬਹੁਤਾ ਕੁਝ ਉਹ ਕਰ ਵੀ ਨਹੀਂ ਸਨ ਸਕਦੇਪੀਟਰ ਤੇ ਬੀਟਰਸ ਵਾਲੀ ਕਹਾਣੀ ਮੈਂ ਛੁਪਾ ਗਿਆ ਸਾਂ

*****

ਚਲਦਾ

No comments: